''''ਮੈਂ ਸ਼ੀਸ਼ੇ ’ਚ ਆਪਣਾ ਮੂੰਹ ਨਹੀਂ ਦੇਖਣਾ ਚਾਹੁੰਦੀ, ਉਨ੍ਹਾਂ ਦੇ ਸ਼ਬਦ ਮੇਰੇ ਕੰਨਾਂ ’ਚ ਗੂੰਜਦੇ ਹਨ''''
Friday, Jan 27, 2023 - 06:59 PM (IST)


‘‘ਜਦੋਂ ਮੈਂ ਅਦਾਲਤ ’ਚ ਸੁਣਵਾਈ ਲਈ ਜਾਂਦੀ ਹਾਂ, ਤਾਂ ਮੇਰੇ ਦਿਮਾਗ ਵਿੱਚ ਸਿਰਫ਼ ਉਨ੍ਹਾਂ ਦੇ ਚਿਹਰੇ ਘੁੰਮਦੇ ਰਹਿੰਦੇ ਹਨ। ਮੈਨੂੰ ਇਹ ਡਰ ਰਹਿੰਦਾ ਹੈ ਕਿ ਕਿਤੇ ਉਹ ਕੁਝ ਕਰ ਨਾ ਦੇਣ, ਕਿਉਂਕਿ ਉਨ੍ਹਾਂ ਦਾ ਕੋਈ ਭਰੋਸਾ ਨਹੀਂ ਹੈ।’’
ਇਹ ਸ਼ਬਦ ਗੈਂਗਰੇਪ ਦੀ ਪੀੜਤ ਦੇ ਹਨ, ਜਿਨ੍ਹਾਂ ਦੇ ਦਿਮਾਗ ਵਿੱਚ ਪਿਛਲੇ ਸਾਲ ਜਨਵਰੀ ਵਿੱਚ ਹੋਈ ਘਟਨਾ ਦੇ ਜ਼ਖ਼ਮ ਤਾਜ਼ਾ ਹਨ।
ਇਸ ਮਾਮਲੇ ’ਚ ਮੁੱਖ ਮੁਲਜ਼ਮ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੇ ਪੁੱਤਰ ਅਤੇ ਪੀੜਤ ਔਰਤ ਦੀ ਵਿਆਹ ਤੋਂ ਪਹਿਲਾਂ ਹੀ ਦੋਸਤੀ ਸੀ।
ਪੀੜਤ ਔਰਤ ਦਾ ਵਿਆਹ ਹੋ ਚੁੱਕਿਆ ਹੈ ਅਤੇ ਉਨ੍ਹਾਂ ਦਾ ਤਿੰਨ ਸਾਲ ਦਾ ਬੱਚਾ ਵੀ ਹੈ।
ਨਾਲ ਹੀ ਮੁਲਜ਼ਮ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਇਹ ਦੋਸਤੀ ਔਰਤ (ਸਰਵਾਈਵਰ) ਦੇ ਵਿਆਹ ਤੋਂ ਬਾਅਦ ਵੀ ਜਾਰੀ ਸੀ ਅਤੇ ਪੀੜਤ ਕਾਰਨ ਹੀ ਉਨ੍ਹਾਂ ਦੇ ਮੁੰਡੇ ਨੇ ਸਾਲ 2020 ਵਿੱਚ ਖੁਦਕੁਸ਼ੀ ਕਰ ਲਈ ਸੀ।
ਇਸ ਤੋਂ ਬਾਅਦ ਪੀੜਤ ਵੱਲੋਂ ਇਹ ਇਲਜ਼ਾਮ ਲੱਗੇ ਕਿ ਉਨ੍ਹਾਂ ਨੂੰ ਧਮਕੀ ਮਿਲ ਰਹੀ ਹੈ।

ਇਸ ਧਮਕੀ ਨੂੰ ਲੈ ਕੇ ਉਨ੍ਹਾਂ ਨੇ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ, ਪਰ ਉਨ੍ਹਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ।
ਬੀਬੀਸੀ ਨਾਲ ਗੱਲਬਾਤ ਵਿੱਚ ਸ਼ਾਹਦਰਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰੋਹਿਤ ਮੀਣਾ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕੁੜੀ ਦੀ ਭੈਣ ਨੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਪੁਲਿਸ ਨੇ ਕਾਰਵਾਈ ਕੀਤੀ ਅਤੇ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ।
ਪੀੜਤ ਨਾਲ ਹੋਈ ਘਟਨਾ ਦੇ ਮਾਮਲੇ ਵਿੱਚ 16 ਲੋਕਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਅਤੇ ਪੰਜ ਨਾਬਾਲਗਾਂ ਨੂੰ ਫੜ੍ਹਿਆ ਗਿਆ ਸੀ।
ਹਾਲਾਂਕਿ ਇਸ ਮਾਮਲੇ ਵਿੱਚ ਨਾਬਾਲਗਾਂ ਨੂੰ ਛੱਡ ਦਿੱਤਾ ਗਿਆ ਹੈ। ਦੂਜੇ ਪਾਸੇ ਬਾਲਗਾਂ ਵਿੱਚੋਂ ਇੱਕ ਨੂੰ ਛੱਡਿਆ ਗਿਆ ਹੈ।

ਔਰਤ ਦੇ ਵਕੀਲ ਤੇਜ ਪ੍ਰਤਾਪ ਸਿੰਘ ਕਹਿੰਦੇ ਹਨ, ‘‘ਜਿਸ ਮੁੰਡੇ ਨੇ ਖ਼ੁਦਕੁਸ਼ੀ ਕੀਤੀ ਉਸ ਦੇ ਪਰਿਵਾਰ ਤੋਂ ਪੀੜਤ ਨੂੰ ਧਮਕੀ ਮਿਲ ਰਹੀ ਸੀ, ਇਸੇ ਕਾਰਨ ਉਹ ਸਹੁਰਾ ਘਰ ਛੱਡ ਕੇ ਕਿਤੇ ਹੋਰ ਰਹਿਣ ਲੱਗੀ। ਪਰ ਮੁੰਡੇ ਦੇ ਪਰਿਵਾਰ ਨੂੰ ਉਸ ਦੀ ਸੂਹ ਲੱਗੀ ਅਤੇ ਫ਼ਿਰ ਆਟੋ, ਸਕੂਟੀ ਰਾਹੀਂ ਲੋਕ ਆਏ। ਇਸ ਮਾਮਲੇ ਵਿੱਚ ਆਟੋ ਮਾਲਕ ਦੀ ਕੋਈ ਭੂਮਿਕਾ ਨਹੀਂ ਸੀ, ਕਿਉਂਕਿ ਉਸ ਨੇ ਆਪਣਾ ਆਟੋ ਕਿਰਾਏ ਉੱਤੇ ਦਿੱਤਾ ਹੋਇਆ ਸੀ।’’
ਉਧਰ ਇਸ ਮਾਮਲੇ ਵਿੱਚ ਇਹ ਵੀ ਸਵਾਲ ਉੱਠਿਆ ਕਿ ਪੀੜਤ ਦੇ ਘਰ ਤੋਂ ਕੁਝ ਹੀ ਦੂਰੀ ਉੱਤੇ ਪਿੰਕ ਬੂਥ ਹੈ, ਪਰ ਇਸ ਘਟਨਾ ਦੌਰਾਨ ਉਹ ਬੰਦ ਪਿਆ ਸੀ।
ਇਸ ਦਾ ਜਵਾਬ ਦਿੰਦੇ ਹੋਏ ਡਿਪਟੀ ਕਮਿਸ਼ਨਰ (ਪੁਲਿਸ) ਰੋਹਿਤ ਮੀਣਾ ਕਹਿੰਦੇ ਹਨ, ‘‘ਉਸ ਦਿਨ 26 ਜਨਵਰੀ ਸੀ ਅਤੇ ਬਹੁਤ ਸਾਰੀ ਫੋਰਸ ਤਾਇਨਾਤ ਕੀਤੀ ਗਈ ਸੀ ਪਰ ਇਸ ਮਾਮਲੇ ਵਿੱਚ ਕੋਈ ਪੀਸੀਆਰ ਕਾਲ ਨਹੀਂ ਆਈ। ਪੁਲਿਸ ਨੂੰ ਬੀਟ ਇੰਟੈਲੀਜੈਂਸ ਰਾਹੀਂ ਪਤਾ ਲੱਗਿਆ ਅਤੇ ਉਹ ਤੁਰੰਤ ਉੱਥੇ ਪਹੁੰਚੀ ਤੇ ਕੁੜੀ ਨੂੰ ਬਚਾਇਆ ਗਿਆ।’’

-

ਇਲਜ਼ਾਮ

ਪੀੜਤ ਨੇ ਹਰ ਸਵਾਲ ਦਾ ਜਵਾਬ ਮੁਸਕੁਰਾਹਟ ਅਤੇ ਬਹੁਤ ਘੱਟ ਸ਼ਬਦਾਂ ਵਿੱਚ ਦਿੱਤਾ ਅਤੇ ਵਿਚ-ਵਿਚਾਲੇ ਗੁਮਸੁਮ ਹੋ ਜਾਂਦੀ ਸੀ।
ਸਰਵਾਈਵਰ ਨੇ ਬੀਬੀਸੀ ਨਾਲ ਗੱਲਬਾਤ ‘ਚ ਕਿਹਾ, ‘‘ਮਾਂ ਦੀ ਪਹਿਲਾਂ ਹੀ ਮੌਤ ਹੋ ਗਈ ਸੀ। ਪਿਤਾ ਦੀ ਪਿਛਲੇ ਸਾਲ ਦਸੰਬਰ ਵਿੱਚ ਮੌਤ ਹੋਈ। ਮੇਰੀ ਛੋਟੀ ਭੈਣ ਹੈ, ਹੁਣ ਮੇਰੇ ਉੱਤੇ ਉਸ ਦੀ ਜ਼ਿੰਮੇਵਾਰੀ ਹੈ ਅਤੇ ਮੇਰਾ ਤਿੰਨ ਸਾਲ ਦਾ ਬੱਚਾ ਵੀ ਹੈ। ਮੇਰਾ ਸਿਰਫ਼ ਇਹੀ ਕਹਿਣਾ ਹੈ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸਜ਼ਾ ਮਿਲੇ ਅਤੇ ਮੈਂ ਇੱਥੋਂ ਦੂਰ ਚਲੀ ਜਾਵਾਂ।’’
‘‘ਮੈਨੂੰ ਬਹੁਤ ਡਰ ਲਗਦਾ ਹੈ। ਮੈਂ ਨੀਂਦ ਵਿੱਚ ਘਬਰਾ ਕੇ ਉੱਠ ਜਾਂਦੀ ਹਾਂ। ਮੈਂ ਖ਼ੁਦ ਨੂੰ ਸ਼ੀਸ਼ੇ ਵਿੱਚ ਨਹੀਂ ਦੇਖਣਾ ਚਾਹੁੰਦੀ, ਕਿਉਂਕਿ ਮੇਰਾ ਚਿਹਰਾ ਕੀ ਸੀ ਅਤੇ ਉਨ੍ਹਾਂ ਨੇ ਕੁੱਟ ਕੇ ਕਿਵੇਂ ਦਾ ਬਣਾ ਦਿੱਤਾ ਹੈ। ਜੋ ਸ਼ਬਦ ਉਨ੍ਹਾਂ ਨੇ ਕਹੇ ਸੀ, ਉਹ ਮੇਰੇ ਕੰਨਾਂ ਵਿੱਚ ਅੱਜ ਵੀ ਗੂੰਜਦੇ ਹਨ।’’

ਸਰਵਾਈਵਰ 12ਵੀਂ ਪਾਸ ਹੈ ਅਤੇ ਨੌਕਰੀ ਕਰਨਾ ਚਾਹੁੰਦੇ ਹਨ।
ਉਹ ਕਹਿੰਦੀ ਹੈ ਕਿ ਪਤੀ ਉਨ੍ਹਾਂ ਨੂੰ ਪਤੀ ਦਾ ਸਾਥ ਮਿਲਿਆ, ਪਰ ਹਾਲ ਹੀ ਵਿੱਚ ਉਨ੍ਹਾਂ ਦੀ ਨੌਕਰੀ ਚਲੀ ਗਈ ਅਜਿਹੇ ਵਿੱਚ ਚਿੰਤਾ ਹੈ ਕਿ ਅੱਗੇ ਕੀ ਹੋਵੇਗਾ।
ਉਹ ਕਹਿੰਦੀ ਹੈ, ‘‘ਜੇ ਮੈਂ ਨੌਕਰੀ ਕਰਾਂਗੀ, ਤਾਂ ਮੈਨੂੰ ਇਨ੍ਹਾਂ ਡਰਾਵਨੀ ਯਾਦਾਂ ਤੋਂ ਧਿਆਨ ਹਟਾਉਣ ਵਿੱਚ ਮਦਦ ਮਿਲੇਗੀ। ਮੈਨੂੰ ਅਚਾਨਕ ਚੱਕਰ ਆ ਜਾਂਦਾ ਹੈ ਅਤੇ ਅੱਖਾਂ ਸਾਹਮਣੇ ਹਨੇਰਾ ਛਾ ਜਾਂਦਾ ਹੈ। ਉਹ ਸੱਟ ਕਈ ਵਾਰ ਬਹੁਤ ਦਰਦ ਦਿੰਦੀ ਹੈ, ਸਿਰ ਵਿੱਚ ਰੋਜ਼ ਪੀੜ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।’’

ਥੋੜ੍ਹਾ ਜਿਹਾ ਅੱਗੇ ਵਧਣ ’ਤੇ ਸਾਡੀ ਮੁਲਾਕਾਤ ਮੁਲਜ਼ਮਾਂ ਦੇ ਪਰਿਵਾਰ ਨਾਲ ਹੋਈ।
ਮਾਇਆ ਦੇਵੀ, ਦੋਸ਼ੀਆਂ ਦੀ ਨਾਨੀ ਹਨ। ਬੀਬਸੀ ਨਾਲ ਗੱਲਬਾਤ ਵਿੱਚ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਔਰਤ ਦੇ ਨਾਲ ਜੋ 26 ਜਨਵਰੀ 2022 ਨੂੰ ਹੋਇਆ, ਉਹ ਉਨ੍ਹਾਂ ਦੇ ਪਰਿਵਾਰ ਨੇ ਕੀਤਾ ਸੀ।
ਇਹ ਪੁੱਛੇ ਜਾਣ ’ਤੇ ਕਿ ਉਨ੍ਹਾਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਕਿਉਂ ਨਹੀਂ ਰੋਕਿਆ, ਤਾਂ ਇਸ ਉੱਤੇ ਉਨ੍ਹਾਂ ਦਾ ਕਹਿਣਾ ਸੀ, ‘‘ਉਹ ਉਸ ਸਮੇਂ ਘਟਨਾ ਵਾਲੀ ਥਾਂ ਉੱਤੇ ਮੌਜੂਦ ਨਹੀਂ ਸਨ। ਜੇ ਪਤਾ ਹੁੰਦਾ ਤਾਂ ਉਨ੍ਹਾਂ ਨੂੰ ਰੋਕਦੀ।’’
ਮਾਇਆ ਦੇਵੀ ਦੇ ਨਾਲ ਹੀ ਮੰਜੇ ਉੱਤੇ ਬੈਠੀ ਉਨ੍ਹਾਂ ਦੀ ਗੁਆਂਢਣ ਸ਼ਹਿਨਾਜ਼ ਰੋਂਦੇ ਹੋਏ ਕਹਿੰਦੇ ਹਨ ਕਿ ਘਟਨਾ ਵਾਲੀ ਥਾਂ ਉੱਤੇ ਉਨ੍ਹਾਂ ਦੀ ਬੇਟੀ ਬੱਚੇ ਨੂੰ ਗੋਦ ਵਿੱਚ ਲੈ ਕੇ ਖੜ੍ਹੀ ਸੀ, ਉਸ ਨੇ ਕੁਝ ਨਹੀਂ ਕੀਤਾ ਪਰ ਉਸ ਨੂੰ ਵੀ ਲੈ ਕੇ ਚਲੇ ਗਏ।

ਇਸੇ ਗੱਲਬਾਤ ਦੌਰਾਨ ਪਰਵੀਨ ਵਾਰ-ਵਾਰ ਬੋਲਣ ਲਗਦੇ ਹਨ, ਉਹ ਦੱਸਦੇ ਹਨ ਕਿ ਉਹ ਵੀ ਮਾਇਆ ਦੇਵੀ ਦੇ ਰਿਸ਼ਤੇਦਾਰ ਹਨ।
ਮੈਂ ਜਦੋਂ ਪੁੱਛਿਆ ਕਿ ਇਹ ਘਟਨਾ ਹੋ ਰਹੀ ਸੀ ਤਾਂ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ।
ਪਰਵੀਨ ਕਹਿੰਦੇ ਹਨ, ‘‘ਉਸ ਸਮੇਂ ਲੋਕਾਂ ਵਿੱਚ ਗੁੱਸਾ ਸੀ। ਕੁੜੀ ਦਾ ਪਰਿਵਾਰ ਵੀ ਮਦਦ ਦੇ ਲਈ ਅੱਗੇ ਨਹੀਂ ਆਇਆ ਤਾਂ ਅਜਿਹੇ ਵਿੱਚ ਕੋਈ ਦੂਜਾ ਕਿਉਂ ਮਦਦ ਕਰਨ ਆਉਂਦਾ।’’
ਕਿਹੜੀਆਂ-ਕਿਹੜੀਆਂ ਧਾਰਾਵਾਂ ਲੱਗੀਆਂ

ਵਕੀਲ ਤੇਜ ਪ੍ਰਤਾਪ ਸਿੰਘ ਕਹਿੰਦੇ ਹਨ ਕਿ ਅਜੇ ਤਾਂ ਸਿਰਫ਼ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ, ਪਰ ਡਰ ਇਸ ਗੱਲ ਦਾ ਹੈ ਕਿ ਸਰਵਾਈਵਰ ਦੇ ਨਾਲ ਜ਼ਿਰਹ (ਪੁੱਛਗਿੱਛ) ਸ਼ੁਰੂ ਹੋਵੇਗੀ ਤਾਂ ਕੀ ਹੋਵੇਗਾ।
ਉਹ ਦੱਸਦੇ ਹਨ, ‘‘ਇਹ ਔਰਤ ਕਿੰਨੀ ਡਰੀ ਹੋਈ ਹੈ ਉਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਨਾਲ ਲਗਾਓ ਕਿ ਇਲਜ਼ਾਮ ਤੈਅ ਹੋਣ ਤੋਂ ਬਾਅਦ ਕੋਰਟ ਵਿੱਚ ਸੁਣਵਾਈ ਦੀਆਂ ਚਾਰ ਤਾਰੀਕਾਂ ਲੱਗੀਆਂ ਹਨ। ਉਨ੍ਹਾਂ ਚਾਰ ਤਾਰੀਕਾਂ ਵਿੱਚ ਕੋਰਟ ਵਿੱਚ ਆਉਂਦੇ-ਜਾਂਦੇ ਜਾਂ ਬਾਹਰ ਜੋ ਰਿਸ਼ਤੇਦਾਰ ਬੈਠੇ ਰਹਿੰਦੇ ਹਨ, ਉਹ ਧਮਕੀ ਦਿੰਦੇ ਰਹਿੰਦੇ ਹਨ। ਹਾਲਾਂਕਿ ਮੈਂ ਵੀ ਉਨ੍ਹਾਂ ਨੂੰ ਸਮਝਾਇਆ ਹੈ।’’
ਉਹ ਕਹਿੰਦੇ ਹਨ, ‘‘ਚਾਰ ਜਨਵਰੀ ਨੂੰ ਸੁਣਵਾਈ ਹੋ ਰਹੀ ਸੀ ਅਤੇ ਦੋਸ਼ੀ ਪਰਦੇ ਪਿੱਛੇ ਖੜ੍ਹੇ ਸਨ। ਉਨ੍ਹਾਂ ਨੇ ਪਰਦਾ ਹਟਾ ਕੇ ਔਰਤ ਨੂੰ ਘੂਰਨਾ ਸ਼ੁਰੂ ਕਰ ਦਿੱਤਾ। ਜੱਜ ਸਾਹਿਬ ਨੇ ਉਨ੍ਹਾਂ ਨੂੰ ਚੇਤਾਵਨੀ ਵੀ ਦਿੱਤੀ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ।’’
ਉਹ ਅੱਗੇ ਦੱਸਦੇ ਹਨ, ‘‘ਇਸ ਤੋਂ ਬਾਅਦ ਸਰਵਾਈਵਰ ਜ਼ੋਰ-ਜ਼ੋਰ ਦੀ ਰੋਣ ਲੱਗੀ। ਹਾਲਾਂਕਿ ਲਗਭਗ ਅੱਧੇ ਘੰਟੇ ਲਈ ਇੰਤਜ਼ਾਰ ਕੀਤਾ ਗਿਆ ਪਰ ਉਨ੍ਹਾਂ ਨੇ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ।’’
ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 6 ਫ਼ਰਵਰੀ ਨੂੰ ਹੋਵੇਗੀ।

ਉਹ ਕਹਿੰਦੇ ਹਨ, ‘‘ਮੇਰੀ ਚਿੰਤਾ ਇਸ ਗੱਲ ਨੂੰ ਲੈ ਕੇ ਇਹ ਕਿ ਜ਼ਿਰਹ ਦੌਰਾਨ ਮਹਿਲਾ ਮਾਨਸਿਕ ਤੌਰ ਉੱਤੇ ਸਵਾਲਾਂ ਨਾਲ ਕਿਵੇਂ ਨਜਿੱਠੇਗੀ ਕਿਉਂਕਿ ਉਸ ਨੂੰ ਭਾਵਨਾਤਮਕ ਤੌਰ ਉੱਤੇ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।’’
ਵਕੀਲ ਦਾ ਕਹਿਣਾ ਹੈ ਕਿ ਪੁਲਿਸ ਨੇ ਚਾਰਜ ਸ਼ੀਟ ਵਿੱਚ ਧਾਰਾ ਲਗਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਹੈ ਅਤੇ ਨਾਲ ਹੀ ਮਹਿਲਾ ਨੂੰ ਕਾਉਂਸਲਿੰਗ ਲਈ ‘ਇਬਹਾਸ’ ਵੀ ਭੇਜਿਆ ਗਿਆ।
ਇਬਹਾਸ ਇੱਕ ਸੰਸਥਾ ਹੈ ਜੋ ਮਨੋਵਿਗਿਆਨਕ ਮਦਦ ਕਰਦੀ ਹੈ।
ਇਸ ਮਾਮਲੇ ਦੀ ਸੁਣਵਾਈ ਦਿੱਲੀ ਦੀ ਕੜਕੜਡੂਮਾ ਕੋਰਟ ਵਿੱਚ ਚੱਲ ਰਹੀ ਹੈ ਅਤੇ ਇਸ ਮਾਮਲੇ ਵਿੱਚ 10 ਤੋਂ ਜ਼ਿਆਦਾ ਧਾਰਾਵਾਂ ਲਗਾਈਆਂ ਗਈਆਂ ਹਨ।
ਦੋਸ਼ੀਆਂ ਉੱਤੇ ਜੋ ਧਾਰਾਵਾਂ ਲਗਾਈਆਂ ਗਈਆਂ ਹਨ, ਉਨ੍ਹਾਂ ਵਿੱਚ 376 (ਡੀ) ਦੇ ਤਹਿਤ ਗੈਂਗਰੇਪ ਤੋਂ ਇਲਾਵਾ ਕਈ ਧਾਰਾਵਾਂ ਸ਼ਾਮਲ ਹਨ।
ਇਸ ਧਾਰਾ ਵਿੱਚ ਘੱਟੋ-ਘੱਟ 20 ਸਾਲ ਦੀ ਜੇਲ੍ਹ ਦੀ ਸਜ਼ਾ ਦੀ ਤਜਵੀਜ਼ ਹੈ ਅਤੇ ਇਹ ਗ਼ੈਰ ਜ਼ਮਾਨਤੀ ਹੈ।
ਇਸ ਧਾਰਾ ਅਧੀਨ ਜੁਰਮਾਨੇ ਦੇ ਨਾਲ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ।
ਇਸ ਘਟਨਾ ਨੂੰ ਇੱਕ ਸਾਲ ਲੰਘ ਗਿਆ ਹੈ। ਸਰਵਾਈਵਰ ਦਾ ਕਹਿਣਾ ਹੈ ਕਿ ਉਹ ਸਿਰਫ਼ ਆਪਣੇ ਭਗਵਾਨ ਉੱਤੇ ਭਰੋਸਾ ਰੱਖ ਰਹੀ ਹੈ, ਖ਼ੁਦ ਨੂੰ ਹੌਸਲਾ ਦੇ ਰਹੀ ਹੈ ਅਤੇ ਛੇਤੀ ਤੋਂ ਛੇਤੀ ਕਿਤੇ ਦੂਰ ਜਾ ਕੇ ਵੱਸਣਾ ਚਾਹੁੰਦੀ ਹੈ।
ਧਾਰਾਵਾਂ

- ਧਾਰਾ 307 – ਕੋਈ ਵਿਅਕਤੀ ਜੇ ਕਿਸੇ ਅਜਿਹੇ ਇਰਾਦੇ ਨਾਲ ਵੱਖ-ਵੱਖ ਹਾਲਾਤ ਵਿੱਚ ਅਜਿਹਾ ਕੰਮ ਕਰਦਾ ਹੈ, ਜੋ ਕਿਸੇ ਦੀ ਮੌਤ ਦਾ ਕਾਰਨ ਬਣਦਾ ਹੈ ਤਾਂ ਅਜਿਹੇ ਵਿੱਚ ਉਸ ਨੂੰ ਕਤਲ ਦਾ ਦੋਸ਼ੀ ਮੰਨਿਆ ਜਾਵੇਗਾ। ਅਜਿਹੇ ਮਾਮਲੇ ਵਿੱਚ 10 ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਵੀ ਹੋ ਸਕਦਾ ਹੈ।
- ਧਾਰਾ 323, 325 – ਗੰਭੀਰ ਸੱਟ ਪਹੁੰਚਾਉਣਾ, ਇਸ ਵਿੱਚ ਸਜ਼ਾ ਦੀ ਤਜਵੀਜ਼ ਕੀਤੀ ਗਈ ਹੈ ਜਿਸ ਨੂੰ ਸੱਤ ਸਾਲ ਦਾ ਵਧਾਇਆ ਜਾ ਸਕਦਾ ਹੈ ਨਾਲ ਹੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
- ਧਾਰਾ 354 ਅਤੇ 354 (ਬੀ) – ਬਲਾਤਕਾਰ ਕਰਨ ਦੇ ਮਕਸਦ ਨਾਲ ਔਰਤ ਉੱਤੇ ਹਮਲਾ ਜਾਂ ਅਪਰਾਧਿਕ ਸ਼ਕਤੀ ਦਾ ਇਸਤੇਮਾਲ ਕਰਨਾ। ਇਸ ਵਿੱਚ ਘੱਟੋ-ਘੱਟ ਸਜ਼ਾ ਤਿੰਨ ਸਾਲ ਅਤੇ ਉਸ ਨੂੰ ਵਧਾ ਕੇ ਸੱਤ ਸਾਲ ਕਰਨ ਦੀ ਤਜਵੀਜ਼ ਹੈ। ਇਸ ਤੋਂ ਇਲਾਵਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
- ਧਾਰਾ 342 – ਗ਼ਲਤ ਤਰੀਕੇ ਨਾਲ ਬੰਧਕ ਬਣਾਉਣਾ। ਅਜਿਹੇ ਵਿਅਕਤੀ ਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ ਜੋ ਇੱਕ ਸਾਲ ਤੱਕ ਵੱਧ ਸਕਦੀ ਹੈ, ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।
- ਧਾਰਾ 365 – ਅਗਵਾ ਜਾਂ ਅਪਹਰਣ ਕਰਨ ਦੇ ਮਾਮਲੇ ਵਿੱਚ ਇਹ ਧਾਰਾ ਲਗਾਈ ਜਾਂਦੀ ਹੈ, ਜਿਸ ਵਿੱਚ ਵੱਧ ਤੋਂ ਵੱਧ 10 ਸਾਲ ਤੱਕ ਦੀ ਸਜ਼ਾ ਦੀ ਤਜਵੀਜ਼ ਹੈ। ਇਸ ਵਿੱਚ ਇੱਕ ਤੋਂ ਪੰਜ ਸਾਲ ਤੱਕ ਦੀ ਸਜ਼ਾ ਅਤੇ ਜੁਰਮਾਨਾ ਸ਼ਾਮਲ ਹੈ।
- ਧਾਰਾ 149 – ਇੱਕ ਹੀ ਮਕਸਦ ਨਾਲ ਇਕੱਠੇ ਹੋ ਕੇ ਅਪਰਾਧਝ ਕਰਨਾ ਇਸ ਧਾਰਾ ਅਧੀਨ ਆਉਂਦਾ ਹੈ। ਇਸ ਵਿੱਚ ਤਿੰਨ ਸਾਲ ਤੱਕ ਦੀ ਸਜ਼ਾ ਦੀ ਤਜਵੀਜ਼ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)