ਜੇਐੱਨਯੂ ਵਿੱਚ ਬੀਬੀਸੀ ਦੀ ਦਸਤਾਵੇਜ਼ੀ ਫਿਲਮ ਦੀ ਸਕਰੀਨਿੰਗ, ਬਿਜਲੀ ਗੁਲ ਤੇ ਵਿਦਿਆਰਥੀਆਂ ’ਤੇ ਪਥਰਾਅ: ਗਰਾਊਂਡ ਰਿਪੋਰਟ
Wednesday, Jan 25, 2023 - 12:14 AM (IST)


ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਬੀਬੀਸੀ ਦੀ ਦਸਤਾਵੇਜ਼ੀ ਫਿਲਮ ‘ਇੰਡੀਆ: ਦਿ ਮੋਦੀ ਕੁਵਸ਼ਚਨ’ ਦੀ ਸਕਰੀਨਿੰਗ ਦੌਰਾਨ ਦਸਤਾਵੇਜ਼ੀ ਫਿਲਮ ਵੇਖਣ ਵਾਲੇ ਵਿਦਿਆਰਥੀਆਂ ਉੱਤੇ ਪਥਰਾਅ ਹੋਇਆ।
ਪਥਰਾਅ ਤੋਂ ਬਾਅਦ ਦਸਤਾਵੇਜ਼ੀ ਫਿਲਮ ਦੇਖ ਰਹੇ ਵਿਦਿਆਰਥੀਆਂ ਨੇ ਮਾਰਚ ਦੇ ਰੂਪ ਵਿੱਚ ਜੇਐੱਨਯੂ ਗੇਟ ਤੱਕ ਪ੍ਰਦਰਸ਼ਨ ਕੀਤਾ।
ਕੇਂਦਰ ਸਰਕਾਰ ਨੇ ਯੂਟਿਊਬ ਅਤੇ ਟਵਿੱਟਰ ਨੂੰ ਬੀਬੀਸੀ ਦੀ ਦਸਤਾਵੇਜ਼ੀ ਫਿਲਮ ‘ਇੰਡੀਆ: ਦਿ ਮੋਦੀ ਕੁਵਸ਼ਚਨ’ ਸ਼ੇਅਰ ਕਰਨ ਵਾਲੇ ਲਿੰਕ ਹਟਾਉਣ ਦਾ ਹੁਕਮ ਜਾਰੀ ਕੀਤਾ ਸੀ।
ਇਸ ਤੋਂ ਬਾਅਦ ਜੇਐੱਨਯੂ ਦੀ ਵਿਦਿਆਰਥੀ ਯੂਨੀਅਨ ਨੇ ਇਸ ਦਸਤਾਵੇਜ਼ੀ ਫਿਲਮ ਨੂੰ ਦਿਖਾਉਣ ਦਾ ਫੈਸਲਾ ਲਿਆ।
ਇਹ ਡਾਕਿਊਮੈਂਟਰੀ ਨਰਮਦਾ ਹਾਸਟਲ ਦੇ ਪਿੱਛੇ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਦਫ਼ਤਰ ਵਿੱਚ ਰਾਤ ਨੌ ਵਜੇ ਦਿਖਾਈ ਜਾਣੀ ਸੀ। ਜੇਐੱਨਯੂ ਦੀ ਵਿਦਿਆਰਥੀ ਯੂਨੀਅਨ ਨੇ ਸਕਰੀਨਿੰਗ ਦਾ ਐਲਾਨ ਇੱਕ ਦਿਨ ਪਹਿਲਾਂ ਕੀਤਾ ਸੀ।
ਸਕਰੀਨਿੰਗ ਤੋਂ ਪਹਿਲਾਂ ਪੂਰੇ ਕੈਂਪਸ ਦੀ ਬਿਜਲੀ 8.30 ਵਜੇ ਗੁਲ ਹੋ ਗਈ ਸੀ। ਮੌਜੂਦਾ ਵਿਦਿਆਰਥੀਆਂ ਦਾ ਦਾਅਵਾ ਹੈ ਕਿ ਪ੍ਰਸ਼ਾਸਨ ਨੇ ਬਿਜਲੀ ਕੱਟ ਦਿੱਤੀ ਹੈ। ਸਕਰੀਨਿੰਗ ਤੋਂ ਠੀਕ ਪਹਿਲਾਂ ਬਿਜਲੀ ਗੁਲ ਹੋਣ ਕਾਰਨ ਜੇਐੱਨਯੂ ਪ੍ਰਸ਼ਾਸਨ ਦੀ ਪ੍ਰਤੀਕਿਰੀਆ ਨਹੀਂ ਮਿਲ ਸਕੀ ਹੈ।
ਇਸ ਤੋਂ ਬਾਅਦ ਵਿਦਿਆਰਥੀਆਂ ਨੇ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਦਫ਼ਤਰ ਦੇ ਬਾਹਰ ਦਰੀ ਵਿਛਾ ਕੇ ਕਿਊਆਰ ਕੋਡ ਦੀ ਮਦਦ ਨਾਲ ਆਪਣੇ-ਆਪਣੇ ਫੋਨ ਉੱਤੇ ਦਸਤਾਵੇਜ਼ੀ ਫਿਲਮ ਵੇਖਣ ਦੀ ਕੋਸ਼ਿਸ਼ ਕੀਤੀ ਪਰ ਇੰਟਰਨੈੱਟ ਸਪੀਡ ਘੱਟ ਹੋਣ ਕਾਰਨ ਵਿਦਿਆਰਥੀਆਂ ਨੂੰ ਕਾਫ਼ੀ ਮੁਸ਼ਕਿਲ ਆਈ।
ਇਸ ਤੋਂ ਬਾਅਦ ਕਈ ਵਿਦਿਆਰਥੀ ਆਪਣੇ-ਆਪਣੇ ਕਮਰਿਆਂ ਤੋਂ ਲੈਪਟਾਪ ਲੈ ਕੇ ਆਏ ਅਤੇ ਛੋਟੇ-ਛੋਟੇ ਗਰੁੱਪ ਬਣਾ ਕੇ ਫਿਲਮ ਵੇਖਣ ਲੱਗੇ। ਹਾਲਾਂਕਿ ਇੰਟਰਨੈੱਟ ਦੀ ਸਪੀਡ ਹੌਲੀ ਹੋਣ ਕਾਰਨ ਦਸਤਾਵੇਜ਼ੀ ਫਿਲਮ ਰੁਕ-ਰੁਕ ਕੇ ਹੀ ਚੱਲੀ।
ਅੰਦਾਜ਼ੇ ਮੁਤਾਬਕ ਵਿਦਿਆਰਥੀ ਯੂਨੀਅਨ ਦੇ ਦਫ਼ਤਰ ਦੇ ਬਾਹਰ ਕਰੀਬ 300 ਵਿਦਿਆਰਥੀ ਦਸਤਾਵੇਜ਼ੀ ਫਿਲਮ ਵੇਖਣ ਪਹੁੰਚੇ ਸਨ।
ਜੇਐੱਨਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਬੀਬੀਸੀ ਨੂੰ ਕਿਹਾ, “ਮੋਦੀ ਸਰਕਾਰ ਪਬਲਿਕ ਸਕਰੀਨਿੰਗ ਰੋਕ ਸਕਦੀ ਹੈ ਪਰ ਪਬਲਿਕ ਵਿਊਈਂਗ ਨਹੀਂ ਰੋਕ ਸਕਦੀ ਹੈ।”

ਦੋ ਐਪੀਸੋਡ ਦੀ ਦਸਤਾਵੇਜ਼ੀ ਫਿਲਮ
ਬੀਬੀਸੀ ਨੇ ਦੋ ਐਪੀਸੋਡ ਦੀ ਇੱਕ ਦਸਤਾਵੇਜ਼ੀ ਫਿਲਮ ਬਣਾਈ ਹੈ ਜਿਸ ਦਾ ਨਾਮ ਹੈ ‘ਇੰਡੀਆ: ਦਿ ਮੋਦੀ ਕੁਵਸ਼ਚਨ’। ਇਸ ਦਾ ਪਹਿਲਾ ਐਪੀਸੋਡ 17 ਜਨਵਰੀ ਨੂੰ ਬਰਤਾਨੀਆ ਵਿੱਚ ਪ੍ਰਸਾਰਿਤ ਹੋ ਚੁੱਕਿਆ ਹੈ। ਇਸ ਦਾ ਅਗਲਾ ਐਪੀਸੋਡ 24 ਜਨਵਰੀ ਨੂੰ ਪ੍ਰਸਾਰਿਤ ਹੋਣ ਜਾ ਰਿਹਾ ਹੈ।
ਦਸਤਾਵੇਜ਼ੀ ਫਿਲਮ ਦਾ ਪਹਿਲਾ ਭਾਗ ਨਰਿੰਦਰ ਮੋਦੀ ਦੀ ਸ਼ੁਰੂਆਤੀ ਸਿਆਸੀ ਪਾਰੀ ਬਾਰੇ ਦੱਸਦਾ ਹੈ ਕਿ ਕਿਵੇਂ ਉਹ ਸਿਆਸਤ ਵਿੱਚ ਆਏ ਤੇ ਭਾਰਤੀ ਜਨਤਾ ਪਾਰਟੀ ਵਿੱਚ ਕਿਵੇਂ ਉਨ੍ਹਾਂ ਦਾ ਕੱਦ ਵਧਿਆ ਤੇ ਉਹ ਗੁਜਰਾਤ ਦੇ ਮੁੱਖ ਮੰਤਰੀ ਬਣੇ।
ਇਹ ਦਸਤਾਵੇਜ਼ੀ ਫਿਲਮ ਇੱਕ ਅਣਪ੍ਰਕਾਸ਼ਿਤ ਰਿਪੋਰਟ ਉੱਤੇ ਚਾਨਣਾ ਪਾਉਂਦੀ ਹੈ ਜਿਸ ਨੂੰ ਬੀਬੀਸੀ ਨੇ ਬ੍ਰਿਟਿਸ਼ ਫੌਰਨ ਆਫਿਸ ਤੋਂ ਹਾਸਲ ਕੀਤਾ ਹੈ।
ਇਸ ਦਸਤਾਵੇਜ਼ੀ ਫਿਲਮ ਵਿੱਚ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਰਹਿੰਦਿਆਂ ਹੋਇਆਂ ਗੁਜਰਾਤ ਵਿੱਚ ਸਾਲ 2002 ਵਿੱਚ ਹੋਈ ਹਿੰਸਾ ਬਾਰੇ ਉਨ੍ਹਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਗਏ ਹਨ।
ਇਸ ਰਿਪੋਰਟ ਨੂੰ ਬ੍ਰਿਟਿਸ਼ ਵਿਦੇਸ਼ ਸੇਵਾ ਦੇ ਅਫ਼ਸਰਾਂ ਵਲੋਂ ਤਿਆਰ ਕੀਤਾ ਗਿਆ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਦੀ ਸਿੱਧੇ ਤੌਰ ਉੱਤੇ ‘ਸਜ਼ਾ ਦਾ ਭੈਅ ਨਾ ਹੋਣ ਦਾ ਮਾਹੌਲ’ ਪੈਦਾ ਕਰਨ ਲਈ ਜ਼ਿੰਮੇਵਾਰ ਸਨ ਇਸੇ ਕਾਰਨ ਸਾਲ 2002 ਵਿੱਚ ਹਿੰਸਾ ਹੋਈ।
ਨਰਿੰਦਰ ਮੋਦੀ ਕਾਫੀ ਪਹਿਲਾਂ ਹੀ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰ ਚੁੱਕੇ ਹਨ ਕਿ ਉਹ ਕਿਸੇ ਵੀ ਤਰੀਕੇ ਨਾਲ ਹਿੰਸਾ ਲਈ ਜ਼ਿੰਮੇਵਾਰ ਸਨ।
ਇੱਕ ਬ੍ਰਿਟਿਸ਼ ਕੂਟਨੀਤਕ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਹੈ ਜਿਸ ਨੇ ਬ੍ਰਿਟਿਸ਼ ਫੌਰਨ ਆਫਿਸ ਲਈ ਰਿਪੋਰਟ ਲਿਖੀ ਸੀ ਤੇ ਉਹ ਆਪਣੀ ਰਿਪੋਰਟ ਦੇ ਨਤੀਜਿਆਂ ਨਾਲ ਅਜੇ ਵੀ ਖੜ੍ਹੇ ਹਨ।
ਭਾਰਤ ਦਾ ਸੁਪਰੀਮ ਕੋਰਟ ਪਹਿਲਾਂ ਹੀ ਮੋਦੀ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਉਨ੍ਹਾਂ ਨੂੰ ਬਰੀ ਕਰ ਚੁੱਕਿਆ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਪ੍ਰੈੱਸ ਵਾਰਤਾ ਵਿੱਚ ਜਵਾਬ ਦਿੰਦਿਆਂ ਕਿਹਾ, “ਮੈਂ ਇੱਥੇ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਇੱਕ ਪ੍ਰਾਪੇਗੰਡਾ ਫਿਲਮ ਹੈ ਜੋ ਇੱਕ ਖ਼ਾਸ ਤਰੀਕੇ ਦੇ ਗੈਰ-ਭਰੋਸੇਯੋਗ ਬਿਰਤਾਂਤ ਨੂੰ ਦੱਸਦੀ ਹੈ।”
“ਇਸ ਵਿੱਚ ਪੱਖਪਾਤ, ਤੱਥਾਂ ਤੋਂ ਪਰੇ ਜਾ ਕੇ ਕੀਤੀ ਗੱਲ ਤੇ ਬਸਤੀਵਾਦੀ ਮਾਨਸਿਕਤਾ ਸਾਫ ਨਜ਼ਰ ਆ ਰਹੀ ਹੈ। ਇਹ ਫਿਲਮ ਜਾਂ ਦਸਤਾਵੇਜ਼ੀ ਫਿਲਮ ਉਸ ਸੰਸਥਾ ਅਤੇ ਉਨ੍ਹਾਂ ਲੋਕਾਂ ਬਾਰੇ ਦੱਸਦੀ ਹੈ ਜੋ ਇਸ ਬਿਰਤਾਂਤ ਨੂੰ ਦੁਬਾਰਾ ਪੇਸ਼ ਕਰਨਾ ਚਾਹ ਰਹੇ ਹਨ।”
ਇਸ ਦਸਤਾਵੇਜ਼ੀ ਫਿਲਮ ਨੂੰ ਸਰਕਾਰ ਨਾਲ ਜੁੜੇ ਕਈ ਲੋਕਾਂ ਨੇ ਗਲਤ ਪ੍ਰਚਾਰ ਅਤੇ ਬਸਤੀਵਾਦੀ ਮਾਨਸਿਕਤਾ ਤੋਂ ਪ੍ਰੇਰਿਤ ਦੱਸਿਆ ਹੈ। ਬੀਬੀਸੀ ਦਾ ਕਹਿਣਾ ਹੈ ਕਿ ਇਹ ਡੂੰਘਿਆਈ ਨਾਲ ਜਾਂਚ-ਪਰਖਣ ਤੋਂ ਬਾਅਦ ਬੀਬੀਸੀ ਦੇ ਸੰਪਾਦਕੀ ਮਿਆਰਾਂ ਦੇ ਅਨੁਸਾਰ ਬਣਾਈ ਗਈ ਹੈ।
ਇਸ ਤੋਂ ਪਹਿਲਾਂ ਹੈਦਾਰਾਬਾਦ ਸੈਂਟਰਲ ਯੂਨੀਵਰਸਿਟੀ ਤੇ ਕੇਰਲ ਵਿੱਚ ਕੁਝ ਕੈਂਪਸਾਂ ਵਿੱਚ ਵਿਦਿਆਰਥੀਆਂ ਨੇ ਇਸ ਦਸਤਾਵੇਜ਼ੀ ਫਿਲਮ ਦੀ ਸਕਰੀਨਿੰਗ ਕੀਤੀ ਹੈ ਜਦਕਿ ਕਈ ਹੋਰ ਯੂਨੀਵਰਸਿਟੀ ਕੈਂਪਸਾਂ ਵਿੱਚ ਵਿਦਿਆਰਥੀ ਯੂਨੀਅਨ ਸਮੂਹਕ ਤੌਰ ਉੱਤੇ ਵੀਡੀਓ ਦੇਖਣ ਦਾ ਆਯੋਜਨ ਕਰਨ ਦਾ ਐਲਾਨ ਕਰ ਚੁੱਕੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)