ਅਮਰੀਕਾ ਦੀਆਂ ਟੈਕ ਕੰਪਨੀਆਂ ’ਚੋਂ ਕੱਢੇ ਗਏ ਭਾਰਤੀ, ਲੋਨ ਚੁਕਾਉਣ ਦਾ ਬੋਝ ਤੇ ਵਾਪਸੀ ਦਾ ਡਰ

Monday, Nov 21, 2022 - 12:11 PM (IST)

ਅਮਰੀਕਾ ਦੀਆਂ ਟੈਕ ਕੰਪਨੀਆਂ ’ਚੋਂ ਕੱਢੇ ਗਏ ਭਾਰਤੀ, ਲੋਨ ਚੁਕਾਉਣ ਦਾ ਬੋਝ ਤੇ ਵਾਪਸੀ ਦਾ ਡਰ
ਟੈਕ ਕੰਪਨੀਆਂ
Getty Images

ਟਵਿੱਟਰ, ਮੈਟਾ ਅਤੇ ਐਮਾਜ਼ਾਨ ਵਰਗੀਆਂ ਟੈਕ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਨੌਜਵਾਨ ‘ਨਵੀਆਂ ਨੌਕਰੀਆਂ ਲੱਭ’ ਰਹੇ ਹਨ।

ਵਿਸ਼ਵ ਭਰ ਵਿੱਚ ਨੌਕਰੀਆਂ ਉੱਪਰ ਨਜ਼ਰ ਰੱਖਣ ਵਾਲੀ ਵੈਬਸਾਈਟ ਲੇਆਫ਼ਸ ਡਾਟ ਐਫ਼ਆਈਆਈ (layoffs.fyi) ਮੁਤਾਬਕ ਦੁਨੀਆਂ ਵਿੱਚ 120,000 ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ।

ਅਮਰੀਕਾ ਵਿੱਚ ਐੱਚ-1 ਬੀ ਅਤੇ ਦੂਜੇ ਵੀਜ਼ਿਆਂ ਉੱਪਰ ਕੰਮ ਕਰਨ ਵਾਲੇ ਵੱਡੀ ਗਿਣਤੀ ਵਿੱਚ ਭਾਰਤੀਆਂ ਦੀਆਂ ਨੌਕਰੀਆਂ ਗਈਆਂ ਹਨ।

ਅਮਰੀਕਾ ਦੇ ਕੈਲੋਫ਼ੋਰਨੀਆਂ ਵਿੱਚ ਰਹਿਣ ਵਾਲੀ ਪੱਤਰਕਾਰ ਸਵਿਤਾ ਪਟੇਲ ਨੇ ਭਾਰਤੀ ਮੂਲ ਦੇ ਕਈ ਲੋਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੂੰ ਜਾਂ ਤਾਂ ਨਵੀਂ ਨੌਕਰੀ ਲੱਭਣੀ ਪੈਣੀ ਹੈ ਜਾਂ ਵਾਪਸ ਭਾਰਤ ਆਉਣਾ ਪੈਣਾ ਹੈ।

 ਸੌਮਯਾ ਆਇਰ ਅਮਰੀਕਾ ਦੀ ਇੱਕ ਵੱਡੀ ਟੈਕ ਕੰਪਨੀ ਵਿੱਚ ਕੰਮ ਕਰਦੀ ਸੀ।

ਉਹ ਆਪਣੀ ਨੌਕਰੀ ਜਾਣ ਬਾਰੇ ਦੱਸਦੇ ਹੋਏ ਕਹਿੰਦੇ ਹਨ, “ਮੈਂ ਇਸ ਨੂੰ ਟੈਕ ਮਹਾਂਮਾਰੀ ਕਹਿੰਦੀ ਹਾਂ। ਦਸ ਹਜ਼ਾਰ ਲੋਕ ਐਮਾਜ਼ਾਨ ਵਿੱਚੋਂ ਅਤੇ ਟਵਿੱਟਰ ’ਚ ਕੰਮ ਕਰਨ ਵਾਲੇ ਅੱਧੇ ਲੋਕਾਂ ਦੀ ਨੌਕਰੀ ਚਲੀ ਗਈ ਹੈ।”

ਆਇਰ ਨੂੰ ਲਿਫ਼ਟ ਨਾਮ ਦੀ ਕੰਪਨੀ ਵਿੱਚ ਚਾਰ ਸਾਲ ਕੰਮ ਕਰਨ ਤੋਂ ਬਾਅਦ ਕੱਢ ਦਿੱਤਾ ਗਿਆ।

“ਮੇਰੇ ਇੱਕ ਦੋਸਤ ਅਤੇ ਉਸ ਦੀ ਪਤਨੀ ਦੀ ਨੌਕਰੀ ਚਲੀ ਗਈ। ਇਹ ਇਸ ਟੈਕ ਖੇਤਰ ਦੀ ਮਹਾਂਮਾਰੀ ਹੈ।”

‘ਮਾਪਿਆਂ ਨੂੰ ਨਹੀਂ ਦੱਸਿਆ’

ਆਇਰ ਕੰਪਨੀ ਦੀ ਲੀਡ ਪਰਾਜੈਕਟ ਡਿਜ਼ਾਇਨਰ ਸੀ।

ਉਹ ਉਨ੍ਹਾਂ ਹਜ਼ਾਰਾਂ ਪੜ੍ਹੇ ਲਿਖੇ ਅਤੇ ਗੁਣਵਾਨ ਲੋਕਾਂ ਵਿੱਚ ਸ਼ਾਮਿਲ ਹੈ ਜਿਨ੍ਹਾਂ ਨੂੰ ਅਮਰੀਕਾ ਦੀਆਂ ਟੈਕ ਕੰਪਨੀਆਂ ਨੇ ਨਵੰਬਰ ਮਹੀਨੇ ਕੱਢਿਆ ਸੀ।

ਉਸ ਨੇ ਇਸ ਬਾਰੇ ਹਾਲੇ ਆਪਣੇ ਮਾਂ-ਬਾਪ ਨੂੰ ਨਹੀਂ ਦੱਸਿਆ।

ਆਇਰ ਨੂੰ ਭਰੋਸਾ ਹੈ ਕਿ ਉਹ ਨਵੀਂ ਨੌਕਰੀ ਲੱਭ ਲਵੇਗੀ।

ਪਰ ਨਾਲ ਹੀ ਉਸ ਨੂੰ ਚਿੰਤਾ ਹੈ ਕਿ ਉਸ ਨੇ ਹਾਲੇ ਤੱਕ ਆਪਣੀ ਪੜ੍ਹਾਈ ਦਾ ਕਰਜ਼ ਵਾਪਿਸ ਨਹੀਂ ਕੀਤਾ।

ਉਸ ਕੋਲ ਭਾਰਤ ਅਤੇ ਅਮਰੀਕਾ ਦੇ ਨਾਮੀਂ ਕਾਲਜਾਂ ਦੀਆਂ ਡਿਗਰੀਆਂ ਹਨ।

ਉਹ ਅਮਰੀਕਾ ਵਿੱਚ ਓ-1 ਵੀਜ਼ੇ ਉੱਪਰ ਕੰਮ ਕਰ ਰਹੀ ਸੀ। ਇਹ ‘ਅਸਧਾਰਨ ਅਤੇ ਪ੍ਰਾਪਤੀ’ ਕਰਨ ਵਾਲੇ ਲੋਕਾਂ ਨੂੰ ਦਿੱਤਾ ਜਾਂਦਾ ਹੈ।

ਪਰ ਇਸ ਵੀਜ਼ੇ ਦੇ ਨਿਯਮਾਂ ਮੁਤਾਬਕ ਨੌਕਰੀ ਜਾਣ ਦੇ 60 ਦਿਨਾਂ ਤੱਕ ਹੀ ਅਮਰੀਕਾ ਵਿੱਚ ਰਿਹਾ ਜਾ ਸਕਦਾ ਹੈ।

ਉਹ ਕਹਿੰਦੀ ਹੈ, “ਮੈਂ ਨਵੀਂ ਨੌਕਰੀ ਲੈ ਲਵਾਂ ਇਸ ਲਈ ਉਨ੍ਹਾਂ ਨੇ ਮੈਨੂੰ ਇੱਕ ਮਹੀਨਾ ਹੋਰ ਦੇ ਦਿੱਤਾ ਹੈ। ਯਾਨੀ ਮੇਰੇ ਕੋਲ 3 ਮਹੀਨੇ ਹਨ।”

ਅਮਰੀਕਾ ਦੇ ਵਰਕਰ ਐਡਜਸਟਮੈਂਟ ਐਂਡ ਰੀਟਰੇਨਿੰਗ ਨੋਟੀਫਿਕੇਸ਼ਨ ਮੁਤਾਬਕ ਕਿਸੇ ਵੀ ਕੰਪਨੀ ਨੂੰ ਵੱਡੇ ਪੱਧਰ ’ਤੇ ਕਰਮਚਾਰੀਆਂ ਨੂੰ ਕੱਢਣ ਤੋਂ ਪਹਿਲਾਂ 60 ਦਿਨਾਂ ਦਾ ਨੋਟਿਸ ਦੇਣਾ ਹੁੰਦਾ ਹੈ।

ਟੈਕ
BBC

ਨੌਕਰੀਆਂ ਦਾ ਕੀ ਹਾਲ ਹੈ ?

  • ਅਮਰੀਕਾ ਵਿੱਚ ਟੈਕ ਕੰਪਨੀਆਂ ’ਚੋਂ ਕੱਢੋ ਨੌਜਵਾਨ ਲੱਭ ਰਹੇ ਨੇ ਨੌਕਰੀਆਂ।
  • ਲੇਆਫ਼ਸ ਡਾਟ ਐਫ਼ਆਈਆਈ ਮੁਤਾਬਕ ਦੁਨੀਆਂ ਵਿੱਚ 120,000 ਨੌਕਰੀਆਂ ਗਈਆਂ ਹਨ।
  • ਅਮਰੀਕਾ ਵਿੱਚ ਐੱਚ-1 ਬੀ ਅਤੇ ਦੂਜੇ ਵੀਜ਼ਿਆਂ ਉੱਪਰ ਕੰਮ ਕਰਨ ਵਾਲੇ ਵੱਡੀ ਗਿਣਤੀ ਵਿੱਚ ਭਾਰਤੀ ਹਨ।
  • ਕਈਆਂ ਨੇ ਹਾਲੇ ਤੱਕ ਇਸ ਬਾਰੇ ਮਾਂ-ਬਾਪ ਨੂੰ ਨਹੀਂ ਦੱਸਿਆ।
  • ਮੈਟਾ ਨੇ ਸੰਸਾਰ ਪੱਧਰ ਉੱਪਰ 11 ਹਜ਼ਾਰ ਲੋਕਾਂ ਨੂੰ ਕੱਢਿਆ ਹੈ।
ਟੈਕ
BBC

ਕਰਜ਼ ਵਾਪਸੀ ਦੀ ਚਿੰਤਾ

ਇਨ੍ਹਾਂ ਲੋਕਾਂ ਦੀਆਂ ਸਾਰੀਆਂ ਯੋਜਨਾਵਾਂ ਖ਼ਰਾਬ ਹੋ ਗਈਆਂ ਹਨ।

ਇਨ੍ਹਾਂ ਕੋਲ ਸਮਾਂ ਘੱਟ ਹੈ ਅਤੇ ਅਮਰੀਕਾ ਵਿੱਚ ਰਹਿ ਰਹੇ ਇਹ ਲੋਕ ਹੁਣ ਪਰੇਸ਼ਾਨ ਹਨ।

ਕੁਝ ਲੋਕਾਂ ਨੂੰ ਪਰਿਵਾਰਾਂ ਦਾ ਸਹਾਰਾ ਹੈ ਪਰ ਕਈ ਅਜਿਹੇ ਵੀ ਹਨ ਜਿਨ੍ਹਾਂ ਨੇ ਹਜ਼ਾਰਾਂ ਡਾਲਰ ਦਾ ਕਰਜ਼ ਦੇਣਾ ਹੈ।

ਨਮਨ ਕਪੂਰ ਕੋਲ ਐੱਫ਼-1 (OPT) ਦਾ ਵੀਜ਼ਾ ਹੈ।

ਨੌਕਰੀ ਤੋਂ ਕੱਢੇ ਜਾਣ ਤੋਂ ਪਹਿਲਾਂ ਉਹ ਮੈਟਾ ਵਿੱਚ ਪ੍ਰੋਡਕਸ਼ਨ ਇੰਜੀਨੀਅਰ ਸਨ।

ਨਿਊਯਾਰਕ ਯੂਨੀਵਰਸਿਟੀ ਵਿੱਚ ਮਾਸਟਰਜ਼ ਦੀ ਡਿਗਰੀ ਕਰਨ ਲਈ ਉਨ੍ਹਾਂ ਨੇ ਪੈਸੇ ਉਧਾਰ ਲਏ ਸਨ।

ਨਿਰਾਸ਼ਾ ਭਰੀ ਆਵਾਜ਼ ਵਿੱਚ ਉਹ ਕਹਿੰਦੇ ਹਨ, “ਅਮਰੀਕਾ ਵਿੱਚ ਪੜ੍ਹਾਈ ਦੇ ਨਾਲ-ਨਾਲ ਕੰਮ ਦਾ ਤਜਰਬਾ ਵੀ ਮਿਲਦਾ ਹੈ। ਇਥੇ ਪੜ੍ਹਨ ਦਾ ਮਕਸਦ ਇਹੋ ਹੈ। ਮੈਂ ਆਪਣੇ ਖਰਚੇ ਲਈ ਕੰਮ ਕੀਤਾ।”

ਟੈਕ
BBC

ਇਹ ਵੀ ਪੜ੍ਹੋ:

ਟੈਕ
BBC

ਮੈਟਾ ’ਚੋਂ ਕੱਢੇ ਗਏ 11 ਹਜ਼ਾਰ ਲੋਕ

ਇੰਟਰਵਿਊ ਦੇ ਕਈ ਪੜਾਅ ਪਾਰ ਕਰਨ ਤੋਂ ਬਾਅਦ ਉਸ ਨੂੰ ਨੌਕਰੀ ਮਿਲੀ ਪਰ ਸਿਰਫ਼ ਸੱਤ ਹਫ਼ਤਿਆਂ ਬਾਅਦ ਉਸ ਨੂੰ ਕੱਢ ਦਿੱਤਾ ਗਿਆ।

ਉਹ ਕਹਿੰਦੇ ਹਨ, “ਨੌਂ ਨਵੰਬਰ ਨੂੰ ਸਵੇਰੇ ਅੱਠ ਵਜੇ ਮੈਨੂੰ ਬਰਖਾਸਤਗੀ ਦੀ ਈਮੇਲ ਮਿਲੀ। ਮੈਟਾ ਨੇ ਮੈਨੂੰ ਚਾਰ ਮਹੀਨਿਆਂ ਦੀ ਤਨਖਾਹ ਦਿੱਤੀ ਪਰ ਮੇਰੇ ਕੋਲ ਨੌਕਰੀ ਲੱਭਣ ਜਾਂ ਵਾਪਸ ਜਾਣ ਲਈ 3 ਮਹੀਨੇ ਦਾ ਸਮਾਂ ਹੈ।”

ਮੈਟਾ ਨੇ ਸੰਸਰ ਪੱਧਰ ਉਪਰ 11 ਹਜ਼ਾਰ ਲੋਕਾਂ ਨੂੰ ਕੱਢਿਆ ਹੈ।

ਹਾਲਾਂਕਿ ਕਿਸ ਦੇਸ਼ ਵਿੱਚੋਂ ਕਿੰਨੇ ਲੋਕਾਂ ਨੂੰ ਕੱਢਿਆ ਹੈ, ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।

ਮੈਟਾ ਦੇ ਸੀਈਓ ਮਾਰਕ ਜ਼ਕਰਬਰਗ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਕੱਢਿਆ ਗਿਆ ਹੈ, ਉਹਨਾਂ ਨੂੰ 16 ਹਫ਼ਤਿਆਂ ਦੀ ਬੇਸਿਕ ਤਨਖ਼ਾਹ ਅਤੇ ਹਰ ਇੱਕ ਸਾਲ ਲਈ 2 ਹਫ਼ਤਿਆਂ ਦੀ ਤਨਖ਼ਾਹ ਦਿੱਤੀ ਗਈ ਹੈ।

ਜਿਨ੍ਹਾਂ ਲੋਕਾਂ ਨੂੰ ਕੱਢਿਆ ਗਿਆ ਹੈ, ਉਨ੍ਹਾਂ ਵਿੱਚੋਂ ਕਈ ਤਾਂ ਕੁਝ ਸਾਲ ਪਹਿਲਾਂ ਹੀ ਅਮਰੀਕਾ ਆਏ ਸਨ।

ਹਾਲਾਂਕਿ ਕਈ ਲੋਕਾਂ ਲਈ ਅਮਰੀਕਾ ਹੀ ਉਹਨਾਂ ਦਾ ਘਰ ਹੈ। ਉਹ ਕਈ ਸਾਲਾਂ ਤੋਂ ਉੱਥੇ ਹੀ ਰਹਿ ਰਹੇ ਹਨ।

ਮਿਸ ਭਾਰਤ ਕੈਲੀਫੋਰਨੀਆਂ ਮੁਕਾਬਲੇ ਦੀ ਜੇਤੂ ਸੁਰਭੀ ਗੁਪਤਾ ਜੋ ਨੈਟਫਲਿਕਸ ਦੀ ਸੀਰੀਜ਼ ਇੰਡੀਆਨ ਮੈਚਮੈਕਿੰਗ ਵਿੱਚ ਵੀ ਆਈ ਸੀ, ਉਹ 2009 ਤੋਂ ਅਮਰੀਕਾ ਵਿੱਚ ਰਹਿ ਰਹੀ ਸੀ।

ਮੈਟਾ ਵਿੱਚ ਉਹ ਬਤੌਰ ਪਰਾਜੈਕਟ ਮੈਨੇਜਰ ਕੰਮ ਕਰ ਰਹੀ ਸੀ ਪਰ ਨਵੰਬਰ ਵਿੱਚ ਉਨ੍ਹਾਂ ਨੂੰ ਵੀ ਕੱਢ ਦਿੱਤਾ ਗਿਆ।

ਉਹ ਕਹਿੰਦੇ ਹਨ, “ਮੇਰੀ ਜ਼ਿੰਦਗੀ ਵੀਜ਼ੇ ਉੱਪਰ ਹੀ ਨਿਰਭਰ ਹੈ। ਮੈਂ 15 ਸਾਲਾਂ ਤੋਂ ਬਹੁਤ ਮਿਹਨਤ ਕੀਤੀ। ਮੈਂ ਕਿਸੇ ਉੱਪਰ ਵੀ ਨਿਰਭਰ ਨਹੀਂ ਹਾਂ। ਹੁਣ ਮੈਨੂੰ ਨਵੀਂ ਨੌਕਰੀ ਲੱਭਣੀ ਪੈਣੀ ਹੈ। ਦਸੰਬਰ ਆਉਣ ਵਾਲਾ ਹੈ ਅਤੇ ਛੁੱਟੀਆਂ ਕਾਰਨ ਭਰਤੀ ਵੀ ਘੱਟ ਹੀ ਹੋ ਰਹੀ। ਮੈਂ ਪ੍ਰੀਖਿਆ ਦੇ-ਦੇ ਕੇ ਥੱਕ ਗਈ ਹਾਂ, ਮੈਂ ਕਿੰਨੀ ਕੁ ਮਜ਼ਬੂਤ ਹੋ ਸਕਦੀ ਹਾਂ?”

ਜਿਨ੍ਹਾਂ ਲੋਕਾਂ ਦੀ ਨੌਕਰੀ ਚਲੀ ਗਈ, ਉਹ ਸਿਰਫ਼ ਨੌਕਰੀ ਨਹੀਂ ਲੱਭ ਰਹੇ ਬਲਕਿ ਅਜਿਹੀਆਂ ਕੰਪਨੀਆਂ ਲਭ ਰਹੇ ਹਨ ਜੋਂ ਉਨ੍ਹਾਂ ਦੇ ਵੀਜ਼ੇ ਦਾ ਕੰਮ ਵੀ ਕਰਵਾ ਦੇਣ।

ਇਸ ਦਾ ਕਾਰਨ ਹੈ ਕਿ ਉਨ੍ਹਾਂ ਨੂੰ ਵੀਜ਼ਾ ਤਬਦੀਲੀ ਦੀ ਔਖੀ ਪ੍ਰਕਿਰਿਆ ਪੂਰੀ ਕਰਨ ਲਈ ਸਮਾਂ ਮਿਲ ਜਾਵੇਗਾ।

ਸੈਨ ਜੋਸ ਵਿੱਚ ਰਹਿਣ ਵਾਲੀ ਇਮੀਗਰੇਸ਼ਨ ਅਟਾਰਨੀ ਸਵਾਤੀ ਖੰਡੇਲਵਾਲ ਕਹਿੰਦੀ ਹੈ ਕਿ ਆਖਰੀ ਸਮੇਂ ਵਿੱਚ ਨੌਕਰੀ ਲੱਭਣਾ ਕਾਫ਼ੀ ਔਖਾ ਕੰਮ ਹੁੰਦਾ ਹੈ।

ਕਈ ਲੋਕ ਮਦਦ ਲਈ ਸਾਹਮਣੇ ਆਏ

ਸਵਾਤੀ ਖੰਡੇਲਵਾਲ ਕਹਿੰਦੀ ਹੈ, “ਜੇਕਰ ਨੌਕਰੀ ਦੇਣ ਵਾਲਾ 60 ਦਿਨਾਂ ਅੰਦਰ ਵੀਜ਼ਾ ਤਬਦੀਲ ਨਹੀਂ ਕਰਵਾ ਸਕਦਾ ਤਾਂ ਲੋਕਾਂ ਨੂੰ ਅਮਰੀਕਾ ਛੱਡ ਕੇ ਜਾਣਾ ਪਵੇਗਾ। ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਉਹ ਫੇਰ ਵਾਪਸ ਆ ਸਕਦਾ ਹੈ। ਪਰ ਸੱਚ ਇਹ ਹੈ ਕਿ ਅਜਿਹੇ ਲੋਕ ਭਾਰਤ ਵਿੱਚ ਫਸ ਜਾਣਗੇ ਕਿਉਂਕਿ ਵਣਜ ਦੂਤਾਵਾਸ ਵਿੱਚ ਮੁਲਾਕਾਤ ਨਹੀਂ ਮਿਲਦੀ।”

ਖੰਡੇਲਵਾਲ ਮੁਤਾਬਕ, “ਇਹ ਖ਼ਾਸ ਤੌਰ ’ਤੇ ਸਭ ਤੋਂ ਵੱਧ ਭਾਰਤੀਆਂ ਨੂੰ ਪ੍ਰਭਾਵਿਤ ਕਰੇਗਾ। ਲੋਕਾਂ ਵੱਲੋਂ ਸਲਾਹ ਲਈ ਆਉਣ ਵਾਲੀਆਂ ਕਾਲਾਂ ਦੀ ਗਿਣਤੀ ਵੱਧ ਗਈ ਹੈ। ਹਰ ਕੋਈ ਪ੍ਰੇਸ਼ਾਨ ਹੈ। ਉਹ ਵੀ ਜਿਨ੍ਹਾਂ ਦੀ ਨੌਕਰੀ ਬਚੀ ਹੋਈ ਹੈ। ਡਰ ਹੈ ਕਿ ਬਾਅਦ ਵਿੱਚ ਉਨ੍ਹਾਂ ਦਾ ਨੰਬਰ ਆਏਗਾ।”

ਉਹ ਕਹਿੰਦੇ ਹਨ, “ਮੈਂ ਇੱਕ ਜ਼ੀਨੋ ਬਣਾਇਆ ਹੈ ਤਾਂ ਕਿ ਜਿੰਨ੍ਹਾਂ ਲੋਕਾਂ ਦੀ ਨੌਕਰੀ ਗਈ ਹੈ, ਉਨ੍ਹਾਂ ਨੂੰ ਜਲਦੀ ਨੌਕਰੀ ਮਿਲ ਸਕੇ। ਇਸ ਉਪਰ ਹਾਲੇ ਤੱਕ 15000 ਵਿਜ਼ਟ ਹੋਈ ਹੈ।''''''''

''''''''ਮੇਰੇ ਲਿੰਕਡਿਨ ਉੱਤੇ ਛੇ ਲੱਖ ਤੋਂ ਜ਼ਿਆਦਾ ਵਿਉਜ਼ ਹਨ। ਕਰੀਬ 100 ਉਮੀਦਵਾਰ, 25 ਕੰਪਨੀਆਂ ਅਤੇ 30 ਮੈਂਟਰ ਨੇ ਸਾਇਨ ਅੱਪ ਕੀਤਾ ਹੈ। ਕਈ ਇਮੀਗਰੇਸ਼ਨ ਅਟਾਰਨੀ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ।”

ਸੋਮਯਾ ਆਇਰ ਕਹਿੰਦੇ ਹਨ, “ਅਸੀਂ ਕੰਪਨੀ ਦੀ ਹਾਲਤ ਚੰਗੀ ਬਣਾਉਣ ਲਈ ਕਦਮ ਚੁੱਕੇ ਪਰ ਅਸੀਂ ਇਹ ਉਮੀਦ ਨਹੀਂ ਕੀਤੀ ਸੀ ਕਿ ਇਸ ਦਾ ਅਸਰ ਸਾਡੇ ਉਪਰ ਪਵੇਗਾ। ਜਦੋਂ ਤੱਕ ਤੁਹਾਡੇ ਉੱਪਰ ਅਸਰ ਨਹੀਂ ਪੈਂਦਾ, ਤੁਸੀਂ ਸਹੀ ਹਾਲਤ ਨੂੰ ਨਹੀਂ ਸਮਝ ਸਕਦੇ।”



Related News