ਮੋਦੀ ਬਾਰੇ ਬੀਬੀਸੀ ਦੀ ਦਸਤਾਵੇਜ਼ੀ ਫ਼ਿਲਮ ਉੱਤੇ ਭਾਰਤੀ ਵਿਦੇਸ਼ ਮੰਤਰਾਲੇ ਤੇ ਬਰਤਾਨਵੀਂ ਪ੍ਰਧਾਨ ਮੰਤਰੀ ਨੇ ਪ੍ਰਤੀਕਰਮ ਦਿੱਤਾ
Thursday, Jan 19, 2023 - 11:29 PM (IST)


ਭਾਰਤ ਸਰਕਾਰ ਨੇ ਬੀਬੀਸੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਬਣੀ ਦਸਤਾਵੇਜ਼ੀ ਫ਼ਿਲਮ ਉੱਤੇ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਬਰਤਾਨਵੀਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਵੀ ਬ੍ਰਿਟਿਸ਼ ਸੰਸਦ ਵਿੱਚ ਇਸ ਬਾਰੇ ਉੱਠੇ ਇੱਕ ਸਵਾਲ ਦਾ ਜਵਾਬ ਦਿੱਤਾ ਹੈ।
ਬੀਬੀਸੀ ਨੇ ਦੋ ਹਿੱਸਿਆਂ ਵਿੱਚ ਦਸਤਾਵੇਜ਼ੀ ਫਿਲਮ ਬਣਾਈ ਹੈ ਜਿਸ ਦਾ ਨਾਮ ਹੈ, “ਇੰਡੀਆ: ਦਿ ਮੋਦੀ ਕੌਵਸ਼ਚਨ”।
ਦਸਤਾਵੇਜ਼ੀ ਫਿਲਮ ਦਾ ਪਹਿਲਾ ਹਿੱਸਾ ਬ੍ਰਿਟੇਨ ਵਿੱਚ ਜਨਵਰੀ 17 ਨੂੰ ਪ੍ਰਸਾਰਿਤ ਕੀਤਾ ਗਿਆ ਸੀ। ਇਸ ਦਾ ਦੂਜਾ ਭਾਗ 24 ਜਨਵਰੀ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਇਹ ਦਸਤਾਵੇਜ਼ੀ ਫਿਲਮ ਬ੍ਰਿਟੇਨ ਵਿੱਚ ਬੀਬੀਸੀ -2 ਚੈਨਲ ਉੱਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ।
ਦਸਤਾਵੇਜ਼ੀ ਫਿਲਮ ਦਾ ਪਹਿਲਾ ਭਾਗ ਨਰਿੰਦਰ ਮੋਦੀ ਦੀ ਸ਼ੁਰੂਆਤੀ ਸਿਆਸੀ ਪਾਰੀ ਬਾਰੇ ਦੱਸਦਾ ਹੈ ਕਿ ਕਿਵੇਂ ਉਹ ਸਿਆਸਤ ਵਿੱਚ ਆਏ ਤੇ ਭਾਰਤੀ ਜਨਤਾ ਪਾਰਟੀ ਵਿੱਚ ਕਿਵੇਂ ਉਨ੍ਹਾਂ ਦਾ ਕੱਦ ਵਧਿਆ ਤੇ ਉਹ ਗੁਜਰਾਤ ਦੇ ਮੁੱਖ ਮੰਤਰੀ ਬਣੇ।
ਇਹ ਦਸਤਾਵੇਜ਼ੀ ਫਿਲਮ 2002 ਦੇ ਗੁਜਰਾਤ ਦੰਗਿਆਂ ਦੀ ਵੀ ਗੱਲ ਕਰਦੀ ਹੈ ਜਿਸ ਵਿੱਚ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਸਨ।
ਨਰਿੰਦਰ ਮੋਦੀ ਕਾਫੀ ਪਹਿਲਾਂ ਹੀ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰ ਚੁੱਕੇ ਹਨ ਕਿ ਉਹ ਕਿਸੇ ਵੀ ਤਰੀਕੇ ਨਾਲ ਹਿੰਸਾ ਲਈ ਜ਼ਿੰਮੇਵਾਰ ਸਨ। ਭਾਰਤ ਦਾ ਸੁਪਰੀਮ ਕੋਰਟ ਪਹਿਲਾਂ ਹੀ ਮੋਦੀ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਨੂੰ ਲੈ ਕੇ ਉਨ੍ਹਾਂ ਨੂੰ ਬਰੀ ਕਰ ਚੁੱਕਿਆ ਹੈ।
ਇੱਕ ਬ੍ਰਿਟਿਸ਼ ਕੂਟਨੀਤਕ ਨੇ ਬੀਬੀਸੀ ਨਾਲ ਗੱਲਬਾਤ ਕੀਤੀ ਹੈ ਜਿਸ ਨੇ ਬ੍ਰਿਟਿਸ਼ ਫੌਰਨ ਆਫਿਸ ਲਈ ਇੱਕ ਰਿਪੋਰਟ ਲਿਖੀ ਸੀ ਤੇ ਉਹ ਆਪਣੀ ਰਿਪੋਰਟ ਦੇ ਨਤੀਜਿਆਂ ਨਾਲ ਅਜੇ ਵੀ ਖੜ੍ਹੇ ਹਨ।
ਰਿਪੋਰਟ ਵਿੱਚ ਅਜਿਹੇ ਸੰਕੇਤ ਮਿਲਦੇ ਹਨ ਕਿ ਟਾਪ ਲੀਡਰਸ਼ਿਪ ਦੀ ਸ਼ਹਿ ਅਤੇ ਸਜ਼ਾ ਦਾ ਭੈਅ ਨਾ ਹੋਣ ਦੇ ਮਾਹੌਲ ਕਾਰਨ ਹਿੰਸਾ ਹੋਈ ਸੀ।
ਭਾਰਤੀ ਵਿਦੇਸ਼ ਮੰਤਰਾਲੇ ਨੇ ਕੀ ਕਿਹਾ
ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇੱਕ ਪ੍ਰੈੱਸ ਵਾਰਤਾ ਵਿੱਚ ਜਵਾਬ ਦਿੰਦਿਆਂ ਕਿਹਾ, “ਮੈਂ ਇੱਥੇ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਇੱਕ ਪ੍ਰਾਪੇਗੰਡਾ ਫਿਲਮ ਹੈ ਜੋ ਇੱਕ ਖ਼ਾਸ ਤਰੀਕੇ ਦੇ ਗੈਰ-ਭਰੋਸੇਯੋਗ ਬਿਰਤਾਂਤ ਨੂੰ ਦੱਸਦੀ ਹੈ।”
“ਇਸ ਵਿੱਚ ਪੱਖਪਾਤ, ਤੱਥਾਂ ਤੋਂ ਪਰੇ ਜਾ ਕੇ ਕੀਤੀ ਗੱਲ ਤੇ ਬਸਤੀਵਾਦੀ ਮਾਨਸਿਕਤਾ ਸਾਫ ਨਜ਼ਰ ਆ ਰਹੀ ਹੈ। ਇਹ ਫਿਲਮ ਜਾਂ ਦਸਤਾਵੇਜ਼ੀ ਫਿਲਮ ਉਸ ਸੰਸਥਾ ਅਤੇ ਉਨ੍ਹਾਂ ਲੋਕਾਂ ਬਾਰੇ ਦੱਸਦੀ ਹੈ ਜੋ ਇਸ ਬਿਰਤਾਂਤ ਨੂੰ ਦੁਬਾਰਾ ਪੇਸ਼ ਕਰਨਾ ਚਾਹ ਰਹੇ ਹਨ।”
ਬਾਗਚੀ ਨੇ ਦਸਤਾਵੇਜ਼ੀ ਫਿਲਮ ਬਣਾਉਣ ਦੀ ਬੀਬੀਸੀ ਦੀ ਮਨਸ਼ਾ ਉੱਤੇ ਵੀ ਸਵਾਲ ਚੁੱਕਿਆ। ਉਨ੍ਹਾਂ ਨੇ ਕਿਹਾ, “ਅਸੀਂ ਇਸ ਦੇ ਮਕਸਦ ਤੇ ਇਸ ਦੇ ਪਿੱਛੇ ਦੇ ਏਜੰਡੇ ਬਾਰੇ ਸੋਚਣ ਨੂੰ ਮਜਬੂਰ ਹਾਂ।”
ਇਹ ਦਸਤਾਵੇਜ਼ੀ ਫਿਲਮ ਇੱਕ ਅਣਪ੍ਰਕਾਸ਼ਿਤ ਰਿਪੋਰਟ ਉੱਤੇ ਚਾਨਣਾ ਪਾਉਂਦੀ ਹੈ ਜਿਸ ਨੂੰ ਬੀਬੀਸੀ ਨੇ ਬ੍ਰਿਟਿਸ਼ ਫੌਰਨ ਆਫਿਸ ਤੋਂ ਹਾਸਲ ਕੀਤਾ ਹੈ। ਇਸ ਦਸਤਾਵੇਜ਼ੀ ਫਿਲਮ ਵਿੱਚ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਰਹਿੰਦਿਆਂ ਹੋਇਆਂ ਗੁਜਰਾਤ ਵਿੱਚ ਸਾਲ 2002 ਵਿੱਚ ਹੋਈ ਹਿੰਸਾ ਬਾਰੇ ਉਨ੍ਹਾਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕੇ ਗਏ ਹਨ।

ਕਿਵੇਂ ਤਿਆਰ ਹੋਈ ਰਿਪੋਰਟ
ਇਸ ਰਿਪੋਰਟ ਨੂੰ ਬ੍ਰਿਟਿਸ਼ ਵਿਦੇਸ਼ ਸੇਵਾ ਦੇ ਅਫ਼ਸਰਾਂ ਨੇ ਤਿਆਰ ਕੀਤਾ ਗਿਆ ਸੀ। ਇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਦੀ ਸਿੱਧੇ ਤੌਰ ਉੱਤੇ ‘ਸਜ਼ਾ ਦਾ ਭੈਅ ਨਾ ਹੋਣ ਦਾ ਮਾਹੌਲ’ ਪੈਦਾ ਕਰਨ ਲਈ ਜ਼ਿੰਮੇਵਾਰ ਸਨ ਇਸੇ ਕਾਰਨ ਸਾਲ 2002 ਵਿੱਚ ਹਿੰਸਾ ਹੋਈ।
ਇਸ ਰਿਪੋਰਟ ਨੂੰ ਲਿਖਣ ਵਾਲੇ ਇੱਕ ਕੂਟਨੀਤਕ ਦਸਤਾਵੇਜ਼ੀ ਫਿਲਮ ਵਿੱਚ ਦੱਸਦੇ ਹਨ, “ਸਾਡੀ ਜਾਂਚ ਦੇ ਨਤੀਜੇ ਅਜੇ ਵੀ ਪ੍ਰਸੰਗਿਕ ਹਨ। ਸਾਲ 2002 ਵਿੱਚ ਗੁਜਰਾਤ ਵਿੱਚ ਇੱਕ ਤੈਅ ਤਰੀਕੇ ਨਾਲ ਹੋਈ ਹਿੰਸਾ ਵਿੱਚ 2000 ਲੋਕਾਂ ਦਾ ਕਤਲ ਹੋਇਆ ਸੀ ਅਤੇ ਇਹ ਇੱਕ ਤੱਥ ਹੈ।”
ਇਸ ਰਿਪੋਰਟ ਦੇ ਬਾਰੇ ਵਿੱਚ ਬੀਬੀਸੀ ਨੇ ਉਦੋਂ ਵੀ ਖ਼ਬਰ ਕੀਤੀ ਸੀ। ਕੂਟਨੀਤਕਾਂ ਦੀ ਇਹ ਰਿਪੋਰਟ ਉਸ ਵੇਲੇ ਬਰਤਾਵੀ ਵਿਦੇਸ਼ ਮੰਤਰੀ ਜੈਕ ਸਟ੍ਰਾਅ ਵੱਲੋਂ ਕੀਤੇ ਗਏ ਹੁਕਮ ਨਾਲ ਕੀਤੀ ਜਾਂਚ ਦਾ ਹਿੱਸਾ ਸੀ।
ਰਿਪੋਰਟ ਕਹਿੰਦੀ ਹੈ ਕਿ ਹਿੰਸਾ ਦਾ ਫੈਲਾਅ, ਮੀਡੀਆ ਵਿੱਚ ਆਈਆਂ ਰਿਪੋਰਟਾਂ ਤੋਂ ਕਿਤੇ ਵੱਧ ਸੀ ਅਤੇ ਦੰਗਿਆਂ ਦਾ ਮਕਸਦ ਹਿੰਦੂ ਇਲਾਕਿਆਂ ਤੋਂ ਮੁਸਲਮਾਨਾਂ ਨੂੰ ਬਾਹਰ ਕੱਢਣਾ ਸੀ।
ਬਰਤਾਨਵੀ ਸੰਸਦ ਵਿੱਚ ਉੱਠਿਆ ਸਵਾਲ
ਬ੍ਰਿਟੇਨ ਦੇ ਸਾਂਸਦ ਇਮਰਾਨ ਹੁਸੈਨ ਨੇ ਇਹ ਮੁੱਦਾ ਉੱਥੋਂ ਦੀ ਸੰਸਦ ਵਿੱਚ ਵੀ ਚੁੱਕਿਆ ਅਤੇ ਪੁੱਛਿਆ ਕਿ, ਕੀ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਕੂਟਨੀਤਕਾਂ ਦੀ ਇਸ ਰਿਪੋਰਟ ਨਾਲ ਇਤਫ਼ਾਕ ਰੱਖਦੇ ਹਨ ਜਿਸ ਵਿੱਚ ਮੋਦੀ ਨੂੰ ਗੁਜਰਾਤ ਹਿੰਸਾ ਲਈ ਸਿੱਧੇ ਤੌਰ ਉੱਤੇ ਜ਼ਿੰਮੇਵਾਰ ਠਹਿਰਾਇਆ ਗਿਆ ਹੈ?
ਉਨ੍ਹਾਂ ਨੇ ਇਹ ਵੀ ਪੁੱਛਿਆ ਕਿ ਨਾਲ ਹੀ ਵਿਦੇਸ਼ ਮੰਤਰਾਲੇ ਦੀ ਮੋਦੀ ਦੀ ਇਸ ਨਸਲਕੁਸ਼ੀ ਦੇ ਗੰਭੀਰ ਮਾਮਲੇ ਵਿੱਚ ਸ਼ਮੂਲੀਅਤ ਬਾਰੇ ਹੋਰ ਕੀ ਜਾਣਕਾਰੀ ਹੈ?
ਇਸ ਸਵਾਲ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਉਹ ਸੰਸਦ ਮੈਂਬਰ ਵੱਲੋਂ ਜਿਸ ਤਰੀਕੇ ਨਾਲ ਕਿਰਦਾਰ ਨੂੰ ਪੇਸ਼ ਕੀਤਾ ਗਿਆ ਹੈ ਉਸ ਨਾਲ ਸਹਿਮਤ ਨਹੀਂ ਹਨ।
ਉਨ੍ਹਾਂ ਕਿਹਾ, “ਬ੍ਰਿਟੇਨ ਦੀ ਸਰਕਾਰ ਦੀ ਇਸ ਬਾਰੇ ਵਿੱਚ ਲੰਬੇ ਵਕਤ ਤੋਂ ਸਥਿਤੀ ਸਾਫ਼ ਹੈ ਅਤੇ ਹੁਣ ਵੀ ਨਹੀਂ ਬਦਲੀ ਹੈ। ਬੇਸ਼ਕ ਜਿੱਥੇ ਵੀ ਦੁਨੀਆਂ ਵਿੱਚ ਦਮਨ ਹੁੰਦਾ ਹੈ ਅਸੀਂ ਉਸ ਨੂੰ ਨਹੀਂ ਸਹਿੰਦੇ ਹਾਂ ਪਰ ਮੈਂ ਮਾਣਯੋਗ ਸੰਸਦ ਮੈਂਬਰ ਵੱਲੋਂ ਜਿਸ ਤਰੀਕੇ ਨਾਲ ਕਿਰਦਾਰ ਨੂੰ ਪੇਸ਼ ਕੀਤਾ ਗਿਆ ਹੈ ਉਸ ਨਾਲ ਬਿਲਕੁੱਲ ਸਹਿਮਤ ਨਹੀਂ ਹਾਂ।”

ਬੀਬੀਸੀ ਦਾ ਕੀ ਕਹਿਣਾ ਹੈ
ਇਸ ਬਾਰੇ ਵਿੱਚ ਬੀਬੀਸੀ ਦੇ ਬੁਲਾਰੇ ਨੇ ਕਿਹਾ, “ਬੀਬੀਸੀ ਪੂਰੀ ਦੁਨੀਆਂ ਦੇ ਅਹਿਮ ਮੁੱਦਿਆਂ ਉੱਤੇ ਰੋਸ਼ਨੀ ਪਾਉਣ ਲਈ ਵਚਨਬਧ ਹੈ। ਇਹ ਦਸਤਾਵੇਜ਼ੀ ਫਿਲਮ ਭਾਰਤ ਦੇ ਬਹੁਗਿਣਤੀ ਹਿੰਦੂਆਂ ਤੇ ਘੱਟ ਗਿਣਤੀ ਮੁਸਲਮਾਨਾਂ ਦੇ ਤਣਾਅ ਦੀ ਪੜਤਾਲ ਕਰਦੀ ਹੈ ਅਤੇ ਇਸੇ ਤਣਾਅ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿਆਸਤ ਉੱਤੇ ਨਜ਼ਰ ਪਾਉਂਦੀ ਹੈ।”
ਬੀਬੀਸੀ ਨੇ ਅੱਗੇ ਕਿਹਾ, “ਇਸ ਦਸਤਾਵੇਜ਼ੀ ਫਿਲਮ ਲਈ ਉੱਚ ਪੱਧਰੀ ਸੰਪਾਦਕੀ ਮਿਆਰਾਂ ਦੀ ਪਾਲਣਾ ਕਰਦੇ ਹੋਏ ਡੂੰਘੀ ਰਿਸਰਚ ਕੀਤੀ ਗਈ ਹੈ। ਇਸ ਦੇ ਲਈ ਕਈ ਗਵਾਹਾਂ, ਵਿਸ਼ਲੇਸ਼ਕਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਇਨ੍ਹਾਂ ਵਿੱਚ ਭਾਜਪਾ ਦੇ ਲੋਕ ਵੀ ਸ਼ਾਮਿਲ ਹਨ।”
“ਅਸੀਂ ਭਾਰਤ ਸਰਕਾਰ ਨੂੰ ਇਸ ਦਸਤਾਵੇਜ਼ੀ ਫਿਲਮ ਵਿੱਚ ਉਠੇ ਮੁੱਦਿਆਂ ਉੱਤੇ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਸੀ ਪਰ ਉਨ੍ਹਾਂ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ।”
ਬ੍ਰਿਟੇਨ ਦੇ ਸਾਬਕਾ ਵਿਦੇਸ਼ ਮੰਤਰੀ ਜੈਕ ਸਟ੍ਰਾਅ ਨੇ ਕਿਹਾ, “ਇਹ ਬਹੁਤ ਦਿਲ ਦਹਿਲਾਉਣ ਵਾਲੀ ਰਿਪੋਰਟ ਸੀ। ਇਹ ਬਹੁਤ ਹੀ ਗੰਭੀਰ ਦਾਅਵੇ ਸਨ ਕਿ ਮੁੱਖ ਮੰਤਰੀ ਮੋਦੀ ਨੇ ਪੁਲਿਸ ਨੂੰ ਰੋਕ ਕੇ ਅਤੇ ਹਿੰਦੂ ਅੱਤਵਾਦੀਆਂ ਨੂੰ ਚੁੱਪ-ਚਪੀਤੇ ਸ਼ਹਿ ਦੇ ਕੇ ਇੱਕ ਭੂਮਿਕਾ ਨਿਭਾਈ ਸੀ। ਇਹ ਪੁਲਿਸ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਦੀ ਸੁਰੱਖਿਆ ਕਰਨ ਤੋਂ ਰੋਕਣ ਲਈ ਸਿਆਸੀ ਦਖਲ ਦਾ ਸਟੀਕ ਉਦਾਹਰਨ ਸੀ।”
ਇਸ ਸਵਾਲ ਦੇ ਜਵਾਬ ਵਿੱਚ ਕਿ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਕੀ ਕਾਰਵਾਈ ਕਰ ਸਕਦੀ ਸੀ, ਜੈਕ ਸਟ੍ਰਾਅ ਨੇ ਕਿਹਾ, “ਸਾਡੇ ਕੋਲ ਸੀਮਿਤ ਵਿਕਲਪ ਸਨ। ਅਸੀਂ ਭਾਰਤ ਦੇ ਨਾਲ ਕੂਟਨੀਤਕ ਰਿਸ਼ਤਿਆਂ ਨੂੰ ਕਦੇ ਵੀ ਨਹੀਂ ਤੋੜ ਸਕਦੇ ਸੀ ਪਰ ਇਹ ਮੋਦੀ ਦੀ ਸਾਖ ਉੱਤੇ ਇੱਕ ਧੱਬਾ ਤਾਂ ਹੈ ਹੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)