ਜਦੋਂ ਖੁਸ਼ਵੰਤ ਸਿੰਘ ਨੂੰ ਸੋਹਣੀਆਂ ਕੁੜੀਆਂ ਨੇ ਆਵਾਜ਼ ਮਾਰੀ

Wednesday, Feb 01, 2023 - 07:14 PM (IST)

ਜਦੋਂ ਖੁਸ਼ਵੰਤ ਸਿੰਘ ਨੂੰ ਸੋਹਣੀਆਂ ਕੁੜੀਆਂ ਨੇ ਆਵਾਜ਼ ਮਾਰੀ
khushwant singh
AFP

ਮਰਹੂਮ ਖੁਸ਼ਵੰਤ ਸਿੰਘ ਨਾਲ ਮੇਰੀ ਪਹਿਲੀ ਮੁਲਾਕਾਤ ਸਾਲ 2002 ਵਿੱਚ ਸਿਖਰ ਦੁਪਹਿਰ ਨੂੰ ਹੋਈ ਸੀ। ਉਨ੍ਹਾਂ ਨੇ ਆਪਣੇ ਸੁਜਾਨ ਸਿੰਘ ਪਾਰਕ ਵਾਲੇ ਫਲੈਟ ਵਿੱਚ ਚਾਰ ਵਜੇ ਦਾ ਸਮਾਂ ਦਿੱਤਾ ਸੀ।

ਜਦੋਂ ਮੈਂ ਉਨ੍ਹਾਂ ਦੇ ਦਰਵਾਜ਼ੇ ''''ਤੇ ਪਹੁੰਚਿਆ ਤਾਂ ਉੱਥੇ ਲਿਖਿਆ ਸੀ, "ਜੇ ਤੁਸੀਂ ਸਮਾਂ ਨਹੀਂ ਲਿਆ ਹੈ ਤਾਂ ਕਿਰਪਾ ਕਰਕੇ ਘੰਟੀ ਨਾ ਮਾਰੋ।"

ਤਿੰਨ ਵੱਜ ਕੇ 50 ਮਿੰਟ ਹੀ ਹੋਏ ਸਨ ਇਸ ਲਈ ਮੈਂ ਬਾਹਰ ਖੜ੍ਹੇ ਹੋ ਕੇ ਹੀ ਉਡੀਕ ਕਰਨਾ ਸਹੀ ਸਮਝਿਆ।

ਘੰਟੀ ਵੱਜਦਿਆਂ ਹੀ ਖੁਦ ਖੁਸ਼ਵੰਤ ਸਿੰਘ ਨੇ ਦਰਵਾਜ਼ਾ ਖੋਲ੍ਹਿਆ। ਮੈਨੂੰ ਆਪਣੀ ਲਾਈਬ੍ਰੇਰੀ ਵਿੱਚ ਲੈ ਗਏ।

ਆਪਣੀ ਬਿੱਲੀ ਨੂੰ ਗੋਦੀ ਵਿੱਚ ਬਿਠਾ ਕੇ ਪੁਚਕਾਰਿਆ ਅਤੇ ਅੱਖਾਂ ਵਿੱਚ ਅੱਖਾਂ ਪਾ ਕੇ ਬੋਲੇ, "ਫਾਇਰ ਕਰੋ...ਤੁਹਾਡੇ ਕੋਲ ਪੂਰੇ 50 ਮਿੰਟ ਹਨ।"

ਪੂਰੀ ਦੁਨੀਆਂ ਖੁਸ਼ਵੰਤ ਦੇ ਦੋ ਰੂਪਾਂ ਨੂੰ ਜਾਣਦੀ ਹੈ। ਇੱਕ ਉਹ ਖੁਸ਼ਵੰਤ ਸਿੰਘ ਜੋ ਸ਼ਰਾਬ ਅਤੇ ਸੈਕਸ ਦੇ ਸ਼ੌਕੀਨ ਸਨ।

ਹਮੇਸ਼ਾਂ ਸੋਹਣੀਆਂ ਕੁੜੀਆਂ ਨਾਲ ਘਿਰੇ ਰਹਿੰਦੇ ਸਨ। ਕਮਾਲ ਦੇ ਹਸਾਉਣ ਵਾਲੇ ਸਨ। ਗੱਲ-ਗੱਲ ''''ਤੇ ਚੁਟਕੁਲੇ ਸੁਣਾਉਂਦੇ ਅਤੇ ਠਹਾਕੇ ਲਾਉਂਦੇ ਰਹਿੰਦੇ ਸਨ।

khushwant singh
BBC

ਦੂਜੇ ਉਹ ਖੁਸ਼ਵੰਤ ਸਿੰਘ ਜੋ ਗੰਭੀਰ ਲੇਖਕ ਸਨ, ਬੇਹੱਦ ਨਿਮਰ ਅਤੇ ਖੁਸ਼ਦਿਲ ਜੋ ਚੀਜ਼ਾਂ ਦੀਆਂ ਡੂੰਘਾਈਆਂ ਵਿੱਚ ਜਾਂਦੇ ਸਨ।

ਇੱਕ ਚੀਜ਼ ਤੁਹਾਨੂੰ ਤੁਰੰਤ ਆਪਣੇ ਵੱਲ ਖਿੱਚਦੀ ਹੈ ਅਤੇ ਉਹ ਵੀ ਉਨ੍ਹਾਂ ਦੀ ਖੁਦ ਦਾ ਮਜ਼ਾਕ ਉਡਾਉਣ ਦੀ ਕਲਾ।

ਉਨ੍ਹਾਂ ਬਾਰੇ ਇੱਕ ਗੱਲ ਮਸ਼ਹੂਰ ਹੈ। ਜਦੋਂ ਉਹ ''''ਹਿੰਦੁਸਤਾਨ ਟਾਈਮਜ਼'''' ਦੇ ਸੰਪਾਦਕ ਹੋਇਆ ਕਰਦੇ ਸਨ ਤਾਂ ਉਹ ਹਮੇਸ਼ਾਂ ਢਿੱਲੇ ਕੱਪੜੇ ਪਾ ਕੇ ਪਾਨ ਦੀ ਪੀਕ ਸਣੇ ਪਠਾਣੀ ਸੂਟ ''''ਚ ਦਫ਼ਤਰ ਆਇਆ ਕਰਦੇ ਸੀ।

ਉਨ੍ਹਾਂ ਕੋਲ ਇੱਕ ਫਟੀਚਰ ਐੰਬੈਸਡਰ ਕਾਰ ਹੁੰਦੀ ਸੀ ਜਿਸ ਨੂੰ ਉਹ ਖੁਦ ਚਲਾਉਂਦੇ ਸਨ।

ਇੱਕ ਵਾਰੀ ਜਦੋਂ ਉਹ ''''ਹਿੰਦੁਸਤਾਨ ਟਾਈਮਜ਼'''' ਬਿਲਡਿੰਗ ''''ਚੋਂ ਆਪਣੀ ਕਾਰ ''''ਚੋਂ ਬਾਹਰ ਨਿਕਲ ਰਹੇ ਸਨ ਤਾਂ ਦੋ ਸੋਹਣੀਆਂ ਅਮਰੀਕੀ ਕੁੜੀਆਂ ਨੇ ਆਵਾਜ਼ ਮਾਰੀ, "ਟੈਕਸੀ, ਟੈਕਸੀ! ਤਾਜ ਹੋਟਲ।"

ਇਸ ਤੋਂ ਪਹਿਲਾਂ ਕਿ ਖੁਸ਼ਵੰਤ ਸਿੰਘ ਕਹਿੰਦੇ ਉਨ੍ਹਾਂ ਨੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹਿਆ ਅਤੇ ਉਸ ਵਿੱਚ ਬੈਠ ਗਈਆਂ। ਖੁਸ਼ਵੰਤ ਸਿੰਘ ਨੇ ਉਨ੍ਹਾਂ ਨੂੰ ਹੋਟਲ ਪਹੁੰਚਾਇਆ।

ਉਨ੍ਹਾਂ ਤੋਂ ਸੱਤ ਰੁਪਏ ਲਏ। ਦੋ ਰੁਪਏ ਦੀ ਟਿੱਪ ਵੀ ਲਈ ਅਤੇ ਫਿਰ ਆਪਣੇ ਘਰ ਚਲੇ ਗਏ।

ਅਸਲੀ ਮਜ਼ਾ ਉਦੋਂ ਆਉਂਦਾ ਹੈ ਜਦੋਂ ਖੁਸ਼ਵੰਤ ਸਿੰਘ ਖੁਦ ਇਹ ਕਿੱਸਾ ਤੁਹਾਨੂੰ ਸੁਣਾਉਂਦੇ ਅਤੇ ਮੈਨੂੰ ਯਕੀਨ ਹੈ ਕਿ ਤੁਹਾਡੇ ਢਿੱਡੀਂ ਪੀੜਾਂ ਪੈ ਜਾਂਦੀਆਂ।

ਕਲਮ ਚੋਰੀ ਕਰਨ ਦੇ ਸ਼ੌਕੀਨ

ਜਦੋਂ 1998 ਵਿੱਚ ਉਨ੍ਹਾਂ ਨੂੰ ''''ਔਨੈਸਟ ਮੈਨ ਆਫ਼ ਦਿ ਈਅਰ'''' ਦਾ ਐਵਾਰਡ ਮਿਲਿਆ ਤਾਂ ਉਹ ਬੋਲੇ, "ਮੈਂ ਇਮਾਨਦਾਰੀ ਦਾ ਦਾਅਵਾ ਨਹੀਂ ਕਰ ਸਕਦਾ। ਇਮਾਨਦਾਰੀ ਵਿੱਚ ਦੋ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ। ਇੱਕ ਤਾਂ ਕਿਸੇ ਪਰਾਏ ਦਾ ਸਾਮਾਨ ਨਹੀਂ ਲੈਣਾ ਅਤੇ ਦੂਜਾ ਝੂਠ ਨਹੀਂ ਬੋਲਣਾ। ਮੈਂ ਇਹ ਦੋਵੇਂ ਹੀ ਕੰਮ ਕੀਤੇ ਹਨ। ਮੈਨੂੰ ਕਲਮ ਚੋਰੀ ਕਰਨ ਦੀ ਬਿਮਾਰੀ ਹੈ। ਉਂਝ ਤਾਂ ਮੇਰੇ ਕੋਲ ਕਲਮਾਂ ਦਾ ਭੰਡਾਰ ਹੈ ਪਰ ਜੋ ਗੱਲ ਚੋਰੀ ਦੀ ਕਲਮ ਵਿੱਚ ਹੈ ਉਹ ਖਰੀਦਣ ਵਿੱਚ ਨਹੀਂ।"

"ਜਦੋਂ ਵੀ ਮੈਂ ਕਿਸੇ ਸਮਾਗਮ ਵਿੱਚ ਜਾਂਦਾ ਹਾਂ ਕੋਸ਼ਿਸ਼ ਕਰਦਾ ਹਾਂ ਕਿ ਸਭ ਤੋਂ ਪਹਿਲਾਂ ਪਹੁੰਚਾਂ ਤਾਂ ਜੋ ਉੱਥੇ ਰੱਖੇ ਫੋਲਡਰਾਂ ਵਿੱਚ ਲੱਗੀਆਂ ਕਲਮਾਂ ''''ਤੇ ਆਪਣਾ ਹੱਥ ਸਾਫ਼ ਕਰ ਸਕਾਂ। ਜਿੱਥੋਂ ਤੱਕ ਝੂਠ ਬੋਲਣ ਦੀ ਗੱਲ਼ ਹੈ ਮੈਂ ਕਦੇ ਵੱਡਾ ਝੂਠ ਨਹੀਂ ਬੋਲਿਆ। ਮੈਂ ਛੋਟੇ-ਮੋਟੇ ਝੂਠ ਕਈ ਵਾਰੀ ਬੋਲੇ ਹਨ। ਕਦੇ ਕਿਸੇ ਕੁੜੀ ਦੀ ਖੂਬਸੂਰਤੀ ਦੀ ਸ਼ਲਾਘਾ ਕਰ ਦਿੱਤੀ ਚਾਹੇ ਉਹ ਸੋਹਣੀ ਨਾ ਵੀ ਹੋਵੇ ਤਾਂ ਕਿ ਉਸ ਦਾ ਦਿਲ ਖੁਸ਼ ਹੋ ਜਾਵੇ।"

ਖੁਸ਼ਵੰਤ ਸਿੰਘ ਦੀ ਦੋਸਤ ਅਤੇ ਉਨ੍ਹਾਂ ਦੇ ਨਾਲ ਕਿਤਾਬ ਲਿਖਣ ਵਾਲੀ ਹੁਮਰਾ ਕੁਰੈਸ਼ੀ ਕਹਿੰਦੀ ਹੈ, "ਬਹੁਤ ਹੀ ਸਾਧਾਰਨ ਜੀਵਨ ਜਿਉਂਦੇ ਸਨ ਖੁਸ਼ਵੰਤ ਸਿੰਘ। ਇੱਕ ਚੀਜ਼ ਪੱਕਦੀ ਸੀ-ਦਾਲ ਜਾਂ ਇੱਕ ਸਬਜ਼ੀ। ਦੁਪਹਿਰ ਵਿੱਚ ਸਿਰਫ਼ ਸੂਪ।

:

ਮੋਬਾਈਲ ਉਨ੍ਹਾਂ ਨੇ ਕਦੇ ਨਹੀਂ ਖਰੀਦਿਆ ਅਤੇ ਨਾ ਹੀ ਉਹ ਕੰਪਿਊਟਰ ਇਸਤੇਮਾਲ ਕਰਦੇ ਸੀ।

ਕਦੇ-ਕਦੇ ਅਸੀਂ ਦੋਵੇਂ ਲੋਧੀ ਗਾਰਡਨ ਸੈਰ ਕਰਨ ਜਾਂਦੇ ਸੀ ਪਰ ਉਹ ਅੱਧਾ ਚੱਕਰ ਲਾ ਕੇ ਹੀ ਗੁੰਬਦ ਦੀਆਂ ਪੌੜੀਆਂ ਕੋਲ ਬੈਠ ਜਾਂਦੇ ਸੀ ਅਤੇ ਸਾਨੂੰ ਕਹਿੰਦੇ ਸੀ ਤੁਹਾਡਾ ਜਿੰਨਾ ਮਨ ਕਰੇ ਘੁੰਮੋ।

40 ਮਿੰਟ ਬਾਅਦ ਉਹ ਵਾਪਿਸ ਆਉਂਦੀ ਸੀ ਤਾਂ ਉਨ੍ਹਾਂ ਦੇ ਚਾਰੇ ਪਾਸੇ 20-25 ਲੋਕ ਬੈਠੇ ਮਿਲਦੇ ਸਨ ਅਤੇ ਉਹ ਉਨ੍ਹਾਂ ਨਾਲ ਗੱਲਾਂ ਕਰ ਰਹੇ ਹੁੰਦੇ ਸੀ।

ਸਮੇਂ ਦੇ ਪਾਬੰਦ

ਉਨ੍ਹਾਂ ਦੇ ਬੜਬੋਲੇ, ਸੈਕਸ ਅਤੇ ਸਕੌਚ ਦੇ ਸ਼ੌਕੀਨ ਦੇ ਅਕਸ ਪਿੱਛੇ ਕਾਫ਼ੀ ਖੁਸ਼ਦਿਲ ਇਨਸਾਨ ਸੀ ਜਿਸ ਦੀ ਜ਼ਿੰਦਗੀ ਵਿੱਚ ਅਨੁਸ਼ਾਸਨ ਦੀ ਕਾਫ਼ੀ ਅਹਿਮੀਅਤ ਸੀ।

ਖੁਸ਼ਵੰਤ ਦੇ ਪੁੱਤਰ ਅਤੇ ਮਸ਼ਹੂਰ ਲੇਖਕ ਰਾਹੁਲ ਸਿੰਘ ਯਾਦ ਕਰਦੇ ਹਨ, "ਉਹ ਸਵੇਰੇ ਚਾਰ ਵਜੇ ਉੱਠ ਜਾਂਦੇ ਸਨ। ਆਪਣੀ ਚਾਹ ਖੁਦ ਬਣਾਉਂਦੇ ਸਨ। ਫਿਰ ਦੂਰਦਰਸ਼ਨ ਤੋਂ ਆ ਕੇ ਕੀਰਤਨ ਸੁਣਿਆ ਕਰਦੇ ਸੀ। ਉਸ ਤੋਂ ਬਾਅਦ ਉਹ ਆਪਣਾ ਕੰਮ ਸ਼ੁਰੂ ਕਰ ਦਿੰਦੇ ਸੀ। ਫਿਰ ਠੀਕ 12 ਵਜੇ ਉਹ ਬਹੁਤ ਹਲਕਾ ਲੰਚ ਕਰ ਲੈਂਦੇ ਸੀ। ਫਿਰ ਉਹ ਇੱਕ ਡੇਢ ਘੰਟੇ ਲਈ ਸੌਂਦੇ ਸਨ।"

ਉਹ ਅੱਗੇ ਕਹਿੰਦੇ ਹਨ, "ਜੋ ਲੋਕ ਸ਼ਰਾਬ ਪੀਣਾ ਚਾਹੁੰਦੇ ਸਨ ਉਹ ਸੱਤ ਵਜੇ ਆਉਂਦੇ ਸੀ ਪਰ ਪਹਿਲਾਂ ਤੋਂ ਸਮਾਂ ਲੈ ਕੇ। ਬਿਨਾਂ ਦੱਸੇ ਆਉਣ ''''ਤੇ ਉਹ ਮਨ੍ਹਾਂ ਕਰ ਦਿੰਦੇ ਸੀ।"

ਸਵਰਾਜ ਪੌਲ ਕਹਿੰਦੇ ਸੀ ਕਿ ਜੇ ਕਦੇ ਉਹ ਵੇਲੇ ਤੋਂ ਪਹਿਲਾਂ ਮਿਲਣ ਪਹੁੰਚ ਜਾਂਦੇ ਤਾਂ ਬਾਹਰ ਹੀ ਘੁੰਮ-ਫਿਰ ਕੇ ਸਮਾਂ ਬਿਤਾਉਂਦੇ ਸੀ ਅਤੇ ਠੀਕ 7 ਵਜੇ ਉਨ੍ਹਾਂ ਦੇ ਘਰ ਦੀ ਘੰਟੀ ਵਜਾਉਂਦੇ ਸੀ।

ਅੱਠ ਵਜੇ ਸਭ ਨੂੰ ਉੱਥੋਂ ਜਾਣਾ ਪੈਂਦਾ ਸੀ। ਅੱਠ ਵਜੇ ਉਹ ਖਾਣਾ ਖਾਂਦੇ ਸੀ ਅਤੇ 9 ਵਜੇ ਸੌਂ ਜਾਂਦੇ। ਉਨ੍ਹਾਂ ਦਾ ਇਹ ਰੂਟੀਨ ਉਨ੍ਹਾਂ ਦੇ ਆਖਰੀ ਸਮੇਂ ਤੱਕ ਰਿਹਾ।

ਉਨ੍ਹਾਂ ਦੀ ਇੱਕ ਹੋਰ ਦੋਸਤ ਕਾਮਨਾ ਪ੍ਰਸਾਦ ਕਹਿੰਦੀ ਹੈ ਕਿ ਇੱਕ ਵਾਰੀ ਉਹ ਮੇਰੇ ਘਰ ਖਾਣੇ ''''ਤੇ ਆਏ ਤਾਂ ਪਹਿਲਾਂ ਹੀ ਕਹਿ ਦਿੱਤਾ ਕਿ ਦਾਲ ਅਤੇ ਇੱਕ ਸਾਲਨ ਤੋਂ ਜ਼ਿਆਦਾ ਕੁਝ ਨਾ ਬਣਾਇਓ।

ਉਨ੍ਹਾਂ ਦੇ ਘਰ ਅੱਠ ਵਜੇ ਮਹਿਫਿਲ ਬਰਖਾਸਤ ਹੋਣ ਦੇ ਨਿਯਮ ਦੀ ਸਿਰਫ਼ ਇੱਕ ਵਾਰੀ ਉਲੰਘਣਾ ਹੋਈ ਸੀ ਜਦੋਂ ਪੰਜਾਬ ਕੇਸਰੀ ਦੇ ਸੰਪਾਦਕ ਰਾਤ ਦੱਸ ਵਜੇ ਤੱਕ ਉਨ੍ਹਾਂ ਦੇ ਘਰ ਵਿੱਚ ਮਹਿਮਾਨਾਂ ਦਾ ਦਿਲ ਪਰਚਾਵਾ ਕਰਦੇ ਰਹੇ।

ਕਾਮਨਾ ਕਹਿੰਦੀ ਹੈ, "ਇੱਕ ਵਾਰੀ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਉਨ੍ਹਾਂ ਦੇ ਘਰ ਖਾਣੇ ''''ਤੇ ਆਏ ਸਨ ਅਤੇ ਅੱਠ ਵੱਜਣ ਤੋਂ ਬਾਅਦ ਵੀ ਉਹ ਗੱਲਾਂ ਵਿੱਚ ਮਸਰੂਫ਼ ਸਨ ਤਾਂ ਖੁਸ਼ਵੰਤ ਦੀ ਪਤਨੀ ਕੰਵਲ ਨੇ ਉਨ੍ਹਾਂ ਨੂੰ ਸਾਫ਼ ਕਹਿ ਦਿੱਤਾ ਗਿਆਨੀ ਜੀ ਹੁਣ ਟੈਮ ਹੋ ਗਿਆ ਹੈ।"

ਟੀ-ਸ਼ਰਟ ਪਾਉਣ ਦੇ ਸ਼ੌਕੀਨ

ਐੱਮਜੇ ਅਕਬਰ ਨੂੰ ਸਭ ਤੋਂ ਪਹਿਲਾਂ ਖੁਸ਼ਵੰਤ ਸਿੰਘ ਨੇ ''''ਇਲਸਟ੍ਰੇਟਿਡ ਵੀਕਲੀ'''' ਵਿੱਚ ਬ੍ਰੇਕ ਦਿੱਤਾ ਸੀ।

ਉਹ ਯਾਦ ਕਰਦੇ ਹਨ, "70 ਦੇ ਦਹਾਕੇ ਵਿੱਚ ਖੁਸ਼ਵੰਤ ਸਿੰਘ ਦੇ ਸਰੀਰ ''''ਤੇ ਇੱਕ ਟੀ-ਸ਼ਰਟ ਸੀ ਅਤੇ ਚਿਹਰੇ ''''ਤੇ ਮੁਸਕਰਾਹਟ। ਉਹ ਜਿੰਨੇ ਫਕੀਰ ਲੱਗਦੇ ਸਨ ਗੱਲਾਂ ਵੀ ਉਹੋ ਜਿਹੀਆਂ ਹੁੰਦੀਆਂ ਸਨ। ਉਨ੍ਹਾਂ ਨੂੰ ਭੱਦੇ ਮਜ਼ਾਕ ਨਾਲ ਲੋਕਾਂ ਨੂੰ ਝਟਕਾ ਦੇਣ ਵਿੱਚ ਮਜ਼ਾ ਆਉਂਦਾ ਸੀ।"

"ਅਸੀਂ ਉਸ ਜ਼ਮਾਨੇ ਵਿੱਚ ਟ੍ਰੇਨੀਜ਼ ਸੀ ''''ਟਾਈਮਜ਼ ਆਫ਼ ਇੰਡੀਆ'''' ਵਿੱਚ ਅਤੇ ਟ੍ਰੇਨੀਜ਼ ਨੂੰ ਹਰ ਮਹਿਕਮੇ ਵਿੱਚ ਅਲਾਟ ਕੀਤਾ ਜਾਂਦਾ ਸੀ। ਮੇਰਾ ਅਲਾਟਮੈਂਟ ਇਲਸਟ੍ਰੇਟਿਡ ਵੀਕਲੀ ਵਿੱਚ ਨਹੀਂ ਹੋਇਆ ਸੀ ਪਰ ਉਨ੍ਹਾਂ ਨੇ ਨਿਯਮ ਬਦਲਵਾ ਕੇ ਦੋ ਲੋਕਾਂ ਦੀ ਮੰਗ ਕੀਤੀ ਸੀ ਅਤੇ ਰਮੇਸ਼ ਨਾਲ ਮੈਨੂੰ ਰੱਖ ਲਿਆ ਸੀ। ਉੱਥੋਂ ਫਿਰ ਜਿੰਨੀ ਦੂਰ ਮੈਂ ਜਾਣਾ ਸੀ ਗਿਆ।"

khushwant singh
BBC

ਅਕਬਰ ਕਹਿੰਦੇ ਹਨ ਕਿ ਉਸ ਜ਼ਮਾਨੇ ਵਿੱਚ ਜੇ ਸਹਿ-ਸੰਪਾਦਕ ਲੰਡਨ ਜਾਂ ਕੈਂਬ੍ਰਿਜ ਤੋਂ ਪਾਸ ਨਾ ਹੁੰਦਾ ਸੀ ਤਾਂ ਉਸ ਨੂੰ ''''ਟਾਈਮਜ਼ ਆਫ਼ ਇੰਡੀਆ'''' ਵਿੱਚ ਦਾਖਿਲ ਨਹੀਂ ਹੋਣ ਦਿੱਤਾ ਜਾਂਦਾ ਸੀ। ਮੇਰਾ ਖਿਆਲ ਹੈ ਕਿ ਸੰਪਾਦਕ ਰਹਿੰਦੇ ਉਨ੍ਹਾਂ ਨੇ ਕਦੇ ਵੀ ਕਮੀਜ਼ ਨਹੀਂ ਪਾਈ।

ਖੁਸ਼ਵੰਤ ਦੇ ਇੱਕ ਹੋਰ ਸਾਥੀ ਜਿਗਸ ਕਾਲੜਾ ਕਹਿੰਦੇ ਹਨ ਕਿ ਖੁਸ਼ਵੰਤ ਉਨ੍ਹਾਂ ਨੂੰ ਬੜੀ ਕੋਸ਼ਿਸ਼ ਕਰਕੇ ਮਜ਼ੇਦਾਰ ਵਾਕ ਲਿਖਣੇ ਸਿਖਾਉਂਦੇ ਸਨ।

ਉਨ੍ਹਾਂ ਕੋਲ ਬੜਾ ਸੌਖਾ ਮੰਤਰ ਸੀ, "ਜਿੱਥੋਂ ਤੱਕ ਹੋਵੇ ਅੱਠ ਅੱਖਰਾਂ ਤੋਂ ਵੱਡਾ ਸ਼ਬਦ ਨਾ ਲਿਖੋ। ਅੱਠ ਸ਼ਬਦਾਂ ਤੋਂ ਵੱਡਾ ਵਾਕ ਨਾ ਲਿਖੋ ਅਤੇ ਅੱਠ ਵਾਕਾਂ ਤੋਂ ਵੱਡਾ ਪੈਰਾ ਨਾ ਲਿਖੋ।"

ਖੁਸ਼ਵੰਤ ਦੀ ਦੋਸਤ ਹੁਮਰਾ ਕੁਰੈਸ਼ੀ ਕਹਿੰਦੀ ਹੈ, "ਮੇਰੇ ਅਤੇ ਉਨ੍ਹਾਂ ਵਿੱਚ ਕੋਈ ਚੀਜ਼ ਇੱਕੋ ਜਿਹੀ ਨਹੀਂ ਸੀ। ਮੈਂ ਬਿਲਕੁਲ ਸ਼ਰਾਬ ਨਹੀਂ ਪੀਂਦੀ ਸੀ। ਉਨ੍ਹਾਂ ਦੀ ਤਰ੍ਹਾਂ ਜਨਤਕ ਸਮਾਗਮਾਂ ਵਿੱਚ ਨਹੀਂ ਜਾਂਦੀ ਸੀ ਪਰ ਇਹ ਸ਼ਖ਼ਸ ਮੇਰਾ ਹਮੇਸ਼ਾਂ ਧਿਆਨ ਰੱਖਦਾ ਸੀ।"

"ਗੁਰੂਗ੍ਰਾਮ ਸ਼ਿਫ਼ਟ ਹੋਣ ਤੋਂ ਬਾਅਦ ਜਦੋਂ ਮੈਂ ਹਫ਼ਤੇ ਤੱਕ ਉਨ੍ਹਾਂ ਕੋਲ ਨਹੀਂ ਜਾਂਦੀ ਸੀ ਤਾਂ ਉਨ੍ਹਾਂ ਦਾ ਫੋਨ ਆ ਜਾਂਦਾ ਸੀ ਕਿ ਸਭ ਕੁਝ ਠੀਕ ਤਾਂ ਹੈ ਨਾ। ਉਨ੍ਹਾਂ ਨੂੰ ਪਤਾ ਸੀ ਕਿ ਮੇਰੇ ਕੋਲ ਕੋਈ ਨੌਕਰ ਜਾਂ ਰਸੋਈਆ ਨਹੀਂ ਸੀ। ਜਦੋਂ ਵੀ ਮੈਂ ਉਨ੍ਹਾਂ ਕੋਲ ਜਾਂਦੀ ਤਾਂ ਉਹ ਆਪਣੇ ਰਸੋਈਏ ਨੂੰ ਕਹਿੰਦੇ ਸਨ ਕਿ ਹੁਮਰਾ ਦੇ ਲਈ ਖਾਣਾ ਪੈਕ ਕਰੋ। ਮੈਂ ਉਨ੍ਹਾਂ ਨਾਲ ਕਿਸੇ ਵੀ ਵਿਸ਼ੇ ''''ਤੇ ਗੱਲ ਕਰ ਸਕਦੀ ਸੀ।"

ਦਿਲ ਤੋਂ ਰੂੜੀਵਾਦੀ

ਖੁਸ਼ਵੰਤ ਸਿੰਘ ਦੇ ਪੁੱਤਰ ਕਹਿੰਦੇ ਹਨ ਕਿ ਉੱਪਰੋਂ ਖੁਸ਼ਵੰਤ ਸਿੰਘ ਜਿੰਨੇ ਵੀ ਆਧੁਨਿਕ ਦਿਖਣ ਦੀ ਕੋਸ਼ਿਸ਼ ਕਰਨ, ਅੰਦਰੋਂ ਉਹ ਰੂੜੀਵਾਦੀ ਸਨ।

ਉਹ ਕਹਿੰਦੇ ਹਨ, "ਸਾਡੇ ਘਰ ਦੀ ਉਪਰਲੀ ਮੰਜ਼ਿਲ ''''ਤੇ ਬਹੁਤ ਹੀ ਖੂਬਸੂਰਤ ਕੁੜੀ ਰਹਿੰਦੀ ਸੀ। ਉਹ ਇੱਕ ਅਫ਼ਗਾਨ ਡਿਪਲੋਮੈਟ ਦੀ ਕੁੜੀ ਸੀ। ਅਸੀਂ ਦੋਵੇਂ ਇੱਕ ਦੂਜੇ ਵੱਲ ਖਿੱਚ ਮਹਿਸੂਸ ਕਰਦੇ ਸੀ। ਜਦੋਂ ਵੀ ਉਸ ਦੇ ਮਾਪੇ ਬਾਹਰ ਜਾਂਦੇ ਉਹ ਮੈਨੂੰ ਫੋਨ ਕਰ ਦਿੰਦੀ ਸੀ ਅਤੇ ਮੈਂ ਉਸ ਦੇ ਘਰ ਪਹੁੰਚ ਜਾਂਦਾ ਸੀ। ਉਹ ਵੀ ਕਦੇ-ਕਦੇ ਮੇਰੇ ਘਰ ਆਉਂਦੀ ਸੀ।"

"ਉਸ ਦਾ ਇਸ ਤਰ੍ਹਾਂ ਸਾਡੇ ਘਰ ਆਉਣਾ-ਜਾਣਾ ਮੇਰੇ ਪਿਤਾ ਤੋਂ ਲੁਕਿਆ ਨਹੀਂ ਸੀ। ਉਨ੍ਹਾਂ ਝਿੜਕਿਆ ਵੀ ਕਿ ਜੇ ਕਿਸੇ ਦਿਨ ਫੜੇ ਗਏ ਤਾਂ ਕੁੜੀ ਦੇ ਪਿਤਾ ਉਸ ਨੂੰ ਜ਼ਿੰਦਾ ਨਹੀਂ ਛੱਡਣਗੇ। "

ਰਾਹੁਲ ਕਹਿੰਦੇ ਹਨ, "ਰੱਬ ''''ਤੇ ਵਿਸ਼ਵਾਸ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਆਪਣੀ ਸਿੱਖ ਪਛਾਣ ''''ਤੇ ਮਾਣ ਸੀ। ਜਦੋਂ ਮੈਂ ਆਪਣੇ ਕੇਸ ਕਟਵਾ ਦਿੱਤੇ ਤਾਂ ਉਹ ਮੇਰੇ ਨਾਲ ਬਹੁਤ ਨਾਰਾਜ਼ ਹੋਏ ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਦਾ ਕਿਸੇ ਰਸਮ ਜਾਂ ਪੂਜਾ ਪਾਠ ਵਿੱਚ ਵਿਸ਼ਵਾਸ ਨਹੀਂ ਸੀ ਅਤੇ ਉਹ ਜੋਤਿਸ਼ ਨੂੰ ਬੇਕਾਰ ਸਮਝਦੇ ਸੀ।"

ਬਦਮਾਸ਼ ਅੱਖਾਂ

ਉਨ੍ਹਾਂ ਦੀ ਸ਼ਖਸੀਅਤ ਦੇ ਬਹੁਤ ਰੂਪ ਸਨ।

ਉਰਦੂ ਸ਼ਾਇਰੀ, ਇਤਿਹਾਸ ਅਤੇ ਕੁਦਰਤ ਦੇ ਮਿਜਾਜ਼ ਵੱਲ ਉਨ੍ਹਾਂ ਦੀ ਦਿਲਚਸਪੀ।

ਉਨ੍ਹਾਂ ਦੇ ਲਤੀਫ਼ੇ ਅਤੇ ਉਨ੍ਹਾਂ ਦੀ ਹਾਜ਼ਰ-ਜਵਾਬੀ ਅਤੇ ਉਨ੍ਹਾਂ ਦੀ ਅਸਾਧਾਰਨ ਸ਼ਕਤੀ ਉਨ੍ਹਾਂ ਨੂੰ ਭੀੜ ਤੋਂ ਵੀ ਵੱਖ ਕਰਦੀ ਸੀ।

ਆਪਣੀ ਜ਼ਿੰਦਗੀ ਦੇ ਅਖੀਰਲੇ ਦਿਨਾਂ ਤੱਕ ਉਹ ਜਵਾਂਦਿਲ ਬਣੇ ਰਹੇ।

ਜਦੋਂ ਉਹ 90 ਸਾਲ ਦੇ ਹੋਏ ਤਾਂ ਬੀਬੀਸੀ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਕੀ ਹੁਣ ਵੀ ਕੁਝ ਕਰਨ ਦੀ ਤਮੰਨਾ ਹੈ ਤਾਂ ਉਨ੍ਹਾਂ ਦਾ ਜਵਾਬ ਸੀ, "ਤਮੰਨਾ ਤਾਂ ਬਹੁਤ ਰਹਿੰਦੀ ਹੈ ਦਿਲ ਵਿੱਚ। ਕਿੱਥੇ ਖ਼ਤਮ ਹੁੰਦੀ ਹੈ। ਜਿਸਮ ਤੋਂ ਬਜ਼ੁਰਗ ਜ਼ਰੂਰ ਹੋ ਗਿਆ ਹਾਂ ਪਰ ਅੱਖਾਂ ਅਜੇ ਵੀ ਬਦਮਾਸ਼ ਹਨ। ਦਿਲ ਅਜੇ ਵੀ ਜਵਾਨ ਹੈ। ਦਿਲ ਵਿੱਚ ਖਾਹਿਸ਼ਾਂ ਤਾਂ ਰਹਿੰਦੀਆਂ ਹਨ... ਆਖਿਰੀ ਦਮ ਤੱਕ ਰਹਿਣਗੀਆਂ। ਪੂਰੀ ਨਹੀਂ ਕਰ ਪਾਉਂਗੀ, ਇਹ ਵੀ ਮੈਨੂੰ ਪਤਾ ਹੈ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News