ਆਸਾਰਾਮ: ਬਲਾਤਕਾਰ ਦੇ ਦੋਸ਼ੀ ਦਾ ਪਿਛੋਕੜ ਤੇ ਜੇਲ੍ਹ ਤੋਂ ਬਚਣ ਲਈ ਵਰਤੇ ਹਥਕੰਡਿਆਂ ਦੀ ਕਹਾਣੀ
Tuesday, Jan 31, 2023 - 01:29 PM (IST)
ਜਿਨਸੀ ਸੋਸ਼ਣ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਬਾਪੂ ਨੂੰ ਗਾਂਧੀਨਗਰ ਦੀ ਇੱਕ ਅਦਾਲਤ ਨੇ ਔਰਤ ਸ਼ਗਿਰਦ ਦਾ ਜਿਨਸੀ ਸੋਸ਼ਣ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ।
ਇਸੇ ਮਾਮਲੇ ਵਿੱਚ ਸਬੂਤਾਂ ਦੀ ਘਾਟ ਕਾਰਨ ਆਸਾਰਾਮ ਦੀ ਪਤਨੀ ਸਮੇਤ ਛੇ ਹੋਰ ਮੁਜ਼ਰਮਾਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ।
ਵਿਸ਼ੇਸ਼ ਸਰਕਾਰੀ ਵਕੀਲ ਆਰਸੀ ਕੋਡੇਕਰ ਮੁਤਾਬਕ, ਆਸਾਰਾਮ ਨੂੰ ਭਾਰਤੀ ਦੰਡਾਵਲੀ ਦੀ ਧਾਰਾ 376 (ਸੀ) (ਯਾਨੀ ਬਲਾਤਕਾਰ), ਧਾਰਾ 377 (ਗ਼ੈਰ-ਕੁਦਰਤੀ ਜਿਨਸੀ ਅਪਰਾਧ) ਅਤੇ ਹੋਰ ਧਾਰਾਵਾਂ ਤਹਿਤ ਪੀੜਤ ਨੂੰ ਗ਼ੈਰ-ਕਾਨੂੰਨੀ ਹਿਰਾਸਤ ਵਿੱਚ ਰੱਖਣ ਲਈ ਦੋਸ਼ੀ ਠਹਿਰਾਇਆ ਗਿਆ ਹੈ।
ਦੂਜੇ ਪਾਸੇ ਆਸਾਰਾਮ ਦੇ ਵਕੀਲ ਸੀਬੀ ਗੁਪਤਾ ਨੇ ਕਿਹਾ, “ਇਸ ਨੂੰ 2001 ਦੀ ਘਟਨਾ ਕਿਹਾ ਜਾ ਰਿਹਾ ਹੈ, ਪਰ ਇਸ ਦੀ ਸ਼ਿਕਾਇਤ 2013 ''''ਚ ਦਰਜ ਕੀਤੀ ਗਈ ਸੀ। ਸਜ਼ਾ ਤੋਂ ਬਾਅਦ ਅਸੀਂ ਵਿਚਾਰ-ਵਟਾਂਦਰੇ ਕਰਾਂਗੇ ਤੇ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਾਂਗੇ।”
ਆਸਾਰਾਮ ਦਸ ਸਾਲਾਂ ਤੋਂ ਜੇਲ੍ਹ ’ਚ ਬੰਦ
2013 ਵਿੱਚ ਸੂਰਤ ਦੀ ਇੱਕ ਔਰਤ ਨੇ ਆਸਾਰਾਮ ਬਾਪੂ ਅਤੇ ਸੱਤ ਹੋਰਾਂ ਖ਼ਿਲਾਫ਼ ਬਲਾਤਕਾਰ ਅਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਕੈਦ ਕਰਨ ਦਾ ਮਾਮਲਾ ਦਰਜ ਕਰਵਾਇਆ ਸੀ।
ਇਸ ਮੁਕੱਦਮੇ ਦੌਰਾਨ ਇੱਕ ਮੁਜ਼ਰਮ ਦੀ ਮੌਤ ਹੋ ਗਈ ਸੀ।
ਪੁਲੀਸ ਨੇ ਇਸ ਮਾਮਲੇ ਵਿੱਚ ਜੁਲਾਈ 2014 ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਸੀ। ਅਹਿਮਦਾਬਾਦ ਦੇ ਚਾਂਦਖੇੜਾ ਪੁਲਿਸ ਸਟੇਸ਼ਨ ਵਿੱਚ ਦਰਜ ਐਫ਼ਆਈਆਰ ਮੁਤਾਬਕ, ਆਸਾਰਾਮ ਨੇ ਅਹਿਮਦਾਬਾਦ ਸ਼ਹਿਰ ਦੇ ਬਾਹਰਵਾਰ ਆਪਣੇ ਆਸ਼ਰਮ ਵਿੱਚ 2001 ਤੋਂ 2006 ਦਰਮਿਆਨ ਪੀੜਤਾ ਨਾਲ ਕਈ ਵਾਰ ਬਲਾਤਕਾਰ ਕੀਤਾ ਗਿਆ ਸੀ।
25 ਅਪ੍ਰੈਲ, 2018 ਨੂੰ ਜੋਧਪੁਰ ਅਦਾਲਤ ਨੇ ਆਪਣੇ ਆਪ ਨੂੰ ਧਰਮ ਗੁਰੂ ਦੱਸਣ ਵਾਲੇ ਆਸਾਰਾਮ ਨੂੰ ਇੱਕ ਨਾਬਾਲਿਗ ਦੇ ਬਲਾਤਕਾਰ ਦੇ ਮਾਮਲ ਵਿੱਚ ਦੋਸ਼ੀ ਕਰਾਰ ਦਿੱਤਾ ਸੀ। ਇਸੇ ਮਾਮਲੇ ਵਿੱਚ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਸਜ਼ਾ ਸੁਣਾਏ ਜਾਣ ਤੋਂ ਪੰਜ ਸਾਲ ਪਹਿਲਾਂ ਤੋਂ ਹੀ ਆਸਾਰ ਜੇਲ੍ਹ ’ਚ ਕੈਦ ਸਨ।
ਯਾਨੀ ਕੁੱਲ ਮਿਲਾਕੇ ਆਸਾਰਾਮ ਪਿਛਲੇ 10 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ।
ਆਸਾਰਾਮ ਦਾ ਪਿਛੋਕੜ?
ਅਪ੍ਰੈਲ 1941 ਵਿੱਚ ਮੌਜੂਦਾ ਪਾਕਿਸਤਾਨ ਦੇ ਸਿੰਧ ਖੇਤਰ ਦੇ ਬੇਰਾਨੀ ਪਿੰਡ ਵਿੱਚ ਜਨਮੇ ਆਸਾਰਾਮ ਦਾ ਅਸਲੀ ਨਾਂ ਆਸੂਮਲ ਹਰਪਲਾਨੀ ਹੈ।
ਸਿੰਧੀ ਵਪਾਰੀ ਭਾਈਚਾਰੇ ਨਾਲ ਸਬੰਧਤ, ਆਸਾਰਾਮ ਦਾ ਪਰਿਵਾਰ 1947 ਵਿੱਚ ਵੰਡ ਤੋਂ ਬਾਅਦ ਭਾਰਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਆ ਵਸਿਆ ਸੀ।
ਸੱਠ ਦੇ ਦਹਾਕੇ ਵਿੱਚ ਉਸ ਨੇ ਲੀਲਾਸ਼ਾਹ ਨੂੰ ਆਪਣਾ ਅਧਿਆਤਮਕ ਗੁਰੂ ਬਣਾ ਲਿਆ ਸੀ।
ਬਾਅਦ ਵਿੱਚ ਲੀਲਾਸ਼ਾਹ ਨੇ ਆਸੂਮਲ ਦਾ ਨਾਮ ਆਸਾਰਾਮ ਰੱਖ ਦਿੱਤਾ ਸੀ।।
1972 ਵਿੱਚ, ਆਸਾਰਾਮ ਨੇ ਅਹਿਮਦਾਬਾਦ ਤੋਂ ਲਗਭਗ 10 ਕਿਲੋਮੀਟਰ ਦੂਰ ਮੁਟੇਰਾ ਕਸਬੇ ਵਿੱਚ ਸਾਬਰਮਤੀ ਨਦੀ ਕੰਢੇ ਆਪਣੀ ਪਹਿਲਾ ਡੇਰਾ ਬਣਾਇਆ।
ਇੱਥੋਂ ਹੀ ਸ਼ੁਰੂ ਹੋਇਆ ਆਸਾਰਾਮ ਦਾ ਅਧਿਆਤਮਕ ਪ੍ਰੋਜੈਕਟ ਹੌਲੀ-ਹੌਲੀ ਗੁਜਰਾਤ ਦੇ ਹੋਰ ਸ਼ਹਿਰਾਂ ਤੋਂ ਹੁੰਦੇ ਹੋਏ ਦੇਸ਼ ਦੇ ਵੱਖ-ਵੱਖ ਸੂਬਿਆਂ ਤੱਕ ਪਹੁੰਚ ਗਿਆ।
ਸ਼ੁਰੂ ਵਿਚ ਗੁਜਰਾਤ ਦੇ ਪੇਂਡੂ ਖੇਤਰਾਂ ਦੇ ਗ਼ਰੀਬ, ਪਛੜੇ ਅਤੇ ਆਦਿਵਾਸੀ ਸਮੂਹਾਂ ਨੂੰ ''''ਪ੍ਰਵਾਚਨਾਂ, ਦੇਸੀ ਦਵਾਈਆਂ ਅਤੇ ਭਜਨ ਕੀਰਤਨਾਂ’ ਜ਼ਰੀਏ ਲੁਭਾਉਣ ਵਾਲੇ ਆਸਾਰਾਮ ਦਾ ਪ੍ਰਭਾਵ ਹੌਲੀ-ਹੌਲੀ ਸੂਬੇ ਦੇ ਸ਼ਹਿਰੀ ਮੱਧ-ਵਰਗ ਤੱਕ ਫ਼ੈਲ ਗਿਆ।
ਸ਼ੁਰੂਆਤੀ ਸਾਲਾਂ ''''ਚ ਪ੍ਰਵਚਨ ਤੋਂ ਬਾਅਦ ਪ੍ਰਸਾਦ ਦੇ ਨਾਂ ''''ਤੇ ਮੁਫਤ ਭੋਜਨ ਵੰਡਣ ਨੇ ਵੀ ਆਸਾਰਾਮ ਦੇ ''''ਭਗਤਾਂ'''' ਦੀ ਗਿਣਤੀ ਤੇਜ਼ੀ ਨਾਲ ਵਧਾਉਣ ''''ਚ ਅਹਿਮ ਭੂਮਿਕਾ ਨਿਭਾਈ।
ਆਸਾਰਾਮ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਇਕ ਸਮੇਂ ਦੁਨੀਆ ਭਰ ''''ਚ ਉਨ੍ਹਾਂ ਦੇ ਚਾਰ ਕਰੋੜ ਫਾਲੋਅਰਜ਼ ਸਨ।
ਇਨ੍ਹਾਂ ਪੈਰੋਕਾਰਾਂ ਦੇ ਬਲ ''''ਤੇ ਆਸਾਰਾਮ ਨੇ ਆਪਣੇ ਪੁੱਤਰ ਨਾਰਾਇਣ ਸਾਈਂ ਨਾਲ ਮਿਲ ਕੇ ਦੇਸ਼-ਵਿਦੇਸ਼ ''''ਚ ਫੈਲੇ 400 ਆਸ਼ਰਮਾਂ ਦਾ ਸਾਮਰਾਜ ਕਾਇਮ ਕਰ ਲਿਆ।
ਆਸਾਰਾਮ ਕੋਲ ਇਨ੍ਹਾਂ ਆਸ਼ਰਮਾਂ ਦੇ ਨਾਲ ਨਾਲ ਕਰੀਬ 10 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਵੀ ਹੈ।
ਹਾਲ ਦੀ ਘੜੀ ਇਸ ਜਾਇਦਾਦ ਦੀ ਕੇਂਦਰ ਤੇ ਗੁਜਰਾਤ ਦੇ ਸੂਬਾ ਟੈਕਸ ਟੈਕਸ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਇਸ ਜਾਂ ਵਿੱਚ ਆਸ਼ਰਮ ਨਿਰਮਾਣ ਲਈ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਮੀਨ ’ਤੇ ਕਬਜ਼ਾ ਕਰਨ ਦੇ ਮਾਮਲੇ ਵੀ ਸ਼ਾਮਿਲ ਹਨ।
ਆਸਾਰਾਮ ਦਾ ਸਿਆਸੀ ਪ੍ਰਭਾਵ
ਭਗਤਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਸਿਆਸਤਦਾਨਾਂ ਨੇ ਵੀ ਆਸਾਰਾਮ ਰਾਹੀਂ ਵੱਡੀ ਗਿਣਤੀ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।
1990 ਤੋਂ 2000 ਦੇ ਦਹਾਕੇ ਤੱਕ, ਉਨ੍ਹਾਂ ਦੇ ਸ਼ਰਧਾਲੂਆਂ ਦੀ ਸੂਚੀ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੇ ਦਿੱਗਜ ਆਗੂ ਜਿਵੇਂ ਕਿ ਲਾਲ ਕ੍ਰਿਸ਼ਨ ਅਡਵਾਨੀ ਅਤੇ ਨਿਤਿਨ ਗਡਕਰੀ ਤੱਕ ਸ਼ਾਮਲ ਸਨ।
ਇਸ ਸੂਚੀ ਵਿੱਚ ਦਿਗਵਿਜੇ ਸਿੰਘ, ਕਮਲਨਾਥ ਅਤੇ ਮੋਤੀ ਲਾਲ ਵੋਰਾ ਵਰਗੇ ਸੀਨੀਅਰ ਕਾਂਗਰਸੀ ਆਗੂ ਵੀ ਸ਼ਾਮਲ ਹਨ।
ਆਸਾਰਾਮ ਦੇ ਦਰਸ਼ਨਾਂ ਲਈ ਜਾਣ ਵਾਲੇ ਭਾਜਪਾ ਦੇ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀਆਂ ਦੀ ਇੱਕ ਲੰਬੀ ਫ਼ਹਿਰਿਸ ਹੈ।
ਇਸ ਲਿਸਟ ਵਿੱਚ ਸ਼ਿਵਰਾਜ ਸਿੰਘ ਚੌਹਾਨ, ਉਮਾ ਭਾਰਤੀ, ਰਮਨ ਸਿੰਘ, ਪ੍ਰੇਮ ਕੁਮਾਰ ਧੂਮਲ ਅਤੇ ਵਸੁੰਧਰਾ ਰਾਜੇ ਦੇ ਨਾਂ ਵੀ ਸ਼ਾਮਲ ਹਨ।
2000 ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਵਿੱਚ ਆਸਾਰਾਮ ਦੇ ''''ਦਰਸ਼ਨ'''' ਲਈ ਜਾਣ ਵਾਲਿਆਂ ਵਿੱਚ ਸਭ ਤੋਂ ਵੱਡਾ ਨਾਮ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈ।
ਪਰ 2008 ਵਿੱਚ ਆਸਾਰਾਮ ਦੇ ਮੁਟੇਰਾ ਆਸ਼ਰਮ ਵਿੱਚ ਦੋ ਬੱਚਿਆਂ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਲਗਭਗ ਹਰ ਸਿਆਸੀ ਪਾਰਟੀ ਦੇ ਆਗੂਆਂ ਨੇ ਉਨ੍ਹਾਂ ਤੋਂ ਦੂਰੀ ਬਣਾ ਲਈ।
ਮੁਟੇਰਾ ਆਸ਼ਰਮ ਵਿੱਚ ਕੀ ਹੋਇਆ ਸੀ?
5 ਜੁਲਾਈ 2008 ਨੂੰ 10 ਸਾਲਾ ਅਭਿਸ਼ੇਕ ਵਾਘੇਲਾ ਅਤੇ 11 ਸਾਲਾ ਦੀਪੇਸ਼ ਵਾਘੇਲਾ ਦੀਆਂ ਅੱਧ ਸੜੀਆਂ ਲਾਸ਼ਾਂ ਆਸਾਰਾਮ ਦੇ ਮੁਟੇਰਾ ਆਸ਼ਰਮ ਦੇ ਬਾਹਰ ਸਾਬਰਮਤੀ ਨਦੀ ਦੇ ਸੁੱਕੇ ਤਲ ਕੋਲ ਮਿਲੀਆਂ ਸਨ।
ਇਹ ਦੋਵੇਂ ਚਾਚੇ ਤਾਏ ਦੇ ਪੁੱਤ ਸਨ। ਦੋਵਾਂ ਨੂੰ ਅਹਿਮਦਾਬਾਦ ''''ਚ ਰਹਿ ਰਹੇ ਉਨ੍ਹਾਂ ਦੇ ਮਾਪਿਆਂ ਨੇ ਮੌਤ ਤੋਂ ਕੁਝ ਦਿਨ ਪਹਿਲਾਂ ਹੀ ਆਸਾਰਾਮ ਦੇ ''''ਗੁਰੂਕੁਲ'''' ਸਕੂਲ ''''ਚ ਦਾਖਲਾ ਦਿਵਾਇਆ ਸੀ।
ਇਸ ਮਾਮਲੇ ਦੀ ਜਾਂਚ ਲਈ ਤਤਕਾਲੀ ਸੂਬਾ ਸਰਕਾਰ ਵੱਲੋਂ ਡੀਕੇ ਤ੍ਰਿਵੇਦੀ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ ਪਰ ਇਸ ਕਮਿਸ਼ਨ ਦੀ ਜਾਂਚ ਦੇ ਨਤੀਜੇ ਅੱਜ ਤੱਕ ਜਨਤਕ ਨਹੀਂ ਕੀਤੇ ਗਏ।
ਇਸ ਦਰਮਿਆਨ 2012 ਵਿੱਚ ਸੂਬਾ ਪੁਲਿਸ ਨੇ ਮੁਟੇਰਾ ਆਸ਼ਰਣ ਦੇ ਸੱਤ ਕਰਮਚਾਰੀਆਂ ’ਤੇ ਗ਼ੈਰ-ਇਰਾਦਾ ਕਤਲ ਕਰਨ ਦੇ ਇਲਜ਼ਾਮ ਲਗਾਏ ਸਨ। ਫ਼ਿਲਹਾਲ ਇਹ ਮਾਮਲਾ ਅਹਿਮਦਾਬਾਦ ਦੀ ਸੈਸ਼ਨ ਕੋਰਟ ਵਿੱਚ ਸੁਣਵਾਈ ਅਧੀਨ ਹੈ।
ਜੋਧਪੁਰ ਮਾਮਲਾ ਕੀ ਹੈ?
ਅਗਸਤ 2013 ਵਿੱਚ ਆਸਾਰਾਮ ਖ਼ਿਲਾਫ਼ ਬਲਾਤਕਾਰ ਦਾ ਮਾਮਦਾ ਦਰਜ ਕਰਵਾਉਣ ਵਾਲੀ ਸ਼ਾਹਜਹਾਂਪੁਰ ਦੀ ਰਹਿਣ ਵਾਲੀ ਪੀੜਤਾ ਦਾ ਪੂਰਾ ਪਰਿਵਾਰ ਘਟਨਾ ਤੋਂ ਪਹਿਲਾਂ ਆਸਾਰਾਮ ਦਾ ਕੱਟੜ ਸ਼ਰਧਾਲੂ ਸੀ।
ਪੀੜਤਾ ਦੇ ਪਿਤਾ ਨੇ ਆਸਾਰਾਮ ਦਾ ਆਸ਼ਰਮ ਸ਼ਾਹਜਹਾਂਪੁਰ ''''ਚ ਆਪਣੇ ਖਰਚ ''''ਤੇ ਬਣਾਇਆ ਸੀ।
‘ਸੱਭਿਆਚਾਰਕ ਸਿੱਖਿਆ’ ਦੀ ਆਸ ਵਿੱਚ ਉਨ੍ਹਾਂ ਨੇ ਆਪਣੇ ਦੋ ਬੱਚਿਆਂ ਨੂੰ ਛਿੰਦਵਾੜਾ ਸਥਿਤ ਆਸਾਰਾਮ ਦੇ ਗੁਰੂਕੁਲ ਵਿੱਚ ਪੜ੍ਹਨ ਲਈ ਭੇਜਿਆ ਸੀ।
7 ਅਗਸਤ 2013 ਨੂੰ ਪੀੜਤਾ ਦੇ ਪਿਤਾ ਨੂੰ ਛਿੰਦਵਾੜਾ ਗੁਰੂਕੁਲ ਤੋਂ ਫ਼ੋਨ ਆਇਆ। ਦੱਸਿਆ ਗਿਆ ਕਿ ਉਨ੍ਹਾਂ ਦੀ 16 ਸਾਲਾ ਧੀ ਬੀਮਾਰ ਹੈ।
ਅਗਲੇ ਦਿਨ ਜਦੋਂ ਪੀੜਤਾ ਦੇ ਮਾਤਾ-ਪਿਤਾ ਛਿੰਦਵਾੜਾ ਗੁਰੂਕੁਲ ਪਹੁੰਚੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਧੀ ''''ਚ ਦੁਸ਼ਟ ਆਤਮਾਵਾਂ ਹਨ, ਜਿਸ ਨੂੰ ਸਿਰਫ਼ ਆਸਾਰਾਮ ਹੀ ਠੀਕ ਕਰ ਸਕਦਾ ਹੈ।
14 ਅਗਸਤ ਨੂੰ ਪੀੜਤ ਪਰਿਵਾਰ ਆਸਾਰਾਮ ਨੂੰ ਮਿਲਣ ਲਈ ਉਸ ਦੇ ਜੋਧਪੁਰ ਸਥਿਤ ਆਸ਼ਰਮ ਪਹੁੰਚ ਗਿਆ ਸੀ।
ਆਸੂਮਲ ਤੋਂ ਆਸਾਰਾਮ ਦਾ ਸਫ਼ਰ
- ਆਸਾਰਾਮ ਦਾ ਅਸਲੀ ਨਾਂ ਆਸੂਮਲ ਹਰਪਲਾਨੀ ਹੈ।
- ਆਸਾਰਾਮ ਦਾ ਪਰਿਵਾਰ 1947 ਵਿੱਚ ਵੰਡ ਤੋਂ ਬਾਅਦ ਪਾਕਿਸਤਾਨ ਤੋਂ ਭਾਰਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਆ ਵਸਿਆ ਸੀ।
- ਉਨ੍ਹਾਂ ਲੀਲਾਸ਼ਾਹ ਨੂੰ ਆਪਣਾ ਅਧਿਆਤਮਕ ਗੁਰੂ ਬਣਾਇਆ ਜਿਨ੍ਹਾਂ ਆਸੂਮਲ ਦਾ ਨਾਮ ਆਸਾਰਾਮ ਰੱਖ ਦਿੱਤਾ ਸੀ।
- 1972 ਅਹਿਮਦਾਬਾਦ ਦੇ ਮੁਟੇਰਾ ਕਸਬੇ ਵਿੱਚ ਸਾਬਰਮਤੀ ਨਦੀ ਕੰਢੇ ਆਪਣੀ ਪਹਿਲਾ ਡੇਰਾ ਬਣਾਇਆ।
- ਆਸਾਰਾਮ ਕੋਲ ਦੇਸ਼-ਵਿਦੇਸ਼ ਵਿੱਚ 400 ਆਸ਼ਰਮਾਂ ਤੋਂ ਇਲਾਵਾ 10 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਹੈ।
- 1990 ਤੋਂ 2000 ਦੇ ਦਹਾਕੇ ਤੱਕ, ਉਨ੍ਹਾਂ ਦੇ ਸ਼ਰਧਾਲੂਆਂ ਦੀ ਸੂਚੀ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਸਨ।
- ਆਸਾਰਾਮ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਕੱਟ ਰਹੇ ਹਨ।
ਮਾਮਲੇ ''''ਚ ਦਾਇਰ ਚਾਰਜਸ਼ੀਟ ਮੁਤਾਬਕ ਆਸਾਰਾਮ ਨੇ 15 ਅਗਸਤ ਦੀ ਸ਼ਾਮ ਨੂੰ 16 ਸਾਲਾ ਲੜਕੀ ਨੂੰ ''''ਸੁਧਾਰਨ'''' ਦੇ ਬਹਾਨੇ ਆਪਣੀ ਝੌਂਪੜੀ ''''ਚ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ।
ਜੇਕਰ ਪੀੜਤ ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਲਈ ਇਹ ਘਟਨਾ ਭਗਵਾਨ ਦੇ ਸ਼ੈਤਾਨ ਬਣ ਜਾਣ ਬਰਾਬਰ ਸੀ। ਇਸ ਪਰਿਵਾਰ ਨੇ ਮੁਕੱਦਮੇ ਦੀ ਸੁਣਵਾਈ ਦੇ ਪਿਛਲੇ ਪੰਜ ਸਾਲ ਘਰ ਵਿੱਚ ਬੰਧਕ ਬਣ ਕੇ ਬਿਤਾਏ ਹਨ।
ਪਰਿਵਾਰ ਮੁਤਾਬਕ,ਉਨ੍ਹਾਂ ਨੂੰ ਰਿਸ਼ਵਤ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਪਰ ਇਹ ਸਭ ਆਸਾਰਾਮ ਖ਼ਿਲਾਫ਼ ਆਪਣੀ ਕਾਨੂੰਨੀ ਜੰਗ ਲੜਦੇ ਰਹੇ।
-
ਗਵਾਹਾਂ ਦੇ ਕਤਲ ਦਾ ਮਾਮਲਾ
28 ਫ਼ਰਵਰੀ 2014 ਦੀ ਸਵੇਰ ਨੂੰ ਆਸਾਰਾਮ ਅਤੇ ਉਨ੍ਹਾਂ ਦੇ ਬੇਟੇ ਨਰਾਇਣ ਸਾਈਂ ''''ਤੇ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀਆਂ ਸੂਰਤ ਦੀਆਂ ਦੋ ਭੈਣਾਂ ਵਿੱਚੋਂ ਇੱਕ ਦੇ ਪਤੀ ''''ਤੇ ਸੂਰਤ ਵਿੱਚ ਹੀ ਜਾਨਲੇਵਾ ਹਮਲਾ ਕੀਤਾ ਗਿਆ ਸੀ।
15 ਦਿਨਾਂ ਦੇ ਅੰਦਰ ਹੀ ਅਗਲਾ ਹਮਲਾ ਆਸਾਰਾਮ ਦੇ ਰਾਕੇਸ਼ ਪਟੇਲ ਨਾਮ ਦੇ ਵੀਡੀਓਗ੍ਰਾਫਰ ''''ਤੇ ਹੋਇਆ।
ਦੂਜੇ ਹਮਲੇ ਤੋਂ ਕੁਝ ਦਿਨ ਬਾਅਦ ਸੂਰਤ ਦੇ ਕੱਪੜਾ ਬਾਜ਼ਾਰ ''''ਚ ਦਿਨੇਸ਼ ਭਗਨਾਨੀ ਨਾਮ ਦੇ ਤੀਜੇ ਗਵਾਹ ''''ਤੇ ਤੇਜ਼ਾਬ ਸੁੱਟਿਆ ਗਿਆ।
ਇਹ ਤਿੰਨ ਗਵਾਹ ਆਪਣੇ ''''ਤੇ ਹੋਏ ਇਨ੍ਹਾਂ ਜਾਨਲੇਵਾ ਹਮਲਿਆਂ ਤੋਂ ਬਾਅਦ ਵੀ ਬਚ ਗਏ। ਇਸ ਤੋਂ ਬਾਅਦ 23 ਮਈ 2014 ਨੂੰ ਆਸਾਰਾਮ ਦੇ ਨਿੱਜੀ ਸਕੱਤਰ ਵਜੋਂ ਕੰਮ ਕਰਨ ਵਾਲੇ ਅੰਮ੍ਰਿਤ ਪ੍ਰਜਾਪਤੀ ''''ਤੇ ਚੌਥਾ ਹਮਲਾ ਹੋਇਆ।
17 ਦਿਨਾਂ ਬਾਅਦ ਪੁਆਇੰਟ ਬਲੈਂਕ ਰੇਂਜ ਤੋਂ ਸਿੱਧੀ ਗਰਦਨ ''''ਤੇ ਗੋਲੀ ਲੱਗਣ ਕਾਰਨ ਅੰਮ੍ਰਿਤ ਦੀ ਮੌਤ ਹੋ ਗਈ।
ਅਗਲਾ ਨਿਸ਼ਾਨਾ ਸ਼ਾਹਜਹਾਂਪੁਰ ਦੇ ਪੱਤਰਕਾਰ ਨਰਿੰਦਰ ਯਾਦਵ ਸਨ, ਜਿਨ੍ਹਾਂ ਨੇ ਆਸਾਰਾਮ ਮਾਮਲੇ ''''ਤੇ 187 ਖ਼ਬਰਾਂ ਲਿਖੀਆਂ ਸਨ।
ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਗਰਦਨ ''''ਤੇ ਦਾਤਰੀ ਨਾਲ ਦੋ ਵਾਰ ਕੀਤੇ ਪਰ 76 ਟਾਂਕੇ ਲੱਗਣ ਅਤੇ ਤਿੰਨ ਆਪਰੇਸ਼ਨਾਂ ਤੋਂ ਬਾਅਦ ਨਰਿੰਦਰ ਨੂੰ ਨਵੀਂ ਜ਼ਿੰਦਗੀ ਮਿਲੀ।
ਜਨਵਰੀ 2015 ਵਿੱਚ ਮੁਜ਼ੱਫਰਨਗਰ ਵਿੱਚ ਇੱਕ ਹੋਰ ਗਵਾਹ ਅਖਿਲ ਗੁਪਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਠੀਕ ਇੱਕ ਮਹੀਨੇ ਬਾਅਦ, ਜੋਧਪੁਰ ਅਦਾਲਤ ਵਿੱਚ ਗਵਾਹੀ ਦੇ ਕੇ ਆ ਰਹੇ ਰਾਹੁਲ ਸਚਾਨ ਉੱਤੇ ਜਾਨਲੇਵਾ ਹਮਲਾ ਹੋਇਆ ਸੀ।
ਰਾਹੁਲ ਸਚਾਨ ਆਸਾਰਾਮ ਦੇ ਸਕੱਤਰ ਵਜੋਂ ਕੰਮ ਕਰ ਚੁੱਕੇ ਸਨ।
ਰਾਹੁਲ ਉਸ ਹਮਲੇ ਵਿਚ ਬਚ ਤਾਂ ਗਏ ਪਰ 25 ਨਵੰਬਰ 2015 ਤੋਂ ਲੈਕੇ ਅੱਜ ਤੱਕ ਲਾਪਤਾ ਹੈ।
ਇਸ ਮਾਮਲੇ ''''ਚ ਅੱਠਵਾਂ ਸਨਸਨੀਖੇਜ਼ ਹਮਲਾ 13 ਮਈ 2015 ਨੂੰ ਪਾਣੀਪਤ ''''ਚ ਗਵਾਹ ਮਹਿੰਦਰ ਚਾਵਲਾ ''''ਤੇ ਹੋਇਆ ਸੀ।
ਮਹਿੰਦਰ ਦੀ ਜਾਨ ਤਾਂ ਇਸ ਹਮਲੇ ਵਿੱਚ ਬਚੀ ਪਰ ਉਹ ਉਮਰ ਭਰ ਲਈ ਅੰਸ਼ਕ ਤੌਰ ’ਤੇ ਅਪਾਹਜ ਹੋ ਗਏ ਹਨ।
ਇਸ ਹਮਲੇ ਦੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਹੀ ਜੋਧਪੁਰ ਮਾਮਲੇ ਦੇ ਗਵਾਹ 35 ਸਾਲਾ ਕਿਰਪਾਲ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਕਤਲ ਤੋਂ ਕੁਝ ਹਫ਼ਤੇ ਪਹਿਲਾਂ ਉਨ੍ਹਾਂ ਨੇ ਜੋਧਪੁਰ ਅਦਾਲਤ ਵਿੱਚ ਪੀੜਤਾ ਦੇ ਹੱਕ ਵਿੱਚ ਗਵਾਹੀ ਦਿੱਤੀ ਸੀ।
ਜੋਧਪੁਰ ਮਾਮਲੇ ''''ਚ ਸਜ਼ਾ ਤੋਂ ਬਚਣ ਲਈ ਆਸਾਰਾਮ ਨੇ ਸੁਣਵਾਈ ਦੌਰਾਨ ਖ਼ੁਦ ਨੂੰ ਬਚਾਉਣ ਲਈ ਦੇਸ਼ ਦੇ ਸਭ ਤੋਂ ਵੱਡੇ, ਮਹਿੰਗੇ ਅਤੇ ਮਸ਼ਹੂਰ ਵਕੀਲਾਂ ਦਾ ਸਹਾਰਾ ਲਿਆ ਸੀ।
ਆਸਾਰਾਮ ਦੇ ਬਚਾਅ ਵਿੱਚ ਵੱਖ ਵੱਖ ਅਦਾਲਾਤਂ ਵਿੱਚ ਬਚਾਅ ਦੇ ਨਾਲ-ਨਾਲ ਜ਼ਮਾਨਤ ਦੀਆਂ ਅਰਜ਼ੀਆਂ ਲਾ ਕੇ ਕੇਸ ਲੜਨ ਵਾਲੇ ਵਕੀਲਾਂ ਵਿੱਚ ਰਾਮ ਜੇਠਮਲਾਨੀ, ਰਾਜੂ ਰਾਮਚੰਦਰਨ, ਸੁਬਰਾਮਨੀਅਮ ਸਵਾਮੀ, ਸਿਧਾਰਥ ਲੂਥਰਾ, ਸਲਮਾਨ ਖੁਰਸ਼ੀਦ, ਕੇਟੀਐੱਸ ਤੁਲਸੀ ਅਤੇ ਯੂਯੂ ਲਲਿਤ ਵਰਗੇ ਵਕੀਲਾਂ ਨਾਂ ਸ਼ਾਮਲ ਹਨ।
ਆਸਾਰਾਮ ਨੇ ਕੈਦ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ ਕੀਤੀ ਪਰ ਸ਼ਾਇਦ ਉਹ ਆਪਣੀ ਬਚੀ ਬਾਕੀ ਉਮਰ ਜੇਲ੍ਹ ਵਿੱਚ ਹੀ ਕੱਟਣਗੇ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)