ਭਗਤ ਸਿੰਘ ਨੇ ਫਾਂਸੀ ਤੋਂ ਪਹਿਲਾਂ ਕਿਹੜੀ ਆਖਰੀ ਇੱਛਾ ਪ੍ਰਗਟ ਕੀਤੀ ਸੀ ਤੇ ਕੀ ਉਹ ਪੂਰੀ ਹੋ ਸਕੀ ਸੀ

Wednesday, Sep 28, 2022 - 08:09 AM (IST)

ਭਗਤ ਸਿੰਘ ਨੇ ਫਾਂਸੀ ਤੋਂ ਪਹਿਲਾਂ ਕਿਹੜੀ ਆਖਰੀ ਇੱਛਾ ਪ੍ਰਗਟ ਕੀਤੀ ਸੀ ਤੇ ਕੀ ਉਹ ਪੂਰੀ ਹੋ ਸਕੀ ਸੀ
ਭਗਤ ਸਿੰਘ
BBC

ਭਗਤ ਸਿੰਘ ਦਾ ਅਸਲ ਜਨਮ ਸਥਾਨ ਕਿਹੜਾ ਹੈ?

ਫਾਂਸੀ ਲਾਹੌਰ ਵਿੱਚ ਹੋਈ ਤਾਂ ਹੁਸੈਨੀਵਾਲਾ ਵਿੱਚ ਅੰਤਮ ਸੰਸਕਾਰ ਕਿਉਂ ਹੋਇਆ?

ਭਗਤ ਸਿੰਘ ਦਾ ਆਖ਼ਰੀ ਸਮੇਂ ਕੀ ਧਰਮ ਵੱਲ ਝੁਕਾਅ ਹੋ ਗਿਆ ਸੀ?

ਭਾਰਤ ਦੇ ਅਜ਼ਾਦੀ ਘੁਲਾਟੀਏ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਸਬੰਧਤ ਬਹੁਤ ਕਿੱਸੇ ਹਨ।

ਭਗਤ ਸਿੰਘ ਬਾਰੇ ਵੀ ਕਈ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਬਹੁਤ ਸਾਰੇ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ।

ਬੀਬੀਸੀ ਪੰਜਾਬੀ ਨੇ ਅਜਿਹੇ ਹੀ ਕਈ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ ਭਗਤ ਸਿੰਘ ਉੱਤੇ ਖੋਜ ਕਰਨ ਵਾਲੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਚਮਨ ਲਾਲ ਨਾਲ।

ਪ੍ਰੋ. ਚਮਨ ਲਾਲ ਨਾਲ ਇਸ ਗੱਲਬਾਤ ਦੇ ਅਹਿਮ ਅੰਸ਼ ਪੜ੍ਹੋ।

ਭਗਤ ਸਿੰਘ ਦੀ ਵਿਚਾਰਧਾਰਾ ਕੀ ਸੀ?

ਬਹੁਤ ਲੋਕ ਭਗਤ ਸਿੰਘ ਨੂੰ ਖੱਬੇਪੱਖੀ ਵੀ ਕਹਿੰਦੇ ਹਨ ਪਰ ਕਿਸੇ ਦੀ ਵਿਆਖਿਆ ਮੰਨਣ ਦੀ ਲੋੜ ਨਹੀਂ ਹੈ।

ਭਗਤ ਸਿੰਘ ਨੂੰ ਭਗਤ ਸਿੰਘ ਦੇ ਜ਼ਰੀਏ ਸਮਝਣ ਦੀ ਲੋੜ ਹੈ। ਇਸ ਲਈ ਉਨ੍ਹਾਂ ਦੀ ਜੇਲ੍ਹ ਡਾਇਰੀ ਸਣੇ ਲਿਖਤਾਂ ਨੂੰ ਪੜ੍ਹਨ ਦੀ ਲੋੜ ਹੈ।

ਭਗਤ ਸਿੰਘ ਨੇ ਆਪਣੀ ਪਾਰਟੀ ਦਾ ਨਾਮ ''''ਹਿੰਦੁਸਤਾਨ ਰਿਬਲਿਕਨ ਐਸੋਸਿਏਸ਼ਨ'''' ਤੋਂ ਬਦਲ ਕੇ ''''ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸਿਏਸ਼ਨ'''' ਕੀਤਾ ਸੀ। ਇਸ ਦਾ ਮਤਲਬ ਹੈ ਕਿ ਉਹ ਸਮਾਜਵਾਦੀ ਇਨਕਲਾਬੀ ਸੀ।


-


ਕੀ ਭਗਤ ਸਿੰਘ ਦਾ ਬਸੰਤੀ ਰੰਗ ਨਾਲ ਕੋਈ ਸਬੰਧ ਸੀ?

ਭਗਤ ਸਿੰਘ ਦਾ ਪਰਿਵਾਰ ਕਾਂਗਰਸ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੇ ਪੂਰੇ ਪਰਿਵਾਰ ਦਾ ਲਿਬਾਸ ਖੱਦਰ ਦਾ ਚਿੱਟਾ ਕੁੜਤਾ ਪਜਾਮਾ ਅਤੇ ਖੱਦਰ ਦੀ ਚਿੱਟੀ ਪੱਗ ਸੀ।

ਭਗਤ ਸਿੰਘ
Getty Images
ਪ੍ਰੋ. ਚਮਨ ਲਾਲ ਕਹਿੰਦੇ ਹਨ ਕਿ ਭਗਤ ਸਿੰਘ ਨੇ ਕਦੇ ਬਸੰਤੀ ਪੱਗ ਬੰਨ੍ਹੀ ਹੀ ਨਹੀਂ

ਉਸ ਦੌਰ ਦੇ ਇਨਕਲਾਬੀਆਂ ਦਾ ਮੁੱਖ ਪਹਿਰਾਵਾ ਖੱਦਰ ਦੇ ਕੱਪੜੇ ਹੀ ਸਨ। ਭਗਤ ਸਿੰਘ ਦਾ ਵੀ ਓਹੀ ਲਿਬਾਸ ਸੀ।

ਇੱਕ ਗੱਲ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਭਗਤ ਸਿੰਘ ਨੇ ਕਦੇ ਬਸੰਤੀ ਪੱਗ ਬੰਨ੍ਹੀ ਹੀ ਨਹੀਂ ਸੀ।

ਲੋਕ ਮੇਰੇ ਕੋਲੋਂ ਇਹ ਵੀ ਸਵਾਲ ਕਰਦੇ ਹਨ ਕਿ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਨ੍ਹਾਂ ਬਸੰਤੀ ਪੱਗ ਨਹੀਂ ਬੰਨ੍ਹੀ ਕਿਉਂਕਿ ਉਸ ਸਮੇਂ ਤਾਂ ਬਲੈਕ ਐਂਡ ਵ੍ਹਾਈਟ ਕੈਮਰਾ ਹੁੰਦਾ ਸੀ।

ਮੈਂ ਭਗਤ ਸਿੰਘ ਦੇ ਸਾਥੀਆਂ ਯਸ਼ਪਾਲ, ਸ਼ਿਵ ਵਰਮਾ ਅਤੇ ਹੋਰਾਂ ਦੇ ਇੰਟਰਵਿਊ ਪੜ੍ਹੇ ਹਨ, ਉਨ੍ਹਾਂ ਨੇ ਭਗਤ ਸਿੰਘ ਦੇ ਲਿਬਾਸ ਬਾਰੇ ਵੀ ਗੱਲਾਂ ਕੀਤੀਆਂ ਹਨ।

ਉਨ੍ਹਾਂ ਮੁਤਾਬਕ ਭਗਤ ਸਿੰਘ ਦਾ ਚਿੱਟਾ ਲਿਬਾਸ ਮੈਲਾ-ਕੁਚੈਲਾ ਹੁੰਦਾ ਸੀ ਕਿਉਂਕਿ ਲੁੱਕ-ਛਿੱਪ ਕੇ ਗਤੀਵਿਧੀਆਂ ਚਲਾਉਣੀਆਂ ਅਤੇ ਭੱਜ-ਨੱਠ ਲੱਗੀ ਰਹਿੰਦੀ ਸੀ।

ਉਨ੍ਹਾਂ ਦੀ ਇੱਕ ਜੇਬ੍ਹ ਵਿੱਚ ਡਿਕਸ਼ਨਰੀ ਹੁੰਦੀ ਸੀ ਅਤੇ ਇੱਕ ਵਿੱਚ ਕਿਤਾਬ।

ਭਾਰਤ ਸਥਿਤ ਖਟਕੜ ਕਲਾਂ ਉਨ੍ਹਾਂ ਦਾ ਜਨਮ ਸਥਾਨ ਹੈ ਜਾਂ ਪਾਕਿਸਤਾਨ ਦਾ ਚੱਕ ਬੰਗਾ

ਭਗਤ ਸਿੰਘ ਦੇ ਖਾਨਦਾਨ ਦਾ ਕਰੀਬ 300 ਸਾਲ ਦਾ ਇਤਿਹਾਸ ਮਿਲ ਜਾਂਦਾ ਹੈ।

ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਆਤਮ ਕਥਾ ਹੈ ''''ਬਰੀਡ ਅਲਾਈਵ'''' ਯਾਨੀ ''''ਜ਼ਿੰਦਾ ਦਫ਼ਨ''''।

ਉਸ ਵਿੱਚ ਉਨ੍ਹਾਂ ਨੇ ਆਪਣੇ ਪੁਰਖਿਆਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਦੇ ਪੁਰਖਿਆਂ ਦਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨਾਰਲੀ ਸੀ।

ਮੈਂ ਨਾਰਲੀ ਜਾ ਕੇ ਵੀ ਆਇਆਂ ਪਰ ਉਨ੍ਹਾਂ ਦੀ ਉੱਥੇ ਕੋਈ ਜਾਇਦਾਦ ਜਾਂ ਨਿਸ਼ਾਨੀ ਨਹੀਂ ਮਿਲ ਸਕੀ ਪਰ ਅਜੀਤ ਸਿੰਘ ਦੀ ਕਿਤਾਬ ਵਿੱਚ ਉਸ ਪਿੰਡ ਦਾ ਜ਼ਿਕਰ ਹੈ।

ਉਨ੍ਹਾਂ ਦੇ ਪੁਰਖਿਆਂ ਨੇ ਜਦੋਂ ਸਿੱਖ ਧਰਮ ਨਹੀਂ ਅਪਣਾਇਆ ਸੀ ਉਸ ਵੇਲੇ ਜੇਕਰ ਕਿਸੇ ਦੀ ਮੌਤ ਹੋ ਜਾਂਦੀ ਤਾਂ ਉਸਦੀਆਂ ਅਸਥੀਆਂ ਪ੍ਰਵਾਹ ਕਰਨ ਹਰਿਦੁਆਰ ਜਾਂਦੇ ਸਨ।

ਉਸ ਦੌਰ ਵਿੱਚ ਕੋਈ ਸਾਧਨ ਨਹੀਂ ਹੁੰਦਾ ਸੀ ਤਾਂ ਲੋਕ ਪੈਦਲ ਹੀ ਯਾਤਰਾ ਕਰਦੇ ਸਨ।

ਇਨ੍ਹਾਂ ਦੇ ਪੁਰਖਿਆਂ ਵਿੱਚੋਂ ਇੱਕ ਨੌਜਵਾਨ ਸੀ ਜੋ ਅਸਥੀਆਂ ਲੈਕੇ ਤੁਰਿਆ ਅਤੇ ਰਸਤੇ ਵਿੱਚ ਰਾਤ ਪੈ ਗਈ ਅਤੇ ਉਹ ਖਟਕੜ ਕਲਾਂ ਰੁਕ ਗਿਆ, ਇਸਦਾ ਪਹਿਲਾਂ ਨਾਮ ਗੜ੍ਹ ਕਲਾਂ ਸੀ। ਗੜ੍ਹ ਦਾ ਮਤਬਲ ਕਿਲ੍ਹਾ ਹੁੰਦਾ ਹੈ।

ਉਸ ਨੌਜਵਾਨ ਨੇ ਕਿਲ੍ਹੇ ਦੇ ਮਾਲਕ ਤੋਂ ਇੱਕ ਰਾਤ ਰੁਕਣ ਦੀ ਇਜਾਜ਼ਤ ਮੰਗੀ। ਉਨ੍ਹਾਂ ਦੀ ਇੱਕੋ ਇੱਕ ਕੁੜੀ ਸੀ, ਉਨ੍ਹਾਂ ਨੂੰ ਉਹ ਮੁੰਡਾ ਪਸੰਦ ਆਇਆ।

ਜਾਂਦਿਆਂ ਨੂੰ ਉਨ੍ਹਾਂ ਨੇ ਕਿਹਾ ਕਿ ਵਾਪਸੀ ਵੇਲੇ ਵੀ ਤੁਸੀਂ ਸਾਡੇ ਮਹਿਮਾਨ ਬਣ ਕੇ ਆਉਣਾ।

ਵਾਪਸੀ ਵੇਲੇ ਉਸ ਮੁੰਡੇ ਤੋਂ ਉਨ੍ਹਾਂ ਨੇ ਆਪਣੀ ਧੀ ਦੇ ਰਿਸ਼ਤੇ ਬਾਰੇ ਗੱਲ ਕਰਦਿਆਂ ਇੱਕ ਸ਼ਰਤ ਰੱਖੀ ਕਿ ਵਿਆਹ ਮਗਰੋਂ ਤੁਹਾਨੂੰ ਘਰ ਜਵਾਈ ਬਣ ਕੇ ਰਹਿਣਾ ਪਵੇਗਾ।

ਅਜੀਤ ਸਿੰਘ ਦੀ ਜੀਵਨੀ ਵਿੱਚ ਜ਼ਿਕਰ ਹੈ ਕਿ ਜਦੋਂ ਨੌਜਵਾਨ ਦਾ ਵਿਆਹ ਹੋਇਆ ਤਾਂ ਕਿਲ੍ਹਾ ਉਸਨੂੰ ਤੋਹਫੇ ਵਿੱਚ ਮਿਲਿਆ।

ਉਨ੍ਹਾਂ ਸਮਿਆਂ ਵਿੱਚ ਖੱਟ ਦਾਜ ਨੂੰ ਵੀ ਕਹਿੰਦੇ ਸੀ। ਫਿਰ ਗੜ੍ਹ ਕਲਾਂ ਤੋਂ ਨਾਮ ਬਦਲ ਕੇ ਪੈ ਗਿਆ ਖੱਟਗੜ੍ਹ। ਸਮਾਂ ਪਾ ਕੇ ਇਹ ਨਾਮ ਖੱਟਕੜ੍ਹ ਹੋ ਗਿਆ।

ਭਗਤ ਸਿੰਘ ਦੇ ਪੁਰਖਿਆਂ ਵਿੱਚੋਂ ਫਤਿਹ ਸਿੰਘ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਨ।

ਜਦੋਂ ਪੰਜਾਬ ਉੱਤੇ ਅਗਰੇਜਾਂ ਦਾ ਕਬਜਾ ਹੋਇਆ ਤਾਂ ਸਜ਼ਾ ਦੇ ਤੌਰ ’ਤੇ ਉਨ੍ਹਾਂ ਦੀ ਕੁਝ ਜ਼ਮੀਨ ਖੋਹ ਲਈ ਗਈ।

ਪੰਜਾਬ ਦੇ ਮਜੀਠੀਆ ਪਰਿਵਾਰ ਦੇ ਲੋਕਾਂ ਨੇ ਫਤਿਹ ਸਿੰਘ ਨੂੰ ਅੰਗਰੇਜਾਂ ਦਾ ਸਹਿਯੋਗ ਕਰਨ ਅਤੇ ਜ਼ਮੀਨ ਵਾਪਸ ਲੈਣ ਦੀ ਸਲਾਹ ਦਿੱਤੀ।

ਇਸ ਸਲਾਹ ਦਾ ਜਵਾਬ ਦਿੰਦੇ ਹੋਏ ਫਤਿਹ ਸਿੰਘ ਨੇ ਕਿਹਾ ਸੀ ਕਿ ਉਹ ਬ੍ਰਿਟਿਸ਼ ਹਕੂਮਤ ਅੱਗੇ ਨਹੀਂ ਝੁਕਣਗੇ।

ਉਸ ਵੇਲੇ ਤੋਂ ਹੀ ਭਗਤ ਸਿੰਘ ਦੇ ਪਰਿਵਾਰ ਦਾ ਦੇਸ਼ਭਗਤੀ ਨਾਲ ਰਿਸ਼ਤਾ ਕਾਇਮ ਹੁੰਦਾ ਹੈ।

ਫਤਿਹ ਸਿੰਘ ਤੋਂ ਅੱਗੇ ਦੂਜੀ ਤੀਜੀ ਪੀੜ੍ਹੀ ਵਿੱਚ ਆਉਂਦੇ ਹਨ ਅਰਜਨ ਸਿੰਘ ਜੋ ਭਗਤ ਸਿੰਘ ਦੇ ਦਾਦਾ ਸੀ।

ਕਰੀਬ 1900 ਦੇ ਨੇੜੇ ਨਵੇਂ ਜ਼ਿਲ੍ਹੇ ਬਣੇ ਸੀ ਲਾਇਲਪੁਰ ਅਤੇ ਮਿੰਟਗੁਮਰੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਨਹਿਰਾਂ ਬਣੀਆਂ ਸਨ ਅਤੇ ਜ਼ਮੀਨਾਂ ਜਰਖੇਜ਼ ਸਨ।

ਖੇਤੀਬਾੜੀ ਲਈ ਮਾਝੇ ਅਤੇ ਦੁਆਬੇ ਤੋਂ ਵੱਡੀ ਗਿਣਤੀ ਵਿੱਚ ਲੋਕ ਉੱਥੇ ਗਏ। ਇਸ ਪਰਿਵਾਰ ਨੂੰ ਵੀ ਜ਼ਮੀਨਾਂ ਅਲਾਟ ਹੋਈਆਂ।

ਲਾਇਲਪੁਰ ਵਿੱਚ ਇਨ੍ਹਾਂ ਦੀ ਜ਼ਮੀਨ ਸੀ ਚੱਕ ਨੰਬਰ 105, ਇੱਧਰ ਬੰਗਾ ਵਿੱਚ ਇਨ੍ਹਾਂ ਦੇ ਪਿੰਡ ਦਾ ਪਿਛੋਕੜ ਸੀ। ਫਿਰ ਇਸ ਥਾਂ ਦਾ ਨਾਂ ਪੈ ਗਿਆ ਲਾਇਲਪੁਰ ਚੱਕ ਬੰਗਾ।

ਭਗਤ ਸਿੰਘ ਦੇ ਪਿਤਾ ਅਤੇ ਚਾਚਿਆਂ ਦਾ ਜਨਮ ਮੌਜੂਦਾ ਭਾਰਤੀ ਪੰਜਾਬ ਵਿੱਚ ਹੋਇਆ ਸੀ ਅਤੇ ਭਗਤ ਸਿੰਘ ਦਾ ਜਨਮ ਲਾਇਲਪੁਰ ਚੱਕ ਬੰਗਾ ਪਾਕਿਸਤਾਨ ਵਿੱਚ ਹੋਇਆ ਸੀ।

ਭਗਤ ਸਿੰਘ ਦੀ ਭਤੀਜੀ ਵਰਿੰਦਰ ਸਿੰਧੂ ਦੀ ਹਿੰਦੀ ਵਿੱਚ ਕਿਤਾਬ ਹੈ ''''ਭਗਤ ਸਿੰਘ ਅਤੇ ਉਨ੍ਹਾਂ ਦੇ ਪੁਰਖੇ'''' ਜੋ 1965 ਵਿੱਚ ਛਪੀ ਸੀ। ਉਸ ਕਿਤਾਬ ਵਿੱਚ ਸਾਰੇ ਖਾਨਦਾਨ ਦਾ ਇਤਿਹਾਸ ਹੈ।


ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ


ਭਗਤ ਸਿੰਘ ਦੀ ਜਨਮ ਮਿਤੀ ਕੀ ਹੈ 27 ਸਤੰਬਰ ਜਾਂ 28 ਸਤੰਬਰ

28 ਸਤੰਬਰ ਹੀ ਭਗਤ ਸਿੰਘ ਦੀ ਜਨਮ ਮਿਤੀ ਹੈ।

ਭਗਤ ਸਿੰਘ ਦੇ ਭਰਾ ਕੁਲਤਾਰ ਸਿੰਘ ਦੀ ਧੀ ਵਰਿੰਦਰ ਸਿੰਧੂ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਭਗਤ ਸਿੰਘ ਦਾ ਜਨਮ 28 ਸਤੰਬਰ ਦੀ ਸਵੇਰ ਤਕਰੀਬਨ 9 ਵਜੇ ਹੋਇਆ ਸੀ।

ਲਾਹੌਰ ਜੇਲ੍ਹ ਵਿੱਚ ਫਾਂਸੀ ਤੋਂ ਪਹਿਲਾਂ ਵਾਲੇ ਘੰਟੇ ਕਿਵੇਂ ਬੀਤੇ

ਅਧਿਕਾਰਤ ਹੁਕਮਾਂ ਮੁਤਾਬਕ ਉਨ੍ਹਾਂ ਦੀ ਫਾਂਸੀ 24 ਮਾਰਚ ਨੂੰ ਸਵੇਰੇ ਹੋਣੀ ਸੀ। ਪਰ ਅੰਦਰਖਾਤੇ ਤਿਆਰੀ ਸੀ 23 ਮਾਰਚ ਦੀ ਸ਼ਾਮ ਨੂੰ ਫਾਂਸੀ ਦੇਣ ਦੀ ਕਿਉਂਕਿ ਅੰਗਰੇਜ਼ੀ ਹਕੂਮਤ ਨੂੰ ਖ਼ਤਰਾ ਸੀ ਕਿ ਜੇਲ੍ਹ ਉੱਤੇ ਹਮਲਾ ਹੋ ਸਕਦਾ ਹੈ।

23 ਤਰੀਕ ਨੂੰ ਸਵੇਰੇ ਪ੍ਰਾਣਨਾਥ ਮਹਿਤਾ ਨੂੰ ਭਗਤ ਸਿੰਘ ਨੇ ਮੁਲਾਕਾਤ ਲਈ ਸੱਦਿਆ ਸੀ ਅਤੇ ਕਿਹਾ ਸੀ ਕਿ ਮੇਰੇ ਲਈ ਕਿਤਾਬ ਲੈ ਕੇ ਆਉਣਾ, ਉਹ ਲੈਨਿਨ ਸਬੰਧੀ ਕਿਤਾਬ ਕਹੀ ਜਾਂਦੀ ਹੈ।

ਪ੍ਰਾਣਨਾਥ ਮਹਿਤਾ ਭਗਤ ਸਿੰਘ ਨੂੰ ਸਵੇਰੇ 11 ਵਜੇ ਇਸ ਬਹਾਨੇ ਨਾਲ ਮਿਲੇ ਕਿ ਮੈਂ ਭਗਤ ਸਿੰਘ ਦੀ ਵਸੀਅਤ ਤੇ ਦਸਤਖ਼ਤ ਕਰਵਾਉਣੇ ਹਨ।

ਭਗਤ ਸਿੰਘ ਨੇ ਪ੍ਰਾਣਨਾਥ ਮਹਿਤਾ ਹੱਥੋਂ ਕਿਤਾਬ ਲਈ ਅਤੇ ਬਹੁਤੀ ਗੱਲਬਾਤ ਕੀਤੇ ਬਗੈਰ ਕਿਤਾਬ ਪੜ੍ਹਨ ਲੱਗੇ।

ਭਗਤ ਸਿੰਘ ਦਾ ਟੀਚਾ ਸੀ ਕਿ 24 ਮਾਰਚ ਨੂੰ ਫਾਂਸੀ ਚੜ੍ਹਨ ਤੋਂ ਪਹਿਲਾਂ ਕਿਤਾਬ ਖ਼ਤਮ ਕਰਨਾ, ਪਰ 23 ਮਾਰਚ ਨੂੰ ਹੀ ਫਾਂਸੀ ਦੀ ਤਿਆਰੀ ਕਰ ਲਈ ਗਈ।

ਭਗਤ ਸਿੰਘ ਜਦੋਂ ਜਾਣ ਲੱਗੇ ਤਾਂ ਆਖਰੀ ਇੱਛਾ ਦੇ ਰੁਪ ਵਿੱਚ ਉਨ੍ਹਾਂ ਨੇ ਜੇਲ੍ਹ ਕਰਮਚਾਰੀ ਬੋਗਾ ਦੇ ਹੱਥੋਂ ਰੋਟੀ ਖਾਣ ਦੀ ਇੱਛਾ ਪ੍ਰਗਟਾਈ ਸੀ।

ਬੋਗਾ ਇਸ ਗੱਲੋਂ ਖਿਝਦਾ ਸੀ। ਬੋਗਾ ਨੂੰ ਭਗਤ ਸਿੰਘ ਪਿਆਰ ਨਾਲ ਬੇਬੇ ਕਹਿੰਦੇ ਸਨ।

ਫਿਰ ਪਿਆਰ ਨਾਲ ਭਗਤ ਸਿੰਘ ਕਹਿੰਦੇ ਕਿ ਬੱਚੇ ਦਾ ਮਲ ਮੂਤਰ ਬੇਬੇ ਹੀ ਸਾਫ਼ ਕਰਦੀ ਹੈ ਤਾਂ ਇਸ ਹਿਸਾਬ ਨਾਲ ਬੋਗਾ ਬੇਬੇ ਹੋਇਆ।

ਬੋਗਾ ਨੇ ਰੋਟੀ ਦੇਣ ਤੋਂ ਪਹਿਲਾਂ ਤਾਂ ਨਾਂਹ ਕਰ ਦਿੱਤੀ ਕਿਉਂਕਿ ਦਲਿਤ ਹੋਣ ਕਾਰਨ ਉਸਨੇ ਕਿਹਾ ਕਿ ਇਹ ਪਾਪ ਹੋਵੇਗਾ।

ਕਿਸੇ ਤਰ੍ਹਾਂ ਬੋਗੇ ਨੂੰ ਤਿਆਰ ਕੀਤਾ ਗਿਆ ਰੋਟੀ ਲਿਆਉਣ ਲਈ ਪਰ ਰੋਟੀ ਆਉਣ ਤੋਂ ਪਹਿਲਾਂ ਹੀ ਭਗਤ ਸਿੰਘ ਨੂੰ ਉੱਥੋਂ ਲੈ ਗਏ।

ਉਸੇ ਵੇਲੇ ਭਗਤ ਸਿੰਘ ਨੇ ਉਸ ਕਿਤਾਬ ਦਾ ਪੰਨਾ ਮੋੜਿਆ ਜਿੱਥੇ ਤੱਕ ਉਹ ਉਸ ਨੂੰ ਪੜ੍ਹ ਸਕੇ ਸਨ ਅਤੇ ਤੁਰ ਪਏ।

ਲਾਹੌਰ ਵਿੱਚ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ ਤਾਂ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿੱਚ ਅੰਤਮ ਸਸਕਾਰ ਕਿਉਂ ਹੋਇਆ

ਲਾਹੌਰ ਜੇਲ੍ਹ ਦੇ ਨਾਲ ਪਿੰਡ ਸੀ ਇੱਛਰਾਂ। ਪੰਜਾਬੀ ਦੇ ਉੱਘੇ ਸ਼ਾਇਰ ਪ੍ਰੋ. ਹਰਿਭਜਨ ਸਿੰਘ ਦਾ ਵੀ ਪਰਿਵਾਰ ਉਸੇ ਪਿੰਡ ਵਿੱਚ ਰਹਿੰਦਾ ਸੀ।

ਭਗਤ ਸਿੰਘ
Getty Images
ਦਿੱਲੀ ਵਿੱਚ ਇੱਕ ਝਾਂਕੀ ਦੀ ਪੁਰਾਣੀ ਤਸਵੀਰ

ਜਦੋਂ ਭਗਤ ਸਿੰਘ ਨੂੰ ਲੈ ਕੇ ਜਾਣ ਲੱਗੇ ਕੈਦੀਆਂ ਵੱਲੋਂ ਲਾਏ ਗਏ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਉਸ ਪਿੰਡ ਤੱਕ ਵੀ ਸੁਣੇ ਗਏ।

ਸਮਾਂ ਸ਼ਾਮ 7 ਤੋਂ 7.30 ਦੇ ਵਿਚਾਲੇ ਸੀ ਜਦੋਂ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ।

ਜੇਲ੍ਹ ਦੇ ਗੇਟ ''''ਤੇ ਵੱਡੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਲਾਸ਼ਾਂ ਮੰਗੀਆਂ ਪਰ ਜੇਲ੍ਹ ਪ੍ਰਸਾਸ਼ਨ ਨੇ ਘਬਰਾਹਟ ਵਿੱਚ ਲਾਸ਼ਾਂ ਦੇ ਕਈ ਟੋਟੇ ਕੀਤੇ ਅਤੇ ਟਰੱਕ ਵਿੱਚ ਲੱਦ ਕੇ ਜੇਲ੍ਹ ਦੇ ਪਿਛਲੇ ਗੇਟ ਰਾਹੀਂ ਨਿਕਲ ਗਏ ਅਤੇ ਲਾਹੌਰ ਤੋਂ ਫਿਰੋਜ਼ਪੁਰ ਵਾਲੇ ਪਾਸੇ ਨਿਕਲ ਗਏ।

ਕਸੂਰ ਵਿੱਚ ਇੱਕ ਥਾਂ ਰੁੱਕ ਕੇ ਲੱਕੜਾਂ ਲਈਆਂ, ਇੱਕ ਪੰਡਤ ਅਤੇ ਇੱਕ ਗ੍ਰੰਥੀ ਨੂੰ ਨਾਲ ਲਿਆ ਅਤੇ ਮਿੱਟੀ ਦੇ ਤੇਲ ਦੇ ਕਨਸਤਰ ਵੀ ਚੁੱਕੇ।

ਭਗਤ ਸਿੰਘ
BBC
ਲਾਹੌਰ ਦਾ ਸ਼ਾਦਮਾਨ ਚੌਕ ਪਹਿਲਾਂ ਕੈਂਪ ਜੇਲ੍ਹ ਦਾ ਹਿੱਸਾ ਸੀ ਜਿੱਥੇ ਭਗਤ ਸਿੰਘ ਤੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ

ਸਤਲੁਜ ਦੇ ਕੰਢੇ ਜੰਗਲ ਵਿੱਚ ਜਲਦਬਾਜ਼ੀ ਵਿੱਚ ਲਾਸ਼ਾਂ ''''ਤੇ ਤੇਲ ਪਾ ਕੇ ਸਾੜ ਦਿੱਤਾ ਗਿਆ।

ਪਿੱਛੋਂ ਲਾਲਾ ਲਾਜਪਤ ਰਾਏ ਦੀ ਧੀ ਪਾਰਵਤੀ ਬਾਈ ਅਤੇ ਭਗਤ ਸਿੰਘ ਦੀ ਛੋਟੀ ਭੈਣ ਬੀਬੀ ਅਮਰ ਕੌਰ ਸਣੇ ਕੁਝ 200 ਤੋਂ 300 ਲੋਕ 24 ਮਾਰਚ ਦੀ ਸਵੇਰੇ ਉਸੇ ਥਾਂ ''''ਤੇ ਪਹੁੰਚੇ।

ਕਾਫੀ ਲੱਭਣ ਤੋਂ ਬਾਅਦ ਮਿੱਟੀ ਫਰੋਲਦਿਆਂ ਇਨ੍ਹਾਂ ਦੀਆਂ ਅੱਧਸੜੀਆਂ ਹੱਡੀਆਂ ਮਿਲੀਆਂ।

ਉਨ੍ਹਾਂ ਹੱਡੀਆਂ ਨੂੰ ਚੁਗਿਆ ਗਿਆ ਅਤੇ ਲਾਹੌਰ ਵਾਪਸ ਆ ਕੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀਆਂ ਅਰਥੀਆਂ ਤਿਆਰ ਕੀਤੀਆਂ ਗਈਆਂ।

ਰਾਵੀ ਦਰਿਆ ਦੇ ਤੱਟ ''''ਤੇ ਤਿੰਨਾਂ ਦੇ ਸਸਕਾਰ ਵਿੱਚ ਲੱਖਾਂ ਲੋਕ ਇਕੱਠੇ ਹੋਏ ਸਨ।

26 ਮਾਰਚ ਦੀ ਟ੍ਰਿਬਿਊਨ ਅਖ਼ਬਾਰ ਵਿੱਚ ਪਹਿਲੇ ਪੰਨੇ ਉੱਤੇ ਇਹ ਖ਼ਬਰ ਲੱਗੀ ਸੀ ਕਿ ਲਾਲਾ ਲਾਜਪਤ ਰਾਏ ਦਾ ਜਿੱਥੇ ਸਸਕਾਰ ਹੋਇਆ ਸੀ ਉੱਥੇ ਹੀ ਇਨ੍ਹਂ ਤਿੰਨਾਂ ਦਾ ਵੱਡੀ ਭੀੜ ਦੀ ਹਾਜ਼ਰੀ ਵਿੱਚ ਅੰਤਮ ਸੰਸਕਾਰ ਕੀਤਾ ਗਿਆ।

ਕੀ ਆਖ਼ਰੀ ਸਮੇਂ ਵਿੱਚ ਭਗਤ ਸਿੰਘ ਦਾ ਧਰਮ ਵੱਲ ਝੁਕਾਅ ਹੋ ਗਿਆ ਸੀ?

ਇਹ ਸਰਾਸਰ ਝੂਠ ਹੈ। ਗਦਰ ਪਾਰਟੀ ਦੇ ਵੱਡੇ ਆਗੂ ਭਾਈ ਰਣਧੀਰ ਸਿੰਘ ਨਾਲ ਭਗਤ ਸਿੰਘ ਦੀ ਮੁਲਾਕਾਤ 2 ਤੋਂ 4 ਅਕਤੂਬਰ 1930 ਦੇ ਵਿਚਾਲੇ ਹੋਈ ਸੀ।

ਭਾਈ ਰਣਜੀਤ ਸਿੰਘ ਨੇ ਪਹਿਲਾਂ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ, ਇਹ ਕਹਿੰਦੇ ਹੋਏ ਕਿ ਕੇਸ ਕਟੇ ਬੰਦੇ ਨੂੰ ਨਹੀਂ ਮਿਲਣਾ।

ਫਿਰ ਭਗਤ ਸਿੰਘ ਨੇ ਰਣਧੀਰ ਸਿੰਘ ਨੂੰ ਸੁਨੇਹਾ ਭੇਜਿਆ ਕਿ ਇਹ ਤਾਂ ਸਿਰਫ਼ ਇੱਕ ਅੰਗ ਸੀ ਮੁਲਕ ਲਈ ਬੰਦ ਬੰਦ ਕਟਵਾਉਣ ਨੂੰ ਤਿਆਰ ਹਾਂ।

ਇਸ ਤੋਂ ਬਾਅਦ ਰਣਧੀਰ ਸਿੰਘ ਨੇ ਮੁਲਾਕਾਤ ਲਈ ਸੱਦਿਆ। ਭਗਤ ਸਿੰਘ ਨੂੰ ਪਤਾ ਸੀ ਕਿ ਇਸ ਮੁਲਾਕਾਤ ਮਗਰੋਂ ਗੱਲਾਂ ਹੋਣਗੀਆਂ।

ਭਗਤ ਸਿੰਘ ਨੇ 3 ਅਤੇ 4 ਅਕਤੂਬਰ 1930 ਨੂੰ ਮੈਂ ਨਾਸਤਿਕ ਕਿਉਂ ਹਾਂ ਲੇਖ ਲਿਖਿਆ ਸੀ।

ਬਾਅਦ ਵਿੱਚ ਇਹ ਰੌਲਾ ਪਿਆ ਕਿ ਇਹ ਲੇਖ ਭਗਤ ਸਿੰਘ ਨੇ ਨਹੀਂ ਸਗੋਂ ਕਾਮਰੇਡਾਂ ਨੇ ਆਪਣੇ ਕੋਲੋਂ ਲਿਖਿਆ ਹੈ। ਇਹ ਸੱਚ ਨਹੀਂ ਹੈ।

ਇਹ ਲੇਖ 27 ਸਤੰਬਰ 1931 ਦੇ ''''ਦਿ ਪੀਪਲ'''' ਅਖ਼ਬਾਰ ਵਿੱਚ ਪਹਿਲੀ ਵਾਰ ਛਪਿਆ ਸੀ।

ਮੈਂ ਹੁਣ ਤੱਕ ਭਗਤ ਸਿੰਘ ਦੀਆਂ 135 ਲਿਖਤਾਂ ਲੱਭ ਚੁਕਿਆ ਹਾਂ ਅਤੇ 130 ਛੱਪ ਚੁਕੀਆਂ ਹਨ ਜੋ ਪ੍ਰਮਾਣਿਕ ਹਨ।

ਭਗਤ ਸਿੰਘ ਨਾਲ ਜੁੜੀਆਂ ਕੁਝ ਕਹਾਣੀਆਂ

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News