ਕੌਣ ਹੈ ਗ੍ਰੈਮੀ ਐਵਾਰਡ ਜੇਤੂ ਇਹ ਪੰਜਾਬੀ ਹਾਲੀਵੁੱਡ ਡਾਇਰੈਕਟਰ ਜੋ ਭਾਰਤ ਵਿੱਚ ਇੱਕ ਵੱਡੀ ਫ਼ਿਲਮ ਲਿਆ ਰਿਹਾ

Wednesday, Feb 01, 2023 - 11:44 AM (IST)

ਕੌਣ ਹੈ ਗ੍ਰੈਮੀ ਐਵਾਰਡ ਜੇਤੂ ਇਹ ਪੰਜਾਬੀ ਹਾਲੀਵੁੱਡ ਡਾਇਰੈਕਟਰ ਜੋ ਭਾਰਤ ਵਿੱਚ ਇੱਕ ਵੱਡੀ ਫ਼ਿਲਮ ਲਿਆ ਰਿਹਾ
ਤਰਸੇਮ ਸਿੰਘ
Getty Images
ਤਰਸੇਮ ਸਿੰਘ ਅਦਾਕਾਰਾ ਜੁਲੀਆ ਰੋਬਰਟਜ਼ ਨਾਲ

ਫਰਵਰੀ 2021 ਵਿੱਚ ਇੱਕ ਪੰਜਾਬੀ ਮੂਲ ਦੇ ਡਾਇਰੈਕਟਰ ਤਰਸੇਮ ਸਿੰਘ ਦੀ ਅਮਰੀਕਾ ਵਿੱਚ ਇੱਕ ਐਡ ਫਿਲਮ ਦੀ ਕਾਫੀ ਚਰਚਾ ਹੋਈ ਸੀ।

ਇਸ ਡਾਇਰੈਕਟਰ ਦੀ ਅਸੀਂ ਗੱਲ ਕਿਉਂ ਕਰ ਰਹੇ ਹਾਂ ਇਸ ਬਾਰੇ ਅਸੀਂ ਬਾਅਦ ਵਿੱਚ ਦੱਸਾਂਗੇ। ਪਹਿਲਾਂ ਉਸ ਚਰਚਿਤ ਐਡ ਫਿਲਮ ਵਿੱਚ ਕੀ ਸੀ ਇਹ ਜਾਣੋ।

ਉਸ ਐਡ ਫਿਲਮ ਦੇ ਪਹਿਲੇ ਸੀਨ ਵਿੱਚ ਪਾਣੀ ਵਿੱਚ ਤੈਰਦੀ ਹੋਈ ਇੱਕ ਕੁੜੀ ਨਜ਼ਰ ਆਉਂਦੀ ਹੈ। ਇਹ ਕੁੜੀ ਸੀ ਪੈਰਾ ਓਲੰਪਿਕਸ ਵਿੱਚ 32 ਗੋਲਡ ਜਿੱਤ ਚੁੱਕੀ ਅਮਰੀਕਾ ਦੀ ਪੈਰਾ ਸਵਿਮਰ ਜੈਸੀਕਾ ਲੌਂਗ।

ਫਿਰ ਅਚਾਨਕ ਪਾਣੀ ਦੇ ਵਿਚਾਲੇ ਇੱਕ ਅਨਾਥ ਬੱਚਿਆਂ ਦਾ ਦਫ਼ਤਰ ਨਜ਼ਰ ਆਉਂਦਾ ਹੈ ਜਿੱਥੋਂ ਇੱਕ ਔਰਤ ਕਾਲ ਕਰਦੀ ਦਿਖਾਈ ਦਿੰਦੀ ਹੈ।

ਕਾਲ ਦੇ ਦੂਜੇ ਪਾਸੇ ਉਹ ਇੱਕ ਦੂਜੀ ਔਰਤ ਨੂੰ ਦੱਸਦੀ ਹੈ, “ਗੋਦ ਲੈਣ ਲਈ ਤੁਹਾਡੀ ਅਰਜ਼ੀ ਉੱਤੇ ਇੱਕ ਬੱਚੀ ਮਿਲੀ ਹੈ। ਉਸ ਦੇ ਬਾਰੇ ਤੁਹਾਨੂੰ ਕੁਝ ਗੱਲਾਂ ਜਾਣਨ ਦੀ ਲੋੜ ਹੈ।”

ਅਸਲ ਵਿੱਚ ਫੋਨ ਦੇ ਦੂਜੇ ਪਾਸੇ ਜੈਸਿਕਾ ਲੌਂਗ ਦੀ ਮਾਂ ਦਾ ਕਿਰਦਾਰ ਇੱਕ ਮਹਿਲਾ ਨਿਭਾ ਰਹੀ ਹੁੰਦੀ ਹੈ।

ਕਹਾਣੀ ਸੁਣਾਉਣ ਦਾ ਵੱਖਰਾ ਤਰੀਕਾ

ਤਰਸੇਮ ਸਿੰਘ
Getty Images
ਤਰਸੇਮ ਸਿੰਘ ਨੇ ਪਿਤਾ ਦੀ ਮਰਜ਼ੀ ਦੇ ਖਿਲਾਫ਼ ਜਾ ਕੇ ਫਿਲਮ ਦੀ ਪੜ੍ਹਾਈ ਕਰਨ ਨੂੰ ਚੁਣਿਆ

ਇਸ ਦੇ ਨਾਲ ਹੀ ਫਲੈਸ਼ਬੈਕ ਦੀ ਸ਼ਕਲ ਵਿੱਚ ਜੈਸਿਕਾ ਦੀ ਕਹਾਣੀ ਚੱਲ ਰਹੀ ਹੁੰਦੀ ਹੈ, ਕਿਵੇਂ ਉਹ ਅਨਾਥ ਆਸ਼ਰਮ ਪਹੁੰਚੀ, ਕਿਵੇਂ ਉਸ ਨੇ ਚੱਲਣਾ ਸਿੱਖਿਆ।

ਇਸ ਦੇ ਨਾਲ ਹੀ ਉਹ ਮਹਿਲਾ ਫੋਨ ਉੱਤੇ ਗੱਲ ਕਰਦੀ ਰਹਿੰਦੀ ਹੈ।

“ਉਹ ਇਸ ਵੇਲੇ ਸਾਈਬੇਰੀਆ ਵਿੱਚ ਹੈ, ਉਸ ਨੂੰ ਇੱਕ ਬਿਮਾਰੀ ਹੈ ਜਿਸ ਕਾਰਨ ਉਸ ਦੀਆਂ ਲੱਤਾਂ ਨੂੰ ਵੱਢਣਾ ਪਵੇਗਾ।”

ਫਿਰ ਫੋਨ ’ਤੇ ਅਨਾਥ ਆਸ਼ਰਮ ਤੋਂ ਬੋਲ ਰਹੀ ਮਹਿਲਾ ਕਹਿੰਦੀ ਹੈ, “ਮੈਨੂੰ ਪਤਾ ਹੈ ਇਹ ਸੁਣਨਾ ਸੌਖਾ ਨਹੀਂ ਹੋਵੇਗਾ। ਉਸ ਦੀ ਜ਼ਿੰਦਗੀ ਸੌਖੀ ਨਹੀਂ ਹੋਵੇਗੀ।”

ਇਸ ਤੋਂ ਬਾਅਦ ਸੁੰਨ ਪਸਰ ਜਾਂਦੀ ਹੈ। ਇਸ ਗੱਲਬਾਤ ਦੇ ਹਿੱਸੇ ਦੇ ਨਾਲ-ਨਾਲ ਜੈਸਿਕਾ ਦਾ ਇੱਕ ਤੈਰਾਕ ਬਣਨ ਦਾ ਸਫ਼ਰ ਦਿਖਾਇਆ ਜਾਂਦਾ ਹੈ।

ਉਸ ਮਗਰੋਂ ਜਦੋਂ ਜੈਸਿਕਾ ਨੂੰ ਜਿੱਤਦਿਆਂ ਦਿਖਾਇਆ ਜਾਂਦਾ ਹੈ ਤਾਂ ਫਿਰ ਫੋਨ ਦੇ ਦੂਜੇ ਪਾਸਿਓਂ ਆਵਾਜ਼ ਆਉਂਦੀ ਹੈ, “ਭਾਵੇਂ ਇਹ ਸੌਖਾ ਨਹੀਂ ਹੋਵੇਗਾ ਪਰ ਇਹ ਬੇਹੱਦ ਸ਼ਾਨਦਾਰ ਹੋਵੇਗਾ, ਮੈਂ ਉਸ ਨੂੰ ਮਿਲਣ ਲਈ ਬੇਤਾਬ ਹਾਂ।”

ਫਿਰ ਜੈਸਿਕਾ ਹੱਸਦੇ ਹੋਏ ਨਜ਼ਰ ਆਉਂਦੀ ਹੈ। ਜੈਸਿਕਾ ਨੂੰ ਰੂਸੀ ਅਨਾਥ ਆਸ਼ਰਮ ਵਿੱਚੋਂ ਗੋਦ ਲੈ ਲਿਆ ਜਾਂਦਾ ਹੈ।

ਭਾਰਤ ਵਿੱਚ ਬਣਾ ਰਹੇ ਪਹਿਲੀ ਫ਼ਿਲਮ

ਤਰਸੇਮ ਸਿੰਘ
ANI

ਜਜ਼ਬਾਤਾਂ ਨਾਲ ਭਰੀ ਇਸ ਮਸ਼ਹੂਰੀ ਦਾ ਨਿਰਦੇਸ਼ਨ ਪੰਜਾਬ ਵਿੱਚ ਜੰਮੇ ਤਰਸੇਮ ਸਿੰਘ ਨੇ ਕੀਤਾ ਸੀ।

ਤਰਸੇਮ ਸਿੰਘ ਨੇ ਕਈ ਐਡ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਨੂੰ ਡਾਇਰੈਕਟ ਕੀਤਾ ਹੈ।

ਇਸ ਦੇ ਨਾਲ ਹੀ ਪੰਜ ਹਾਲੀਵੁੱਡ ਫਿਲਮਾਂ ਨੂੰ ਵੀ ਡਾਇਰੈਕਟ ਕੀਤਾ ਹੈ।

ਅਸੀਂ ਉਨ੍ਹਾਂ ਦੀ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ ਤਰਸੇਮ ਹੁਣ ਭਾਰਤੀ ਪ੍ਰੋਡਿਊਸਰਾਂ ਨਾਲ ਮਿਲ ਕੇ ਪਹਿਲੀ ਵਾਰ ਭਾਰਤ ਵਿੱਚ ਫਿਲਮ ਲੈ ਕੇ ਆ ਰਹੇ ਹਨ।

ਫਿਲਮ ਦਾ ਨਾਂ ਹੈ ‘ਡੀਅਰ ਜੱਸੀ’। ਇਸ ਫਿਲਮ ਦੇ ਪ੍ਰੋਡਕਸ਼ਨ ਦੇ ਨਾਲ ਭਾਰਤੀ ਫਿਲਮ ਜਗਤ ਦੇ ਵੱਡੇ ਨਾਂ ਅਤੇ ਪ੍ਰੋਡਕਸ਼ਨ ਹਾਊਸ ਜੁੜੇ ਹਨ।

:

ਕਈ ਵੱਡੇ ਗਰੁੱਪ ਫਿਲਮ ਨਾਲ ਜੁੜੇ

ਤਰਸੇਮ ਸਿੰਘ
Getty Images

ਟੀਸੀਰੀਜ਼ ਫਿਲਮਜ਼ ਵੱਲੋਂ ਡੀਅਰ ਜੱਸੀ ਬਾਰੇ ਸੋਸ਼ਲ ਮੀਡੀਆ ਉੱਤੇ ਦੱਸਦਿਆਂ ਹੋਇਆਂ ਕਿਹਾ ਗਿਆ, “ਅਸੀਂ ਆਪਣੀ ਅਗਲੀ ਫਿਲਮ ‘ਡੀਅਰ ਜੱਸੀ’ ਲਈ ਕੌਮਾਂਤਰੀ ਗਠਜੋੜ ਦਾ ਐਲਾਨ ਕਰ ਰਹੇ ਹਾਂ। ਇਸ ਫਿਲਮ ਨੂੰ ਹਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਤਰਸੇਮ ਸਿੰਘ ਨੇ ਡਾਇਰੈਕਟ ਕੀਤਾ ਹੈ।”

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਇਸ ਫਿਲਮ ਦੇ ਪ੍ਰੋਡਿਊਸਰਾਂ ਵਿੱਚ ਟੀਸੀਰੀਜ਼ ਦੇ ਭੂਸ਼ਣ ਕੁਮਾਰ, ਵਾਕਾਊ ਫਿਲਮਜ਼ ਦੇ ਵਿਪੁਲ ਡੀ ਸ਼ਾਹ, ਕ੍ਰਿਏਟਿਵ ਸਟਰੋਕਸ ਗਰੁੱਪ ਦੇ ਸੰਜੇ ਗਰੋਵਰ ਸ਼ਾਮਲ ਹਨ।

ਤਰਸੇਮ ਸਿੰਘ ਵੀ ਇਸ ਫਿਲਮ ਦੇ ਡਾਇਰੈਕਟਰ ਹੋਣ ਦੇ ਨਾਲ-ਨਾਲ ਪ੍ਰੋਡਿਊਸਰ ਵੀ ਹਨ।

ਇਸ ਫਿਲਮ ਦੀ ਪੁਰੀ ਦੁਨੀਆਂ ਦੇ ਸਿਨੇਮਾਘਰਾਂ ਵਿੱਚ 2023 ਦੇ ਮੱਧ ਵਿੱਚ ਰਿਲੀਜ਼ ਹੋਣ ਦੀ ਉਮੀਦ ਹੈ।

ਇਸ ਫਿਲਮ ਦੀ ਕਹਾਣੀ ਇੱਕ ਸੱਚੀ ਸਟੋਰੀ ਉੱਤੇ ਆਧਾਰਿਤ ਦੱਸੀ ਜਾ ਰਹੀ ਹੈ ਜਿਸ ਨੂੰ ਲੇਖਕ ਤੇ ਨਿਰਦੇਸ਼ਕ ਅਮਿਤ ਰਾਇ ਨੇ ਲਿਖਿਆ ਹੈ।

ਫਿਲਮ ਦੀ ਪੰਜਾਬ ਵਿੱਚ 50 ਦਿਨਾਂ ਵਿੱਚ ਸ਼ੂਟਿੰਗ ਹੋ ਚੁੱਕੀ ਹੈ ਤੇ ਹੁਣ 2 ਹਫ਼ਤੇ ਦੀ ਸ਼ੂਟਿੰਗ ਬਚੀ ਹੈ ਜਿਸ ਨੂੰ ਕੈਨੇਡਾ ਵਿੱਚ ਮੁਕੰਮਲ ਕੀਤਾ ਜਾਵੇਗਾ।

LINE
BBC

ਤਰਸੇਮ ਸਿੰਘ ਬਾਰੇ ਖ਼ਾਸ ਗੱਲਾਂ

  • ਤਰਸੇਮ ਸਿੰਘ ਨੇ ਹਾਲੀਵੁੱਡ ਵਿੱਚ ਡਾਇਰੈਕਟਰ ਵਜੋਂ ਵੱਡਾ ਨਾਮਣਾ ਖੱਟਿਆ ਹੈ।
  • ਤਰਸੇਮ ਦਾ ਜਨਮ ਜਲੰਧਰ ਦਾ ਹੈ ਅਤੇ ਸ਼ਿਮਲਾ ਤੇ ਦਿੱਲੀ ਵਿੱਚ ਉਨ੍ਹਾਂ ਨੇ ਪੜ੍ਹਾਈ ਕੀਤੀ ਹੈ।
  • ਤਰਸੇਮ ਸਿੰਘ ਨੂੰ ਮਿਊਜ਼ਿਕ ਵੀਡੀਓ ਲਈ ਗ੍ਰੈਮੀ ਐਵਾਰਡ ਮਿਲਿਆ ਹੈ।
  • ਟੀਸੀਰੀਜ਼ ਤੇ ਹੋਰ ਪ੍ਰੋਡੀਊਸਰਾਂ ਨਾਲ ਮਿਲ ਕੇ ਤਰਸੇਮ ਭਾਰਤ ਵਿੱਚ ਆਪਣੀ ਪਹਿਲੀ ਫਿਲਮ ਬਣਾ ਰਹੇ ਹਨ।
LINE
BBC

‘ਡੀਅਰ ਜੱਸੀ ਦੀ ਕਹਾਣੀ ਦੱਸਣ ਦੀ ਲੋੜ ਹੈ’

 ਤਰਸੇਮ ਸਿੰਘ
Getty Images

ਇਸ ਫਿਲਮ ਦੀ ਕਹਾਣੀ ਬਾਰੇ ਤਰਸੇਮ ਸਿੰਘ ਕਹਿੰਦੇ ਹਨ, “ਇਹ ਕਹਾਣੀ ਮੇਰੇ ਦਿਲ ਦੇ ਬੇਹੱਦ ਕਰੀਬ ਹੈ। ਇਹ ਪ੍ਰੋਜੈਕਟ ਮੇਰੇ ਲਈ ਬੇਹੱਦ ਖ਼ਾਸ ਹੈ। ਮੈਂ ਮੰਨਦਾ ਹਾਂ ਕਿ ਇਹ ਬਿਲਕੁੱਲ ਸਹੀ ਵਕਤ ਹੈ ਜਦੋਂ ਦੁਨੀਆਂ ਨੂੰ ਇਸ ਫਿਲਮ ਨੂੰ ਵੇਖਣਾ ਚਾਹੀਦਾ ਹੈ। ਅਜਿਹੀ ਮਜ਼ਬੂਤ ਕਹਾਣੀ ਨੂੰ ਲੋਕਾਂ ਨੂੰ ਦੱਸਣ ਦੀ ਲੋੜ ਹੈ।”

ਤਰਸੇਮ ਸਿੰਘ ਅੱਗੇ ਕਹਿੰਦੇ ਹਨ, “ਇਹ ਫ਼ਿਲਮ ਚੰਗੇ ਤਾਲਮੇਲ ਕਰਕੇ ਹੀ ਸੰਭਵ ਹੋ ਸਕੀ ਹੈ। ਮੇਰੇ ਨਾਲ ਬੇਹੱਦ ਚੰਗੇ ਪ੍ਰੋਡੀਊਸਰਜ਼ ਸਨ ਜਿਨ੍ਹਾਂ ਨੇ ਇਸ ਫਿਲਮ ਨੂੰ ਬਣਾਉਣ ਵਿੱਚ ਹਿੱਸੇਦਾਰੀ ਪਾਈ ਹੈ।”

ਟੀਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਕਹਿੰਦੇ ਹਨ, “ਕੌਮਾਂਤਰੀ ਸਿਨੇਮਾ ਵਿੱਚ ਇਹ ਸਾਡਾ ਪਹਿਲਾ ਪ੍ਰੋਜੈਕਟ ਹੈ। ਅਸੀਂ ਇਸ ਫ਼ਿਲਮ ਲਈ ਕਾਫੀ ਉਤਸ਼ਾਹਤ ਹਾਂ।”

ਵਾਕਾਊ ਫਿਲਮਜ਼ ਦੇ ਰਾਜੇਸ਼ ਬਹਿਲ ਕਹਿੰਦੇ ਹਨ, “ਇਹ ਫਿਲਮ ਬੇਹੱਦ ਹੀ ਖਾਸ ਵਿਸ਼ੇ ਉੱਤੇ ਬਣੀ ਹੈ ਤੇ ਇਸ ਦਾ ਡਾਇਰਕੈਸ਼ਨ ਵੀ ਬੇਹੱਦ ਖ਼ਾਸ ਨਿਰਦੇਸ਼ਕ ਨੇ ਕੀਤਾ ਹੈ। ਦੁਨੀਆਂ ਇਸ ਫ਼ਿਲਮ ਨੂੰ ਵੇਖ ਕੇ ਹੈਰਾਨ ਰਹਿ ਜਾਵੇਗੀ।”

ਵਾਕਾਊ ਫਿਲਮਜ਼ ਦੇ ਵਿਪੁਲ ਡੀ ਸ਼ਾਹ ਕਹਿੰਦੇ ਹਨ, “ਤਰਸੇਮ ਆਪਣੀ ਕਲਾ ਵਿੱਚ ਮਾਹਰ ਹੈ ਤੇ ਉਨ੍ਹਾਂ ਨੂੰ ਫਿਲਮ ਸੈਟ ਉੱਤੇ ਕੰਮ ਕਰਦੇ ਹੋਏ ਦੇਖਣਾ ਇੱਕ ਜਾਦੂਈ ਤਜਰਬਾ ਹੈ।”

ਕੀ ਹੈ ਤਰਸੇਮ ਦਾ ਪਿਛੋਕੜ?

ਤਰਸੇਮ ਸਿੰਘ
Getty Images
ਲੌਸ ਐਂਜਲਿਸ ''''ਚ ਫਿਲਮ ਮੇਕਿੰਗ ਦੇ ਦੋ ਸਾਲਾ ਕੋਰਸ ''''ਚ ਦਾਖਲਾ ਲਿਆ ਤੇ ਫਿਲਮੀ ਦੁਨੀਆਂ ਵੱਲ ਆਪਣਾ ਪਹਿਲਾ ਕਦਮ ਰੱਖਿਆ

ਰੈਡਿਫ ਡਾਟ ਕਾਮ ਲਈ ਸੀਨੀਅਰ ਪੱਤਰਕਾਰ ਅਸੀਮ ਛਾਬੜਾ ਨੇ ਤਰਸੇਮ ਬਾਰੇ ਇੱਕ ਲੇਖ ਲਿਖਿਆ ਸੀ।

ਇਸ ਲੇਖ ਅਨੁਸਾਰ ਤਰਸੇਮ ਸਿੰਘ ਦਾ ਜਨਮ ਪੰਜਾਬ ਦੇ ਜਲੰਧਰ ਵਿੱਚ ਹੋਇਆ ਹੈ। ਉਨ੍ਹਾਂ ਦੇ ਪਿਤਾ ਇੰਜੀਨੀਅਰ ਸਨ ਤੇ ਇਰਾਨ ਵਿੱਚ ਨੌਕਰੀ ਕਰਦੇ ਸਨ।

ਤਰਸੇਮ ਨੇ ਆਪਣੀ ਸਕੂਲੀ ਸਿੱਖਿਆ ਸ਼ਿਮਲਾ ਦੇ ਬਿਸ਼ਪ ਕਾਟਨ ਸਕੂਲ ਵਿੱਚ ਲਈ ਸੀ। ਇਸ ਮਗਰੋਂ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਤੋਂ ਬੀਕਾਮ ਦੀ ਡਿਗਰੀ ਹਾਸਲ ਕੀਤੀ।

ਅਸੀਮ ਨਾਲ ਗੱਲਬਾਤ ਵਿੱਚ ਤਰਸੇਮ ਦੱਸਦੇ ਹਨ ਕਿ ਉਹ ਅਮਰੀਕਾ ਵਿੱਚ ਫਿਲਮ ਮੇਕਿੰਗ ਪੜ੍ਹਨਾ ਚਾਹੁੰਦੇ ਸਨ ਪਰ ਪਿਤਾ ਨੂੰ ਮਨਾਉਣਾ ਔਖਾ ਸੀ।

ਤਰਸੇਮ ਦਾ ਜੀਮੈਟ ਦਾ ਟੈਸਟ ਦਿੱਤਾ ਤੇ ਅਮਰੀਕਾ ਚਲੇ ਗਏ। ਪਰਿਵਾਰ ਨੂੰ ਲੱਗਿਆ ਕਿ ਉਹ ਕਿਸੇ ਬਿਜ਼ਨੇਸ ਸਕੂਲ ਵਿੱਚ ਪੜ੍ਹਨ ਜਾ ਰਹੇ ਹਨ ਪਰ ਅਮਰੀਕਾ ਜਾ ਕੇ ਉਨ੍ਹਾਂ ਨੇ ਆਪਣੇ ਮਨ ਦੀ ਸੁਣੀ।

ਉਨ੍ਹਾਂ ਨੇ ਲੌਸ ਐਂਜਲਿਸ ਵਿੱਚ ਫਿਲਮ ਮੇਕਿੰਗ ਦੇ ਦੋ ਸਾਲਾ ਕੋਰਸ ਵਿੱਚ ਦਾਖਲਾ ਲਿਆ ਤੇ ਫਿਲਮੀ ਦੁਨੀਆਂ ਵੱਲ ਆਪਣਾ ਪਹਿਲਾ ਕਦਮ ਰੱਖਿਆ।

ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਉਹ ਕਹਿੰਦੇ ਹਨ, “ਮੇਰੇ ਪਿਤਾ ਚਾਹੁੰਦੇ ਸੀ ਕਿ ਮੈਂ ਹਾਰਵਰਡ ਵਿੱਚ ਜਾ ਕੇ ਬਿਜਨੇਸ ਦੀ ਪੜ੍ਹਾਈ ਕਰਾਂ। ਭਾਰਤੀ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ, ਇੰਜੀਨੀਅਰ, ਵਕੀਲ ਜਾਂ ਡਾਕਟਰ ਹੀ ਬਣਨ।”

ਇੱਕ ਕਿਤਾਬ ਨੇ ਬਦਲੀ ਜ਼ਿੰਦਗੀ

ਤਰਸੇਮ ਸਿੰਘ
Getty Images
ਤਰਸੇਮ ਸਿੰਘ ਨੇ ਬ੍ਰਿਟਨੀ ਸਪੀਅਰਜ਼ ਸਣੇ ਕਈ ਨਾਮੀ ਸਿਤਾਰਿਆਂ ਨਾਲ ਕੰਮ ਕੀਤਾ ਹੈ

ਤਰਸੇਮ ਅਨੁਸਾਰ ਇੱਕ ਕਿਤਾਬ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ।

ਉਹ ਕਹਿੰਦੇ ਹਨ, “ਗਾਈਡ ਟੂ ਫਿਲਮਜ਼ ਸਕੂਲ ਇਨ ਅਮੈਰਿਕਾ ਨੇ ਮੇਰੀ ਸੋਚ ਤੇ ਜ਼ਿੰਦਗੀ ਨੂੰ ਪੂਰੇ ਤਰੀਕੇ ਨਾਲ ਬਦਲ ਦਿੱਤਾ।”

“ਬੱਸ ਉਸ ਵੇਲੇ 1984 ਦੇ ਓਲੰਪਿਕ ਖ਼ਤਮ ਹੀ ਹੋਏ ਸਨ ਜਦੋਂ ਮੈਂ ਭਾਰਤ ਤੋਂ ਅਮਰੀਕਾ ਆ ਗਿਆ ਸੀ।”

ਅਮਰੀਕਾ ਪਹੁੰਚੇ ਕੇ ਹਰ ਮਸ਼ਹੂਰ ਹਸਤੀ ਵਾਂਗ ਤਰਸੇਮ ਨੂੰ ਵੀ ਸੰਘਰਸ਼ ਕਰਨਾ ਪਿਆ ਸੀ।

ਉਹ ਕਹਿੰਦੇ ਹਨ, “ਮੈਨੂੰ ਕਿਸੇ ਵੀ ਫਿਲਮ ਸਕੂਲ ਵਿੱਚ ਦਾਖਿਲਾ ਨਹੀਂ ਮਿਲਿਆ ਸੀ। ਫਿਰ ਮੈਂ ਸਿਟੀ ਕਾਲਜ ਵਿੱਚ ਦਾਖਲਾ ਲੈਣ ਗਿਆ। ਉੱਥੇ ਇੱਕ ਵਿਅਕਤੀ ਮੈਨੂੰ ਮਿਲਿਆ, ਉਸ ਨੇ ਦਾਖਲਾ ਤਾਂ ਲਿਆ ਪਰ ਉਹ ਕਾਲਜ ਨਹੀਂ ਗਿਆ।”

“ਮੈਂ ਫਿਰ ਨਕਲੀ ਆਈਡੀ ਬਣਾ ਕੇ ਅਤੇ ਵੈਨਡੀ ਮਾਰਸ਼ ਦੇ ਨਾਂ ਨਾਲ ਪੜ੍ਹਾਈ ਕੀਤੀ ਤੇ ਡਿਗਰੀ ਵੀ ਉਸੇ ਨਾਮ ਨਾਲ ਹਾਸਲ ਕੀਤੀ।”

ਤਰਸੇਮ ਦੱਸਦੇ ਹਨ ਕਿ ਇੱਕ ਦਿਨ ਉਨ੍ਹਾਂ ਨੇ ਆਪਣੀ ਫਿਲਮ ਨੂੰ ਆਰਟ ਸੈਂਟਰ ਵਿੱਚ ਭੇਜਿਆ ਤੇ ਉਸੇ ਵੇਲੇ ਉਨ੍ਹਾਂ ਨੇ ਆਪਣੇ ਅਸਲੀ ਨਾਮ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਮਿਊਜ਼ਿਕ ਵੀਡੀਓ ਲਈ ਮਿਲਿਆ ਗ੍ਰੈਮੀ ਐਵਾਰਡ

ਤਰਸੇਮ ਸਿੰਘ
Getty Images
ਤਰਸੇਮ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਫਿਲਮ ਬਣਾਉਣ ਦੀ ਪ੍ਰਕਿਰਿਆ ਨਾਲ ਪਿਆਰ ਹੈ

ਤਰਸੇਮ ਸਿੰਘ ਨੇ ਸ਼ੁਰੂਆਤ ਮਿਊਜ਼ਿਕ ਵੀਡੀਓਜ਼ ਨੂੰ ਡਾਇਰੈਕਟ ਕਰਨ ਤੋਂ ਕੀਤੀ।

ਉਨ੍ਹਾਂ ਵਿੱਚੋਂ ਖ਼ਾਸ ਸੀ ਹੌਲਡ ਓਨ, (1990), ਟਾਇਰਡ ਆਫ ਸਲੀਪਿੰਗ ( 1990) ਲਵ (1991) ਤੇ ਹੋਰ ਕਈ ਮਿਊਜ਼ਿਕ ਵੀਡੀਓਜ਼ ਸ਼ਾਮਲ ਸਨ।

1991 ਵਿੱਚ ਆਏ ਗਾਣੇ ''''ਲੂਜ਼ਿੰਗ ਮਾਈ ਰਿਲੀਜਨ'''' ਨੂੰ ਬੈਸਟ ਵੀਡੀਓ ਦੇ ਲਈ ਗਰੈਮੀ ਐਵਾਰਡ ਮਿਲਿਆ ਸੀ।

ਇਸ ਤੋਂ ਇਲਾਵਾ ਤਰਸੇਮ ਸਿੰਘ ਨੇ ਕਈ ਮਸ਼ਹੂਰੀਆਂ ਦੀਆਂ ਵੀਡੀਓਜ਼ ਨੂੰ ਵੀ ਡਾਇਰੈਕਟ ਕੀਤਾ।

ਇਨ੍ਹਾਂ ਵਿੱਚ ਲੀਵਾਈਜ਼, ਪੈਪਸੀ, ਟੋਯੋਟਾ, ਫਿਲਿਪਸ, ਟੀ ਮੋਬਾਈਲ, ਇੰਟਲ, ਨਾਈਕ, ਤੇ ਹੋਰ ਕਈ ਬਰਾਂਡ ਸ਼ਾਮਿਲ ਹਨ।

ਤਰਸੇਮ ਨੇ ਹਾਲੀਵੁੱਡ ਵਿੱਚ ਪੰਜ ਫਿਲਮਾਂ ਵੀ ਬਣਾਈਆਂ ਹਨ। ਉਨ੍ਹਾਂ ਨੇ ਸਾਲ 2000 ਵਿੱਚ ‘ਦਿ ਸੈਲ’ ਫਿਲਮ ਡਾਇਰੈਕਟ ਕੀਤੀ।

ਇਸ ਮਗਰੋਂ ਉਨ੍ਹਾਂ ਨੇ ‘ਦਿ ਫਾਲ’ ਫਿਲਮ ਸਾਲ 2006 ਵਿੱਚ ਬਣਾਈ। ਇਸ ਫਿਲਮ ਨੂੰ ਬਣਾਉਣ ਵਿੱਚ ਲੰਬਾ ਸਮਾਂ ਲਗਿਆ ਤੇ 20 ਤੋਂ ਵੱਧ ਲੋਕੇਸ਼ਨਾਂ ਉੱਤੇ ਸ਼ੂਟ ਹੋਈ ਸੀ। ਇਹ ਫਿਲਮ ਨੂੰ ਸਫ਼ਲਤਾ ਨਹੀਂ ਮਿਲੀ ਸੀ।

ਇਸ ਮਗਰੋਂ ਉਨ੍ਹਾਂ ਨੇ ‘ਇਮਮੋਰਟਲਜ਼’, ‘ਮਿਰਰ ਮਿਰਰ’ ਤੇ ‘ਸੈਲਫਲੈਸ’ ਫਿਲਮ ਵੀ ਬਣਾਈ।

ਤਰਸੇਮ ਸਿੰਘ ਅਨੁਸਾਰ ਉਨ੍ਹਾਂ ਨੂੰ ਮਿਊਜ਼ਿਕ ਵੀਡੀਓ, ਐਡ ਫਿਲਮਜ਼ ਜਾਂ ਫਿਲਮ ਬਣਾਉਣਾ ਬਰਾਬਰ ਤਰੀਕੇ ਨਾਲ ਹੀ ਪਸੰਦ ਹੈ।

ਉਹ ਕਹਿੰਦੇ ਹਨ ਕਿ ਅਸਲ ਵਿੱਚ ਉਨ੍ਹਾਂ ਨੂੰ ਫਿਲਮ ਬਣਾਉਣ ਦੀ ਪ੍ਰਕਿਰਿਆ ਨਾਲ ਹੀ ਪਿਆਰ ਹੈ, ਭਾਵੇਂ ਉਸ ਦਾ ਕੰਟੈਂਟ ਕਿਸੇ ਰੂਪ ਵਿੱਚ ਹੋਵੇ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News