ਸਰਕਾਰ ਦੇ ''''ਆਮ ਆਦਮੀ ਕਲੀਨਿਕ'''' ਸਵਾਲਾਂ ਦੇ ਘੇਰੇ ''''ਚ ਕਿਉਂ ਹਨ? ਕੀ ਪੁਰਾਣੀਆਂ ਇਮਾਰਤਾਂ ''''ਚ ਨਵੀਆਂ ਸੁਵਿਧਾਵਾਂ ਹਨ?
Friday, Jan 27, 2023 - 08:59 AM (IST)


ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਖੋਲ੍ਹੇ ਜਾ ਰਹੇ ''''ਆਮ ਆਦਮੀ ਕਲੀਨਿਕ'''' ਸਵਾਲਾਂ ਦੇ ਘੇਰੇ ਵਿਚ ਆ ਗਏ ਹਨ।
ਸਾਲ 2022 ਵਿਚ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਪੰਜਾਬ ਸਰਕਾਰ ਨੇ ਸੂਬੇ ਵਿਚ 75 ''''ਆਮ ਆਦਮੀ ਕਲੀਨਿਕ'''' ਸ਼ੁਰੂ ਕਰਕੇ ਦਾਅਵਾ ਕੀਤਾ ਸੀ ਕਿ ਲੋਕਾਂ ਨੂੰ ਵਧੀਆ ਸਿਹਤ ਸਹੂਲਤ ਦੇਣ ਲਈ ਇਹ ਕਲੀਨਿਕ ਖੋਲ੍ਹੇ ਜਾ ਰਹੇ ਹਨ।
ਪੰਜਾਬ ਸਰਕਾਰ ਵੱਲੋਂ ਅੱਜ 500 ਹੋਰ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ।
ਜਿਸ ਵੇਲੇ ਇਹ ਕਲੀਨਿਕ ਸ਼ੁਰੂ ਕੀਤੇ ਗਏ ਸਨ, ਉਸੇ ਸਮੇਂ ਤੋਂ ਹੀ ਵਿਰੋਧੀ ਧਿਰਾਂ ਨੇ ਇਨਾਂ ਉੱਪਰ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਸਨ।

''''ਆਮ ਆਦਮੀ ਕਲੀਨਿਕ'''' ਉਪਰ ਕੀ ਸਵਾਲ ਉੱਠ ਰਹੇ ਹਨ?
ਅਸਲ ਵਿਚ ਸਵਾਲ ਲਈ ਉੱਠੇ ਕਿਉਂਕਿ ਇਹ ਕਲੀਨਿਕ ਅਕਾਲੀ-ਭਾਜਪਾ ਸਰਕਾਰ ਵੇਲੇ ਬਣਾਏ ਗਏ ''''ਸੁਵਿਧਾ ਕੇਂਦਰਾਂ'''' ਨੂੰ ਰੰਗ-ਰੋਗਨ ਕਰਕੇ ਉਨਾਂ ਹੀ ਇਮਾਰਤਾਂ ਵਿਚ ਖੋਲ੍ਹੇ ਗਏ ਸਨ।
ਇਸ ਤੋਂ ਇਲਾਵਾ ਕਈ ਥਾਵਾਂ ''''ਤੇ ਇਹ ਕਲੀਨਿਕ ਸਿਹਤ ਵਿਭਾਗ ਦੇ ਪਹਿਲਾਂ ਤੋਂ ਹੀ ਚੱਲ ਰਹੇ ਸੈਂਟਰਾਂ ''''ਚ ਸ਼ੁਰੂ ਕਰ ਦਿੱਤੇ ਗਏ ਸਨ।
ਇਸ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਵਾਲ ਚੁੱਕਿਆ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਹਤ ਵਿਭਾਗ ਦੇ ਪਹਿਲਾਂ ਤੋਂ ਹੀ ਕਾਇਮ ਪ੍ਰਾਇਮਰੀ ਹੈਲਥ ਸੈਂਟਰਾਂ, ਡਿਸਪੈਂਸਰੀਆਂ ਅਤੇ ਸਿਵਲ ਹਸਪਤਾਲਾਂ ਵਿਚ ਸਹੂਲਤਾਂ ਦੇਣ ਦੀ ਬਜਾਏ ਸਰਕਾਰੀ ਪੈਸੇ ਦੀ ਦੁਰਵਰਤੋਂ ਕਰ ਰਹੀ ਹੈ।
ਇਸ ਬਾਬਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਕਹਿੰਦੇ ਹਨ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਪੰਜਾਬ ਦੇ ਸਮੁੱਚੇ ਹਸਪਤਾਲਾਂ ਦੀਆਂ ਇਮਾਰਤਾਂ ਦੀ ਕਾਇਆ-ਕਲਪ ਕੀਤੀ ਗਈ ਸੀ।
"ਸਮਝ ਤੋਂ ਬਾਹਰ ਹੈ ਕਿ ਪੰਜਾਬ ਸਰਕਾਰ ਸਰਕਾਰੀ ਖ਼ਜ਼ਾਨੇ ਨੂੰ ਆਪਣੀ ਮਸ਼ਹੂਰੀ ਲਈ ਕਿਉਂ ਬਰਬਾਦ ਕਰ ਰਹੀ ਹੈ। ਇਹ ਲੋਕਾਂ ਨਾਲ ਸਿੱਧਾ ਧੋਖਾ ਹੈ।"
ਉਨ੍ਹਾਂ ਸਵਾਲ ਚੁੱਕਿਆ ਕਿ ਸਰਕਾਰ ਮੁਫ਼ਤ ਦਵਾਈਆਂ ਤੇ ਟੈਸਟਾਂ ਦਾ ਲਾਭ ਮਰੀਜ਼ਾਂ ਨੂੰ ਡਿਸਪੈਂਸਰੀਆਂ, ਪ੍ਰਾਇਮਰੀ ਹੈਲਥ ਸੈਂਟਰਾਂ ਤੇ ਸਿਵਲ ਹਸਪਤਾਲਾਂ ''''ਚ ਕਿਉਂ ਨਹੀਂ ਦੇ ਰਹੀ?

ਆਮ ਆਦਮੀ ਕਲੀਨਿਕ: ਸਿਆਸਤ ਤੇ ਸਵਾਲ
- ਪੰਜਾਬ ਸਰਕਾਰ ਵੱਲੋਂ 500 ਹੋਰ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ
- ਵਿਰੋਧੀ ਧਿਰਾਂ ਵੱਲੋਂ ''''ਆਮ ਆਦਮੀ ਕਲੀਨਿਕ'''' ਸੇਵਾ ਉਪਰ ਉਠਾਏ ਜਾ ਰਹ ਹਨ ਸਵਾਲ
- ''''ਸੁਵਿਧਾ ਕੇਂਦਰਾਂ'''' ਨੂੰ ਰੰਗ-ਰੋਗਨ ਕਰਕੇ ਉਨਾਂ ਹੀ ਇਮਾਰਤਾਂ ਵਿਚ ਖੋਲ੍ਹੇ ਗਏ ਕਲੀਨਿਕ
- ਆਮ ਪੇਂਡੂ ਅਤੇ ਸ਼ਹਿਰੀ ਲੋਕਾਂ ਦਾ ਰਲਮਾ ਮਿਲਣਾ ਹੁੰਗਾਰਾ


''''ਆਮ ਆਦਮੀ ਕਲੀਨਿਕ'''' ਦੀ ਸਚਾਈ
ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਗਣਤੰਤਰ ਦਿਵਸ ਨੂੰ ਸਮਰਪਿਤ ਹੋਰ ''''ਆਮ ਆਦਮੀ ਕਲੀਨਿਕ'''' ਖੋਲ੍ਹਣ ਜਾ ਰਹੀ ਹੈ।
ਬੀਬੀਸੀ ਵਲੋਂ ਪਿੰਡਾਂ ''''ਚ ਜਾ ਕੇ ਕਈ ਕਲੀਨਿਕ ਦੇਖੇ ਗਏ।
ਇਸ ਦੌਰਾਨ ਸਾਫ਼ ਤੌਰ ''''ਤੇ ਉੱਭਰ ਕੇ ਸਾਹਮਣੇ ਆਈ ਹੈ ਕਿ ਨਵੇਂ ਖੋਲ੍ਹੇ ਜਾਣ ਵਾਲੇ ਕਲੀਨਿਕ ਜ਼ਿਆਦਾਤਰ ਵਿਭਾਗ ਦੇ ਪ੍ਰਾਇਮਰੀ ਹੈਲਥ ਸੈਂਟਰਾਂ ਜਾਂ ਡਿਸਪੈਂਸਰੀਆਂ ਨੂੰ ਰੰਗ-ਰੋਗਨ ਕਰਕੇ ਪੁਰਾਣੀਆਂ ਇਮਾਰਤਾਂ ਵਿਚ ਸ਼ੁਰੂ ਕੀਤੇ ਜਾ ਰਹੇ ਹਨ।
ਜ਼ਿਲਾ ਬਠਿੰਡਾ ਅਧੀਨ ਪੈਂਦੇ ਪਿੰਡ ਆਕਲੀਆਂ ਕਲਾਂ ਵਿਚ ਪਿਛਲੇ ਸਾਲ 15 ਅਗਸਤ ਵਾਲੇ ਦਿਨ ''''ਆਮ ਆਦਮੀ ਕਲੀਨਿਕ'''' ਦੀ ਸ਼ੁਰੂਆਤ ਕੀਤੀ ਗਈ ਸੀ।
ਇੱਥੇ ਤਾਇਨਾਤ ਮੈਡੀਕਲ ਅਫ਼ਸਰ ਡਾ. ਨਵਜੋਤ ਕੌਰ ਨੇ ਦੱਸਿਆ ਕਿ ਇਸ ਕਲੀਨਿਕ ਵਿਚ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਿਹਤ ਸਹੂਲਤ ਮੁਫ਼ਤ ਦਿੱਤੀ ਜਾ ਰਹੀ ਹੈ।
"ਇੱਥੇ 42 ਤਰ੍ਹਾਂ ਦੇ ਸਰੀਰਕ ਟੈਸਟ ਤੇ ਦਵਾਈਆਂ ਬਿਲਕੁਲ ਮੁਫ਼ਤ ਹਨ। ਮਰੀਜ਼ ਕੋਲੋਂ ਕੋਈ ਰਜਿਸਟਰੇਸ਼ਨ ਫ਼ੀਸ ਵੀ ਨਹੀਂ ਲਈ ਜਾਂਦੀ।"

-

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿੰਡ ਆਕਲੀਆਂ ਕਲਾਂ ਦੇ ਇਸ ਕਲੀਨਿਕ ਤੋਂ ਸਿਰਫ਼ 20 ਮੀਟਰ ਦੀ ਦੂਰੀ ''''ਤੇ ਹੀ ਸਿਹਤ ਵਿਭਾਗ ਦੀ ਡਿਸਪੈਂਸਰੀ ਹੈ।
ਇੱਥੇ ਤਾਇਨਾਤ ਅਮਲੇ ਦੇ ਇਕ ਸਿਹਤ ਕਰਮਚਾਰੀ ਨੇ ਆਪਣਾ ਨਾਮ ਨਾ ਲਿਖਣ ਦੀ ਸ਼ਰਤ ''''ਤੇ ਦੱਸਿਆ ਕਿ ਡਿਸਪੈਂਸਰੀ ''''ਚ ਕਲੀਨਿਕ ਵਰਗੀਆਂ ਸਹੂਲਤਾਂ ਨਹੀਂ ਹਨ, ਜਿਸ ਕਾਰਨ ਇੱਥੇ ਮਰੀਜ਼ ਘੱਟ ਹੀ ਆਉਂਦੇ ਹਨ।
ਆਮ ਪੇਂਡੂ ਤੇ ਸ਼ਹਿਰੀ ਲੋਕ ''''ਆਮ ਆਦਮੀ ਕਲੀਨਿਕ'''' ਵਿਚ ਮਿਲਦੀਆਂ ਸਿਹਤ ਸਹੂਲਤਾਂ ਤੋਂ ਖੁਸ਼ ਹਨ।
ਲੋਕਾਂ ਦਾ ਕਹਿਣਾ ਹੈ ਕਿ ਉਨਾਂ ਨੂੰ ਇਕ ਛੱਤ ਥੱਲੇ ਹੀ ਦਵਾਈਆਂ ਤੇ ਟੈਸਟ ਵਗੈਰਾ ਦੀ ਸਹੂਲਤ ਮੁਫ਼ਤ ਵਿਚ ਮਿਲ ਰਹੀ ਹੈ।
ਬਠਿੰਡਾ ਸ਼ਹਿਰ ਦੀ ਖੇਤਾ ਸਿੰਘ ਬਸਤੀ ''''ਚ ਨਿਯੁਕਤ ਡਾਕਟਰ ਬਲਵੀਰ ਸਿੰਘ ਕਹਿੰਦੇ ਹਨ, "ਅਸਲ ਵਿਚ ਇਸ ਕਲੀਨਿਕ ''''ਚ ਡਾਕਟਰ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਹਾਜ਼ਰ ਮਿਲਦੇ ਹਨ। ਇਹੀ ਕਾਰਨ ਹੈ ਕਿ ਮਰੀਜ਼ ਨੂੰ ਯਕੀਨ ਹੈ ਕਿ ਇੱਥੇ ਡਾਕਟਰ ਮਿਲਣਗੇ ਪਰ ਹਸਪਤਾਲ ਦੇ ਡਾਕਟਰਾਂ ਦੀ ਡਿਊਟੀ ਕਿਤੇ ਨਾ ਕਿਤੇ ਲੱਗਦੀ ਹੀ ਰਹਿੰਦੀ ਹੈ।"

‘ਹਸਪਤਾਲ ਦੇ ਬੋਰਡ ''''ਤੇ ਸੀਐੱਮ ਦੀ ਫ਼ੋਟੋ ਲੈ ਕੇ ਆਮ ਆਦਮੀ ਕਲੀਨਿਕ ਲਿਖ ਦਿੱਤਾ’
ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਪ੍ਰਾਇਮਰੀ ਹੈਲਥ ਸੈਂਟਰ ਨੂੰ ਰੰਗ-ਰੋਗਨ ਕਰਕੇ ਚਮਕਾਇਆ ਗਿਆ ਹੈ। ਇੱਥੇ ਨਵਾਂ ''''ਆਮ ਆਦਮੀ ਕਲੀਨਿਕ'''' ਖੁਲ੍ਹਣ ਜਾ ਰਿਹਾ ਹੈ।
ਇਸ ਪਿੰਡ ਦੇ ਪੰਚਾਇਤ ਮੈਂਬਰ ਲਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਪਿੰਡ ਦੇ ਪ੍ਰਾਇਮਰੀ ਹੈਲਥ ਸੈਂਟਰ ਲਈ ਪਿੰਡ ਦੀ ਪੰਚਾਇਤ ਨੇ ਕਰੀਬ 20 ਸਾਲ ਪਹਿਲਾਂ ਸਿਹਤ ਵਿਭਾਗ ਨੂੰ ਜ਼ਮੀਨ ਦਿੱਤੀ ਸੀ।
"ਸਾਡੇ ਇੱਥੇ ਹਸਪਤਾਲ ਦੀ ਵਧੀਆ ਇਮਾਰਤ ਹੈ। ਪਿਛਲੇ ਸਮੇਂ ਦੌਰਾਨ ਇੱਥੇ ਦਵਾਈ-ਬੂਟੀ ਘੱਟ ਹੀ ਆਈ ਹੈ। ਸਾਨੂੰ ਤਾਂ ਉਸ ਵੇਲੇ ਪਤਾ ਲੱਗਾ ਜਦੋਂ ਹਸਪਤਾਲ ਦੇ ਬੋਰਡ ''''ਤੇ ਪੋਚਾ ਮਾਰ ਕੇ ਮੁੱਖ ਮੰਤਰੀ ਦੀ ਫ਼ੋਟੋ ਲੈ ਕੇ ਆਮ ਆਦਮੀ ਕਲੀਨਿਕ ਲਿਖ ਦਿੱਤਾ।"
"ਮੇਰਾ ਤਾਂ ਸਵਾਲ ਇਹ ਹੈ ਕੇ ਸਾਡੇ ਹਸਪਤਾਲ ਨੂੰ ਸਿਆਸਤ ਦੀ ਭੇਂਟ ਕਿਉਂ ਚੜ੍ਹਾਇਆ ਗਿਆ ਹੈ? ਜੇ ਸਰਕਾਰ ਚਾਹੁੰਦੀ ਤਾਂ ਮੁੱਖ ਮੰਤਰੀ ਦੀ ਫ਼ੋਟੋ ਲਗਾਏ ਬਗੈਰ ਵੀ ਦਵਾਈਆਂ ਅਤੇ ਟੈਸਟ ਫ਼ਰੀ ਕਰ ਸਕਦੀ ਸੀ। ਲੋਕਾਂ ਦੇ ਪੈਸੇ ਦੀ ਬਰਬਾਦੀ ਕਿਉਂ ਕੀਤੀ ਜਾ ਰਹੀ ਹੈ, ਇਸ ਗੱਲ ਦੀ ਸਮਝ ਨਹੀਂ ਆ ਰਹੀ।"
ਪਿੰਡ ਦੇ ਹੀ ਵਸਨੀਕ ਗੁਰਸੇਵਕ ਸਿੰਘ ਕਹਿੰਦੇ ਹਨ, "ਜੇ ਸਰਕਾਰ ਨੇ ਸਾਨੂੰ ਸਿਹਤ ਸਹੂਲਤ ਦੇਣੀ ਹੀ ਸੀ ਤਾਂ ਉਹ ਉਸੇ ਹਸਪਤਾਲ ਵਿਚ ਦੇ ਸਕਦੀ ਸੀ। ਬੱਸ, ਰਾਜਨੀਤੀ ਹੈ, ਕੀ ਕਰ ਸਕਦੇ ਹਾਂ।"
ਪੰਜਾਬ ਵਿਰਾਸਤ ਮੰਚ ਦੇ ਆਗੂ ਰਾਜਿੰਦਰਪਾਲ ਸਿੰਘ ਥਰਾਜ ਕਹਿੰਦੇ ਹਨ ਕਿ ਸਰਕਾਰ ਹੀ ਜਨਤਾ ਦੇ ਪੈਸੇ ਦੇ ਦੁਰਵਰਤੋਂ ਕਰਕੇ ਆਪਣੇ ''''ਸਿਆਸੀ ਮੁਫਾਦ'''' ਪੂਰੇ ਕਰ ਰਹੀ ਹੈ, ਜੋ ਸਰਾਸਰ ਗਲਤ ਹੈ।
ਇਸ ਸੰਬੰਧ ਵਿਚ ਸਿਹਤ ਵਿਭਾਗ ਦੇ ਅਧਿਕਾਰੀ ਖੁੱਲ੍ਹ ਕਿ ਕੁੱਝ ਵਿਚ ਬੋਲਣ ਤੋਂ ਟਾਲਾ ਵਟਦੇ ਨਜ਼ਰ ਆਏ।
ਆਮ ਆਦਮੀ ਪਾਰਟੀ ਦੀ ਕੀ ਕਹਿਣਾ ਹੈ ?
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੂਬਾ ਆਗੂ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ, "ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਹੀ ਲੋਕਾਂ ਨਾਲ ਅਜਿਹੇ ਕਲੀਨਿਕ ਖੋਲ੍ਹਣ ਦਾ ਵਾਅਦਾ ਕੀਤਾ ਸੀ। ਸਾਡੀ ਪਹਿਲੀ ਸਰਕਾਰ ਹੈ ਜੋ ਆਪਣੇ ਵਾਅਦੇ ਨੂੰ ਇਕ ਸਾਲ ਦੇ ਅੰਦਰ ਹੀ ਪੂਰਾ ਕਰ ਰਹੀ ਹੈ।"