ਹਸਪਤਾਲ ਦੇ ਇਕਾਂਤਵਾਸ ਦੀ ਖ਼ੌਫ਼ਨਾਕ ਸੱਚਾਈ: ''''ਮੇਰੇ ਨਾਲ ਜਾਨਵਰਾਂ ਵਾਂਗ ਵਤੀਰਾ ਕੀਤਾ ਗਿਆ''''  

Thursday, Nov 24, 2022 - 08:57 AM (IST)

ਹਸਪਤਾਲ ਦੇ ਇਕਾਂਤਵਾਸ ਦੀ ਖ਼ੌਫ਼ਨਾਕ ਸੱਚਾਈ: ''''ਮੇਰੇ ਨਾਲ ਜਾਨਵਰਾਂ ਵਾਂਗ ਵਤੀਰਾ ਕੀਤਾ ਗਿਆ''''  
ਮਾਨਸਿਕ ਸਿਹਤ ਸੰਭਾਲ ਹਸਪਤਾਲ
BBC

ਬੀਬੀਸੀ ਪਨੋਰਮਾ ਦੀ ਟੀਮ ਨੇ ਮਾਨਸਿਕ ਸਿਹਤ ਸੰਭਾਲ ਹਸਪਤਾਲ ਵਿੱਚ ਕਮਜ਼ੋਰ ਮਰੀਜ਼ਾਂ ਨਾਲ ਇਲਾਜ ਦੌਰਾਨ ਅਪਮਾਨਜਨਕ ਅਤੇ ਅਣਉਚਿਤ ਵਤੀਰੇ ਦੇ ਸਬੂਤਾਂ ਤੋਂ ਪਰਦਾ ਹਟਾਇਆ ਹੈ।

ਇੱਕ ਮੁਟਿਆਰ ਨੂੰ 17 ਦਿਨ ਤੱਕ ਕਮਰੇ ਵਿੱਚ ਇਕੱਲੇ ਰੱਖਿਆ ਗਿਆ, ਵਿਚਕਾਰ ਇੱਕ ਦਿਨ ਬਾਹਰ ਆਉਣ ਦੀ ਇਜਾਜ਼ਤ ਦਿੱਤੀ ਅਤੇ ਫਿਰ ਅਗਲੇ 10 ਦਿਨ ਲਈ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ।

ਦੇਖਭਾਲ ਕਰਨ ਵਾਲੇ ਸਟਾਫ਼ ਨੇ ਉਸ ਮੁਟਿਆਰ ਨੂੰ ‘ਕੈਂਸਰ’ ਵਰਗੀ ਦੱਸਦਿਆਂ ਕਿਹਾ ਕਿ ਇਸ ਨੂੰ ‘ਚੰਗੀ ਤਰ੍ਹਾਂ ਕੁੱਟਣ ਦੀ ਲੋੜ’ ਹੈ।

ਪੀੜਤ ਮੁਟਿਆਰ ਅਤੇ ਉਸ ਦਾ ਪਰਿਵਾਰ ਇਸ ਵਤੀਰੇ ਦੀ ਕਹਾਣੀ ਦੱਸਣ ਲਈ ਰਾਜ਼ੀ ਹੋ ਗਿਆ।

ਚੇਤਾਵਨੀ- ਇਸ ਕਹਾਣੀ ਵਿੱਚ ਖੁਦ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਹਵਾਲੇ ਵੀ ਹਨ। 

ਹਾਰਲੇ ਜ਼ਮੀਨ ’ਤੇ ਬੈਠੀ ਸੀ।

ਉਸ ਨੇ ਗੁਲਾਬੀ ਪਜਾਮਾ ਪਾਇਆ ਹੋਇਆ ਸੀ ਅਤੇ ਗੁੱਤਾਂ ਗੁੰਦੀਆਂ ਹੋਈਆਂ ਸੀ, ਜਦੋਂ  ਹਸਪਤਾਲ ਦਾ ਸਟਾਫ਼ ਇੱਕ-ਇੱਕ ਕਰਕੇ ਦਰਵਾਜ਼ੇ ਥਾਣੀਂ ਉੱਥੇ ਇਕੱਠਾ ਹੋ ਗਿਆ।

ਦੋ ਪੁਰਸ਼ ਨਰਸਾਂ ਨੇ ਉਸ ਨੂੰ ਬਾਹਵਾਂ ਤੋਂ ਫੜ ਲਿਆ।

ਉਸ ਨੇ ਚੀਕਦਿਆਂ ਕਿਹਾ, “ਤੁਸੀਂ ਮੈਨੂੰ ਆਪਣੇ ਨਾਲ ਕੰਮ ਕਰਨ ਦਾ ਮੌਕਾ ਨਹੀਂ ਦੇ ਰਹੇ।”

“ਮੈਨੂੰ ਉੱਠਣ ਦਿਓ।”

ਪਰ ਇਸ ਸਭ ਦਾ ਕੋਈ ਫ਼ਾਇਦਾ ਨਹੀਂ ਸੀ।

ਹਸਪਤਾਲ ਦੇ ਪ੍ਰਬੰਧਕਾਂ ਨੇ ਫ਼ੈਸਲਾ ਕਰ ਲਿਆ ਸੀ ਕਿ ‘ਵਿਚਾਲੜਾ ਰਾਹ ਕੱਢਣ ਲਈ ਕੋਈ ਗੱਲ-ਬਾਤ’ ਨਹੀਂ ਕੀਤੀ ਜਾਏਗੀ। ਉਹ ਜੱਦੋ-ਜਹਿਦ ਕਰ ਹੀ ਰਹੀ ਸੀ ਕਿ ਹੋਰ ਨਰਸਾਂ ਅਤੇ ਸਟਾਫ਼ ਵੀ ਆਪਣੇ ਸਾਥੀਆਂ ਨਾਲ ਲੱਗ ਗਏ।

ਬਾਹਵਾਂ, ਲੱਤਾਂ ਅਤੇ ਸਿਰ ਫੜ ਕੇ ਉਸ ਨੂੰ ਮੁੱਧੇ ਮੂੰਹ ਜ਼ਮੀਨ ’ਤੇ ਸੁੱਟ ਲਿਆ ਗਿਆ।

ਮਾਨਸਿਕ ਸਿਹਤ ਸੰਭਾਲ ਹਸਪਤਾਲ
BBC
ਹਾਰਲੇ

ਮਰੀਜਾਂ ਦੇ ਇਕਾਂਤਵਾਸ ’ਚ ਵਾਧਾ

ਬੀਬੀਸੀ ਪਨੋਰਮਾ ਦੀ ਟੀਮ ਨੇ ਗੁਪਤ ਵੀਡੀਓ ਵਿੱਚ ਉਹ ਪਲ ਕੈਦ ਕਰ ਲਏ ਜਦੋਂ 23 ਸਾਲਾ ਮੁਟਿਆਰ ਨੂੰ ਮਨਚੈਸਟਰ ਨੇੜੇ ਰੈਸਟਵਿਚ ਦੇ ਈਡਨਫੀਲਡ ਸੈਂਟਰ ਵਿੱਚ ਇਕਾਂਤਵਾਸ ਵਾਲੇ ਕਮਰੇ ਅੰਦਰ ਜ਼ਬਰਦਸਤੀ ਛੱਡਿਆ ਗਿਆ।

ਗੁਪਤ ਕੈਮਰੇ ਵਿੱਚ ਹਸਪਤਾਲ ਦੇ ਸਟਾਫ਼ ਵੱਲੋਂ ਆਪਣੇ ਕੀਤੇ ਨੂੰ ਸਹੀ ਠਹਿਰਾਏ ਜਾਣਾ ਅਤੇ ਉਸ ਮੁਟਿਆਰ ਨਾਲ ਇਸ ਬਾਰੇ ਗੱਲ-ਬਾਤ ਦੀ ਕੋਸ਼ਿਸ਼ ਨਾ ਕਰਨ ਦੀ ਸਹਿਮਤੀ ਵੀ ਰਿਕਾਰਡ ਹੋਈ।

ਹਾਰਲੇ ਨੇ ਰੋਂਦਿਆ ਕਿਹਾ, “ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਫਿਰ ਮੇਰੇ ਨਾਲ ਅਜਿਹਾ ਕਰ ਰਹੇ ਹੋ। ਤੁਸੀਂ ਮੈਨੂੰ ਮੌਕਾ ਤੱਕ ਨਹੀਂ ਦਿੱਤਾ।”   

ਉਸ ਨੇ ਪਿਛਲਾ ਪੰਦਰਵਾੜਾ ਇੱਕ ਖਾਲੀ ਕਮਰੇ ਵਿੱਚ ਬਿਤਾਇਆ ਸੀ। ਜਿੱਥੇ ਇੱਕ ਗੱਦਾ ਸੀ। ਕੰਧਾਂ ਉੱਤੇ ਮਾਰਕਰ ਪੈਨ ਨਾਲ ਕੁਝ ਉਲੀਕਿਆ ਹੋਇਆ ਸੀ।

ਇੱਕ ਪਾਸੇ ਬੰਦ ਖਿੜਕੀ ਸੀ, ਜਿਸ ਜ਼ਰੀਏ ਸੂਰਜ ਦੀ ਰੌਸ਼ਨੀ ਅੰਦਰ ਆਉਂਦੀ ਸੀ ਪਰ ਖਿੜਕੀ ਬੰਦ ਹੋਣ ਕਾਰਨ ਤਾਜ਼ੀ ਹਵਾ ਨਹੀਂ ਆ ਸਕਦੀ ਸੀ।

ਦੂਜੇ ਪਾਸੇ ਫਰਸ਼ ਤੋਂ ਛੱਤ ਤੱਕ ਨਜ਼ਰ ਰੱਖਣ ਲਈ ਰੱਖੀ ਵੱਡੀ ਖਿੜਕੀ ਸੀ।

“ਉਹ ਮੈਨੂੰ ਤੋੜਨ ਲਈ ਅਜਿਹਾ ਕਰ ਰਹੇ ਹਨ”, ਤਕਲੀਫ਼ ਦੀ ਅਵਸਥਾ ਵਿੱਚ ਮੋਟੇ ਸ਼ੀਸ਼ੇ ਵਿੱਚੋਂ ਦੇਖਦਿਆਂ ਹਾਰਲੇ ਨੇ ਇੱਕ ਵਾਰ ਕਿਹਾ।

“ਇਹ ਬਹੁਤ ਘਿਨੌਣਾ ਹੈ। ਮੈਨੂੰ ਉੱਥੇ ਸੁੱਟ ਦਿੱਤਾ ਗਿਆ। ਮੇਰੇ ਨਾਲ ਜਾਨਵਰਾਂ ਜਿਹਾ ਵਤੀਰਾ ਕੀਤਾ ਜਾ ਰਿਹਾ ਹੈ।”, ਉਸ ਨੇ ਇੱਕ ਕੰਮ ਕਰਨ ਵਾਲੇ ਸਟਾਫ਼ ਮੈਂਬਰ ਨੂੰ ਕਿਹਾ।

ਮਾਨਸਿਕ ਸਿਹਤ ਸੰਭਾਲ ਹਸਪਤਾਲ
BBC

ਕੀ ਹੈ ਪੂਰਾ ਕੇਸ:

  • ਬੀਬੀਸੀ ਪਨੋਰਮਾ ਨੇ ਮਾਨਸਿਕ ਸਿਹਤ ਸੰਭਾਲ ਹਸਪਤਾਲ ਦੇ ਅਣਉਚਿਤ ਵਤੀਰੇ ਤੋਂ ਪਰਦਾ ਹਟਾਇਆ।
  • ਇੱਕ ਮੁਟਿਆਰ ਨੂੰ 17 ਦਿਨ ਤੱਕ ਕਮਰੇ ਵਿੱਚ ਇਕੱਲੇ ਰੱਖਿਆ ਗਿਆ ਸੀ।
  • ਇੰਗਲੈਂਡ ਵਿੱਚ ਇਕਾਂਤਵਾਸ ਦੇ ਕੇਸਾਂ ਵਿਚ ਵਾਧਾ ਹੋਇਆ ਹੈ।
  • ਸਟਾਫ਼ ਵੱਲੋਂ ਮਰੀਜ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਸੀ।
  • ਸਟਾਫ਼ ਦੇ ਕਈ ਮੈਂਬਰ ਮੁਅੱਤਲ ਕਰ ਦਿੱਤੇ ਗਏ ਹਨ।
ਸਿਹਤ
BBC

ਪਨੋਰਮਾ ਦੇ ਅੰਡਰਕਵਰ ਰਿਪੋਰਟਰ ਨੂੰ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਹਾਰਲੇ ਸਟਾਫ਼ ਪ੍ਰਤੀ ਆਕਰਾਮਕ ਸੀ।

ਪਰ ਇਸ ਵਾਰ ਉਸ ਨੂੰ ਚੀਖਣ ਅਤੇ ਗਾਲ਼ੀ-ਗਲੋਚ ਕਾਰਨ ਅਲੱਗ-ਥਲੱਗ ਕੀਤਾ ਗਿਆ ਹੈ।

ਹਦਾਇਤਾਂ ਮੁਤਾਬਕ, ਇਕਾਂਤਵਾਸ ਉਦੋਂ ਹੀ ਵਰਤਿਆ ਜਾਣਾ ਚਾਹੀਦਾ ਹੈ ਜਦੋਂ ਬੇਹਦ ਜ਼ਰੂਰੀ ਹੋ ਜਾਵੇ ਤਾਂ ਕਿ ਮਰੀਜ਼ ਦਾ ਰਵੱਈਆ ਹੋਰਾਂ ਨੂੰ ਨੁਕਸਾਨ ਨਾ ਪਹੁੰਚਾਵੇ।

ਉਸ ਸਮੇਂ ਬਹੁਤ ਥੋੜ੍ਹੇ ਸਮੇਂ ਲਈ ਮਰੀਜ਼ ਨੂੰ ਇਕੱਲਿਆਂ ਰੱਖਿਆ ਜਾਂਦਾ ਹੈ।

ਇੰਗਲੈਂਡ ਦਾ ਸੁਤੰਤਰ ਹੈਲਥਕੇਅਰ ਰੈਗੁਲੇਟਰ, ‘ਦ ਕੇਅਰ ਕੁਆਲਟੀ ਕਮਿਸ਼ਨ’ ਕਹਿੰਦਾ ਹੈ ਕਿ ਬਹੁਤ ਗੰਭੀਰ ਕੇਸਾਂ ਵਿੱਚ ਹੀ ਇਕਾਂਤਵਾਸ ਕੀਤੇ ਜਾਣਾ ਚਾਹੀਦਾ ਹੈ।

ਜਦਕਿ ਸਰਕਾਰ ਨੇ ਕਿਹਾ ਹੈ ਕਿ ਹਸਪਤਾਲਾਂ ਵਿੱਚ ਅਜਿਹੇ ਪ੍ਰਤਿਬੰਧਿਤ ਤਰੀਕਿਆਂ ਦੀ ਵਰਤੋਂ ਘਟਾਈ ਜਾਣੀ ਚਾਹੀਦੀ ਹੈ।

ਪਰ ਬੀਬੀਸੀ ਨਿਊਜ਼ ਦੀ ਖੋਜ਼ ਵਿੱਚ ਪਤਾ ਲੱਗਿਆ ਹੈ ਕਿ ਇਹ ਗਿਣਤੀ ਲਗਾਤਾਰ ਵਧ ਰਹੀ ਹੈ।

ਸਾਲ 2016-17 ਵਿੱਚ 7,720 ਮੌਕਿਆਂ ’ਤੇ ਇਕਾਂਤਵਾਸ ਵਰਤਿਆ ਗਿਆ।

ਇਹ ਗਿਣਤੀ 2020-21 ਵਿੱਚ ਵਧ ਕੇ 14,164 ਹੋ ਗਈ ਜੋ ਕਿ ਤਕਰੀਬਨ 80 ਫ਼ੀਸਦੀ ਵਾਧਾ ਹੈ।

ਐਨਐਚਐਸ ਇੰਗਲੈਂਡ ਦੇ ਅੰਕੜਿਆਂ ਮੁਤਾਬਕ ਇਕਾਂਤਵਾਸ ਵਿੱਚ ਜ਼ਿਆਦਾ ਸਮੇਂ ਯਾਨੀ ਇੱਕ ਤੋਂ ਤਿੰਨ ਮਹੀਨਿਆਂ ਤੱਕ ਲਈ ਰੱਖੇ ਜਾਣ ਵਿੱਚ ਵੀ ਵਾਧਾ ਹੋਇਆ ਹੈ।

ਸਿਹਤ
BBC

ਇਹ ਵੀ ਪੜ੍ਹੋ:

ਸਿਹਤ
BBC

ਖੁਦ ਨੂੰ ਨੁਕਸਾਨ ਪਹੁੰਚਾਉਣਾ

ਖੁਦ ਨੂੰ ਨੁਕਸਾਨ ਪਹੁੰਚਾਉਣ ਦੇ ਗੰਭੀਰ ਹਾਲਾਤ ਕਾਰਨ ਹਾਰਲੇ ਨੂੰ ਮੈਂਟਲ ਹੈਲਥ ਐਕਟ ਤਹਿਤ ਸੁਰੱਖਿਅਤ ਇਕਾਈ ਵਿੱਚ ਰੱਖਿਆ ਗਿਆ ਸੀ।

ਉਸ ਦੇ ਪਰਿਵਾਰ ਨੇ ਦੱਸਿਆ ਕਿ ਈਡਨਫੀਲਡ ਨੇ ਮਿਆਰੀ ਅਤੇ ਹਾਰਲੇ ਦੇ ਅਨੁਕੂਲ ਦੇਖਭਾਲ ਦਾ ਵਾਅਦਾ ਕੀਤਾ ਸੀ।

ਨਤੀਜੇ ਵਜੋਂ ਉਨ੍ਹਾਂ ਨੇ ਹਾਰਲੇ ਦੇ ਪੁਨਰਵਾਸ ਅਤੇ ਰਿਹਾਈ ਦੀ ਉਮੀਦ ਕੀਤੀ ਸੀ।

ਹਾਰਲੇ ਨੇ ਪਹਿਲੀ ਵਾਰ ਪ੍ਰਾਇਮਰੀ ਸਕੂਲ ਵਿੱਚ ਖੁਦ ਨੂੰ ਨੁਕਸਾਨ ਪਹੁੰਚਾਇਆ ਸੀ ਅਤੇ ਕਈ ਵਾਰ ਆਪਣੀਆਂ ਭਾਵਨਵਾਂ ਤੇ ਵਤੀਰੇ ਨੂੰ ਕਾਬੂ ਕਰਨ ਲਈ ਜੱਦੋ-ਜਹਿਦ ਕਰਨੀ ਪੈਂਦੀ ਸੀ।

ਮਾਨਸਿਕ ਸਿਹਤ ਸੰਭਾਲ ਹਸਪਤਾਲ
BBC
ਹਾਰਲੇ, ਮਾਂ ਮਿਸ਼ੇਲ ਅਤੇ ਭੈਣ ਟਿਆਨਾ

ਬਾਅਦ ਵਿੱਚ ਇਕ ਡਾਕਟਰ ਨੇ ਦੱਸਿਆ ਕਿ ਉਸ ਨੂੰ ਆਟੀਜ਼ਮ (Autism) ਹੈ।

ਇਹ ਵਿਕਾਸ ਸਬੰਧੀ ਅਯੋਗਤਾ ਹੁੰਦੀ ਹੈ ਜੋ ਵੱਖ-ਵੱਖ ਲੋਕਾਂ ਨੂੰ ਵੱਖਰੇ ਢੰਗ ਨਾਲ ਪ੍ਰਭਾਵਿਤ ਕਰਦੀ ਹੈ ਪਰ ਮਰੀਜ਼ਾਂ ਦਾ ਲੋਕਾਂ ਨਾਲ ਗੱਲ-ਬਾਤ ਕਰਨਾ ਔਖਾ ਹੋ ਜਾਂਦਾ ਹੈ।

ਉਹ 12 ਸਾਲ ਦੀ ਉਮਰ ਤੋਂ ਹੀ ਮਨੋਵਿਗਿਆਨ ਸਬੰਧੀ ਹਸਪਤਾਲਾਂ, ਖਾਸ ਸਕੂਲਾਂ ਅਤੇ ਰਹਿਣ ਬਸੇਰਿਆਂ ਵਿਚਕਾਰ ਘੁੰਮ ਰਹੀ ਹੈ।

ਪਰ ਇਸ ਬੁਰੇ ਸਮੇਂ ਵਿਚਕਾਰ, ਬਚਪਨ ਦੀਆਂ ਕੁਝ ਸੋਹਣੀਆਂ ਯਾਦਾਂ ਵੀ ਸੀ।

ਉਸ ਦੀ ਭੈਣ ਟੀਆਨਾ ਨੂੰ ਯਾਦ ਹੈ ਕਿ ਹਾਰਲੇ ਘਰੋਂ ਬਾਹਰ ਸਾਹਸ ਭਰੀਆਂ ਖੇਡਾਂ ਲਈ ਬਹੁਤ ਊਰਜਾਵਾਨ ਰਹਿੰਦੀ ਸੀ ਜਿਵੇਂ ਕਿ ਦਰਖ਼ਤਾਂ ’ਤੇ ਚੜ੍ਹਣਾ, ਸਮੁੰਦਰ ਕਿਨਾਰਿਆਂ ਸਟਾਰਫਿਸ਼ ਲੱਭਣਾ ਵਗੈਰਾ।

ਦੋਹੇਂ ਭੈਣਾਂ ਇੱਕੋ ਜਿਹੀਆਂ ਲਗਦੀਆਂ ਸੀ ਅਤੇ ਬੈਡਰੂਮ ਸਮੇਤ ਤਕਰੀਬਨ ਸਭ ਕੁਝ ਇੱਕ ਦੂਜੇ ਨਾਲ ਸਾਂਝਾ ਕਰਦੀਆਂ ਸੀ।

ਟੀਆਨਾ ਕਹਿੰਦੀ ਹੈ, “ਸਾਡੀਆਂ ਦੋਹਾਂ ਦੀਆਂ ਇੱਕੋ ਜਿਹੀਆਂ ਚਮਕਦਾਰ ਨੀਲੀਆਂ ਅੱਖਾਂ ਹੋਣ ਕਰਕੇ ਲੋਕ ਸਾਨੂੰ ਜੁੜਵਾ ਸਮਝਦੇ ਸੀ।”

ਮੁਸ਼ਕਲਾਂ ਦੇ ਬਾਵਜੂਦ, ਕਿਸ਼ੋਰ ਅਵਸਥਾ ਦੇ ਆਮ ਤਜਰਬੇ, ਜਿਵੇਂ ਕਿ ਪਰਿਵਾਰ ਨਾਲ ਘੁੰਮਣਾ, ਮੇਕ-ਅਪ ਕਰਦਿਆਂ ਘੰਟੇ ਗੁਜ਼ਾਰਨੇ , ਆਪਣੀਆਂ ਤਸਵੀਰਾਂ ਖਿੱਚਣਾ ਅਤੇ ਸੋਹਣੇ ਕੱਪੜੇ ਪਹਿਨ ਕੇ ਪਰੌਮ ’ਤੇ ਜਾਣਾ ਵੀ ਸਾਮਲ ਸੀ।

ਪਰਿਵਾਰ ਆਸਵੰਦ ਰਿਹਾ ਕਿ ਇੱਕ ਦਿਨ ਉਹ ਘਰ ਪਰਤੇਗੀ ਅਤੇ ਥੈਰੇਪੀ ਨਾਲ ਇਹ ਸੰਭਾਵਨਾਵਾਂ ਵਧਦੀਆਂ ਵੀ ਦਿਸਣ ਲੱਗੀਆਂ ਸੀ।

ਪਰ ਜਦੋਂ ਉਹ ਅਠਾਰਾਂ ਸਾਲ ਦੀ ਹੋਈ ਤਾਂ ਹਾਲਾਤ ਹੋਰ ਖ਼ਰਾਬ ਹੋ ਗਏ ਅਤੇ ਉਹ ਹੋਰ ਬਾਲਗ਼ਾਂ ਨਾਲ ਹਸਪਤਾਲ ਗਈ।

ਉਸ ਦਾ ਪਰਿਵਾਰ ਮੰਨਦਾ ਹੈ ਕਿ ਇਸ ਬਦਲਾਅ ਅਤੇ ਸਹਿਯੋਗ ਦੀ ਘਾਟ ਨੇ ਸੰਕਟ ਪੈਦਾ ਕਰ ਦਿੱਤਾ।

ਮਿਸ਼ੈਲ ਨੇ ਕਿਹਾ, “ਇੰਝ ਲਗਦਾ ਸੀ ਜਿਵੇਂ ਮੇਰੀ ਪੂਰੀ ਦੁਨੀਆ ਫਿਰ ਤੋਂ ਤਬਾਹ ਹੋ ਗਈ ਹੋਵੇ। ਉਹ ਘਰ ਆਉਣ ਨੂੰ ਤਿਆਰ ਸੀ, ਪਰ ਹੁਣ ਇਹ ਉਹ ਵਿਕਲਪ ਨਹੀਂ ਹੈ।”

ਮਾਨਸਿਕ ਸਿਹਤ ਸੰਭਾਲ ਹਸਪਤਾਲ
BBC
ਹਾਰਲੇ, ਅਤੇ ਭੈਣ ਟਿਆਨਾ

ਇੱਕ ਨਵੀਂ ਉਮੀਦ

ਈਡਨਫੀਲਡ ਵਿੱਚ ਭੇਜੇ ਜਾਣ ਨਾਲ ਇੱਕ ਨਵੀਂ ਉਮੀਦ ਜਾਗੀ ਸੀ।

ਮਿਸ਼ੈਲ ਨੂੰ ਦੱਸਿਆ ਗਿਆ ਸੀ ਕਿ ਉਸ ਹਸਪਤਾਲ ਵਿੱਚ ਸਭ ‘ਗਾਉਂਦੇ-ਨੱਚਦੇ’ ਸਮਾਂ ਬਿਤਾਉਂਦੇ ਸੀ ਅਤੇ ਉੱਥੇ ਖੇਤਰ ਦੇ ਬਹਿਤਰੀਨ ਡਾਕਟਰ ਸੀ।

ਉਸ ਨੇ ਆਪਣੀ ਧੀ ਨੂੰ ਭਰੋਸਾ ਦਵਾਇਆ ਸੀ ਕਿ, “ਤੁਸੀਂ ਬਿਹਤਰ ਇਨਸਾਨ ਵਜੋਂ ਬਾਹਰ ਆਓਗੇ।”

ਸਟਾਫ਼ ਦਾ ਮਾੜਾ ਵਤੀਰਾ

ਪਰ ਹਾਰਲੇ ਨੇ ਕੁਝ ਸਮੇਂ ਅੰਦਰ ਹੀ ਨਰਸਿੰਗ ਤੇ ਸਹਾਇਕ ਸਟਾਫ਼ ਵੱਲੋਂ ਮਾੜਾ ਵਤੀਰਾ ਕਰਨ ਦੀਆਂ ਸ਼ਿਕਾਇਤਾਂ ਸ਼ੁਰੂ ਕਰ ਦਿੱਤੀਆਂ ਸੀ। ਉਹ ਤਿੰਨ ਮਹੀਨੇ ਜਦੋਂ ਬੀਬੀਸੀ ਪਨੋਰਮਾ ਦੀ ਟੀਮ ਗੁਪਤ ਰੂਪ ਵਿੱਚ ਵੀਡੀਓ ਬਣਾ ਰਹੀ ਸੀ, ਹਾਰਲੇ ਨੂੰ ਤਿੰਨ ਵਾਰ ਇਕਾਂਤਵਾਸ ਕੀਤਾ ਗਿਆ ਸੀ।

ਕੁੱਲ 28 ਦਿਨਾਂ ਦੇ ਸਮੇਂ ਦੌਰਾਨ ਉਸ ਨੂੰ 27 ਦਿਨ ਇਕਾਂਤਵਾਸ ਵਿੱਚ ਕੱਟਣੇ ਪਏ।

ਕਦੇ-ਕਦਾਈਂ ਬਹੁਤ ਥੋੜ੍ਹੇ ਸਮੇਂ ਲਈ ਬਾਹਰ ਆਉਣ ਦਿੱਤਾ ਜਾਂਦਾ ਸੀ ਅਤੇ ਫਿਰ 17 ਦਿਨਾਂ ਬਾਅਦ ਇੱਕ ਦਿਨ ਲਈ ਬਾਹਰ ਆਉਣਾ ਦਿੱਤਾ ਗਿਆ ਸੀ।

ਮਾਨਸਿਕ ਸਿਹਤ ਸੰਭਾਲ ਹਸਪਤਾਲ
BBC
ਹਾਰਲੇ ਦੀ ਮਾਂ ਮਿਸ਼ੇਲ

ਹਾਰਲੇ ਨੂੰ ਲਗਦਾ ਹੈ ਕਿ ਉਸ ਨੂੰ ਅਕਸਰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾਂਦਾ ਸੀ।

ਉਸ ਨੇ ਕਿਹਾ, “ਸਟਾਫ਼ ਇੱਕ ਮਰੀਜ਼ ਨੂੰ ਉਕਸਾਉਂਦਾ ਹੈ, ਫਿਰ ਮੇਰੀ ਪ੍ਰਤੀਕਿਰਿਆ ਮੇਰੇ ਖਿਲਾਫ਼ ਵਰਤੀ ਜਾਂਦੀ ਹੈ। ਇਹ ਬਹੁਤ ਘਿਨੌਣਾ ਹੈ।”

ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ, “ਉਹ ਅਜਿਹਾ ਇਸ ਲਈ ਕਰ ਰਹੇ ਹਨ ਕਿਉਂਕਿ ਮੈਨੂੰ ਨਫ਼ਰਤ ਕਰਦੇ ਹਨ।”

ਮਾਂ ਦੀ ਦੁਵਿਧਾ

ਇਸ ਨੇ ਹਾਰਲੇ ਦੀ ਮਾਂ ਮਿਸ਼ੈਲ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਸੀ।

ਕੀ ਉਹ ਆਪਣੀ ਬੇਟੀ ’ਤੇ ਯਕੀਨ ਕਰੇ ਜਾਂ ਉਨ੍ਹਾਂ ਮਾਹਿਰਾਂ ’ਤੇ ਜਿਨ੍ਹਾਂ ਨੂੰ ਚੌਵੀ ਘੰਟੇ ਦੇਖਭਾਲ ਕਰਨ ਲਈ ਪੈਸੇ ਦਿੱਤੇ ਗਏ ਹਨ।

ਉਸ ਨੇ ਹਾਰਲੇ ਨੂੰ ਕਿਹਾ ਕਿ ਉਸ ਨੂੰ ਗਲਤਫਹਿਮੀ ਹੋਈ ਹੋਵੇਗੀ।

“ਉਹ ਤੁਹਾਨੂੰ ਨਫ਼ਰਤ ਨਹੀਂ ਕਰਦੇ, ਉਹ ਤੁਹਾਡੀ ਮਦਦ ਲਈ ਹਨ।”

ਮਾਨਸਿਕ ਸਿਹਤ ਸੰਭਾਲ ਹਸਪਤਾਲ
BBC

ਗੁਪਤ ਵੀਡੀਓ ਵਿੱਚ ਸਟਾਫ਼ ਵੱਲੋਂ ਹਾਰਲੇ ਬਾਰੇ ਅਪਮਾਨਜਨਕ ਸ਼ਬਦਾਵਲੀ ਦਾ ਇਸਤੇਮਾਲ ਕਰਨਾ ਰਿਕਾਰਡ ਹੋਇਆ। 

ਇੱਕ ਸਟਾਫ਼ ਮੈਂਬਰ ਨੇ ਆਪਣੇ ਸਹਿਕਰਮੀ ਨੂੰ ਕਿਹਾ ਕਿ ਹਾਰਲੇ, ‘ਵਾਰਡ ਦਾ ਕੈਂਸਰ’ ਹੈ।

ਇੱਕ ਨਰਸ ਨੇ ਉਸ ਦੇ ਕੇਸ ਬਾਰੇ ਚਰਚਾ ਕਰਦਿਆਂ ਕਿਹਾ,”ਉਸ ਨੂੰ ਜੇਲ੍ਹ ਵਿੱਚ ਭੇਜੋ, ਜਲਦੀ ਅਕਲ ਟਿਕਾਣੇ ਆ ਜਾਏਗੀ।”

ਉਸ ਨੇ ਕਿਹਾ, “ਉਸ ਨੂੰ ਚੰਗੀ ਕੁੱਟ-ਮਾਰ ਦੀ ਲੋੜ ਹੈ।”

ਇੱਕ ਵਾਰ ਅੰਡਰਕਵਰ ਰਿਪੋਰਟਰ ਨੂੰ ਨਰਸ ਨੇ ਕਿਹਾ ਕਿ ਸਟਾਫ਼ ਨੇ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਹਾਰਲੇ ਨੂੰ ਇਕਾਂਤਵਾਸ ਵਿੱਚ ਭੇਜ ਦੇਣ ਕਿਉਂਕਿ ਕੋਈ ਵੀ ਉਸ ਨਾਲ ਕੰਮ ਨਹੀਂ ਕਰਨਾ ਚਾਹੁੰਦਾ ਸੀ।

ਉਹ ਉਸ ਤੋਂ ਛੁਟਕਾਰਾ ਚਾਹੁੰਦੇ ਹਨ।

ਮਾਹਿਰਾਂ ਦੀ ਚਿੰਤਾ

ਅਸੀਂ ਦੋ ਮਾਹਿਰਾਂ ਨੂੰ ਅੰਡਰਕਵਰ ਵੀਡੀਓ ਦਿਖਾਈ ਅਤੇ ਦੋਹਾਂ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ।

ਮਨੋਵਿਗਿਆਨੀ ਡਾ. ਕਲਿਓ  ਵੈਨ  ਵੈਲਸਨ ਨੇ ਕਿਹਾ, “ਤੁਸੀਂ ਕਿਸੇ ਨੂੰ ਉਸ ਦੇ ਹੱਕਾਂ ਤੋਂ ਇਸ ਲਈ ਵਾਂਝਾ ਨਹੀਂ ਕਰ ਸਕਦੇ ਕਿ ਸਟਾਫ਼ ਉਸ ਤੋਂ ਅੱਕ ਗਿਆ ਹੈ। ਜੋ ਵੀ ਹੋਇਆ, ਉਹ ਇਕਾਂਤਵਾਸ ਦੀ ਹਰ ਤਰ੍ਹਾਂ ਦੀ ਨੀਤੀ ਤੋਂ ਉਲਟ ਹੈ।”

ਯੁਨੀਵਰਸਿਟੀ ਆਫ ਲੀਡਜ਼ ਵਿੱਚ ਮਾਨਸਿਕ ਸਿਹਤ ਨਰਸਿੰਗ ਦੇ ਪ੍ਰੋਫੈਸਰ ਜੌਹਰ ਬੇਕਰ ਨੇ ਕਿਹਾ, “ਇੰਝ ਲਗਦਾ ਹੈ ਜਿਵੇਂ ਸਟਾਫ਼ ਕੋਲ ਹਾਰਲੇ ਨੂੰ ਬੰਦ ਰੱਖਣ ਤੋਂ ਇਲਾਵਾ ਹੋਰ ਕੋਈ ਯੋਜਨਾ ਹੀ ਨਹੀਂ ਸੀ।”

ਦੋਹਾਂ ਨੇ ਉਹ ਫੁਟੇਜ ਦੇਖਦਿਆਂ ਹਾਰਲੇ ਨੂੰ ਕਾਬੂ ਕਰਨ ਦੇ ਤਰੀਕੇ ‘ਤੇ ਵੀ ਸਵਾਲ ਚੁੱਕੇ।

ਡਾ ਵੈਨ ਵੇਲਸਨ ਨੇ ਕਿਹਾ, “ਇਹ ਸੁਰੱਖਿਅਤ ਤਰੀਕਾ ਨਹੀਂ ਸੀ, ਮੈਨੂੰ ਨਹੀਂ ਲਗਦਾ।”

“ਇਹ ਅਰਾਜਕ ਸੀ। ਮੈਂ ਉੱਥੇ ਨਹੀਂ ਸੀ, ਇਸ ਲਈ ਇਹੀ ਕਹਿ ਸਕਦਾ ਹਾਂ ਕਿ ਜੇ ਉਨ੍ਹਾਂ ਨੇ ਫ਼ੈਸਲਾ ਲਿਆ ਸੀ ਕਿ ਉਹ ਜ਼ਰੂਰੀ ਸੀ ਤਾਂ ਉਨ੍ਹਾਂ ਨੇ ਇਹ ਸਹੀ ਤਰੀਕੇ ਨਾਲ ਨਹੀਂ ਕੀਤਾ।”

ਪ੍ਰੋ.ਬੇਕਰ ਨੇ ਕਿਹਾ, “ਮੈਨੂੰ ਨਹੀਂ ਲਗਦਾ ਕਿ ਉਸ ਵੇਲੇ ਇਸ ਦੀ ਲੋੜ ਸੀ। ਨਹੀਂ ਲਗਦਾ ਕਿ ਉਹ ਖੁਦ ਨੂੰ ਜਾਂ ਹੋਰਾਂ ਨੂੰ ਨੁਕਸਾਨ ਪਹੁੰਚਾ ਰਹੀ ਸੀ।”

‘ਇਹ ਮੇਰੀ ਜਾਨ ਖਾ ਰਿਹਾ ਹੈ’

ਫਿਲਮਾਂਕਣ ਸਮੇਂ ਇੱਕ ਇੱਕ ਹੋਰ ਮੌਕੇ ’ਤੇ ਹਾਰਲੇ ਸਹਿਯੋਗ ਲਈ ਰੋਂਦੀ ਹੈ।

ਉਸ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ, “ਮੈਂ ਆਪਣੇ ਵਿਚਾਰਾਂ ਨਾਲ ਸੰਘਰਸ਼ ਕਰ ਰਹੀ ਹਾਂ ਅਤੇ ਮੈਂ ਇਸ ਵਿੱਚ ਇਕੱਲੀ ਹਾਂ। ਕੋਈ ਮੇਰੀ ਮਦਦ ਨਹੀਂ ਕਰ ਰਿਹਾ।”

ਇੱਕ ਨਰਸ ਉਸ ਨੂੰ ਪੁੱਛਦੀ ਹੈ ਕਿ ਕੀ ਉਸ ਨੇ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ।

ਹਾਰਲੇ ਜਵਾਬ ਦਿੰਦੀ ਹੈ, “ਕਿਸੇ ਨਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ। ਮੈਂ ਇਸ ਜਗ੍ਹਾ ਨਹੀਂ ਰਹਿ ਸਕਦੀ, ਇਹ ਮੇਰੀ ਜਾਨ ਖਾ ਰਿਹਾ ਹੈ।”

ਉਸ ਦੀ ਭੈਣ ਟੀਆਨਾ ਨੇ ਸਹਿਮਤੀ ਪ੍ਰਗਟਾਈ।

ਉਸ ਨੇ ਕਿਹਾ, “ਜੇ ਕੁਝ ਵੀ ਉਸ ਨੂੰ ਹੋਰ ਖ਼ਰਾਬ ਬਣਾ ਰਿਹਾ ਹੈ ਤਾਂ ਇਹ ਸਾਫ਼ ਹੈ ਕਿ ਸਟਾਫ਼ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।”

ਗਰੇਟਰ ਮੈਨਚੈਸਟਰ ਮੈਂਟਲ ਹੈਲਥ ਐਨ.ਐਚ.ਐਸ ਫਾਊਂਡੇਸ਼ਨ ਟਰੱਸਟ, ਜਿਸ ਅਧੀਨ ਈਡਨਫੀਲਡ ਚਲਦਾ ਹੈ, ਨੇ ਕਿਹਾ ਕਿ ਉਹ ਇਲਜ਼ਾਮਾਂ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਮਰੀਜ਼ਾਂ ਦੀ ਸੁਰੱਖਿਆ ਲਈ ਉਨ੍ਹਾਂ ਨੇ ਕਾਰਵਾਈ ਕੀਤੀ ਹੈ।

ਮਾਨਸਿਕ ਸਿਹਤ ਸੰਭਾਲ ਹਸਪਤਾਲ
BBC
ਟੀਆਨਾ ਨੇ ਕਿਹਾ, “ਜੇ ਕੁਝ ਵੀ ਉਸ ਨੂੰ ਹੋਰ ਖ਼ਰਾਬ ਬਣਾ ਰਿਹਾ ਹੈ ਤਾਂ ਇਹ ਸਾਫ਼ ਹੈ ਕਿ ਸਟਾਫ਼ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।”

ਸਟਾਫ਼ ਮੈਂਬਰ ਮੁਅੱਤਲ

ਸਟਾਫ਼ ਦੇ ਕਈ ਮੈਂਬਰ ਮੁਅੱਤਲ ਕਰ ਦਿੱਤੇ ਗਏ ਹਨ।

ਟਰੱਸਟ ਨੇ ਕਿਹਾ ਕਿ ਉਹ ਗਰੇਟਰ ਮੈਨਚੈਸਟਰ ਪੁਲਿਸ, ਐਨਐਚਐਸ ਇੰਗਲੈਂਡ ਅਤੇ ਕੇਅਰ ਕੁਆਲਟੀ ਕਮਿਸ਼ਨ ਨਾਲ ਵੀ ਕੰਮ ਕਰ ਰਹੇ ਹਨ।

ਹਸਪਤਾਲ ਦਾ ਸੁਤੰਤਰ ਕਲੀਨਿਕਲ ਰੀਵੀਊ ਵੀ ਕਰਵਾਇਆ ਜਾ ਰਿਹਾ ਹੈ।

ਟਰੱਸਟ ਨੇ ਕਿਹਾ, “ਅਸੀਂ ਮਰੀਜ਼ਾਂ, ਉਨ੍ਹਾਂ ਦੇ ਪਰਿਵਾਰਾਂ ਤੇ ਦੇਖਭਾਲ ਕਰਨ ਵਾਲਿਆਂ, ਜਨਤਾ ਅਤੇ ਸਾਡੇ ਸਟਾਫ਼ ਨੂੰ ਕਹਿੰਦੇ ਹਾਂ ਕਿ ਪੂਰੀ ਤਰ੍ਹਾਂ ਜਾਂਚ ਹੋਏਗੀ ਤਾਂ ਕਿ ਅਸੀਂ ਹਰ ਵਰਗ ਨੂੰ ਹਰ ਦਿਨ ਬਿਹਤਰ ਦੇਖਭਾਲ ਦੇਣਾ ਸੁਨਿਸ਼ਚਿਤ ਕਰ ਸਕੀਏ।”

ਇੱਕ ਬਿਆਨ ਵਿੱਚ, ਸਿਹਤ ਅਤੇ ਸਮਾਜ ਭਲਾਈ ਵਿਭਾਗ ਨੇ ਕਿਹਾ ਕਿ ਇਕਾਂਤਵਾਸ ਸਮੇਤ ਹੋਰ ਬਲ ਦਾ ਪ੍ਰਯੋਗ ਕਾਨੂੰਨ ਮੁਤਾਬਕ ਹੋਣਾ ਚਾਹੀਦਾ ਹੈ ਅਤੇ ਅਖੀਰਲੇ ਬਦਲ ਵਜੋਂ ਹੋਣਾ ਚਾਹੀਦਾ ਹੈ।

ਬੀਬੀਸੀ ਪਨੋਰਮਾ ਦੀ ਫਿਲਮਿੰਗ ਦੌਰਾਨ, ਟੀਆਨਾ ਨੇ ਲੰਬੇ ਸਮੇਂ ਦੇ ਇਕਾਂਤਵਾਸ ਖ਼ਿਲਾਫ਼ ਰਸਮੀ ਸ਼ਿਕਾਇਤ ਕੀਤੀ ਸੀ ਅਤੇ ਕਿਹਾ ਸੀ ਕਿ ਨਿਰਦੇਸ਼ਾਂ ਦੀ ਉਲ਼ੰਘਣਾ ਹੋ ਰਹੀ ਹੈ।

ਕੁਝ ਦਿਨਾਂ ਵਿੱਚ, ਹਾਰਲੇ ਨੂੰ ਹੋਰ ਹਸਪਤਾਲ ਵਿੱਚ ਭੇਜ ਦਿੱਤਾ ਗਿਆ।

ਪਰ ਟੀਆਨਾ ਨੂੰ ਚਿੰਤਾ ਹੈ ਕਿ ਈਡਨਫੀਲਡ ਵਿੱਚ ਹੋਏ ਵਤੀਰੇ ਦਾ ਉਸ ਦੀ ਭੈਣ ’ਤੇ ਲੰਬੇ ਸਮੇਂ ਤੱਕ ਅਸਰ ਰਹੇਗਾ ਜਿਸ ਕਰਕੇ ਉਸ ਦੀ ਹਸਪਤਾਲ ਸਟਾਫ਼ ਪ੍ਰਤੀ ਬੇ-ਭਰੋਸਗੀ ਰਹੇਗੀ।

“ਜਿਸ ਤਰ੍ਹਾਂ ਉਸ ਨੂੰ ਰੱਖਿਆ ਗਿਆ, ਉਸ ਨਾਲ ਉਹ ਸਦਮੇ ਵਿੱਚ ਹੈ।” 

 



Related News