''''ਪਰਮਵੀਰਾਂ ਦਾ ਸਨਮਾਨ'''': ਜਦੋਂ ਸੇਖੋਂ ਨੇ 6 ਪਾਕ ਲੜਾਕੂ ਜਹਾਜ਼ਾਂ ਦਾ ਸਾਹਮਣਾ ਕੀਤਾ
Monday, Jan 23, 2023 - 12:14 PM (IST)


14 ਦਸੰਬਰ 1971 ਨੂੰ ਦੀ ਸਵੇਰ ਜਦੋਂ ਸ੍ਰੀਨਗਰ ਏਅਰਬੇਸ ''''ਤੇ ਹਮਲਾ ਹੋਇਆ ਤਾਂ ਕੁਝ ਹੀ ਪਲਾਂ ਵਿੱਚ ਏਅਰ ਬੇਸ ''''ਤੇ ਤਾਇਨਾਤ ਨਿਰਮਲਜੀਤ ਸਿੰਘ ਸੇਖੋਂ ਦਾ ਜੀਨੈੱਟ ਜਹਾਜ਼ 6 ਪਾਕਿਸਤਾਨੀ ਸੈਬਰ ਹਵਾਈ ਜਹਾਜ਼ਾਂ ਦੇ ਮੁਕਾਬਲੇ ਉੱਤਰ ਆਇਆ।
ਫਲਾਈਂਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਉਨ੍ਹਾਂ ਪੰਜਾਬੀ ਮੂਲ ਦੇ ਫੌਜੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ ਹੈ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ 21 ਭਾਰਤੀ ਫੌਜੀਆਂ ਨੂੰ ਪਰਮਵੀਰ ਚੱਕਰ ਨਾਲ ਨਿਵਾਜਿਆ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਕੁਝ ਨਾਂ ਪੰਜਾਬ ਤੋਂ ਵੀ ਹਨ।
ਭਾਰਤ ਦੇ ਗਣਤੰਤਰ ਦਿਹਾੜੇ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਦੇ ਜਨਮ ਦਿਹਾੜੇ ਮੌਕੇ ਦਿੱਲੀ ਵਿੱਚ ਪਰਮਵੀਰ ਚੱਕਰ ਦੇ ਵਿਜੇਤਾਵਾਂ ਨੂੰ ਸਨਮਾਨਿਤ ਕੀਤਾ ਗਿਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਨਮਾਨ ਸਮਾਗਮ ਨੂੰ ਵਰਚੂਅਲੀ ਸੰਬੋਧ ਕੀਤਾ ਅਤੇ ਅਜ਼ਾਦ ਹਿੰਦ ਫੌਜ ਦੇ ਆਗੂ ਤੇ ਭਾਰਤੀ ਅਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਨੂੰ ਯਾਦ ਕੀਤਾ।
2018 ਵਿਚ ਬੀਬੀਸੀ ਪੰਜਾਬੀ ਵੱਲੋਂ ਪੰਜਾਬੀ ਮੂਲ ਦੇ 5 ਪਰਮਵੀਰ ਚੱਕਰ ਵਿਜੇਤਾ ''''ਪੰਜ ਰਤਨਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ।
ਇਸ ਰਿਪੋਰਟ ਨੂੰ ਮੁੜ ਤੋਂ ਹੂਬਹੂ ਛਾਪਿਆ ਜਾ ਰਿਹਾ ਹੈ। ਜਾਣੋ 5 ਪੰਜਾਬੀ ਪਰਮਵੀਰ ਚੱਕਰ ਵਿਜੇਤਾਵਾਂ ਬਾਰੇ।
ਲਾਂਸ ਨਾਇਕ ਕਰਮ ਸਿੰਘ
ਲਾਂਸ ਨਾਇਕ ਕਰਮ ਸਿੰਘ ਨੂੰ 1948 ਦੀ ਕਸ਼ਮੀਰ ਜੰਗ ਦੌਰਾਨ ਬਹਾਦਰੀ ਦਾ ਪ੍ਰਦਰਸ਼ਨ ਕਰਨ ਲਈ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਕਰਮ ਸਿੰਘ ਦਾ ਜਨਮ 15 ਸਤੰਬਰ 1915 ਨੂੰ ਪੰਜਾਬ ਦੇ ਬਰਨਾਲਾ ਵਿੱਚ ਹੋਇਆ। 15 ਸਤੰਬਰ 1941 ਨੂੰ ਕਰਮ ਸਿੰਘ ਵਨ ਸਿੱਖ ਦਾ ਹਿੱਸਾ ਬਣੇ।

ਦੂਜੀ ਵਿਸ਼ਵ ਜੰਗ ਲਈ ਉਨ੍ਹਾਂ ਨੂੰ ਮਿਲਟਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।
ਜੰਮੂ ਕਸ਼ਮੀਰ ਦੇ ਤਿਥਵਾਲ ''''ਤੇ ਭਾਰਤੀ ਫੌਜਾਂ ਨੇ ਕਬਜ਼ਾ ਕਰ ਲਿਆ ਸੀ। ਵਿਰੋਧੀ ਫੌਜਾਂ ਨੇ ਰਿਚਮਾਰ ਗਲੀ ਤੇ ਤਿਥਵਾਲ ''''ਤੇ ਕਈ ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹਰ ਵਾਰ ਲਾਂਸ ਨਾਇਕ ਕਰਮ ਸਿੰਘ ਨੇ ਹਮਲੇ ਨੂੰ ਨਾਕਾਮ ਕਰ ਦਿੱਤਾ।
ਇਸ ਦੌਰਾਨ ਕਰਮ ਸਿੰਘ ਬੁਰੇ ਤਰੀਕੇ ਨਾਲ ਜ਼ਖਮੀ ਵੀ ਹੋ ਗਏ। ਤਿਥਵਾਲ ਦੇ ਇਸ ਮੋਰਚੇ ''''ਤੇ ਬਹਾਦਰੀ ਦਿਖਾਉਣ ਦੇ ਲਈ ਲਾਂਸ ਨਾਇਕ ਕਰਮ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
ਕੈਪਟਨ ਗੁਰਬਚਨ ਸਿੰਘ ਸਲਾਰੀਆ
ਕੈਪਟਨ ਗੁਰਬਚਨ ਸਿੰਘ ਸਲਾਰੀਆ ਦਾ ਜਨਮ 29 ਨਵੰਬਰ 1935 ਨੂੰ ਪੰਜਾਬ ਦੇ ਗੁਰਦਾਸਪੁਰ ਵਿੱਚ ਹੋਇਆ। ਗੁਰਬਚਨ ਸਿੰਘ 9 ਜੂਨ 1957 ਨੂੰ 1 ਗੋਰਖਾ ਰਾਈਫਲਜ਼ ਦਾ ਹਿੱਸਾ ਬਣੇ।
ਕੌਂਗੋ ਦੀ ਅੰਦਰੂਨੀ ਖਾਨਾਜੰਗੀ ਦੌਰਾਨ ਯੂ.ਐੱਨ ਦੀ ਸੁਰੱਖਿਆ ਕੌਂਸਲ ਨੇ ਕੈਟਨਗੀਜ਼ ਗਰੁੱਪ ਦੀਆਂ ਗਤੀਵਿਧੀਆਂ ''''ਤੇ ਠੱਲ ਪਾਉਣ ਦਾ ਫੈਸਲਾ ਲਿਆ ਗਿਆ ਸੀ।

ਕੌਂਗੋ ਵਿੱਚ ਸੰਯੁਕਤ ਰਾਸ਼ਟਰ ਦੀ ਫੌਜ ਵਿੱਚ 3000 ਭਾਰਤੀ ਫੌਜੀ ਤਾਇਨਾਤ ਸਨ। ਗੁਰਬਚਨ ਸਲਾਰੀਆ ਸਣੇ ਸੰਯੁਕਤ ਰਾਸ਼ਟਰ ਦੀਆਂ ਫੌਜਾਂ ਨੇ ਕੈਟਨਗੀਜ਼ ਦੇ ਇੱਕ ਨਾਕੇ ''''ਤੇ ਕਬਜ਼ਾ ਕਰ ਲਿਆ ਸੀ।
ਬਾਗੀਆਂ ਦੀ ਫੌਜ ਮੁਕਾਬਲੇ ਸੰਯੁਕਤ ਰਾਸ਼ਟਰ ਦੇ ਫੌਜੀਆਂ ਦੀ ਗਿਣਤੀ ਘੱਟ ਸੀ। ਫਿਰ ਵੀ ਗੁਰਬਚਨ ਸਿੰਘ ਤੇ ਉਨ੍ਹਾਂ ਦੇ ਫੌਜੀਆਂ ਨੇ ਦਲੇਰੀ ਦਿਖਾਉਂਦਿਆਂ ਹੋਇਆਂ ਵਿਰੋਧੀ ਫੌਜਾਂ ਦੇ ਦੰਦ ਖੱਟੇ ਕਰ ਦਿੱਤੇ ਸੀ।
ਇਸ ਲੜਾਈ ਦੌਰਾਨ ਗੁਰਬਚਨ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਜ਼ਖਮਾਂ ਦੀ ਤਾਬ ਨਾਲ ਝਲਦਿਆਂ ਉਹ ਦਮ ਤੋੜ ਗਏ।
ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਕਰਨ ''''ਤੇ ਬਹਾਦਰੀ ਨਾਲ ਵਿਰੋਧੀ ਫੌਜਾਂ ਦਾ ਸਾਹਮਣਾ ਕਰਨ ਦੇ ਲਈ ਗੁਰਬਚਨ ਸਿੰਘ ਸਲਾਰੀਆ ਨੂੰ ਪਰਮਵੀਰ ਚੱਕਰ ਦਿੱਤਾ ਗਿਆ।
ਸੂਬੇਦਾਰ ਜੋਗਿੰਦਰ ਸਿੰਘ
ਸੂਬੇਦਾਰ ਜੋਗਿੰਦਰ ਸਿੰਘ ਦਾ ਜਨਮ 26 ਸਤੰਬਰ 1921 ਨੂੰ ਪੰਜਾਬ ਦੇ ਫਰੀਦਕੋਰਟ ਵਿੱਚ ਹੋਇਆ ਸੀ। 28 ਸਤੰਬਰ 1936 ਵਿੱਚ ਜੋਗਿੰਦਰ ਸਿੰਘ ਸਿੱਖ ਰੈਜੀਮੈਂਟ ਵਿੱਚ ਭਰਤੀ ਹੋਏ।
1962 ਦੀ ਭਾਰਤ-ਚੀਨ ਲੜਾਈ ਦੌਰਾਨ ਸੂਬੇਦਾਰ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਭਾਰਤ ਫੌਜ ਦੀ ਪਲਟੂਨ ਤਵਾਂਗ ਸੈਕਟਰ ਵਿੱਚ ਤਾਇਨਾਤ ਸੀ।

ਬਮ ਲਾ ਐਕਸਿਸ ''''ਤੇ ਭਾਰਤੀ ਫੌਜਾਂ ਨੇ ਰੱਖਿਆਤਮਿਕ ਮੋਰਚੇ ਲਾਏ ਹੋਏ ਸੀ। 23 ਅਕਤੂਬ 1962 ਨੂੰ 200 ਚੀਨੀ ਫੌਜੀਆਂ ਦੀ ਟੁਕੜੀ ਨੇ ਸੂਬੇਦਾਰ ਜੋਗਿੰਦਰ ਸਿੰਘ ਦੀ ਪਲਟੂਨ ''''ਤੇ ਹਮਲਾ ਕਰ ਦਿੱਤਾ।
ਸੂਬੇਦਾਰ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ ਗਿਆ। ਚੀਨੀ ਫੌਜ ਵੱਲੋਂ ਮੁੜ ਹਮਲਾ ਕੀਤਾ ਗਿਆ ਜਿਸ ਦਾ ਵੀ ਭਾਰਤੀ ਫੌਜੀਆਂ ਨੇ ਕਰੜਾ ਜਵਾਬ ਦਿੱਤਾ ਪਰ ਭਾਰਤੀ ਫੌਜੀਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਸੀ।
ਚੀਨੀ ਫੌਜ ਦੇ ਤੀਜੇ ਹਮਲੇ ਵੇਲੇ ਭਾਰਤੀ ਫੌਜੀਆਂ ਕੋਲ ਅਸਲਾ ਖਤਮ ਹੋ ਗਿਆ ਪਰ ਸੂਬੇਦਾਰ ਜੋਗਿੰਦਰ ਸਿੰਘ ਦੀ ਅਗਵਾਈ ਵਿੱਚ ਫੌਜੀ ਜੰਗ ਦੇ ਮੈਦਾਨ ''''ਚ ਡਟੇ ਰਹੇ।
ਇਸ ਲੜਾਈ ਵਿੱਚ ਸੂਬੇਦਾਰ ਜੋਗਿੰਦਰ ਸਿੰਘ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।
ਸੂਬੇਦਾਰ ਜੋਗਿੰਦਰ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਲਈ ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ।
ਫਲਾਈਂਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ
ਫਲਾਈਂਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਈਸੇਵਾਲ ਵਿੱਚ 17 ਜੁਲਾਈ 1943 ਨੂੰ ਹੋਇਆ। ਫਲਾਈਂਗ ਅਫਸਰ ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਫੌਜ ਦੇ ਇੱਕਲੌਤੇ ਅਫਸਰ ਹਨ ਜਿਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ ਹੈ।
1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਨਿਰਮਲਜੀਤ ਸਿੰਘ ਸੇਖੋਂ 18 ਸਕੁਐਡਰਨ ਵਿੱਚ ਸ੍ਰੀਨਗਰ ਏਅਰ ਬੇਸ ''''ਤੇ ਤਾਇਨਾਤ ਸਨ। 14 ਦਸੰਬਰ ਨੂੰ 6 ਪਾਕਿਸਤਾਨੀ ਫਾਈਟਰ ਜੈੱਟਸ ਨੇ ਸ੍ਰੀਨਗਰ ਏਅਰਫੀਲਡ ''''ਤੇ ਹਮਲਾ ਕੀਤਾ।
ਇਸ ਦੌਰਾਨ ਨਿਰਮਲਜੀਤ ਸੇਖੋਂ ਪੂਰੀ ਤਰ੍ਹਾਂ ਤਿਆਰ ਸਨ। ਉਨ੍ਹਾਂ ਨੇ ਫੌਰਨ ਜੀਨੈੱਟ ਲੜਾਕੂ ਹਵਾਈ ਜਹਾਜ਼ ਵਿੱਚ ਉਡਾਣ ਭਰੀ।
ਅਕਾਸ਼ ਵਿੱਚ ਚਲ ਰਹੀ ਜਹਾਜ਼ਾਂ ਦੀ ਲੜਾਈ ਦੌਰਾਨ ਨਿਰਮਲਜੀਤ ਸੇਖੋਂ ਨੇ ਇੱਕ ਪਾਕਿਸਤਾਨੀ ਜਹਾਜ਼ ਨੂੰ ਫੁੰਡਿਆ ਅਤੇ ਇੱਕ ਜਹਾਜ਼ ਨੂੰ ਨੁਕਸਾਨ ਪਹੁੰਚਾਇਆ।
ਇਸੇ ਲੜਾਈ ਦੌਰਾਨ ਨਿਰਮਲਜੀਤ ਸਿੰਘ ਸੇਖੋਂ ਦੇ ਜਹਾਜ਼ ਪਾਕਿਸਾਤਨੀ ਜਹਾਜ਼ ਦੀ ਗਨਫਾਇਰ ਦੀ ਹੱਦ ਵਿੱਚ ਆ ਗਿਆ। ਉਨ੍ਹਾਂ ਵੱਲੋਂ ਹਵਾਈ ਜਹਾਜ਼ ਤੋਂ ਨਿਕਲਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਨਾ ਨਿਕਲ ਸਕੇ।
ਇਸ ਬਹਾਦਰੀ ਅਤੇ ਸ਼ਾਨਦਾਰ ਸੇਵਾਵਾਂ ਬਦਲੇ ਨਿਰਮਲਜੀਤ ਸਿੰਘ ਸ਼ੇਖੋਂ ਨੂੰ ਪਰਮਵੀਰ ਚੱਕਰ ਨਾਲ ਨਿਵਾਜਿਆ ਗਿਆ।
ਨਾਇਬ ਸੂਬੇਦਾਰ ਬਾਨਾ ਸਿੰਘ
ਪੰਜਾਬੀ ਮੂਲ ਦੇ ਨਾਇਬ ਸੂਬੇਦਾਰ ਬਾਨਾ ਸਿੰਘ ਦਾ ਜਨਮ 6 ਜਨਵਰੀ 1949 ਨੂੰ ਜੰਮੂ ਦੇ ਕਦਿਆਲ ਵਿੱਚ ਹੋਇਆ। ਬਾਨਾ ਸਿੰਘ ਜੰਮੂ-ਕਸ਼ਮੀਰ ਲਾਈਟ ਇਨਫੈਂਟਰੀ ਵਿੱਚ ਤਾਇਨਾਤ ਸਨ।
ਜੂਨ 1987 ਵਿੱਚ ਬਾਨਾ ਸਿੰਘ ਦੀ ਤਾਇਨਾਤੀ ਸਿਆਚਿਨ ਵਿੱਚ ਸੀ। ਉਸੇ ਸਮੇਂ ਪਾਕਿਸਤਾਨ ਵੱਲੋਂ ਘੁਸਪੈਠ ਹੋਣ ਦੀ ਜਾਣਕਾਰੀ ਮਿਲੀ।

ਬਰਫ ਦੀ ਚਿੱਟੀ ਚਾਦਰ ਨਾਲ ਢਕੇ ਸਿਆਚੀਨ ਵਿੱਚ ਬਾਨਾ ਸਿੰਘ ਨੇ ਘੁਸਪੈਠੀਆਂ ਨੂੰ ਖਦੇੜਨ ਦੀ ਮੁਹਿੰਮ ਸ਼ੁਰੂ ਕੀਤੀ। ਘੁਸਪੈਠੀਆਂ ਦਾ ਟਿਕਾਣਾ ਸਮੁੰਦਰ ਤੱਟ ਤੋਂ 6500 ਮੀਟਰ ਦੀ ਉਚਾਈ ''''ਤੇ ਸੀ।
ਬਾਨਾ ਸਿੰਘ ਦੀ ਅਗਵਾਈ ਵਿੱਚ ਗਹਿਗੱਚ ਲੜਾਈ ਹੋਈ। ਮੁਸ਼ਕਿਲਾਂ ਭਰੇ ਹਾਲਾਤ ਵਿੱਚ ਨਾਇਬ ਸੂਬੇਦਾਰ ਬਾਨਾ ਸਿੰਘ ਦੀ ਅਗਵਾਈ ਵਿੱਚ ਭਾਰਤੀ ਫੌਜ ਨੇ ਮਿਸ਼ਨ ਵਿੱਚ ਸਫ਼ਲ ਹੋਈ।
ਬਾਨਾ ਸਿੰਘ ਦੀ ਸੂਰਬੀਰਤਾ ਬਦਲੇ ਉਨ੍ਹਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)