ਰਾਹੁਲ ਗਾਂਧੀ ਦੀ ਪਹਿਲੀ ਨੌਕਰੀ ਕਿਹੜੀ ਤੇ ਤਨਖਾਹ ਕਿੰਨੀ ਸੀ, ਮਨ੍ਹਾ ਕਰਨ ਦੇ ਬਾਵਜੂਦ ਦਾੜ੍ਹੀ ਕਿਉਂ ਰੱਖੀ
Sunday, Jan 29, 2023 - 11:29 AM (IST)
ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਉਹ ਭਾਰਤ ਜੋੜੋ ਯਾਤਰਾ ਵੇਲੇ ਇੰਟਰਵਿਊ ਕੇਵਲ ਯੂਟਿਊਬਰਜ਼ ਨੂੰ ਕਿਉਂ ਦੇ ਰਹੇ ਹਨ, ਸਥਾਪਿਤ ਮੀਡੀਆ ਚੈਨਲਾਂ ਜਾਂ ਵੱਡੇ ਪੱਤਰਕਾਰਾਂ ਨੂੰ ਆਪਣੇ ਨਾਲ ਗੱਲਬਾਤ ਦਾ ਮੌਕਾ ਕਿਉਂ ਨਹੀਂ ਦਿੰਦੇ।
ਇਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ, “ਉਨ੍ਹਾਂ ਉੱਤੇ ਦਬਾਅ ਹੁੰਦਾ ਹੈ ਉਹ ਕੁਝ ਸੁਣਨਾ ਤਾਂ ਚਾਹੁੰਦੇ ਨਹੀਂ ਹਨ, ਉਹ ਖੁਦ ਜਾਣਦੇ ਹਨ, ਉਨ੍ਹਾਂ ਨੇ ਫੈਸਲਾ ਲੈ ਲਿਆ ਕਿ ਕੀ ਕਰਨਾ ਹੈ। ਤਾਂ ਫਿਰ ਗੱਲ ਕਰਨ ਦਾ ਕੀ ਮਤਲਬ ਹੈ।”
“ਜੇ ਕਿਸੇ ਦੀ ਰਾਇ ਖੁੱਲ੍ਹੀ ਹੈ, ਉਹ ਖੁੱਲ੍ਹਾ ਸੋਚਦਾ ਹੈ ਤਾਂ ਉਸ ਨਾਲ ਗੱਲ ਕੀਤੀ ਜਾ ਸਕਦੀ ਹੈ।”
ਰਾਹੁਲ ਗਾਂਧੀ ਨੇ ਕੰਨਿਆਕੁਮਾਰੀ ਤੋਂ ਭਾਰਤ ਜੋੜੋ ਦੀ ਯਾਤਰਾ ਸ਼ੁਰੂ ਕੀਤੀ ਜਿਸ ਦੀ ਸਮਾਪਤੀ ਭਾਰਤ-ਸ਼ਾਸਿਤ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਹੋਣੀ ਹੈ।
ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦਾ ਮਕਸਦ ਦੱਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਯਾਤਰਾ ਸਮਾਜ ਵਿੱਚ ਫੈਲਾਏ ਜਾ ਰਹੇ ਡਰ ਅਤੇ ਨਫ਼ਰਤ ਦੇ ਖ਼ਿਲਾਫ਼ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਯਾਤਰਾ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਖਿਲਾਫ ਵੀ ਹੈ।
ਉੱਧਰ ਕਾਂਗਰਸ ਦੀ ਵਿਰੋਧੀ ਪਾਰਟੀ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਕਹਿ ਚੁੱਕੇ ਹਨ ਕਿ ਕਾਂਗਰਸ ਦੀ ਇਹ ਯਾਤਰਾ ਭਾਰਤ ਜੋੜੋ ਨਹੀਂ ਸਗੋਂ ਭਾਰਤ ਤੋੜੋ ਯਾਤਰਾ ਹੈ।
ਜਦੋਂ ਚੀਨ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਵਧੇ ਸਨ ਤਾਂ ਵੀ ਭਾਜਪਾ ਵੱਲੋਂ ਵਾਰ-ਵਾਰ ਰਾਹੁਲ ਗਾਂਧੀ ਨੂੰ ਯਾਤਰਾ ਵਿਚਾਲੇ ਰੋਕਣ ਲਈ ਕਿਹਾ ਸੀ। ਰਾਹੁਲ ਨੇ ਕਹਿ ਦਿੱਤਾ ਸੀ ਕਿ ਉਹ ਯਾਤਰਾ ਨੂੰ ਨਹੀਂ ਰੋਕਣਗੇ।
ਯਾਤਰਾ ਵੇਲੇ ਰਾਹੁਲ ਦੀ ਨਿੱਜੀ ਜ਼ਿੰਦਗੀ ਉੱਤੇ ਝਾਤ ਪਈ
ਇਸ ਯਾਤਰਾ ਦੌਰਾਨ ਭਾਵੇਂ ਰਾਹੁਲ ਗਾਂਧੀ ਵੱਖ-ਵੱਖ ਥਾਂਵਾਂ ਉੱਤੇ ਪ੍ਰੈੱਸ ਕਾਨਫਰੰਸ ਕਰਕੇ ਮੀਡੀਆ ਦੇ ਰੂਬਰੂ ਹੋਏ ਤੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਮੀਡੀਆ ਦੀ ਭਾਸ਼ਾ ਵਿੱਚ ਜੋ ਐਕਸਕਲੂਸਿਵ ਇੰਟਰਵਿਊ ਕਿਹਾ ਜਾਂਦਾ ਹੈ ਯਾਨਿ ਚੈਨਲਾਂ ਨੂੰ ਵੱਖਰੇ ਤੌਰ ਉੱਤੇ ਟਾਈਮ ਕੱਢ ਕੇ ਇੰਟਰਵਿਊ ਦੇਣਾ, ਉਹ ਰਾਹੁਲ ਨੇ ਨਹੀਂ ਦਿੱਤਾ।
ਅਸੀਂ ਇਸ ਰਿਪੋਰਟ ਵਿੱਚ ਉਨ੍ਹਾਂ ਯੂਟਿਊਬਰਜ਼ ਤੇ ਹੋਰ ਲੋਕਾਂ ਨਾਲ ਹੋਈ ਰਾਹੁਲ ਗਾਂਧੀ ਦੀ ਗੱਲਬਾਤ ਦਾ ਜ਼ਿਕਰ ਕਰ ਰਹੇ ਹਾਂ।
ਕੋਸ਼ਿਸ਼ ਹੈ ਕਿ ਇਸ ਰਿਪੋਰਟ ਵਿੱਚ ਰਾਹੁਲ ਗਾਂਧੀ ਦਾ ਸਿਆਸਤ ਤੋਂ ਪਰੇ ਹੋ ਕੇ ਕੀ ਸੋਚ, ਪਸੰਦ ਤੇ ਨਜ਼ਰੀਆ ਹੈ, ਇਸ ਬਾਰੇ ਗੱਲ ਕੀਤੀ ਜਾਵੇ
ਰਾਹੁਲ ਦੀ ਪਹਿਲੀ ਨੌਕਰੀ ਕਿਹੜੀ ਸੀ? ਰਾਹੁਲ ਦੀ ਪਹਿਲੀ ਤਨਖ਼ਾਹ ਕਿੰਨੀ ਸੀ? ਰਾਹੁਲ ਨੇ ਕਿੰਨੀ ਪੜ੍ਹਾਈ ਕੀਤੀ ਹੈ... ਰਾਹੁਲ ਨੇ ਇੰਨੀ ਵੱਡੀ ਦਾੜੀ ਕਿਉਂ ਰੱਖੀ? ਕੀ ਰਾਹੁਲ ਰੱਬ ਨੂੰ ਮੰਨਦੇ ਹਨ? ਰਾਹੁਲ ਨੇ ਵਿਆਹ ਕਿਉਂ ਨਹੀਂ ਕੀਤਾ... ਤੇ ਉਹ ਕਿਹੜੀ ਡਿਸ਼ ਹੈ ਜੋ ਰਾਹੁਲ ਗਾਂਧੀ ਨੇ ਆਪਣੀ ਭੈਣ ਲਈ ਬਣਾਉਣੀ ਸਿੱਖੀ...ਕਿਹੜੀ ਕਾਰ ਹੈ ਰਾਹੁਲ ਕੋਲ...ਰਾਹੁਲ ਦਾ ਜਨੂੰਨ ਕਿਸ ਚੀਜ਼ ਨੂੰ ਲੈ ਕੇ ਹੈ।
ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਅਸੀਂ ਰਾਹੁਲ ਗਾਂਧੀ ਵੱਲੋਂ ਵੱਖ-ਵੱਖ ਯੂਟਿਊਬਰਜ਼ ਨੂੰ ਦਿੱਤੇ ਇੰਟਰਵਿਊਜ਼ ਰਾਹੀਂ ਜਾਣਾਂਗੇ।
ਰਾਹੁਲ ਗਾਂਧੀ ਕਿੰਨਾ ਪੜ੍ਹੇ ਹਨ?
ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਦੌਰਾਨ ਕਰਲੀ ਟੇਲਜ਼ ਦੀ ਕਾਮਿਆ ਜਾਨੀ ਨੂੰ ਇੰਟਰਵਿਊ ਦਿੱਤਾ। ਕਾਮਿਆ ਇੱਕ ਫੂਡ ਤੇ ਟਰੈਵਲ ਬਲੌਗਰ ਹਨ।
ਉਨ੍ਹਾਂ ਨਾਲ ਗੱਲਬਾਤ ਵਿੱਚ ਰਾਹੁਲ ਦੱਸਦੇ ਹਨ ਕਿ ਉਨ੍ਹਾਂ ਦੀ ਦਾਦੀ, ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕਾਰਨ ਉਨ੍ਹਾਂ ਦੀ ਪੜ੍ਹਾਈ ਘਰ ਵਿੱਚ ਹੀ ਹੋਈ।
ਉਹ ਆਪਣੇ ਸਕੂਲ ਬਾਰੇ ਯਾਦ ਕਰਦੇ ਹੋਏ ਦੱਸਦੇ ਹਨ ਕਿ ਇੰਦਰਾ ਗਾਂਧੀ ਦੇ ਕਤਲ ਮਗਰੋਂ ਸੁਰੱਖਿਆ ਕਾਰਨਾਂ ਕਰਕੇ ਉਹ ਸਕੂਲ ਨਹੀਂ ਜਾ ਸਕੇ ਤੇ ਘਰ ਵਿੱਚ ਹੀ ਪੜ੍ਹਾਈ ਕੀਤੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਸਕੂਲ ਨਾਲ ਜੁੜੀਆਂ ਕੁਝ ਯਾਦਾਂ ਚੇਤੇ ਹਨ ਤਾਂ ਉਹ ਆਪਣੇ ਟੀਚਰਾਂ ਨੂੰ ਯਾਦ ਕਰਨ ਲੱਗੇ।
ਉਹ ਕਹਿੰਦੇ, “ਮੇਰੇ ਬਹੁਤ ਹੀ ਪਿਆਰ ਕਰਨ ਵਾਲੇ ਅਧਿਆਪਕ ਵੀ ਰਹੇ ਤੇ ਮੇਰੇ ਨਾਲ ਮਾੜਾ ਵਤੀਰਾ ਕਰਨ ਵਾਲੇ ਅਧਿਆਪਕ ਵੀ ਰਹੇ। ਇਸ ਦਾ ਕਾਰਨ ਸੀ ਸਾਡੇ ਪਰਿਵਾਰ ਦਾ ਸਿਆਸੀ ਮੁੱਦਿਆਂ ਉੱਤੇ ਜੋ ਸਟੈਂਡ ਸੀ।”
ਕਾਲਜ ਦੀ ਪੜ੍ਹਾਈ ਬਾਰੇ ਗੱਲ ਕਰਦੇ ਹੋਏ ਰਾਹੁਲ ਕਹਿੰਦੇ ਹਨ, “ਮੈਂ ਇੱਕ ਸਾਲ ਦਿੱਲੀ ਦੇ ਸਟੀਫ਼ਨਸ ਕਾਲਜ ਵਿੱਚ ਇਤਿਹਾਸ ਦੀ ਪੜ੍ਹਾਈ ਕੀਤੀ ਫਿਰ ਹਾਰਵਰਡ ਵਿੱਚ ਇੰਟਰਨੈਸ਼ਨਲ ਰਿਲੇਸ਼ਨ ਤੇ ਪੌਲਿਟਿਕਸ ਦੀ ਪੜ੍ਹਾਈ ਕੀਤੀ। ਇਸ ਮਗਰੋਂ ਅਮਰੀਕਾ ਦੇ ਫਲੋਰਿਡਾ ਦੇ ਰੌਲਿੰਸ ਕਾਲਜ ਵਿੱਚ ਵੀ ਇੰਟਰਨੈਸ਼ਨਲ ਰਿਲੇਸ਼ਨਸ ਦੀ ਪੜ੍ਹਾਈ ਕੀਤੀ।”
ਕੀ ਰਾਹੁਲ ਗਾਂਧੀ ਰੱਬ ਨੂੰ ਮੰਨਦੇ ਹਨ
ਯੂਟਿਊਬਰ ਸਮਦੀਸ਼ ਭਾਟੀਆ ਨੇ ਵੀ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨਾਲ ਗੱਲਬਾਤ ਕੀਤੀ।
ਸਮਦੀਸ਼ ਵੱਖਰੇ ਤਰੀਕੇ ਨਾਲ ਮਸ਼ਹੂਰ ਹਸਤੀਆਂ ਦਾ ਇੰਟਰਵਿਊ ਲੈਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੀ ਆਸਥਾ ਬਾਰੇ ਸਵਾਲ ਪੁੱਛਿਆ।
ਰਾਹੁਲ ਗਾਂਧੀ ਨੂੰ ਪੁੱਛਿਆ ਕਿ, ਕੀ ਉਹ ਭਗਵਾਨ ਵਿੱਚ ਵਿਸ਼ਵਾਸ ਰੱਖਦੇ ਹਨ, ਇਸ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ, “ਹਾਂ, ਮੈਂ ਭਗਵਾਨ ਨੂੰ ਮੰਨਦਾ ਹਾਂ। ਮੇਰੇ ਹਿਸਾਬ ਨਾਲ ਸ਼ਿਵ ਇੱਕ ਚੰਗੀ ਸੋਚ ਹਨ।”
ਤਰਕ ਦਿੰਦੇ ਰਾਹੁਲ ਕਹਿੰਦੇ ਹਨ, “ਸ਼ਿਵ ਦਾ ਪੂਰਾ ਜ਼ੋਰ ਹਉਮੈ ਉੱਤੇ ਹੱਲਾ ਕਰਨ ਉੱਤ ਹੁੰਦਾ ਹੈ ਜੋ ਮੈਨੂੰ ਚੰਗਾ ਲਗਦਾ ਹੈ।”
ਰਾਹੁਲ ਗਾਂਧੀ ਦੀ ਪਹਿਲੀ ਤਨਖ਼ਾਹ ਕਿੰਨੀ ਸੀ
ਕਾਮਿਆ ਜਾਨੀ ਨਾਲ ਗੱਲਬਾਤ ਵਿੱਚ ਰਾਹੁਲ ਗਾਂਧੀ ਦੱਸਦੇ ਹਨ ਕਿ ਉਨ੍ਹਾਂ ਦੀ ਪਹਿਲੀ ਨੌਕਰੀ ਲੰਡਨ ਵਿੱਚ ਸੀ ਜਿੱਥੇ ਉਨ੍ਹਾਂ ਨੇ ਇੱਕ ਸਟ੍ਰੈਟੇਜਿਕ ਕੰਸਲਟਿੰਗ ਕੰਪਨੀ ਲਈ ਕੰਮ ਕੀਤਾ ਸੀ।
ਬੜੇ ਮਾਣ ਨਾਲ ਰਾਹੁਲ ਗਾਂਧੀ ਕਹਿੰਦੇ ਹਨ, “ਮੇਰੀ ਤਨਖ਼ਾਹ ਉਸ ਵੇਲੇ ਦੇ ਹਿਸਾਬ ਨਾਲ ਕਾਫੀ ਸੀ। ਮੈਂ 2500-3000 ਪੌਂਡ ਕਮਾਉਂਦਾ ਸੀ।”
ਮੈਨੂੰ ਕਾਰਾਂ ਦਾ ਨਹੀਂ ਡਰਾਇਵਿੰਗ ਦਾ ਸ਼ੌਕ ਹੈ – ਰਾਹੁਲ ਗਾਂਧੀ
ਇੱਕ ਯੂਟਿਊਬ ਚੈਨਲ ਮੈਸ਼ਾਬੇਲ ਨਾਲ ਗੱਲਬਾਤ ਵਿੱਚ ਰਾਹੁਲ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਕਾਰ ਨਹੀਂ ਹੈ।
ਉਹ ਕਹਿੰਦੇ ਹਨ ਕਿ ਜਿਹੜੀ ਸੀਆਰਵੀ ਕਾਰ ਵਿੱਚ ਉਹ ਕਈ ਵਾਰ ਸਫ਼ਰ ਕਰਦੇ ਹਨ ਉਹ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਦੀ ਹੈ।
ਇਸ ਦੇ ਨਾਲ ਹੀ ਉਹ ਕਹਿੰਦੇ ਹਨ ਕਿ ਭਾਵੇਂ ਉਨ੍ਹਾਂ ਨੂੰ ਕਾਰਾਂ ਰੱਖਣ ਦਾ ਸ਼ੌਕ ਨਹੀਂ ਹੈ ਪਰ ਉਨ੍ਹਾਂ ਨੂੰ ਕਾਰਾਂ ਬਾਰੇ ਜਾਣਕਾਰੀ ਕਾਫੀ ਹੈ ਤੇ ਉਨ੍ਹਾਂ ਨੂੰ ਡਰਾਇਵਿੰਗ ਦਾ ਸ਼ੌਕ ਹੈ।
ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਕਾਰ ਰੱਖਣ ਦਾ ਸ਼ੌਕ ਤੇ ਕਾਰ ਚਲਾਉਣ ਦਾ ਸ਼ੌਕ ਦੋਵੇਂ ਵੱਖ-ਵੱਖ ਗੱਲਾਂ ਹਨ।
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕਾਰਾਂ ਵਿੱਚ ਕਿਹੜਾ ਇੰਜਨ ਲਗਿਆ ਹੈ, ਕਿਹੜੀ ਚਾਸੀ ਹੈ, ਕਾਰਾਂ ਬਾਰੇ ਸਭ ਕੁਝ ਪਤਾ ਹੈ।
ਰਾਹੁਲ ਗਾਂਧੀ ਇੱਥੇ ਦਾਅਵਾ ਵੀ ਕਰਦੇ ਹਨ ਕਿ ਉਹ ਖਰਾਬ ਕਾਰ ਦੀ ਮੁਰੰਮਤ ਵੀ ਕਰ ਲੈਂਦੇ ਹਨ।
ਰਾਹੁਲ ਗਾਂਧੀ ਨੂੰ ਖਾਣ ਵਿੱਚ ਕੀ ਪਸੰਦ ਹੈ
ਕਾਮਿਆ ਨਾਲ ਗੱਲਬਾਤ ਵਿੱਚ ਰਾਹੁਲ ਕਹਿੰਦੇ ਹਨ ਕਿ ਆਪਣੇ ਖਾਣੇ ਨੂੰ ਲੈ ਕੇ ਕਾਫੀ ਸਖਤ ਤੇ ਨੀਰਸ ਹਨ।
ਉਹ ਕਹਿੰਦੇ ਹਨ, “ਮੈਂ ਲੰਚ ਵਿੱਚ ਦੇਸੀ ਖਾਣਾ ਖਾਂਦਾ ਹਾਂ। ਰਾਤ ਦੇ ਖਾਣੇ ਵਿੱਚ ਮੈਂ ਕਾਂਟੀਨੈਨਟਲ ਹੀ ਖਾਂਦਾ ਹਾਂ। ਮੈਨੂੰ ਕਟਹਲ ਤੇ ਮਟਰ ਬਿਲਕੁੱਲ ਪਸੰਦ ਨਹੀਂ ਹਨ।”
“ਮੈਂ ਮਿੱਠਾ ਘੱਟ ਹੀ ਖਾਂਦਾ ਹਾਂ।” ਜਦੋਂ ਰਾਹੁਲ ਨੂੰ ਪੁੱਛਿਆ ਕਿ ਲੋਕ ਕਹਿੰਦੇ ਹਨ ਕਿ ਤੁਸੀਂ ਇੱਕ ਵਾਰ ਵਿੱਚ 8-10 ਆਈਸਕ੍ਰੀਮ ਖਾ ਲੈਂਦੇ ਹੋ ਤਾਂ ਉਹ ਕਹਿੰਦੇ, “ਨਹੀਂ 8-10 ਤਾਂ ਨਹੀਂ ਪਰ 1-2 ਆਈਸਕ੍ਰੀਮ ਤਾਂ ਖਾ ਹੀ ਲੈਂਦਾ ਹਾਂ।”
ਰਾਹੁਲ ਕਹਿੰਦੇ ਹਨ ਕਿ ਉਨ੍ਹਾਂ ਨੂੰ ਮਾਂਸਾਹਾਰੀ ਖਾਣਾ ਵੱਧ ਪਸੰਦ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਚਿਕਨ ਟਿੱਕਾ, ਸੀ ਫੂਡ ਯਾਨੀ ਮੱਛੀ ਝੀਂਗਾ ਆਦਿ ਤੇ ਮਟਨ ਪਸੰਦ ਹੈ।
ਰਾਹੁਲ ਗਾਂਧੀ ਡਾਈਵਿੰਗ (ਗੋਤਾਖੋਰੀ) ਸਿਖਾਉਂਦੇ ਸੀ
ਰਾਹੁਲ ਅੱਗੇ ਇਹ ਵੀ ਦਾਅਵਾ ਕਰਦੇ ਹਨ ਕਿ ਉਹ ਫਲੋਰਿਡਾ ਵਿੱਚ ਰਹਿੰਦਿਆਂ ਹੋਇਆਂ ਸਕੂਬਾ ਡਾਇਵਿੰਗ ਸਿਖਾਉਂਦੇ ਸੀ ਤੇ ਬਿਨਾ ਸਕੂਬਾ ਦੇ ਉਹ ਡਾਇਵਿੰਗ ਕਰਨਾ ਜਾਣਦੇ ਸੀ।
ਇਹ ਵੀ ਰਾਹੁਲ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਆਈਕੀਡੋ ਮਾਰਸ਼ਲ ਆਰਟਸ ਵਿੱਚ ਬਲੈਕ ਬੈਲਟ ਹਨ।
ਰਾਹੁਲ ਗਾਂਧੀ ਨੇ ਲੰਬੀ ਦਾੜੀ ਕਿਉਂ ਰੱਖੀ
ਰਾਹੁਲ ਗਾਂਧੀ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੇ ਲੰਬੀ ਦਾੜੀ ਕਿਉਂ ਰੱਖੀ ਤਾਂ ਉਹ ਕਹਿੰਦੇ, “ਮੈਂ ਇਹ ਸੋਚਿਆ ਸੀ ਕਿ ਭਾਰਤ ਜੋੜੋ ਯਾਤਰਾ ਦੌਰਾਨ ਦਾੜੀ ਨਹੀਂ ਕੱਟਵਾਉਣੀ ਹੈ। ਹੁਣ ਮੈਨੂੰ ਲਗ ਰਿਹਾ ਹੈ ਕਿ ਖਾਣ ਵੇਲੇ ਦਾੜੀ ਨੂੰ ਸਾਂਭਣਾ ਵੱਡੀ ਚੁਣੌਤੀ ਹੈ। ਮੇਰੀ ਪਾਰਟੀ ਦੇ ਕਈ ਲੋਕ ਇਸ ਬਾਰੇ ਖੁਸ਼ ਨਹੀਂ ਸਨ। ਮੇਰੇ ਉੱਤੇ ਕਾਫੀ ਦਬਾਅ ਬਣਾਇਆ ਕਿ ਮੈਂ ਦਾੜੀ ਨੂੰ ਕੱਟਾਂ।”
“ਉਹ ਜਦੋਂ ਵੀ ਮੈਨੂੰ ਮਿਲਦੇ ਹਨ ਤਾਂ ਕਹਿੰਦੇ ਹਨ ਕਿ ਦਾੜੀ ਨੂੰ ਕੱਟੋ ਪਰ ਮੈਂ ਵੀ ਉਨ੍ਹਾਂ ਨੂੰ ਇਹ ਕਹਿ ਚੁੱਕਿਆ ਹਾਂ ਕੀ ਮੈਂ ਦਾੜੀ ਨਹੀਂ ਕੱਟਣੀ ਹੈ।”
ਭਾਰਤ ਜੋੜੋ ਯਾਤਰਾ ਜਦੋਂ ਪੰਜਾਬ ਵਿੱਚ ਦਾਖਲ ਹੋਈ ਸੀ ਤਾਂ ਰਾਹੁਲ ਗਾਂਧੀ ਨੇ ਪੱਗ ਵੀ ਬੰਨੀ ਸੀ। ਦਾੜੀ ਦੇ ਨਾਲ ਪੱਗ ਦੀ ਲੁਕ ਵੀ ਕਾਫੀ ਚਰਚਾ ਵਿੱਚ ਆਈ ਸੀ।
ਰਾਹੁਲ ਗਾਂਧੀ ਨੂੰ ਇੱਕ ਪਾਇਲਟ ਵਜੋਂ ਪਿਤਾ ਦੀ ਕੀ ਨਸੀਹਤ ਸੀ
ਮੈਸ਼ਾਬਲ ਯੂਟਿਊਬ ਚੈਨਲ ਨਾਲ ਗੱਲਬਾਤ ਵਿੱਚ ਕਰਦਿਆਂ ਰਾਹੁਲ ਗਾਂਧੀ ਕਹਿੰਦੇ ਹਨ ਕਿ ਉਨ੍ਹਾਂ ਨੇ ਹਵਾਈ ਜਹਾਜ਼ ਤਾਂ ਕਦੇ ਵੀ ਨਹੀਂ ਉਡਾਇਆ ਪਰ ਪਿਤਾ ਦੀ ਨਸੀਹਤਾਂ ਯਾਦ ਹਨ।
ਉਹ ਕਹਿੰਦੇ ਹਨ, “ਮੇਰੇ ਪਿਤਾ ਕਹਿੰਦੇ ਸਨ ਕਿ ਕਦੇ ਵੀ ਜਹਾਜ਼ ਨੂੰ ਖੁਦ ਨੂੰ ਨਾ ਉਡਾਉਣ ਦਿਓ ਸਗੋਂ ਤੁਸੀਂ ਜਹਾਜ਼ ਨੂੰ ਉਡਾਓ। ਹਮੇਸ਼ਾ ਜਹਾਜ਼ ਤੋਂ ਦੋ ਕਦਮ ਅੱਗੇ ਰਹੋ।”
ਰਾਹੁਲ ਗਾਂਧੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਮੋਟਰ ਬਾਈਕ ਤੋਂ ਵੱਧ ਸਾਈਕਲ ਚਲਾਉਣਾ ਪਸੰਦ ਹੈ।
ਇਸ ਦੇ ਨਾਲ ਹੀ ਕਾਮਿਆ ਨਾਲ ਗੱਲਬਾਤ ਵਿੱਚ ਉਹ ਦੱਸਦੇ ਹਨ ਕਿ ਉਨ੍ਹਾਂ ਨੇ ਕਈ ਥਾਵਾਂ ਉੱਤੇ ਇਕੱਲੇ ਸਫ਼ਰ ਕੀਤਾ ਹੋਇਆ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਸਪੇਨ, ਇਟਲੀ ਤੇ ਹੋਰ ਥਾਵਾਂ ਉੱਤੇ ਕਈ ਕਿੱਲੋਮੀਟਰ ਸਾਈਕਲ ਚਲਾਈ ਹੋਈ ਹੈ।
ਵਿਆਹ ਬਾਰੇ ਰਾਹੁਲ ਦੀ ਕੀ ਸੋਚ ਹੈ
ਰਾਹੁਲ ਗਾਂਧੀ ਕਹਿੰਦੇ ਹਨ ਉਹ ਵਿਆਹ ਦੇ ਬਿਲਕੁੱਲ ਵੀ ਖਿਲਾਫ਼ ਨਹੀਂ ਹਨ।
ਫਿਰ ਜਦੋਂ ਕਾਮਿਆ ਨੇ ਪੁੱਛਿਆ ਕਿ ਵਿਆਹ ਕਦੋਂ ਕਰਵਾਉਣਾ ਹੈ ਤਾਂ ਉਹ ਕਹਿੰਦੇ ਹਨ, “ਜਿਵੇਂ ਹੀ ਕੋਈ ਕੁੜੀ ਮਿਲ ਜਾਵੇਗੀ ਤਾਂ ਵਿਆਹ ਕਰਵਾ ਲਵਾਂਗਾ। ਉਹ ਸਮਝਦਾਰ ਹੋਣੀ ਚਾਹੀਦੀ ਹੈ।”
ਜਦੋਂ ਰਾਹੁਲ ਗਾਂਧੀ ਨੇ ਛੋਲੇ-ਭਟੂਰੇ ਬਣਾਉਣੇ ਸਿੱਖੇ
ਰਾਹੁਲ ਗਾਂਧੀ ਨੇ ਫੌਜ ਵਿੱਚ ਕਾਰਗਿਲ ਦੀ ਲੜਾਈ ਦੌਰਾਨ ਆਪਣੀਆਂ ਦੋਵੇਂ ਲੱਤਾਂ ਅਤੇ ਇੱਕ ਹੱਥ ਗੁਆਉਣ ਵਾਲੇ ਨਾਇਕ ਦੀਪਚੰਦ ਨਾਲ ਮੁਲਾਕਾਤ ਕੀਤੀ।
ਨਾਇਕ ਦੀਪਚੰਦ ਨਾਲ ਹਰਿਆਣਾ ਵਿੱਚ ਹੋਈ ਮੁਲਾਕਾਤ ਦਾ ਵੀਡੀਓ ਰਾਹੁਲ ਨੇ ਆਪਣੇ ਯੂਟਿਊਬ ਚੈਨਲ ਉੱਤੇ ਪਾਇਆ ਹੈ।
ਰਾਹੁਲ ਉਸ ਵੀਡੀਓ ਵਿੱਚ ਕਹਿੰਦੇ ਹੋਏ ਸੁਣਾਈ ਦਿੰਦੇ ਹਨ ਕਿ ਉਨ੍ਹਾਂ ਦੀ ਭੈਣ ਪ੍ਰਿਅੰਕਾ ਨੂੰ ਛੋਲੇ ਭਟੂਰੇ ਖਾਣੇ ਬਹੁਤ ਪਸੰਦ ਹਨ ਅਤੇ ਪ੍ਰਿਅੰਕਾ ਲਈ ਉਹ ਛੋਲੇ ਭਠੂਰੇ ਬਣਾਉਣਾ ਸਿੱਖਣਾ ਚਾਹੁੰਦੇ ਹਨ।
ਰਾਹੁਲ ਗਾਂਧੀ ਨੇ ਆਪਣੀ ਮੁਲਾਕਾਤ ਵੇਲੇ ਨਾਇਕ ਦੀਪਚੰਦ ਤੋਂ ਛੋਲੇ ਭਠੂਰੇ ਬਣਾਉਣੇ ਸਿੱਖੇ ਤੇ ਕਈ ਗੱਲਾਂ ਵੀ ਕੀਤੀਆਂ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)