‘ਅੰਧਵਿਸ਼ਵਾਸ’ ਫੈਲਾਉਣ ਦੇ ਇਲਜ਼ਾਮਾਂ ’ਚ ਘਿਰੇ ਬਾਗੇਸ਼ਵਰ ਧਾਮ ਦੇ ਧਿਰੇਂਦਰ ਕ੍ਰਿਸ਼ਨ ਸ਼ਾਸ਼ਤਰੀ ਕੌਣ ਹਨ
Wednesday, Jan 25, 2023 - 08:29 AM (IST)


ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਇਤਿਹਾਸਕ ਖਜੁਰਾਹੋ ਮੰਦਰ ਦੁਨੀਆ ਭਰ ਦੇ ਲੋਕਾਂ ਦਾ ਧਿਆਨ ਖਿੱਚਦੇ ਹਨ। ਇਹ ਮੰਦਰ ਅਤੇ ਇੱਥੋਂ ਦੀਆਂ ਮੂਰਤੀਆਂ ਕਲਾਕਾਰੀ ਦੀ ਸ਼ਾਨਦਾਰ ਉਦਾਹਰਣ ਹਨ।
ਇਸੇ ਖਜੁਰਾਹੋ ਵੱਲ ਦਿੱਲੀ ਤੋਂ ਜਾਂਦੀ ਰੇਲਗੱਡੀ ਅਕਸਰ ਛਤਰਪੁਰ ਦੇ ਕੋਲ ਰੁਕਦੀ ਹੈ।
ਇਹ ਕੋਈ ਸਟੇਸ਼ਨ ਨਹੀਂ ਹੈ, ਇਹ ਤਾਂ ਉਹ ਥਾਂ ਹੈ ਜਿੱਥੇ ਖ਼ਾਸ ਤੌਰ ਉੱਤੇ ਮੰਗਲਵਾਰ, ਸ਼ਨੀਵਾਰ ਨੂੰ ਚੇਨ ਖਿੱਚ ਕੇ ਰੇਲਗੱਡੀ ਰੋਕੀ ਜਾਂਦੀ ਹੈ।
ਰੇਲਗੱਡੀ ਤੋਂ ਵੱਡੀ ਗਿਣਤੀ ਵਿੱਚ ਲੋਕ ਉੱਤਰਦੇ ਹਨ। ਇਨ੍ਹਾਂ ਲੋਕਾਂ ਲਈ ਬੱਸ ਜਾਂ ਆਟੋ, ਟੈਂਪੂ ਆਦਿ ਖੜ੍ਹੇ ਹੁੰਦੇ ਹਨ।
ਇਹ ਲੋਕ ਜਿਸ ਥਾਂ ਜਾ ਰਹੇ ਹਨ, ਉਸ ਦਾ ਨਾਮ ਹੈ ਬਾਗੇਸ਼ਵਰ ਬਾਬਾ ਧਾਮ, ਜਿੱਥੇ 26 ਸਾਲ ਦੇ ‘ਬਾਬਾ’ ਧਿਰੇਂਦਰ ਕ੍ਰਿਸ਼ਣ ਸ਼ਾਸਤਰੀ ਬੈਠਦੇ ਹਨ।
ਧਿਰੇਂਦਰ ਸ਼ਾਸਤਰੀ ਮੁੜ ਚਰਚਾ ਵਿੱਚ ਹਨ। ਕਾਰਨ ਹੈ ਅੰਧਵਿਸ਼ਵਾਸ ਫ਼ੈਲਾਉਣ ਦੇ ਇਲਜ਼ਾਮ ਉਨ੍ਹਾਂ ਦੀ ਹੁੰਦੀ ਮੀਡੀਆ ਕਵਰੇਜ਼। ਇੰਨਾਂ ਹੀ ਨਹੀਂ ਜੋ ਇਲਜ਼ਾਮ ਲੱਗ ਰਹੇ ਹਨ ਉਨ੍ਹਾਂ ’ਤੇ ਧਿਰੇਂਦਰ ਸ਼ਾਸਤਰੀ ਦੇ ਜਵਾਬ ਵੀ ਚਰਚਾ ਵਿੱਚ ਹਨ।
ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਧਿਰੇਂਦਰ ਸ਼ਾਸਤਰੀ ਖ਼ਬਰਾਂ ਵਿੱਚ ਹਨ।
ਉਨ੍ਹਾਂ ਦੇ ਤਾੜੀ ਵਜਾਉਣ ਦਾ ਅੰਦਾਜ਼, ਪਰਚੇ ਉੱਤੇ ਭਗਤਾਂ ਦੇ ਸਵਾਲ ਲਿਖਣਾ, ਸਨਾਤਨ ਧਰਮ ਦੀਆਂ ਗੱਲਾਂ ਕਰਨਾ, ਚਮਤਕਾਰ ਦਿਖਾਓਣਾ, ਕੇਂਦਰੀ ਮੰਤਰੀਆਂ ਨੂੰ ਆਸ਼ੀਰਵਾਦ ਦੇਣਾ, ਅਜੀਬ ਜਿਹਾ ਵਤੀਰਾ, ਵਿਵਾਦਤ ਬਿਆਨ ਤੇ ਜ਼ਮੀਨ ਉੱਤੇ ਕਬਜ਼ੇ ਦੇ ਇਲਜ਼ਾਮ ਧਿਰੇਂਦਰ ਸ਼ਾਸਤਰੀ ਦੀ ਸ਼ਖ਼ਸੀਅਤ ਦੀਆਂ ਕੁਝ ਪਰਤਾਂ ਖੋਲ੍ਹਦੇ ਹਨ।
ਇਸ ਕਹਾਣੀ ਵਿੱਚ ਅਸੀਂ ਧਿਰੇਂਦਰ ਸ਼ਾਸ਼ਤਰੀ ਦੀ ਜ਼ਿੰਦਗੀ ਤੇ ਸ਼ਖ਼ਸੀਅਤ ਦੀਆਂ ਅਜਿਹੀਆਂ ਹੀ ਕੁਝ ਪਰਤਾਂ ਹੋਰ ਬਾਰੀਕੀ ਨਾਲ ਫ਼ਰੋਲਣ ਦੀ ਕੋਸ਼ਿਸ਼ ਕਰਾਂਗੇ।
ਗ਼ਰੀਬੀ ’ਚ ਸਾਧ ਬਣਨ ਤੋਂ ਲੈ ਕੇ ਜਹਾਜ਼ ਤੱਕ ਦਾ ਸਫ਼ਰ

ਖਜੁਰਾਹੋ ਮੰਦਰ ਤੋਂ ਕਰੀਬ 35 ਕਿਲੋਮੀਟਰ ਦੀ ਦੂਰੀ ਉੱਤੇ ਇੱਕ ਪਿੰਡ ਹੈ, ਗੜ੍ਹਾ। ਇਸੇ ਪਿੰਡ ਵਿੱਚ ਰਾਮਕ੍ਰਿਪਾਲ ਅਤੇ ਸਰੋਜ ਦੇ ਘਰ ਸਾਲ 1996 ਵਿੱਚ ਧਿਰੇਂਦਰ ਪੈਦਾ ਹੋਏ।
ਧਿਰੇਂਦਰ ਘਰ ਤੋਂ ਸਕੂਲ ਲਈ ਨਿਕਲਦੇ ਪਰ ਪਹੁੰਚ ਮੰਦਰ ਜਾਂਦੇ ਸਨ। ਛੋਟੀ ਉਮਰ ਤੋਂ ਹੀ ਧਿਰੇਂਦਰ ਧੋਤੀ-ਕੁੜਤਾ ਪਹਿਨਣ ਲੱਗ ਪਏ ਸਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧਿਰੇਂਦਰ ਬੇਹੱਦ ਗ਼ਰੀਬ ਪਰਿਵਾਰ ਤੋਂ ਸਨ, ਪਰਿਵਾਰ ਕਈ ਵਾਰ ਮੰਗ ਕੇ ਖਾਣਾ ਖਾਂਦਾ ਸੀ।
ਧਿਰੇਂਦਰ ਸ਼ਾਸਤਰੀ ਦੀ ਵੈੱਬਸਾਈਟ ਮੁਤਾਬਕ, ‘‘ਧਿਰੇਂਦਰ ਸ਼ਾਸਤਰੀ ਦਾ ਬਚਪਨ ਤੰਗਹਾਲੀ ਵਿੱਚ ਬੀਤਿਆ। ਕਰਮਕਾਂਡੀ ਪਰਿਵਾਰ ਸੀ, ਪੂਜਾ ਪਾਠ ਵਿੱਚ ਜੋ ਭੇਟਾਂ ਮਿਲ ਜਾਂਦੀ, ਉਸੇ ਨਾਲ ਪੰਜ ਲੋਕਾਂ ਦਾ ਪਰਿਵਾਰ ਚਲਦਾ।’’
ਧਿਰੇਂਦਰ ਕੁੱਲ ਤਿੰਨ ਭਰਾ-ਭੈਣ ਹਨ। ਧਿਰੇਂਦਰ ਸਭ ਤੋਂ ਵੱਡੇ ਹਨ। ਰੀਤਾ ਗਰਗ ਅਤੇ ਸ਼ਾਲੀਗ੍ਰਾਮ ਗਰਗ, ਧਿਰੇਂਦਰ ਦੇ ਭੈਣ-ਭਰਾ ਹਨ।
ਭੈਣ ਦਾ ਵਿਆਹ ਹੋ ਚੁੱਕਿਆ ਹੈ ਅਤੇ ਭਰਾ ਆਸ਼ਰਮ ਦਾ ਕੰਮ ਦੇਖਦੇ ਹਨ।
ਗੜ੍ਹਾ ਪਿੰਡ ਵਿੱਚ ਧਿਰੇਂਦਰ ਦੀ ਉਮਰ ਦੇ ਕੁਝ ਨੌਜਵਾਨਾਂ ਨੇ ਬੀਬੀਸੀ ਨੂੰ ਦੱਸਿਆ, ‘‘ਜ਼ਿਆਦਾਤਰ ਤਾਂ ਉਹ ਪੰਡਤ ਦਾ ਕੰਮ ਹੀ ਕਰਦੇ ਸਨ। ਪਰ ਹਾਂ, ਕਦੇ-ਕਦੇ ਕ੍ਰਿਕਟ ਵੀ ਖੇਡਦੇ ਸੀ। ਅੱਠਵੀਂ ਤੱਕ ਦੀ ਪੜ੍ਹਾਈ ਗੜ੍ਹਾ ਦੇ ਸਰਕਾਰੀ ਸਕੂਲ ਵਿੱਚ ਹੋਈ।’’
ਧਿਰੇਂਦਰ ਦੇ ਦਾਦਾ ਸੈਤੂ ਲਾਲ ਗਰਗ ਵੀ ਪੂਜਾ-ਪਾਠ ਅਤੇ ਧਾਰਮਿਕ ਕੰਮ ਕਰਦੇ ਸੀ। ਦਾਦਾ ਤੋਂ ਪੰਡਤ ਦੇ ਕੰਮ ਦੇ ਗੁਣ ਧਿਰੇਂਦਰ ਨੇ ਸਿੱਖੇ ਅਤੇ ਘੱਟ ਉਮਰ ਵਿੱਚ ਹੀ ਇਸ ਕੰਮ ਵੱਲ ਲੱਗ ਗਏ।
ਇੱਕ ਵੀਡੀਓ ਵਿੱਚ ਧਿਰੇਂਦਰ ਸ਼ਾਸਤਰੀ ਦੱਸਦੇ ਹਨ, ‘‘ਤਿੰਨ ਵਾਰ ਲਗਾਤਾਰ ਸਾਡੇ ਸੁਪਨੇ ਵਿੱਚ ਦਾਦਾ ਜੀ ਮਹਾਰਾਜ ਆਏ। ਮੈਨੂੰ ਅਗਿਆਤਵਾਸ (ਕਿਤੇ ਦੂਰ) ਜਾਣ ਲਈ ਕਿਹਾ। ਉਦੋਂ ਮੈਂ ਜਾਣਦਾ ਨੀਂ ਸੀ ਕਿ ਅਗਿਆਤਵਾਸ ਕੀ ਹੁੰਦਾ ਹੈ। ਫ਼ਿਰ ਪਤਾ ਲੱਗਿਆ ਪਾਂਡਵਾਂ ਨੇ ਵੀ ਅਜਿਹਾ ਕੀਤਾ ਸੀ। ਉਦੋਂ ਸਮਝ ਆਇਆ ਕਿ ਅਗਿਆਤਵਾਸ ਨਾਲ ਵੀ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਹੋ ਸਕਦਾ ਹੈ। ਮੈਂ ਜਦੋਂ ਅਗਿਆਤਵਾਸ ਤੋਂ ਪਰਤਿਆ ਤਾਂ ਦਰਬਾਰ ਲਗਾਉਣ ਲੱਗਿਆ। ਲੋਕਾਂ ਦਾ ਸਾਥ ਮਿਲਦਾ ਰਿਹਾ।’’
ਧਿਰੇਂਦਰ ਸ਼ਾਸਤਰੀ ਦੇ ਨਾਲ ਸਕੂਲ ਵਿੱਚ ਪੜ੍ਹ ਚੁੱਕੇ ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ, ‘‘ਸਕੂਲ ਵਿੱਚ ਧਿਰੇਂਦਰ ਮੇਰੇ ਤੋਂ ਇੱਕ ਕਲਾਸ ਛੋਟਾ ਸੀ। ਪਤਾ ਨਹੀਂ ਕਿ ਦੱਸਵੀਂ ਪਾਸ ਹੋਇਆ ਕਿ ਨਹੀਂ। ਪਹਿਲਾਂ ਤਾਂ ਉੱਥੇ ਹੀ ਘੁੰਮਦਾ ਹੁੰਦਾ ਸੀ। ਪੜ੍ਹਾਈ ਵਿੱਚ ਵੀ ਕੋਈ ਬਹੁਤ ਖ਼ਾਸ ਨਹੀਂ ਸੀ। ਕਹਿੰਦਾ ਸੀ ਕਿ ਵੱਡੇ ਹੋਕੇ ਧੰਦਾ ਕਰਨਾ ਹੈ।’’
‘‘ਫ਼ਿਰ ਪਤਾ ਨਹੀਂ ਕਿੱਥੇ ਇੱਕ ਸਾਲ ਤੱਕ ਗਾਇਬ ਹੋ ਗਿਆ ਸੀ। ਪਰਤਿਆ ਤਾਂ ਵੱਖਰਾ ਹੀ ਸੀ। ਹੌਲੀ-ਹੌਲੀ ਵਿਧਾਇਕਾਂ, ਰਸੂਖ਼ਦਾਰਾਂ ਦਾ ਆਉਣਾ ਸ਼ੁਰੂ ਹੋਇਆ। ਤੁਸੀਂ ਇਹ ਸਮਝੋ ਕਿ ਇਹ ਬਣਿਆ ਤਾਂ ਕਾਂਗਰਸ ਦੇ ਆਗੂਆਂ ਕਾਰਨ ਹੈ ਪਰ ਅੱਜ ਜੋ ਹੋ ਰਿਹਾ ਹੈ, ਉਸ ਵਿੱਚ ਭਾਜਪਾ ਦਾ ਰੋਲ ਹੈ। ਨਹੀਂ ਤਾਂ ਪੰਜ ਸਾਲ ਪਹਿਲਾਂ ਤੱਕ ਸਾਈਕਲ, ਮੋਟਰ-ਸਾਈਕਲ ਉੱਤੇ ਘੁੰਮਦਾ ਸੀ।’’
ਧਿਰੇਂਦਰ ਸ਼ਾਸਤਰੀ ਦੀ ਵੈੱਬਸਾਈਟ ਉੱਤੇ ਲਿਖਿਆ ਹੈ, ‘‘ਗੁਰੂਦੇਵ (ਧਿਰੇਂਦਰ) ਨੂੰ ਆਪਣੀ ਪੜ੍ਹਾਈ ਬਚਪਨ ਵਿੱਚ ਹੀ ਛੱਡਣੀ ਪਈ। ਤਿੰਨ ਭਰਾ-ਭੈਣਾਂ ਵਿੱਚ ਸਭ ਤੋਂ ਵੱਡੇ ਗੁਰੂਦੇਵ ਦਾ ਬਚਪਨ ਪਰਿਵਾਰ ਦੇ ਖਰਚੇ ਚੁੱਕਣ ਵਿੱਚ ਲੰਘਿਆ। ਫ਼ਿਰ ਇੱਕ ਦਿਨ ਦਾਦਾ ਗੁਰੂ ਦੇ ਆਸ਼ੀਰਵਾਦ ਨਾਲ ਬਾਲਾਜੀ ਮਹਾਰਾਜ ਦੀ ਸੇਵਾ ਵਿੱਚ ਲੱਗ ਗਏ।’’
ਇਸ ਸੇਵਾ ਦਾ ਫ਼ਲ ਕਿੰਨਾ ਮਿੱਠਾ ਹੈ? – ਇਸ ਬਾਰੇ ਧਿਰੇਂਦਰ ਸ਼ਾਸਤਰੀ ਦੀ ਮੌਜੂਦਾ ਜ਼ਿੰਦਗੀ ਜਵਾਬ ਦਿੰਦੀ ਹੈ। ਧਿਰੇਂਦਰ ਸ਼ਾਸਤਰੀ ਹੁਣ ਜਹਾਜ਼ ਅਤੇ ਕਈ ਵਾਰ ਪ੍ਰਾਈਵੇਟ ਜੈੱਟ ਰਾਹੀਂ ਸਫ਼ਰ ਕਰਦੇ ਹਨ। ਭਾਰਤ ਤੋਂ ਲੈ ਕੇ ਲੰਡਨ ਤੱਕ ਉਨ੍ਹਾਂ ਦਾ ਸਤਿਕਾਰ ਹੁੰਦਾ ਹੈ।
ਜਦੋਂ ਧਿਰੇਂਦਰ ਸ਼ਾਸਤਰੀ ਕਿਤੇ ਜਾਂਦੇ ਹਨ ਤਾਂ ਦਰਜਨਾ ਗੱਡੀਆਂ ਦਾ ਕਾਫ਼ਿਲਾ ਨਾਲ ਚੱਲਦਾ ਹੈ। ਪਰ ਇਹ ਸਭ ਸੰਭਵ ਕਿਵੇਂ ਹੋਇਆ?
ਪ੍ਰਾਚੀਨ ਸ਼ਿਵ ਮੰਦਰ ਅਤੇ ਬਾਲਾਜੀ ਦਾ ਮੰਦਰ

ਗੜ੍ਹਾ ਵਿੱਚ ਧਿਰੇਂਦਰ ਸ਼ਾਸਤਰੀ ਦਾ ਜਿੱਥੇ ਦਰਬਾਰ ਹੈ, ਉਸੇ ਥਾਂ ਕੋਲ ਇੱਕ ਪ੍ਰਾਚੀਨ ਸ਼ਿਵ ਮੰਦਰ ਹੈ।
ਇਸੇ ਮੰਦਰ ਵਿੱਚ ਸਨਿਆਸੀ ਬਾਬਾ ਹੁੰਦੇ ਸਨ, ਜਿਨ੍ਹਾਂ ਦੀ ਵਿਰਾਸਤ ਅਤੇ ਆਸ਼ੀਰਵਾਦ ਨੂੰ ਅੱਗੇ ਵਧਾਉਣ ਦੀਆਂ ਗੱਲਾਂ ਧਿਰੇਂਦਰ ਸ਼ਾਸ਼ਤਰੀ ਕਰਦੇ ਨਜ਼ਰ ਆਉਂਦੇ ਹਨ।
ਇਸੇ ਸ਼ਿਵ ਮੰਦਰ ਕੰਪਲੈਕਸ ਵਿੱਚ ਬਾਲਾਜੀ ਦਾ ਵੀ ਇੱਕ ਮੰਦਰ ਹੈ, ਜਿਸ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਇਹ ਨਵੀਂ ਉਸਾਰੀ ਹੈ।
ਅਜਿਹੇ ਵੀ ਮੌਜੂਦ ਹਨ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਸਾਲ ਪਹਿਲਾਂ ਤੱਕ ਇਸ ਥਾਂ ਉੱਤੇ ਸ਼ਿਵ ਮੰਦਰ ਤਾਂ ਸੀ, ਪਰ ਬਾਲਾਜੀ ਦਾ ਮੰਦਰ ਹੁਣ ਵਾਲੇ ਮੰਦਰ ਤੋਂ ਕੁਝ ਅਲੱਗ ਬਣਿਆ ਹੋਇਆ ਸੀ।
ਧਿਰੇਂਦਰ ਇਸ ਥਾਂ ਤੋਂ ਕੁਝ ਦੂਰੀ ’ਤੇ ਬੈਠਦੇ ਹਨ।
ਚੰਦਲਾ ਵਿਧਾਨ ਸਭਾ ਦੇ ਸਾਬਕਾ ਵਿਧਾਇਕ ਅਤੇ ਮੌਜੂਦਾ ਭਾਜਪਾ ਵਿਧਾਇਕ ਰਾਜੇਸ਼ ਪ੍ਰਜਾਪਤੀ ਦੇ ਪਿਤਾ ਆਰਡੀ ਪ੍ਰਜਾਪਤੀ ਨੇ ਬੀਬੀਸੀ ਨਾਲ ਗੱਲਬਾਤ ਕੀਤੀ।
ਆਰਡੀ ਪ੍ਰਜਾਪਤੀ ਧਿਰੇਂਦਰ ਸ਼ਾਸਤਰੀ ਖਿਲਾਫ਼ ਬੋਲਣ ਤੇ ਪ੍ਰਚਾਰ ਕਰਨ ਪਹਿਲਾਂ ਵੀ ਮੋਹਰੀ ਰਹੇ ਹਨ।
ਆਰਡੀ ਪ੍ਰਜਾਪਤੀ ਕਹਿੰਦੇ ਹਨ, ‘‘ਇਸ ਥਾਂ ਉੱਤੇ ਸ਼ੰਕਰ ਜੀ ਦਾ ਮੰਦਰ ਸੀ। ਨਾਲ ਹੀ ਹਨੁਮਾਨ ਜੀ ਦੀ ਮੂਰਤੀ ਸੀ। ਧਿਰੇਂਦਰ ਦੇ ਬਾਬਾ ਇੱਥੇ ਪੂਜਾ ਕਰਦੇ ਸਨ। ਇਨ੍ਹਾਂ ਲੋਕਾਂ ਕੋਲ ਘਰ ਵਗੈਰਾ ਕੁਝ ਨਹੀਂ ਸੀ। ਕੋਲ ਹੀ ਇੱਕ ਕਮਿਊਨਿਟੀ ਭਵਨ ਸੀ, ਜਿਸ ਵਿੱਚ ਇਹ ਲੋਕ ਰਹਿੰਦੇ ਸਨ। ਪੂਜਾ ਪਾਠ ਕਰਦੇ ਸਨ। ਪਿੰਡ ਵਾਲੇ ਮਦਦ ਕਰ ਦਿੰਦੇ ਸਨ, ਹੌਲੀ-ਹੌਲੀ ਇਨ੍ਹਾਂ ਨੇ ਦਰਬਾਰ ਲਗਾਉਣਾ ਸ਼ੁਰੂ ਕਰ ਦਿੱਤਾ।’’
ਗੜ੍ਹਾ ਦੇ ਰਹਿਣ ਵਾਲੇ ਉਮਾਸ਼ੰਕਰ ਪਟੇਲ ਬੀਬੀਸੀ ਨੂੰ ਕਹਿੰਦੇ ਹਨ, ‘‘ਧਿਰੇਂਦਰ ਉੱਤੇ ਬਾਬਾ ਦੀ ਕਿਰਪਾ ਹੋਈ, ਉਦੋਂ ਤੋਂ ਸਭ ਬਦਲ ਗਿਆ।’’
ਕਈ ਮੌਕਿਆਂ ’ਤੇ ਧਿਰੇਂਦਰ ਸ਼ਾਸਤਰੀ ਨੇ ਰਾਮਭਦਰਾਚਾਰਿਆ ਜੀ ਮਹਾਰਾਜ ਨੂੰ ਆਪਣਾ ਗੁਰੂ ਦੱਸਿਆ ਹੈ।
ਰਾਮਭਦਰਾਚਾਰਿਆ ਬਚਪਨ ਤੋਂ ਨੇਤਰਹੀਨ ਹਨ ਅਤੇ ਉਨ੍ਹਾਂ ਦੇ ਭਗਤਾਂ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵਰਗੇ ਲੋਕ ਵੀ ਸ਼ਾਮਲ ਹਨ।
ਇੰਟਰਨੈੱਟ ਤੋਂ ਸਫ਼ਲਤਾ ਦਾ ਰਾਹ
ਜਿਸ ਤਰ੍ਹਾਂ ਭਾਰਤ ਵਿੱਚ ਇੰਟਰਨੈੱਟ ਦਾ ਇਸਤੇਮਾਲ ਵਧਿਆ, ਉਸ ਦਾ ਫ਼ਾਇਦਾ ਧਿਰੇਂਦਰ ਨੂੰ ਵੀ ਮਿਲਿਆ।
ਧਿਰੇਂਦਰ ਦੇ ਵੀਡੀਓ ਯੂ-ਟਿਊਬ, ਵਟਸਐਪ ਅਤੇ ਫ਼ਿਰ ਸੰਸਕਾਰ ਚੈਨਲ ਰਾਹੀਂ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚੇ। ਸੋਸ਼ਲ ਮੀਡੀਆ ਨੇ ਵੀ ਅਹਿਮ ਭੂਮਿਕਾ ਅਦਾ ਕੀਤੀ।
ਅੱਜ ਧਿਰੇਂਦਰ ਦੇ ਜ਼ਿਆਦਾਤਰ ਵੀਡੀਓਜ਼ ਉੱਤੇ ਲੱਖਾਂ ਵਿਊਜ਼ ਹਨ। ਯੂ-ਟਿਊਬ ਉੱਤੇ 37 ਲੱਖ ਤੋਂ ਜ਼ਿਆਦਾ ਸਬਸਕ੍ਰਾਈਬਰ ਅਤੇ ਤਿੰਨ ਸਾਲ ਵਿੱਚ 54 ਕਰੋੜ ਤੋਂ ਜ਼ਿਆਦਾ ਵਿਊਜ਼ ਹਨ।
ਫੇਸਬੁੱਕ ਉੱਤੇ ਬਾਗੇਸ਼ਵਰ ਧਾਮ ਦੇ 30 ਲੱਖ, ਟਵਿੱਟਰ ਉੱਤੇ 60 ਹਜ਼ਾਰ ਅਤੇ ਇੰਸਟਾਗ੍ਰਾਮ ਉੱਤੇ 2 ਲੱਖ ਤੋਂ ਜ਼ਿਆਦਾ ਫੋਲੋਅਰਜ਼ ਹਨ।
ਧਿਰੇਂਦਰ ਸ਼ਾਸਤਰੀ ਅਤੇ ਬਾਬਾ ਬਾਗੇਸ਼ਵਰ ਧਾਮ ਦੀ ਟੀਮ ਇੰਟਰਨੈੱਟ ਨੂੰ ਕਿੰਨਾ ਸਮਝਦੀ ਹੈ? – ਆਓ ਇਸ ਦੇ ਕੁਝ ਉਦਾਰਹਣਾਂ ਸਮਝੀਏ....
ਬਾਬਾ ਬਾਗੇਸ਼ਵਰ ਧਾਮ ਦੀ ਵੈੱਬਸਾਈਟ ਗੂਗਲ ਸਰਚ ਨੂੰ ਧਿਆਨ ਵਿੱਚ ਰੱਖ ਕੇ ਡਿਜ਼ਾਈਨ ਹੋਈ ਹੈ।
ਸੌਖੀ ਭਾਸ਼ਾ ਵਿੱਚ ਇਹ ਸਮਝ ਲਓ ਕਿ ਗੂਗਲ ਉੱਤੇ ਲੋਕ ਕੀ ਲਿਖ ਕੇ ਸਰਚ ਕਰਦੇ ਹੋਣਗੇ, ਕਿਸ ਸਵਾਲ ਨੂੰ ਸਭ ਤੋਂ ਜ਼ਿਆਦਾ ਸਰਚ ਕਰਦੇ ਹੋਣਗੇ ਅਤੇ ਕਿਹੜੇ ਕੀਵਰਡ (ਸ਼ਬਦਾਂ) ਦੇ ਨਾਲ ਲੱਭਦੇ ਹੋਣਗੇ, ਇਸ ਦਾ ਧਿਆਨ ਰੱਖਿਆ ਗਿਆ ਹੈ।
ਅਜਿਹਾ ਇਸ ਲਈ ਤਾਂ ਜੋ ਗੂਗਲ ਉੱਤੇ ਕੋਈ ਸਰਚ ਕੇ ਤਾਂ ਸਿੱਧਾ ਧਿਰੇਂਦਰ ਦੀ ਵੈੱਬਸਾਈਟ ਉੱਤੇ ਪਹੁੰਚੇ।

23 ਜਨਵਰੀ ਨੂੰ ਵੈੱਬਸਾਈਟ ਦੇ ਹੋਮ ਪੇਜ ਉੱਤੇ ‘ਬਾਗੇਸ਼ਵਰ ਧਾਮ ਸ਼੍ਰੀ ਯੰਤ੍ਰਮ’ ਦਾ ਪ੍ਰਚਾਰ ਹੋ ਰਿਹਾ ਸੀ।
ਇਸ ਪ੍ਰਚਾਰ ਵਿੱਚ ਦਾਅਵਾ ਸੀ ਕਿ ਇਹ ਯੰਤਰ ਭਾਰਤ ਦੇ ਸਿਰਫ਼ ਪੰਜ ਹਜ਼ਾਰ ‘ਭਾਗਾਂ ਵਾਲੇ’ ਲੋਕਾਂ ਨੂੰ ਹੀ ਮਿਲੇਗਾ ਅਤੇ ਇਸ ਨੂੰ ਘਰ ਵਿੱਚ ਰੱਖਣ ਨਾਲ ਗ਼ਰੀਬੀ ਦੂਰ ਹੋਵੇਗੀ।
ਰਜਿਸਟ੍ਰੇਸ਼ਨ ਕਰਨ ਲਈ ਜਿੱਥੇ ਕਲਿੱਕ ਕਰਵਾਇਆ ਜਾਂਦਾ ਹੈ, ਉੱਥੇ ਆਪਣਾ ਫ਼ੋਨ ਨੰਬਰ ਅਤੇ ਨਾਮ ਲਿਖਣ ’ਤੇ ਸੰਸਕਾਰ ਟੀਵੀ ਦੀ ਵੈੱਬਸਾਈਟ ਉੱਤੇ ਅਕਾਊਂਟ ਬਣ ਜਾਂਦਾ ਹੈ।
ਇਹ ਸੰਸਕਾਰ ਟੀਵੀ ਹੋਈ ਹੈ, ਜਿਸ ਦੇ ਮਾਲਕ ਯੋਗ ਗੁਰੂ ਅਤੇ ਉਦਯੋਗਪਤੀ ਰਾਮਦੇਵ ਹਨ।
ਵਿਵਾਦਾਂ ਵਿੱਚ ਘਿਰੇ ਧਿਰੇਂਦਰ ਦੇ ਸਮਰਥਨ ਵਿੱਚ ਰਾਮਦੇਵ ਵੀ ਆਏ ਹਨ। ਰਾਮਦੇਵ ਨੇ ਕਿਹਾ, ‘‘ਹਰ ਥਾਂ ਪਾਖੰਡ ਨਹੀਂ ਲੱਭਣਾ ਚਾਹੀਦਾ।’’
ਯੂ-ਟਿਊਬ ਵਿੱਚ ਥੰਬਨੇਲ ਭਾਵ ਵੀਡੀਓ ਪਲੇਅ ਕਰਨ ਤੋਂ ਪਹਿਲਾਂ ਦਿਖਣ ਵਾਲੀ ਤਸਵੀਰ ਕਾਫ਼ੀ ਅਹਿਮ ਮੰਨੀ ਜਾਂਦੀ ਹੈ।
ਜੇ ਤੁਸੀਂ ਬਾਗੇਸ਼ਵਰ ਧਾਮ ਦੇ ਯੂ-ਟਿਊਬ ਚੈਨਲ ਦੇ ਵੀਡੀਓਜ਼ ਉੱਤੇ ਨਜ਼ਰ ਮਾਰੋਗੇ, ਤਾਂ ਉਹ ਸਰਚ ਅਤੇ ਲੋਕਾਂ ਦੇ ਮਿਜਾਜ਼ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਲਗਦੇ ਹਨ। ਕੁਝ ਉਦਾਹਰਣ ਇਸ ਤਰ੍ਹਾਂ ਹਨ....
- ਲਵੇਰੀਆ ਵਾਲੇ ਮੁੰਡੇ ਦੀ ਮੁਰਾਦ ਪੂਰੀ ਹੋਈ
- ਅਮੀਰ ਬਣਨ ਦੇ 10 ਉਪਾਅ
- ਸੱਸ-ਨੂੰਹ ਦੇ ਝਗੜੇ ਦੇ ਉਪਾਅ
- ਕਰਜ਼ ਮੁਕਤ ਹੋਵੋਗੇ ਅਤੇ ਵਪਾਰ ਚੱਲੇਗਾ
- ਲਕਸ਼ਮੀ ਘਰ ਵਿੱਚ ਕਿਉਂ ਨਹੀਂ ਰੁਕਦੀ?
- ਕੁੜੀ ਨੂੰ ਕਿਉਂ ਕਿਹਾ – ਵਿਆਹ ਤਾਂ ਬਾਅਦ ਐਨਾ ਨਾ ਬੋਲਣਾ
ਧਿਰੇਂਦਰ ਸ਼ਾਸਤਰੀ ਦੇ ਦਰਬਾਰ ’ਚ ਜਾਣ ਦੀ ਪ੍ਰਕਿਰਿਆ

ਇੰਟਰਨੈੱਟ ਤੋਂ ਪਰੇ ਗੱਲ ਕਰੀਏ ਤਾਂ ਧਿਰੇਂਦਰ ਦੇ ਦੀਵਾਨਿਆਂ ਵਿੱਚ ਜ਼ਮੀਨ ਉੱਤੇ ਵੀ ਕਾਫ਼ੀ ਲੋਕ ਦਿਖਦੇ ਹਨ।
ਧਿਰੇਂਦਰ ਦੇ ਚਚੇਰੇ ਭਰਾ ਲੋਕੇਸ਼ ਗਰਗ ਬੀਬੀਸੀ ਨਾਲ ਗੱਲ ਕਰਦਿਆਂ ਦੱਸਦੇ ਹਨ, ‘‘ਹਰ ਰੋਜ਼ ਲਗਭਗ 10-15 ਹਜ਼ਾਰ ਲੋਕ ਬਾਗੇਸ਼ਵਰ ਧਾਮ ਆਉਂਦੇ ਹਨ। ਜਦੋਂ ਗੁਰੂ ਜੀ ਮਹਾਰਾਜ (ਧਿਰੇਂਦਰ) ਰਹਿੰਦੇ ਹਨ ਤਾਂ ਮੰਗਲਵਾਰ, ਸ਼ਨੀਵਾਰ ਨੂੰ ਇੱਥੇ ਆਉਣ ਵਾਲਿਆਂ ਦੀ ਗਿਣਤੀ ਡੇਢ-ਦੋ ਲੱਖ ਤੋਂ ਜ਼ਿਆਦਾ ਹੁੰਦੀ ਹੈ।’’
ਜਨਵਰੀ ਵਿੱਚ ਛਤੀਸਗੜ੍ਹ ਦੇ ਦਰਬਾਰ ਪਹੁੰਚੇ ਇੱਕ ਪੱਤਰਕਾਰ ਨੇ ਦੱਸਿਆ ਕਿ ਸਮਾਗਮ ਵਿੱਚ ਤਿੰਨ ਲੱਖ ਤੋਂ ਜ਼ਿਆਦਾ ਲੋਕ ਪਹੁੰਚੇ ਸਨ।
ਪਰ ਇਨ੍ਹਾਂ ਦਰਬਾਰਾਂ ਵਿੱਚ ਪਹੁੰਚਿਆਂ ਕਿਵੇਂ ਜਾਂਦਾ ਹੈ ਅਤੇ ਪੂਰੀ ਪ੍ਰਕਿਰਿਆ ਕੀ ਹੈ? – ਇਸ ਦੀ ਜਾਣਕਾਰੀ ਬਾਬਾ ਬਾਗੇਸ਼ਵਰ ਧਾਮ ਦੀ ਵੈੱਬਸਾਈਟ ਉੱਤੇ ਹੈ।
ਵੈੱਬਸਾਈਟ ਮੁਤਾਬਕ, ਬਾਗੇਸ਼ਵਰ ਧਾਮ ਵਿੱਚ ਸਮੇਂ-ਸਮੇਂ ਉੱਤੇ ਟੋਕਨ ਦਿੱਤੇ ਜਾਂਦੇ ਹਨ। ਕਮੇਟੀ ਮਹਾਰਾਜ ਦੇ ਫ਼ੈਸਲੇ ਤੋਂ ਬਾਅਦ ਸ਼ਰਧਾਲੂਆਂ ਨੂੰ ਟੋਕਨ ਸਬੰਧੀ ਤਰੀਕ ਦੱਸ ਦੇਂਦੀ ਹੈ।
ਇਹ ਜਾਣਕਾਰੀ ਦਰਬਾਰ ਅਤੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਂਦੀ ਹੈ। ਟੋਕਨ ਪੇਟੀ ਵਿੱਚ ਸ਼ਰਧਾਲੂਆਂ ਨੂੰ ਆਪਣਾ ਨਾਮ, ਪਿਤਾ ਦਾ ਨਾਮ, ਪਿੰਡ, ਜ਼ਿਲ੍ਹਾ, ਪਿਨ ਕੋਡ ਅਤੇ ਫ਼ੋਨ ਨੰਬਰ ਪਾਉਣਾ ਹੁੰਦਾ ਹੈ।
ਫ਼ਿਰ ਜਿਸ ਦਾ ਟੋਕਨ ਲਗਦਾ ਹੈ, ਉਸ ਨੂੰ ਕਮੇਟੀ ਸੰਪਰਕ ਕਰਦੀ ਹੈ। ਜਿਸ ਦਿਨ ਦਾ ਟੋਕਨ, ਉਸੇ ਦਿਨ ਬਾਗੇਸ਼ਵਰ ਧਾਮ ਜਾਣਾ ਹੋਵੇਗਾ।
ਵੈੱਬਸਾਈਟ ਵਿੱਚ ਲਿਖਿਆ ਹੈ, ‘‘ਗੁਰੂਦੇਵ ਖ਼ੁਦ ਦੱਸ ਦਿੰਦੇ ਹਨ ਕਿ ਕਿੰਨੀ ਪੇਸ਼ੀ ਕਰਨੀ ਹੈ ਪਰ ਘੱਟੋ-ਘੱਟ ਪੰਜ ਮੰਗਲਵਾਰ ਪੇਸ਼ੀ ਕਰਨ ਦਾ ਹੁਕਮ ਹਰ ਭਗਤ ਨੂੰ ਆਉਂਦਾ ਹੈ।’’
ਇਹ ਪ੍ਰਕਿਰਿਆ ਬਿਨਾਂ ਪੈਸਿਆਂ ਦੇ ਹੈ।
ਬਾਗੇਸ਼ਵਰ ਧਾਮ ਦੀ ਵੈੱਬਸਾਈਟ ਧਿਰੇਂਦਰ ਸ਼ਾਸਤਰੀ ਵੱਲੋਂ ਕੁਝ ਹੋਰ ਕੰਮ ਕੀਤੇ ਜਾਣ ਦਾ ਵੀ ਦਾਅਵਾ ਕਰਦੀ ਹੈ ਅਤੇ ਇਹ ਕੰਮ ਬਾਗੇਸ਼ਵਰ ਧਾਮ ਵਿੱਚ ਚੜ੍ਹਨ ਵਾਲੇ ਰੁਪੱਈਆਂ ਦੇ ਅੱਧੇ ਹਿੱਸੇ ਅਤੇ ਦਾਨ ਦੇ ਪੈਸਿਆਂ ਨਾਲ ਕੀਤੇ ਜਾਂਦੇ ਹਨ। ਜਿਵੇਂ....
- ਗਊ ਰੱਖਿਆ
- ਗ਼ਰੀਬ ਕੁੜੀਆਂ ਦੇ ਵਿਆਹ
- ਮੰਗਲਵਾਰ, ਸ਼ਨੀਵਾਰ ਨੂੰ ਭੁੱਖਿਆਂ ਲਈ ਭੰਡਾਰਾ
- ਵਾਤਾਵਰਨ ਲਈ ਬਾਗੇਸ਼ਵਰ ਬਗੀਚਾ
- ਵੈਦਿਕ ਗੁਰੂਕੁਲ ਬਣਾਉਣ ਦੀ ਯੋਜਨਾ
ਧਿਰੇਂਦਰ ਸ਼ਾਸਤਰੀ ਦੀ ‘ਮਜ਼ਬੂਤ’ ਹੁੰਦੀ ਜ਼ਮੀਨ

ਇਨ੍ਹਾਂ ਟੋਕਨਾਂ ਅਤੇ ਬਾਗੇਸ਼ਵਰ ਧਾਮ ਵਿੱਚ ਲੋਕਾਂ ਦੀ ਸ਼ਰਧਾ ਇਸ ਕਦਰ ਵੱਧ ਰਹੀ ਹੈ ਕਿ ਗੜ੍ਹਾ ਪਿੰਡ ਵਿੱਚ ਜ਼ਮੀਨ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ।
ਗੜ੍ਹਾ ਵਿੱਚ ਦੁਕਾਨਾਂ ਅਤੇ ਹੋਰ ਸੁਵਿਧਾਵਾਂ ਵੀ ਤੇਜ਼ੀ ਨਾਲ ਵਧੀਆਂ ਹਨ।
ਆਲਮ ਇਹ ਹੈ ਕਿ ਇੱਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਦੇ ਕਾਰਨ ਜ਼ਮੀਨ ਦੀਆਂ ਕੀਮਤਾਂ ਕਾਫ਼ੀ ਵਧੀਆਂ ਹਨ।
ਜਿੱਥੇ ਜ਼ਮੀਨ ਹੁੰਦੀ ਹੈ, ਉੱਥੇ ਵਿਵਾਦ ਦੇ ਖ਼ਦਸ਼ੇ ਹੁੰਦੇ ਹਨ। ਧਿਰੇਂਦਰ ਸ਼ਾਸਤਰੀ ਵੀ ਇਸ ਤੋਂ ਅਲੱਗ ਨਹੀਂ ਹਨ।
ਚੰਦਲਾ ਦੇ ਸਾਬਕਾ ਵਿਧਾਇਕ ਆਰਡੀ ਪ੍ਰਜਾਪਤੀ ਇਲਜ਼ਾਮ ਲਗਾਉਂਦੇ ਹਨ, ‘‘ਗੜ੍ਹਾ ਵਿੱਚ ਜੋ ਸਰਕਾਰੀ ਜ਼ਮੀਨ ਸੀ, ਉਸ ਉੱਤੇ ਧਿਰੇਂਦਰ ਸ਼ਾਸਤਰੀ ਨੇ ਆਪਣੀ ਉਸਾਰੀ ਕਰਵਾ ਲਈ।’’
ਧਿਰੇਂਦਰ ਸ਼ਾਸਤਰੀ ਉੱਤੇ ਜ਼ਮੀਨ ਕਬਜ਼ਾਉਣ ਦੇ ਇਲਜ਼ਾਮ ਕੁਝ ਸਥਾਨਕ ਲੋਕਾਂ ਨੇ ਵੀ ਲਗਾਏ ਸੀ ਅਤੇ ਧਰਨਾ ਵੀ ਦਿੱਤਾ ਸੀ। ਇਸ ਬਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ।
ਇਹ ਮਾਮਲਾ ਅਦਾਲਤ ਤੱਕ ਪਹੁੰਚਿਆ ਅਤੇ ਅਦਾਲਤ ਨੇ ਆਰਡਰ ਜਾਰੀ ਕਰਦਿਆਂ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਾ ਕਰਨ ਦਾ ਹੁਕਮ ਦਿੱਤਾ ਸੀ।
ਇਸ ਕੇਸ ਨੂੰ ਦਰਜ ਕਰਵਾਉਣ ਵਾਲੇ ਕਈ ਲੋਕਾਂ ਵਿੱਚ 26 ਸਾਲ ਦੇ ਸੰਤੋਸ਼ ਸਿੰਘ ਵੀ ਸਨ।
ਸੰਤੋਸ਼ ਸਿੰਘ ਨੇ ਬੀਬੀਸੀ ਨੂੰ ਕਿਹਾ, ‘‘ਇਸ ਥਾਂ ਉੱਤੇ ਸਾਡੀਆਂ ਦੁਕਾਨਾਂ ਸਨ। ਇੱਕ ਰਾਤ ਇਹ ਲੋਕ ਆਏ ਅਤੇ ਦੁਕਾਨਾਂ ਹਟਵਾ ਦਿੱਤੀਆਂ। ਸਾਨੂੰ ਪਤਾ ਹੀ ਨਹੀਂ ਲੱਗਿਆ। ਅਸੀਂ ਕਲੈਕਟਰ ਕੋਲ ਵੀ ਗਏ ਪਰ ਕੋਈ ਸੁਣਵਾਈ ਨਹੀਂ ਹੋਈ। ਅਸੀਂ ਧਰਨੇ ਉੱਤੇ ਵੀ ਬੈਠੇ, ਇਹ ਜਗ੍ਹਾਂ ਮੰਦਰ ਦੇ ਪਿੱਛੇ ਹੈ। ਫ਼ਿਰ ਕੁਝ ਦਿਨ ਪਹਿਲਾਂ ਹੀ ਇਨ੍ਹਾਂ ਨੇ ਸਾਨੂੰ ਕਿਹਾ ਕਿ ਜ਼ਮੀਨ ਸਾਨੂੰ ਦੇ ਦਿਓ ਅਤੇ ਰਜਿਸਟਰੀ ਸਾਡੇ ਨਾਮ ਕਰ ਦਿਓ, ਇਸ ਲਈ ਹੁਣ ਸਾਡੇ ਪਿਤਾ, ਚਾਚਿਆਂ ਨੇ ਲਗਭਗ 30 ਲੱਖ ਰੁਪਏ ਵਿੱਚ ਇਹ ਜ਼ਮੀਨ ਵੇਚ ਦਿੱਤੀ ਹੈ।’’
ਸਰਕਾਰੀ ਜ਼ਮੀਨ, ਤਾਲਾਬ ਅਤੇ ਸ਼ਮਸ਼ਾਨ

ਧਿਰੇਂਦਰ ਦੀ ਵੈੱਬਸਾਈਟ ਉੱਤੇ ਵਾਤਾਵਰਨ ਲਈ ਬੂਟੇ, ਪੌਦੇ ਲਗਾਉਣ ਦੀਆਂ ਗੱਲ ਹੁੰਦੀ ਹੈ। ਪਰ ਗੜ੍ਹਾ ਵਿੱਚ ਹੀ ਉਨ੍ਹਾਂ ਉੱਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਦੇ ਵੀ ਇਲਜ਼ਾਮ ਹਨ।
ਗੜ੍ਹਾ ਵਿੱਚ ਇੱਕ ਤਾਲਾਬ ਹੈ ਅਤੇ ਨਾਲ ਹੀ ਮੰਦਰ ਦੇ ਕੋਲ ਸ਼ਮਸ਼ਾਨ ਵੀ ਸੀ।
ਆਰਡੀ ਪ੍ਰਜਾਪਤੀ ਇਲਜ਼ਾਮ ਲਗਾਉਂਦੇ ਹਨ, ‘‘ਪਿੰਡ ਵਿੱਚ ਇੱਕ ਤਾਲਾਬ ਸੀ, ਸ਼ਮਸ਼ਾਨ ਸੀ...ਉਸ ਉੱਤੇ ਕਬਜ਼ਾ ਕਰ ਲਿਆ। ਪਿੰਡ ਦੇ ਕਮਿਊਨਿਟੀ ਭਵਨ ਉੱਤੇ ਵੀ ਕਬਜ਼ਾ ਕੀਤਾ। ਇਹ ਅਜਿਹਾ ਇਲਾਕਾ ਹੈ, ਜਿੱਥੇ ਕੁਰੀਤੀਆਂ ਅਤੇ ਅੰਧ ਵਿਸ਼ਵਾਸ ਅੱਜ ਵੀ ਹੈ। ਪੰਜ ਰੁਪਏ ਦੇ ਲਾਕੇਟ ਨੂੰ ਪੰਜ ਹਜ਼ਾਰ ਤਾਂ ਕਦੇ 51 ਹਜ਼ਾਰ ਰੁਪਏ ਵਿੱਚ ਦੇਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਕਰੋੜਾਂ ਵਿੱਚ ਖੇਡ ਗਏ ਤੇ ਇਸ ਤਰ੍ਹਾਂ ਇਨ੍ਹਾਂ ਦਾ ਧੰਦਾ ਚੱਲਣ ਲੱਗਿਆ।’’
ਧਿਰੇਂਦਰ ਸ਼ਾਸਤਰੀ ਉੱਤੇ ਲੱਗੇ ਇਨ੍ਹਾਂ ਇਲਜ਼ਾਮਾਂ ਨੂੰ ਲੈਕੇ ਬੀਬੀਸੀ ਨੇ ਛਤਰਪੁਰ ਦੇ ਜ਼ਿਲ੍ਹਾ ਅਧਿਕਾਰੀ ਨਾਲ ਸੰਪਰਕ ਕੀਤਾ, ਪਰ ਖ਼ਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਆਇਆ।
ਜਵਾਬ ਆਉਣ ਉੱਤੇ ਉਨ੍ਹਾਂ ਦਾ ਪੱਖ ਕਹਾਣੀ ਵਿੱਚ ਅਪਡੇਟ ਕੀਤਾ ਜਾਵੇਗਾ।
ਧਿਰੇਂਦਰ ਦੇ ਚਚੇਰੇ ਭਰਾ ਅਤੇ ਉਨ੍ਹਾਂ ਦੀ ਟੀਮ ਦੇ ਅਹਿਮ ਮੈਂਬਰ ਲੋਕੇਸ਼ ਗਰਗ ਕਬਜ਼ਿਆਂ ਦੇ ਇਲਜ਼ਾਮਾਂ ਨੂੰ ਰੱਦ ਕਰਦੇ ਹਨ।
ਲੋਕੋਸ਼ ਬੀਬੀਸੀ ਨੂੰ ਕਹਿੰਦੇ ਹਨ, ‘‘ਸ਼ਮਸ਼ਾਨ ਦੀ ਜ਼ਮੀਨ ਅਤੇ ਤਾਲਾਬ ਅੱਜ ਵੀ ਹਨ। ਸਵੱਛ ਭਾਰਤ ਮੁਹਿੰਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਸ਼ਮਸ਼ਾਨ ਦੀ ਜ਼ਮੀਨ ਦੀ ਸਫ਼ਾਈ ਕਰਵਾਈ ਸੀ। ਅਸੀਂ ਜਿੱਥੇ ਰਹਿੰਦੇ ਹਾਂ, ਉਹ ਥਾਂ ਵੀ ਸਾਡੇ ਦਾਦਾਜੀ ਨੇ ਬਣਵਾਈ ਸੀ। ਰਹੀ ਗੱਲ ਅੰਧ ਵਿਸ਼ਵਾਸ ਦੀ ਤਾਂ ਲੋਕ ਖੜ੍ਹਾ ਕਰਦੇ ਹਨ ਕਿਸੇ ਨੂੰ ਭੀੜ ਵਿੱਚੋਂ, ਅਸੀਂ ਥੋੜਾ ਕਹਿੰਦੇ ਹਾਂ ਇਸ ਨੂੰ ਲਿਆਓ ਜਾਂ ਉਸ ਨੂੰ ਲਿਆਓ। ਇਹ ਤਾਂ ਬਾਲਾਜੀ ਦੀ ਕਿਰਪਾ ਹੈ।’’
ਗੜ੍ਹਾ ਤੋਂ ਨਿਕਲ ਕੇ ਹੁਣ ਦੂਜੇ ਸ਼ਹਿਰ ਵਿੱਚ ਨੌਕਰੀ ਕਰ ਰਹੇ ਇੱਕ ਵਿਅਕਤੀ ਨੇ ਬੀਬੀਸੀ ਨੂੰ ਦੱਸਿਆ, ‘‘ਇਨ੍ਹਾਂ ਲੋਕਾਂ ਕੋਲ ਐਨਾ ਪੈਸਾ ਅਤੇ ਜ਼ਮੀਨ ਕਿੱਥੇ ਸੀ ਕਿ ਇਹ ਕਮਿਊਨਿਟੀ ਭਵਨ ਬਣਾ ਦੇਣ। ਜੇ ਇਨ੍ਹਾਂ ਨੇ ਹੇਠਲੀ ਮੰਜ਼ਿਲ ਉੱਤੇ ਪੁਤਾਈ ਆਦਿ ਨਹੀਂ ਕਰਵਾਈ ਹੋਵੇਗੀ ਤਾਂ ਅਜੇ ਵੀ ਦਿਖ ਜਾਵੇਗਾ ਕਿ ਉਹ ਸਰਕਾਰੀ ਥਾਂ ਹੈ।’’
ਜ਼ਮੀਨ ਨਾਲ ਜੁੜੇ ਵਿਵਾਦ ਉੱਤੇ ਲੋਕੇਸ਼ ਕਹਿੰਦੇ ਹਨ, ‘‘ਜਦੋਂ ਕੋਈ ਅੱਗੇ ਜਾਂਦਾ ਹੈ ਤਾਂ ਉਸ ਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਰਚੀ ਜਾਂਦੀ ਹੈ। ਜੋ ਜ਼ਮੀਨ ਹੈ ਉਹ ਮੰਦਰ ਦੇ ਲਈ ਪਹਿਲਾਂ ਤੋਂ ਹੀ ਸੀ। ਕੋਈ ਵਿਰੋਧੀ ਹੁੰਦਾ ਹੈ, ਉਨ੍ਹਾਂ ਦੇ ਕਹਿਣ ਉੱਤੇ ਕੁਝ ਲੋਕ ਬੋਲ ਰਹੇ ਸਨ। ਪਰ ਜਦੋਂ ਸੱਚ ਪਤਾ ਚੱਲਿਆ ਤਾਂ ਉਹ ਲੋਕ ਪਿੱਛੇ ਹੱਟ ਗਏ।’’
ਇਸੇ ਦਰਮਿਆਨ ਗੜ੍ਹਾ ਨੂੰ ਸ਼ਰਧਾਲੂਆਂ ਲਈ ਤਿਆਰ ਕਰਨ ਦੀ ਕੋਸ਼ਿਸ਼ ਵੀ ਤੇਜ਼ ਹੋਈ। ਇਨ੍ਹਾਂ ਕੋਸ਼ਿਸ਼ਾਂ ਦੀ ਇੱਕ ਹਕੀਕਚ ਸਥਾਨਕ ਲੋਕਾਂ ਦੀ ਵੀ ਹੈ।
ਉਮਾਸ਼ੰਕਰ ਦਾ ਜੱਦੀ ਘਰ ਗੜ੍ਹਾ ਵਿੱਚ ਹੈ ਅਤੇ ਪਰਿਵਾਰ ਹੁਣ ਛਤਰਪੁਰ ਵਿੱਚ ਰਹਿੰਦਾ ਹੈ।
ਉਮਾਸ਼ੰਕਰ ਕਹਿੰਦੇ ਹਨ, ‘‘ਪਿੰਡ ਵਿੱਚ ਸਾਲਾਂ ਤੋਂ ਲੋਕ ਆਪਣੇ ਘਰਾਂ ਵਿੱਚ ਹੀ ਰਹਿੰਦੇ ਹਨ, ਕੋਈ ਦਸਤਾਵੇਜ਼ ਥੋੜਾ ਹੁੰਦਾ ਹੈ। ਪਹਿਲਾਂ ਸਰਪੰਚ ਨੇ ਜਿੱਥੇ ਕਹਿ ਦਿੱਤਾ, ਲੋਕ ਉੱਥੇ ਘਰ ਬਣਾ ਲੈਂਦੇ ਸਨ। ਹੁਣ ਇਹ ਲੋਕ ਮਸ਼ਹੂਰ ਹੋ ਗਏ ਤਾਂ ਦਸਤਾਵੇਜ਼ਾਂ ਦਾ ਮੁੱਦਾ ਬਣਾ ਕੇ ਰਾਹ ਵਿੱਚ ਜੋ ਵੀ ਘਰ ਆਏ, ਉਨ੍ਹਾਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਹਟਵਾ ਦਿੱਤਾ। ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਤਾਂ ਜਵਾਬ ਮਿਲਿਆ ਕਿ ਜਾਂਚ ਚੱਲ ਰਹੀ ਹੈ।’’
ਤਾਲਾਬ ਅਤੇ ਸ਼ਮਸ਼ਾਨ ਘਾਟ ਬਾਰੇ ਵੀ ਉਮਾਸ਼ੰਕਰ ਗੱਲ ਕਰਦੇ ਹਨ।
ਉਹ ਕਹਿੰਦੇ ਹਨ, ‘‘ਸ਼ਮਸ਼ਾਨ ਦੀ ਥਾਂ ਉੱਤੇ ਕੁਝ ਸਮਾਂ ਪਹਿਲਾਂ ਇਨ੍ਹਾਂ ਲੋਕਾਂ ਨੇ ਕਿਹਾ ਕਿ ਇੱਥੇ ਯੱਗ ਕਰਵਾਉਣਾ ਹੈ, ਲੋਕ ਆਉਣਗੇ ਤਾਂ ਚੀਜ਼ਾਂ ਹਟਾ ਦਿਓ। ਬਾਅਦ ਵਿੱਚ ਫ਼ਿਰ ਇਸਤੇਮਾਲ ਕਰ ਲੈਣਾ। ਇਨ੍ਹਾਂ ਨੇ ਉਸ ਥਾਂ ਉੱਤੇ ਵੱਡੀ ਵੇਦੀ ਖੜ੍ਹੀ ਕਰ ਦਿੱਤੀ। ਹੁਣ ਕਹਿੰਦੇ ਹਨ ਕਿ ਯੱਗ ਦੀ ਵੇਦੀ ਹੈ, ਇਸ ਨੂੰ ਅਸੀਂ ਹਟਾ ਨਹੀਂ ਸਕਦੇ। ਖ਼ੁਦ ਵੇਦੀ ਹਟਾਈ ਤਾਂ ਇਹ ਧਰਮ ਦੇ ਖ਼ਿਲਾਫ਼ ਹੋਵੇਗਾ।’’
ਗੜ੍ਹਾ ਵਿੱਚ ਵਧਦੇ ਵਪਾਰ ਅਤੇ ਬਜ਼ਾਰ ਉੱਤੇ ਧਿਰੇਂਦਰ ਸ਼ਾਸਤਰੀ ਦਾ ਕਿੰਨਾ ਦਖ਼ਲ ਹੈ? ਕੁਝ ਸਥਾਨਕ ਲੋਕਾਂ ਨੇ ਇਸੇ ਜਨਵਰੀ 2023 ਦਾ ਇੱਕ ਵਾਕਿਆ ਦੱਸਿਆ।
ਗੜ੍ਹਾ ਦੀਆਂ ਦੁਕਾਨਾਂ ਵਿੱਚ ਪਾਣੀ ਦੀ ਸਪਲਾਈ ਨੇੜਲੇ ਇੱਕ ਇਲਾਕੇ ਤੋਂ ਹੁੰਦੀ ਹੈ। ਪਾਣੀ ਦਾ ਵੱਡਾ ਕੈਨ 20 ਰੁਪਏ ਦਾ ਹੁੰਦਾ ਹੈ। ਇਲਜ਼ਾਮ ਹੈ ਕਿ ਧਿਰੇਂਦਰ ਸ਼ਾਸਤਰੀ ਦੀ ਟੀਮ ਦੇ ਲੋਕਾਂ ਨੇ 20 ਰੁਪਏ ਦੇ ਇੱਕ ਕੈਨ ਮਗਰ ਪੰਜ ਰੁਪਏ ਕਮੀਸ਼ਨ ਮੰਗੀ ਸੀ।
ਗੜ੍ਹਾ ਪਿੰਡ ਦੇ ਇੱਕ ਵਿਅਕਤੀ ਨੇ ਦੱਸਿਆ, ‘‘ਇਸ ਬਾਰੇ ਸਥਾਨਕ ਲੋਕਾਂ ਸੋਸ਼ਲ ਮੀਡੀਆ ਪੋਸਟ ਲਿਖੀ। ਉਸ ਵੇਲੇ ਜਿਹੜੇ ਲੋਕਾਂ ਨਾਲ ਵਿਵਾਦ ਹੋਇਆ ਸੀ ਉਨ੍ਹਾਂ ਨੇ ਮਾਫ਼ੀ ਵੀ ਮੰਗੀ ਤੇ ਪੋਸਟ ਵੀ ਡਿਲੀਟ ਕਰਵਾਈ। ਮਹਾਰਾਜ ਜੀ ਦਾ ਵੀ ਫ਼ੋਨ ਆਇਆ ਤਾਂ ਇਹ ਵਿਵਾਦ ਹੁਣ ਸੁਲਝ ਗਿਆ ਹੈ।’’
ਅਸੀਂ ਇਨ੍ਹਾਂ ਸਾਰੇ ਇਲਜ਼ਾਮਾਂ ਬਾਰੇ ਧਿਰੇਂਦਰ ਸ਼ਾਸਤਰੀ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ, ‘‘ਮਹਾਰਾਜ ਜੀ ਹਾਲੇ ਬਾਹਰ ਹਨ, ਜਦੋਂ ਧਾਮ ਪਰਤਣਗੇ ਉਦੋਂ ਹੀ ਗੱਲ ਹੋ ਸਕੇਗੀ।’ֹ
ਧਿਰੇਂਦਰ ਸ਼ਾਸਤਰੀ ਦੇ ਭਗਤ – ਆਮ ਤੋਂ ਖ਼ਾਸ ਤੱਕ

ਧਿਰੇਂਦਰ ਦੇ ਦਰਬਾਰਾਂ ਵਿੱਚ ਜਾਣ ਵਾਲੇ ਅਤੇ ਭਗਤਾਂ ਦੀ ਲਿਸਟ ਵਿੱਚ ਸਿਰਫ਼ ਆਮ ਲੋਕ ਸ਼ਾਮਲ ਨਹੀਂ ਹਨ।
ਇਹ ਲਿਸਟ ਛਤਰਪੁਰ ਦੇ ਸਥਾਨਕ ਆਗੂਆਂ ਵਿੱਚ ਕਾਂਗਰਸ ਵਿਧਿਆਕ ਆਲੋਕ ਚਤੁਰਵੇਦੀ ਤੋਂ ਸ਼ੁਰੂ ਹੁੰਦੀ ਹੈ, ਜਿਨ੍ਹਾਂ ਦੀ ਧਿਰੇਂਦਰ ਸ਼ਾਸਤਰੀ ਦੇ ਅੱਗੇ ਵਧਣ ਵਿੱਚ ਅਹਿਮ ਭੂਮਿਕਾ ਦੱਸੀ ਜਾਂਦੀ ਹੈ।
ਫ਼ਿਰ ਇਸ ਲਿਸਟ ਵਿੱਚ ਭਾਜਪਾ ਦੇ ਕੈਲਾਸ਼ ਵਿਜੇਵਰਗੀਏ, ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਦੇਵੇਂਦਰ ਫਡਣਵੀਸ, ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਅਤੇ ਨਿਤਿਨ ਗਡਕਰੀ, ਗਿਰਿਰਾਜ ਸਿੰਘ ਵਰਗੇ ਕੇਂਦਰੀ ਆਗੂਆਂ ਦੇ ਨਾਮ ਵੀ ਆਉਂਦੇ ਹਨ।
ਨੇਤਾ ਜਦੋਂ ਧਿਰੇਂਦਰ ਦੇ ਦਰਬਾਰ ਵਿੱਚ ਜਾਂਦੇ ਹਨ ਤਾਂ ਸਿਰਫ਼ ਤਸਵੀਰ ਆਉਂਦੀ ਹੈ। ਪਰ ਜਦੋਂ ਆਮ ਲੋਕ ਦਰਬਾਰ ਵਿੱਚ ਜਾਂਦੇ ਹਨ ਤਾਂ ਕਈ ਤਰ੍ਹਾਂ ਦੇ ਵੀਡੀਓਜ਼ ਸਾਹਮਣੇ ਆਉਂਦੇ ਹਨ।
ਲਗਭਗ ਸਾਰੇ ਵੀਡੀਓਜ਼ ਵਿੱਚ ਸ਼ਰਧਾਲੂ ਧਿਰੇਂਦਰ ਦੇ ਲਿਖੇ ਪਰਚੇ, ਦੱਸੇ ਸਵਾਲ ਅਤੇ ਹੱਲ ਤੋਂ ਸੰਤੁਸ਼ਟ ਦਿਖਦੇ ਹਨ। ਧਿਰੇਂਦਰ ਇਨ੍ਹਾਂ ਤੋਂ ਪੁੱਛਦੇ ਵੀ ਹਨ ਕਿ ਧਾਮ ਵਿੱਚ ਆਉਣ ਤੋਂ ਬਾਅਦ ਕਿੰਨੀ ਜ਼ਿੰਦਗੀ ਬਦਲੀ?
ਸਾਰੇ ਲੋਕ ਹਾਂ ਵਿੱਚ ਜਵਾਬ ਦਿੰਦੇ ਹਨ।
ਅੰਧ ਵਿਸ਼ਵਾਸ ਫੈਲਾਉਣ ਦੇ ਇਲਜ਼ਾਮ ਹਾਲ ਹੀ ਦੇ ਦਿਨਾਂ ਵਿੱਚ ਉਦੋਂ ਹੋਰ ਵੱਧ ਗਏ, ਜਦੋਂ ਅੰਧਸ਼ਰਧਾ ਨਿਰਮੂਲਨ ਕਮੇਟੀ ਦੇ ਸ਼ਿਆਨ ਮਾਨਵ ਨੇ ਧਿਰੇਂਦਰ ਸ਼ਾਸਤਰੀ ਨੂੰ ਉਨ੍ਹਾਂ ਦੇ ਚੁਣੇ ਹੋਏ ਲੋਕਾਂ ਵਿਚਾਲੇ ਚਮਤਕਾਰ ਦਿਖਾਉਣ ਦੀ ਚੁਣੌਤੀ ਦਿੱਤੀ ਸੀ।
ਸ਼ਿਆਮ ਮਾਨਵ ਨੇ ਕਿਹਾ ਸੀ ਕਿ ਜੇ ਧਿਰੇਂਦਰ ਅਜਿਹਾ ਕਰਦੇ ਹਨ ਤਾਂ ਉਹ ਉਨ੍ਹਾਂ ਨੂੰ 30 ਲੱਖ ਰੁਪਏ ਦੇਣਗੇ।
ਇਸ ਐਲਾਨ ਤੋਂ ਬਾਅਦ ਧਿਰੇਂਦਰ ਦੇ ਦੋ ਦਿਨ ਪਹਿਲਾਂ ਹੀ ਆਪਣਾ ਦਰਬਾਰ ਖ਼ਤਮ ਕਰਨ ਦੀ ਗੱਲ ਕਹੀ ਗਈ। ਹਾਲਾਂਕਿ ਧਿਰੇਂਦਰ ਸ਼ਾਸਤਰੀ ਨੇ ਇਸ ਉੱਤੇ ਕਿਹਾ ਕਿ ਪ੍ਰੋਗਰਾਮ ਨੂੰ ਦੋ ਦਿਨ ਪਹਿਲਾਂ ਖ਼ਤਮ ਕਰਨ ਦੀ ਪਹਿਲਾਂ ਤੋਂ ਹੀ ਯੋਜਨਾ ਸੀ।
ਸ਼ਿਆਮ ਮਾਨਵ ਦੀ ਚੁਣੌਤੀ ਅਤੇ ਕੇਸ ਦਰਜ ਕਰਵ ਦੀਆਂ ਖ਼ਬਰਾਂ ਨੇ ਲੋਕਾਂ ਦਾ ਧਿਆਨ ਧਿਰੇਂਦਰ ਵੱਲ ਜ਼ਿਆਦਾ ਖਿੱਚਿਆ।
ਧਿਰੇਂਦਰ ਉੱਤੇ ਭਾਰਤੀ ਮੀਡੀਆ ਦੀ ਕਵਰੇਜ ਸ਼ੁਰੂ ਹੋਈ। ਧਿਰੇਂਦਰ ਵੀ ਪੱਤਰਕਾਰਾਂ ਨੂੰ ਇੰਟਰਵੀਊ ਅਤੇ ਪੱਤਰਕਾਰਾਂ ਦੇ ਚੁਣੇ ਹੋਏ ਲੋਕਾਂ ਦੇ ਪਰਚੇ ਪੜ੍ਹਨ ਲੱਗੇ।
ਛਤੀਸਗੜ੍ਹ ਵਿੱਚ ਧਿਰੇਂਦਰ ਦੇ 20 ਜਨਵਰੀ ਦੇ ਪ੍ਰੋਗਰਾਮ ਵਿੱਚ ਕਈ ਪੱਤਕਾਰ ਸ਼ਾਮਲ ਹੋਏ। ਪੱਤਰਕਾਂ ਦੇ ਸਾਹਮਣੇ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਧਿਰੇਂਦਰ ਦੇ ਕਈ ਵੀਡੀਓ ਵੀ ਵਾਇਰਲ ਹੋਏ।
ਧਿਰੇਂਦਰ ਇਸੇ ਤਰ੍ਹਾਂ ਇੱਕ ਪੱਤਰਕਾਰ ਨੂੰ ਭਗਤਾਂ ਦੀ ਭੀੜ ਵਿੱਚ ਬੈਠੇ ਕਿਸੇ ਫ਼ਰਿਆਦੀ ਨੂੰ ਚੁਣਨ ਲਈ ਕਹਿੰਦੇ ਹਨ।
ਇਸ ਦੌਰਾਨ ਧਿਰੇਂਦਰ ਆਪਣੇ ਕੋਲ ਪਰਚਾ ਲਿਖਣ ਲਗਦੇ ਹਨ। ਜਦੋਂ ਪੱਤਰਕਾਰ ਇੱਕ ਔਰਤ ਨੂੰ ਚੁਣ ਕੇ ਲਿਆਉਂਦੀ ਹੈ ਤਾਂ ਦੱਸਣ ਤੋਂ ਪਹਿਲਾਂ ਹੀ ਧਿਰੇਂਦਰ ਔਰਤ ਦੀ ਸਮੱਸਿਆ ਨੂੰ ਪਰਚੇ ਉੱਤੇ ਲਿਖ ਕੇ ਦਿਖਾ ਦਿੰਦੇ ਹਨ।
ਅਸੀਂ ਇਸ ਮਹਿਲਾ ਰਿਪੋਰਟਰ ਨਾਲ ਗੱਲ ਕੀਤੀ।
ਰਿਪੋਰਟਰ ਕਹਿੰਦੀ ਹੈ, ‘‘ਮੈਂ ਇਨ੍ਹਾਂ ਸਭ ਵਿੱਚ ਯਕੀਨ ਨਹੀਂ ਰੱਖਦੀ। ਨੌਕਰੀ ਹੈ ਇਸ ਲਈ ਉੱਥੇ ਗਈ ਸੀ। ਨਿੱਜੀ ਤੌਰ ਉੱਤੇ ਮੈਨੂੰ ਲਗਦਾ ਹੈ ਕਿ ਅਜਿਹੀ ਕਵਰੇਜ ਨਾਲ ਇਨ੍ਹਾਂ ਬਾਬਿਆਂ ਨੂੰ ਫ਼ਾਇਦਾ ਹੀ ਪਹੁੰਚਦਾ ਹੈ। ਮੈਂ ਜਦੋਂ ਔਰਤ ਨੂੰ ਚੁਣਿਆ ਤਾਂ ਮੈਨੂੰ ਕਿਸੇ ਨੇ ਅਜਿਹਾ ਕਰਨ ਲਈ ਨਹੀਂ ਕਿਹਾ ਸੀ। ਉਹ ਔਰਤ ਜਦੋਂ ਸਟੇਜ ਤੋਂ ਹੇਠਾਂ ਆਈ ਤਾਂ ਮੈਂ ਪੁੱਛਿਆ ਕਿ ਕੀ ਧਿਰੇਂਦਰ ਸ਼ਾਸਤਰੀ ਨੇ ਉਹੀ ਗੱਲਾਂ ਦੱਸੀਆਂ, ਜੋ ਤੁਹਾਡੇ ਮਨ ਵਿੱਚ ਸੀ। ਇਸ ਉੱਤੇ ਮਹਿਲਾ ਨੇ ਹਾਮੀ ਭਰੀ। ਉਹ ਚਮਤਕਾਰ ਸੀ ਜਾਂ ਕੁਝ ਹੋਰ ਇਹ ਲੋਕਾਂ ਨੂੰ ਖ਼ੁਦ ਤੈਅ ਕਰਨਾ ਚਾਹੀਦਾ ਹੈ।’’
ਰਿਪੋਰਟਰ ਮੁਤਾਬਕ, ‘‘ਧਿਰੇਂਦਰ ਨੇ ਪੱਤਰਕਾਰਾਂ ਲਈ ਇੱਕ ਵੱਖਰੀ ਥਾਂ ਬਣਾਈ ਸੀ, ਜਿੱਥੇ ਅਸੀਂ ਖੜ੍ਹੇ ਸੀ। ਫ਼ਿਰ ਅਚਾਨਕ ਬੋਲੇ ਕਿ ਪੱਤਰਕਾਰਾਂ ਨੂੰ ਲੱਗ ਰਿਹਾ ਹੋਵੇਗਾ ਕਿ ਅਸੀਂ ਸਿਰਫ਼ ਆਪਣੇ ਲੋਕਾਂ ਨੂੰ ਬੁਲਾ ਰਹੇ ਹਾਂ, ਤਾਂ ਇੱਕ ਕੰਮ ਕਰੋ ਤੁਸੀਂ ਆਪਣੀ ਪਸੰਦ ਨਾਲ ਜਾਓ, ਕਿਸੇ ਨੂੰ ਵੀ ਚੁਣ ਲਿਆਓ।’’
ਧਿਰੇਂਦਰ ਦਾ ਤਰੀਕਾ, ਵਿਵਹਾਰ, ਬਿਆਨ ਅਤੇ ਵਿਵਾਦ

ਧਿਰੇਂਦਰ ਦਾ ਇੱਕ ਖ਼ਾਸ ਤਰੀਕਾ ਹੈ, ਜੋ ਮੰਦ ਤੋਂ ਹਮੇਸ਼ਾ ਦਿਖਦਾ ਹੈ। ਉਹ ਜ਼ਿਆਦਾਤਰ ਮੌਕਿਆਂ ਉੱਤੇ ਕਿਸੇ ਦਿਲਚਸਪ ਗੱਲ ਨੂੰ ਕਹਿਣ ਦੇ ਤੁਰੰਤ ਬਾਅਦ ਤਾੜੀ ਵਜਾਉਂਦੇ ਹਨ, ਜੈ ਰਾਮ ਬੋਲਦੇ ਹਨ।
ਕਈ ਵਾਰ ਉਹ ਸ਼ਰਧਾਲੂਆਂ ਨਾਲ ਗੱਲ ਕਰਦੇ ਹੋਏ ਬੇਰੁਖ਼ੀ ਵੀ ਅਪਣਾਉਂਦੇ ਹਨ।
ਆਪਣੀ ਸਭਾ ਵਿੱਚ ਧਿਰੇਂਦਰ ਸ਼ਾਸਤਰੀ ਭੂਤ-ਪ੍ਰੇਤਾਂ ਦਾ ਇਲਾਜ ਕਰਨ ਦਾ ਵੀ ਦਾਅਵਾ ਕਰਦੇ ਹਨ। ਉਹ ਮੰਚ ਤੋਂ ਬੁਦਬੁਦਾਉਂਦੇ ਹਨ, ਫੂਕ ਮਾਰਦੇ ਹਨ।
ਭੀੜ ਤੋ ਚੀਕਣ ਦੀ ਆਵਾਜ਼ ਆਉਂਦੀ ਹੈ। ਭੀੜ ਵਿੱਚੋਂ ਉੱਠਦੇ ਮਰਦ, ਔਰਤਾਂ ਚੀਖ਼ਦੇ ਨਜ਼ਰ ਆਉਂਦੇ ਹਨ। ਧਿਰੇਂਦਰ ਕਹਿੰਦੇ ਹਨ – ਇਨ੍ਹਾਂ ਨੂੰ ਹੋਰ ਚਿਮਟੇ ਮਾਰੇ ਜਾਣ, ਜੰਜ਼ੀਰ ਨਾਲ ਇਨ੍ਹਾਂ ਨੂੰ ਜਕੜਿਆ ਜਾਵੇ।
ਸ਼ੋਧ ਕਰਨ ਵਾਲਿਆਂ ਅਤੇ ਡਾਕਟਰਾਂ ਦਾ ਮੰਨਣਾ ਹੈ, ‘‘ਜਦੋਂ ਲੋਕ ਭੂਤਾਂ ਦੀ ਮੌਜੂਦਗੀ ਮਹਿਸੂਸ ਕਰਦੇ ਹਨ, ਉਦੋਂ ਦਿਮਾਗ ਭਟਕ ਰਿਹਾ ਹੁੰਦਾ ਹੈ। ਇਹ ਸ਼ਰੀਰ ਦੀ ਸ਼ਥਿਤੀ ਦਾ ਗ਼ਲਤ ਅੰਦਾਜ਼ਾ ਲਗਾਉਂਦਾ ਹੈ ਅਤੇ ਅਜਿਹਾ ਮੰਨਦਾ ਹੈ ਕਿ ਇਹ ਕਿਸੇ ਹੋਰ ਦਾ ਹੈ।’’
ਧਿਰੇਂਦਰ ਵਾਰ-ਵਾਰ ਜ਼ੋਰ ਦਿੰਦੇ ਹਨ, ‘‘ਅਸੀਂ ਕੋਈ ਚਮਤਕਾਰ ਨਹੀਂ ਕਰਦੇ। ਇਹ ਬਾਲਾਜੀ ਦੀ ਕਿਰਪਾ ਹੈ, ਜੋ ਕਰਦੇ ਹਨ ਉਹ ਹੀ ਕਰਦੇ ਹਨ। ਅਸੀਂ ਨਹੀਂ ਦੱਸ ਰਹੇ, ਬਾਲਾਜੀ ਦੱਸ ਰਹੇ ਹਨ।’’
ਧਿਰੇਂਦਰ ਸਿਰਫ਼ ਸ਼ਰਧਾਲੂਆਂ ਦੀਆਂ ਸਮੱਸਿਆਵਾਂ ਉੱਤੇ ਹੀ ਗੱਲ ਨਹੀਂ ਕਰਦੇ ਹਨ।
ਉਹ ਫ਼ਿਲਮ ਕਸ਼ਮੀਰ ਫਾਈਲਜ਼, ਪਠਾਨ ਤੋਂ ਲੈਕੇ ਹਿੰਦੂ ਰਾਸ਼ਟਰ ਅਤੇ ਸਨਾਤਨ ਧਰਮ ਦੀਆਂ ਗੱਲਾਂ ਵੀ ਕਰਦੇ ਹਨ।
ਇਸੇ ਸਿਲਸਿਲੇ ਵਿੱਚ ਧਿਰੇਂਦਰ ਦਾ ਤਾਜ਼ਾ ਬਿਆਨ 23 ਜਨਵਰੀ ਦਾ ਹੈ।
ਧਿਰੇਂਦਰ ਨੇ ਕਿਹਾ, ‘‘ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਨਾਅਰਾ ਦਿੱਤਾ ਸੀ – ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। ਅਸੀਂ ਅੱਜ ਭਾਰਤ ਦੇ ਇਤਿਹਾਸ ਵਿੱਚ ਨਵਾਂ ਨਾਅਰਾ ਬਣਾਇਆ ਹੈ – ਤੁਸੀਂ ਮੇਰਾ ਸਾਥ ਦਿਓ, ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ। ਭਾਰਤੇ ਦੋ ਲੋਕੋ ਹੁਣ ਚੂੜੀਆਂ ਪਹਿਨ ਕੇ ਘਰੇ ਨਾ ਬੈਠੋ। ਇਹ ਸਿਰਫ਼ ਬਾਗੇਸ਼ਵਰ ਧਾਮ ਉੱਤੇ ਉਂਗਲੀ ਨਹੀਂ ਉੱਠੀ ਹੈ, ਇਹ ਹਰ ਸਨਾਤਨੀ ਉੱਤੇ ਉਂਗਲੀ ਚੁੱਕੀ ਗਈ ਹੈ।’’
ਮਈ 2022 ਵਿੱਚ ਧਿਰੇਂਦਰ ਸ਼ਾਸਤਰੀ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ। ਵੀਡੀਓ ਵਿੱਚ ਇੱਕ ਸ਼ਖ਼ਸ ਧਿਰੇਂਦਰ ਦੇ ਪੈਰ ਛੂਹੰਦਿਆਂ ਦਿਖਦਾ ਹੈ। ਧਿਰੇਂਦਰ ਉਸ ਨੂੰ ਰੋਕ ਕੇ ਕਹਿੰਦੇ ਹਨ, ‘‘ਛੂਹਣਾ ਨਾ ਸਾਨੂੰ, ਅਛੂਤ ਆਦਮੀ ਹੈ...ਜੈ ਹੋ।’’
ਇਸ ਉੱਤੇ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਧਿਰੇਂਦਰ ਛੂਆਛੂਤ ਵਿੱਚ ਯਕੀਨ ਰੱਖਦੇ ਹਨ।
ਹਾਲਾਂਕਿ ਧਿਰੇਂਦਰ ਇਸ ਉੱਤੇ ਬੋਲੇ, ‘‘ਸਾਡੇ ਕੋਲ ਬਾਬਾ ਜੀ ਦਾ ਗੱਦਾ ਹੁੰਦਾ ਹੈ ਤਾਂ ਅਸੀਂ ਛੂਆਛੂਤ ਤੋਂ ਬਚਦੇ ਹਾਂ। ਬਹੁਤ ਸਾਰੇ ਲੋਕ ਸ਼ਰਾਬ ਪੀ ਕੇ ਜਾਂ ਪਿਆਜ਼, ਲਸਣ ਵਗੈਰਾ ਖਾ ਕੇ ਆਉਂਦੇ ਹਨ। ਅਸੀਂ ਹਰ ਇੱਕ ਵਿੱਚ ਰਾਮ ਦੇਖਦੇ ਹਾਂ ਤਾਂ ਫ਼ਿਰ ਅਸੀਂ ਰਾਮ ਜੀ ਤੋਂ ਪ੍ਰਣਾਮ ਕਿਵੇਂ ਕਰਵਾਈਏ? ਅਸੀਂ ਉਸ ਦਰਬਾਰ ਤੋਂ ਉੱਠੇ ਹਾਂ ਜਿੱਥੇ ਨਾ ਕੋਈ ਛੋਟਾ ਹੈ ਅਤੇ ਨਾ ਕੋਈ ਵੱਡਾ।’’
ਕਈ ਵਾਰ ਧਿਰੇਂਦਰ ਆਪਣੇ ਮੰਚਾਂ ਤੋਂ ਮੁਸਲਮਾਨਾਂ ਉੱਤੇ ਵੱਖਰੀ ਤਰ੍ਹਾਂ ਦੀ ਪ੍ਰਤਿਕਿਰਿਆ ਦਿੰਦੇ ਹੋਏ ਵੀ ਦਿਖਦੇ ਹਨ। ਉਹ ‘ਘਰ ਵਾਪਸੀ’ ਦੀ ਵੀ ਗੱਲ ਕਰਦੇ ਹਨ।
ਇੱਕ ਵੀਡੀਓ ਵਿੱਚ ਦਿਖਦਾ ਹੈ ਕਿ ਸੁਲਤਾਨਾ ਨਾਮ ਦੀ ਔਰਤ ਖ਼ੁਦ ਨੂੰ ਛਤੀਸਗੜ੍ਹ ਦੀ ਦੱਸਦੀ ਹੈ ਅਤੇ ਕਹਿੰਦੀ ਹੈ ਕਿ ਮੈਂ ਮੁਸਲਮਾਨ ਹਾਂ, ਪਰ ਮੂਰਤੀ ਅਤੇ ਤਸਵੀਰ ਪੂਜਦੀ ਹਾਂ ਤਾਂ ਮੇਰੇ ਪਰਿਵਾਰ ਵਾਲੇ ਗੁੱਸਾ ਹੁੰਦੇ ਹਨ।
ਮੰਚ ਤੋਂ ਧਿਰੇਂਦਰ ਪੁੱਛਦੇ ਹਨ – ਤੁਸੀਂ ਹਿੰਦੂ ਧਰਮ ਵਿੱਚ ਕਿਉਂ ਜਾਣਾ ਚਾਹੁੰਦੇ ਹੋ? ਔਰਤ ਜਵਾਬ ਦਿੰਦੀ ਹੈ – ਕਿਉਂਕਿ ਹਿੰਦੂ ਧਰਮ ਤੋਂ ਚੰਗਾ ਕੁਝ ਨਹੀਂ।
ਧਿਰੇਂਦਰ ਸ਼ਾਸਤਰੀ ਦੇ ਕੁਝ ਵਿਵਾਦਤ ਬਿਆਨਾਂ ਉੱਤੇ ਇੱਕ ਨਜ਼ਰ...
- 33 ਕਰੋੜ ਦੇਵੀ ਦੇਵਤਾ ਹਨ ਤਾਂ ਚੰਨ੍ਹ ਨੂੰ ਪੁਜਣ ਦੀ ਕੀ ਲੋੜ?
- ਡਰਪੋਕ ਹਿੰਦੂਓ ਉੱਠ ਜਾਓ, ਜਾ ਜਾਓ....ਹਥਿਆਰ ਚੁੱਕ ਲਓ, ਕਹਿ ਦਿਓ – ਅਸੀਂ ਸਾਰੇ ਇੱਕ ਹਾਂ
- ਸਰਕਾਰ ਕਦੋਂ ਤੱਕ ਬੁਲਡੋਜ਼ਰ ਨਾਲ ਢਾਹੇਗੀ...ਹਿੰਦੂਆਂ ਨੂੰ ਢਾਹੁਣਾ ਹੋਵੇਗਾ
- ਸਾਰੇ ਹਿੰਦੂਓ ਇੱਕ ਹੋ ਜਾਓ ਅਤੇ ਪੱਥਰ ਮਾਰਨੇ ਵਾਲਿਆਂ ਦੇ ਘਰ ਉੱਤੇ ਬੁਲਡੋਜ਼ਰ ਚਲਵਾਓ
ਧਿਰੇਂਦਰ ਸ਼ਾਸਤਰੀ ਜੋ ਕਰਦੇ ਹਨ, ਉਸ ਨੂੰ ਕੀ ਕਹਿੰਦੇ ਹਨ?

ਸ਼ਾਇਦ ਤੁਸੀਂ ਸੋਚ ਰਹੇ ਹੋਵੋਗੇ ਕਿ ਧਿਰੇਂਦਰ ਜੋ ਕਰਦੇ ਹਨ, ਉਹ ਅਸਲ ਵਿੱਚ ਹੈ ਕੀ? ਇਸ ਸਵਾਲ ਦੇ ਕਈ ਜਵਾਬ ਹਨ।
ਧਿਰੇਂਦਰ ਤੋਂ ਪੁੱਛੋਗੇ ਤਾਂ ਜਵਾਬ ਮਿਲੇਗਾ – ਅਸੀਂ ਕੁਝ ਨਹੀਂ ਕਰ ਰਹੇ, ਸਭ ਬਾਲਾਜੀ ਕਰ ਰਹੇ ਹਨ ਅਤੇ ਸਾਡੇ ਤੋਂ ਕਰਵਾ ਰਹੇ ਹਨ।
ਸ਼ਰਧਾਲੂਆਂ ਨੂੰ ਪੁੱਛੋਗੇ ਤਾਂ ਜਵਾਬ ਮਿਲੇਗਾ – ਚਮਤਕਾਰ ਹੈ!
ਵਿਗਿਆਨ, ਮਨੋਵਿਗਿਆਨਕਾਂ ਅਤੇ ਜਾਦੂਗਰਾਂ ਨੂੰ ਪੁੱਛੋਗੇ ਤਾਂ ਜਵਾਬ ਬਿਲਕੁਲ ਅਲੱਗ ਮਿਲੇਗਾ।
ਇੱਕ ਕਲਾ ਹੁੰਦੀ ਹੈ,ਜਿਸ ਦਾ ਨਾਮ ਹੈ – ਮੇਂਟਲਿਜ਼ਮ, ਇਸ ਨੂੰ ਮਾਈਂਡ ਰਿਡੀਂਗ ਭਾਵ ਦਿਮਾਹ ਨੂੰ ਪੜ੍ਹਨਾ ਵੀ ਕਹਿੰਦੇ ਹਨ।
ਇਸ ਕਾਲਾ ਨੂੰ ਜਾਣਨ ਵਾਲਾ ਇਨਸਾਨ ਸਾਹਮਣੇ ਵਾਲੇ ਦੇ ਹਾਵ-ਭਾਵ, ਸ਼ਬਦਾਂ ਦੀ ਵਰਤੋਂ, ਬੋਲੀ ਦੇ ਆਧਾਰ ਉੱਤੇ ਸਾਹਮਣੇ ਵਾਲੇ ਦੇ ਦਿਮਾਗ ਨੂੰ ਪੜ੍ਹ ਸਕਦਾ ਹੈ।
ਇਸੇ ਕਲਾ ਦੀ ਇੱਕ ਕਲਾਕਾਰ ਅਤੇ ਯੂ-ਟਿਊਬਰ ਮੁੰਬਈ ਵਿੱਚ ਰਹੀ ਸੁਹਾਨੀ ਸ਼ਾਹ ਹਨ। ਉਹ ਅੱਜ ਕੱਲ ਟੀਵੀ ਚੈਨਲਾਂ ਉੱਤੇ ਵੀ ਦਿਖੇ।
ਸੁਹਾਨੀ ਆਪਣੇ ਯੂ-ਟਿਊਬ ਵੀਡੀਓਜ਼ ਅਤੇ ਸ਼ੋਅ ਵਿੱਚ ਬਿਨਾਂ ਸਾਹਮਣੇ ਵਾਲੇ ਦੇ ਕਹੇ ਉਸ ਨਾਲ ਜੁੜੀਆਂ ਕੁਝ ਗੱਲਾਂ ਦੱਸਦਿਆਂ ਦਿਖਦੇ ਹਨ।
ਸੁਹਾਨੀ ਸ਼ਾਹ ਬੀਬੀਸੀ ਨੂੰ ਕਹਿੰਦੇ ਹਨ, ‘‘ਜਾਦੂ ਦੇ ਅੰਦਰ ਕਈ ਜੌਨਰ ਹੁੰਦੇ ਹਨ। ਮੇਂਟਲਿਜ਼ਮ ਵੀ ਉਸੇ ਵਿੱਚੋਂ ਇੱਕ ਹੈ। ਮੈਂ 32 ਸਾਲ ਦੀ ਹਾਂ ਅਤੇ 7 ਸਾਲ ਦੀ ਉਮਰ ਤੋਂ ਜਾਦੂ ਦੀ ਟ੍ਰਿਕਸ ਕਰ ਰਹੀ ਹਾਂ। ਲੰਘੇ 10 ਸਾਲਾਂ ਵਿੱਚ ਮੇਂਟਲਿਜ਼ਮ ਉੱਤੇ ਕੰਮ ਕਰ ਰਹੀ ਹਾਂ। ਮੇਂਟਲਿਜ਼ਮ ਵਿੱਚ ਕਈ ਤਕਨੀਕ ਹੁੰਦੀਆਂ ਹਨ। ਕਈ ਵਾਰ ਅੱਖਾਂ ਦੀ ਮੂਵਮੇਂਟ, ਹਾਵ-ਭਾਵ, ਬੋਲਣ ਦੇ ਤਰੀਕੇ ਨਾਲ ਸਾਹਮਣੇ ਵਾਲੇ ਦੀ ਗੱਲ ਨੂੰ ਜਾਣਿਆ ਜਾ ਸਕਦਾ ਹੈ। ਇਹ ਪੂਰੀ ਕਲਾ ਲੋਕਾਂ ਦੇ ਦਿਮਾਗ ਦੇ ਆਲੇ-ਦੁਆਲੇ ਹੁੰਦੀ ਹੈ।’’
ਧਿਰੇਂਦਰ ਦੇ ਪ੍ਰੋਗਰਾਮ ਅਤੇ ਕਿਰਪਾ ਨਾਲ ਲੋਕਾਂ ਦੇ ਭਲਾ ਕਰਨ ਦੀ ਗੱਲ ਉੱਤੇ ਸੁਹਾਨੀ ਸ਼ਾਹ ਸਹਿਮਤ ਨਹੀਂ ਹੁੰਦੇ ।
ਉਹ ਕਹਿੰਦੇ ਹਨ, ‘‘ਸਨਾਤਨ ਧਰਮ ਕਹਿੰਦਾ ਹੈ ਕਿ ਸੱਚ ਬੋਲਣਾ ਚਾਹੀਦਾ ਹੈ, ਜੇ ਕੋਈ ਝੂਠ ਬੋਲ ਰਿਹਾ ਹੈ ਤਾਂ ਇਹ ਗ਼ਲਤ ਹੈ। ਹਨੁਮਾਨ ਜੀ ਸਭ ਦੇ ਭਗਵਾਨ ਹਨ ਅਤੇ ਸਾਡੇ ਸਭ ਉੱਤੇ ਉਨ੍ਹਾਂ ਦੀ ਕਿਰਪਾ ਹੈ। ਜੇ ਧਿਰੇਂਦਰ ਕਿਸੇ ਦਾ ਦਿਮਾਗ ਪੜ੍ਹ ਰਹੇ ਹਨ ਤਾਂ ਇਹ ਇੱਕ ਟ੍ਰਿਕ ਹੈ ਅਤੇ ਉਨ੍ਹਾਂ ਨੂੰ ਇਸ ਨੂੰ ਟ੍ਰਿਕ ਹੀ ਬੋਲਣਾ ਚਾਹੀਦਾ ਹੈ। ਧਿਰੇਂਦਰ ਜੋ ਕਰਦੇ ਹਨ, ਤੁਸੀਂ ਮੇਰੇ ਵੀਡੀਓਜ਼ ਦੇਖੋਗੇ ਤਾਂ ਅਸੀਂ ਉਸ ਤੋਂ ਕਿਤੇ ਅੱਗੇ ਦੀਆਂ ਚੀਜ਼ਾਂ ਕਰਦੇ ਹਾਂ। ਅਸੀਂ ਜਿਸ ਨੂੰ ਕਲਾ ਬੋਲਦੇ ਹਾਂ, ਧਿਰੇਂਦਰ ਉਸ ਨੂੰ ਚਮਤਕਾਰ ਬੋਲਦੇ ਹਨ।’’
ਯੂਪੀਐੱਸਸੀ ਕੋਚਿੰਗ ਦੇ ਜਾਣੇ ਪਛਾਣੇ ਅਧਿਆਪਕ ਡਾ. ਵਿਕਾਸ ਦਿਵਿਆਕਿਰਤੀ ਵੀ ਆਪਣੀ ਇੱਕ ਕਲਾਸ ਵਿੱਚ ਦੂਜਿਆਂ ਦੇ ਦਿਮਾਗ ਪੜ੍ਹਨ ਦੀ ਕਲਾ ਬਾਰੇ ਕਹਿੰਦੇ ਹਨ, ‘‘ਸਾਇਕੋਲੌਜੀ ਵਿੱਚ ਕਈ ਲੋਕ ਹੁੰਦੇ ਹਨ, ਜੋ ਉਸ ਲੈਵਲ ਤੱਕ ਪਹੁੰਚ ਜਾਂਦੇ ਹਨ, ਜੋ ਅੱਖ ਦੇਖ ਕੇ ਸਭ ਪੜ੍ਹ ਲੈਂਦੇ ਹਨ ਕਿ ਸਾਹਮਣੇ ਵਾਲੇ ਦੇ ਮਨ ਵਿੱਚ ਕੀ ਚੱਲ ਰਿਹਾ ਹੈ।’’
ਅਸੀਂ ਸੁਹਾਨੀ ਤੋਂ ਪੁੱਛਿਆ ਕਿ ਕੀ ਉਹ ਕਿਸੇ ਟ੍ਰਿਕ ਨੂੰ ਦੱਸ ਸਕਦੇ ਹਨ, ਜਿਸ ਨਾਲ ਲੋਕਾਂ ਨੂੰ ਸਮਝਾਇਆ ਜਾ ਸਕਦੇ ਅਤੇ ਉਹ ਖ਼ੁਦ ਇਹ ਕਰਕੇ ਦੇਖ ਸਕਣ?
ਸੁਹਾਨੀ ਕਹਿੰਦੇ, ‘‘ਮੈਂ ਨਹੀਂ ਦੱਸ ਸਕਦੀ ਕਿ ਧਿਰੇਂਦਰ ਕੀ ਕਰ ਰਹੇ ਹਨ। ਕਿਉਂਕਿ ਜੇ ਅਜਿਹਾ ਕਰਦੀ ਹਾਂ ਤਾਂ ਉਸ ਟ੍ਰਿਕ ਨੂੰ ਮਾਰ ਦੇਵਾਂਗੀ। ਇਹ ਮੇਰੀ ਨਹੀਂ, ਉਸ ਕਲਾ ਦੀ ਟ੍ਰਿਕ ਹੈ। ਦੁਨੀਆ ਭਰ ਵਿੱਚ ਜੋ ਲੋਕ ਇਹ ਟ੍ਰਿਕ ਕਰਦੇ ਹਨ, ਉਸ ਨੂੰ ਦੱਸ ਕੇ ਮੈਂ ਉਨ੍ਹਾਂ ਲੋਕਾਂ ਲਈ ਇਹ ਟ੍ਰਿਕ ਮਾਰ ਨਹੀਂ ਸਕਦੀ।’’
ਅਜਿਹਾ ਨਹੀਂ ਹੈ ਕਿ ਇਸ ਤਰ੍ਹਾਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਕਿਸੇ ਕਹੇ ਜਾਂ ਅਣਕਹੇ ‘ਚਮਤਕਾਰ’ ਨਾਲ ਦੂਰ ਕਰਨ ਵਾਲਿਆਂ ਵਿੱਚ ਧਿਰੇਂਦਰ ਸ਼ਾਸਤਰੀ ਇਕੱਲਾ ਨਾਮ ਹੈ।
ਇਸਾਈਆਂ, ਮੁਸਲਮਾਨਾਂ ਵਿੱਚ ਵੀ ਅਜਿਹੇ ਕਈ ਲੋਕ ਹਨ, ਜੋ ਕਦੇ ‘ਹਲਾਲੁਇਆ’ ਤਾਂ ਕਦੇ ਕੁਰਾਨ ਦੀ ਆਇਤਾਂ ਪੜ੍ਹ ਕੇ ਲੋਕਾਂ ਦੇ ਦੁਖ ਦੂਰ ਕਰਨ ਦਾ ਦਾਅਵਾ ਕਰਦੇ ਦਿਖਦੇ ਹਨ।
ਸੋਸ਼ਲ ਮੀਡੀਆ ਉੱਤੇ ਅਜਿਹੇ ਵੀਡੀਓ ਉਪਲਬਧ ਹਨ,. ਜਿਸ ਵਿੱਚ ‘ਹਲਾਲੁਇਆ’ ਕਹਿ ਕੇ ਅਪਾਹਜਾਂ ਨੂੰ ਚਲਦੇ, ਵ੍ਹੀਲਚੇਅਰ ਤੋਂ ਉੱਠਦੇ ਦੌੜਦੇ ਅਤੇ ਅੱਖਾਂ ਦੀ ਰੌਸ਼ਨੀ ਵਾਪਸ ਆਉਣਾ ਦਾ ਦਾਅਵਾ ਕਰਦੇ ਕੁਝ ਖ਼ੁਦ ਐਲਾਨੇ ਗੁਰੂ ਦਿਖਦੇ ਹਨ।
ਭਾਰਤ ਵਿੱਚ ਕਈ ਲੋਕ ਮਦਰ ਟੈਰੇਸਾ ਦੇ ਕਥਿਤ ਚਮਤਕਾਰਾਂ ਉੱਤੇ ਉਂਗਲੀ ਚੁੱਕ ਚੁੱਕੇ ਹਨ।
ਸਾਲ 2015 ਵਿੱਚ ਆਰਐੱਸਐੱਸ ਮੁਖੀ ਮੋਹਨ ਭਾਗਵਤ ਨੇ ਕਿਹਾ ਸੀ, ‘‘ਮਦਰ ਟੈਰੇਸਾ ਦੀ ਸੇਵਾ ਚੰਗੀ ਰਹੀ ਹੋਵੇਗੀ, ਪਰ ਉਨ੍ਹਾਂ ਦਾ ਮਕਸਦ ਸੀ ਕਿ ਜਿਸ ਦੀ ਸੇਵਾ ਕੀਤੀ ਜਾ ਰਹੀ ਹੈ, ਉਸ ਨੂੰ ਇਸਾਈ ਬਣਾਇਆ ਜਾਵੇ।’’
ਹਾਲ ਹੀ ਵਿੱਚ ਇੱਕ ਮਲਿਆਲਮ ਫ਼ਿਲਮ ‘ਟ੍ਰਾਂਸ’ ਵੀ ਰਿਲੀਜ਼ ਹੋਈ ਸੀ। ਫ਼ਿਲਮ ਵਿੱਚ ਇਸਾਈ ਧਰਮ ਵਿੱਚ ਈਸ਼ੂ ਦੇ ਨਾਮ ਉੱਤੇ ਲੋਕਾਂ ਦਾ ਇਲਾਜ ਕਰਦੇ ਲੋਕਾਂ ਅਤੇ ਇਸ ਨਾਲ ਜੁੜੇ ਸਾਮਰਾਜ ਉੱਤੇ ਚੋਟ ਕੀਤੀ ਗਈ ਸੀ। ਆਮਿਰ ਖ਼ਾਨ ਦੀ ‘ਪੀਕੇ’ ਫ਼ਿਲਮ ਤਾਂ ਸਾਰੇ ਧਰਮਾਂ ਨਾਲ ਜੁੜੇ ਅਜਿਹੇ ਲੋਕਾਂ ਉੱਤੇ ਤੰਜ ਕਸਦੀ ਹੈ।
ਪਰਦੇ ਉੱਤੇ ਭਾਵੇਂ ਅਜਿਹੇ ਲੋਕਾਂ ਦੀਆਂ ਕਹਾਣੀਆਂ ਅਤੇ ਸੱਚ ਸਾਹਮਣੇ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ, ਪਰ ਹਕੀਕਤਮ ਵਿੱਚ ਲੋਕਾਂ ਦੀ ਸ਼ਰਧਾ ਅਤੇ ਵਿਕਾਸ ਧਰਮ ਨਾਲ ਜੁੜੇ ਗੁਰੂਆਂ ਉੱਤੇ ਵਧਦੀ ਨਜ਼ਰ ਆ ਰਹੀ ਹੈ।
ਅਜਿਹੇ ਹੀ ਇੱਕ ਗੁਰੂ ਧਿਰੇਂਦਰ ਸ਼ਾਸਤਰੀ ਵੀ ਹਨ, ਜੋ ਆਪਣੇ ਦਰਬਾਰ ਵਿੱਚ ਜਦੋਂ ਲੋਕਾਂ ਨਾਲ ਗੱਲ ਕਰਦੇ ਹਨ ਤਾਂ ਅਕਸਰ ਹੱਸਦੇ ਹੋਏ ਆਪਣੇ ਹੱਥਾਂ ਨੂੰ ਮਾਰ ਕੇ ਜ਼ੋਰ ਦੀ ਕਹਿੰਦੇ ਹਨ – ਵਜਾਓ ਤਾੜੀ...

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)