ਵਾਜਪਈ ਤੇ ਲਿਜ਼ ਟ੍ਰਾਸ ਕੁਝ ਦਿਨ ਪੀਐੱਮ ਰਹੇ, ਤਾਂ ਉਹ ਆਗੂ ਵੀ ਹਨ ਜੋ ਘੰਟਿਆਂ ਲਈ ਅਹੁਦੇ ’ਤੇ ਰਹੇ
Saturday, Oct 22, 2022 - 03:40 PM (IST)
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟ੍ਰਸ ਦੀ ਰੁਖਸਤੀ ਤੋਂ ਬਾਅਦ ਕਿਹਾ ਜਾਵੇ ਤਾਂ ਦੇਸ ਕੋਲ ਛੇ ਸਾਲ ਦੇ ਅਰਸੇ ਦੌਰਾਨ ਹੀ ਘੱਟੋ-ਘੱਟ ਪੰਜ ਵੱਖੋ-ਵੱਖ ਪ੍ਰਧਾਨ ਮੰਤਰੀ ਹੋਣਗੇ। ਓਪਰੀ ਨਜ਼ਰੇ ਇਹ ਵਿੱਕ ਵਿਸ਼ਵ ਰਿਕਾਰਡ ਲੱਗ ਸਕਦਾ ਹੈ ਪਰ ਅਜਿਹਾ ਹੈ ਨਹੀਂ।
ਅਰਜਨਟੀਨਾ ਦੇ ਲੋਕ ਤੁਹਾਨੂੰ ਤੁਰੰਤ ਹੀ ਦੱਸ ਦੇਣਗੇ ਕਿ ਉਨ੍ਹਾਂ ਨੇ ਦੋ ਹਫ਼ਤਿਆਂ ਦੌਰਾਨ ਪੰਜ ਰਾਸ਼ਟਰਪਤੀ ਬਦਲਦੇ ਹੋਏ ਦੇਖੇ ਹਨ।
ਭਾਰਤ ਦੇ 13 ਦਿਨਾਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤਾਂ ਤੁਹਾਨੂੰ ਵੀ ਯਾਦ ਹੋਣਗੇ।
ਫਿਰ ਵੀ ਲਿਜ਼ ਟ੍ਰਸ ਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਵਜੋਂ 45 ਦਿਨਾਂ ਦਾ ਕਾਰਜਕਾਲ ਉੱਥੋਂ ਦੇ ਇਤਿਹਾਸ ਦੇ ਹਵਾਲੇ ਨਾਲ ਸਭ ਤੋਂ ਛੋਟਾ ਕਾਰਜਕਾਲ ਜ਼ਰੂਰ ਹੈ। ਹਾਂ ਜੇ ਵਿਸ਼ਵ ਦੇ ਕੁਝ ਹੋਰ ਲੋਕਾਂ ਨਾਲ ਇਸ ਦੀ ਤੁਲਨਾ ਕੀਤੀ ਜਾਵੇ ਤਾਂ ਇਹ ਬਹੁਤ ਲੰਬਾ ਕਿਹਾ ਜਾ ਸਕਦਾ ਹੈ।
ਨਾਜ਼ੀ ਜਰਮਨੀ ਦਾ ਇੱਕ ਰਾਤ ਦਾ ਚਾਂਸਲਰ
ਜੋਸੇਫ਼ ਗੋਬੇਲ ਨੂੰ ਨਾਜ਼ੀ ਸ਼ਾਸਨ ਦੇ ਪ੍ਰਾਪੇਗੰਡਾ (ਪ੍ਰਚਾਰ-ਪ੍ਰਸਾਰ) ਮੰਤਰੀ ਵਜੋਂ ਜਾਣਿਆ ਜਾਂਦਾ ਹੈ। ਜਰਮਨੀ ਵਿੱਚ ਸਾਲ 1936 ਤੋਂ 1947 ਤੱਕ ਨਾਜ਼ੀ ਸ਼ਾਸਨ ਰਿਹਾ।
ਹਾਲਾਂਕਿ ਬਹੁਤ ਥੋੜ੍ਹੇ ਲੋਕਾਂ ਨੂੰ ਪਤਾ ਹੈ ਕਿ ਜੋਸੇਫ਼ ਗੋਬੇਲ ਕੁਝ ਸਮਾਂ ਦੇਸ ਦੇ ਚਾਂਸਰਲ ਵੀ ਰਹੇ। ਭਾਵੇਂ ਇੱਕ ਦਿਨ ਹੀ ਸਹੀ।
ਇਹ ਉਦੋਂ ਹੋਇਆ ਜਦੋਂ ਦੂਜੇ ਵਿਸ਼ਵ ਯੁੱਧ ਦੇ ਅਖੀਰਲੇ ਦਿਨਾਂ ਦੇ ਵਿੱਚ ਯੁੱਧ ਯੂਰਪ ਵਿੱਚ ਭਖਿਆ ਹੋਇਆ ਸੀ। ਇਸੇ ਦੌਰਾਨ ਅਡੋਲਫ ਹਿਟਲਰ ਤੋਂ ਬਾਅਦ ਚਾਂਸਰਲ ਬਣੇ ਵਿਅਕਤੀ ਨੇ ਬਰਲਿਨ ਦੇ ਬੰਕਰ ਵਿਚ ਖੁਦਕੁਸ਼ੀ ਕਰ ਲਈ ਸੀ।
ਗੋਬੇਲਸ ਹਿਟਲਰ ਤੋਂ ਬਾਅਦ ਸੈਂਕਡ ਇਨ ਕਮਾਂਡ ਸਨ। ਪਰ ਉਨ੍ਹਾਂ ਨੇ ਅਤੇ ਉਹਾਂ ਦੀ ਪਤਨੀ ਨੇ ਆਪਣੇ ਛੇ ਬੱਚਿਆਂ ਨੂੰ ਸਾਈਨਾਇਡ ਦਾ ਜ਼ਹਿਰ ਦੇਣ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ।
- ਲਿਜ਼ ਟ੍ਰਸ ਦੀ ਬ੍ਰਿਟਿਸ਼ ਪ੍ਰਧਾਨ ਮੰਤਰੀ ਵਜੋਂ 45 ਦਿਨਾਂ ਦਾ ਕਾਰਜਕਾਲ ਉੱਥੋਂ ਦੇ ਇਤਿਹਾਸ ਦੇ ਹਵਾਲੇ ਨਾਲ ਸਭ ਤੋਂ ਛੋਟਾ ਕਾਰਜਕਾਲ ਜ਼ਰੂਰ ਹੈ ਪਰ ਰੁਕੋ ਜ਼ਰਾ...
- ਜੋਸੇਫ਼ ਗੋਬੇਲ ਜੋ ਕਿ ਹਿਟਲਰ ਤੋਂ ਬਾਅਦ ਸੈਂਕਡ ਇਨ ਕਮਾਂਡ ਸਨ, ਸਿਰਫ਼ ਇੱਕ ਦਿਨ ਹੀ ਨਾਜ਼ੀ ਜਰਮਨੀ ਦੇ ਚਾਂਸਰਲ ਰਹੇ।
- ਫਰਾਂਸ ਦੇ ਲੂਈਸ ਅਠਾਰਵੇਂ ਨੇ ਵੀ ਆਪਣੇ ਭਤੀਜੇ ਡਿਊਕ ਬੌਰਡਿਊਕਸ ਲਈ ਤਾਜਪੋਸ਼ੀ ਤੋਂ ਮਹਿਜ਼ 20 ਮਿੰਟਾਂ ਵਿੱਚ ਤਖਤ ਖਾਲੀ ਕਰ ਦਿੱਤਾ।
- ਵਿਲੀਅਮ ਹੈਰੀ ਹੈਰੀਸਨ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਰਹੇ ਹਨ ਜਿਨ੍ਹਾਂ ਦੀ ਮੌਤ ਇਸ ਅਹੁਦੇ ਉੱਪਰ ਰਹਿੰਦਿਆਂ ਹੋਈ ਤੇ ਉਹ ਸਭ ਤੋਂ ਥੋੜ੍ਹਾ ਸਮਾਂ ਇਸ ਅਹੁਦੇ ਉੱਤੇ ਬਿਰਾਜਮਾਨ ਰਹੇ।
- ਸਾਲ 2001 ਦੇ ਦਸੰਬਰ ਦੇ ਆਖਰੀ ਦਸ ਦਿਨਾਂ ਦੌਰਾਨ ਅਰਜਨਟੀਨਾ ਵਿੱਚ ਪੰਜ ਰਾਸ਼ਟਰਪਤੀ ਬਦਲੇ ਗਏ।
- ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ ਪਰ ਸਭ ਤੋਂ ਛੋਟਾ ਕਾਰਜਕਾਲ 13 ਦਿਨਾਂ ਦਾ ਸੀ।
- ਸਤੰਬਰ 2008 ਵਿੱਚ ਦੱਖਣੀ ਅਫ਼ਰੀਕਾ ਦੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਇਵੀ ਮਾਸਤੇਪੀ-ਕਾਸਬੁਰੀ ਦਾ ਕਾਰਜਕਾਲ ਮਹਿਜ਼ 15 ਘੰਟਿਆਂ ਦਾ ਸੀ।
- ਸਾਲ 1913 ਵਿੱਚ ਮੈਕਸੀਕੋ ਦੇ ਪੈਦਰੋ ਲਾਸਕੂਰੀਅਨ, ਇੱਕ ਫ਼ੌਜੀ ਰਾਜ ਪਲਟੇ ਦੌਰਾਨ ਇੱਕ ਘੰਟੇ ਤੋਂ ਵੀ ਥੋੜ੍ਹੇ ਸਮੇਂ ਲਈ ਦੇਸ਼ ਦੇ ਰਾਸ਼ਟਰਪਤੀ ਰਹੇ।
- ਰਾਜਿਆਂ ਅਤੇ ਰਾਣੀਆਂ ਨੂੰ ਚੋਣਾਂ ਤਾਂ ਨਹੀਂ ਲੜਨੀਆਂ ਪੈਂਦੀਆਂ। ਉਹ ਗਣਤੰਤਰਾਂ ਤੇ ਲੋਕਤੰਤਰਾਂ ਦੀ ਤੁਲਨਾ ਵਿੱਚ ਸੁਰੱਖਿਅਤ ਰਹਿੰਦੇ ਹਨ। ਹਾਲਾਂਕਿ ਇਹ ਗੱਲ ਸਾਰਿਆਂ ਲਈ ਸਹੀ ਨਹੀਂ।
ਵ੍ਹਾਈਟ ਹਾਊਸ ਵਿੱਚ ਇੱਕ ਮਹੀਨਾ
ਵਿਲੀਅਮ ਹੈਰੀ ਹੈਰੀਸਨ(1773-1841), ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਰਹੇ ਹਨ ਜਿਨ੍ਹਾਂ ਦੀ ਮੌਤ ਇਸ ਅਹੁਦੇ ਉੱਪਰ ਰਹਿੰਦਿਆਂ ਹੋਈ ਤੇ ਉਹ ਸਭ ਤੋਂ ਥੋੜ੍ਹਾ ਸਮਾਂ ਇਸ ਅਹੁਦੇ ਉੱਤੇ ਬਿਰਾਜਮਾਨ ਰਹੇ।
ਉਹ ਇੱਕ ਸਾਬਕਾ ਫੌਜੀ ਸਨ। ਉਨ੍ਹਾਂ ਨੂੰ ਰਾਸ਼ਟਰਪਤੀ ਬਣਿਆ ਅਜੇ 32 ਦਿਨ ਹੀ ਹੋਏ ਸਨ ਜਦੋਂ ਉਨ੍ਹਾਂ ਨੂੰ ਨਿਮੋਨੀਏ ਨੇ ਘੇਰ ਲਿਆ ਅਤੇ 68 ਸਾਲ ਦੀ ਉਮਰ ਵਿੱਚ ਓਨ੍ਹਾਂ ਦੀ ਮੌਤ ਹੋ ਗਈ।
ਅਰਜਨਟੀਨਾ ਦਾ ਸਿਆਸੀ ਕੌਤੂਹਲ
ਸਾਲ 2001 ਦੇ ਦਸੰਬਰ ਮਹੀਨੇ ਦੌਰਾਨ ਅਰਜਨਟੀਨਾ ਇੱਕ ਡੂੰਘੇ ਸੰਕਟ ਵਿੱਚੋਂ ਲੰਘ ਰਿਹਾ ਸੀ। ਆਰਥਿਕ ਸੰਕਟ ਦੇ ਲੱਛਣਾਂ ਵਜੋਂ ਦੇਸ਼ ਦੀਆਂ ਸੜਕਾਂ ਉੱਪਰ ਹਿੰਸਕ ਪ੍ਰਦਰਸ਼ਨ ਹੋ ਰਹੇ ਸਨ ਜਿਨ੍ਹਾਂ ਵਿੱਚ ਘੱਟੋ-ਘੱਟ 25 ਮੌਤਾਂ ਹੋ ਚੁੱਕੀਆਂ ਸਨ।
ਦੇਸ਼ ਦੇ ਵਿਗੜਦੇ ਮਾਹੌਲ ਦਾ ਪ੍ਰਛਾਵਾਂ ਦੇਸ਼ ਦੇ ਸਿਆਸੀ ਗਲਿਆਰਿਆਂ ਉੱਪਰ ਵੀ ਅਸਰ ਅੰਦਾਜ਼ ਹੋਇਆ ਅਤੇ ਰਾਸ਼ਟਰਪਤੀ ਫਰਨਾਂਡੋ ਡੀ ਲਾ ਰੂਆ ਨੂੰ 20 ਦਸੰਬਰ ਨੂੰ ਅਸਤੀਫ਼ਾ ਦੇਣਾ ਪਿਆ।
ਉਸ ਤੋਂ ਬਾਅਦ ਦੇਸ਼ ਵਿੱਚ ਦਿਲਚਸਪ ਸਿਆਸੀ ਡਰਾਮਾ ਚੱਲਿਆ।
ਰੂਆ ਤੋਂ ਬਾਅਦ ਸੀਨੇਟ ਵਿੱਚ ਬਹੁਗਿਣਤੀ ਦੇ ਆਗੂ ਰੇਮੌਨ ਪੁਏਤਰਾ ਰਾਸ਼ਟਰਪਤੀ ਬਣੇ। ਇਸਦੀ ਵਜ੍ਹਾ ਸੀ ਕਿ ਉਪ-ਰਾਸ਼ਟਰਪਤੀ ਦੀ ਕੁਰਸੀ ਪਹਿਲਾਂ ਤੋਂ ਹੀ ਖਾਲੀ ਪਈ ਸੀ।
ਦੋ ਦਿਨਾਂ ਬਾਅਦ ਪੁਏਤਰਾ ਨੇ ਵੀ ਅਹੁਦਾ ਛੱਡ ਦਿੱਤਾ ਕਿਉਂਕਿ ਕਾਂਗਰਸ ਵੱਲੋਂ ਚੁਣੇ ਗਏ ਏਡੌਲਫ਼ੋ ਰੌਡਰਿਗੁਏਜ਼ ਸਾਅ ਨੇ ਅਹੁਦਾ ਸੰਭਾਲਣਾ ਸੀ। ਅਰਜਨਟੀਨਾ ਦੇ ਰਾਸ਼ਟਰਪਤੀ ਦੇ ਦਫ਼ਤਰ ਨੂੰ ਕਾਸਾ ਰੋਸਾਡਾ ਕਿਹਾ ਜਾਂਦਾ ਹੈ।
ਆਪਣੇ ਆਰਥਿਕ ਸੁਧਾਰਾਂ ਨੂੰ ਮਿਲੀ ਹਮਾਇਤ ਖੁਰਦੀ ਦੇਖਕੇ ਇੱਕ ਹਫ਼ਤੇ ਦੇ ਅੰਦਰ ਹੀ ਸਾਅ ਨੇ ਵੀ ਅਸਤੀਫ਼ਾ ਦੇ ਦਿੱਤਾ।
ਕਾਨੂੰਨ ਮੁਤਾਬਕ ਅਸਤੀਫ਼ੇ ਤੋਂ ਬਾਅਦ ਉਹ ਆਪਣੀ ਪਿਛਲੀ ਭੂਮਿਕਾ ਵਿੱਚ ਆ ਸਕਦੇ ਸਨ ਪਰ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ ਅਤੇ ਸੀਨੇਟ ਦੇ ਆਗੂ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਉਨ੍ਹਾਂ ਤੋਂ ਬਾਅਦ ਚੈਂਬਰ ਆਫ਼ ਡਿਪਿਊਟੀਜ਼ ਦੇ ਆਗੂ ਇਡਿਆਰਡੋ ਕਮੈਨੋ ਚੌਥੇ (ਜੇ ਤੁਸੀਂ ਗਿਣਤੀ ਭੁੱਲ ਗਏ ਹੋਵੋਂ ਤਾਂ) ਰਾਸ਼ਟਰਪਤੀ ਬਣੇ।
ਤਿੰਨ ਦਿਨਾਂ ਬਾਅਦ ਹੀ ਉਨ੍ਹਾਂ ਨੇ ਵੀ ਅਹੁਦਾ ਛੱਡ ਦਿੱਤਾ। ਉਨ੍ਹਾਂ ਦੀ ਥਾਂ ਅਹੁਦਾ ਸੰਭਾਲਿਆ ਕਾਂਗਰਸ ਦੇ ਹੀ ਇੱਕ ਹੋਰ ਚੁਣੇ ਹੋਏ ਆਗੂ ਇਡਿਆਰਡੋ ਦੁਲਾਦੇ ਨੇ, ਉਹ ਸਾਲ 2003 ਦੀਆਂ ਆਮ ਚੋਣਾਂ ਤੱਕ ਅਰਜਨਟੀਨਾ ਦੇ ਰਾਸ਼ਟਰਪਤੀ ਰਹੇ।
ਭਾਰਤ ਦੇ ਅਟਲ ਬਿਹਾਰੀ ਵਾਜਪਾਈ 13 ਦੇ ਦਿਨਾਂ ਦੇ ਪੀਐਮ
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇਸ਼ ਦੇ ਸਭ ਤੋਂ ਥੋੜ੍ਹਾ ਸਮਾਂ ਪ੍ਰਧਾਨ ਮੰਤਰੀ ਰਹੇ ਹਨ। ਉਹ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ ਪਰ ਸਭ ਤੋਂ ਛੋਟਾ ਕਾਰਜਕਾਲ 13 ਦਿਨਾਂ ਦਾ ਸੀ। ਸਾਲ 1996 ਵਿੱਚ ਉਹ ਲੋਕ ਸਭਾ ਵਿੱਚ ਇਹ ਇੱਕ ਗਠਜੋੜ ਸਰਕਾਰ ਦੇ ਆਗੂ ਸਨ ਪਰ ਬਹੁਮਤ ਸਾਬਤ/ਹਾਸਲ ਕਰਨ ਵਿੱਚ ਅਸਫ਼ਲ ਰਹਿ ਗਏ।
ਸਾਲ 1998 ਵਿੱਚ ਉਨ੍ਹਾਂ ਨੇ ਫਿਰ ਸੱਤਾ ਵਿੱਚ ਵਾਪਸੀ ਕੀਤੀ। ਇਸ ਵਾਰ ਉਨ੍ਹਾਂ ਦਾ ਕਾਰਜਕਾਲ ਸਿਰਫ਼ 13 ਮਹੀਨੇ ਚੱਲਿਆ। ਗਠਜੋੜ ਪੂਰ ਨਹੀਂ ਚੜ੍ਹ ਸਕਿਆ ਅਤੇ ਸੰਸਦ ਭੰਗ ਕਰਨੀ ਪਈ।
ਹਾਲਾਂਕਿ ਅਗਲੀਆਂ ਚੋਣਾਂ ਵਿੱਚ ਵਾਜਪਾਈ ਦੀ ਪਾਰਟੀ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਹ 1999 ਤੋਂ 2004 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ।
ਸਿਏਰਾ ਲਿਓਨ ਦਾ ਦੂਹਰਾ ਰਿਕਾਰਡ
ਸਿਆਕਾ ਸਟੀਵਨਸ ਸਿਏਰਾ ਲਿਓਨ ਦੇ ਸਭ ਤੋਂ ਛੋਟੇ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ ਅਤੇ ਸਭ ਤੋਂ ਲੰਬੇ ਸਮੇਂ ਤੱਕ ਰਾਸ਼ਟਰਪਤੀ ਵੀ ਰਹੇ ਹਨ।
ਉਨ੍ਹਾਂ ਦੀ ਚੋਣ ਇੱਕ ਫ਼ਸਵੇਂ ਮੁਕਾਬਲੇ ਵਿੱਚ 1967 ਵਿੱਚ ਹੋਈ ਸੀ। ਜਦੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਉਸੇ ਦਿਨ ਫ਼ੌਜੀ ਰਾਜਪਲਟਾ ਹੋ ਗਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਆਖਰ ਜਦੋਂ ਇੱਕ ਸਾਲ ਬਾਅਦ ਫ਼ੌਜੀ ਸ਼ਾਸਨ ਖਤਮ ਹੋਇਆ ਤਾਂ ਸਟੀਵਨਸ ਨੇ ਵਾਪਸੀ ਕੀਤੀ। ਫਿਰ 1971 ਤੋਂ 1985 ਦਰਮਿਆਨ ਉਹ ਦੇਸ਼ ਦੇ ਰਾਸ਼ਟਰਪਤੀ ਰਹੇ।
ਹਾਲਾਂਕਿ ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਕਾਰਜਕਾਲ ਵਿਵਾਦਾਂ ਵਿੱਚ ਘਿਰਿਆ ਰਿਹਾ। ਉਨ੍ਹਾਂ ਦੇ ਸ਼ਾਸਨ ਉੱਪਰ ਅਧਿਕਾਰਵਾਦੀ ਹੋਣ ਅਤੇ ਮਨੁੱਖੀ ਹੱਕਾਂ ਦੀ ਉਲੰਘਣਾ ਤੋਂ ਇਲਵਾ ਚੋਣਾਂ ਵਿੱਚ ਧੋਖਾਧੜੀ ਦੇ ਇਲਜ਼ਾਮ ਲੱਗੇ।
ਇੱਕ ਹੋਰ ਦਿਲਚਸਪ ਕਹਾਣੀ ਦੱਖਣੀ ਅਫ਼ਰੀਕਾ ਦੀ ਹੈ। ਜਦੋਂ 24 ਸਤੰਬਰ 2008 ਦੇ ਦਿਨ ਪਹਿਲੀ ਵਾਰ ਬੀਬੀ ਦੇਸ਼ ਦੀ ਰਾਸ਼ਟਰਪਤੀ ਬਣੀ। ਉਨ੍ਹਾਂ ਦਾ ਨਾਮ ਇਵੀ ਮਾਸਤੇਪੀ-ਕਾਸਬੁਰੀ ਸੀ। ਉਨ੍ਹਾਂ ਨੇ ਥਾਬੋ ਮਬੇਕੀ ਦੇ ਅਸਤੀਫ਼ੇ ਤੋਂ ਬਾਅਦ ਅਹੁਦਾ ਸੰਭਾਲਿਆ ਸੀ।
ਅਹੁਦਾ ਸੰਭਾਲਣ ਤੋਂ ਪਹਿਲਾਂ ਇਵੀ ਮਾਸਤੇਪੀ-ਕਾਸਬੁਰੀ ਸੰਚਾਰ ਮੰਤਰੀ ਸਨ।
ਕਾਰਜਕਾਰੀ ਰਾਸ਼ਟਰਪਤੀ ਵਜੋਂ ਉਨ੍ਹਾਂ ਦਾ ਕਾਰਜਕਾਲ ਮਹਿਜ਼ 15 ਘੰਟਿਆਂ ਦਾ ਸੀ। ਇਸੇ ਦੌਰਾਨ ਸੰਸਦ ਨੇ ਪੂਰੀ ਪ੍ਰਕਿਰਿਆ ਨਾਲ ਇੱਕ ਹੋਰ ਕੈਬਨਿਟ ਮੰਤਰੀ ਨੂੰ ਦੇਸ਼ ਦਾ ਰਾਸ਼ਟਰਪਤੀ ਚੁਣ ਲਿਆ ਸੀ।
ਮੈਕਸੀਕੋ ਅਤੇ ਬ੍ਰਾਜ਼ੀਲ ਦੇ ਬਹੁਤੇ ਹੀ ਕਾਰਜਕਾਰੀ ਰਾਸ਼ਟਰਪਤੀ
ਲੈਟਿਨ ਅਮਰੀਕਾ ਵਿੱਚ ਥੋੜ੍ਹ ਚਿਰੇ ਰਾਸ਼ਟਰਪਤੀਆਂ ਦੇ ਆਪਣੇ ਹੀ ਮਾਮਲੇ ਹਨ।
ਮੈਕਸੀਕੋ ਦੇ ਪੈਦਰੋ ਲਾਸਕੂਰੀਅਨ, ਇੱਕ ਫ਼ੌਜੀ ਰਾਜ ਪਲਟੇ ਦੌਰਾਨ ਇੱਕ ਘੰਟੇ ਤੋਂ ਵੀ ਥੋੜ੍ਹੇ ਸਮੇਂ ਲਈ ਦੇਸ਼ ਦੇ ਰਾਸ਼ਟਰਪਤੀ ਰਹੇ। ਇਹ ਘਟਨਾ ਸਾਲ 1913 ਦੀ ਫਰਵਰੀ ਦੀ ਹੈ ਜਦੋਂ ਫ਼ੌਜ ਨੇ ਤਤਕਾਲੀ ਰਾਸ਼ਟਰਪਤੀ ਫਰਾਂਸਿਸਕੋ ਮੈਦਰਿਓ ਨੂੰ ਗੱਦੀ ਤੋਂ ਲਾਹ ਦਿੱਤਾ ਸੀ।
ਬ੍ਰਾਜ਼ੀਲ ਵਿੱਚ ਤਤਕਾਲੀ ਰਾਸ਼ਟਰਪਤੀ ਕੈਫ਼ੇ ਫਿਲਹੋ ਦੇ ਬੀਮਾਰ ਪੈ ਜਾਣ ਮਗਰੋਂ ਚੈਂਬਰ ਆਫ਼ ਡਿਪਿਊਟੀਜ਼ ਦੇ ਸਪੀਕਰ ਕਾਰਲੋਸ ਲੁਜ਼ ਨੇ ਅੱਠ ਨਵੰਬਰ 1956 ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ।
ਉਸ ਸਮੇਂ ਤੱਕ ਨਵਾਂ ਰਾਸ਼ਟਰਪਤੀ ਤਾਂ ਚੁਣ ਲਿਆ ਗਿਆ ਸੀ ਪਰ, ਉਸ ਦਾ ਕਾਰਜਕਾਲ ਸ਼ੁਰੂ ਹੋਣ ਵਿੱਚ ਦੇਰ ਸੀ।
-
ਉਹ ਸਨ ਨਵੇਂ ਚੁਣੇ ਰਾਸ਼ਟਰਪਤੀ ਸਨ, ਜੁਸਿਲੀਨੋ ਕੁਬਿਟਸ਼ੇਕ ਜਿਨ੍ਹਾਂ ਦਾ ਕਾਰਜਕਾਲ ਜਨਵਰੀ 1956 ਤੋਂ ਸ਼ੁਰੂ ਹੋਣਾ ਸੀ।
ਜਦਕਿ ਨਤੀਜਿਆਂ ਤੋਂ ਤਿੰਨ ਦਿਨਾਂ ਬਾਅਦ ਹੀ ਤਤਕਾਲੀ ਰਾਸ਼ਟਰਪਤੀ ਨੂੰ ਦੇਸ਼ ਦੇ ਰੱਖਿਆ ਮੰਤਰਾਲੇ ਦੇ ਹੁਕਮਾਂ ਤੇ ਆਪਣਾ ਅਹੁਦਾ ਛੱਡਣਾ ਪਿਆ।
ਮੰਤਰਾਲੇ ਦਾ ਦਾਅਵਾ ਸੀ ਕਿ ਤਤਕਾਲੀ ਸੂਬਾਈ ਰਾਸ਼ਟਰਪਤੀ ਲੁਜ਼ ਚੁਣੇ ਗਏ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ਵਿੱਚ ਵਿਘਨ ਪਾਉਣ ਲਈ ਤਖਤਾ ਪਲਟ ਕਰਨ ਦੀ ਯੋਜਨਾ ਬਣਾ ਰਹੇ ਸਨ।
ਆਖਰ ਲੁਜ਼ ਦੀ ਥਾਂ ਦੋ ਮਹੀਨਿਆਂ ਲਈ ਸੀਨੇਟ ਦੇ ਆਗੂ ਨੇਰਿਓ ਰਾਮੋਸ ਨੂੰ ਰਾਸ਼ਟਰਪਤੀ ਬਣਾਇਆ ਗਿਆ।
ਥੋੜ੍ਹ-ਚਿਰੇ ਰਾਜਸ਼ਾਹ
ਰਾਜਿਆਂ ਅਤੇ ਰਾਣੀਆਂ ਨੂੰ ਚੋਣਾਂ ਨਹੀਂ ਲੜਨੀਆਂ ਪੈਂਦੀਆਂ। ਉਹ ਗਣਤੰਤਰਾਂ ਤੇ ਲੋਕਤੰਤਰਾਂ ਦੀ ਤੁਲਨਾ ਵਿੱਚ ਸੁਰੱਖਿਅਤ ਰਹਿੰਦੇ ਹਨ। ਹਾਲਾਂਕਿ ਇਹ ਗੱਲ ਸਾਰਿਆਂ ਲਈ ਸਹੀ ਨਹੀਂ।
ਇਟਲੀ ਦੇ ਰਾਜਾ ਉਂਬਰੀਟੋ-II ਨੂੰ ਪੁੱਛ ਕੇ ਵੇਖੋ। ਸਾਲ 1946 ਵਿੱਚ ਉਹ ਆਪਣੇ ਪਿਤਾ ਵਿਟੋਰੀਓ ਇਮੈਨੂਏਲੇ ਤੋਂ ਬਾਅਦ ਗੱਦੀ ਨਸ਼ੀਨ ਹੋਏ।
ਗੱਦੀ ਸੰਭਾਲਦਿਆਂ ਹੀ ਉਨ੍ਹਾਂ ਨੇ ਦੇਸ਼ ਵਿੱਚ ਵਧ ਰਹੇ ਰਾਜਸ਼ਾਹੀ ਵਿਰੋਧੀ ਭਾਵਨਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੰਤਵ ਲਈ ਉਨ੍ਹਾਂ ਨੇ ਇੱਕ ਰਫਰੈਂਡਮ ਕਰਵਾਇਆ।
ਇਸ ਰਾਇਸ਼ੁਮਾਰੀ ਵਿੱਚ 54% ਇਟਲੀ ਵਾਸੀਆਂ ਨੇ ਰਾਜਸ਼ਾਹੀ ਦੇ ਖਿਲਾਫ਼ ਵੋਟ ਕੀਤੀ। ਰਾਜਾ ਸਿਰਫ਼ 34 ਦਿਨ ਸ਼ਾਸਨ ਕਰ ਸਕੇ।
ਨੇਪਾਲ ਦੇ ਰਾਜਾ ਦਿਪੇਂਦਰਾ ਬੀਰ ਬਿਕਰਮ ਸ਼ਾਹ ਦੇਵ ਦੀ ਇਸ ਤੋਂ ਵੀ ਸੰਖੇਪ ਅਤੇ ਦੁਖਾਂਤਕ ਕਹਾਣੀ ਹੈ।
ਪਹਿਲੀ ਜੂਨ 2001 ਨੂੰ ਤਤਕਾਲੀ ਕੁੰਵਰ ਨੇ ਨੇਪਾਲੀ ਰਾਜ ਪਰਿਵਾਰ ਦੇ ਹੋਰ ਕਈ ਮੈਂਬਰਾਂ ਦੇ ਨਾਲ ਹੀ ਆਪਣੇ ਮਾਪਿਆਂ ਨੂੰ ਵੀ ਗੋਲੀ ਮਾਰ ਕੇ ਮਾਰ ਦਿੱਤਾ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੀ ਇੱਕ ਭਾਰਤੀ ਜ਼ੰਮੀਂਦਾਰ ਕੁੜੀ ਨਾਲ ਵਿਆਹ ਨੂੰ ਸਵੀਕਾਰ ਨਹੀਂ ਕਰ ਰਿਹਾ ਸੀ। ਇਸੇ ਦੇ ਬਦਲੇ ਵਜੋਂ ਉਨ੍ਹਾਂ ਨੇ ਇਹ ਭਿਆਨਕ ਕਦਮ ਚੁੱਕਿਆ।
ਕਤਲ ਕਰਨ ਤੋਂ ਬਾਅਦ ਦੀਪੇਂਦਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜਾਨ ਲੈਣ ਦੀ ਵੀ ਕੋਸ਼ਿਸ਼ ਕੀਤੀ।
ਹਾਲਾਂਕਿ ਉਹ ਇਸ ਵਿੱਚ ਤੁਰੰਤ ਸਫ਼ਲ ਨਹੀਂ ਹੋਏ ਅਤੇ ਕੌਮਾ ਵਿੱਚ ਚਲੇ ਗਏ। ਉਸ ਸਮੇਂ ਤਕਨੀਕੀ ਰੂਪ ਵਿੱਚ ਉਹ ਨੇਪਾਲ ਦੇ ਰਾਜਾ ਸਨ।
ਦੇਖਿਆ ਜਾਵੇ ਤਾਂ ਸਭ ਤੋਂ ਘੱਟ ਸਮਾਂ ਰਾਜ ਕਰਨ ਦਾ ਰਿਕਾਰਡ ਫਰਾਂਸ ਦੇ ਲੂਈਸ ਅਠਾਰਵੇਂ ਦੇ ਨਾਮ ਹੈ। ਦੋ ਅਗਸਤ 1830 ਨੂੰ ਉਨ੍ਹਾਂ ਨੇ ਆਪਣੇ ਪਿਤਾ ਰਾਜਾ ਚਾਰਲਸ ਦਸਵੇਂ ਵੱਲੋਂ ਗੱਦੀ ਛੱਡੇ ਜਾਣ ਮਗਰੋਂ ਗੱਦੀ ਸੰਭਾਲੀ।
ਲੂਈਸ ਨੇ ਵੀ ਆਪਣੇ ਭਤੀਜੇ ਡਿਊਕ ਬੌਰਡਿਊਕਸ ਲਈ ਤਾਜਪੋਸ਼ੀ ਤੋਂ ਮਹਿਜ਼ 20 ਮਿੰਟਾਂ ਵਿੱਚ ਤਖਤ ਖਾਲੀ ਕਰ ਦਿੱਤਾ।
:
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)