ਮੁਹੱਲਾ ਕਲੀਨਿਕ ਨਾਲ ਜੁੜੇ ਵਿਵਾਦ: ''''25 ਬੈੱਡਾਂ ਦੇ ਹਸਪਤਾਲ ਦਾ ਸਾਜੋ-ਸਮਾਨ ਇੱਕ ਕਮਰੇ ਵਿਚ ਬੰਦ ਕਰਕੇ ਕਲੀਨਿਕ ਖੋਲ੍ਹ ਦਿੱਤਾ''''
Tuesday, Jan 31, 2023 - 11:14 AM (IST)


“ਸਾਡੇ ਪਿੰਡ ਦਾ ਜੋ 25 ਬੈੱਡਾਂ ਵਾਲਾ ਹਸਪਤਾਲ ਸੀ, ਉਸ ਨੂੰ ਇਨ੍ਹਾਂ ਨੇ ਆਮ ਆਦਮੀ ਪਾਰਟੀ ਕਲੀਨਿਕ ਬਣਾ ਦਿੱਤਾ।
ਸਾਨੂੰ ਪੁੱਛਿਆ ਵੀ ਨਹੀਂ, ਨਾ ਹੀ ਸਲਾਹ ਲਈ ਗਈ। ਅਸੀਂ ਇਸ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ।”
ਬਰਨਾਲਾ ਦੇ 6 ਪੰਚਾਇਤਾਂ ਵਾਲੇ ਪਿੰਡ ਢਿੱਲਵਾਂ ਦੇ ਸਰਪੰਚ ਸੁਖਵਿੰਦਰ ਸਿੰਘ ਢਿੱਲਵਾਂ ਨੇ ਇਹ ਸ਼ਬਦ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਕਹੇ।
ਪੰਜਾਬ ਸਰਕਾਰ ਵੱਲੋਂ 27 ਜਨਵਰੀ ਦੇ ਦਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ਵਿੱਚ 400 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ।
ਇਨ੍ਹਾਂ ਕਲੀਨਿਕਾਂ ਵਿੱਚੋਂ ਇੱਕ ਕਲੀਨਿਕ ਪਿੰਡ ਢਿੱਲਵਾਂ ਵਿੱਚ ਹੀ ਖੋਲ੍ਹਿਆ ਗਿਆ।
ਪਿੰਡ ਵਾਸੀਆਂ ਦੇ ਮੁਤਾਬਕ ਉੱਥੇ 25 ਬੈੱਡਾਂ ਦਾ ਹਸਪਤਾਲ ਸੀ, ਜਿਸ ਦਾ ਸਾਰਾ ਸਾਜੋ-ਸਾਮਾਨ ਇੱਕ ਕਮਰੇ ਵਿੱਚ ਬੰਦ ਕਰਕੇ ਉੱਥੇ ਕਲੀਨਿਕ ਖੋਲ੍ਹ ਦਿੱਤਾ ਗਿਆ।
ਬੀਬੀਸੀ ਸਹਿਯੋਗੀ ਨਵਕਿਰਨ ਸਿੰਘ ਅਨੁਸਾਰ ਸਰਪੰਚ ਸੁਖਵਿੰਦਰ ਸਿੰਘ ਆਖਦੇ ਹਨ, “ਆਮ ਆਦਮੀ ਕਲੀਨਿਕ ਕਦੋਂ ਤਿਆਰ ਕੀਤਾ ਗਿਆ, ਸਾਨੂੰ ਇਸ ਬਾਰੇ ਪਤਾ ਹੀ ਨਹੀਂ ਲਿਆ। ਇਸ ਬਾਰੇ ਪੰਚਾਇਤ ਤੋਂ ਪੁੱਛਿਆ ਵੀ ਨਹੀਂ ਗਿਆ। ਚੁੱਪ-ਚਪੀਤੇ ਪਿੰਡ ਦੇ ਮੁੱਢਲੇ ਸਿਹਤ ਕੇਂਦਰ ਦਾ ਰੰਗ-ਰੋਗਨ ਕਰਕੇ ਉਦਘਾਟਨ ਕਰ ਦਿੱਤਾ ਗਿਆ।”
ਬਰਨਾਲਾ ਦੇ ਹੀ ਪਿੰਡ ਪੱਖੋਕੇ ਦੀ ਪੰਚਾਇਤ ਤਾਂ ਰੋਸ ਵੀ ਆਮ ਆਦਮੀ ਕਲੀਨਿਕ ਨਾਲ ਜੁੜਿਆ ਹੀ ਹੈ ਪਰ ਕੁਝ ਵੱਖਰਾ ਹੈ।
ਉਸ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਦੀ ਡਿਸਪੈਂਸਰੀ ਦੇ ਸਟਾਫ਼ ਨੂੰ ਪਿੰਡ ਸ਼ਹਿਣੇ ਦੇ ਆਮ ਆਦਮੀ ਕਲੀਨਿਕ ਲਈ ਤਬਦੀਲ ਕਰ ਦਿੱਤਾ ਹੈ।
ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ, “ਪਿੰਡ ਡਾਕਟਰ ਤੇ ਫਾਰਮਾਸਿਸਟ ਵਧੀਆ ਕੰਮ ਕਰ ਰਹੇ ਸਨ ਤੇ ਨੇੜਲੇ ਲਗਭਗ 6 ਪਿੰਡਾਂ ਦੇ ਮਰੀਜ਼ ਇਲਾਜ਼ ਲਈ ਆ ਰਹੇ ਸਨ ਪਰ ਸਰਕਾਰ ਨੇ ਸਾਡਾ ਸਿਹਤ ਕੇਂਦਰ ਬੰਦ ਕਰਕੇ ਸਟਾਫ ਸ਼ਹਿਣਾ ਦੇ ਕਲੀਨਕ ਵਿੱਚ ਭੇਜ ਦਿੱਤਾ ਹੈ।”
ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਤਪਾ ਡਾਕਟਰ ਨਵਜੋਤ ਪਾਲ ਸਿੰਘ ਭੁੱਲਰ ਨੇ ਕਿਹਾ ਕਿ ਸਰਕਾਰ ਵੱਲੋਂ ਪੀਐਚਸੀ ਢਿੱਲਵਾਂ ਨੂੰ ਬੰਦ ਕਰਨ ਸਬੰਧੀ ਕੋਈ ਨਿਰਦੇਸ਼ ਨਹੀਂ ਹਨ ਬਲਕਿ ਪੀਐਚਸੀ ਵਿੱਚ ਕਲੀਨਿਕ ਬਨਣ ਨਾਲ ਡਿਜ਼ੀਟਲ ਸਹੂਲਤਾਂ ਵਿੱਚ ਵਾਧਾ ਹੋਵੇਗਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਕਲੀਨਿਕ ਦੇ ਨਿਖੇਧੀ ਬਾਰੇ ਬੋਲਦਿਆਂ ਕਿਹਾ, “ਜੇ ਹੈਲਥ ਸੈਂਟਰਾਂ ਵਿੱਚ ਪਾਥੀਆਂ ਪਈਆਂ ਸਨ, ਪਿੰਡ ਦੇ ਅਵਾਰਾ ਪਸ਼ੂ ਉੱਥੇ ਰਹਿੰਦੇ ਹਨ ਤੇ ਖੰਡਰ ਬਣ ਗਏ ਸਨ, ਜੇ ਅਸੀਂ ਉੱਥੇ ਦੋ ਕਮਰੇ ਹੋਰ ਬਣਾ ਕੇ ਡਾਕਟਰ ਬਿਠਾ ਦਿੱਤਾ, ਫਾਰਮਾਸਿਸਟ ਤੇ ਨਰਸਾਂ ਬਿਠਾ ਦਿੱਤੀਆਂ ਤਾਂ ਕੀ ਮਾੜਾ ਕੰਮ ਕੀਤਾ ਹੈ।”
ਇਸ ਰਿਪੋਰਟ ਵਿੱਚ ਅਸੀਂ ਉਨ੍ਹਾਂ ਵਿਵਾਦਾਂ ਬਾਰੇ ਹੀ ਗੱਲ ਕਰ ਰਹੇ ਹਾਂ, ਜੋ ਮੁਹੱਲਾ ਕਲੀਨਿਕਾਂ ਨਾਲ ਜੁੜੇ ਹੋਏ ਹਨ।

ਪੰਜ ਪਿਆਰਿਆਂ ਦੇ ਨਾਮ ਤੇ ਬਣੇ ਕਲੀਨਿਕਾਂ ਨੂੰ ਆਮ ਆਦਮੀ ਕਲੀਨਿਕ ਬਣਾਉਣ ਦਾ ਮਾਮਲਾ
ਅੰਮ੍ਰਿਤਸਰ ਵਿੱਚ ਇਤਿਹਾਸਿਕ ਪੱਖ ਨੂੰ ਤਿਆਨ ਵਿੱਚ ਰੱਖਕੇ ਬਣਾਏ ਗਏ ਪੰਜ ਪਿਆਰਿਆਂ ਦੇ ਨਾਮ ਉੱਤੇ ਚੱਲ ਰਹੇ ਹਸਪਤਾਲਾਂ ਨੂੰ ਆਮ ਆਦਮੀ ਕਲੀਨਿਕ ਬਣਾਉਣ ਦੇ ਇਲਜ਼ਾਮ ਲੱਗੇ।
ਇਸ ਗੱਲ ਦੀ ਅਲੋਚਣਾ ਵੀ ਹੋਈ ਕਿ ਪੰਜਾਬ ਸਰਕਾਰ ਵਲੋਂ ਪੰਜ ਪਿਆਰਿਆਂ ਦੇ ਨਾਮ ਦੇ ਲੱਗੇ ਸਾਈਨਬੋਰਡ ਲਾਹ ਕੇ ਆਮ ਆਦਮੀ ਕਲੀਨਿਕ ਦੇ ਲਗਾ ਦਿੱਤੇ ਗਏ।

ਸ਼੍ਰਿਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਟਵੀਟ ਕਰਕੇ ਆਪਣਾ ਰੋਸ ਪ੍ਰਗਟਾਇਆ। ਉਨ੍ਹਾਂ ਲਿਖਿਆ ਕਿ ਕੀ ਕੋਈ ਸਿੱਖ ਆਪਣੀ ਤਸਵੀਰ ਜਾਂ ਪਾਰਟੀ ਦਾ ਨਾਮ ਗੁਰੂ ਗੋਬਿੰਦ ਸਿੰਘ ਜਾਂ ਉਨ੍ਹਾਂ ਦੇ ਪਿਆਰੇ ਪੰਜ ਪਿਆਰਿਆਂ ਦੀ ਤਸਵੀਰ ਉੱਤੇ ਲਗਾ ਸਕਦਾ ਹੈ?
ਸੁਖਬੀਰ ਬਾਦਲ ਨੇ ਇਹ ਵੀ ਲਿਖਿਆ ਕਿ ਇਹ ਖਾਸਲਾ ਪੰਥ ਦੀ ਸਥਾਪਨਾ ਦੀ 300 ਵੀਂ ਵਰੇਗੰਢ ਮੌਕੇ ਪੰਜ ਪਿਆਰਿਆਂ ਨੂੰ ਯਾਦ ਕਰਦਿਆਂ 1999 ਵਿੱਚ ਬਣਾਏ ਗਏ ਸਨ।
ਇਸ ਮਾਮਲੇ ਵਿੱਚ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਕਿਹਾ ਕਿ ਪੰਜ ਪਿਆਰਿਆਂ ਨੇ ਮਾਨ ਉੱਪਰ ਮੁਕੰਮਲ ਹਸਪਤਾਲਾਂ ਉੱਤੇ ਆਪਣੇ ਨਾਮ ਲਗਾਏ ਗਏ ਹਨ।
ਹਾਲਾਂਕਿ ਬਾਅਦ ਵਿੱਚ ਪੰਜ ਪਿਆਰਿਆਂ ਦੇ ਨਾਮ ਲਿਖ ਦਿੱਤੇ ਗਏ ਸਨ।

ਪੁਰਾਣੇ ਸੇਵਾ ਕੇਂਦਰਾਂ ਦਾ ਨਾਮ ਬਦਲਣਾ
ਪਿਛਲੇ ਸਾਲ ਅਗਸਤ ਵਿੱਚ ਚਾਲੂ ਹੋਏ 100 ਆਮ ਆਦਮੀ ਕਲੀਨਿਕਾਂ ਨੂੰ ਪਹਿਲਾਂ ਤੋਂ ਹੀ ਮੌਜੂਦ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਵਿੱਚ ਸ਼ੁਰੂ ਕੀਤਾ ਗਿਆ ਸੀ।
ਇਸ ਵਾਰ ਵੀ ਆਮ ਆਦਮੀ ਕਲੀਨਿਕਾਂ ਨੂੰ ਪੰਜਾਬ ਭਰ ਵਿੱਚ ਪਹਿਲਾਂ ਤੋਂ ਮੌਜੂਦ ਮੁੱਢਲੇ ਸਿਹਤ ਕੇਂਦਰਾਂ ਜਾਂ ਹੈਲਥ ਸਬ ਸੈਂਟਰਾਂ ਵਿੱਚ ਖੋਲ੍ਹਿਆ ਗਿਆ ਹੈ।
ਸਿਆਸੀ ਧਿਰਾਂ ਦੇ ਨਾਲ ਨਾਲ ਆਮ ਲੋਕਾਂ ਵੀ ਇਨ੍ਹਾਂ ਬਦਲੇ ਨਾਵਾਂ ਦੇ ਅਰਥ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਨ।

ਭੁਲੱਥ ਤੋਂ ਵਿਧਾਨ ਸਭਾ ਮੈਂਬਰ ਸੁਖਪਾਲ ਖਹਿਰਾ ਨੇ ਟਵੀਟ ਵਿੱਚ ਲਿਖਿਆ,“ਆਮ ਆਦਮੀ ਕਲੀਨਿਕ ਹੋਰ ਕੁਝ ਨਹੀਂ ਬਲਕਿ ਉਹ ਨਹੀਂ ਬੋਤਲ ਵਿੱਚ ਪੁਰਾਣੀ ਸ਼ਰਾਬ ਹਨ।”
“ਪੁਰਾਣੇ ਸੇਵਾ ਕੇਂਦਰਾਂ ਜਾਂ ਪੇਡੂ ਖੇਤਰਾਂ ਵਿੱਚ ਚੱਲ ਰਹੀਆਂ ਡਿਸਪੈਂਸਰੀਆਂ ਨੂੰ ਦੀ ਵਰਤੋਂ ਕੀਤੀ ਗਈ ਹੈ। ਉਹੀ ਸਟਾਫ਼ ਹੈ ਤੇ ਉਹੀ ਦਵਾਈਆਂ। ਇਸ ਪੈਸੇ ਨੂੰ ਸਾਡੇ ਮੌਜੂਦਾ ਸਿਹਤ ਢਾਂਚੇ ਨੂੰ ਬਿਹਤਰ ਬਣਾਉਣ ਲਈ ਵਰਤਿਆ ਜਾ ਸਕਦਾ ਸੀ।”
ਸੁਖਬੀਰ ਬਾਦਲ ਨੇ ਵੀ ਇਸ ਬਾਰੇ ਟਵੀਟ ਕੀਤਾ। ਉਨ੍ਹਾਂ ਲਿਖਿਆ,“ਮੁੱਢਲੇ ਸਿਹਤ ਕੇਂਦਰਾਂ ਨੂੰ ਨਵਾਂ ਰੰਗ ਕਰਕੇ, ਹਰ ਇੱਕ ਤੇ ਕਰੀਬ 20-26 ਲੱਖ ਖਰਚ ਕੇ, ਉਨ੍ਹਾਂ ਦਾ ਨਾਮ ਆਮ ਆਦਮੀ ਕਲੀਨਿਕ ਰੱਖ ਆਪਣੀ ਤਸਵੀਰ ਲਗਾਕੇ ਤੁਸੀਂ ਕਿਸੇ ਨੂੰ ਬੇਵਕੂਫ਼ ਨਹੀਂ ਬਣਾ ਸਕਦੇ। ਅਜਿਹੀਆਂ ਚਾਲਬਾਜ਼ੀਆਂ ਨਾਲ ਤੁਸੀਂ ਪੰਜਾਬ ਦੇ ਸਿਹਤ ਢਾਂਚੇ ਨੂੰ ਵਿਗਾੜ ਰਹੇ ਹੋ। ਪੰਜਾਬੀ ਸੈਕੰਡਰੀ ਹੈਲਥਕੇਅਰ ਨੂੰ ਬਿਹਤਰ ਬਣਾਉਣ ਵਿੱਚ ਫ਼ੇਲ ਰਹਿਣ ਤੋਂ ਤੁਹਾਨੂੰ ਕਦੀ ਨਹੀਂ ਭੁੱਲਣਗੇ।”

ਬਿਕਰਮ ਸਿੰਘ ਮਜੀਠੀਆ ਨੇ ਵੀ ਨਵੇਂ ਪੁਰਾਣੇ ਪ੍ਰਾਇਮਰੀ ਸੈਂਟਰਾਂ ਨੂੰ ਬੰਦ ਕਰਕੇ ਆਮ ਆਦਮੀ ਕਲੀਨਿਕ ਖੋਲ੍ਹਣ ਦੇ ਇਲਜ਼ਾਮ ਲਗਾਏ ਹਨ। ਉਨ੍ਹਾਂ ਕਿਹਾ ਕਿ ਮਜੀਠਾ ਹਲਕੇ ਵਿੱਚ ਇੱਕ 1966 ਦੀ ਇੱਕ ਪ੍ਰਾਇਮਰੀ ਸਿਹਤ ਕੇਂਦਰ ਦੀ ਇਮਾਰਤ ਜਿਸ ਨੂੰ ਅਸੁਰੱਖਿਅਤ ਐਲਾਨਿਆ ਜਾ ਚੁੱਕਿਆ ਹੈ ਨੂੰ ਵੀ ਆਮ ਆਦਮੀ ਕਲੀਨਿਕ ਬਣਾ ਦਿੱਤਾ ਗਿਆ ਹੈ।
ਫੰਡਾਂ ਦੀ ਦੁਰਵਰਤੋਂ ਕਰ ਕੇ ਪਾਰਟੀ ਦਾ ਪ੍ਰਚਾਰ ਕਰਨਾ
ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਮ ਆਦਮੀ ਕਲੀਨਿਕ ਪੁਰਾਣੇ ਸਿਹਤ ਕੇਂਦਰਾਂ ਵਿੱਚ ਹੀ ਖੋਲ੍ਹੇ ਗਏ ਹਨ। ਪਰ ਅਜਿਹਾ ਕਰਦਿਆਂ ਇਮਾਰਤਾਂ ਨੂੰ ਨਵੇਂ ਨਾਮ ਦੇ ਨਾਲ ਨਾਲ ਨਵੀਂ ਦਿੱਖ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।
ਇਮਾਰਤਾਂ ਨੂੰ ਨਵਾਂ ਰੰਗ ਰੋਗਨ ਕੀਤਾ ਗਿਆ ਤੇ ਨਾਮ ਲਿਖਣ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ਤਸਵੀਰ ਦੀ ਲਗਾਈ ਗਈ ਹੈ।
ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਆਮ ਆਦਮੀ ਕਲੀਨਿਕ ਦਾ ਨਾਮ ਸਰਕਾਰ ਨਹੀਂ ਬਲਕਿ ਆਮ ਆਦਮੀ ਪਾਰਟੀ ਦਾ ਪ੍ਰਤੀਕ ਹੈ। ਤੇ ਇਸ ਤਰ੍ਹਾਂ ਸਰਕਾਰੀ ਪੈਸੇ ਉੱਤੇ ਆਪਣੀ ਸਿਆਸੀ ਪਾਰਟੀ ਦਾ ਪ੍ਰਚਾਰ ਕਰਨਾ ਸਹੀ ਨਹੀਂ ਹੈ।
ਭਾਜਪਾ ਦੇ ਕੌਮੀ ਬੁਲਾਰੇ ਸੰਬਿਤ ਪਾਤਰਾ ਨੇ ਟਵੀਟ ਕੀਤਾ,“ਜੇ ਲੋਕਾਂ ਦੇ ਪੈਸੇ ਬਰਬਾਦ ਕਰਨਾ ਇੱਕ ਕਲਾ ਹੈ ਤਾਂ ਆਮ ਆਦਮੀ ਪਾਰਟੀ ਅਜਿਹੀ ਕਲਾ ਦੀ ਮੋਢੀ ਹੈ।” ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਕਿਸੇ ਸਿਆਸੀ ਪਾਰਟੀ ਨੇ ਭਲਾਈ ਸਕੀਮਾਂ ਬਹਾਨੇ ਆਪਣੀ ਪਾਰਟੀ ਜਾਂ ਆਪਣੇ ਆਗੂ ਦਾ ਨਾਮ ਚਮਕਾਉਣ ਦੀ ਕੋਸ਼ਿਸ਼ ਕੀਤੀ ਹੋਵੇ।

-

ਸਾਲ 2013 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਗਿਆਰਵੀਂ ਬਾਹਰਵੀਂ ਦੀਆਂ ਵਿਦਿਆਰਥਣਾਂ ਲਈ ਮਾਈ ਭਾਗੋ ਵਿਦਿਆ ਸਕੀਮ ਸ਼ੁਰੂ ਕੀਤੀ ਸੀ।
ਇਸ ਸਕੀਮ ਤਹਿਤ ਸਰਕਾਰ ਵਲੋਂ ਵਿਦਿਆਰਣਾਂ ਨੂੰ ਵੰਡੇ ਗਏ ਸਾਇਕਲਾਂ ਉੱਤੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਹਾਲਾਂਕਿ ਬਾਅਦ ਵਿੱਚ ਵਿਰੋਧ ਦੇ ਚਲਦਿਆਂ ਇਹ ਤਸਵੀਰਾਂ ਹਟਾ ਦਿੱਤੀਆਂ ਗਈਆਂ ਸਨ।
ਇਸੇ ਤਰ੍ਹਾਂ ਕੋਵਿਡ ਦੌਰਾਨ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਵਲੋਂ ਰਾਸ਼ਨ ਵੰਡਿਆ ਗਿਆ ਜਿਸ ਦੀ ਪੈਂਕਿੰਗ ਉੱਪਰ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਛਾਪੀ ਗਈ ਸੀ ਤੇ ਇਸ ਨੂੰ ਪੰਜਾਬ ਸਰਕਾਰ ਦਾ ਨਿਮਾਣਾ ਯਤਨ ਦੱਸਿਆ ਗਿਆ ਸੀ।
ਜਦੋਂ ਦੇਸ਼ ਵਿੱਚ ਕੋਵਿਡ ਤੋਂ ਰੋਕਥਾਮ ਲਈ ਟੀਕਾਕਰਨ ਸ਼ੁਰੂ ਹੋਇਆਂ ਤਾਂ ਮਿਲਣ ਵਾਲੇ ਪ੍ਰਮਾਣ ਪੱਤਰਾਂ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਲੱਗੇ ਹੋਣ ਦੀ ਵੱਡੇ ਪੱਧਰ ’ਤੇ ਅਲੋਚਣਾ ਹੋਈ ਸੀ।

ਇਸ਼ਤਹਾਰਬਾਜ਼ੀ ਉੱਤੇ ਪੈਸੇ ਖ਼ਰਚਣਾ
ਆਮ ਆਦਮੀ ਪਾਰਟੀ ’ਤੇ ਇਲਜ਼ਾਮ ਹੈ ਕਿ ਆਮ ਆਦਮੀ ਕਲੀਨਿਕਾਂ ਨੂੰ ਪਾਰਟੀ ਦੀ ਇਸ਼ਤਿਹਾਰਬਾਜ਼ੀ ਲਈ ਵਰਤਿਆ ਗਿਆ ਤੇ ਇਸ ਉੱਤੇ ਕਰੋੜਾਂ ਰੁਪਏ ਲਗਾਏ ਗਏ।
ਬਿਕਰਮ ਸਿੰਘ ਮਜੀਠੀਆ ਦਾ ਦਾਅਵਾ ਹੈ ਕਿ ਪੰਜਾਬ ਤੋਂ ਬਾਹਰ ਵੀ ਪ੍ਰਚਾਰ ਕੀਤਾ ਗਿਆ, ਜਿਸ ਉੱਤੇ ਕਰੀਬ 30 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।
ਆਮ ਆਦਮੀ ਕਲੀਨਿਕ ਖੋਲ੍ਹਣ ਤੋਂ ਪਹਿਲਾਂ ਪੰਜਾਬ ਵਿੱਚ ਵੀ ਵੱਡੇ ਪੱਧਰ ’ਤੇ ਇਸ਼ਤਿਹਾਰਬਾਜ਼ੀ ਉੱਤੇ ਪੈਸੇ ਖ਼ਰਚੇ ਗਏ ਸਨ।
ਭਗਵੰਤ ਮਾਨ ਦਾ ਆਲੋਚਨਾ ਬਾਰੇ ਕੀ ਹੈ ਜਵਾਬ
ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਕਲੀਨਿਕ ਦੇ ਨਿਖੇਧੀ ਬਾਰੇ ਬੋਲਦਿਆਂ ਕਿਹਾ, “ਜੇ ਹੈਲਥ ਸੈਂਟਰਾਂ ਵਿੱਚ ਪਾਥੀਆਂ ਪਈਆਂ ਸਨ, ਪਿੰਡ ਦੇ ਅਵਾਰਾ ਪਸ਼ੂ ਉੱਥੇ ਰਹਿੰਦੇ ਹਨ ਤੇ ਖੰਡਰ ਬਣ ਗਏ ਸਨ, ਜੇ ਅਸੀਂ ਉੱਥੇ ਦੋ ਕਮਰੇ ਹੋਰ ਬਣਾ ਕੇ ਡਾਕਟਰ ਬਿਠਾ ਦਿੱਤਾ, ਫਾਰਮਾਸਿਸਟ ਤੇ ਨਰਸਾਂ ਬਿਠਾ ਦਿੱਤੀਆਂ ਤਾਂ ਕੀ ਮਾੜਾ ਕੰਮ ਕੀਤਾ ਹੈ।”
“ਉਹ ਕਹਿੰਦੇ ਕਿ ਇਹ ਡਿਸਪੈਂਸਰੀ ਬਾਦਲ ਸਾਹਬ ਨੇ ਬਣਾਈ ਸੀ, ਇਸ ਦੇ ਵਿੱਚ ਮੁਹੱਲਾ ਕਲੀਨਿਕ ਕਿਉਂ ਖੋਲ੍ਹ ਦਿੱਤਾ। ਮੈਂ ਕਹਿੰਦਾ ਕੀ ਗੱਲ, ਕੀ ਉਸ ਦੀ ਰਜਿਸਟਰੀ ਬਾਦਲ ਸਾਹਬ ਦੇ ਨਾਂ ਉੱਤੇ ਹੈ। ਉਹ ਤਾਂ ਪਬਲਿਕ ਪ੍ਰਾਪਰਟੀ ਹੈ।”
ਮੁੱਖ ਮੰਤਰੀ ਦਾ ਦਾਅਵਾ ਹੈ ਕਿ 26 ਜਨਵਰੀ ਨੂੰ ਜਿਹੜੇ 75 ਕਲੀਨਿਕ ਖੋਲ੍ਹੇ ਗਏ ਸਨ, ਉਨ੍ਹਾਂ ਵਿਚ 10 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਲੱਖ ਤੋਂ ਵੱਧ ਲੋਕਾਂ ਦੇ ਟੈਸਟ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਮਹੁੱਲਾ ਕਲੀਨਿਕਾਂ ਦੀ ਸ਼ੁਰੂਆਤ ਪੰਜਾਬ ਦੇ ਲੋਕਾਂ ਨੂੰ ਵਧੀਆ ਸਿਹਤ ਸਹੁਲਤਾਂ ਮਹੁੱਈਆ ਕਰਵਾਉਣ ਦਾ ਇੱਕ ਠੋਸ ਕਦਮ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)