ਫੀਫਾ ਵਿਸ਼ਵ ਕੱਪ 2022: ਮਛੇਰਿਆਂ ਦਾ ਦੇਸ ਮੰਨਿਆ ਜਾਂਦਾ ਕਤਰ ਕਿਵੇਂ ਅਮੀਰ ਬਣ ਗਿਆ

Saturday, Nov 26, 2022 - 10:57 AM (IST)

ਫੀਫਾ ਵਿਸ਼ਵ ਕੱਪ 2022: ਮਛੇਰਿਆਂ ਦਾ ਦੇਸ ਮੰਨਿਆ ਜਾਂਦਾ ਕਤਰ ਕਿਵੇਂ ਅਮੀਰ ਬਣ ਗਿਆ
ਕਤਰ
Getty Images

ਕਤਰ ਦੀ ਰਾਜਧਾਨੀ ਦੋਹਾ ਸਾਲ 2022 ਵਿੱਚ ਫ਼ੁੱਟਬਾਲ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਦਾ ਕੁਝ ਸਾਲ ਪਹਿਲਾਂ ਤੱਕ ਕਿਸੇ ਨੇ ਅੰਦਾਜ਼ਾ ਵੀ ਨਹੀਂ ਲਗਾਇਆ ਸੀ।

ਇੱਕ ਸਦੀ ਪਹਿਲਾਂ ਸਾਲ 1992 ਵਿੱਚ ਇਹ 12 ਹਜ਼ਾਰ ਵਰਗ ਕਿਲੋਮੀਟਰ ਵਿੱਚ ਫੈਲਿਆ ਖਾੜੀ ਦੇਸ਼ ਵਿਹਾਰਕ ਰੂਪ ਵਿੱਚ ਵਸਣ ਯੋਗ ਵੀ ਨਹੀਂ ਮੰਨਿਆ ਜਾਂਦਾ ਸੀ।

ਇੱਥੇ ਰਹਿਣ ਵਾਲੇ ਲੋਕਾਂ ਵਿੱਚ ਵੱਡੀ ਗਿਣਤੀ ਮਛੇਰਿਆਂ ਅਤੇ ਮੋਤੀ ਚੁਨਣ ਵਾਲਿਆਂ ਦੀ ਸੀ ਅਤੇ ਇਹ ਲੋਕ ਖਾਨਾਬਦੋਸ਼ ਸੀ ਜੋ ਅਰਬ ਟਾਪੂ ਵਿੱਚ ਘੁੰਮਦਿਆਂ ਜ਼ਿੰਦਗੀ ਬਤੀਤ ਕਰਦੇ ਸੀ।

ਜੋ ਲੋਕ ਆਪਣੀ ਉਮਰ ਦੇ ਨੌਂਵੇਂ ਦਹਾਕੇ ਵਿੱਚ ਹਨ ਉਨ੍ਹਾਂ ਨੂੰ 1930-40 ਦੇ ਦੌਰ ਦਾ ਵੱਡਾ ਆਰਥਿਕ ਸੰਕਟ ਹਾਲੇ ਵੀ ਯਾਦ ਹੈ।

ਕਤਰ
Getty Images

ਇਹ ਉਹ ਸਮਾਂ ਸੀ ਜਦੋਂ ਜਪਾਨੀ ਲੋਕਾਂ ਨੇ ਮੋਤੀ ਦੀ ਖੇਤੀ ਅਤੇ ਇਸ ਦੀ ਵਿਆਪਕ ਪੈਦਾਵਾਰ ਸ਼ੁਰੂ ਕਰ ਦਿੱਤੀ। ਨਤੀਜੇ ਵਜੋਂ ਕਤਰ ਦੀ ਅਰਥ-ਵਿਵਸਥਾ ਡੋਲ ਗਈ।

ਇਸੇ ਦਹਾਕੇ ਵਿੱਚ, ਕਤਰ ਤੋਂ ਤੀਹ ਫੀਸਦੀ ਲੋਕਾਂ ਨੇ ਹਿਜਰਤ ਕੀਤੀ ਅਤੇ ਬਿਹਤਰ ਮੌਕਿਆਂ ਦੀ ਭਾਲ ਵਿੱਚ ਵਿਦੇਸ਼ ਚਲੇ ਗਏ। ਸੰਯੁਕਤ ਰਾਸ਼ਟਰ ਦੇ ਮੁਤਾਬਕ, ਇੱਥੋਂ ਦੀ ਵਸੋਂ 24 ਹਜ਼ਾਰ ਤੱਕ ਸਿਮਟ ਕੇ ਰਹਿ ਗਈ।

ਪਰ ਫਿਰ ਕਤਰ ਦੀ ਅਰਥ-ਵਿਵਸਥਾ ਵਿੱਚ ਯੂ-ਟਰਨ ਆਇਆ ਅਤੇ ਇਹ ਇੱਕ ਜਾਦੂ ਵਾਂਗ ਦੁਨੀਆਂ ਦੇ ਸਭ ਤੋਂ ਵੱਡੇ ਤੇਲ ਰਿਜ਼ਰਵ ਵਜੋਂ ਉੱਭਰ ਕੇ ਸਾਹਮਣੇ ਆਇਆ।

ਬੀਬੀਸੀ
BBC

ਕਤਰ ਵਿੱਚ ਤੇਲ ਕਦੋਂ ਮਿਲਿਆ

  • ਕਤਰ ਵਿੱਚ ‘ਬਲੈਕ ਗੋਲ਼ਡ’ ਯਾਨੀ ਤੇਲ ਦੀ ਖੋਜ 1939 ਵਿੱਚ ਹੋਈ
  • ਇਹ ਦੇਸ਼ ਦੇ ਪੱਛਮੀ ਤੱਟ ‘ਤੇ ਦੋਹੇ ਤੋਂ ਕਰੀਬ 80 ਕਿੱਲੋਮੀਟਰ ਦੀ ਦੂਰੀ ’ਤੇ ਦੁਖਾਨ ਵਿੱਚ ਮਿਲਿਆ
  • ਕਤਰ ਇੱਕ ਅਜ਼ਾਦ ਦੇਸ਼ ਨਹੀਂ ਸੀ ਅਤੇ 1916 ਤੋਂ ਬਰਤਾਨਵੀ ਹਕੂਮਤ ਦੇ ਅਧੀਨ ਸੀ
  • ਇਹ ਖੋਜ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਵਿੱਚ ਹੀ ਹੋਈ
  • ਤੇਲ ਦੇ ਨਿਰਯਾਤ ਨੇ ਕਤਰ ਵਿੱਚ ਮੌਕਿਆਂ ਦਾ ਅੰਬਾਰ ਲੱਗਾ ਦਿੱਤਾ
  • ਵਧਦੇ ਫੁਲਦੇ ਤੇਲ ਉਦਯੋਗ ਤੋਂ ਆਕਰਸ਼ਿਤ ਹੋ ਕੇ 1950 ਵਿੱਚ ਕਤਰ ਦੀ ਅਬਾਦੀ 25,000 ਤੋਂ ਵੀ ਘੱਟ ਸੀ ਜੋ 1970 ਤੱਕ 100,000 ਤੋਂ ਵੱਧ ਹੋ ਗਈ
ਬੀਬੀਸੀ
BBC

ਵੀਹਵੀਂ ਸਦੀ ਦੇ ਮੱਧ ਵਿੱਚ ਕਤਰ ਦਾ ਖਜ਼ਾਨਾ ਤੇਜ਼ੀ ਨਾਲ ਵਧਿਆ ਅਤੇ ਉਹ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ ਵਿੱਚ ਸ਼ਾਮਿਲ ਹੋ ਗਿਆ।

ਅੱਜ ਕਤਰ ਵਿੱਚ ਅਣਗਿਣਤ ਉੱਚੀਆਂ ਇਮਾਰਤਾਂ ਹਨ, ਸ਼ਾਨਦਾਰ ਟਾਪੂ ਅਤੇ ਅਤਿ-ਆਧੁਨਿਕ ਸਟੇਡੀਅਮ ਹਨ ਤਾਂ ਅਜਿਹੇ ਵਿੱਚ ਬੀਬੀਸੀ ਨੇ ਉਨ੍ਹਾਂ ਤਿੰਨ ਬਦਲਾਵਾਂ ਦਾ ਵਿਸ਼ਲੇਸ਼ਣ ਕੀਤਾ ਜਿਨ੍ਹਾਂ ਨੇ ਕਤਰ ਨੂੰ ਦੁਨੀਆ ਦਾ ਇੱਕ ਦੌਲਤਮੰਦ ਦੇਸ਼ ਬਣਾ ਦਿੱਤਾ।

1939 ਵਿੱਚ ਤੇਲ ਦੀ ਖੋਜ

ਜਦੋਂ ਕਤਰ ਵਿੱਚ ‘ਬਲੈਕ ਗੋਲ਼ਡ’  ਦੀ ਖੋਜ ਹੋਈ ਤਾਂ ਕਤਰ ਇੱਕ ਅਜ਼ਾਦ ਦੇਸ਼ ਨਹੀਂ ਸੀ ਅਤੇ 1916 ਤੋਂ ਬਰਤਾਨਵੀ ਹਕੂਮਤ ਦੇ ਅਧੀਨ ਸੀ।

ਜਦੋਂ ਕਤਰ ਨੇ ਆਪਣੇ ਕਾਲੇ ਸੋਨੇ (ਤੇਲ ਦੇ ਖੂਹ) ਦੀ ਖੋਜ ਕੀਤੀ, ਉਦੋਂ ਤੱਕ ਇਸ ਦਾ ਇੱਕ ਰਾਸ਼ਟਰ ਵਜੋਂ ਵਜੂਦ ਨਹੀਂ ਸੀ ਅਤੇ ਇਹ ਅੰਗਰੇਜ਼ਾਂ ਦੇ ਹੱਥਾਂ ਵਿੱਚ ਸੀ, ਜਿਨ੍ਹਾਂ ਨੇ 1916 ਵਿੱਚ ਹੀ ਇਸ ਖੇਤਰ ‘ਤੇ ਕਾਬੂ ਕਰ ਲਿਆ ਸੀ।

ਕਈ ਸਾਲਾਂ ਦੀ ਖੋਜ ਤੋਂ ਬਾਅਦ, ਪਹਿਲਾ ਭੰਡਾਰ 1939 ਵਿੱਚ ਦੇਸ਼ ਦੇ ਪੱਛਮੀ ਤੱਟ ‘ਤੇ ਦੋਹੇ ਤੋਂ ਕਰੀਬ 80 ਕਿੱਲੋਮੀਟਰ ਦੀ ਦੂਰੀ ’ਤੇ ਦੁਖਾਨ ਵਿੱਚ ਮਿਲਿਆ।

ਇਸ ਦਾ ਫਾਇਦਾ ਚੁੱਕਣ ਵਿੱਚ ਕਤਰ ਨੂੰ ਥੋੜ੍ਹਾ ਟਾਈਮ ਲੱਗਿਆ।

ਅਮਰੀਕਾ ਦੀ ਬੇਕਰ ਸੰਸਥਾ ਵਿੱਚ ਕਤਰ ਮਾਮਲਿਆਂ ਦੀ ਜਾਣਕਾਰ ਕ੍ਰਿਸਟੀਅਨ ਕੋਟਸ ਕਹਿੰਦੀ ਹੈ ਕਿ ਇਹ ਖੋਜ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਵਿੱਚ ਹੀ ਹੋਈ।

ਕਤਰ
Getty Images

1949 ਤੱਕ ਤੇਲ ਦਾ ਨਿਰਯਾਤ ਰੁਕਿਆ ਰਿਹਾ ਅਤੇ ਇਸ ਲਈ ਇਸ ਤੋ ਫ਼ਾਇਦਾ ਮਿਲਣਾ ਸ਼ੁਰੂ ਨਹੀਂ ਹੋ ਸਕਿਆ।

ਤੇਲ ਦੇ ਨਿਰਯਾਤ ਨੇ ਕਤਰ ਵਿੱਚ ਮੌਕਿਆਂ ਦਾ ਅੰਬਾਰ ਲੱਗਾ ਦਿੱਤਾ ਅਤੇ ਇੱਥੇ ਤੇਜ਼ੀ ਨਾਲ ਬਦਲਾਅ ਅਤੇ ਆਧੁਨਿਕਰਨ ਆਉਣ ਲੱਗਾ।

ਬੀਬੀਸੀ
BBC
ਬੀਬੀਸੀ
BBC

ਵਧਦੇ ਫੁਲਦੇ ਤੇਲ ਉਦਯੋਗ ਤੋਂ ਆਕਰਸ਼ਿਤ ਹੋ ਕੇ, ਪਰਵਾਸੀ ਅਤੇ ਨਿਵੇਸ਼ਕ ਕਤਰ ਵਿੱਚ ਆਉਣ ਲੱਗੇ ਜਿਸ ਨਾਲ ਇਸ ਦੀ ਅਬਾਦੀ ਵਿੱਚ ਵਾਧਾ ਹੋਇਆ। 1950 ਵਿੱਚ ਕਤਰ ਦੀ ਅਬਾਦੀ 25,000 ਤੋਂ ਵੀ ਘੱਟ ਸੀ ਜੋ 1970 ਤੱਕ 100,000 ਤੋਂ ਵੱਧ ਹੋ ਗਈ।

ਜੋ ਦੇਸ਼ ਕਦੇ ਮਛੇਰਿਆਂ ਅਤੇ ਮੋਤੀ ਚੁਨਣ ਲਈ ਜਾਣਿਆ ਜਾਂਦਾ ਸੀ ਉੱਥੋਂ ਦੀ ਜੀਡੀਪੀ 1970 ਵਿੱਚ 300 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਹੋ ਗਈ।

ਇੱਕ ਸਾਲ ਬਾਅਦ, ਬ੍ਰਿਟਿਸ਼ ਸ਼ਾਸਨ ਦਾ ਅੰਤ ਹੋਇਆ ਅਤੇ ਕਤਰ ਇੱਕ ਅਜ਼ਾਦ ਦੇਸ਼ ਬਣ ਗਿਆ। ਇਸ ਦੇ ਨਾਲ ਹੀ ਇੱਥੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਜਿਸ ਨੇ ਕਤਰ ਨੂੰ ਹੋਰ ਵੀ ਅਮੀਰ ਦੇਸ਼ ਬਣਾਇਆ।

ਕੁਦਰਤੀ ਗੈਸ ਦੀ ਖੋਜ 

ਜਦੋਂ 1971 ਵਿੱਚ ਇੰਜੀਨੀਅਰਾਂ ਨੇ ਕਤਰ ਦੇ ਪੂਰਵ-ਉਤਰ ਤਟ ਤੋਂ ਦੂਰ ਨੌਰਥ ਫੀਲਡ ਵਿੱਚ ਵਿਸ਼ਾਲ ਕੁਦਰਤੀ ਗੈਸ ਰਿਜ਼ਰਵ ਦੀ ਖੋਜ ਕੀਤੀ ਤਾਂ ਬੇਹਦ ਘੱਟ ਲੋਕ ਹੀ ਇਸ ਦੀ ਅਹਿਮੀਅਤ ਨੂੰ ਸਮਝ ਸਕੇ।

ਇਹ ਸਮਝਣ ਵਿੱਚ 14 ਸਾਲ ਅਤੇ ਦਰਜਨਾਂ ਅਭਿਆਸ ਲੱਗੇ ਕਿ ਨੌਰਥ ਫੀਲਡ ਧਰਤੀ ਦਾ ਸਭ ਤੋਂ ਵੱਡਾ ਕੁਦਰਤੀ ਗੈਸ ਖੇਤਰ ਹੈ, ਜਿਸ ਵਿੱਚ ਦੁਨੀਆ ਦੇ ਪਤਾ ਲਗਾਏ ਗਏ ਭੰਡਾਰ ਦੇ ਕਰੀਬ 10 ਫੀਸਦੀ ਹਿੱਸੇ ਦਾ ਪਤਾ ਲੱਗਾ।

ਇਸ ਤੋਂ ਇਹ ਪਤਾ ਲੱਗਿਆ ਕਿ ਈਰਾਨ ਅਤੇ ਰੂਸ ਤੋਂ ਬਾਅਦ ਕਤਰ ਕੁਦਰਤੀ ਗੈਸ ਦੇ ਭੰਡਾਰ ਵਿੱਚ ਸਭ ਤੋਂ ਵੱਡਾ ਦੇਸ਼ ਹੈ।

ਨੌਰਥ ਫੀਲਡ ਦਾ ਖੇਤਰਫਲ ਕਰੀਬ 6,000 ਵਰਗ ਕਿੱਲੋਮੀਟਰ ਹੈ, ਜੋ ਪੂਰੇ ਕਤਰ ਦੇ ਅੱਧੇ ਹਿੱਸੇ ਦੇ ਬਰਾਬਰ ਹੈ।

ਹਮਾਦ ਬਿਨ ਖ਼ਲੀਫ਼ਾ ਅਲਥਾਨੀ
Getty Images
ਹਮਾਦ ਬਿਨ ਖ਼ਲੀਫ਼ਾ ਅਲਥਾਨੀ ਦਾ ਪਰਿਵਾਰ ਡੇਢ ਸੌ ਸਾਲ ਤੋਂ ਕਤਰ ’ਤੇ ਰਾਜ ਕਰ ਰਿਹਾ ਹੈ

ਕਤਰ ਗੈਸ, ਜੋ ਕੰਪਨੀ ਦੁਨੀਆਂ ਵਿੱਚ ਸਭ ਤੋਂ ਵੱਧ ਤਰਲ ਕੁਦਰਤੀ ਗੈਸ ਦਾ ਉਤਪਾਦਨ ਕਰਦੀ ਹੈ, ਉਹ ਆਪਣੇ ਇਸ ਉਦਯੋਗ ਤੋਂ ਕਤਰ ਦੇ ਆਰਥਿਕ ਵਾਧੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ।

ਪਰ ਤੇਲ ਵਾਂਗ ਗੈਸ ਤੋਂ ਹੋਣ ਵਾਲੀ ਆਮਦਨੀ ਨੂੰ ਵੀ ਸਮਾਂ ਲੱਗਿਆ।

ਕੋਟਸ ਦੇ ਮੁਤਾਬਕ, “ਲੰਬੇ ਸਮੇਂ ਤੱਕ ਮੰਗ ਓਨੀ ਵੱਡੀ ਨਹੀਂ ਸੀ ਅਤੇ ਇਸ ਨੂੰ ਵਿਕਸਤ ਕਰਨ ਵਿੱਚ ਕੋਈ ਖ਼ਾਸ ਦਿਲਚਸਪੀ ਵੀ ਨਹੀਂ ਸੀ, ਹਾਲਾਂਕਿ 80 ਦੇ ਦਹਾਕੇ ਵਿੱਚ ਸਭ ਕੁਝ ਬਦਲਣਾ ਸ਼ੁਰੂ ਹੋ ਗਿਆ ਸੀ।"

"ਜਦੋਂ ਬੁਨਿਆਦੀ ਢਾਂਚੇ ਨੂੰ ਤਿਆਰ ਕੀਤਾ ਜਾਣਾ ਸ਼ੁਰੂ ਹੋਇਆ ਤਾਂ ਇਸ ਨਾਲ ਦੇਸ਼ ਅੰਦਰ ਇਸ ਦੀ ਵੰਡ ਕੀਤੀ ਜਾਣ ਲੱਗੀ ਅਤੇ 90 ਦੇ ਦਹਾਕੇ ਵਿੱਚ ਇਸ ਨੂੰ ਨਿਰਯਾਤ ਕਰਨ ਦਾ ਪ੍ਰਬੰਧ ਕੀਤਾ ਗਿਆ ਜਿਸ ਨੇ ਅਰਥ ਵਿਵਸਥਾ ਹੋਰ ਅੱਗੇ ਵਧਾਉਣ ਵਾਲੇ ਇੰਜਣ ਦੀ ਤਰ੍ਹਾਂ ਕੰਮ ਕੀਤਾ।”

1995 ਦਾ ਤਖ਼ਤਾਪਲਟ 

ਕੋਟਸ ਕਹਿੰਦੇ ਹਨ, “ਇਹ ਆਰਥਿਕ ਬਦਲਾਅ ਉਦੋਂ ਹੋ ਰਹੇ ਸੀ ਜਦੋਂ ਦੇਸ਼ ਵਿੱਚ ਸਿਆਸੀ ਬਦਲਾਅ ਵੀ ਹੋ ਰਿਹਾ ਸੀ।"

"ਸਾਲ 1995 ਵਿੱਚ ਵਰਤਮਾਨ ਆਮਿਰ ਤਮੀਮ ਬਿਨ ਹਮਦ ਅਲਥਾਨੀ ਦੇ ਪਿਤਾ ਕਮਾਦ ਬਿਨ ਖ਼ਲੀਫ਼ਾ ਅਲਥਾਨੀ ਨੇ ਸੱਤਾ ਸੰਭਾਲੀ ਸੀ, ਇਹ ਕੁਝ ਲੋਕਾਂ ਲਈ ਵਿਵਾਦਿਤ ਘਟਨਾ ਸੀ ਕਿ ਅਜਿਹਾ ਕਿਉਂ ਹੋਇਆ।“

ਹਮਾਦ ਬਿਨ ਖ਼ਲੀਫ਼ਾ ਅਲਥਾਨੀ ਨੇ ਆਪਣੇ ਪਿਤਾ ਦੀ ਥਾਂ ਉਦੋਂ ਲਈ ਜਦੋਂ ਉਹ ਸਵਿਟਜ਼ਰਲੈਂਡ ਦੇ ਦੌਰੇ ’ਤੇ ਸੀ।

ਅਲਥਾਨੀ ਪਰਿਵਾਰ ਡੇਢ ਸੌ ਸਾਲ ਤੋਂ ਕਤਰ ’ਤੇ ਰਾਜ ਕਰ ਰਿਹਾ ਹੈ ਅਤੇ ਇਸ ਪਰਿਵਾਰ ਵਿੱਚ ਇਸ ਤਰ੍ਹਾਂ ਸੱਤਾ ’ਤੇ ਕਬਜ਼ਾ ਕਰਨ ਦੀ ਕੋਈ ਪਹਿਲੀ ਘਟਨਾ ਨਹੀਂ ਸੀ।

ਕਤਰ
Getty Images

ਪਰ ਪੈਲੇਸ ਦੀਆਂ ਸਾਜ਼ਿਸ਼ਾਂ ਤੋਂ ਬਿਨਾਂ ਇਸ ਸੱਤਾ ਪਰਿਵਰਤਨ ਨੇ ਕਤਰ ਦੀ ਅਰਥ ਵਿਵਸਥਾ ਵਿੱਚ ਇੱਕ ਵੱਡਾ ਬਦਲਾਅ ਲਿਆਂਦਾ।

ਗੈਸ ਅਤੇ ਤੇਲ ਕੱਢਣ ਵਿੱਚ ਕੀਤੇ ਗਏ ਨਿਵੇਸ਼, ਤਰਲੀਕਰਨ ਅਤੇ ਨਿਰਯਾਤ ਕਰਨ ਲਈ ਤਿਆਰ ਕੀਤੇ ਬੁਨਿਆਦੀ ਢਾਂਚੇ ਨੂੰ ਵਿਦੇਸ਼ਾਂ ਨਾਲ ਜੋੜਨ ਦਾ ਕੰਮ ਕੀਤਾ।

ਸਾਲ 1996 ਵਿੱਚ ਤਰਲ ਕੁਦਰਤੀ ਗੈਸ ਨਾਲ ਭਰਿਆ ਇੱਕ ਜਹਾਜ਼ ਜਪਾਨ ਲਈ ਰਵਾਨਾ ਹੋਇਆ।

ਇਹ ਕਤਰ ਗੈਸ ਦਾ ਪਹਿਲਾ ਵੱਡਾ ਨਿਰਯਾਤ ਸੀ ਅਤੇ ਅਰਬਾਂ ਡਾਲਰ ਦੇ ਉਦਯੋਗ ਦੀ ਸ਼ੁਰੂਆਤ ਇੱਥੋਂ ਹੀ ਹੋਈ ਜਿਸ ਨੇ ਕਤਰ ਨੂੰ ਆਲਮੀ ਦੌਲਤ ਦੀ ਚੋਟੀ ’ਤੇ ਪਹੁੰਚਾ ਦਿੱਤਾ।

ਕਤਰ
Getty Images

ਕਤਰ ਵਿੱਚ ਪ੍ਰਤੀ ਵਿਅਕਤੀ ਜੀਡੀਪੀ 2021 ਵਿੱਚ 61,276 ਅਮਰੀਕੀ ਡਾਲਰ ਸੀ।

ਜੇ ਅਸੀਂ ਖਰੀਦ ਦੀ ਸਮਰੱਥਾ ਨੂੰ ਸਮਾਨਤਾ ਦੇ ਪੈਮਾਨੇ ’ਤੇ ਵੀ ਦੇਖੀਏ ਤਾਂ ਵਿਸ਼ਵ ਬੈਂਕ ਅਨੁਸਾਰ ਇਹ ਅੰਕੜਾ ਵਧ ਕੇ 93,521 ਡਾਲਰ ਹੋ ਜਾਂਦਾ ਹੈ, ਜੋ ਦੁਨੀਆ ਵਿੱਚ ਸਭ ਤੋਂ ਵੱਧ ਹੈ।

ਹਾਲਾਂਕਿ ਇਸ ਦੀ ਛੋਟੀ ਅਬਾਦੀ ਇੱਕ ਵੱਡਾ ਕਾਰਨ ਹੈ। ਕਤਰ ਦੀ ਜਨਸੰਖਿਆ ਕੇਵਲ 3,00,000-3,50,000 ਦੇ ਨੇੜੇ ਹੈ, ਜਿਨ੍ਹਾਂ ਵਿੱਚ ਵਧੇਰੇ ਪਰਵਾਸੀ ਹਨ।

ਕਤਰ ਸਰਕਾਰ ਚੰਗੀ ਤਨਖ਼ਾਹ ਦਿੰਦੀ ਹੈ ਅਤੇ ਨਾਲ ਹੀ ਬਿਹਤਰੀਨ ਸਿੱਖਿਆ ਅਤੇ ਸਿਹਤ ਸਹੂਲਤਾਂ ਆਪਣੇ ਲੋਕਾਂ ਨੂੰ ਦਿੰਦੀ ਹੈ।

ਕਤਰ ਦੀ ਅਰਥ-ਵਿਵਸਥਾ ਦੀਆਂ ਚੁਣੌਤੀਆਂ

ਹਾਲਾਂਕਿ ਇਨ੍ਹਾਂ ਸਾਲਾਂ ਵਿੱਚ ਕਤਰ ਦੀ ਆਰਥਿਕਤਾ ਨੂੰ ਨੁਕਸਾਨ ਹੋਇਆ ਹੈ ਅਤੇ ਗਤੀ ਘਟੀ ਹੈ।

ਭਵਿੱਖ ਵਿੱਚ ਇਸ ਦੇ ਸਾਹਮਣੇ ਚੁਣੌਤੀਆਂ ਹਨ, ਤੇਲ ’ਤੇ ਨਿਰਭਰਤਾ ਅਤੇ ਵਰਤਮਾਨ ਵਿੱਚ ਇਹ ਜਲਵਾਯੂ ਪ੍ਰਭਾਵ ਨੂੰ ਲੈ ਕੇ ਸਖ਼ਤ ਪੜਤਾਲ ਝੱਲ ਰਿਹਾ ਹੈ।

ਸਈਦੀ ਕਹਿੰਦੇ ਹਨ, “2013 ਅਤੇ 2014 ਵਿੱਚ ਤੇਲ ਦੀ ਕੀਮਤ ਵਿੱਚ ਗਿਰਾਵਟ ਆਈ ਅਤੇ ਆਮਦਨੀ ਦੇ ਸ੍ਰੋਤਾਂ ਵਿੱਚ ਬਦਲਾਅ ਦੀ ਲੋੜ ਚਰਚਾ ਦਾ ਮੁੱਖ ਵਿਸ਼ਾ ਬਣਿਆ।”

ਕਤਰ ਦੇ ਨਾਲ ਇੱਕ ਸਿਆਸੀ ਵਿਵਾਦ ਤੋਂ ਬਾਅਦ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਬਹਿਰੀਨ ਅਤੇ ਮਿਸਰ ਨੇ 2017 ਅਤੇ 2021 ਵਿਚਕਾਰ ਨਾਕੇਬੰਦੀ ਕੀਤੀ ਸੀ ਜਿਸ ਨੇ ਕਤਰ ਦੀ ਅਰਥ ਵਿਵਸਥਾ ਨੂੰ ਵੱਡੀ ਚੁਣੌਤੀ ਦਿੱਤੀ ਸੀ।

ਕਤਰ
Getty Images

ਕੋਟਸ ਮੁਤਾਬਕ, “ਕਤਰ ਨੇ ਗੈਸ ਅਤੇ ਤੇਲ ਤੋਂ ਇਲਾਵਾ ਆਰਥਿਕ ਕਮਾਈ ਦੇ ਜ਼ਰੀਏ ਨਹੀਂ ਤਲਾਸ਼ੇ ਹਨ। ਇਸ ਲਈ ਹੁਣ ਉਹ ਨਿੱਜੀ ਸੈਕਟਰ ਨੂੰ ਫੈਲਾਉਣਾ ਚਾਹੁੰਦੇ ਹਨ।"

"ਉਹ ਇਸ ਵਿੱਚ ਨਿਵੇਸ਼ ਕਰ ਰਹੇ ਹਨ ਤਾਂ ਕਿ ਹਾਈਡ੍ਰੋਕਾਰਬਨ ’ਤੇ ਉਨ੍ਹਾਂ ਦੀ ਨਿਰਭਰਤਾ ਘੱਟ ਹੋ ਸਕੇ।”

ਇਸ ਕੋਸ਼ਿਸ਼ ਦਾ ਇੱਕ ਚੰਗਾ ਉਦਾਹਰਨ ਇਹ ਹੈ ਕਿ ਲੰਡਨ ਅਤੇ ਨਿਊਯਾਰਕ ਜਿਹੇ ਸ਼ਹਿਰਾਂ ਵਿੱਚ ਕਈ ਮਸ਼ਹੂਰ ਜਾਇਦਾਦਾਂ ਵਿੱਚ ਕਤਰ ਦੀ ਨਿਵੇਸ਼ ਅਥਾਰਟੀ ਅਤੇ ਕਤਰ ਦੇ ਫੰਡ ਦੀ ਹਿੱਸੇਦਾਰੀ ਹੈ।

ਕੋਟਸ ਦਾ ਮੰਨਣਾ ਹੈ ਕਿ ਹੁਣ ਕਤਰ ਦੋਹਾ ਨੂੰ ਈਵੈਂਟ, ਕਾਨਫਰੰਸ, ਬੈਠਕਾਂ ਦਾ ਹੱਬ ਬਣਾਉਣ ਉੱਤੇ ਜ਼ੋਰ ਦੇ ਰਿਹਾ ਹੈ ਅਤੇ ਖਾਸ ਕਰਕੇ ਵਿਸ਼ਵ ਕੱਪ ਦਾ ਪ੍ਰਬੰਧ ਇਸ ਦਾ ਵੱਡਾ ਉਦਾਹਰਨ ਹੈ।

ਕਤਰ
Getty Images

ਕਤਰ ਨੇ ਫ਼ੁਟਬਾਲ ਵਿਸ਼ਵ ਕੱਪ ਦੇ ਪ੍ਰਬੰਧ ਲਈ 2 ਲੱਖ ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਖ਼ਰਚਾ ਕੀਤਾ ਹੈ, ਜੋ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਮਹਿੰਗਾ ਫੀਫਾ ਵਿਸ਼ਵ ਕੱਪ ਹੈ।

ਇਸ ਵਿੱਚ ਅੱਠ ਸਟੇਡੀਅਮ, ਇੱਕ ਨਵਾਂ ਹਵਾਈ ਅੱਡਾ ਅਤੇ ਇੱਕ ਨਵੀਂ ਮੈਟਰੋ ਲਾਈਨ ਜਿਹੇ ਬੁਨਿਆਦੀ ਢਾਂਚੇ ਬਣਾਏ ਗਏ ਹਨ।

ਜਿਸ ਤਰ੍ਹਾਂ ਕਤਰ ਦਾ ਬੁਨਿਆਦੀ ਢਾਂਚਾ ਤਿਆਰ ਕੀਤਾ ਗਿਆ ਹੈ, ਉਸ ’ਤੇ ਦੁਨੀਆ ਦਾ ਇੱਕ ਵੱਡਾ ਹਿੱਸਾ ਸਵਾਲ ਚੁੱਕਦਾ ਹੈ।

ਇਸ ਦੇ ਨਿਰਮਾਣ ਵਿੱਚ ਸ਼ਾਮਲ ਕਈ ਮਜ਼ਦੂਰ ਨੇਪਾਲ, ਭਾਰਤ ਅਤੇ ਬੰਗਲਾਦੇਸ਼ ਜਿਹੇ ਦੇਸ਼ਾਂ ਤੋਂ ਆਉਂਦੇ ਹਨ, ਜਿਨ੍ਹਾਂ ਨੇ ਅਣ-ਮਨੁੱਖੀ ਹਾਲਾਤ ਵਿੱਚ ਕੰਮ ਕੀਤਾ ਅਤੇ ਕਈਆਂ ਦੀ ਜਾਨ ਵੀ ਚਲੀ ਗਈ।

ਕਤਰ
Getty Images

ਇਸ ਵਿੱਚ ਕਤਰ ਅਤੇ ਫੀਫਾ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ। ਕਈ ਲੋਕ ਦਾਅਵਾ ਕਰ ਰਹੇ ਹਨ ਕਿ ਸਾਲ 2010 ਵਿੱਚ ਕਤਰ ਨੇ ਰਿਸ਼ਵਤ ਬਦਲੇ ਮੇਜ਼ਬਾਨੀ ਆਪਣੇ ਨਾਮ ਕਰਵਾਈ।

ਹਾਲ ਹੀ ਵਿੱਚ ਕਤਰ ਦੇ ਅਧਿਕਾਰੀਆਂ ਵੱਲੋਂ ਐੱਲਜੀਬੀਟੀ ਭਾਈਚਾਰੇ ਨੂੰ ਲੈ ਕੇ ਵਿਵਾਦਿਤ ਬਿਆਨ ਸਾਹਮਣੇ ਆਏ ਜਿਸ ਨੇ ਉਸ ਦੀ ਰੂੜ੍ਹੀਵਾਦੀ ਸੋਚ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ।

ਇਨ੍ਹਾਂ ਆਲੋਚਨਾਵਾਂ ਤੋਂ ਪਰ੍ਹੇ, ਇਹ ਸਪਸ਼ਟ ਹੈ ਕਿ ਮੇਜ਼ਬਾਨੀ ਇੱਕ ਛੋਟੇ ਜਿਹੇ ਦੇਸ਼ ਲਈ ਵਿਸ਼ਵ ਕੱਪ ਤੋਂ ਕਿਤੇ ਵੱਧ ਹੈ ਜੋ ਰਿਕਾਰਡ ਸਮੇਂ ਵਿੱਚ ਅਮੀਰ ਬਣਿਆ ਅਤੇ ਜੋ ਹੁਣ ਇੱਕ ਆਧੁਨਿਕ ਅਤੇ ਪ੍ਰਗਤੀਸ਼ੀਲ ਅਕਸ ਤਹਿਤ ਖੁਦ ਨੂੰ ਇੱਕ ਪ੍ਰਮੁੱਖ ਭੂ-ਖਿਡਾਰੀ ਵਜੋਂ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News