ਕੈਨੇਡਾ 2025 ਤੱਕ 15 ਲੱਖ ਪਰਵਾਸੀਆਂ ਨੂੰ ਦੇਸ਼ ਵਿੱਚ ਕਿਉਂ ਸੱਦਣਾ ਚਾਹੁੰਦਾ ਹੈ
Wednesday, Nov 23, 2022 - 08:41 AM (IST)


ਵੱਡੀ ਉਮਰ ਦੇ ਲੋਕਾਂ ਦੀ ਸੇਵਾ ਮੁਕਤੀ ਹੋਣ ਕਾਰਨ ਆਰਥਿਕਤਾ ਵਿੱਚ ਪੈਦਾ ਹੋਏ ਖ਼ਲਾਅ ਨੂੰ ਭਰਨ ਲਈ ਕੈਨੇਡਾ ਦੀ ਝਾਕ ਪਰਵਾਸੀਆਂ ਉਪਰ ਹੈ।
ਹਾਲਾਂਕਿ ਹਰ ਕੋਈ ਇਸ ਦੇ ਸਮਰਥਨ ਵਿੱਚ ਨਹੀਂ ਹੈ।
ਇਸ ਮਹੀਨੇ ਦੇ ਸ਼ੁਰੂ ਵਿੱਚ, ਫੈਡਰਲ ਸਰਕਾਰ ਨੇ ਐਲਾਨ ਕੀਤਾ ਕਿ 2025 ਤੱਕ ਹਰ ਸਾਲ 5 ਲੱਖ ਪਰਵਾਸੀਆਂ ਨੂੰ ਦਾਖਲਾ ਦਿੱਤਾ ਜਾਏਗਾ।
ਇਸ ਅਨੁਸਾਰ ਆਉਂਦੇ ਤਿੰਨ ਸਾਲਾਂ ਵਿੱਚ ਕਰੀਬ 15 ਲੱਖ ਪਰਵਾਸੀ ਕੈਨੇਡਾ ਪਹੁੰਚ ਸਕਦੇ ਹਨ।
ਇਸ ਯੋਜਨਾ ਨਾਲ ਯੂਕੇ ਦੇ ਮੁਕਾਬਲੇ ਪ੍ਰਤੀ ਅਬਾਦੀ, ਹਰ ਸਾਲ ਅੱਠ ਗੁਣਾ ਲੋਕਾਂ ਨੂੰ ਸਥਾਈ ਰਿਹਾਇਸ਼ (ਪੀਆਰ) ਦਿੱਤੀ ਜਾਏਗੀ।
ਇਹ ਯੁਨਾਈਟਿਡ ਸਟੇਟਸ ਨਾਲੋਂ ਚਾਰ ਗੁਣਾ ਵੱਧ ਹੋਵੇਗੀ।
ਪਰ ਤਾਜ਼ਾ ਸਰਵੇ ਵਿੱਚ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਵਿੱਚ ਨਵੇਂ ਲੋਕਾਂ ਨੂੰ ਲਿਆਉਣ ਬਾਰੇ ਚਿੰਤਾਵਾਂ ਵੀ ਹਨ।
ਕੈਨੇਡਾ ਦੀ ਵੱਡੀ ਯੋਜਨਾ
ਕਈ ਸਾਲਾਂ ਤੱਕ ਕੈਨੇਡਾ ਨੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਆਕਰਸ਼ਤ ਕਰਨ ਦੀ ਕੋਸ਼ਿਸ਼ ਕੀਤੀ ਹੈ।
ਇਹ ਅਜਿਹੇ ਪਰਵਾਸੀ ਹਨ ਜਿਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਕੈਨੇਡਾ ਵਿੱਚ ਰਹਿਣ ਦਾ ਹੱਕ ਹੁੰਦਾ ਹੈ ਪਰ ਉਹ ਕੈਨੇਡਾ ਦੇ ਨਾਗਰਿਕ ਨਹੀਂ ਹੁੰਦੇ। ਅਜਿਹਾ ਅਬਾਦੀ ਬਰਕਰਾਰ ਰੱਖਣ ਅਤੇ ਆਰਥਿਕਤਾ ਵਿੱਚ ਵਾਧੇ ਲਈ ਕੀਤਾ ਗਿਆ ਸੀ।
ਪਿਛਲੇ ਸਾਲ ਕੈਨੇਡਾ ਨੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ 405,000 ਲੋਕਾਂ ਨੂੰ ਸਥਾਈ ਰਿਹਾਇਸ਼ ਯਾਨੀ ਪੀਆਰ ਦਿੱਤੀ।
ਇਸ ਦਾ ਸਿੱਧਾ ਹਿਸਾਬ ਹੈ ਕਿ ਪੱਛਮੀ ਦੇਸਾਂ ਵਾਂਗ ਕੈਨੇਡਾ ਵਿੱਚ ਵੱਡੀ ਉਮਰ ਦੇ ਲੋਕਾਂ ਦੀ ਵਸੋਂ ਵੱਧ ਹੈ ਅਤੇ ਜਨਮ ਦਰ ਘੱਟ ਹੈ।
ਜੇਕਰ ਦੇਸ਼ ਅੱਗੇ ਵਧਣਾ ਚਹੁੰਦਾ ਹੈ ਤਾਂ ਪ੍ਰਵਾਸੀਆਂ ਨੂੰ ਬੁਲਾਣਾ ਪੈਣਾ।
ਕੈਨੇਡਾ ਵਿੱਚ ਕਿਰਤੀ ਲੋਕਾਂ ਦੇ ਵਾਧੇ ਵਿੱਚ ਪਰਵਾਸੀਆਂ ਦੀ ਭੂਮਿਕਾ ਪਹਿਲਾਂ ਹੀ ਹੈ ਅਤੇ ਸਰਕਾਰ ਦੇ ਨਵੇਂ ਪ੍ਰੈਸ ਰਿਲੀਜ਼ ਮੁਤਾਬਕ, ਉਮੀਦ ਕੀਤੀ ਜਾ ਰਹੀ ਹੈ ਕਿ 2032 ਤੱਕ ਦੇਸ਼ ਦੀ ਹਰ ਤਰ੍ਹਾਂ ਦੀ ਅਬਾਦੀ ਵਿੱਚ ਇਸ ਦੀ ਭੂਮਿਕਾ ਹੋਏਗੀ।
ਇਸ ਮਹੀਨੇ ਵਿੱਚ ਪਹਿਲਾਂ, ਸਰਕਾਰ ਨੇ ਐਲਾਨ ਕੀਤਾ ਕਿ 2025 ਤੱਕ ਉਹ ਹਰ ਸਾਲ 5 ਲੱਖ ਪਰਵਾਸੀਆਂ ਨੂੰ ਕੈਨੇਡਾ ਲਿਆਉਣ ਦੀ ਉਮੀਦ ਕਰ ਰਹੇ ਹਨ।
ਇਹ ਗਿਣਤੀ 2021 ਨਾਲੋਂ 25 ਫ਼ੀਸਦੀ ਵੱਧ ਹੋਏਗੀ।

ਕੈਨੇਡਾ ਦੀ ਨੀਤੀ ਸਮਝੋ:
- ਸਰਕਾਰ ਨੇ ਐਲਾਨ ਕੀਤਾ ਕਿ 2025 ਤੱਕ ਹਰ ਸਾਲ 5 ਲੱਖ ਪਰਵਾਸੀਆਂ ਨੂੰ ਦਾਖਲਾ ਦਿੱਤਾ ਜਾਏਗਾ।
- ਆਉਂਦੇ ਤਿੰਨ ਸਾਲਾਂ ਵਿੱਚ ਕਰੀਬ 15 ਲੱਖ ਪਰਵਾਸੀ ਕੈਨੇਡਾ ਪਹੁੰਚ ਸਕਦੇ ਹਨ।
- ਇਹ ਯੁਨਾਈਟਿਡ ਸਟੇਟਸ ਨਾਲੋਂ ਚਾਰ ਗੁਣਾ ਹੋਵੇਗੀ।
- ਟੋਰਾਂਟੋ ਅਤੇ ਵੈਨਕੂਵਰ ਜਿਹੇ ਵੱਡੇ ਸ਼ਹਿਰ ਜਿੱਥੇ 10 ਫ਼ੀਸਦੀ ਅਬਾਦੀ ਰਹਿੰਦੀ ਹੈ।
- 2023 ਤੱਕ ਕੈਨੇਡਾ ਦਾ ਟੀਚਾ 76 ਹਜ਼ਾਰ ਰਫ਼ਿਊਜੀਆਂ ਦਾ ਪੁਨਰਵਾਸ ਕਰਵਾਉਣ ਦਾ ਹੈ।

ਦੁਨੀਆ ਵਿੱਚ ਅਨੋਖੀ ਥਾਂ
ਅੱਜ, ਚਾਰ ਵਿੱਚੋਂ ਤਿੰਨ ਕੈਨੇਡੀਅਨ ਅਜਿਹੇ ਹਨ ਜੋ ਕਿਸੇ ਵੇਲੇ ਪਰਵਾਸੀ ਬਣ ਕੇ ਕੈਨੇਡਾ ਪਹੁੰਚੇ।
ਇਹ G7 ਦੇਸ਼ਾਂ ਦੇ ਸਮੂਹ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਹੈ।
ਅਮਰੀਕਾ ਨਾਲ ਤੁਲਨਾ ਕਰੀਏ ਤਾਂ ਉੱਥੇ ਸਿਰਫ਼ 14 ਫ਼ੀਸਦੀ ਪਰਵਾਸੀ ਹਨ।
ਯੂਕੇ ਵਿਚ ਵੀ ਪਰਵਾਸੀਆਂ ਦੀ ਅਬਾਦੀ 14 ਫ਼ੀਸਦੀ ਹੈ।

ਆਕਸਫੋਰਡ ਯੁਨੀਵਰਸਿਟੀ ਵਿੱਚ ਮਾਈਗਰੇਸ਼ਨ ਅਬਜ਼ਰਵੇਟਰੀ ਦੇ ਡਾਇਰੈਕਟਰ ਮੈਡੇਲਿਨ ਸੰਪਸ਼ਨ ਨੇ ਕਿਹਾ, “ਇਨ੍ਹਾਂ ਅੰਕੜਿਆਂ ਦਾ ਮਤਲਬ ਇਹ ਨਹੀਂ ਕਿ ਯੂਕੇ ਪਰਵਾਸ ਵਿੱਚ ਪਿੱਛੇ ਹੈ, ਪਰ ਕੈਨੇਡਾ ਜ਼ਿਆਦਾ ਹੀ ਅੱਗੇ ਹੈ।”
ਕੈਨੇਡਾ ਤੋਂ ਦੁਗਣੀ ਅਬਾਦੀ ਵਾਲੇ ਛੋਟੇ ਜਿਹੇ ਟਾਪੂ ਯੂਕੇ ਵਿੱਚ ਪਹਿਲਾਂ ਹੀ ਅਬਾਦੀ ਘਣਤਾ ਜ਼ਿਆਦਾ ਹੈ।
ਜਦਕਿ ਕੈਨੇਡਾ ਦੀ ਅਬਾਦੀ ਮਹਿਜ਼ 38 ਮਿਲੀਅਨ ਹੈ ਅਤੇ ਉਸ ਦਾ ਖੇਤਰ ਕਾਫ਼ੀ ਵੱਡਾ ਹੈ। ਇਸ ਲਈ ਉੱਥੇ ਅਬਾਦੀ ਵਾਧੇ ਲਈ ਸੰਭਾਵਨਾਵਾਂ ਹਨ।
ਉਨ੍ਹਾਂ ਨੇ ਕਿਹਾ, “ਕੈਨੇਡਾ ਦੀ ਤਰ੍ਹਾਂ ਯੂਕੇ ਦਾ ਟੀਚਾ ਅਬਾਦੀ ਵਧਾਉਣ ਦਾ ਨਹੀਂ ਰਿਹਾ।”
ਮੈਕਮਾਸਟਰ ਯੁਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਦੇ ਮਾਹਿਰ ਜੈਫਰੀ ਕੈਮਰਨ ਨੇ ਕਿਹਾ ਕਿ ਕਈ ਦੇਸ਼ ਜਿਵੇਂ ਕੈਨੇਡਾ ਜੋ ਕਿ ਬੱਚੇ ਪੈਦਾ ਹੋਣ ਦੀ ਘੱਟ ਦਰ ਅਤੇ ਵਧਦੀ ਉਮਰ ਵਾਲੀ ਅਬਾਦੀ ਦਾ ਸਾਹਮਣਾ ਕਰ ਰਹੇ ਹਨ, ਉੱਥੇ ਪਰਵਾਸ ਢਾਂਚੇ ਦੀ ਸਫਲਤਾ ਲੋਕਾਂ ਦੇ ਸਹਿਯੋਗ ’ਤੇ ਨਿਰਭਰ ਕਰਦੀ ਹੈ।
ਉਨ੍ਹਾਂ ਨੇ ਕਿਹਾ, “ਬਹੁਤ ਸਾਰੇ ਦੇਸ਼ਾਂ ਵਿੱਚ ਲੋਕਾਂ ਦੀ ਰਾਏ ਹੀ ਸੀਮਤ ਕਾਰਕ ਹੁੰਦੀ ਹੈ।”
ਅਮਰੀਕਾ ਵਿਚ ਜਿੱਥੇ ਦੱਖਣੀ ਸਰਹੱਦ ਜ਼ਰੀਏ ਉੱਥੇ ਪਹੁੰਚਣ ਵਾਲੇ ਪਰਵਾਸੀਆਂ ਦੀ ਗਿਣਤੀਆਂ ਹੁਣ ਤੱਕ ਦੀ ਸਭ ਤੋਂ ਵੱਧ ਹੋ ਗਈ ਹੈ, ਉੱਥੇ ਨੌਕਰੀਆਂ ਤੋਂ ਵੱਧ ਪਰਵਾਸੀਆਂ ਦੇ ਆਉਣ ਕਾਰਨ ਫ਼ਿਕਰ ਵੀ ਹੈ।
ਬਰੈਗਜ਼ਿਟ ਤੋਂ ਪਹਿਲਾਂ, ਯੂਰਪੀ ਯੁਨੀਅਨ ਦੇ ਪਰਵਾਸੀਆਂ ਵੱਲੋਂ ਪੂਰਬੀ ਯੂਰਪ ਤੋਂ ਯੂਕੇ ਆਉਣ ਦੀ ਲਹਿਰ ਨੇ ਪਰਵਾਸ ਖ਼ਿਲਾਫ਼ ਪ੍ਰਤਿਕਿਰਿਆ ਪੈਦਾ ਕੀਤੀ।
ਮੈਡੇਲਿਨ ਸੰਪਸ਼ਨ ਨੇ ਕਿਹਾ ਕਿ ਪਰ ਪਿਛਲੇ ਕੁਝ ਸਾਲਾਂ ਵਿੱਚ ਪਰਵਾਸ ਬਾਰੇ ਲੋਕਾਂ ਦੀ ਰਾਏ ਵਿੱਚ ਵਾਧਾ ਹੋਇਆ ਹੈ ਕਿਉਂਕਿ ਲੋਕਾਂ ਨੂੰ ਲਗਦਾ ਹੈ ਕਿ ਹੁਣ ਪਰਵਾਸੀਆਂ ਉੱਤੇ ਦੇਸ਼ ਦਾ ਪਹਿਲਾਂ ਨਾਲੋਂ ਬਿਹਤਰ ਕੰਟਰੋਲ ਹੈ।
ਜਦਕਿ, ਕੈਨੇਡਾ ਵਿੱਚ ਇਤਿਹਾਸਕ ਤੌਰ ’ਤੇ ਵੀ ਪਰਵਾਸ ਲਈ ਕਾਫ਼ੀ ਜ਼ਿਆਦਾ ਸਮਰਥਨ ਰਿਹਾ ਹੈ।

ਇਹ ਵੀ ਪੜ੍ਹੋ:

ਜੈਫਰੀ ਕੈਮਰਨ ਕਹਿੰਦੇ ਹਨ, “ਮੈਨੂੰ ਲਗਦਾ ਹੈ ਕਿ ਇਸ ਦਾ ਇੱਕ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਸਰਕਾਰ ਕੈਨੇਡਾ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਪਰਵਾਸ ਦਾ ਪ੍ਰਬੰਧਨ ਕਰਦੀ ਹੈ, ਉਸ ਉੱਤੇ ਲੋਕਾਂ ਨੂੰ ਪੂਰਾ ਯਕੀਨ ਹੈ।”
ਪਰ ਅਜਿਹਾ ਵੀ ਨਹੀਂ ਹੈ ਕਿ ਉੱਥੇ ਪਰਵਾਸ ਨਾਲ ਜੁੜੀਆਂ ਚਿੰਤਾਵਾਂ ਨਹੀਂ ਹਨ।
ਪਿਛਲੇ ਕੁਝ ਸਾਲਾਂ ਵਿੱਚ, ਯੂਐਸ ਬਾਰਡਰ ’ਤੇ ਪਰਵਾਸੀਆਂ ਦੇ ਪ੍ਰਵਾਹ ਨੇ ਕੁਝ ਵਿਵਾਦ ਪੈਦਾ ਕੀਤੇ ਹਨ ਅਤੇ 2018 ਵਿੱਚ ਉੱਥੋਂ ਦੀ ਸੱਜੇ ਪੱਖੀ ਪਾਰਟੀ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਉੱਭਰਨ ਨਾਲ 2019 ਦੀਆਂ ਫੈਡਰਲ ਚੋਣਾਂ ਤੱਕ ਇਹ ਕੌਮੀ ਚਰਚਾਵਾਂ ਦਾ ਵਿਸ਼ਾ ਬਣਿਆ ਰਿਹਾ।
ਵੱਖ-ਵੱਖ ਹਿੱਸਿਆਂ ਵਿੱਚ ਵੱਖਰਾ ਰਵੱਈਆ
ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਪਰਵਾਸ ਪ੍ਰਤੀ ਵੱਖੋ-ਵੱਖਰਾ ਰਵੱਈਆ ਹੈ।
ਜਦੋਂ ਸਰਕਾਰ ਨੇ ਹਰ ਸਾਲ ਨਵੇਂ ਪੰਜ ਲੱਖ ਪਰਵਾਸੀਆਂ ਨੂੰ ਕੈਨੇਡਾ ਲਿਆਉਣ ਦਾ ਆਕਰਮਕ ਐਲਾਨ ਕੀਤਾ ਤਾਂ ਆਪਣੇ ਲਈ ਪਰਵਾਸੀਆਂ ਦੀ ਸੀਮਾ ਤੈਅ ਕਰਨ ਵਾਲੇ ‘ਪ੍ਰੋਵਿੰਸ ਆਫ਼ ਕਿਉਬਿਕ ਨੇ ਕਿਹਾ ਕਿ ਇੱਕ ਸਾਲ ਵਿੱਚ 50 ਹਜ਼ਾਰ ਤੋਂ ਵੱਧ ਪਰਵਾਸੀਆਂ ਨੂੰ ਨਹੀਂ ਲਏਗਾ।
ਇਸ ਦਾ ਮਤਲਬ ਕਿ ਕਿਉਬਿਕ ਜਿੱਥੇ ਦੇਸ਼ ਦੀ 23 ਫ਼ੀਸਦੀ ਅਬਾਦੀ ਰਹਿੰਦੀ ਹੈ, ਉਹ ਸਿਰਫ਼ 10 ਫ਼ੀਸਦ ਪਰਵਾਸੀਆਂ ਨੂੰ ਹੀ ਉੱਥੇ ਆਉਣ ਦੇਵੇਗਾ।
ਕਿਉਬਿਕ ਦੇ ਪ੍ਰੀਮੀਅਰ ਫਰੈਂਸੋਸ ਲੀਗਾਲਟ ਨੇ ਕਿਹਾ ਕਿ ਉਨ੍ਹਾਂ ਨੂੰ ਵਧੇਰੇ ਪਰਵਾਸੀਆਂ ਦੇ ਆਉਣ ਨਾਲ ਉੱਥੇ ਫ਼੍ਰੈਂਚ ਭਾਸ਼ਾ ਕਮਜ਼ੋਰ ਹੋਣ ਦੀ ਚਿੰਤਾ ਹੈ।
ਭਾਵੇਂ ਇਹ ਸੱਚ ਹੈ ਕਿ ਕੈਨੇਡਾ ਵਿੱਚ ਅਬਾਦੀ ਵਾਧੇ ਦੀਆਂ ਸੰਭਾਵਨਾਵਾਂ ਹਨ ਪਰ ਕਈ ਥਾਂਵਾਂ ਘੁਟਣ ਮਹਿਸੂਸ ਕਰਦੀਆਂ ਹਨ।
ਟੋਰਾਂਟੋ ਅਤੇ ਵੈਨਕੂਵਰ ਜਿਹੇ ਵੱਡੇ ਸ਼ਹਿਰ ਜਿੱਥੇ 10 ਫ਼ੀਸਦੀ ਅਬਾਦੀ ਰਹਿੰਦੀ ਹੈ, ਉੱਥੇ ਸਸਤੇ ਘਰ ਮਿਲਣੇ ਔਖੇ ਹੋ ਗਏ ਹਨ।
‘ਲੇਗਰ ਐਂਡ ਦ ਐਸੋਸੀਏਸ਼ਨ ਆਫ ਕੈਨੇਡੀਅਨ ਸਟਡੀਜ਼’ ਵੱਲੋਂ 1,537 ਕੈਨੇਡੀਅਨਾਂ ਦੇ ਸਰਵੇ ਵਿੱਚ ਸਾਹਮਣੇ ਆਇਆ ਕਿ ਚਾਰ ਵਿੱਚੋਂ ਤਿੰਨ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਵੀਂ ਯੋਜਨਾ ਨਾਲ ਰਿਹਾਇਸ਼ਾਂ ਅਤੇ ਸਮਾਜਿਕ ਸੇਵਾਵਾਂ ’ਤੇ ਪ੍ਰਭਾਵ ਪੈਣ ਦੀ ਚਿੰਤਾ ਹੈ।
49 ਫ਼ੀਸਦੀ ਲੋਕਾਂ ਨੂੰ ਸਰਕਾਰ ਵੱਲੋਂ ਐਲਾਨਿਆਂ ਟੀਚਾ ਬਹੁਤ ਜ਼ਿਆਦਾ ਲੱਗਿਆ ਅਤੇ 31 ਫ਼ੀਸਦੀ ਲੋਕਾਂ ਨੂੰ ਇਹ ਅੰਕੜਾ ਸਹੀ ਲੱਗਿਆ।

ਕੈਨੇਡਾ ਦਾ ਤਰੀਕਾ ਕੀ ਹੈ
ਇੱਕ ਹੋਰ ਤਰੀਕਾ ਜੋ ਕੈਨੇਡਾ ਨੂੰ ਪੱਛਮੀ ਸੰਸਾਰ ਤੋਂ ਅਨੋਖਾ ਬਣਾਉਂਦਾ ਹੈ, ਉਹ ਹੈ ਇਸ ਦਾ ਆਰਥਿਕ ਪਰਵਾਸ ’ਤੇ ਜ਼ੋਰ।
ਕੈਨੇਡਾ ਦੇ ਕਰੀਬ ਅੱਧੇ ਪੀਆਰਜ਼ ਦਾ ਸੁਆਗਤ ਉਨ੍ਹਾਂ ਦੇ ਹੁਨਰ ਕਾਰਨ ਹੋਇਆ ਹੈ ਨਾ ਕਿ ਪਰਿਵਾਰਕ ਏਕਾਕਰਨ ਕਰਕੇ।
ਸਾਲ 2025 ਤੱਕ ਸਰਕਾਰ ਇਸ ਨੂੰ 60 ਫ਼ੀਸਦੀ ਤੱਕ ਪਹੁੰਚਾਉਣ ਦੀ ਉਮੀਦ ਕਰ ਰਹੀ ਹੈ।
ਕੈਮਰਨ ਨੇ ਕਿਹਾ ਕਿ ਕੈਨੇਡਾ ਦਾ ਢਾਂਚਾ ਹੀ ਕੁਝ ਇਸ ਤਰ੍ਹਾਂ ਡਿਜ਼ਾਇਨ ਹੋਣ ਕਾਰਨ ਅਜਿਹਾ ਹੋ ਸਕਿਆ ਹੈ।
ਸਾਲ 1960 ਵਿੱਚ ਕੈਨੇਡਾ ਨੇ ਵੱਖ-ਵੱਖ ਦੇਸਾਂ ਦੇ ਤੈਅ ਕੀਤੇ ਕੋਟੇ ਨੂੰ ਹਟਾ ਦਿੱਤਾ ਸੀ ਅਤੇ ਪੁਆਇੰਟ ਸਿਸਟਮ ਲਿਆਂਦਾ ਸੀ।
ਇਸ ਰਾਹੀਂ ਉਸ ਹੁਨਰਮੰਦ ਪਰਵਾਸੀ ਨੂੰ ਪਹਿਲ ਦਿੱਤੀ ਜਾਂਦੀ ਸੀ ਜੋ ਕੈਨੇਡਾ ਦੀ ਆਰਥਿਕਤਾ ਵਿੱਚ ਯੋਗਦਾਨ ਪਾ ਸਕੇ।
ਕੈਮਰਨ ਨੇ ਕਿਹਾ, “ਉਸੇ ਤਰ੍ਹਾਂ ਦਾ ਸਿਧਾਂਤ ਅੱਜ ਵੀ ਰਹਿਨੁਮਾਈ ਕਰ ਰਿਹਾ ਹੈ।”
ਆਲਮੀਂ ਤੌਰ ‘ਤੇ ਇਹ ਅਨੋਖਾ ਹੈ, ਹਾਲਾਂਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਵੀ ਅਜਿਹਾ ਹੀ ਢਾਂਚਾ ਹੈ।
ਯੂਕੇ ਵਿੱਚ ਚਾਰ ਵਿੱਚੋਂ ਇੱਕ ਪਰਵਾਸੀ ਆਰਥਿਕ ਧਾਰਾ ਤਹਿਤ ਲਿਆ ਜਾਂਦਾ ਹੈ।
ਯੂਐਸ ਵਿੱਚ 20 ਫ਼ੀਸਦੀ ਗਰੀਨ ਕਾਰਡ ਆਰਥਿਕ ਕਾਰਨਾਂ ਕਰਕੇ ਜਾਰੀ ਕੀਤੇ ਜਾਂਦੇ ਹਨ। ਦੋਹਾਂ ਦੇਸ਼ਾਂ ਨੇ ਸੰਕੇਤ ਦਿੱਤੇ ਹਨ ਕਿ ਉਹ ਆਰਥਿਕ ਪੱਧਰ ’ਤੇ ਪਰਵਾਸੀਆਂ ਦੀ ਗਿਣਤੀ ਵਧਣ ਦੀ ਉਮੀਦ ਕਰਦੇ ਹਨ। ਪਰ ਦੋਹਾਂ ਦੇਸ਼ਾਂ ਲਈ ਵੱਡਾ ਫਰਕ ਇਹ ਹੈ ਕਿ ਅਜਿਹੇ ਜ਼ਿਆਦਤਰ ਪਰਵਾਸੀਆਂ ਨੂੰ ਉਨ੍ਹਾਂ ਨੂੰ ਨੌਕਰੀ ਦੇਣ ਵਾਲਿਆਂ ਵੱਲੋਂ ਪ੍ਰੋਯੋਜਿਤ ਕੀਤਾ ਗਿਆ ਹੋਵੇ।
ਉਧਰ ਯੂਕੇ ਹਾਲ ਹੀ ਵਿੱਚ ਪੁਆਇੰਟ-ਸਿਸਟਮ ਵੱਲ ਸਿਫ਼ਟ ਹੋਇਆ ਹੈ।
ਸੰਪਸ਼ਨ ਨੇ ਕਿਹਾ ਕਿ ਅਸਲ ਵਿੱਚ ਇਹ ਪੁਰਾਣੇ ਸਿਸਟਮ ਵਰਗਾ ਹੀ ਰਹੇਗਾ ਜਿਸ ਵਿੱਚ ਉਨ੍ਹਾਂ ਪਰਵਾਸੀਆਂ ਨੂੰ ਪਹਿਲ ਦਿੱਤੀ ਜਾਂਦੀ ਸੀ ਜਿਨ੍ਹਾਂ ਕੋਲ ਇੱਥੋਂ ਨੌਕਰੀ ਦਾ ਪ੍ਰਸਤਾਅ ਹੁੰਦਾ ਸੀ।
ਕੀ ਕੈਨੇਡਾ ਆਪਣਾ ਟੀਚਾ ਪੂਰਾ ਕਰ ਸਕਦਾ ਹੈ ?
ਕੈਨੇਡਾ ਸਿਰਫ਼ ਹੋਰ ਵੱਡੇ ਦੇਸਾਂ ਦੇ ਮੁਕਾਬਲੇ ਵੱਧ ਆਰਥਿਕ-ਸ਼੍ਰੇਣੀ ਵਾਲੇ ਪਰਵਾਸੀਆਂ ਨੂੰ ਹੀ ਨਹੀਂ ਲੈ ਰਿਹਾ, ਬਲਕਿ ਰਫ਼ਿਊਜੀ ਪੁਨਰਵਾਸ ਵਿੱਚ ਵੀ ਸਭ ਤੋਂ ਉਤਲੇ ਦੇਸ਼ਾਂ ਵਿੱਚੋਂ ਹੈ।
ਸਾਲ 2021 ਵਿੱਚ 20,428 ਰਫ਼ਿਊਜੀਆਂ ਦਾ ਸੁਆਗਤ ਕੀਤਾ ਸੀ।
ਪਰ ਜਿਵੇਂ ਦੇਸ਼ ਨੇ ਭਵਿੱਖ ਲਈ ਅਭਿਲਾਸ਼ੀ ਟੀਚਾ ਮਿਥਿਆ ਹੈ, ਇਤਿਹਾਸ ਗਵਾਹ ਹੈ ਕਿ ਪਹਿਲਾਂ ਕਦੇ ਇਹ ਟੀਚਾ ਪੂਰੀ ਤਰ੍ਹਾਂ ਹਾਸਿਲ ਨਹੀਂ ਕੀਤਾ ਜਾ ਸਕਿਆ ਹੈ।
ਸਾਲ 2021 ਵਿੱਚ ਕੈਨੇਡਾ ਨੇ 59,000 ਰਫ਼ਿਊਜੀਆਂ ਦੇ ਪੁਨਰਵਾਸ ਦਾ ਟੀਚਾ ਮਿਥਿਆ ਸੀ।
ਪਰ ਇਸ ਦਾ ਤੀਜਾ ਹਿੱਸਾ ਰਫ਼ਿਊਜੀਆਂ ਦਾ ਪੁਨਰਵਾਸ ਹੋ ਸਕਿਆ ਸੀ।
ਸੀਬੀਸੀ ਨਾਲ ਇੰਟਰਵਿਊ ਵਿੱਚ, ਇਮੀਗਰੇਸ਼ਨ ਮੰਤਰੀ ਸੇਨ ਫਰੇਜ਼ਰ ਨੇ ਕਿਹਾ ਕਿ ਇਹ ਅੰਤਰ ਕੋਵਿਡ ਕਾਰਨ ਕੈਨੇਡਾ ਅਤੇ ਦੇਸ਼ ਭਰ ਵਿੱਚ ਬਾਰਡਰ ਬੰਦ ਰਹਿਣ ਕਾਰਨ ਰਿਹਾ।
ਸਾਲ 2023 ਤੱਕ ਕੈਨੇਡਾ ਦਾ ਟੀਚਾ 76 ਹਜ਼ਾਰ ਰਫ਼ਿਊਜੀਆਂ ਨੂੰ ਪੁਨਰਵਾਸ ਕਰਵਾਉਣ ਦਾ ਹੈ।