ਕੈਨੇਡਾ ਸਰਕਾਰ ਨੇ ਦੇਸ ਵਿੱਚ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਸਬੰਧੀ ਨਿਯਮਾਂ ਵਿੱਚ ਇਹ ਬਦਲਾਅ ਕੀਤਾ

Tuesday, Sep 27, 2022 - 02:09 PM (IST)

ਕੈਨੇਡਾ ਸਰਕਾਰ ਨੇ ਦੇਸ ਵਿੱਚ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਸਬੰਧੀ ਨਿਯਮਾਂ ਵਿੱਚ ਇਹ ਬਦਲਾਅ ਕੀਤਾ
ਕੈਨੇਡਾ ਵਿੱਚ ਕੋਵਿਡ 19 ਸ਼ਰਤਾਂ
Getty Images

ਕੈਨੇਡਾ ਨੇ ਕਿਹਾ ਹੈ ਕਿ ਉਹ ਯਾਤਰੀਆਂ ਉਪਰ ਕੋਵਿਡ ਸਬੰਧੀ ਪਾਬੰਦੀਆਂ ਨੂੰ ਖ਼ਤਮ ਕਰਨ ਜਾ ਰਿਹਾ ਹੈ। ਇਸ ਵਿੱਚ ਯਾਤਰੀਆਂ ਲਈ ਵੈਕਸੀਨ ਦੀ ਜ਼ਰੂਰੀ ਸ਼ਰਤ ਵੀ ਸ਼ਾਮਿਲ ਹੈ।

ਯਾਤਰੀਆਂ ਨੂੰ 1 ਅਕਤੂਬਰ ਤੋਂ ਕੋਵਿਡ ਟੀਕਾਕਰਨ ਦਾ ਸਬੂਤ ਦੇਣ, ਕੋਈ ਟੈਸਟ ਕਰਵਾਉਣ ਜਾਂ ਕੁਆਰੰਟੀਨ ਹੋਣ ਦੀ ਲੋੜ ਨਹੀਂ ਹੋਵੇਗੀ।

ਜਹਾਜ਼ਾਂ ਅਤੇ ਰੇਲ ਗੱਡੀਆਂ ''''ਤੇ ਮਾਸਕ ਦੇ ਹੁਕਮਾਂ ਨੂੰ ਵੀ ਹਟਾ ਦਿੱਤਾ ਜਾਵੇਗਾ।

ਕੈਨੇਡਾ ਵਿੱਚ ਦਾਖਲ ਹੋਣ ਵੇਲੇ ਸਿਹਤ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਲਈ ਵਰਤੀ ਜਾਂਦੀ ਐਪ (ArriveCan) ਵੀ ਡਾਉਨਲੋਡ ਕਰਨਾ ਮਰਜ਼ੀ ਹੋਵੇਗੀ।

ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਕੋਵਿਡ-19 ਮਹਾਂਮਾਰੀ ਨੂੰ ਲੈ ਕੇ ਪਹਿਲਾਂ ਨਾਲੋਂ "ਬਹੁਤ ਬਿਹਤਰ ਸਥਿਤੀ" ਵਿੱਚ ਹੈ। ਇਸ ਦਾ ਕਾਰਨ ਟੀਕਾਕਰਨ ਅਤੇ ਇਲਾਜ ਦਾ ਉਪਲਬਧ ਹੋਣਾ ਹੈ।

"ਦੇਸ਼ ਵਿੱਚ ਲਗਭਗ 82% ਆਬਾਦੀ ਟੀਕਾਕਰਨ ਦੀਆਂ ਦੋ ਖੁਰਾਕਾਂ ਲੈ ਚੁੱਕੀ ਹੈ ਅਤੇ ਮੌਤ ਦਰ ਵਿੱਚ ਗਿਰਾਵਟ ਹੋਈ ਹੈ।"

ਇਸ ਸਮੇਂ ਲਗਭਗ 32 ਕੈਨੇਡੀਅਨ ਹਰ ਰੋਜ਼ ਵਾਇਰਸ ਨਾਲ ਮਰ ਰਹੇ ਹਨ।

ਡੁਕਲੋਸ ਨੇ ਕਿਹਾ ਕਿ ਕੋਵਿਡ-19 ਦੇ ਕੇਸ ਕੈਨੇਡਾ ਵਿੱਚ ਹੌਲੀ-ਹੌਲੀ ਵੱਧ ਰਹੇ ਹਨ ਅਤੇ ਇਹ ਸੰਕੇਤ ਦੇ ਰਿਹਾ ਹੈ ਕਿ ਪਤਝੜ ਤੋਂ ਪਹਿਲਾਂ ਇੱਕ ਵਾਰ ਦੁਬਰਾ ਵਧੇਗਾ।

ਉਹਨਾਂ ਕਿਹਾ ਕਿ ਜੇਕਰ ਕੋਈ ਨਵਾਂ ਜਾਂ ਉੱਚ ਪੱਧਰ ਦਾ ਵਾਇਰਸ ਆਉਂਦਾ ਹੈ ਤਾਂ ਦੇਸ ਨਵੇਂ ਮਾਪਦੰਡਾਂ ਲਈ ਤਿਆਰ ਹੈ।


  • ਕੈਨੇਡਾ ਵੱਲੋਂ ਯਾਤਰੀਆਂ ਲਈ ਵੈਕਸੀਨ ਦੀ ਸ਼ਰਤ ਹੋਵੇਗੀ ਖ਼ਤਮ
  • 1 ਅਕਤੂਬਰ ਤੋਂ ਕੋਵਿਡ ਟੀਕਾਕਰਨ ਦਾ ਸਬੂਤ ਦੇਣ ਜਾਂ ਕੋਈ ਟੈਸਟ ਕਰਵਾਉਣਾ ਜਰੂਰੀ ਨਹੀਂ
  • ਜਹਾਜ਼ਾਂ ਅਤੇ ਰੇਲ ਗੱਡੀਆਂ ''''ਤੇ ਮਾਸਕ ਦੇ ਹੁਕਮਾਂ ਨੂੰ ਵੀ ਹਟਾ ਦਿੱਤਾ ਜਾਵੇਗਾ।
  • ਦਾਖਲ ਹੋਣ ਵੇਲੇ ਸਿਹਤ ਦਸਤਾਵੇਜ਼ਾਂ ਨੂੰ ਅੱਪਲੋਡ ਕਰਨ ਵਾਲੀ ਐਪ ਵੀ ਜਰੂਰੀ ਨਹੀਂ
  • ਅਮਰੀਕਾ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਲਈ ਵੈਕਸੀਨ ਦੇ ਹੁਕਮ ਹਾਲੇ ਵੀ ਲਾਗੂ

ਅਮਰੀਕਾ ਅਤੇ ਹੋਰ ਮੁਲਕਾਂ ਵਿੱਚ ਕੀ ਸ਼ਰਤਾਂ ਰਹਿ ਗਈਆਂ ਹਨ?

ਅਮਰੀਕਾ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਲਈ ਵੈਕਸੀਨ ਦੇ ਹੁਕਮ ਲਾਗੂ ਹੈ। ਕੁਝ ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਰਹਿੰਦੀਆਂ ਪਾਬੰਦੀਆਂ ਹਟਾਉਣ ਦੀ ਗੱਲ ਕੀਤੀ ਹੈ।

ਯੂਨਾਈਟਿਡ ਕਿੰਗਡਮ ਸਮੇਤ ਹੋਰ ਦੇਸ਼ਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੋਵਿਡ ਦੀਆਂ ਸ਼ਰਤਾਂ ਨੂੰ ਖਤਮ ਕਰ ਦਿੱਤਾ ਸੀ।

-

ਕੈਨੇਡਾ ਵਿੱਚ ਕੋਵਿਡ 19 ਸ਼ਰਤਾਂ
Getty Images

ਕੈਨੇਡਾ ਅਤੇ ਕੋਵਿਡ ਦੀਆਂ ਸਖ਼ਤੀਆਂ

ਕੋਵਿਡ -19 ਦੇ ਆਦੇਸ਼ਾਂ ਦਾ ਕੈਨੇਡਾ ਵਿੱਚ ਕੁਝ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਇਹ ਓਟਾਵਾ ਵਿੱਚ ''''ਆਜ਼ਾਦੀ ਕਾਫਲੇ'''' ਦੇ ਵਿਰੋਧ ਪ੍ਰਦਰਸ਼ਨਾਂ ਦਾ ਮੁੱਦਾ ਸੀ। ਟਰੱਕ ਡਰਾਇਵਰਾਂ ਦੇ ਸਮਰਥਨ ਵਿੱਚ ਪ੍ਰਦਰਸ਼ਨ ਰੱਖੇ ਗਏ ਸਨ ਜਿਨ੍ਹਾਂ ਨੇ ਯੂਐਸ-ਕੈਨੇਡਾ ਸਰਹੱਦ ਪਾਰ ਕਰਨ ਲਈ ਟੀਕਾ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਫ਼ਰਵਰੀ ਦੇ ਵਿਰੋਧ ਪ੍ਰਦਰਸ਼ਨਾਂ ਨੇ ਕੈਨੇਡਾ ਦੀ ਰਾਜਧਾਨੀ ਨੂੰ ਦੋ ਹਫ਼ਤਿਆਂ ਤੱਕ ਬੰਦ ਕਰ ਦਿੱਤਾ ਸੀ।

ਕਾਫ਼ਲੇ ਦੇ ਸਮਰਥਕਾਂ ਨੇ ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਮੁੱਖ ਸਰਹੱਦੀ ਲਾਂਘਿਆਂ ''''ਤੇ ਨਾਕਾਬੰਦੀ ਵੀ ਕੀਤੀ। ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਮਾਲ ਦੀ ਆਵਾਜਾਈ ਵਿੱਚ ਵਿਘਨ ਪਿਆ ਸੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਹਿਲਾਂ ਕਦੇ ਨਾ ਵਰਤੇ ਗਏ ਐਮਰਜੈਂਸੀ ਐਕਟ (ਜੋ ਕਿ ਰਾਸ਼ਟਰੀ ਸੰਕਟ ਦੇ ਸਮੇਂ ਸਰਕਾਰ ਨੂੰ ਵਾਧੂ ਸ਼ਕਤੀਆਂ ਪ੍ਰਦਾਨ ਕਰਦਾ ਹੈ) ਨੂੰ ਲਾਗੂ ਕਰਨ ਤੋਂ ਬਾਅਦ ਵਿਰੋਧ ਪ੍ਰਦਰਸ਼ਨਾਂ ਨੂੰ ਖਤਮ ਕਰ ਦਿੱਤਾ ਗਿਆ ਸੀ।

ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਸਤੰਬਰ ਦੇ ਸ਼ੁਰੂ ਵਿੱਚ ਘੋਸ਼ਣਾ ਕੀਤੀ ਸੀ ਕਿ ਕੋਵਿਡ -19 ਮੌਤਾਂ ਆਪਣੇ ਸਭ ਤੋਂ ਹੇਠਲੇ ਬਿੰਦੂ ''''ਤੇ ਪਹੁੰਚ ਗਈਆਂ ਹਨ ਪਰ ਮਾਹਰਾਂ ਨੇ ਵਾਇਰਸ ਦੇ ਚੱਲ ਰਹੇ ਖ਼ਤਰੇ ਬਾਰੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਸ ਦਾ ਕੋਈ ਨਵਾਂ ਰੂਪ ਆਉਂਦਾ ਤਾਂ ਧਿਆਨ ਰੱਖਣਾ ਪੈਣਾ ਹੈ।

ਪਾਬੰਦੀਆਂ ਖ਼ਤਮ ਕਰਨ ਦੇ ਬਾਵਜੂਦ ਡਕਲੋਸ ਨੇ ਲੋਕਾਂ ਨੂੰ ਬੂਸਟਰ ਸ਼ਾਟ ਲੈਣ ਦੀ ਅਪੀਲ ਕੀਤੀ ਅਤੇ ਉਹਨਾਂ ਨੂੰ ਜਨਤਕ ਤੌਰ ''''ਤੇ ਮਾਸਕ ਜਾਰੀ ਰੱਖਣ ਲਈ ਉਤਸ਼ਾਹਿਤ ਕੀਤੀ ਹੈ।


-


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News