ਸਿੱਧੂ ਮੂਸੇਵਾਲਾ ਦੀ ਯਾਦ ’ਚ ਲਾਉਡਸਪੀਕਰ ਤੋਂ ਦੀਵਾਲੀ ਨਾ ਮਨਾਉਣ ਦੀ ਅਪੀਲ, ਲੋਕ ਕਰ ਰਹੇ ਇਨਸਾਫ਼ ਦੀ ਮੰਗ
Monday, Oct 24, 2022 - 10:25 AM (IST)
"ਮੇਰਾ ਛੋਟਾ ਬੇਟਾ ਸਿੱਧੂ ਮੂਸੇਵਾਲਾ ਦਾ ਪ੍ਰਸ਼ੰਸਕ ਹੈ ਅਤੇ ਅਸੀਂ ਇੰਗਲੈਂਡ ਤੋਂ ਇੱਥੇ ਆਏ ਹਾਂ। ਅਸੀਂ ਭਾਰਤ ਆਉਣ ਤੋਂ ਪਹਿਲਾਂ ਹੀ ਸੋਚਿਆ ਸੀ ਕਿ ਅਸੀਂ ਮੂਸਾ ਪਿੰਡ ਜ਼ਰੂਰ ਜਾਣਾ ਹੈ।"
ਇੰਗਲੈਂਡ ਤੋਂ ਆਏ ਫੌਜਾ ਗਿੱਲ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚੇ ਹਨ। ਦੀਵਾਲੀ ਦੇ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਇੱਥੇ ਪਹੁੰਚ ਰਹੇ ਹਨ ਪਰ ਪਿੰਡ ਵਿੱਚ ਦੀਵਾਲੀ ਨਾ ਮਨਾਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ।
29 ਮਈ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿਚ ਕਈ ਗ੍ਰਿਫ਼ਤਾਰੀਆਂ ਵੀ ਹੋਈਆਂ ਹਨ।
''''ਸਾਡਾ ਦੀਵਾਲੀ ਮਨਾਉਣ ਦਾ ਕੋਈ ਮਨ ਨਹੀਂ''''
ਮੂਸਾ ਪਿੰਡ ਦੇ ਵਾਸੀ ਤਰਸੇਮ ਸਿੰਘ ਵੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਾਂਗ ਉਸ ਜਗ੍ਹਾ ''''ਤੇ ਪਹੁੰਚੇ ਸਨ ਜਿਥੇ ਸਿੱਧੂ ਮੂਸੇਵਾਲਾ ਨੂੰ ਅੰਤਿਮ ਵਿਦਾਈ ਦਿੱਤੀ ਗਈ ਹੈ।
ਇਸ ਜਗ੍ਹਾ ''''ਤੇ ਪਿੰਡ ਦੇ ਅਤੇ ਹੋਰ ਥਾਵਾਂ ਤੋਂ ਆਏ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਜ਼ਰ ਆਏ।
"ਸਿੱਧੂ ਮੂਸੇਵਾਲਾ ਤੋਂ ਬਿਨਾਂ ਸਾਡੀ ਦੀਵਾਲੀ ਕਾਲੀ ਹੈ।ਜੇਕਰ ਅੱਜ ਉਹ ਇੱਥੇ ਹੁੰਦੇ ਤਾਂ ਦੀਵਾਲੀ ਦੀ ਗੱਲ ਕੁਝ ਹੋਰ ਹੁੰਦੀ।"
ਸਿੱਧੂ ਮੁਸੇਵਾਲਾ ਨੂੰ ਯਾਦ ਕਰਦੇ ਹੋਏ ਤਰਸੇਮ ਸਿੰਘ ਅੱਗੇ ਆਖਦੇ ਹਨ,"ਉਨ੍ਹਾਂ ਵਿੱਚ ਇੱਕ ਸੈਲੀਬ੍ਰਿਟੀ ਵਰਗੀ ਕੋਈ ਗੱਲ ਨਹੀਂ ਸੀ। ਉਹ ਆਮ ਲੋਕਾਂ ਵਾਂਗ ਸਾਨੂੰ ਪਿਆਰ-ਸਤਿਕਾਰ ਨਾਲ ਮਿਲਦੇ ਸਨ। ਸਾਨੂੰ ਅੱਜ ਵੀ ਇਨਸਾਫ਼ ਦੀ ਉਡੀਕ ਹੈ।"
ਬਚਪਨ ਤੋਂ ਸਿੱਧੂ ਮੂਸੇਵਾਲਾ ਨੂੰ ਜਾਣਦੇ ਪਿੰਡ ਦੇ ਹੀ ਜਸ਼ਨਪ੍ਰੀਤ ਸਿੰਘ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ।
ਉਨ੍ਹਾਂ ਕਿਹਾ, "ਭਾਵੇਂ ਦੁਨੀਆ ਉਨ੍ਹਾਂ ਨੂੰ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਨਾਮ ਨਾਲ ਜਾਣਦੀ ਸੀ ਪਰ ਅਸੀਂ ਉਨ੍ਹਾਂ ਨੂੰ ਗੱਗੂ ਆਖਦੇ ਸੀ। ਉਨ੍ਹਾਂ ਦਾ ਪਰਿਵਾਰ ਬਹੁਤ ਚੰਗਾ ਹੈ ਅਤੇ ਮੈਂ ਉਨ੍ਹਾਂ ਦੇ ਸਕੂਲ ਵਿੱਚ ਹੀ ਪੜ੍ਹਿਆ ਹਾਂ।"
ਸਿੱਧੂ ਮੂਸੇਵਾਲਾ ਦੇ ਬੁੱਤ ਵੱਲ ਦੇਖਦਿਆਂ ਜਸ਼ਨਪ੍ਰੀਤ ਭਾਵੁਕ ਹੁੰਦਿਆਂ ਕਹਿੰਦੇ ਹਨ ਕਿ ਸਿੱਧੂ ਮੂਸੇਵਾਲਾ ਨੂੰ ਸਭ ਯਾਦ ਕਰਦੇ ਹਨ ਅਤੇ ਕਿਸੇ ਦਾ ਦੀਵਾਲੀ ਮਨਾਉਣ ਦਾ ਮਨ ਨਹੀਂ ਹੈ।
"ਮੈਂ ਤੇ ਸਿੱਧੂ ਮੂਸੇਵਾਲਾ ਨੇ ਬਚਪਨ ਵਿੱਚ ਇਕੱਠੇ ਟੋਭੇ ਕੋਲ ਪਟਾਕੇ ਚਲਾਏ ਹਨ। ਮੈਂ ਹੁਣ ਵੀ ਉਨ੍ਹਾਂ ਦੇ ਘਰ ਜਾਂਦਾ ਹਾਂ ਪਰ ਹੁਣ ਸਾਡਾ ਦਿਲ ਨਹੀਂ ਲੱਗਦਾ।"
ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਹੋਇਆ ਬੇਅੰਤ ਕੌਰ ਆਖਦੇ ਹਨ,"ਸਾਡੇ ਲਈ ਇਹ ਦੀਵਾਲੀ ਕਾਲੀ ਹੈ। ਸਿੱਧੂ ਮੂਸੇਵਾਲਾ ਦੀ ਮੌਤ ਸਮੇਂ ਅਸੀਂ ਮੁੰਬਈ ਵਿੱਚ ਮੌਜੂਦ ਸੀ ਅਤੇ ਇਥੇ ਪਹੁੰਚ ਨਹੀਂ ਪਾਏ ਸੀ। ਅਸੀਂ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੇ ਹਾਂ। ਉਨ੍ਹਾਂ ਦੇ ਮਾਤਾ ਪਿਤਾ ਬਾਰੇ ਸੋਚ ਕੇ ਸਾਨੂੰ ਬਹੁਤ ਦੁੱਖ ਹੁੰਦਾ ਹੈ। ਉਨ੍ਹਾਂ ਨੇ ਮਾਨਸਾ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕੀਤਾ ਸੀ।"
-
ਮੂਸਾ ਪਿੰਡ ਦੇ ਕੁਲਦੀਪ ਸਿੰਘ ਆਖਦੇ ਹਨ ਕਿ ਸਿੱਧੂ ਮੂਸੇਵਾਲਾ ਨੇ ਨੌਜਵਾਨਾਂ ਵਿਚ ਇੱਕ ਵਾਰ ਫਿਰ ਦਸਤਾਰ ਪ੍ਰਤੀ ਪਿਆਰ ਜਗਾਇਆ ਹੈ।
ਸਿੱਧੂ ਮੂਸੇਵਾਲਾ ਦੇ ਬੁੱਤ ਦੇ ਨਜ਼ਦੀਕ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਤਸਵੀਰਾਂ ਅਤੇ ਉਨ੍ਹਾਂ ਨਾਲ ਸਬੰਧਿਤ ਹੋਰ ਸਾਮਾਨ ਖ਼ਰੀਦਦੇ ਹੋਏ ਵੀ ਨਜ਼ਰ ਆਏ।
ਪਿੰਡ ਜਵਾਹਰ ਕੇ ਵਿਖੇ ਵੀ ਮਾਹੌਲ ਗ਼ਮਗੀਨ
ਸਿੱਧੂ ਮੂਸੇਵਾਲਾ ਦਾ ਕਤਲ ਮੂਸਾ ਪਿੰਡ ਦੇ ਨਜ਼ਦੀਕ ਜਵਾਹਰਕੇ ਵਿਖੇ ਹੋਇਆ ਸੀ।
ਬੀਬੀਸੀ ਟੀਮ ਨੇ ਇਸ ਪਿੰਡ ਦਾ ਵੀ ਜਾਇਜ਼ਾ ਲਿਆ।
ਪਿੰਡ ਦੇ ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਐਲਾਨ ਕੀਤਾ ਜਾ ਰਿਹਾ ਸੀ ਕਿ ਪਿੰਡ ਵਿਚ ਦੀਵਾਲੀ ਨਾ ਮਨਾਈ ਜਾਵੇ। ਪਿੰਡ ਮੂਸਾ ਦੇ ਵਸਨੀਕਾਂ ਵੱਲੋਂ ਵੀ ਦੀਵਾਲੀ ਦੀਆਂ ਖੁਸ਼ੀਆਂ ਨਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਪੰਜਾਬ ਪੁਲਿਸ ਸ਼ੁਭਦੀਪ ਸਿੰਘ ਸਿੱਧੂ ਯਾਨੀ ਸਿੱਧੂ ਮੂਸੇਵਾਲਾ ਕੇਸ ਵਿੱਚ ਦਿੱਲੀ ਪੁਲਿਸ ਸਣੇ ਕਈ ਹੋਰ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਹਾਲ ਹੀ ਵਿੱਚ ਦਿੱਲੀ ਪੁਲਿਸ ਨੇ ਦੀਪਕ ਮੁੰਡੀ, ਕਪਿਲ ਪੰਡਿਤ ਅਤੇ ਰਜਿੰਦਰ ਜੌਕਰ ਨੂੰ ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਇਨ੍ਹਾਂ ਤਿੰਨਾ ਨੂੰ ਪੇਸ਼ੀ ਲਈ ਪੰਜਾਬ ਲਿਆਂਦਾ ਗਿਆ ਸੀ।
ਸਿੱਧੂ ਮੂਸੇਵਾਲਾ ਕੇਸ: ਹੁਣ ਤੱਕ ਕੀ-ਕੀ ਹੋਇਆ
29 ਮਈ 2022, ਦਿਨ ਐਤਵਾਰ ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਹੋਇਆ।
ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।
ਇਸ ਘਟਨਾ ਵਿੱਚ ਮੂਸੇਵਾਲਾ ਦੇ ਦੋ ਸਾਥੀ ਵੀ ਜ਼ਖਮੀ ਹੋਏ। ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਸੈਂਕੜੇ ਲੋਕਾਂ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਜਾਂ ਤਾਂ ਹਟਾ ਲਈ ਸੀ ਜਾਂ ਘਟਾ ਦਿੱਤੀ ਸੀ।
ਮੂਸੇਵਾਲਾ ਦੀ ਵੀ ਸੁਰੱਖਿਆ ਘਟਾਈ ਗਈ ਸੀ। ਪੁਲਿਸ ਮੁਤਾਬਕ ਮੂਸੇਵਾਲਾ ਘਰੋਂ ਨਿਕਲਣ ਵੇਲੇ ਸੁਰੱਖਿਆ ਵਿੱਚ ਤੈਨਾਤ ਦੋਵੇਂ ਕਮਾਂਡੋ ਨਾਲ ਨਹੀਂ ਲੈ ਕੇ ਗਏ ਅਤੇ ਬੁਲੇਟ ਪਰੂਫ਼ ਗੱਡੀ ਵੀ ਛੱਡ ਗਏ।
ਕਤਲ ਤੋਂ ਕੁਝ ਘੰਟਿਆਂ ਬਾਅਦ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ।
ਇਸ ਕਤਲ ਕਾਂਡ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ ਡੀਜੀਪੀ ਪੰਜਾਬ ਦੇ ਤਤਕਾਲੀਨ ਡੀਜੀਪੀ ਵੀ.ਕੇ. ਭਾਵਰਾ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਨੂੰ ਗਠਿਤ ਕੀਤਾ।
ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਬੇਨਤੀ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਕਤਲ ਦੀ ਜਾਂਚ ਲਈ ਕਿਸੇ ਮੌਜੂਦਾ ਜੱਜ ਨੂੰ ਨਿਯੁਕਤ ਕਰਨ ਦੀ ਬੇਨਤੀ ਕੀਤੀ ਸੀ।
ਪੁਲਿਸ ਦੇ ਹੱਥ ਲੱਗੀ ਮਹੱਤਵਪੂਰਨ ਸਮੱਗਰੀ ਵਿੱਚੋਂ ਇੱਕ ਸੀਸੀਟੀਵੀ ਫੁਟੇਜ ਵੀ ਹੈ ਜੋ ਸੋਸ਼ਲ ਮੀਡੀਆ ''''ਤੇ ਸਾਹਮਣੇ ਆਈ , ਜਿਸ ਵਿੱਚ ਦਿਖਾਇਆ ਗਿਆ ਹੈ ਕਿ ਗਾਇਕ ਦੇ ਗੋਲੀ ਮਾਰਨ ਤੋਂ ਠੀਕ ਪਹਿਲਾਂ ਉਸ ਦੀ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮੋਗਾ ਵਿੱਚ ਇੱਕ ਛੱਡੀ ਹੋਈ ਕਾਰ ਬਰਾਮਦ ਕੀਤੀ ਗਈ ਹੈ।
ਪੁਲਿਸ ਨੇ ਦੱਸਿਆ ਸੀ ਕਿ ਫੋਰੈਂਸਿਕ ਟੀਮ ਨੇ ਵੀ ਕਾਰ ਦੀ ਜਾਂਚ ਕਰ ਕੇ ਸਬੂਤ ਇਕੱਠੇ ਕੀਤੇ ਹਨ।
ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਲੋਕ ਪਹੁੰਚੇ ਹੋਏ ਸਨ। ਇਨ੍ਹਾਂ ਵਿੱਚ ਕਲਾ, ਸੰਗੀਤ ਅਤੇ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਸਨ।
ਸਿੱਧੂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਯਾਦਗਾਰ ਬਣਾਈ ਗਈ ਹੈ।
ਪੁਲਿਸ ਨਾਲ 20 ਜੁਲਾਈ ਨੂੰ ਐਨਕਾਊਂਟਰ ਦੌਰਾਨ ਦੋ ਸ਼ੱਕੀ ਗੈਂਗਸਟਰਾਂ - ਮਨਪ੍ਰੀਤ ਮੰਨੂ ਕੁੱਸਾ ਤੇ ਜਗਰੂਪ ਰੂਪਾ - ਦੀ ਮੌਤ ਹੋ ਗਈ।
ਇਸੇ ਮਾਮਲੇ ਵਿੱਚ ਪੁਲਿਸ ਹਿਰਾਸਤ ਵਿੱਚ ਦੀਪਕ ਟੀਨੂੰ ਫ਼ਰਾਰ ਹੋ ਗਿਆ ਸੀ ਜਿਸ ਨੂੰ ਬਾਅਦ ਵਿਚ ਪੁਲਿਸ ਨੇ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਹੈ।
-
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)