ਹੀਰਿਆਂ ਦੇ ਅਰਬਪਤੀ ਵਪਾਰੀ ਦੀ ਅੱਠ ਸਾਲਾਂ ਧੀ ਦੇ ਭਿਕਸ਼ੂ ਬਣਨ ’ਤੇ ਸਵਾਲ ਕਿਉਂ

Tuesday, Jan 24, 2023 - 06:59 PM (IST)

ਹੀਰਿਆਂ ਦੇ ਅਰਬਪਤੀ ਵਪਾਰੀ ਦੀ ਅੱਠ ਸਾਲਾਂ ਧੀ ਦੇ ਭਿਕਸ਼ੂ ਬਣਨ ’ਤੇ ਸਵਾਲ ਕਿਉਂ
ਜੈਨ ਸਾਧਵੀ
RUPESH SONAWANE/GEETY IMAGES
ਅੱਠ ਸਾਲਾ ਦੇਵਾਂਸ਼ੀ ਸੰਘਵੀ ਦੁਨਿਆਵੀ ਜੀਵਨ ਤਿਆਗ ਜੈਨ ਭਿਕਸ਼ੂ ਬਣੀ

ਅੱਠ ਸਾਲ ਦੀ ਦੇਵਾਂਸ਼ੀ ਸੰਘਵੀ ਵੱਡੀ ਹੋ ਕੇ ਅਰਬਾਂ ਦਾ ਹੀਰਿਆਂ ਦਾ ਕਾਰੋਬਾਰ ਚਲਾ ਸਕਦੀ ਸੀ।

ਪਰ ਇੱਕ ਅਮੀਰ ਹੀਰਾ ਵਪਾਰੀ ਦੀ ਧੀ ਹੁਣ ਇੱਕ ਸਾਦੀ ਜ਼ਿੰਦਗੀ ਜੀਅ ਰਹੀ ਹੈ।

ਸਫ਼ੇਦ ਸਾੜੀਆਂ ਪਹਿਨ, ਨੰਗੇ ਪੈਰੀਂ ਪੈਦਲ ਹੀ ਹਰ ਸਫ਼ਰ ਤੈਅ ਕਰਦੀ ਹੈ। ਘਰ-ਘਰ ਜਾ ਭੀਖ ਮੰਗਦੀ ਹੈ।

ਬੀਤੇ ਹਫ਼ਤੇ ਹੀਰਾ ਕਾਰੋਬਾਰੀ ਧਾਨੇਸ਼ ਅਤੇ ਅਮੀ ਸੰਘਵੀ ਦੀ ਧੀ ਦੇਵਾਂਸ਼ੀ ਨੇ ਦੁਨੀਆਦਾਰੀ ਤਿਆਗ ਦਿੱਤੀ ਤੇ ਜੈਨ ਭਿਕਸ਼ੂ ਬਣ ਗਈ ਸੀ।

ਇਸ ਛੋਟੀ ਬੱਚੀ ਦੇ ਸੰਨਿਆਸ ਲੈਣ ਨੇ ਕਈ ਸਵਾਲ ਵੀ ਖੜ੍ਹੇ ਕੀਤੇ। ਸਮਾਜਿਕ ਕਾਰਕੁਨਾਂ ਦਾ ਮੰਨਣਾ ਹੈ ਕਿ ਅੱਠ ਸਾਲਾਂ ਦੇ ਕਿਸੇ ਵੀ ਬੱਚੇ ਲਈ ਲਏ ਗਏ ਅਜਿਹੇ ਫ਼ੈਸਲੇ ਦਾ ਅਰਥ ਹੈ ਕਿ ਮਾਪਿਆਂ ਦੀ ਇੱਛਾ ਬੱਚੇ ਉੱਤੇ ਥੋਪ ਦਿੱਤੀ ਗਈ ਹੈ।

ਜੈਨ ਰਿਵਾਇਤਾਂ

ਸਾਧਵੀ
RUPESH SONAWANE/GEETY IMAGES
ਦੇਵਾਸ਼ੀ ਦੀ ਜ਼ਿੰਦਗੀ ਸੁਖ ਆਰਾਮ ਵਾਲੀ ਰਹੀ

ਸੰਘਵੀ ਪਰਿਵਾਰ ਕਰੀਬ 45 ਲੱਖ ਜੈਨ ਧਰਮ ਦੀਆ ਰਿਵਾਇਤਾਂ ਦਾ ਪਾਲਣ ਕਰਨ ਵਾਲੇ ਸੰਘ ਦਾ ਹਿੱਸਾ ਹੈ।

ਜੈਨ ਧਰਮ ਦੁਨੀਆ ਦੇ ਸਭ ਤੋਂ ਪੁਰਾਣੇ ਧਰਮਾਂ ਵਿੱਚੋਂ ਇੱਕ ਹੈ ਇਸ ਦਾ ਪ੍ਰਚਾਰ ਤੇ ਪ੍ਰਭਾਵ 2,500 ਸਾਲ ਪਹਿਲਾਂ ਭਾਰਤ ਤੋਂ ਸ਼ੁਰੂ ਹੋਇਆ ਸੀ।

ਧਾਰਮਿਕ ਵਿਦਵਾਨਾਂ ਦਾ ਕਹਿਣਾ ਹੈ ਕਿ ਭੌਤਿਕ ਸੰਸਾਰ ਨੂੰ ਤਿਆਗਣ ਵਾਲੇ ਜੈਨੀਆਂ ਦੀ ਗਿਣਤੀ ਪਿਛਲੇ ਸਾਲਾਂ ਵਿੱਚ ਤੇਜ਼ੀ ਨਾਲ ਵੱਧ ਰਹੀ ਹੈ।

ਪਰ ਨਾਲ ਹੀ ਇੱਕ ਤੱਥ ਇਹ ਵੀ ਹੈ ਕਿ ਦੇਵਾਂਸ਼ੀ ਵਾਂਗ ਛੋਟੇ ਉਮਰ ਬੱਚਿਆਂ ਨੂੰ ਸ਼ਾਮਲ ਕਰਨ ਦੇ ਮਾਮਲੇ ਆਮ ਨਹੀਂ ਹਨ।

ਤਿਆਗ ਲਈ ਸਹੁੰ ਚੁੱਕਣਾ

ਪਿਛਲੇ ਬੁੱਧਵਾਰ ਗੁਜਰਾਤ ਦੇ ਸ਼ਹਿਰ ਸੂਰਤ ਵਿੱਚ ਸ਼ਾਨਦਾਰ ਸਮਾਰੋਹ ਦਾ ਇੰਤਜ਼ਾਮ ਕੀਤਾ ਗਿਆ।

ਇਹ ਸਮਾਗਮ ਦੇਵਾਂਸ਼ੀ ਦੀ ‘ਦੀਕਸ਼ਾ’ ਲਈ ਸੀ ਯਾਨੀ ਉਸ ਸਮੇਂ ਅੱਠ ਸਾਲਾਂ ਦੀ ਬੱਚੀ ਨੂੰ ਜੈਨ ਭਿਕਸ਼ੂਆਂ ਦੀ ਮੌਜੂਦਗੀ ਵਿੱਚ ‘ਤਿਆਗ ਕਰਨ ਦੀ ਸਹੁੰ’ ਚੁਕਵਾਈ ਗਈ। ਇਸ ਮੰਜ਼ਰ ਨੂੰ ਹਜ਼ਾਰਾਂ ਲੋਕਾਂ ਨੇ ਦੇਖਿਆ।

ਦੇਵਾਂਸ਼ੀ ਆਪਣੇ ਮਾਪਿਆਂ ਨਾਲ ਸੂਰਤ ਦੇ ਵੇਸੂ ਇਲਾਕੇ ਵਿੱਚ ਚੱਲ ਰਹੇ ਸਮਾਗਮ ਵਿੱਚ ਇੱਕ ਅਮੀਰ ਬਾਪ ਦੀ ਧੀ ਵਜੋਂ ਪਹੁੰਚੀ। ਉਸ ਨੇ ਰੇਸ਼ਮੀ ਕੱਪੜੇ ਪਹਿਨੇ ਹੋਏ ਸਨ ਸਿਰ ''''ਤੇ ਹੀਰੇ ਜੜ੍ਹਿਆ ਤਾਜ ਸੀ।

ਰਸਮਾਂ ਤੋਂ ਬਾਅਦ ਉਹ ਆਪਣੇ ਪਰਿਵਾਰ ਨੂੰ ਛੱਡ ਜੈਨ ਭਿਕਸ਼ੂਆਂ ਨਾਲ ਜਾ ਖੜੀ। ਇਸ ਦੌਰਾਨ ਉਸ ਦੀ ਪੌਸ਼ਾਕ ਸਫ਼ੇਦ ਸਾੜੀ ਵਿੱਚ ਬਦਲ ਗਈ ਤੇ ਹੀਰਿਆਂ ਦਾ ਤਾਜ ਜਿਸ ਸਿਰ ’ਤੇ ਸੁਸ਼ੋਬਿਤ ਸੀ ਉਹ ਮੁੰਨ ਦਿੱਤਾ ਗਿਆ ਸੀ। ਉਸ ਨੇ ਸਿਰ ਵੀ ਆਪਣੀ ਸਾੜੀ ਨਾਲ ਢੱਕਿਆ ਹੋਇਆ ਸੀ।

ਪਲਾਂ ’ਚ ਸ਼ਰਾਰਤਾਂ ਕਰਦੀ ਬੱਚੀ ਤਿਆਗੀ ਸਾਧਵੀ ਬਣ ਗਈ ਸੀ। ਉਸ ਦੇ ਹੱਥ ਵਿੱਚ ਇੱਕ ਝਾੜੂ ਫੜਿਆ ਹੋਇਆ ਨਜ਼ਰ ਆਇਆ। ਇਸਦੀ ਵਰਤੋਂ ਉਹ ਹੁਣ ਆਪਣੇ ਰਸਤੇ ਤੋਂ ਕੀੜੇ-ਮਕੌੜਿਆਂ ਨੂੰ ਦੂਰ ਕਰਨ ਲਈ ਬੁਰਸ਼ ਵਾਂਗ ਕਰੇਗੀ ਤਾਂ ਜੋ ਗਲਤੀ ਨਾਲ ਵੀ ਕੋਈ ਕੀੜਾ ਮਕੌੜਾ ਪੈਰਾਂ ਹੇਠ ਨਾ ਆ ਜਾਵੇ।

ਜੈਨ ਸਾਧਵੀ
RUPESH SONAWANE
ਦੇਵਾਂਸੀ ਸੰਘਵੀ ਦੇ ਪਿਤਾ ਧਾਨੇਸ਼ ਤੇ ਮਾਂ ਅਮੀ ਸੰਘਵੀ ਰਸਮਾਂ ਨਿਭਾਉਂਦੇ ਹੋਏ

ਘਰ ਛੱਡ ਮੱਠ ’ਚ ਰਹਿਣਾ

ਇਸ ਸਮਾਗਮ ਤੋਂ ਬਾਅਦ ਮਾਪੇ ਤਾਂ ਵਾਪਸ ਘਰ ਪਰਤ ਗਏ ਪਰ ਦੇਵਾਂਸ਼ੀ ਜੈਨ ਭਿਕਸ਼ੂਆਂ ਨਾਲ ਉਪਾਸ਼ਰਿਆ ਮੱਠ ਵਿੱਚ ਰਹਿਣ ਚਲੀ ਗਈ।

ਸੰਘਵੀ ਪਰਿਵਾਰ ਦੀ ਕਰੀਬੀ ਦੋਸਤ ਕੀਰਤੀ ਸ਼ਾਹ ਮੁਤਾਬਕ,"ਉਹ ਹੁਣ ਘਰ ਨਹੀਂ ਰਹਿ ਸਕਦੀ, ਉਸ ਦਾ ਆਪਣੇ ਮਾਤਾ-ਪਿਤਾ ਨਾਲ ਵੀ ਰਿਸ਼ਤਾ ਖ਼ਤਮ ਹੋ ਗਿਆ ਹੈ। ਉਹ ਹੁਣ ਇੱਕ ਜੈਨ ਭਿਕਸ਼ੂ ਹੈ।"

ਉਹ ਕਹਿੰਦੇ ਹਨ,"ਇੱਕ ਜੈਨ ਸਾਧਵੀ ਦੀ ਜ਼ਿੰਦਗੀ ਅਸਲੋਂ ਤਪੱਸਿਆ ਹੈ। ਉਸ ਨੇ ਹੁਣ ਕਿਤੇ ਵੀ ਜਾਣਾ ਹੋਵੇ ਪੈਦਲ ਹੀ ਜਾਣਾ ਪਵੇਗਾ। ਉਹ ਕਿਸੇ ਵਾਹਨ ਦੀ ਵਰਤੋਂ ਨਹੀਂ ਕਰ ਸਕਦੀ।”

“ਹੁਣ ਉਸ ਨੂੰ ਸੌਣ ਲਈ ਅਰਾਮਦਾਇਕ ਬਿਸਤਰ ਵੀ ਨਹੀਂ ਮਿਲੇਗਾ। ਉਹ ਫ਼ਰਸ਼ ''''ਤੇ ਸਫ਼ੇਦ ਚਾਦਰ ਵਿਛਾਕੇ ਸੌਂਵੇਗੀ ਅਤੇ ਸੂਰਜ ਡੁੱਬਣ ਤੋਂ ਬਾਅਦ ਕੁਝ ਖਾ ਨਹੀਂ ਸਕਦੀ।"

ਸੰਘਵੀ ਇਕੱਲੀ ਅਜਿਹੀ ਜੈਨ ਸੰਪਰਦਾ ਹੈ ਜਿਸ ਵਿੱਚ ਬਾਲ ਭਿਕਸ਼ੂਆਂ ਨੂੰ ਸਵਿਕਾਰਿਆ ਜਾਂਦਾ ਹੈ, ਬਾਕੀ ਦੇ ਤਿੰਨ ਜੈਨ ਭਾਈਚਾਰੇ ਬਾਲਗਾਂ ਨੂੰ ਸਵੀਕਾਰ ਕਰਦੇ ਹਨ।

ਜੈਨ ਸਾਧਵੀ
Getty Images
ਜੈਨ ਧਰਮ ਦੀਆਂ ਰਿਵਾਇਤਾਂ ਮੁਤਾਬਕ ਸਾਧਵੀਆਂ ਤੇ ਭਿਕਸ਼ੂ ਕੋਈ ਵਾਹਨ ਇਸਤੇਮਾਲ ਨਹੀਂ ਕਰ ਸਕਦੇ

ਇੱਕ ਧਾਰਮਿਕ ਪਰਿਵਾਰ

ਦੇਵਾਂਸ਼ੀ ਦੇ ਮਾਤਾ-ਪਿਤਾ ਨੂੰ ਬਹੁਤ ਹੀ ਧਾਰਮਿਕ ਮੰਨੇ ਜਾਂਦੇ ਹਨ।

ਭਾਰਤੀ ਮੀਡੀਆ ਨੇ ਪਰਿਵਾਰ ਦੇ ਦੋਸਤਾਂ ਦੇ ਹਵਾਲੇ ਨਾਲ ਰਿਪੋਰਟ ਕੀਤਾ ਹੈ ਕਿ ਦੇਵਾਂਸ਼ੀ ਦਾ ਛੋਟੀ ਉਮਰ ਤੋਂ ਹੀ ਅਧਿਆਮ ਵੱਲ  ਝੁਕਾ ਸੀ।

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ, "ਦੇਵਾਂਸ਼ੀ ਨੇ ਕਦੇ ਟੈਲੀਵਿਜ਼ਨ ਨਹੀਂ ਦੇਖਿਆ, ਫ਼ਿਲਮਾਂ ਨਹੀਂ ਦੇਖੀਆਂ ਅਤੇ ਨਾ ਹੀ ਕਦੀ ਕਿਸੇ ਸ਼ਾਪਿੰਗ ਮਾਲ ਜਾਂ ਰੈਸਟੋਰੈਂਟ ’ਚ ਗਈ।"

ਅਖ਼ਬਾਰਾਂ ਮੁਤਾਬਕ, "ਛੋਟੀ ਉਮਰ ਤੋਂ, ਦੇਵਾਂਸ਼ੀ ਦਿਨ ਵਿੱਚ ਤਿੰਨ ਵਾਰ ਪਾਠ ਤੇ ਅਰਦਾਸ ਕਰਦੀ ਸੀ ਅਤੇ ਦੋ ਸਾਲ ਦੀ ਉਮਰ ਵਿੱਚ ਉਸ ਨੇ ਇੱਕ ਵਰਤ ਵੀ ਰੱਖਿਆ ਸੀ।"

ਜੈਨ ਸਾਧਵੀ
RUPESH SONAWANE
ਸੰਘਵੀ ਤੇ ਉਸਦਾ ਪਰਿਵਾਰ ਇੱਕ ਰੱਥ ਵਿੱਚ ਆਏ ਤੇ ਲੋਕਾਂ ਨੇ ਉਨ੍ਹਾਂ ’ਤੇ ਫ਼ੁੱਲ ਸੁੱਟੇ

ਵਿਸ਼ਾਲ ਸਮਾਗਮ

ਉਸ ਦੇ ਤਿਆਗ ਸਮਾਰੋਹ ਤੋਂ ਇੱਕ ਦਿਨ ਪਹਿਲਾਂ, ਪਰਿਵਾਰ ਨੇ ਸੂਰਤ ਵਿੱਚ ਇੱਕ ਵਿਸ਼ਾਲ ਜਸ਼ਨ ਦਾ ਆਯੋਜਨ ਕੀਤਾ ਸੀ।

ਹਜ਼ਾਰਾਂ ਲੋਕਾਂ ਨੇ ਇਹ ਜਸ਼ਨ ਦੇਖਿਆ। ਊਠ, ਘੋੜੇ, ਬਲਦ ਗੱਡੀਆਂ ਸੜਕਾਂ ’ਤੇ ਸਨ।

ਢੋਲ ਨਗਾੜੇ ਵੱਜ ਰਹੇ ਸਨ। ਕਲਾਕਾਰ ਲੋਕਾਂ ਦਾ ਮਨੋਰੰਜਨ ਕਰਦੇ ਦੇਖੇ ਗਏ।

ਦੇਵਾਂਸ਼ੀ ਅਤੇ ਉਨ੍ਹਾਂ ਦਾ ਪਰਿਵਾਰ ਇੱਕ ਰੱਥ ਵਿੱਚ ਬੈਠ ਕੇ ਆਏ। ਇਸ ਨੂੰ ਇੱਕ ਹਾਥੀ ਖਿੱਚ ਰਿਹਾ ਸੀ। ਉਹ ਜਿੱਥੋਂ ਜਿੱਥੋਂ ਗੁਜ਼ਰ ਰਹੇ ਸਨ ਉਥੇ ਉਥੇ ਗੁਲਾ ਦੇ ਫ਼ੁੱਲ ਵਰਸਾਏ ਜਾ ਰਹੇ ਸਨ।

ਮੁੰਬਈ ਅਤੇ ਬੈਲਜੀਅਮ ਦੇ ਸ਼ਹਿਰ ਐਂਟਵਰਪ ਵਿੱਚ ਵੀ ਜਸ਼ਨ ਮਨਾਇਆ ਗਿਆ, ਉਥੇ ਸੰਘਵੀ ਪਰਿਵਾਰ ਦਾ ਕਾਰੋਬਾਰ ਹੈ।

ਜੈਨ ਸਾਧਵੀ
Getty Images
ਜੈਨ ਸਾਧਵੀਆਂ ਹਮੇਸ਼ਾਂ ਸਫ਼ੇਦ ਸਾੜੀ ਹੀ ਪਹਿਣ ਸਕਦੀਆਂ ਹਨ ਤੇ ਰੰਗਦਾਰ ਕੱਪੜਿਆਂ ਦੀ ਧਾਰਮਿਕ ਤੌਰ ’ਤੇ ਪ੍ਰਵਾਨਗੀ ਨਹੀਂ

ਬੱਚੇ ਦੇ ਹੱਕਾਂ ਬਾਰੇ ਬਹਿਸ

ਇਸ ਸਭ ਵਰਤਾਰੇ ਪ੍ਰਤੀ ਜੈਨ ਭਾਈਚਾਰੇ ਦਾ ਪੂਰਾ ਸਮਰਥਨ ਹੈ।

ਅਲੋਚਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਪਰਿਵਾਰ ਨੂੰ ਬੱਚੇ ਦੀ ਜ਼ਿੰਦਗੀ ਬਾਰੇ ਇਸ ਕਦਰ ਵੱਡਾ ਫ਼ੈਸਲਾ ਲੈਣ ਤੋਂ ਪਹਿਲਾਂ ਉਸ ਦੇ ਬਾਲਗ ਹੋਣ ਦੀ ਉਡੀਕ ਕਰ ਲੈਣੀ ਚਾਹੀਦੀ ਹੈ।

ਸ਼ਾਹ ਨੂੰ ਵੀ ਦੀਕਸ਼ਾ ਸਮਾਰੋਹ ਵਿੱਚ ਬੁਲਾਇਆ ਗਿਆ ਸੀ ਪਰ ਉਹ ਇਸ ਸਭ ਤੋਂ ਦੂਰ ਰਹੇ। ਸ਼ਾਹ ਦਾ ਕਹਿਣਾ ਹੈ ਕਿ ਬੱਚੇ ਦੇ ਸੰਸਾਰ ਤਿਆਗਣ ਦੇ ਵਿਚਾਰ ਨੇ ਮੈਨੂੰ ਬੇਚੈਨ ਕਰ ਦਿੱਤਾ ਸੀ।

ਉਹ ਕਹਿੰਦੇ ਹਨ,"ਕਿਸੇ ਵੀ ਧਰਮ ਨੂੰ ਬੱਚਿਆਂ ਨੂੰ ਸੰਨਿਆਸੀ ਬਣਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ"।

ਉਹ ਪੁੱਛਦੇ ਹਨ,"ਉਹ ਤਾਂ ਬੱਚੀ ਹੈ, ਉਹ ਇਸ ਸਭ ਬਾਰੇ ਕਿੰਨਾਂ ਕੁ ਸਮਝਦੀ ਹੈ?"

"ਬੱਚੇ ਤਾਂ 16 ਸਾਲਾਂ ਦੇ ਹੋ ਕੇ ਵੀ ਇਹ ਫ਼ੈਸਲਾ ਵੀ ਨਹੀਂ ਕਰ ਪਾਉਂਦੇ ਕਿ ਕਾਲਜ ਵਿੱਚ  ਕਿਹੜੇ ਵਿਸ਼ੇ ਪੜ੍ਹਨੇ ਹਨ। ਉਹ ਕਿਸੇ ਅਜਿਹੀ ਚੀਜ਼ ਬਾਰੇ ਫ਼ੈਸਲਾ ਕਿਵੇਂ ਕਰ ਸਕਦੇ ਹਨ ਜੋ ਉਨ੍ਹਾਂ ਦੀ ਪੂਰੀ ਜ਼ਿੰਦਗੀ ਨੂੰ ਪ੍ਰਭਾਵਤ ਕਰੇ?"

ਜਦੋਂ ਦੁਨੀਆ ਨੂੰ ਤਿਆਗਣ ਵਾਲੇ ਬੱਚੇ ਨੂੰ ਦੇਵਤਾ ਬਣਾਇਆ ਜਾਂਦਾ ਹੈ ਅਤੇ ਭਾਈਚਾਰਾ ਜਸ਼ਨ ਮਨਾਉਂਦਾ ਹੈ, ਤਾਂ ਇਹ ਸਭ ਬੱਚੇ ਲਈ ਕਿਸੇ ਵੱਡੀ ਪਾਰਟੀ ਵਰਗਾ ਹੁੰਦਾ ਹੈ।

ਮੁੰਬਈ ਵਿੱਚ ਬਾਲ ਸੁਰੱਖਿਆ ਸਲਾਹਕਾਰ, ਪ੍ਰੋਫ਼ੈਸਰ ਨੀਲਿਮਾ ਮਹਿਤਾ ਦਾ ਕਹਿਣਾ ਹੈ ਕਿ "ਬੱਚਾ ਜਿਹੜੀਆਂ ਤਕਲੀਫ਼ਾਂ ਦਾ ਸਾਹਮਣਾ ਕਰੇਗਾ ਤੇ ਜਿਨ੍ਹਾਂ ਸੁਖ ਸੁਵਿਧਾਵਾਂ ਤੋਂ ਵਾਂਝਾ ਰਹੇ ਇਹ ਬਹੁਤ ਵੱਡੀ ਹੈ।"

ਉਹ ਕਹਿੰਦੇ ਹਨ, "ਇੱਕ ਜੈਨ ਸਾਧਵੀ ਦੀ ਜ਼ਿੰਦਗੀ ਬਹੁਤ ਔਖੀ ਹੈ।"

ਭਾਈਚਾਰੇ ਦੇ ਮੈਂਬਰਾਂ ਨੇ ਵੀ ਇੰਨੀ ਛੋਟੀ ਉਮਰ ਵਿੱਚ ਇੱਕ ਬੱਚੇ ਨੂੰ ਪਰਿਵਾਰ ਨਾਲੋਂ ਅਲੱਗ ਹੋਣ ਦੀ ਗੱਲ ''''ਤੇ ਬੇਚੈਨੀ ਜ਼ਾਹਰ ਕੀਤੀ ਹੈ।

ਜੈਨ ਸਾਧਵੀ
Getty Images
ਜੈਨ ਭਿਕਸ਼ੂ ਬਣਨ ਤੋਂ ਬਾਅਦ ਸੰਘਵੀ ਸਿਰਫ਼ ਸਫ਼ੇਦ ਸਾੜੀ ਹੀ ਪਹਿਣੇਗੀ ਤੇ ਸਿਰ ਢੱਕ ਕੇ ਰੱਖੇਗੀ

ਸੋਸ਼ਲ ਮੀਡੀਆ ’ਤੇ ਵਿਰੋਧ

ਦੇਵਾਂਸ਼ੀ ਦੇ ਸਾਧਵੀ ਬਣਨ ਦੀਆਂ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਨੇ ਪਰਿਵਾਰ ਦੀ ਆਲੋਚਨਾ ਕੀਤੀ ਤੇ ਇਸ ਲਈ ਸੋਸ਼ਲ ਮੀਡੀਆ ਨੂੰ ਜ਼ਰੀਆ ਬਣਾਇਆ।

ਆਮ ਲੋਕਾਂ ਦਾ ਕਹਿਣਾ ਹੈ ਕਿ ਸੰਘੀਆਂ ''''ਤੇ ਉਨ੍ਹਾਂ ਦੇ ਬੱਚਿਆਂ ਦੇ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਇਲਜਾਮ ਲਗਾਏ ਹਨ।

ਸ਼ਾਹ ਕਹਿੰਦੇ ਹਨ,“ਸਰਕਾਰ ਨੂੰ ਅਜਿਹੇ ਮਾਮਲਿਆਂ ਵਿੱਚ ਦਖ਼ਲ ਅੰਦਾਜੀ ਕਰਨੀ ਪਵੇਗੀ। ਬੱਚਿਆਂ ਨੂੰ ਸੰਸਾਰ ਤਿਆਗਣ ਦੀ ਪ੍ਰੇਰਣ ਦੀ ਇਸ ਪ੍ਰਥਾ ਨੂੰ ਰੋਕਣਾ ਚਾਹੀਦਾ ਹੈ।”

ਪਰ ਅਜਿਹਾ ਹੋਣ ਦੀ ਬਹੁਤੀ ਸੰਭਾਵਨਾ ਨਹੀਂ ਹੈ।

ਜਦੋਂ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਮੁਖੀ ਪ੍ਰਿਯਾਂਕ ਕਾਨੂੰਗੋ ਦੇ ਦਫਤਰ ਨੂੰ ਪੁੱਛਿਆ ਗਿਆ ਕਿ ਕੀ ਸਰਕਾਰ ਦੇਵਾਂਸ਼ੀ ਦੇ ਮਾਮਲੇ ਵਿੱਚ ਕੁਝ ਕਰ ਰਹੀ ਹੈ।

ਉਨ੍ਹਾਂ ਦੇ ਦਫਤਰ ਨੇ ਕਿਹਾ ਕਿ ਉਹ ਇਸ ਮੁੱਦੇ ''''ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ "ਸੰਵੇਦਨਸ਼ੀਲ ਮਾਮਲਾ" ਹੈ।

ਸਮਾਜਿਕ ਕਾਰਕੁਨ ਇਸ ਵਰਤਾਰੇ ਨੂੰ ਦੇਵਾਂਸ਼ੀ ਦੇ ਅਧਿਕਾਰਾਂ ਦੀ ਉਲੰਘਣਾ ਮੰਨਦੇ ਹਨ।

BBC
BBC

ਬੱਚਿਆਂ ਦਾ ਧਰਮ ਖ਼ਾਤਿਰ ਦੁਨਿਆਵੀ ਜ਼ਿੰਦਗੀ ਤਿਆਗਣਾ

  • ਗੁਜਰਾਤ ਦੇ ਹੀਰਾ ਵਪਾਰੀ ਦੀ ਅੱਠ ਸਾਲਾ ਧੀ ਬਣੀ ਜੈਨ ਭਿਕਸ਼ੂ
  • ਮਾਤਾ ਪਿਤਾ ਦਾ ਦਾਅਵਾ ਬਚਪਨ ਤੋਂ ਹੀ ਸੀ ਅਧਿਆਤਮਿਕ ਝੁਕਾਅ ਸੀ
  • ਸਮਾਜਿਕ ਕਾਰਕੁਨਾਂ ਅਜਿਹੇ ਫ਼ੈਸਲਿਆਂ ਨੂੰ ਬੱਚਿਆਂ ਲਈ ਗ਼ੈਰ-ਮਨੁੱਖੀ ਦੱਸਦੇ ਹਨ
  • ਧਾਰਮਿਕ ਆਗੂਆਂ ਮੁਤਾਬਕ ਬੱਚੇ ਵੀ ਅਧਿਆਮਕ ਪੱਖੋਂ ਜਾਗਰੁਕ ਹੁੰਦੇ ਹਨ
  • ਜੀਵਨ ਵਿੱਚ ਕਿਸੇ ਵੀ ਪੜਾਅ ’ਤੇ ਤਿਆਗੀ ਜੀਵਨ ਛੱਡ ਵਾਪਸੀ ਦੇ ਰਾਹ ਖੁੱਲ੍ਹੇ ਹਨ
BBC
BBC

ਬੱਚੇ ਦੀ ਸਹਿਮਤੀ ਸਬੰਧੀ ਕਾਨੂੰਨ

ਅਜਿਹੇ ਮਾਮਲਿਆਂ ਵਿੱਚ ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਬੱਚਾ ਹੀ ਅਜਿਹਾ ਚਾਹੁੰਦਾ ਸੀ। ਪਰ ਇਸ ਬਾਰੇ ਪ੍ਰੋਫ਼ੈਸਰ ਮਹਿਤਾ ਦਾ ਕਹਿਣਾ ਹੈ ਕਿ ਬੱਚੇ ਦੀ ਸਹਿਮਤੀ ਕਾਨੂੰਨ ਵਿੱਚ ਸਹਿਮਤੀ ਨਹੀਂ ਮੰਨਿਆਂ ਜਾ ਸਕਦਾ।

ਉਹ ਕਹਿੰਦੇ ਹਨ,"ਕਾਨੂੰਨੀ ਤੌਰ ''''ਤੇ 18 ਸਾਲ ਉਹ ਉਮਰ ਹੁੰਦੀ ਹੈ ਜਦੋਂ ਕੋਈ ਵਿਅਕਤੀ ਸੁਤੰਤਰ ਫ਼ੈਸਲਾ ਲੈਂਦਾ ਹੈ। ਉਦੋਂ ਤੱਕ ਉਸ ਵਲੋਂ ਲਿਆ ਗਿਆ ਫ਼ੈਸਲਾ ਕਿਸੇ ਬਾਲਗ ਵਲੋਂ ਲਿਆ ਜਾਂਦਾ ਹੈ। ਉਸ ਦੇ ਮਾਂ-ਬਾਪ ਨੂੰ ਇਹ ਵਿਚਾਰ ਕਰਨਾ ਪੈਂਦਾ ਹੈ ਕਿ ਕੋਈ ਫ਼ੈਸਲਾ ਕਿਸੇ ਬੱਚੇ ਦੇ ਹਿੱਤ ਵਿੱਚ ਹੈ ਜਾਂ ਨਹੀਂ।”

"ਜੇ ਕੋਈ ਫ਼ੈਸਲਾ ਬੱਚੇ ਨੂੰ ਸਿੱਖਿਆ ਅਤੇ ਮਨੋਰੰਜਨ ਤੋਂ ਵਾਂਝਾ ਕਰਦਾ ਹੈ, ਤਾਂ ਇਹ ਉਸਦੇ ਅਧਿਕਾਰਾਂ ਦੀ ਉਲੰਘਣਾ ਹੈ।"

ਜੈਨ ਸਾਧਵੀ
RUPESH SONAWANE
ਦੇਵਾਂਸ਼ੀ ਛੋਟੀ ਉਮਰ ਤੋਂ ਵੀ ਅਧਿਆਮ ਵੱਲ ਪ੍ਰੇਰਿਤ ਸੀ

ਕਾਨੂੰਨ ਤੇ ਅਧਿਆਤਮ ਦੋ ਵੱਖਰੇ ਰਾਹ

ਮੁੰਬਈ ਯੂਨੀਵਰਸਿਟੀ ਵਿੱਚ ਜੈਨ ਦਰਸ਼ਨ ਪੜ੍ਹਾਉਂਣ ਵਾਲੇ ਡਾਕਟਰ ਬਿਪਿਨ ਦੋਸ਼ੀ ਕਹਿੰਦੇ ਹਨ, "ਤੁਸੀਂ ਅਧਿਆਤਮਿਕ ਸੰਸਾਰ ਵਿੱਚ ਕਾਨੂੰਨੀ ਸਿਧਾਂਤਾਂ ਨੂੰ ਲਾਗੂ ਨਹੀਂ ਕਰ ਸਕਦੇ"।

ਉਹ ਪੁੱਛਦੇ ਹਨ,"ਕੁਝ ਕਹਿ ਰਹੇ ਹਨ ਕਿ ਬੱਚਾ ਅਜਿਹੇ ਫ਼ੈਸਲੇ ਲੈਣ ਲਈ ਇੰਨਾ ਪਰਿਪੱਕ ਨਹੀਂ ਹੈ, ਪਰ ਅਜਿਹੇ ਬੱਚੇ ਵੀ ਹੁੰਦੇ ਹਨ ਜਿਨ੍ਹਾਂ ਦੀ ਬੌਧਿਕ ਸਮਰੱਥਾ ਇੰਨੀ ਹੁੰਦੀ ਹੈ ਕਿ ਉਹ ਛੋਟੀ ਉਮਰ ਵਿੱਚ ਹੀ ਬਾਲਗਾਂ ਦੇ ਮੁਕਬਾਲੇ ਵਧੇਰੇ ਹਾਸਿਲ ਕਰ ਲੈਂਦੇ ਹਨ। ਇਸੇ ਤਰ੍ਹਾਂ ਅਧਿਆਮਕ ਤੌਰ ’ਤੇ ਵਧੇਰੇ ਸੁਚੇਤ ਬੱਚੇ ਵੀ ਹੋ ਸਕਦੇ ਹਨ, ਤਾਂ ਅਜਿਹੇ ਬੱਚਿਆਂ ਦੇ ਬਿਕਸ਼ੂ ਬਣਨ ਵਿੱਚ ਕੀ ਹਰਜ਼ ਹੈ?"

ਡਾਕਟਰ ਦੋਸ਼ੀ ਦਾ ਕਹਿਣਾ ਹੈ, ਦੇਵਾਂਸ਼ੀ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਹੈ।

ਉਹ ਕਹਿੰਦੇ ਹਨ,"ਹੋ ਸਕਦਾ ਹੈ ਕਿ ਉਹ ਰਵਾਇਤੀ ਮਨੋਰੰਜਨ ਤੋਂ ਵਾਂਝੀ ਰਹੇ, ਪਰ ਕੀ ਇਹ ਸਭ ਲਈ ਜ਼ਰੂਰੀ ਹੈ? ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਉਹ ਪਿਆਰ ਜਾਂ ਸਿੱਖਿਆ ਤੋਂ ਵਾਂਝੀ ਰਹੇਗੀ।”

“ਉਸਨੂੰ ਆਪਣੇ ਗੁਰੂ ਤੋਂ ਪਿਆਰ ਮਿਲੇਗਾ ਅਤੇ ਉਹ ਇਮਾਨਦਾਰੀ ਸਿੱਖੇਗੀ ਤੇ ਦੁਨਿਆਵੀ ਚੀਜ਼ਾਂ ਨਾਲ ਲਗਾਓ ਘਟਾਉਣਾ ਸਿੱਖੇਗੀ। ਕੀ ਇਹ ਵਧੇਰੇ ਸਹੀ ਨਹੀਂ ਹੈ?"

ਜੈਨ ਸਾਧਵੀ
Getty Images
ਸਾਧਵੀਆਂ ਆਪਣੇ ਮਾਪਿਆਂ ਦੇ ਘਰ ਨਹੀਂ ਬਲਕਿ ਜੈਨ ਮੱਠਾਂ ਵਿੱਚ ਜ਼ਿੰਦਗੀ ਬਿਤਾਉਂਦੀਆਂ ਹਨ

ਫ਼ੈਸਲਾ ਬਦਲਿਆ ਵੀ ਜਾ ਸਕਦਾ ਹੈ

ਜੈਨ ਰਿਵਾਇਤਾਂ ਵਿੱਚ ਵੀ ਸਮੇਂ ਦੇ ਨਾਲ ਬਦਲਾਅ ਆਏ  ਜਿਸ ਵਿੱਚੋਂ ਇੱਕ ਹੈ ਕਿਸੇ ਨੂੰ ਬੰਨ੍ਹ ਕੇ ਨਾ ਰੱਖਣਾ। ਜੇ ਕੋਈ ਸਾਧਵੀ ਜਾਂ ਭਿਕਸ਼ੂ ਦੁਨਿਆਵੀਂ ਜੀਵਨ ਵਿੱਚ ਵਾਪਸੀ ਕਰਨਾ ਚਾਹੇ ਤਾਂ ਉਸ ਨੂੰ ਅਜਿਹਾ ਕਰਨ ਦਾ ਆਗਿਆ ਹੈ।

ਡਾਕਟਰ ਦੋਸ਼ੀ ਇਹ ਵੀ ਕਹਿੰਦੇ ਹਨ ਕਿ ਜੇ ਦੇਵਾਂਸ਼ੀ ਬਾਅਦ ਵਿੱਚ ਆਪਣਾ ਮਨ ਬਦਲ ਲੈਂਦੀ ਹੈ ਅਤੇ ਸੋਚਦੀ ਹੈ ਕਿ "ਉਸਨੇ ਆਪਣੇ ਗੁਰੂ ਦੇ ਪ੍ਰਭਾਵ ਅਧੀਨ ਗ਼ਲਤ ਫ਼ੈਸਲਾ ਲੈ ਲਿਆ ਹੈ ਤਾਂ ਉਸ ਦੇ ਸੰਸਾਰਿਕ ਜੀਵਨ ਵਿੱਚ ਵਾਪਸ ਆਉਣ ਦੇ ਰਾਹ ਹਮੇਸ਼ਾਂ ਖੁੱਲ੍ਹੇ ਹਨ।”

ਪ੍ਰੋਫ਼ੈਸਰ ਨੀਲਿਮਾ ਮਹਿਤਾ ਪੁੱਛਦੇ ਹਨ ਤਾਂ ਕਿ ਜੇ ਰਾਹ ਖੁੱਲ੍ਹੇ ਹੀ ਹਨ ਤਾਂ ਕਿਉਂ ਨਾ ਬੱਚੇ ਨੂੰ ਬਾਲਗ਼ ਹੋਣ ਤੋਂ ਬਾਅਦ ਫ਼ੈਸਲਾ ਲੈਣ ਦਾ ਹੱਕ ਦਿੱਤਾ ਜਾਵੇ।

"ਨੌਜਵਾਨ ਮਨ ਪ੍ਰਭਾਵ ਵਧੇਰੇ ਕਬੂਲਦੇ ਹਨ ਤੇ ਹੋ ਸਕਦਾ ਹੈ ਕੁਝ ਸਾਲ ਬਾਅਦ ਉਹ ਸੋਚੇ ਕਿ ਇਹ ਅਜਿਹੀ ਜ਼ਿੰਦਗੀ ਨਹੀਂ ਜਿਸ ਤਰ੍ਹਾਂ ਦੀ ਉਹ ਚਾਹੁੰਦੀ ਸੀ।”

ਉਹ ਉਦਾਹਰਣ ਦਿੰਦਿਆਂ ਕਹਿੰਦੇ ਹਨ ਕਿ ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿੱਚ ਔਰਤਾਂ ਦੇ ਵਿਚਾਰ ਵੱਧਦੀ ਉਮਰ ਨਾਲ ਬਦਲੇ ਤੇ ਉਨ੍ਹਾਂ ਆਪਣੇ ਲਏ ਫ਼ੈਸਲਿਆਂ ਨੂੰ ਰੱਦ ਕੀਤਾ।

ਪ੍ਰੋਫੈਸਰ ਮਹਿਤਾ ਦਾ ਕਹਿਣਾ ਹੈ ਕਿ ਕੁਝ ਸਾਲ ਪਹਿਲਾਂ ਉਹ ਕੋਲ ਇੱਕ ਨੌਜਵਾਨ ਜੈਨ ਸਾਧਵੀ ਦਾ ਮਾਮਲਾ ਆਇਆ। ਉਹ ਆਪਣੇ ਧਾਰਮਿਕ ਕੇਂਦਰ ਤੋਂ ਭੱਜ ਗਈ ਸੀ। ਜਦੋਂ ਅਸੀਂ ਉਸ ਨੂੰ ਮਿਲੇ ਤਾਂ ਸਮਝ ਆਈ ਉਹ ਗੰਭੀਰ ਸਦਮੇ ਵਿੱਚੋਂ ਗੁਜ਼ਰ ਰਹੀ ਸੀ।

ਉਨ੍ਹਾਂ ਇੱਕ ਹੋਰ ਮਾਮਲੇ ਦਾ ਜ਼ਿਕਰ ਕੀਤਾ ਇੱਕ ਕੁੜੀ ਜਿਸ ਨੇ ਨੌਂ ਸਾਲ ਦੀ ਉਮਰ ਵਿੱਚ ਸੰਨਿਆਸ ਲਿਆ ਸੀ ਨੇ ਸਾਲ 2009 ਵਿੱਚ 21 ਸਾਲਾਂ ਦੀ ਉਮਰ ਵਿੱਚ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਰਵਾਉਣ ਦਾ ਫ਼ੈਸਲਾ ਲਿਆ।

ਜੈਨ ਸਾਧਵੀ
Getty Images
ਜੈਨ ਸਾਧਵੀਆਂ ਨੂੰ ਦਿਨ ਢੱਲਣ ਤੋਂ ਬਾਅਦ ਕੁਝ ਖਾਣ ਦੀ ਇਜ਼ਾਜਤ ਨਹੀਂ

ਬੀਤੇ ਸਾਲਾਂ ਵਿੱਚ ਅਜਿਹੇ ਮਾਮਲਿਆਂ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ਵੀ ਅਦਾਲਤ ਵਿੱਚ ਦਾਇਰ ਕੀਤੀਆਂ ਗਈਆਂ ਸਨ।

ਪ੍ਰੋਫ਼ੈਸਰ ਮਹਿਤਾ ਦਾ ਕਹਿਣਾ ਹੈ ਕਿ ਕੋਈ ਵੀ ਸਮਾਜ ਸੁਧਾਰ ਇਸ ਮਾਮਲੇ ਨਾਲ ਜੁੜੀ ਸੰਵੇਦਨਸ਼ੀਲਤਾ ਸਾਹਮਣੇ ਬੌਣਾ ਹੈ।

ਉਹ ਕਹਿੰਦੇ ਹਨ,“ਇਹ ਸਿਰਫ਼ ਜੈਨ ਰਿਵਾਇਤਾਂ ਦਾ ਹਿੱਸਾ ਨਹੀਂ ਹੈ।  ਹਿੰਦੂ ਕੁੜੀਆਂ ਦੇਵੀ ਦੇਵਤਿਆਂ ਨਾਲ ਵਿਆਹੀਆਂ ਜਾਂਦੀਆਂ ਹਨ ਅਤੇ ਦੇਵਦਾਸੀਆਂ ਬਣ ਜਾਂਦੀਆਂ ਹਨ (ਹਾਲਾਂਕਿ ਇਹ ਅਭਿਆਸ 1947 ਵਿੱਚ ਗੈਰਕਾਨੂੰਨੀ ਕਰਾਰ ਦੇ ਦਿੱਤਾ ਗਿਆ ਸੀ) ਅਤੇ ਛੋਟੇ ਮੁੰਡੇ ਅਖਾੜਿਆਂ (ਧਾਰਮਿਕ ਕੇਂਦਰਾਂ) ਸੰਸਥਾਵਾਂ ਵਿੱਚ ਸ਼ਾਮਲ ਹੁੰਦੇ ਹਨ। ਬੁੱਧ ਧਰਮ ਵਿੱਚ ਬੱਚਿਆਂ ਨੂੰ ਮੱਠਾਂ ਵਿੱਚ ਭਿਕਸ਼ੂਆਂ ਵਜੋਂ ਰਹਿਣ ਲਈ ਭੇਜਿਆ ਜਾਂਦਾ ਹੈ।”

ਪ੍ਰੋਫ਼ੈਸਰ ਮਹਿਤਾ ਮੁਤਾਬਕ,"ਜੇ ਅੱਤ ਹੋਵੇ ਤਾਂ ਬੱਚੇ ਕਿਸੇ ਵੀ ਧਰਮ ਅਧੀਨ ਘੁੱਟਣ ਵਿੱਚ ਰਹਿੰਦੇ ਹਨ, ਪਰ ਇਸ ਨੂੰ ਚੁਣੌਤੀ ਦੇਣਾ ਈਸ਼ਨਿੰਦਾ ਹੈ।"

ਉਹ ਇਸ ਦਾ ਹੱਲ ਸੋਚਦਿਆਂ ਕਹਿੰਦੇ ਹਨ, “ਪਰਿਵਾਰਾਂ ਅਤੇ ਸਮਾਜਿਕ ਭਾਈਚਾਰਿਆਂ ਨੂੰ ਸਿੱਖਿਅਤ ਕਰਨ ਦੀ ਲੋੜ ਹੈ ਕਿ ਬੱਚਾ ਕਿਸੇ ਦੀ ਮਲਕੀਅਤ ਨਹੀਂ ਹੈ।"

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News