ਕਿਸਾਨੀ ਸੰਘਰਸ਼ ਦੀ ਹਮਾਇਤੀ ਰਹੇ ਬਜਰੰਗ ਪੁਨੀਆ ਸਣੇ ਕਿਹੜੇ 5 ਭਲਵਾਨ ਕੁੜੀਆਂ ਦੇ ‘ਜਿਨਸੀ ਸੋਸ਼ਣ’ ਖਿਲਾਫ ਧਰਨੇ ’ਤੇ ਹਨ

Thursday, Jan 19, 2023 - 05:29 PM (IST)

ਕਿਸਾਨੀ ਸੰਘਰਸ਼ ਦੀ ਹਮਾਇਤੀ ਰਹੇ ਬਜਰੰਗ ਪੁਨੀਆ ਸਣੇ ਕਿਹੜੇ 5 ਭਲਵਾਨ ਕੁੜੀਆਂ ਦੇ ‘ਜਿਨਸੀ ਸੋਸ਼ਣ’ ਖਿਲਾਫ ਧਰਨੇ ’ਤੇ ਹਨ
ਰੈਸਲਰਸ
Getty Images

ਕੁਸ਼ਤੀ ਮਹਾਸੰਘ ਦੇ ਪ੍ਰਧਾਨ ਖ਼ਿਲਾਫ਼ ਖਿਡਾਰਣਾਂ ਦੇ ਕਥਿਤ ਜਿਨਸੀ ਸੋਸ਼ਣ ਦਾ ਵਿਰੋਧ ਕਰ ਰਹੇ ਭਾਰਤ ਦੇ ਨਾਮੀ ਪਹਿਲਾਵਾਨਾਂ ਦੇ ਦੂਜੇ ਦਿਨ ਵੀ ਜੰਤਰ ਮੰਤਰ ਉਪਰ ਅਪਨਾ ਧਰਨਾ ਜਾਰੀ ਰੱਖਿਆ।

ਖਿਡਾਰੀਆਂ ਦਾ ਕਹਿਣਾ ਹੈ ਕਿ ਧਰਨੇ ਦੇ ਦੂਜੇ ਦਿਨ ਵੀ ਉਨ੍ਹਾਂ ਨੂੰ ਸੰਤੁਸ਼ਟ ਜਵਾਬ ਨਹੀਂ ਮਿਲਿਆ ਹੈ। ਬਜਰੰਗ ਪੁਨੀਆ ਨੇ ਦਾਅਵਾ ਕੀਤਾ ਕਿ ਪਹਿਲਾਂ ਉਨ੍ਹਾਂ ਨਾਲ ਇੱਕ-ਦੋ ਖਿਡਾਰਨਾਂ ਸਨ ਪਰ ਹੁਣ ਉਨ੍ਹਾਂ ਨਾਲ 5-6 ਭਲਵਾਨ ਸਬੂਤ ਨਾਲ ਖੜ੍ਹੇ ਹਨ।

ਵੀਰਵਾਰ ਨੂੰ ਭਾਜਪਾ ਨੇਤਾ ਅਤੇ ਨਾਮੀ ਖਿਡਾਰੀ ਰਹੇ ਬਬੀਤਾ ਫੋਗਾਟ ਵੀ ਇਹਨਾਂ ਖਿਡਾਰੀਆਂ ਨੂੰ ਮਿਲਣ ਲਈ ਪਹੁੰਚੇ।

ਧਰਨਾਕਾਰੀਆਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਹਨ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਸਿਰੋ ਤੋਂ ਖਾਰਿਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਭਲਵਾਨ ਨਾਲ ਕੋਈ ਸਰੀਰਕ ਸ਼ੋਸ਼ਣ ਨਹੀਂ ਹੋਇਆ ਹੈ।

ਵੀਰਵਾਰ ਨੂੰ ਕੁਝ ਖਿਡਾਰੀ ਦੇਸ਼ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ।

ਖਿਡਾਰੀ
BBC

ਕੀ ਹੈ ਮਾਮਲਾ?

  • ਕੁਸ਼ਤੀ ਮਹਾਸੰਘ ਦੇ ਪ੍ਰਧਾਨ ਖ਼ਿਲਾਫ਼ ਜਿਨਸੀ ਸੋਸ਼ਣ ਦੇ ਇਲਜ਼ਾਮ
  • ਵਿਨੇਸ਼ ਫੋਗਾਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਰਵੀ ਦਹੀਆ ਕਰ ਰਹੇ ਨੇ ਅਗਵਾਈ
  • ਖਿਡਾਰੀਆਂ ਵੱਲੋਂ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ।
  • ਖਿਡਾਰੀ ਫੈਡਰੇਸ਼ਨ ਨੂੰ ਭੰਗ ਕਰਨ ਦੀ ਵੀ ਮੰਗ ਕਰ ਰਹੇ ਹਨ।
ਖਿ਼ਡਾਰੀ
BBC

‘ਖੇਡ ਮੰਤਰੀ ਨਾਲ ਮੀਟਿੰਗ ਬੇਨਤੀਜਾ ਰਹੀ’

 ਵਿਨੇਸ਼ ਫੋਗਾਟ ਨੇ ਕਿਹਾ, “ਅਸੀਂ ਇਸ ਵੇਲੇ ਸ਼ਾਮ ਤੱਕ ਦਾ ਇੰਤਜ਼ਾਰ ਕਰ ਰਹੇ ਹਾਂ। ਜੇ ਸ਼ਾਮ ਤੱਕ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਤਾਂ ਅਸੀਂ ਕੱਲ ਐੱਫਆਈਆਰ ਦਰਜ ਕਰਵਾਵਾਂਗੇ।”

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੀਟਿੰ ਬਾਰੇ ਸਾਕਸ਼ੀ ਮਲਿਕ ਨੇ ਕਿਹਾ, “ਮੀਟਿੰਗ ਵਿੱਚ ਭਰੋਸਾ ਦਿੱਤਾ ਗਿਆ ਹੈ। ਸਾਨੂੰ ਕੋਈ ਠੋਸ ਕਦਮ ਲੈਣ ਬਾਰੇ ਨਹੀਂ ਦੱਸਿਆ ਗਿਆ ਹੈ। ਅਸੀਂ ਇਸ ਭਰੋਸੇ ਨਾਲ ਖੁਸ਼ ਨਹੀਂ ਹਾਂ। ਅਸੀਂ ਚਾਹੁੰਦੇ ਹਾਂ ਕਿ ਫੈਡਰੇਸ਼ਨ ਨੂੰ ਭੰਗ ਕੀਤਾ ਜਾਵੇ।”

ਧਰਨੇ ਦੀ ਅਗਵਾਈ ਕਰ ਰਹੇ 5 ਮੁੱਖ ਚਿਹਰੇ

ਬੁੱਧਵਾਰ ਨੂੰ ਜਦੋਂ ਭਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਖਿਲਾਫ ਮੋਰਚਾ ਖੋਲ੍ਹਿਆ ਤਾਂ ਉਸ ਧਰਨੇ ਵਿੱਚ ਓਲੰਪਿਕ ਮੈਡਲ ਜੇਤੂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਬਜਰੰਗ ਪੁਨੀਆ ਸ਼ਾਮਿਲ ਸਨ। ਉਨ੍ਹਾਂ ਬਾਰੇ ਸੰਖੇਪ ਵਿੱਚ ਜਾਣਦੇ ਹਾਂ।

ਵਿਨੇਸ਼ ਫੋਗਾਟ

ਵਿਨੇਸ਼ ਫੋਗਾਟ ਏਸ਼ੀਆ ਅਤੇ ਰਾਸ਼ਟਰ ਮੰਡਲ ਦੋਵਾਂ ਖੇਡਾਂ ਵਿਚ ਸੋਨ ਤਮਗੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਹਨ। ਉਹ ਟੋਕੀਓ ਉਲੰਪਿਕ ਵਿਚ ਮੈਡਲ ਜਿੱਤਣ ਤੋਂ ਖੁੰਝ ਗਏ ਸਨ।

ਵਿਨੇਸ਼ ਪਹਿਲਵਾਨੀ ਨਾਲ ਜੁੜੇ ਪਰਿਵਾਰ ਵਿੱਚੋਂ ਆਉਂਦੀ ਹੈ।

ਗੀਤਾ ਫੌਗਾਟ ਅਤੇ ਬਬੀਤਾ ਕੁਮਾਰੀ ਉਸ ਦੀਆਂ ਚਚੇਰੀਆਂ ਭੈਣਾਂ ਹਨ।

ਵਿਨੇਸ਼ ਨੂੰ ਸ਼ੁਰੂਆਤੀ ਸਮੇਂ ਵਿੱਚ ਪਿੰਡ ਦੇ ਲੋਕਾਂ ਵੱਲੋਂ ਭਲਵਾਨੀ ਦੇ ਖੇਤਰ ਵਿੱਚ ਜਾਣ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪਿਆ ਕਿ ਇਹ ਖੇਡ ਮਰਦਾਂ ਦੀ ਹੈ।

ਜਦੋਂ ਉਹ 9 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਵਿਨੇਸ਼ ਦੇ ਚਾਚਾ ਮਹਾਂਵੀਰ ਸਿੰਘ ਫੋਗਾਟ ਨੇ ਉਸ ਦੀ ਚੰਗੀ ਖਿਡਾਰਣ ਬਣਨ ਵਿੱਚ ਸਾਥ ਦਿੱਤਾ।

ਬਜਰੰਗ ਪੂਨੀਆ

ਓਲੰਪਿਕ ਤਮਗਾ ਜੇਤੂ, ਵਿਸ਼ਵ ਕੁਸ਼ਤੀ ਮੁਕਾਬਲੇ ਵਿਚ 4 ਤਮਗੇ ਜਿੱਤਣ ਵਾਲੇ ਭਲਵਾਨ ਹਨ। ਹਰਿਆਣਾ ਦੇ ਝੱਜਰ ਇਲਾਕੇ ਤੋਂ ਆਉਣ ਵਾਲੇ ਬਜਰੰਗ ਪੂਨੀਆ ਦੀ ਆਰਥਿਕ ਹਾਲਤ ਜਿਆਦਾ ਚੰਗੀ ਨਹੀਂ ਸੀ।

ਉਸ ਦੇ ਪਿਤਾ ਬਲਵਾਨ ਸਿੰਘ ਵੀ ਭਲਵਾਨ ਸਨ।

ਪੂਨੀਆਂ ਨੇ 14 ਸਾਲ ਦੀ ਉਮਰ ਵਿੱਚ ਪਿੰਡ ਦੇ ਅਖਾੜੇ ਵਿੱਚ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ।

ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਉਪਰ ਪੂਨੀਆ ਨੇ ਟਵੀਟ ਕੀਤੀ ਸੀ, “ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ। ਕਿਸਾਨਾਂ ਨੂੰ ਨਾ ਰੋਕੋ। ਦੇਸ਼ ਦੇ ਅੰਨਦਾਤਾ ਨੂੰ ਆਪਣੀ ਗੱਲ ਰੱਖਣ ਦਾ ਸੰਵਿਧਾਨਕ ਹੱਕ ਹੈ। ਤਾਕਤ ਦੀ ਵਰਤੋਂ ਨਾਲ ਕਿਸੇ ਦੀ ਆਵਾਜ਼ ਨਹੀਂ ਦਬਾਈ ਜਾ ਸਕਦੀ।”

ਸਾਕਸ਼ੀ ਮਲਿਕ
Getty Images
ਸਾਕਸ਼ੀ ਮਲਿਕ

ਸਾਕਸ਼ੀ ਮਲਿਕ

ਸਾਕਸ਼ੀ ਮਲਿਕ ਓਲੰਪਿਕ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ, ਏਸ਼ੀਆ ਤੇ ਰਾਸ਼ਟਰਮੰਡਲ ਤਮਗੇ ਜਿੱਤਣ ਵਾਲੀ ਭਲਵਾਨ ਹਨ।

ਸਾਕਸ਼ੀ ਦਾ ਜਨਮ 3 ਸਤੰਬਰ 1992 ਨੂੰ ਰੋਹਤਕ ਦੇ ਪਿੰਡ ਮੋਕਾਰਾ ਵਿੱਚ ਹੋਇਆ ਸੀ।

ਉਨ੍ਹਾਂ ਨੂੰ ਆਪਣੇ ਦਾਦਾ ਸੁਬੀਰ ਮਲਿਕ ਤੋਂ ਭਲਵਾਨੀ ਦੀ ਪ੍ਰੇਰਨਾ ਮਿਲੀ।

ਸੁਬੀਰ ਮਲਿਕ ਵੀ ਭਲਵਾਨ ਸਨ।

ਸਾਕਸ਼ੀ ਨੇ 12 ਸਾਲ ਦੀ ਉਮਰ ਵਿੱਚ ਸਿਖਲਾਈ ਲੈਣੀ ਸ਼ੁਰੂ ਕੀਤਾ ਸੀ ਅਤੇ ਸਾਲ 2009 ਵਿੱਚ ਏਸ਼ੀਅਨ ਯੂਨੀਅਰ ਵਰਲਡ ਚੈਂਪੀਅਨਸ਼ਿਪ ਵਿੱਚ ਸਿਲਵਰ ਦਾ ਤਮਗਾ ਜਿੱਤਿਆ ਸੀ।

ਖਿਡਾਰੀ
BBC

-

ਖਿਡਾਰੀ
BBC
ਅੰਸ਼ੂ ਮਲਿਕ
Getty Images
ਅੰਸ਼ੂ ਮਲਿਕ (ਖੱਬੇ)

ਅੰਸ਼ੂ ਮਲਿਕ

ਅੰਸ਼ੂ ਮਲਿਕ ਓਸਲੋ ਵਿਸ਼ਵ ਚੈਂਪੀਅਨਸਿਪ ਵਿੱਚ ਚਾਂਦੀ ਤਮਗਾ ਜੇਤੂ ਹਨ।

ਅੰਸ਼ੂ ਦਾ ਜਨਮ 5 ਅਗਸਤ 2001 ਨੂੰ ਹਰਿਆਣਾ ਦੇ ਪਿੰਡ ਨਿਦਾਨੀ ਵਿੱਚ ਹੋਇਆ ਸੀ।

ਉਸ ਨੂੰ ਭਲਨਾਵੀ ਵਿਰਾਸਤ ਵਿੱਚ ਮਿਲੀ ਸੀ।

ਅੰਸ਼ੂ ਔਰਤਾਂ ਦੇ 57 ਕਿਲੋ ਭਾਰ ਵਿੱਚ ਖੇਡਦੇ ਹਨ।

ਰਵੀ ਦਹੀਆ
Getty Images
ਰਵੀ ਦਹੀਆ

ਰਵੀ ਦਹੀਆ

ਰਵੀ ਦਹੀਆ ਟੋਕੀਓ ਓਲੰਪਿਕ ਦਾ ਚਾਂਦੀ ਦਾ ਤਮਗਾ ਵਿਜੇਤਾ, ਵਿਸ਼ਵ ਚੈਂਪੀਅਨ ਅਤੇ 3 ਵਾਰ ਏਸ਼ੀਆ ਤਮਗਾ ਜੇਤੂ ਹਨ।

ਰਵੀ ਦਹੀਆ ਦਾ ਜਨਮ 12 ਦਸੰਬਰ 1997 ਨੂੰ ਹੋਇਆ ਸੀ।

ਉਸ ਦੇ ਪਿਤਾ ਰਾਕੇਸ਼ ਅਤੇ ਦੋ ਚਾਚੇ ਵੀ ਭਲਵਾਨ ਸਨ।

ਰਵੀ ਨੇ 12 ਸਾਲ ਦੀ ਉਮਰ ਵਿੱਚ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ ਸੀ।

ਪਹਿਲਾਵਾਨ
Getty Images

ਧਰਨੇ ’ਤੇ ਬੈਠੇ ਖਿਡਾਰੀਆਂ ਦੀਆਂ ਕੀ ਮੰਗਾਂ ਹਨ ?

ਭਾਰਤ ਦੇ ਨਾਮੀ ਪਹਿਲਾਵਾਨ ਵਿਨੇਸ਼ ਫੋਗਾਟ ਸਣੇ ਕਈ ਪਹਿਲਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਉੱਤੇ ਸਰੀਰਕ ਸ਼ੋਸ਼ਣ ਸਣੇ ਕਈ ਗੰਭੀਰ ਇਲਜ਼ਾਮ ਲਗਾਏ ਹਨ।

ਵਿਨੇਸ਼ ਫੋਗਾਟ ਨੇ ਕਿਹਾ ਸੀ, “ਟੋਕੀਓ ਵਿੱਚ ਮੇਰੀ ਹਾਰ ਤੋਂ ਬਾਅਦ ਫੈਡਰੇਸ਼ਨ ਦੇ ਪ੍ਰਧਾਨ ਨੇ ਮੈਨੂੰ ਖੋਟਾ ਸਿੱਕਾ ਕਿਹਾ। ਫੈਡਰੇਸ਼ਨ ਨੇ ਮੇਰੇ ਉੱਤੇ ਮਾਨਸਿਕ ਅੱਤਿਆਚਾਰ ਕੀਤਾ। ਜੇ ਕਿਸੇ ਵੀ ਭਲਵਾਨ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਲਈ ਫੈਡਰੇਸ਼ਨ ਦੇ ਪ੍ਰਧਾਨ ਜ਼ਿੰਮੇਵਾਰ ਹੋਣਗੇ।”

ਧਰਨੇ ’ਤੇ ਬੈਠੇ ਖਿਡਾਰੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ।

ਇਸ ਤੋਂ ਇਲਾਵਾ ਉਹ ਫੈਡਰੇਸ਼ਨ ਨੂੰ ਭੰਗ ਕਰਨ ਦੀ ਵੀ ਮੰਗ ਕਰ ਰਹੇ ਹਨ।

ਫੈਡਰੇਸ਼ਨ ਦੇ ਪ੍ਰਧਾਨ ਨੇ ਕੀ ਕਿਹਾ

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਨੇ ਔਰਤ ਖਿਡਾਰੀਆਂ ਦੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ।

ਉਨ੍ਹਾਂ ਕਿਹਾ, “ਜਿਵੇਂ ਹੀ ਮੈਨੂੰ ਪਤਾ ਲਗਿਆ ਕਿ ਦਿੱਲੀ ਵਿੱਚ ਭਲਵਾਨਾਂ ਨੇ ਫੈਡਰੇਸ਼ਨ ਖਿਲਾਫ ਧਰਨਾ ਲਗਾਇਆ, ਉਸ ਵੇਲੇ ਮੈਂ ਫੌਰਨ ਆਇਆ। ਸਭ ਤੋਂ ਵੱਡਾ ਇਲਜ਼ਾਮ ਜੋ ਵਿਨੇਸ਼ ਨੇ ਲਗਾਇਆ ਹੈ ਪਰ ਕੀ ਕੋਈ ਸਾਹਮਣੇ ਆਇਆ ਹੈ? ਜੋ ਇਹ ਕਹਿ ਦੇਵੇ ਕਿ ਫੈਡਰੇਸ਼ਨ ਵਿੱਚ ਇਸ ਖਿਡਾਰੀ ਦਾ ਸ਼ੋਸ਼ਣ ਹੋਇਆ ਹੈ? ਕਿ ਫੈਡਰੇਸ਼ਨ ਦੇ ਮੁਖੀ ਨੇ ਇਸ ਭਲਵਾਨ ਦਾ ਸ਼ੋਸ਼ਣ ਕੀਤਾ ਹੈ।”

ਉਨ੍ਹਾਂ ਨੇ ਕਿਹਾ, “ਸਰੀਰਕ ਸ਼ੋਸ਼ਣ ਦੀ ਕੋਈ ਘਟਨਾ ਨਹੀਂ ਹੋਈ ਹੈ। ਜੇ ਅਜਿਹਾ ਕੁਝ ਹੋਇਆ ਹੈ ਤਾਂ ਮੈਂ ਖੁਦ ਨੂੰ ਫਾਂਸੀ ਲਗਾ ਲਵਾਂਗਾ।”

ਹੁਣ ਤੱਕ ਕੀ-ਕੀ ਹੋਇਆ

ਭਾਰਤ ਦੇ ਕਈ ਨਾਮੀ ਪਹਿਲਾਵਾਨ ਬੁੱਧਵਾਰ ਨੂੰ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਦੇ ਖਿਲਾਫ਼ ਜੰਤਰ ਮੰਤਰ ਤੇ ਧਰਨੇ ਉਪਰ ਬੈਠੇ ਸਨ।  

ਇਨ੍ਹਾਂ ਭਲਵਾਨਾਂ ਨੇ ਆਪਣੀ ਪ੍ਰੈੱਸ ਕਾਨਫਰੰਸ ਕਰਨ ਤੋਂ ਪਹਿਲਾਂ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਲਗਾਇਆ ਸੀ।

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਨਕਾਰਿਆ ਸੀ।

ਬੁੱਧਵਾਰ ਦੇਰ ਸ਼ਾਮ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਵੀ ਧਰਨੇ ਉੱਤੇ ਬੈਠੇ ਭਲਵਾਨ ਨੂੰ ਮਿਲਣ ਪਹੁੰਚੇ ਸਨ।

ਇਸ ਮੌਕੇ ਉਨ੍ਹਾਂ ਕਿਹਾ ਸੀ, “ਇਹ ਬਹੁਤ ਦੁਖਦਾਈ ਹੈ, ਉਨ੍ਹਾਂ ਖਿਡਾਰਨਾਂ ਨੇ ਭਾਰਤ ਲਈ ਮੈਡਲ ਜਿੱਤੇ ਹਨ। ਫੈਡਰੇਸ਼ਨ ਦੇ ਪ੍ਰਧਾਨ ਭਾਵੇਂ ਭਾਜਪਾ ਦੇ ਆਗੂ ਹਨ ਪਰ ਉਨ੍ਹਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਖਿਲਾਫ਼ ਐੱਫਆਈਆਰ ਵੀ ਦਰਜ ਹੋਣੀ ਚਾਹੀਦੀ ਹੈ ਤੇ ਜਿਨ੍ਹਾਂ ਕੋਚਾਂ ਉੱਤੇ ਇਲਜ਼ਾਮ ਲੱਗੇ ਹਨ ਉਨ੍ਹਾਂ ਖਿਲਾਫ਼ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।”

ਇਹ ਖਿਡਾਰੀ ਕੱਲ੍ਹ ਰਾਤ ਧਰਨੇ ਵਾਲੀ ਥਾਂ ਤੋਂ ਚਲੇ ਗਏ ਸਨ ਪਰ ਵੀਰਵਾਰ ਸਵੇਰੇ ਫਿਰ ਉਹਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ।

ਵੀਰਵਾਰ ਨੂੰ ਬੀਜੇਪੀ ਨੇਤਾ ਅਤੇ ਹਰਿਆਣਾ ਵਿੱਚ ਖੇਡਾਂ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਬੰਬੀਤਾ ਫੋਗਾਟ ਇਨਾਂ ਖਿਡਾਰੀਆਂ ਨੂੰ ਮਿਲਣ ਪਹੁੰਚੇ।

ਉਹਨਾਂ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੰਗਾਂ ਨੂੰ ਸੁਣਿਆ।

ਬਬੀਤਾ ਫੋਗਾਟ ਨੇ ਕਿਹਾ, “ਮੈਂ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਸਰਕਾਰ ਉਹਨਾਂ ਦੇ ਨਾਲ ਹੈ। ਮੈਂ ਕੋਸ਼ਿਸ਼ ਕਰਾਂਗੀ ਕਿ ਉਹਨਾਂ ਦਾ ਮਸਲਾ ਹੱਲ ਹੋ ਸਕੇ।”

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।



Related News