ਔਰਤਾਂ ਖ਼ਿਲਾਫ਼ ਹਿੰਸਾ ਸਿਰਫ਼ ਸਰੀਰਕ ਹੀ ਨਹੀਂ, 7 ਹੋਰ ਵੀ ਰੂਪ ਹਨ, ਜਾਣੋ ਕਾਨੂੰਨ ਕੀ ਕਹਿੰਦਾ ਹੈ

11/25/2022 7:12:01 PM

ਅਕਸਰ ਲੋਕ ਸਿਰਫ਼ ਸਰੀਰਕ ਜਾਂ ਜਿਨਸੀ ਹਮਲਿਆਂ ਨੂੰ ਹੀ ਔਰਤਾਂ ਖ਼ਿਲਾਫ ਹਿੰਸਾ ਸਮਝਦੇ ਹਨ ਪਰ ਇਸ ਹਿੰਸਾ ਨੂੰ ਇੱਥੋਂ ਤੱਕ ਹੀ ਸੀਮਤ ਕਰ ਕੇ ਨਹੀਂ ਦੇਖਿਆ ਜਾ ਸਕਦਾ।

ਕਈ ਵਾਰ ਹਿੰਸਾ ਦੀ ਸ਼ਿਕਾਰ ਔਰਤ ਹੀ ਇਹ ਪਛਾਣ ਨਹੀਂ ਪਾਉਂਦੀ ਕਿ ਉਸ ਨਾਲ ਹਿੰਸਾ ਹੋ ਰਹੀ ਹੈ

ਔਰਤਾਂ ਖ਼ਿਲਾਫ਼ ਹਿੰਸਾ ਦੇ ਕਈ ਰੂਪ ਹਨ ਜਿਨ੍ਹਾਂ ਬਾਰੇ ਜਾਗਰੂਕਤਾ ਹੋਣਾ ਬੇਹਦ ਜ਼ਰੂਰੀ ਹੈ।

ਨੈਸ਼ਨਲ ਕਰਾਈਮ ਰਿਕਾਰਡ ਬਿਓਰੋ ਦੇ ਅੰਕੜਿਆਂ ਮੁਤਾਬਕ ਸਾਲ 2021 ਵਿੱਚ ਸਾਲ 2020 ਦੇ ਮੁਕਾਬਲੇ ਔਰਤਾਂ ਖ਼ਿਲਾਫ਼ ਅਪਰਾਧ ਦੇ ਮਾਮਲਿਆਂ ਵਿੱਚ 15.3 ਫ਼ੀਸਦੀ ਵਾਧਾ ਹੋਇਆ ਹੈ।

ਸਾਲ 2021 ਵਿੱਚ ਔਰਤਾਂ ਖ਼ਿਲਾਫ਼ 4, 28, 278 ਅਪਰਾਧ ਦਰਜ ਹੋਏ ਜਦਕਿ ਸਾਲ 2020 ਵਿੱਚ ਇਹ 3,71,503 ਸਨ।

ਔਰਤਾਂ ਖ਼ਿਲਾਫ਼ ਹਿੰਸਾ ਕੀ ਹੈ ?

ਪੰਜਾਬ ਯੁਨੀਵਰਸਿਟੀ ਵਿੱਚ ਡਿਪਾਰਟਮੈਂਟ ਕਮ ਸੈਂਟਰ ਫਾਰ ਵੂਮਨ ਸਟੱਡੀਜ਼ ਐਂਡ ਡਵੈਲਪਮੈਂਟ ਦੇ ਪ੍ਰੋਫੈਸਰ ਡਾ.ਅਮੀਰ ਸੁਲਤਾਨਾ ਨੇ ਕਿਹਾ, “ਉਹ ਵਤੀਰਾ ਜਾਂ ਹਿੰਸਾ ਜੋ ਇੱਕ ਔਰਤ ‘ਤੇ ਉਸ ਦੇ ਔਰਤ ਹੋਣ ਕਾਰਨ (ਲਿੰਗ ਆਧਾਰਿਤ ਹਿੰਸਾ) ਕੀਤੀ ਜਾਵੇ ਉਸ ਨੂੰ ਔਰਤ ਖ਼ਿਲਾਫ਼ ਹਿੰਸਾ ਵਜੋਂ ਪਰਭਾਸ਼ਿਤ ਕੀਤਾ ਜਾਂਦਾ ਹੈ।

ਉਹ ਸਰੀਰਕ, ਜਿਨਸੀ, ਜ਼ੁਬਾਨੀ, ਭਾਵਨਾਤਮਕ, ਆਰਥਿਕ, ਸਮਾਜਿਕ, ਤਕਨੀਕੀ ਅਤੇ ਧਾਰਮਿਕ ਜਾਂ ਅਧਿਆਤਮਕ ਹਿੰਸਾ ਹੋ ਸਕਦੀ ਹੈ।”

ਔਰਤਾਂ ਖ਼ਿਲਾਫ਼ ਹਿੰਸਾ
Getty Images

ਔਰਤਾਂ ਖ਼ਿਲਾਫ਼ ਹਿੰਸਾ ਸਿਰਫ਼ ਪਤੀ/ਸਾਥੀ ਜਾਂ ਸਹੁਰੇ ਪਰਿਵਾਰ ਵੱਲੋਂ ਨੂੰਹ ’ਤੇ ਕੀਤੀ ਹਿੰਸਾ ਨਹੀਂ, ਬਲਕਿ ਕਿਸੇ ਵੀ ਸ਼ਖ਼ਸ ਵੱਲੋਂ ਕੀਤੀ ਹਿੰਸਾ ਹੋ ਸਕਦੀ ਹੈ। ਜਦੋਂ ਅਸੀਂ ਔਰਤਾਂ ਖ਼ਿਲਾਫ਼ ਘਰੇਲੂ ਹਿੰਸਾ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਮਾਪਿਆ ਜਾਂ ਹੋਰ ਪਰਿਵਾਰਕ ਵੱਲੋਂ ਆਪਣੀ ਧੀ ਨਾਲ, ਪੁੱਤਰ-ਨੂੰਹ ਵੱਲੋਂ ਮਾਂ ਨਾਲ, ਘਰੇਲੂ ਸਹਾਇਕ ਨਾਲ ਕੀਤੀ ਹਿੰਸਾ ਵੀ ਆਉਂਦੀ ਹੈ।

ਯਾਨੀ ਘਰ ਦੀ ਚਾਰਦੁਆਰੀ ਅੰਦਰ ਇੱਕ ਔਰਤ ਨਾਲ ਹੋਈ ਹਿੰਸਾ ਨੂੰ ਘਰੇਲੂ ਹਿੰਸਾ ਕਿਹਾ ਜਾਂਦਾ ਹੈ। 

ਘਰੇਲੂ ਹਿੰਸਾ ਤੋਂ ਇਲਾਵਾ, ਔਰਤਾਂ ਖ਼ਿਲਾਫ਼ ਸਮਾਜ ਵੱਲੋਂ ਕੀਤੀ ਹਿੰਸਾ ਵੀ ਸਾਮਲ ਹੁੰਦੀ ਹੈ।

ਘਰ ਦੀ ਚਾਰਦੁਆਰੀ ਤੋਂ ਬਾਹਰ ਗੈਰ-ਪਰਿਵਾਰਕ ਮੈਂਬਰਾਂ ਵੱਲੋਂ ਵੀ ਔਰਤਾਂ ਖ਼ਿਲਾਫ਼ ਹਿੰਸਾ ਹੋ ਸਕਦੀ ਹੈ। 

ਔਰਤਾਂ
BBC

ਔਰਤਾਂ ਖ਼ਿਲਾਫ਼ ਹਿੰਸਾ:

  • ਔਰਤਾਂ ਖ਼ਿਲਫ਼ ਹਿੰਸਾ ਦੇ ਕੇਸਾਂ ਵਿੱਚ ਹੋ ਰਿਹਾ ਹੈ ਵਾਧਾ
  • ਕਈ ਵਾਰ ਹਿੰਸਾ ਦੀ ਸ਼ਿਕਾਰ ਔਰਤ ਹੀ ਇਹ ਪਛਾਣ ਨਹੀਂ ਪਾਉਂਦੀ ਹਿੰਸਾ
  • ਹਿੰਸਾ ਦੇ ਕਈ ਰੂਪ ਹਨ:ਜ਼ੁਬਾਨੀ ਹਿੰਸਾ, ਭਾਵਨਾਤਮਕ, ਜਿਨਸੀ, ਆਰਥਿਕ ਅਤੇ ਤਕਨੀਕੀ ਹਿੰਸਾ
  • ਜਾਗਰੂਕਤਾ ਅਤੇ ਆਰਥਿਕ ਬਰਾਬਰੀ ਨਿਭਾ ਸਕਦੀ ਹੈ ਅਹਿਮ ਭੂਮਿਕਾ
ਔਰਤਾਂ
BBC

ਔਰਤਾਂ ਖ਼ਿਲਾਫ਼ ਹਿੰਸਾ ਦੇ ਰੂਪ

ਡਾ. ਅਮੀਰ ਸੁਲਤਾਨਾ ਨੇ ਕਿਹਾ, “ਸਰੀਰਕ ਹਿੰਸਾ ਜਿਵੇਂ ਕਿ ਕੁੱਟ-ਮਾਰ, ਵਾਲ ਪੁੱਟਣੇ, ਕਿਸੇ ਚੀਜ਼ ਨਾਲ ਹਮਲਾ, ਗਲਾ ਘੁੱਟਣਾ ਵਗੈਰਾ ਜਿਸ ਨਾਲ ਸਰੀਰਕ ਸੱਟ ਲੱਗੇ।”

ਉਨ੍ਹਾਂ ਕਿਹਾ ਕਿ ਇਸ ਹਿੰਸਾ ਬਾਰੇ ਤਾਂ ਆਮ ਕਰਕੇ ਹਰ ਕਿਸੇ ਨੂੰ ਪਤਾ ਹੁੰਦਾ ਹੈ, ਪਰ ਹਿੰਸਾ ਦੇ ਹੋਰ ਵੀ ਬਹੁਤ ਰੂਪ ਹਨ। 

ਡਾ.ਅਮੀਰ ਸੁਲਤਾਨਾ ਨੇ ਹਿੰਸਾ ਦੇ ਕਈ ਰੂਪਾਂ ਬਾਰੇ ਦੱਸਿਆ।

ਜ਼ੁਬਾਨੀ ਹਿੰਸਾ

ਇਹ ਉਹ ਹਿੰਸਾ ਹੁੰਦੀ ਹੈ ਜਦੋਂ ਬੋਲਾਂ ਜ਼ਰੀਏ ਔਰਤ ਨੂੰ ਦੁੱਖ ਪਹੁੰਚਾਇਆ ਜਾਂਦਾ ਹੈ।

ਜਿਵੇਂ ਕਿ ਉਸ ਦੇ ਅਪਮਾਨਜਨਕ ਨਾਮ ਰੱਖਣੇ, ਗਾਲ਼ੀ-ਗਲੋਚ ਕਰਨੀ, ਔਰਤ ‘ਤੇ ਚੀਖਣਾ, ਦਿਲ ਦਖਾਉਣ ਵਾਲਾ ਤੇ ਅਪਮਾਨਜਨਕ ਮਜ਼ਾਕ ਕਰਨਾ ਅਤੇ ਬਹੁਤ ਜ਼ਿਆਦਾ ਅਣ-ਉਚਿਤ ਅਲੋਚਨਾ ਕਰਨਾ ਵਗੈਰਾ।

ਭਾਵਨਾਤਮਕ ਹਿੰਸਾ

ਡਾ.ਸੁਲਤਾਨਾ ਨੇ ਭਾਵਨਾਤਮਕ ਹਿੰਸਾ ਪਰਿਭਾਸ਼ਤ ਕਰਦਿਆਂ ਕਿਹਾ ਕਿ ਇਹ ਉਹ ਵਤੀਰਾ ਹੈ ਜਿਸ ਨਾਲ ਔਰਤ ਦੀ ਮਾਨਸਿਕ ਸਿਹਤ ’ਤੇ ਬਹੁਤ ਅਸਰ ਪੈਂਦਾ ਹੈ।

ਚਰਿੱਤਰ ’ਤੇ ਦੋਸ਼ ਲਾਉਣੇ, ਦਹੇਜ ਨਾ ਲਿਆਉਣ ਕਾਰਨ ਅਪਮਾਨ ਕਰਨਾ, ਬੱਚਾ ਪੈਦਾ ਨਾ ਹੋਣ ਕਾਰਨ ਔਰਤ ਨੂੰ ਦੋਸ਼ ਦੇਣਾ, ਔਰਤ ਨੂੰ ਨੌਕਰੀ ਕਰਨ ਤੋਂ ਜਾਂ ਬਾਹਰ ਜਾਣ ਤੋਂ ਰੋਕਣਾ ਆਦਿ।

ਔਰਤਾਂ ਖ਼ਿਲਾਫ਼ ਹਿੰਸਾ
BBC

ਇਹ ਵੀ ਪੜ੍ਹੋ:

ਜਿਨਸੀ ਹਿੰਸਾ

ਯਾਨੀ ਕਿ ਸਰੀਰਕ ਸ਼ੋਸ਼ਣ ਜਿਵੇਂ ਕੇ ਰੇਪ, ਗਲਤ ਤਰੀਕੇ ਨਾਲ ਛੂਹਣਾ, ਬਿਨ੍ਹਾਂ ਸਹਿਮਤੀ ਤੋਂ ਪੌਰਨੋਗਰਾਫ਼ੀ ਦਿਖਾਉਣਾ ਵਗੈਰਾ। ਡਾ.ਸੁਲਤਾਨਾ ਨੇ ਕਿਹਾ ਕਿ ਜਿਨਸੀ ਹਿੰਸਾ ਦਾ ਸ਼ਿਕਾਰ ਔਰਤਾਂ ਘਰੋਂ ਬਾਹਰ ਵੀ ਹੁੰਦੀਆਂ ਹਨ ਅਤੇ ਘਰਾਂ ਦੇ ਅੰਦਰ ਵੀ ਕਈ ਵਾਰ ਜਾਣ-ਪਛਾਣ ਵਾਲਿਆਂ ਹੱਥੋਂ ਜਿਨਸੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਹਨ। ਪਰ ਇਸ ਬਾਰੇ ਉਹ ਦੱਸ ਵੀ ਨਹੀਂ ਸਕਦੀਆਂ।

ਆਰਥਿਕ ਹਿੰਸਾ

ਆਰਥਿਕ ਹਿੰਸਾ ਦਾ ਮਤਲਬ ਹੈ ਜਦੋਂ ਔਰਤ ਦੇ ਵਿੱਤੀ ਸ੍ਰੋਤਾਂ ’ਤੇ ਕਿਸੇ ਹੋਰ ਦਾ ਕੰਟਰੋਲ ਹੋਵੇ।

ਜਿਵੇਂ ਔਰਤ ਨੂੰ ਨੌਕਰੀ ਕਰਨ ਤੋਂ ਰੋਕਣਾ ਜਾਂ ਨੌਕਰੀ ਛੱਡਣ ਲਈ ਮਜਬੂਰ ਕਰਨਾ।

ਨੌਕਰੀ ਨਾ ਕਰਨ ਵਾਲੀ ਔਰਤ ਨੂੰ ਮੁਢਲੀਆਂ ਲੋੜਾਂ ਲਈ ਪੈਸਾ ਨਾ ਦੇਣਾ ਅਤੇ ਮਾਪਿਆਂ ਵੱਲੋਂ ਧੀਆਂ ਨੂੰ ਜਾਇਦਾਦ ਵਿੱਚੋਂ ਹਿੱਸਾ ਨਾ ਦੇਣਾ ਵਗੈਰਾ।

ਔਰਤਾਂ ਖ਼ਿਲਾਫ਼ ਹਿੰਸਾ
Getty Images

ਡਾ.ਅਮੀਰ ਸੁਲਤਾਨਾ ਨੇ ਕਿਹਾ, “ਔਰਤਾਂ ਦੇ ਨਾਮ ਉੱਤੇ ਜ਼ਮੀਨ ਦੀ ਰਜਿਸਟਰੀ ਦਾ ਖ਼ਰਚਾ ਘੱਟ ਹੋਣ ਕਾਰਨ ਘਰ ਦੀ ਔਰਤ ਦੇ ਨਾਮ ''''ਤੇ ਜ਼ਮੀਨ ਤਾਂ ਕਰਵਾ ਦਿੱਤੀ ਜਾਂਦੀ ਹੈ, ਪਰ ਕੀ ਉਸ ਨੂੰ ਆਪਣੀ ਮਰਜ਼ੀ ਨਾਲ ਜ਼ਮੀਨ ਬਾਰੇ ਫ਼ੈਸਲਾ ਲੈਣ ਦਾ ਹੱਕ ਹੁੰਦਾ ਹੈ? ਇਸ ਤੋਂ ਇਲਾਵਾ ਕਾਨੂੰਨ ਬਣਨ ਦੇ ਬਾਵਜੂਦ ਧੀਆਂ ਨੂੰ ਪਿਤਾਪੁਰਖੀ ਜ਼ਮੀਨ ਵਿੱਚੋਂ ਹਿੱਸਾ ਨਹੀਂ ਦਿੱਤਾ ਜਾਂਦਾ, ਜੇ ਉਹ ਮੰਗੇ ਤਾਂ ਉਸ ਨਾਲ ਬੋਲਚਾਲ ਬੰਦ ਹੋ ਜਾਂਦੀ ਹੈ, ਇਹ ਵੀ ਆਰਥਿਕ ਹਿੰਸਾ ਹੈ।”

“ਔਰਤ ਨੂੰ ਉਸ ਦੀ ਤਨਖ਼ਾਹ ਵਿੱਚੋਂ ਖ਼ਰਚਾ ਕਰਨ ਲਈ ਪਤੀ ਜਾਂ ਹੋਰ ਪਰਿਵਾਰਕ ਮੈਂਬਰਾਂ ਦੀ ਇਜਾਜ਼ਤ ਮੰਗਣੀ ਪਵੇ ਤਾਂ ਉਹ ਵੀ ਆਰਥਿਕ ਹਿੰਸਾ ਹੈ।”

ਸਮਾਜਿਕ ਹਿੰਸਾ

ਇਸ ਤੋਂ ਇਲਾਵਾ ਸਮਾਜਿਕ ਹਿੰਸਾ ਵੀ ਹੁੰਦੀ ਹੈ।

ਇਸ ਵਿੱਚ ਦਹੇਜ ਸਬੰਧੀ ਹਿੰਸਾ, ਭਰੂਣ  ਦੇ ਲਿੰਗ ਦੀ ਪਛਾਣ ਜਾਂ ਭਰੂਣ ਹੱਤਿਆ, ਜ਼ਬਰਦਸਤੀ ਦੇਹ-ਵਪਾਰ, ਬਾਲ-ਵਿਆਹ, ਬਿਨ੍ਹਾਂ ਸਹਿਮਤੀ ਤੋਂ ਵਿਆਹ, ਅਖੌਤੀ ਅਣਖ ਲਈ ਕਤਲ ਵਗੈਰਾ। 

ਤਕਨੀਕੀ ਹਿੰਸਾ

ਤਕਨੀਕੀ ਹਿੰਸਾ ਬਾਰੇ ਡਾ.ਅਮੀਰ ਸੁਲਤਾਨਾ ਨੇ ਕਿਹਾ ਕਿ ਫ਼ੋਨ, ਸੋਸ਼ਲ ਮੀਡੀਆ ਜਾਂ ਹੋਰ ਤਕਨੀਕੀ ਸਾਧਨਾਂ ਜ਼ਰੀਏ ਔਰਤ ਦਾ ਪਿੱਛਾ ਕਰਨਾ, ਪਤੀ ਜਾਂ ਸਾਥੀ ਵੱਲੋਂ ਔਰਤ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਪਾਸਵਰਡ ਦੀ ਮੰਗ, ਚੈਟਾਂ ਤੇ ਫ਼ੋਨ ਕਾਲਜ਼ ਟ੍ਰੈਕ ਕਰਨਾ, ਈਮੇਲ ਹੈਕ ਆਦਿ।

ਧਾਰਮਿਕ ਹਿੰਸਾ

ਡਾ ਅਮੀਰ ਸੁਲਤਾਨਾ ਨੇ ਕਿਹਾ ਕਿ ਔਰਤਾਂ ਖ਼ਿਲਾਫ਼ ਧਾਰਮਿਕ ਹਿੰਸਾ ਵੀ ਹੁੰਦੀ ਹੈ। 

ਜਦੋਂ ਧਰਮ ਦਾ ਨਾਮ ਵਰਤ ਕੇ ਔਰਤ ਨਾਲ ਹੇਰਾਫੇਰੀ ਕੀਤੀ ਜਾਵੇ ਜਾਂ ਉਸ ਨੂੰ ਨੀਵਾਂ ਦਿਖਾਇਆ ਜਾਵੇ, ਆਪਣਾ ਧਰਮ ਮੰਨਣ ਤੋਂ ਰੋਕਿਆ ਜਾਵੇ ਵਗੈਰਾ।

ਉਨ੍ਹਾਂ ਕਿਹਾ ਕਿ ਇਸ ਹਿੰਸਾ ਖ਼ਿਲਾਫ਼ ਬਹੁਤ ਘੱਟ ਜਾਗਰੂਕਤਾ ਹੈ।

ਔਰਤਾ ਖਿਲਾਫ ਹਿੰਸਾ
Getty Images

ਕਾਨੂੰਨੀ ਢਾਂਚੇ ਵਿੱਚ ਕਿਵੇਂ ਦੇਖਿਆ ਜਾਂਦਾ ਹੈ? 

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੀਨੀਅਰ ਵਕੀਲ ਰੀਟਾ ਕੋਹਲੀ ਨੇ ਕਿਹਾ ਕਿ ਕਾਨੂੰਨ ਵਿੱਚ ਔਰਤਾਂ ਖ਼ਿਲਾਫ਼ ਹਰ ਤਰ੍ਹਾਂ ਦੀ ਹਿੰਸਾ ਖ਼ਿਲਾਫ਼ ਮਦਾਂ ਹਨ।

ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਕਈ ਵਾਰ ਪੀੜਤ ਔਰਤਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹ ਉਨ੍ਹਾਂ ’ਤੇ ਹੋ ਰਹੀ ਹਿੰਸਾ ਖ਼ਿਲਾਫ਼ ਕੀ ਕਰ ਸਕਦੀਆਂ ਹਨ।

ਰੀਟਾ ਕੋਹਲੀ ਨੇ ਕਿਹਾ,  “ਜਦੋਂ ਅਸੀਂ ਔਰਤਾਂ ਖ਼ਿਲਾਫ਼ ਹਿੰਸਾ ਬਾਰੇ ਗੱਲ ਸ਼ੁਰੂ ਕੀਤੀ ਸੀ ਤਾਂ ਸਰੀਰਕ ਹਿੰਸਾ ਤੋਂ ਇਲਾਵਾ ਹੋਰ ਤਰ੍ਹਾਂ ਦੀ ਹਿੰਸਾ ਖ਼ਿਲਾਫ਼ ਅਸੀਂ ਇੱਕ ਸਮਾਜ ਵਜੋਂ ਪਹਿਲਾਂ ਬਹੁਤੇ ਸੰਜੀਦਾ ਨਹੀਂ ਸੀ, ਪਰ ਸਮੇਂ ਦੇ ਨਾਲ ਹੁਣ ਕਾਫ਼ੀ ਬਦਲਾਅ ਆ ਆਇਆ ਹੈ ਅਤੇ ਆ ਰਹੇ ਹਨ।”

ਔਰਤਾਂ ਖਿਲਾਫ ਹਿੰਸਾ
Getty Images

“ਹੁਣ ਇੱਕ ਜਾਗਰੂਕ ਤਬਕਾ ਬਾਕੀ ਤਰ੍ਹਾਂ ਦੀ ਹਿੰਸਾ ਨੂੰ ਵੀ ਪਛਾਣਨ ਲੱਗਾ ਹੈ ਅਤੇ ਅਦਾਲਤਾਂ ਸਾਹਮਣੇ ਵੀ ਕੇਸ ਆਉਂਦੇ ਹਨ। ਖਾਸ ਕਰਕੇ ਪਤੀ-ਪਤਨੀ ਵਿਚਕਾਰ ਆਰਥਿਕ ਹਿੰਸਾ ਦੇ ਕੇਸ ਅਦਾਲਤਾਂ ਵਿੱਚ ਕਾਫ਼ੀ ਆ ਰਹੇ ਹਨ, ਪਰ ਕੁੱਲ ਮਿਲਾ ਕੇ ਹਾਲੇ ਸੰਵੇਦਨਸ਼ੀਲਤਾ ਅਤੇ ਜਾਗਰੂਕਤਾ ਵਧਾਉਣ ਦੀ ਬਹੁਤ ਲੋੜ ਹੈ।”

ਰੀਟਾ ਕੋਹਲੀ ਨੇ ਕਿਹਾ, “ਸਾਡਾ ਸਮਾਜ, ਸਾਡੀਆਂ ਸੰਸਥਾਵਾਂ ਹਾਲੇ ਵੀ ਮਰਦ ਪ੍ਰਧਾਨ ਹਨ। ਜਦੋਂ ਕੋਈ ਲੜਕੀ ਜ਼ੁਬਾਨੀ ਹਿੰਸਾ ਖ਼ਿਲਾਫ਼ ਕਾਰਵਾਈ ਕਰਨ ਲਈ ਜਾਏਗੀ ਤਾਂ ਵਕੀਲ, ਪੁਲਿਸ ਜਾਂ ਇੱਥੋਂ ਤੱਕ ਕਿ ਜੱਜ ਵੀ ਅੰਦਰੋਂ ਅੰਦਰੀਂ ਇਹ ਸੋਚਦਾ ਹੈ ਕਿ ਪਤੀ ਨੇ ਗਾਲ੍ਹਾਂ ਕੱਢੀਆਂ ਜਾਂ ਬੇਇੱਜ਼ਤੀ ਕੀਤੀ ਤਾਂ ਕਿੰਨੀ ਕ ਵੱਡੀ ਗੱਲ ਹੋ ਗਈ, ਇਹ ਤਾਂ ਮੈਂ ਰੋਜ਼ ਆਪਣੀ ਪਤਨੀ ਨਾਲ ਕਰਦਾ ਹਾਂ, ਉਹ ਤਾਂ ਅਰਾਮ ਨਾਲ ਘਰ ਬੈਠੀ ਹੈ। ਇਹ ਸੋਚ ਜਦੋਂ ਤੱਕ ਨਹੀਂ ਬਦਲੇਗੀ, ਤਾਂ ਅਸੀਂ ਕਿਵੇਂ ਇਨਸਾਫ਼ ਦੀ ਉਮੀਦ ਕਰ ਸਕਦੇ ਹਾਂ।”

“ਪਰ ਮੈਨੂੰ ਲਗਦਾ ਹੈ ਕਿ ਹੌਲੀ ਹੌਲੀ ਲੋਕਾਂ ਦੀ ਸੋਚ ਬਦਲ ਰਹੀ ਹੈ, ਇੱਕ ਪੀੜ੍ਹੀ ਬਾਅਦ ਚੀਜ਼ਾਂ ਬਹੁਤ ਬਦਲ ਜਾਣ ਦੀ ਉਮੀਦ ਹੈ।”

ਔਰਤਾਂ, ਪਰਿਵਾਰਾਂ ਅਤੇ ਸਮਾਜ ਉੱਤੇ ਅਸਰ

ਮਨੋਵਿਗਆਨੀ ਡਾ ਸਿਮੀ ਵੜੈਚ ਨੇ ਦੱਸਿਆ ਕਿ ਇਹ ਸਮਝਣਾ ਹੋਏਗਾ ਕਿ ਔਰਤਾਂ ਵਿੱਚ ਡਿਪਰੈਸ਼ਨ ਦੀ ਸਮੱਸਿਆ ਵੈਸੇ ਹੀ ਮਰਦਾਂ ਮੁਕਾਬਲੇ ਵੱਧ ਹੁੰਦੀ ਹੈ।

“ਜਦੋਂ ਲਗਾਤਾਰ ਉਸ ਨੂੰ ਮਾਨਸਿਕ ਪੀੜ੍ਹਾ ਦਿੱਤੀ ਜਾਏਗੀ ਤਾਂ ਡਿਪਰੈਸ਼ਨ ਗੰਭੀਰ ਹੋ ਸਕਦਾ ਹੈ ਅਤੇ ਹੋਰ ਬਿਮਾਰੀਆਂ ਨੂੰ ਵੀ ਜਨਮ ਦੇ ਸਕਦਾ ਹੈ।”

ਉਨ੍ਹਾਂ ਕਿਹਾ ਕਿ ਇਹ ਹਿੰਸਾ ਪੀੜ੍ਹੀ ਦਰ ਪੀੜ੍ਹੀ ਪਰਿਵਾਰਾਂ ਨੂੰ ਪ੍ਰਭਾਵਿਤ ਕਰਦੀ ਹੈ, ਜੇ ਘਰ ਵਿੱਚ ਇੱਕ ਪਤੀ ਆਪਣੀ ਪਤਨੀ ਨਾਲ ਅਪਮਾਨਜਨਕ ਵਤੀਰਾ ਰੱਖਦਾ ਹੈ ਤਾਂ ਹੋ ਸਕਦਾ ਹੈ ਕਿ ਉਸ ਦੇ ਬੱਚੇ ਵੀ ਮਾਂ ਨੂੰ ਇੱਜ਼ਤ ਨਾ ਦੇਣ ਅਤੇ ਅੱਗੇ ਜਾ ਕੇ ਉਨ੍ਹਾਂ ਦਾ ਬੇਟਾ ਆਪਣੀ ਪਤਨੀ ਤੇ ਪਰਿਵਾਰ ਨਾਲ ਉਹੀ ਵਤੀਰਾ ਰੱਖੇ।

ਜੇ ਮਾਪਿਆ ਵੱਲੋਂ ਧੀ ਨੂੰ ਇਹ ਅਹਿਸਾਸ ਕਰਵਾਇਆ ਜਾਵੇ ਕਿ ਉਸ ਦਾ ਭਰਾ ਉਸ ਤੋਂ ਜ਼ਿਆਦਾ ਜ਼ਰੂਰੀ ਹੈ ਤਾਂ ਅੱਗੇ ਜਾ ਕੇ ਉਸ ਦੀ ਵੀ ਉਹੀ ਸੋਚ ਰਹਿ ਸਕਦੀ ਹੈ।

ਅਜਿਹੀਆਂ ਲੜਕੀਆਂ ਕਈ ਵਾਰ ਸਹੁਰੇ ਘਰ ਵਿੱਚ ਉਨ੍ਹਾਂ ਨਾਲ ਹੁੰਦੀ ਹਿੰਸਾ ਬਾਰੇ ਵੀ ਆਪਣੇ ਮਾਪਿਆ ਨੂੰ ਦੱਸ ਨਹੀਂ ਪਾਉਂਦੀਆਂ ਅਤੇ ਅੰਦਰੋਂ-ਅੰਦਰੀਂ ਘੁਟਦੀਆਂ ਰਹਿੰਦੀਆਂ ਹਨ।

ਡਾ.ਅਮੀਰ ਸੁਲਤਾਨਾ ਕਹਿੰਦੇ ਹਨ ਕਿ ਔਰਤਾਂ ਖ਼ਿਲਾਫ਼ ਹਿੰਸਾ ਸਮਾਜ ਵਿੱਚ ਔਰਤ-ਮਰਦ ਦੀ ਨਾ-ਬਰਾਬਰੀ ਨੂੰ ਹੋਰ ਵਧਾਉਂਦੀ ਹੈ। ਉਦਾਹਰਨ ਵਜੋਂ ਆਰਥਿਕ ਹਿੰਸਾ ਕਾਰਨ ਜੇ ਔਰਤ ਦਾ ਆਰਥਿਕ ਸਾਧਨਾਂ ਉੱਤੇ ਬਰਾਬਰ ਹੱਕ ਨਹੀਂ ਤਾਂ ਔਰਤਾਂ ਲਈ ਬਾਕੀ ਹੱਕਾਂ ਲਈ ਖੜਣਾ ਵੀ ਬਹੁਤ ਔਖਾ ਹੁੰਦਾ ਹੈ।

ਉਨ੍ਹਾਂ ਕਿਹਾ, “ਜਦੋਂ ਮਾਪੇ ਆਪਣੀਆਂ ਹੁਨਰਮੰਦ ਧੀਆਂ ਨੂੰ ਸਮਾਜਿਕ ਕਾਰਨਾਂ ਕਰਕੇ ਘਰਾਂ ਅੰਦਰ ਬੰਦ ਕਰਕੇ ਰੱਖਦੇ ਹਨ, ਉਸ ਨੂੰ ਨੌਕਰੀ ਤੋਂ ਹਟਾਉਂਦੇ ਹਨ ਜਾਂ ਬਿਨ੍ਹਾਂ ਸਹਿਮਤੀ ਤੋਂ ਵਿਆਹ ਦਿੰਦੇ ਹਨ, ਤਾਂ ਇਹ ਸਮਾਜ ਦਾ ਵੀ ਨੁਕਸਾਨ ਹੈ ਕਿਉਂਕਿ ਇੱਕ ਕਾਬਿਲ ਮਨੁੱਖੀ ਸ੍ਰੋਤ ਨੂੰ ਉਹ ਚਾਰਦੁਆਰੀ ਵਿੱਚ ਬੰਦ ਕਰ ਰਹੇ ਹੁੰਦੇ ਹਨ।”

 

ਔਰਤਾਂ ਖਿਲਾਫ ਹਿੰਸਾ
Getty Images

ਜਾਗਰੂਕਤਾ ਅਤੇ ਆਰਥਿਕ ਬਰਾਬਰੀ ਨਿਭਾ ਸਕਦੀ ਹੈ ਭੂਮਿਕਾ

ਐਡਵੋਕੇਟ ਰੀਟਾ ਕੋਹਲੀ ਕਹਿੰਦੇ ਹਨ, “ਔਰਤਾਂ ਖ਼ਿਲਾਫ਼ ਹਰ ਤਰ੍ਹਾਂ ਦੀ ਹਿੰਸਾ ਖ਼ਿਲਾਫ਼ ਕਾਨੂੰਨ ਕਾਫ਼ੀ ਬਣੇ ਹਨ ਅਤੇ ਚੰਗੇ ਵੀ ਹਨ। ਸਮੱਸਿਆ ਇਹ ਹੈ ਕਿ ਇਨ੍ਹਾਂ ਕਾਨੂੰਨਾਂ ਦਾ ਫ਼ਾਇਦਾ ਲੈਣ ਵਾਲਿਆਂ ਨੂੰ ਇਹੀ ਨਹੀਂ ਪਤਾ ਕਿ ਕਿਸ ਤਰ੍ਹਾਂ ਦੇ ਵਤੀਰੇ ਖ਼ਿਲਾਫ਼ ਉਹ ਡਟ ਸਕਦੀਆਂ ਹਨ ਅਤੇ ਜੇ ਅਵਾਜ਼ ਚੁੱਕਣਾ ਚਾਹੁਣ ਤਾਂ ਕਈ ਕੇਸਾਂ ਵਿੱਚ ਇਹ ਨਹੀਂ ਪਤਾ ਕਿ ਉਹ ਸ਼ਿਕਾਇਤ ਕਿੱਥੇ ਕਰਨ।”

ਰੀਟਾ ਕੋਹਲੀ ਨੇ ਕਿਹਾ ਕਿ ਕਾਨੂੰਨ ਸਿਰਫ਼ ਸਰਕਾਰ ਦੀਆਂ ਫ਼ਾਈਲਾਂ ਵਿੱਚ ਬੰਦ ਨਹੀਂ ਰਹਿਣੇ ਚਾਹੀਦੇ, ਬਲਕਿ ਸਮਾਜ ਭਲਾਈ ਲਈ ਬਣੇ ਇਨ੍ਹਾਂ ਕਾਨੂੰਨਾਂ ਬਾਰੇ ਜਾਗਰੂਕਤਾ ਫੈਲਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।

“ਅਹਿਮ ਥਾਂਵਾਂ ’ਤੇ ਲਿਖਿਆ ਹੋਣਾ ਚਾਹੀਦਾ ਹੈ ਕਿ ਔਰਤਾਂ ਖ਼ਿਲਾਫ਼ ਹਿੰਸਾ ਕੀ ਹੈ, ਪੀੜਤ ਔਰਤਾਂ ਕਿਸ ਕੋਲ ਸ਼ਿਕਾਇਤ ਕਰ ਸਕਦੀਆਂ ਹਨ।  ਅਜਿਹਾ ਕਰਨ ਨਾਲ ਔਰਤਾਂ ਦੀ ਕਾਰਵਾਈ ਤੋਂ ਪਹਿਲਾਂ ਹੀ ਹਿੰਸਕ ਮਰਦਾਂ ਅੰਦਰ ਡਰ ਪੈਦਾ ਹੋ ਸਕਦਾ ਹੈ।”

ਸਿੰਮੀ ਵੜੈਚ ਕਹਿੰਦੇ ਹਨ, “ਪਹਿਲੀ ਜ਼ਿੰਮੇਵਾਰੀ ਮਾਪਿਆਂ ਨੂੰ ਨਿਭਾਉਣੀ ਚਾਹੀਦੀ ਹੈ। ਬਚਪਨ ਤੋਂ ਹੀ ਉਹ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਬਰਾਬਰ ਰੱਖਣ। ਆਪਣੇ ਬੇਟਿਆਂ ਨੂੰ ਸਮਝਾਉਣ ਕਿ ਇਸ ਘਰ ਵਿੱਚ ਤੁਹਾਡਾ ਦੋਹਾਂ ਭੈਣ-ਭਰਾਵਾਂ ਦਾ ਬਰਾਬਰ ਹਿੱਸਾ ਹੈ। ਅਜਿਹਾ ਕਰਨ ਨਾਲ ਲੜਕਿਆਂ ਦੀ ਸੋਚ ਵੀ ਬਦਲੇਗੀ ਅਤੇ ਉਹ ਅੱਗੇ ਜਾ ਕੇ ਆਪਣੀ ਪਤਨੀ ਅਤੇ ਹੋਰ ਔਰਤਾਂ ਨਾਲ ਵੀ ਇੱਜ਼ਤ ਨਾਲ ਪੇਸ਼ ਆਉਣਗੇ।"

ਪ੍ਰੋਫੈਸਰ ਸੁਲਤਾਨਾ ਨੇ ਵੀ ਕਿਹਾ ਕਿ ਆਰਥਿਕ ਸ੍ਰੋਤਾ ਵਿੱਚ ਬਰਾਬਰੀ ਨਾਲ ਬਹੁਤ ਬਦਲਾਅ ਆ ਸਕਦਾ ਹੈ। ਨਾਲ ਹੀ ਸਮਾਜ ਵਿੱਚ ਔਰਤਾਂ ਖ਼ਿਲਾਫ਼ ਹਿੰਸਾ ਦੀ ਪਰਿਭਾਸ਼ਾ ਦੀ ਸਮਝ ਹੋਣਾ, ਇੱਕ ਵੱਡਾ ਕਦਮ ਸਾਬਿਤ ਹੋ ਸਕਦਾ ਹੈ।



Related News