ਘੱਲੂਘਾਰਾ ਜੋ ਭੂਲਾ ਦਿੱਤਾ ਗਿਆ : ''''ਉਨ੍ਹਾਂ ਨੇ ਸਾਨੂੰ ਕਿਉਂ ਮਾਰਿਆ?''''

Tuesday, Jan 24, 2023 - 05:29 PM (IST)

ਘੱਲੂਘਾਰਾ ਜੋ ਭੂਲਾ ਦਿੱਤਾ ਗਿਆ : ''''ਉਨ੍ਹਾਂ ਨੇ ਸਾਨੂੰ ਕਿਉਂ ਮਾਰਿਆ?''''
ਹਿੰਟਾ ਘੋਰਘੇ
Delfin Lakatosz
ਹਿੰਟਾ ਘੋਰਘੇ ਦਾ ਕਹਿਣਾ ਹੈ ਕਿ ਰੋਮਾ ਦੀਆਂ ਪੀੜ੍ਹੀਆਂ ਨਫ਼ਰਤ ਅਤੇ ਵਿਤਕਰੇ ਦਾ ਸ਼ਿਕਾਰ ਹੋਈਆਂ

"ਉਹ ਸਾਨੂੰ ਕਿਉਂ ਮਾਰਨਾ ਚਾਹੁੰਦੇ ਸਨ? ਉਨ੍ਹਾਂ ਨੇ ਸਾਨੂੰ ਕਿਉਂ ਮਾਰਿਆ?" ਇਹ ਸਵਾਲ ਹਨ, 83 ਸਾਲਾ ਰੋਮਾ ਘੱਲੂਘਾਰੇ ਦੇ ਪੀੜਤ ਹਿੰਟਾ ਘੋਰਘੇ ਦੇ।

ਉਨ੍ਹਾਂ ਨੂੰ 2 ਸਾਲ ਦੀ ਉਮਰ ਵਿੱਚ ਦੂਜੀ ਵਿਸ਼ਵ ਜੰਗ ਦੌਰਾਨ ਟਰਾਂਸਇੰਸਟ੍ਰੀਆ ਵਿਚਲੇ ਕੈਂਪ ਵਿਚ ਲਿਜਾਇਆ ਗਿਆ। ਇਹ ਖੇਤਰ ਡੇਨੀਇਸਟਰ ਅਤੇ ਬੱਗ ਦਰਿਆਵਾਂ ਦੇ ਵਿਚਕਾਰ ਹੈ ਅਤੇ 1941 ਅਤੇ 1944 ਦੌਰਾਨ ਇਹ ਰੋਮਾਨੀਆ ਰਾਜ ਦਾ ਹਿੱਸਾ ਸੀ।

ਘੋਰਘੇ ਨੇ ਆਪਣੀ ਪੋਤੀ ਇਜ਼ਾਬੇਲਾ ਟਿਬੇਰੀਏਡ ਰਾਹੀਂ ਬੀਬੀਸੀ ਨੂੰ ਦੱਸਿਆ, "ਮੇਰੇ ਕੋਲ ਸਫ਼ਰ ਦੀਆਂ ਬਹੁਤੀਆਂ ਯਾਦਾਂ ਨਹੀਂ ਹਨ, ਕਿਉਂਕਿ ਇਸ ਨੇ ਮੇਰੇ ਸਾਰੇ ਵਜੂਦ ''''ਤੇ ਦਾਗ਼ ਛੱਡ ਦਿੱਤੇ ਹਨ।"

ਨਾਜ਼ੀਆਂ ਦੀ ਨਸਲਕੁਸ਼ੀ ਨੀਤੀ ਕਾਰਨ ਲਗਭਗ 1.1 ਕਰੋੜ ਲੋਕ ਮਾਰੇ ਗਏ ਸਨ। ਕਤਲ ਕੀਤੇ ਗਏ ਲੋਕਾਂ ਵਿੱਚੋਂ 50 ਲੱਖ ਗ਼ੈਰ-ਯਹੂਦੀ ਸਨ।

ਇਜ਼ਾਬੇਲਾ ਟਿਬੇਰੀਏਡ
Delfin Lakatosz
ਇਜ਼ਾਬੇਲਾ ਟਿਬੇਰੀਏਡ ਦਾ ਕਹਿਣਾ ਹੈ ਕਿ ਉਸ ਦੇ ਦਾਦਾ ਜੀ ਸਾਰੀਆਂ ਭਿਆਨਕ ਕਹਾਣੀਆਂ ਨੂੰ ਸੁਣਾਉਣ ਕਾਰਨ ਸਦਮੇ ਵਿੱਚ ਆ ਜਾਂਦੇ

ਇਤਿਹਾਸਕਾਰਾਂ ਦਾ ਅੰਦਾਜ਼ਾ ਹੈ ਕਿ  ਦੌਰਾਨ 2,50,000 ਤੋਂ 5,00,000 ਰੋਮਾ ਅਤੇ ਸਿੰਟੀ ਲੋਕਾਂ ਦਾ ਕਤਲ ਕੀਤਾ ਗਿਆ ਸੀ। ਪਰ ਬਹੁਤੇ ਪੀੜਤਾਂ ਨੂੰ ਬਹੁਤ ਹੱਦ ਤੱਕ ਵਿਸਾਰ ਦਿੱਤਾ ਗਿਆ ਹੈ।

ਨਾਜ਼ੀਆਂ ਦਾ ਮੰਨਣਾ ਸੀ ਕਿ ਜਰਮਨ ਆਰੀਅਨ ਸਨ ਅਤੇ ਇਸ ਲਈ "ਮਾਸਟਰ ਰੇਸ (ਸਰਬਉੱਚ ਨਸਲ)" ਸਨ।

ਕੁਝ ਲੋਕਾਂ ਨੂੰ ਨਾਜ਼ੀ ਗੈਰ ਲੋੜੀਂਦੇ ਸਮਝਦੇ ਹਨ, ਉਹ ਕੌਣ ਸਨ, ਉਨ੍ਹਾਂ ਦਾ ਜੈਨੇਟਿਕ ਜਾਂ ਸੱਭਿਆਚਾਰਕ ਮੂਲ, ਜਾਂ ਸਿਹਤ ਸਥਿਤੀਆਂ ਆਦਿ ਮੁਤਾਬਕ ਉਹ ਨਾਜ਼ੀ ਮਾਪਦੰਡਾਂ ਮੁਤਾਬਕ ਅਣਚਾਹੇ ਸਨ।

ਇਨ੍ਹਾਂ ਵਿੱਚ ਯਹੂਦੀ, ਜਿਪਸੀ, ਪੋਲ ਤੇ ਹੋਰ ਸਲਾਵ ਅਤੇ ਸਰੀਰਕ ਜਾਂ ਮਾਨਸਿਕ ਅਪਾਹਜ ਲੋਕ ਸ਼ਾਮਲ ਸਨ।

ਹੋਰ ਪੀੜਤਾਂ ਵਿੱਚ ਯਹੋਵਾਹ ਦੇ ਗਵਾਹ, ਸਮਲਿੰਗੀ, ਅਸਹਿਮਤ ਪਾਦਰੀ, ਕਮਿਊਨਿਸਟ, ਸਮਾਜਵਾਦੀ, ''''ਅਸਮਾਜਿਕ'''' (ਸ਼ਬਦ ਜੋ ਨਾਜ਼ੀਆਂ ਵੱਲੋਂ ਉਨ੍ਹਾਂ ਲੋਕਾਂ ਦੇ ਸਮੂਹ ਨੂੰ ਸ਼੍ਰੇਣੀਬੱਧ ਕਰਨ ਲਈ ਵਰਤੇ ਜਾਂਦੇ ਸਨ, ਜੋ ਉਨ੍ਹਾਂ ਦੇ ਸਮਾਜਿਕ ਨਿਯਮਾਂ ਦੇ ਅਨੁਕੂਲ ਨਹੀਂ ਸਨ) ਅਤੇ ਹੋਰ ਸਿਆਸੀ ਦੁਸ਼ਮਣ ਸ਼ਾਮਲ ਸਨ।

ਲਾਈਨ
BBC
ਨਾਜ਼ੀਆਂ ਕਿਹੜੇ ਲੋਕਾਂ ਨੂੰ ਆਪਣੇ ਦੁਸ਼ਮਣ ਮੰਨਦੇ ਹਨ

ਨਵੀਂ ਪੀੜ੍ਹੀ ਦਾ ਉਪਰਾਲਾ

  • ਨਾਜ਼ੀ ਨਸਲਕੁਸ਼ੀ ਨੀਤੀ ਕਾਰਨ ਲਗਭਗ 1.1 ਕਰੋੜ ਲੋਕ ਮਾਰੇ ਗਏ ਸਨ। ਕਤਲ ਕੀਤੇ ਗਏ ਲੋਕਾਂ ਵਿੱਚੋਂ 50 ਲੱਖ ਗ਼ੈਰ-ਯਹੂਦੀ ਸਨ।
  • ਘੱਲੂਘਾਰੇ ਦੇ ਭੁੱਲੇ ਹੋਏ ਪੀੜਤਾਂ ਦੇ ਵੰਸ਼ਜਾਂ ਦੀ ਵੀ ਆਪਣੇ ਪੁਰਖਿਆਂ ਦੇ ਦੁੱਖਾਂ ਵਿੱਚ ਦਿਲਚਸਪੀ ਵਧ ਗਈ।
  • ਹਿੰਟਾ ਘੋਰਘੇ ਦੀ ਪੋਤੀ ਇਜ਼ਾਬੇਲਾ ਹੈ ਕਿ ਸਕੂਲ ਵਿੱਚ ਉਸ ਨੇ ਦੂਜੇ ਵਿਸ਼ਵ ਯੁੱਧ ਅਤੇ ਘੱਲੂਘਾਰੇ ਬਾਰੇ ਪੜ੍ਹਾਈ ਕੀਤੀ ਸੀ, ਪਰ ਰੋਮਾ ਦੇ ਦੁੱਖਾਂ ਨੂੰ ਵਿਸਾਰ ਦਿੱਤਾ ਗਿਆ ਸੀ।
  • ਨਿਆਂ ਦੀ ਮੰਗ ਕਰਨ ਦੇ ਇਰਾਦੇ ਨਾਲ, ਉਸ ਨੇ ਮਨੁੱਖੀ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦਾ ਅਧਿਐਨ ਕਰਨ ਦਾ ਫ਼ੈਸਲਾ ਕੀਤਾ।
  • ਉਸ ਮੁਤਾਬਕ ਨਵੀਂ ਪੀੜ੍ਹੀ ਕੋਲ ਜਾਣਕਾਰੀ ਤੱਕ ਪਹੁੰਚ ਨਹੀਂ ਹੈ, ਪ੍ਰਤੀਨਿਧਤਾ ਦੀ ਘਾਟ ਹੈ ਅਤੇ ਨੌਜਵਾਨ ਕਦੇ-ਕਦਾਈਂ ਆਪਣੇ ਅਤੀਤ ਅਤੇ ਜੜ੍ਹਾਂ ਨਾਲ ਜੁੜਦੇ ਹਨ।
  • ਇਜ਼ਾਬੇਲਾ ਦਾ ਕਹਿਣਾ ਹੈ ਕਿ ਆਪਣੇ ਸੱਭਿਆਚਾਰ, ਇਤਿਹਾਸ ਅਤੇ ਭਾਸ਼ਾ ਨੂੰ ਇਕੱਠੇ ਮਨਾਉਣ ਦੀ ਲੋੜ ਹੈ।
ਲਾਈਨ
BBC

ਮੌਤ ਦੇ ਕੈਂਪ

ਘੋਰਘੇ ਅੱਗੇ ਕਹਿੰਦੇ ਹਨ, "ਮੇਰੀ ਮਾਂ ਨੇ ਪਸ਼ੂਆਂ ਵਾਲੀਆਂ ਰੇਲ ਗੱਡੀਆਂ ਵਿੱਚ ਸਫ਼ਰ ਦੌਰਾਨ ਬੱਚੇ ਗੁਆ ਦਿੱਤੇ ਸਨ। ਮੈਨੂੰ ਲਗਦਾ ਹੈ ਕਿ ਕਾਫੀ ਸਾਲਾਂ ਬਾਅਦ ਵੀ ਉਨ੍ਹਾਂ ਨੂੰ ਲਗਦਾ ਰਿਹਾ ਕਿ ਉਨ੍ਹਾਂ ਦੇ ਪਿੱਛੇ ਕੁਝ ਰਹਿ ਗਿਆ ਹੈ।"

"ਅਸੀਂ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਸਮਝ ਗਏ ਸੀ ਕਿ ਕੈਂਪ ਵਿੱਚ ਕੀ ਹੋ ਰਿਹਾ ਹੈ। ਬਹੁਤ ਸਾਰੇ ਲੋਕ ਰਸਤੇ ਵਿੱਚ ਹੀ ਮਰ ਗਏ। ਬਹੁਤ ਸਾਰੇ ਲੋਕ, ਉਨ੍ਹਾਂ ਛੋਟੀਆਂ ਰੇਲਗੱਡੀਆਂ ਵਿੱਚ ਸਨ, ਜੋ ਪਸ਼ੂਆਂ ਦੀ ਆਵਾਜਾਈ ਲਈ ਤਿਆਰ ਕੀਤੀਆਂ ਗਈਆਂ ਸਨ।"

ਨਾਜ਼ੀਆਂ ਵੱਲੋਂ ਜੂਨ 1936 ਵਿੱਚ ''''ਜਿਪਸੀ ਸਮੱਸਿਆ ਵਿਰੁੱਧ ਲੜਾਈ'''' ਲਈ ਕੇਂਦਰੀ ਦਫ਼ਤਰ ਸਥਾਪਤ ਕੀਤਾ ਗਿਆ ਸੀ।

ਮਿਊਨਿਖ ਦੇ ਦਫ਼ਤਰ ਨੂੰ ਸਿੰਟੀ ਅਤੇ ਰੋਮਾ ''''ਤੇ "ਨਸਲੀ-ਜੀਵ-ਵਿਗਿਆਨਕ ਖੋਜਾਂ ਦੇ ਨਤੀਜਿਆਂ ਦਾ ਮੁਲਾਂਕਣ" ਕਰਨ ਦਾ ਕੰਮ ਸੌਂਪਿਆ ਗਿਆ ਸੀ।

ਆਉਸ਼ਵਿਟਜ਼-ਬਰਕੇਨੌ
Getty Images
ਆਉਸ਼ਵਿਟਜ਼-ਬਰਕੇਨੌ ਵਿੱਚ 21,000 ਤੋਂ ਵੱਧ ਰੋਮਾ ਦੀ ਹੱਤਿਆ ਕੀਤੀ ਗਈ ਸੀ

1938 ਤੱਕ, ਸਿੰਟੀ ਅਤੇ ਰੋਮਾ ਨੂੰ ਤਸੀਹਿਆਂ ਵਾਲੇ ਕੈਂਪਾਂ ਵਿਚ ਭੇਜਿਆ ਜਾ ਰਿਹਾ ਸੀ।

ਯਹੂਦੀਆਂ ਵਾਂਗ, ਉਹ ਆਪਣੇ ਨਾਗਰਿਕ ਅਧਿਕਾਰਾਂ ਤੋਂ ਵਾਂਝੇ ਸਨ। ਰੋਮਾ ਅਤੇ ਸਿੰਟੀ ਦੇ ਬੱਚਿਆਂ ''''ਤੇ ਪਬਲਿਕ ਸਕੂਲਾਂ ਵਿੱਚ ਜਾਣ ਉੱਤੇ ਪਾਬੰਦੀ ਲਗਾਈ ਗਈ ਸੀ ਅਤੇ ਬਾਲਗਾਂ ਲਈ ਰੁਜ਼ਗਾਰ ਹਾਸਿਲ ਕਰਨਾ ਔਖਾ ਹੋ ਗਿਆ ਸੀ।

ਰੋਮਾ ਸਮਾਜ ਖਾਨਾਬਦੋਸ਼ ਮੰਨਿਆ ਜਾਂਦਾ ਸੀ, ਇਹ ਮੂਲ ਰੂਪ ਵਿੱਚ ਉੱਤਰ ਪੱਛਮੀ ਭਾਰਤ ਤੋਂ ਆਏ ਸਨ, ਜਿਸ ਵਿੱਚ ਕਈ ਕਬੀਲਿਆਂ ਜਾਂ ਕੌਮਾਂ ਸ਼ਾਮਲ ਸਨ।

ਜਰਮਨੀ ਵਿੱਚ ਵਸਣ ਵਾਲੇ ਜ਼ਿਆਦਾਤਰ ਰੋਮਾ, ਸਿੰਟੀ ਕੌਮ ਨਾਲ ਸਬੰਧਤ ਸਨ। ਉਹ ਸਦੀਆਂ ਤੋਂ ਸਤਾਏ ਗਏ ਸਨ।

ਨਾਜ਼ੀ ਸ਼ਾਸਕਾਂ ਨੇ ਰੋਮਾ ਨੂੰ ਜਰਮਨਾਂ ਨਾਲੋਂ ਸਮਾਜਿਕ ਅਤੇ ਨਸਲੀ ਤੌਰ ''''ਤੇ ਨੀਵਾਂ ਸਮਝਦੇ ਹੋਏ ਜ਼ੁਲਮ ਜਾਰੀ ਰੱਖਿਆ।

ਘੋਰਘੇ ਯਾਦ ਕਰਦੇ ਹਨ, "ਕਿਸੇ ਨੇ ਸਾਡੀ ਪਰਵਾਹ ਨਹੀਂ ਕੀਤੀ ਪਰ ਉਸੇ ਸਮੇਂ, ਉਹ ਸਾਡੇ ਨਾਲ ਬਹੁਤ ਨਫ਼ਰਤ ਕਰਦੇ ਸਨ।"

ਆਉਸ਼ਵਿਟਜ਼ ਵਿੱਚ ਜਿਪਸੀ ਕੈਂਪ

1943 ਤੱਕ, ਕੈਂਪ ਕੰਪਲੈਕਸ ਆਉਸ਼ਵਿਟਜ਼-ਬਿਰਕੇਨੌ ਦਾ ਇੱਕ ਵੱਡਾ ਇਲਾਕਾ ਦੇਸ਼ ਨਿਕਾਲਾ ਦਿੱਤੇ ਸਿੰਟੀ ਅਤੇ ਰੋਮਾ ਨੂੰ ਦੇ ਦਿੱਤਾ ਗਿਆ ਸੀ।

ਕੈਦੀਆਂ ਦੀ ਗਿਣਤੀ ਲਗਭਗ 23,000 ਹੋਣ ਦਾ ਅੰਦਾਜ਼ਾ ਹੈ। ਜਿਨ੍ਹਾਂ ਵਿੱਚ ਕਈ ਡਾਕਟਰੀ ਪ੍ਰਯੋਗਾਂ ਦਾ ਸ਼ਿਕਾਰ ਬਣ ਗਏ ਅਤੇ ਕਈ ਥਕਾਵਟ ਕਾਰਨ ਜਾਂ ਗੈਸ ਚੈਂਬਰਾਂ ਵਿੱਚ ਮਾਰੇ ਗਏ।

ਅਗਸਤ 1944 ਵਿੱਚ ਕੈਂਪ ਭੰਗ ਕਰ ਦਿੱਤਾ ਗਿਆ ਸੀ। ਇਸ ਦੇ ਬਹੁਤ ਸਾਰੇ ਕੈਦੀਆਂ ਨੂੰ ਕਤਲ ਕਰ ਦਿੱਤਾ ਗਿਆ ਸੀ ਜਾਂ ਦੂਜੇ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਸੀ। ਅੰਤ ਤੱਕ ਘੱਟੋ-ਘੱਟ 21,000 ਮਰਦ, ਔਰਤਾਂ ਅਤੇ ਬੱਚੇ ਮਾਰੇ ਗਏ।

ਸਿਰਫ 2015 ਤੋਂ ਰੋਮਾ ਨਸਲਕੁਸ਼ੀ ਨੂੰ ਅਧਿਕਾਰਤ ਤੌਰ ''''ਤੇ ਯੂਰਪ ਵਿੱਚ ਯਾਦ ਕੀਤਾ ਜਾਂਦਾ ਹੈ
Getty Images
ਸਿਰਫ 2015 ਤੋਂ ਰੋਮਾ ਨਸਲਕੁਸ਼ੀ ਨੂੰ ਅਧਿਕਾਰਤ ਤੌਰ ''''ਤੇ ਯੂਰਪ ਵਿੱਚ ਯਾਦ ਕੀਤਾ ਜਾਂਦਾ ਹੈ

ਜਦੋਂ ਹਿੰਟਾ ਘੋਰਘੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਚੇ ਹੋਏ ਮੈਂਬਰ ਤਿੰਨ ਸਾਲਾਂ ਦਾ ਕਸ਼ਟ ਭੋਗਣ ਮਗਰੋਂ ਮੌਤ ਦੇ ਕੈਂਪ ਤੋਂ ਵਾਪਸ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਰੋਮਾਨੀਆ ਵਿੱਚ ਉਨ੍ਹਾਂ ਦੇ ਘਰ ਜਾਂ ਤਾਂ ਤਬਾਹ ਹੋ ਗਏ ਸਨ ਜਾਂ ਕਿਸੇ ਹੋਰ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਏ ਗਏ ਸਨ।

ਘੋਰਘੇ ਨੇ ਕਿਹਾ, "ਉਨ੍ਹਾਂ ਨੇ ਸਾਡੇ ਨਾਲ ਅਣਮਨੁੱਖੀ ਵਤੀਰਾ ਕੀਤਾ ਅਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਉਹ ਅਜੇ ਵੀ ਸਾਨੂੰ ਸਾਡੇ ਇਤਿਹਾਸ ਤੋਂ ਵਾਂਝੇ ਰੱਖ ਰਹੇ ਹਨ, ਅੱਜ ਕੱਲ੍ਹ ਬਹੁਤ ਸਾਰੇ ਬੱਚਿਆਂ ਨੂੰ ਇਸ ਗੱਲ ਦਾ ਕੋਈ ਸੁਰਾਗ ਤੱਕ ਨਹੀਂ ਹੈ ਕਿ ਕੀ ਹੋਇਆ ਸੀ, ਪਰ ਉਹ ਸਿਰਫ਼ ਬਜ਼ੁਰਗ ਦਾਦੀਆਂ-ਨਾਨੀਆਂ ਦੇ ਗੀਤ ਸੁਣਦੇ ਹਨ, ਜਿਨ੍ਹਾਂ ਨੂੰ ਗਾਉਣ ਵੇਲੇ ਯਾਦਾਂ ਤਾਜ਼ਾ ਹੁੰਦੀਆਂ ਹਨ ਤੇ ਅੱਖਾਂ ਭਰ ਆਉਂਦੀਆਂ ਹਨ।"

"ਸਾਡੇ ਗੀਤ ਕੈਂਪ ਵਿੱਚ ਦੁੱਖ, ਅਸਹਿ ਹਾਲਤਾਂ ਦੀ ਯਾਦ ਦਿਵਾਉਂਦੇ ਹਨ ਜੋ ਵਿਨਾਸ਼ਕਾਰੀ ਸਨ। ਗੰਦਗੀ, ਅਕਾਲ, ਠੰਢ, ਬੇਢੁਕਵੇਂ ਆਸਰੇ ... ਭੀੜ-ਭੜੱਕਾ ਅਤੇ ਦਰਦਨਾਕ ਬਿਮਾਰੀਆਂ ਵੱਲ ਲੈ ਜਾਂਦੇ ਹਨ ਉਹ ਰਾਹ।"

ਇਜ਼ਾਬੇਲਾ ਟਿਬੇਰੀਏਡ
BBC

ਪੱਖਪਾਤ

ਲੰਡਨ ਵਿੱਚ ਸਥਿਤ ਵਿਨਰ ਹੋਲੋਕਾਸਟ ਲਾਇਬ੍ਰੇਰੀ ਦੀ ਸੀਨੀਅਰ ਕਿਊਰੇਟਰ ਬਾਰਬਰਾ ਵਾਰਨੌਕ ਦਾ ਕਹਿਣਾ ਹੈ ਕਿ ਜਰਮਨ ਸਮਾਜ ਦੇ ਅੰਦਰ ਮੌਜੂਦਾ ਸਮਾਜਿਕ ਅਲਹਿਦਗੀ ਅਤੇ ਕਾਨੂੰਨੀ ਵਿਤਕਰੇ ਨੇ ਨਾਜ਼ੀਆਂ ਲਈ ਰੋਮਾ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਬਹੁਤ ਸੌਖਾ ਬਣਾ ਦਿੱਤਾ ਸੀ।

ਉਹ ਕਹਿੰਦੀ ਹੈ, "ਇਹ ਪਹਿਲਾਂ ਤੋਂ ਹੀ ਮੌਜੂਦਾ ਪੱਖਪਾਤੀ ਰਵੱਈਏ ਦੀ ਨਿਰੰਤਰਤਾ ਵਜੋਂ ਸ਼ੁਰੂ ਹੋਇਆ ਸੀ। ਨਾਜ਼ੀ, ਮੌਜੂਦਾ ਕਾਨੂੰਨਾਂ ''''ਤੇ ਕੰਮ ਕਰ ਰਹੇ ਸਨ। ਇਸ ਦੌਰਾਨ ਰੋਮਾ ਜਰਮਨੀ ਦੇ ਅੰਦਰ ਇੱਕ ਹਾਸ਼ੀਏ ''''ਤੇ ਪਿਆ ਸਮੂਹ ਸੀ।"

ਇਹ ਰੋਮਾ ਦੀ ਇੱਕ ਫੋਟੋ ਹੈ ਜੋ 1940 ਵਿੱਚ ਬੇਲਜ਼ੇਕ ਕੈਂਪ ਵਿੱਚ ਲਈ ਗਈ ਸੀ।
Wiener Holocaust Library Collections
ਬਹੁਤ ਸਾਰੇ ਲੋਕ ਉਨ੍ਹਾਂ ਕੈਂਪਾਂ ਵਿੱਚ ਮਾਰੇ ਗਏ ਸਨ ਜਿੱਥੇ ਰੋਮਾ ਨੂੰ ਵੱਖਰੇ ਤੌਰ ''''ਤੇ ਰੱਖਿਆ ਗਿਆ ਸੀ। ਇਹ ਰੋਮਾ ਦੀ ਇੱਕ ਫੋਟੋ ਹੈ ਜੋ 1940 ਵਿੱਚ ਬੇਲਜ਼ੇਕ ਕੈਂਪ ਵਿੱਚ ਲਈ ਗਈ ਸੀ।

ਡਾ. ਵਾਰਨੌਕ ਦੂਜੇ ਵਿਸ਼ਵ ਯੁੱਧ ਦੌਰਾਨ ਰੋਮਾ ਦੇ ਲੋਕਾਂ ''''ਤੇ ਅਧਿਕਾਰਤ ਰਿਕਾਰਡਾਂ ਦੀ ਘਾਟ ਵੱਲ ਵੀ ਇਸ਼ਾਰਾ ਕਰਦਾ ਹੈ।

ਉਨ੍ਹਾਂ ਮੁਤਾਬਕ, "ਸੰਖਿਆ ਬਾਰੇ ਬਹੁਤ ਅਨਿਸ਼ਚਿਤਤਾ ਹੈ। ਕੁਝ ਮੌਤ ਦੇ ਕੈਂਪਾਂ ਵਿੱਚ ਮਾਰੇ ਗਏ ਸਨ, ਬਹੁਤ ਸਾਰੇ ਗੋਲੀਬਾਰੀ ਵਿੱਚ ਮਾਰੇ ਗਏ ਸਨ, ਜਿਨ੍ਹਾਂ ਵਿੱਚ ਖਾਸ ਤੌਰ ''''ਤੇ ਸੋਵੀਅਤ ਪ੍ਰਦੇਸ਼ਾਂ ਵਿੱਚ ਹੋਈ ਗੋਲੀਬਾਰੀ ਸ਼ਾਮਿਲ ਹੈ।"

"ਜਰਮਨ ਫੌਜ ਦੇ ਬਾਅਦ ਆਈਨਸੈਟਜ਼-ਗਰੁਪੇਨ (ਨਾਜ਼ੀ ਜਰਮਨੀ ਦੇ ਅਰਧ ਸੈਨਿਕ ਦਸਤੇ) ਅਤੇ ਸਥਾਨਕ ਸਹਿਯੋਗੀ ਇਸ ਸਮੂਹਿਕ ਗੋਲੀਬਾਰੀ ਵਿੱਚ ਸ਼ਾਮਲ ਸਨ।"

ਯੁੱਧ ਮਗਰੋਂ, ਬਹੁਤ ਸਾਰੇ ਮੋਹਰੀ ਨਾਜ਼ੀਆਂ ਨੂੰ ਫੜ ਲਿਆ ਗਿਆ ਅਤੇ ਫੌਜੀ ਅਦਾਲਤਾਂ ਅਤੇ ਨਿਊਰਮਬਰਗ ਟ੍ਰਿਬਿਊਨਲ ਵਿੱਚ ਉਨ੍ਹਾਂ ਉੱਤੇ ਕੇਸ ਚਲਾਇਆ ਗਿਆ ਸੀ।

ਇਨ੍ਹਾਂ ਮਾਮਲਿਆਂ ਵਿੱਚ, ਇੱਕ ਉੱਪਰ ਵੀ ਰੋਮਾ ਲੋਕਾਂ ਨੂੰ ਮਾਰਨ ਦਾ ਇਲਜ਼ਾਮ ਨਹੀਂ ਲੱਗਿਆ ਸੀ। ਨਾਜ਼ੀਆਂ ਨੇ ਅਕਸਰ ਦਾਅਵਾ ਕੀਤਾ ਕਿ "ਉਨ੍ਹਾਂ ਨੇ ਜਿਨ੍ਹਾਂ ਰੋਮਾ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਉਹ ਅਪਰਾਧੀ ਸਨ।"

ਘੋਰਘੇ ਲਈ, ਦੇਸ਼ ਵਿੱਚ ''''ਵਿਦੇਸ਼ੀ'''' ਵਜੋਂ ਉਨ੍ਹਾਂ ਅਤੇ ਉਨ੍ਹਾਂ ਦੇ ਭਾਈਚਾਰੇ ਨਾਲ ਵਿਤਕਰੇ ਦਾ ਸਾਹਮਣਾ ਨਾਜ਼ੀ ਸ਼ਾਸਨ ਤੱਕ ਹੀ ਸੀਮਤ ਨਹੀਂ ਸੀ।

ਸੋਵੀਅਤ ਕਮਿਊਨਿਜ਼ਮ ਦੇ ਪਤਨ ਤੋਂ ਬਾਅਦ, ਘੋਰਘੇ ਰੋਮਾਨੀਆ ਛੱਡ ਕੇ ਜਰਮਨੀ ਚਲੇ ਗਏ।

ਪਰ ਆਉਣ ਤੋਂ ਕੁਝ ਮਹੀਨਿਆਂ ਬਾਅਦ, ਉਹ 1992 ਵਿੱਚ ਇੱਕ ਬੇਰਹਿਮ ਜ਼ੈਨੋਫੋਬਿਕ ਹਮਲੇ ਵਿੱਚ ਫਸ ਗਏ।

ਇਸ ਹਮਲੇ ਨੂੰ ਅਗਸਤ 1992 ਵਿੱਚ ਰੋਸਟੋਕ-ਲਿਚਟਨਹੇਗਨ ਦੰਗਿਆਂ ਵਜੋਂ ਜਾਣਿਆ ਜਾਂਦਾ ਹੈ।

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਵਿੱਚ ਇਹ ਸਭ ਤੋਂ ਭੈੜੀ ਸੱਜੇ-ਪੱਖੀ ਹਿੰਸਾ ਸੀ।

ਕੱਟੜਪੰਥੀਆਂ ਨੇ ਦੰਗਿਆਂ ਦੌਰਾਨ ਉਸ ਅਪਾਰਟਮੈਂਟ ਬਲਾਕ ''''ਤੇ ਪੱਥਰ, ਪੈਟਰੋਲ ਬੰਬ ਸੁੱਟ ਕੇ ਨਿਸ਼ਾਨਾ ਬਣਾਇਆ ਜਿੱਥੇ ਸ਼ਰਨਾਰਥੀ ਰਹਿੰਦੇ ਸਨ।

ਹਿੰਟਾ ਘੋਰਘੇ ਕਹਿੰਦੇ ਹਨ, "ਬਹੁਤ ਦੁੱਖਦਾਈ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਦਰਦ ਦਿੱਤਾ ਉਨ੍ਹਾਂ ਦੇ ਵਾਰਿਸਾਂ ਨੇ ਵੀ ਉਸੇ ਹੀ ਵਿਰਾਸਤ ਨੂੰ ਅੱਗੇ ਵਧਾਇਆ। ਸਾਡੇ ਬੱਚੇ ਨਫ਼ਰਤ ਅਤੇ ਗੁੱਸੇ ਦੇ ਨਹੀਂ ਬਲਕਿ ਕਿਸੇ ਬਿਹਤਰ ਚੀਜ਼ਾ ਦੇ ਹੱਕਦਾਰ ਸਨ।"

ਨਵੀਂ ਪੀੜ੍ਹੀ

ਹੁਣ ਭੁਲਾਏ ਜਾ ਚੁੱਕੇ ਘੱਲੂਘਾਰੇ ਦੇ ਪੀੜਤਾਂ ਦੇ ਵੰਸ਼ਜਾਂ ਦੀ ਵੀ ਆਪਣੇ ਪੁਰਖਿਆਂ ਦੇ ਦੁੱਖਾਂ ਵਿੱਚ ਦਿਲਚਸਪੀ ਵਧ ਗਈ।

ਹਿੰਟਾ ਘੋਰਘੇ ਦੀ ਪੋਤੀ ਇਜ਼ਾਬੇਲਾ ਟਿਬੇਰੀਏਡ ਦਾ ਜਨਮ ਵੀ ਨਹੀਂ ਹੋਇਆ ਸੀ ਜਦੋਂ ਉਸ ਦੇ ਪਰਿਵਾਰ ਨੂੰ ਨਵ-ਨਾਜ਼ੀ ਵਿਚਾਰਧਾਰਾ ਤੋਂ ਪ੍ਰੇਰਿਤ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਸੀ।

ਉਹ ਕਹਿੰਦੀ ਹੈ ਕਿ ਸਕੂਲ ਵਿੱਚ ਉਸ ਨੇ ਦੂਜੇ ਵਿਸ਼ਵ ਯੁੱਧ ਅਤੇ ਘੱਲੂਘਾਰੇ ਬਾਰੇ ਪੜ੍ਹਾਈ ਕੀਤੀ ਸੀ, ਪਰ ਉਸ ਵਿੱਚ ਰੋਮਾ ਦੇ ਦੁੱਖਾਂ ਨੂੰ ਵਿਸਾਰ ਦਿੱਤਾ ਗਿਆ ਸੀ।

ਉਸ ਨੇ ਰੋਮਾਨੀਆ ਦੇ ਘਰ ਵਿੱਚ ਹੀ ਹੋਰ ਖੋਜ ਕੀਤੀ। ਨਿਆਂ ਦੀ ਮੰਗ ਕਰਨ ਦੇ ਇਰਾਦੇ ਨਾਲ, ਉਸ ਨੇ ਮਨੁੱਖੀ ਅਧਿਕਾਰਾਂ ਅਤੇ ਅੰਤਰ-ਰਾਸ਼ਟਰੀ ਕਾਨੂੰਨਾਂ ਦਾ ਅਧਿਐਨ ਕਰਨ ਦਾ ਫ਼ੈਸਲਾ ਲਿਆ।

ਇਜ਼ਾਬੇਲਾ ਟਿਬੇਰੀਏਡ
Delfin Lakatosz
ਇਜ਼ਾਬੇਲਾ ਟਿਬੇਰੀਏਡ ਦਾ ਕਹਿਣਾ ਹੈ ਕਿ ਉਹ ਸੋਚਦੀ ਸੀ ਕਿ ਰੋਮਾ ਦੇ ਲੋਕਾਂ ਵਿਰੁੱਧ ਨਸਲਵਾਦ ਅਤੀਤ ਦੀ ਗੱਲ ਹੈ ਜਦੋਂ ਤੱਕ ਉਸ ਨੇ ਆਪਣੇ ਆਪ ਨੂੰ ਨਫ਼ਰਤ ਦਾ ਸਾਹਮਣਾ ਨਹੀਂ ਕੀਤਾ

ਟਿਬੇਰੀਏਡ ਨੇ ਬੀਬੀਸੀ ਨੂੰ ਦੱਸਿਆ, "ਉਹ ਅਜਿਹੀਆਂ ਕਹਾਣੀਆਂ ਸੁਣਾਉਂਦੇ ਸਨ ਜੋ ਸਾਡੀ ਨਵੀਂ ਪੀੜ੍ਹੀ ਦੀ ਸਮਝੋ ਪਰੇ ਸਨ।"

"ਮੈਨੂੰ ਪਤਾ ਲੱਗਾ ਕਿ ਮੇਰੇ ਦਾਦਾ-ਦਾਦੀ, ਚਾਚੇ ਅਤੇ ਕਈ ਹੋਰਾਂ ਦਾ ਵੀ ਇਹੀ ਤਜਰਬਾ ਰਿਹਾ ਹੈ। ਉਨ੍ਹਾਂ ਨੂੰ ਮੌਤ ਦੇ ਕੈਂਪਾਂ ਵਿੱਚ ਭੇਜ ਦਿੱਤਾ ਗਿਆ ਸੀ, ਕਿਉਂਕਿ ਉਹ ਰੋਮਾ ਸਨ।"

ਉਹ ਕਹਿੰਦੀ ਹੈ, "ਨਵੀਂ ਪੀੜ੍ਹੀ ਕੋਲ ਜਾਣਕਾਰੀ ਤੱਕ ਪਹੁੰਚ ਨਹੀਂ ਹੈ, ਪ੍ਰਤੀਨਿਧਤਾ ਦੀ ਘਾਟ ਹੈ ਅਤੇ ਨੌਜਵਾਨ ਕਦੇ-ਕਦਾਈਂ ਆਪਣੇ ਅਤੀਤ ਅਤੇ ਜੜ੍ਹਾਂ ਨਾਲ ਜੁੜਦੇ ਹਨ। ਕੁਝ ਤਾਂ ਇਹ ਵੀ ਮੰਨਦੇ ਹਨ ਕਿ ਰੋਮਾ ਹੋਣਾ ਬਹੁਤ ਗ਼ਲਤ ਹੈ।"

ਟਿਬੇਰੀਏਡ ਇੱਕ ਰੋਮਾ ਯੁਵਾ ਸੰਗਠਨ ''''ਦਿਖ ਹੀ ਨਾ ਬਸਿਟਰ'''' (Dikh he na bsiter) ਜਿਸ ਦਾ ਮਤਲਬ ਹੈ ''''ਦੇਖਣਾ ਅਤੇ ਨਾ ਭੁੱਲਣਾ'''' ਲਈ ਕੰਮ ਕਰਦੀ ਹੈ ਜਿਸ ਦਾ ਉਦੇਸ਼ ਘੱਲੂਘਾਰੇ ਦੌਰਾਨ ਰੋਮਾ ਭਾਈਚਾਰੇ ਨਾਲ ਕੀ ਵਾਪਰਿਆ ਇਸ ਬਾਰੇ ਯਾਦ ਕਰਨਾ ਅਤੇ ਜਾਗਰੂਕਤਾ ਫੈਲਾਉਣਾ ਹੈ।

ਇਜ਼ਾਬੇਲਾ ਟਿਬੇਰੀਏਡ
Delfin Lakatosz
ਇਜ਼ਾਬੇਲਾ ਟਿਬੇਰੀਏਡ ਦਾ ਮੰਨਣਾ ਹੈ ਕਿ ਜੇ ਵਧੇਰੇ ਲੋਕਾਂ ਨੂੰ ਘੱਲੂਘਾਰੇ ਦੇ ਭੁੱਲੇ ਹੋਏ ਪੀੜਤਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਰੋਮਾ ਪ੍ਰਤੀ ਵਧੇਰੇ ਹਮਦਰਦੀ ਹੋਵੇਗੀ

ਟਿਬੇਰੀਏਡ ਚਾਹੁੰਦੀ ਹੈ ਕਿ ਰੋਮਾ ਦੇ ਨੌਜਵਾਨਾਂ ਦੇ ਨਾਲ-ਨਾਲ ਹੋਰ ਲੋਕ ਘੱਲੂਘਾਰੇ ਬਾਰੇ ਹੋਰ ਜਾਣਨ ਅਤੇ "ਉਸ ਨੂੰ ਉਮੀਦ ਹੈ ਕਿ ਦੂਸਰੇ ਲੋਕ ਉਸ ਦੇ ਭਾਈਚਾਰੇ ਨੂੰ ਬਹੁਤ ਜ਼ਿਆਦਾ ਹਮਦਰਦੀ ਨਾਲ ਵੇਖਣਗੇ।"

ਇੱਥੇ ਕਈ ਅੰਤਰਰਾਸ਼ਟਰੀ ਕੋਸ਼ਿਸ਼ਾਂ ਵੀ ਜਾਰੀ ਹੈ।

2015 ਵਿੱਚ, ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਪੱਖਪਾਤ ਅਤੇ ਵਿਤਕਰੇ ਨਾਲ ਲੜਨ ਲਈ ਮਜ਼ਬੂਤ ਅਤੇ ਠੋਸ ਸਿਆਸੀ ਵਚਨਬੱਧਤਾ ਦੀ ਮੰਗ ਕੀਤੀ ਗਈ ਸੀ।

ਯੂਰਪੀਅਨ ਪਾਰਲੀਮੈਂਟ ਨੇ 2015 ਵਿੱਚ ਯੂਰਪੀਅਨ ਰੋਮਾ ਹੋਲੋਕਾਸਟ ਮੈਮੋਰੀਅਲ ਦਿਵਸ ਮਨਾਉਣ ਦੀ ਵੀ ਪ੍ਰਵਾਨਗੀ ਦਿੱਤੀ ਹੈ।

ਇਹ 2 ਅਗਸਤ ਨੂੰ ਮਨਾਇਆ ਗਿਆ ਸੀ। ਹੋਲੋਕਾਸਟ ਮੈਮੋਰੀਅਲ ਡੇਅ ਦੌਰਾਨ ਹੋਰ ਪੀੜਤਾਂ ਦੇ ਨਾਲ-ਨਾਲ ਰੋਮਾ ਦੇ ਲੋਕਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ।

ਟਿਬੇਰੀਏਡ ਨੇ ਕਿਹਾ, "ਅਸੀਂ ਰਾਤੋ-ਰਾਤ ਬਹੁਤ ਕੁਝ ਨਹੀਂ ਬਦਲ ਸਕਦੇ। ਇਸ ਵਿੱਚ ਸਮਾਂ, ਦ੍ਰਿੜਤਾ ਅਤੇ ਬਹੁਤ ਸਾਰੀਆਂ ਕੋਸ਼ਿਸ਼ਾਂ ਦੀ ਲੋੜ ਹੈ। ਸਾਨੂੰ ਸਵੀਕ੍ਰਿਤੀ ਅਤੇ ਸਹਿਣਸ਼ੀਲਤਾ ਦੀ ਲੋੜ ਹੈ।"

"ਸਾਨੂੰ ਆਪਣੇ ਸੱਭਿਆਚਾਰ, ਇਤਿਹਾਸ ਅਤੇ ਭਾਸ਼ਾ ਨੂੰ ਇਕੱਠੇ ਮਾਨਣ ਦੀ ਲੋੜ ਹੈ। ਸਾਨੂੰ ਇੱਕ ਦੂਜੇ ਬਾਰੇ ਗੱਲ ਨਹੀਂ, ਸਗੋਂ ਇੱਕ ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ।"

ਟਿਬੇਰੀਏਡ ਦੇ ਦਾਦਾ ਘੱਲੂਘਾਰਾ ਪੀੜਤ ਹਿੰਟਾ ਘੋਰਘੇ ਹੁਣ ਰੋਮਾਨੀਆ ਵਿੱਚ ਕ੍ਰਾਇਓਵਾ ਵਿੱਚ ਰਹਿੰਦੇ ਹਨ। ਉਹ ਆਪਣੇ ਭਾਈਚਾਰੇ ਲਈ ਇੱਕ ਇੱਛਾ ਪ੍ਰਗਟਾਉਂਦੇ ਹਨ-

"ਮੈਂ ਚਾਹੁੰਦਾ ਹਾਂ ਕਿ ਸਾਰੇ ਰੋਮਾ ਨੌਜਵਾਨ ਸਕੂਲ ਜਾਣ ਅਤੇ ਉਹ ਸਭ ਕੁਝ ਸਿੱਖਣ ਅਤੇ ਪੂਰਾ ਕਰਨ ਜੋ ਅਸੀਂ ਕਦੇ ਨਹੀਂ ਕਰ ਸਕੇ।"

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News