ਕਿਸੇ ਸਮੇਂ ਸਮਾਜ ਵਿੱਚ ਸਤਿਕਾਰਿਤ ਮੰਨੀਆਂ ਜਾਂਦੀਆਂ ''''ਕੰਜਰੀਆਂ'''' ਨੂੰ ਕਿਵੇਂ ਦੇਹ ਵਪਾਰ ਦੇ ਧੰਦੇ ਵੱਲ ਧੱਕਿਆ ਗਿਆ

Monday, Sep 26, 2022 - 03:39 PM (IST)

ਕਿਸੇ ਸਮੇਂ ਸਮਾਜ ਵਿੱਚ ਸਤਿਕਾਰਿਤ ਮੰਨੀਆਂ ਜਾਂਦੀਆਂ ''''ਕੰਜਰੀਆਂ'''' ਨੂੰ ਕਿਵੇਂ ਦੇਹ ਵਪਾਰ ਦੇ ਧੰਦੇ ਵੱਲ ਧੱਕਿਆ ਗਿਆ
ਤਵਾਇਫ਼
Getty Images

ਲੋਕ ਉਨ੍ਹਾਂ ਨੂੰ ''''ਕੰਜਰੀ ਕਹਿ ਕੇ ਬੁਲਾਉਂਦੇ ਸਨ, ਪਰ ਫਿਰ ਸੋਲ੍ਹਵੀਂ ਸਦੀ ''''ਚ ਭਾਰਤ ''''ਤੇ 46 ਸਾਲਾਂ ਤੱਕ ਹਕੂਮਤ ਕਰਨ ਵਾਲੇ ਮੁਗਲ ਬਾਦਸ਼ਾਹ ਜਲਾਲੂਦੀਨ ਅਕਬਰ ਨੇ ਉਨ੍ਹਾਂ ਨੂੰ ''''ਕੰਚਨੀ'''' ਕਹਿ ਕੇ ਬੁਲਾਉਣ ਦਾ ਹੁਕਮ ਜਾਰੀ ਕੀਤਾ ਸੀ।

ਸ਼ਾਇਰ ਅਤੇ ਇਤਿਹਾਸਕਾਰ ਮੁਹੰਮਦ ਹੁਸੈਨ ਆਜ਼ਾਦ ''''ਸੁਖਨਦਾਨ-ਏ-ਫ਼ਾਰਸ'''' ''''ਚ ਲਿਖਦੇ ਹਨ ਕਿ ''''ਕੰਜਰ ਅਤੇ ਕੰਜਰੀ'''' ਸ਼ਬਦ ਹਿੰਦੀ ''''ਚ ਨੱਚਣ-ਗਾਉਣ ਵਾਲਿਆਂ ਲਈ ਵਰਤਿਆ ਜਾਂਦਾ ਹੈ। ਅਕਬਰ ਨੇ ਇੱਕ ਦਿਨ ਖੁਸ਼ ਹੋ ਕੇ ਕਿਹਾ ਕੇ ਉਨ੍ਹਾਂ ਨੂੰ ਕੰਚਨੀ ਭਾਵ ਸੁਨਹਿਰੀ ਕਿਹਾ ਜਾਵੇ।

ਲੇਖਕ ਰਾਣਾ ਸਫ਼ਵੀ ਦੇ ਅਨੁਸਾਰ, ਕੰਚਨੀ ਮਾਸਟਰ ਗਾਇਕ ਅਤੇ ਡਾਂਸਰ ਨੂੰ ਕਿਹਾ ਜਾਂਦਾ ਸੀ। ਸਮੂਹ ਜਾਂ ਬੈਂਡ ਨੂੰ ਤਾਇਫ਼ਾ (ਬਹੁਵਚਨ ਤਵਾਇਫ਼ ਹੈ) ਅਤੇ ਉੱਚ ਹੁਨਰਮੰਦ ਸੰਗੀਤਕਾਰਾਂ, ਗਾਇਕਾਂ ਅਤੇ ਨੱਚਣ ਵਾਲਿਆਂ ਨੂੰ ਤਵਾਇਫ਼ ਕਿਹਾ ਜਾਂਦਾ ਸੀ। ਇਹ ਸ਼ਬਦ ਸਤਿਕਾਰ ਅਤੇ ਸਨਮਾਨ ਵਜੋਂ ਵਰਤੇ ਜਾਂਦੇ ਸਨ।

1832 ''''ਚ ਭਾਰਤ ''''ਚ ਮੁਸਲਮਾਨਾਂ ਦੀਆਂ ਰੀਤੀ ਰਿਵਾਜ਼ਾਂ ''''ਤੇ ਪ੍ਰਕਾਸ਼ਿਤ ਇੱਕ ਕਿਤਾਬ ''''ਚ ''''ਕੰਚਨੀ ਕਾ ਤਾਇਫ਼ਾ'''' ਵਿੱਚ ਲਿਖਿਆ ਗਿਆ ਹੈ ਕਿ '''' ਉਸ ਨੂੰ ਰਾਜਕੁਮਾਰ ਅਤੇ ਸ਼ੋਰਫ਼ਾ (ਸ਼ਰੀਫ਼ ਦਾ ਬਹੁਵਚਨ) ਆਪਣੀਆਂ ਦਾਅਵਤਾਂ ''''ਚ ਬੁਲਾਉਂਦੇ ਸਨ।

ਸ਼ਹਿਨਾਈ, ਮ੍ਰਿਦੰਗ, ਝਾਂਜਰ, ਘੱਗਰੀ, ਸਾਰੰਗ ਜਾਂ ਤੰਬੂਰਾ ਇਹ ਸਾਰੇ ਹੀ ਸਾਜ਼ ਮਰਦ ਵਜਾਉਂਦੇ ਸਨ। ਔਰਤਾਂ ਨੱਚਣ ਅਤੇ ਗਾਉਣ ਮੌਕੇ ਘੁੰਗਰੂ ਪਾਉਂਦੀਆਂ ਸਨ। ਉਨ੍ਹਾਂ ਦੀ ਗਿਣਤੀ ਤਿੰਨ ਤੋਂ ਘੱਟ ਅਤੇ ਪੰਜ ਤੋਂ ਵੱਧ ਨਹੀਂ ਹੁੰਦੀ ਸੀ।

ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਹਿੱਸਾ

ਸਿੱਖਿਆ ਸ਼ਾਸਤਰੀ ਅਤੇ ਲੇਖਕ ਰੂਥ ਵਿਨੀਤਾ ਬ੍ਰਿਟੇਨ ਅਤੇ ਭਾਰਤ ਦੇ ਸਾਹਿਤਕ ਇਤਿਹਾਸ ''''ਚ ਸ਼ੈਲੀ ਅਤੇ ਲਿੰਗਕਤਾ ਦੇ ਮਾਹਰ ਹਨ। ਉਹ ਦਲੀਲ ਦਿੰਦੇ ਹਨ ਕਿ ਤਵਾਇਫ਼ ਦਾ ਸੱਭਿਆਚਾਰ ਹਾਈਬ੍ਰਿਡ ਹਿੰਦੂ-ਮੁਸਲਿਮ ਸੀ।

ਤਵਾਇਫ਼ਾਂ ਉਪ ਮਹਾਂਦੀਪ ਦੀ ਸੱਭਿਆਚਾਰਕ ਵਿਰਾਸਤ ਦਾ ਇੱਕ ਅਨਿੱਖੜਵਾਂ ਅੰਗ ਸਨ ਅਤੇ ਉਨ੍ਹਾਂ ਦੀ ਕਲਾ, ਫ਼ਾਰਸੀ ਅਤੇ ਉਰਦੂ ਸਾਹਿਤ ਅਤੇ ਸ਼ਾਇਰੀ ਦੇ ਲਿਹਾਜ ਨਾਲ ਉਨ੍ਹਾਂ ਦਾ ਬਹੁਤ ਆਦਰ ਸਤਿਕਾਰ ਕੀਤਾ ਜਾਂਦਾ ਸੀ।

ਭਾਵੇਂ ਕਿ ਉਹ ਮੁਗ਼ਲ ਦੌਰ ਤੋਂ ਪਹਿਲਾਂ ਵੀ ਸ਼ੋਰਫ਼ਾ ਨੂੰ ਮਨੋਰੰਜਨ ਪ੍ਰਦਾਨ ਕਰਵਾਉਂਦੀਆਂ ਸਨ, ਪਰ ਮੁਗ਼ਲ ਕਾਲ ''''ਚ ਉਨ੍ਹਾਂ ਨੂੰ ਖਾਸ ਮਾਨਤਾ ਹਾਸਲ ਹੋਈ।

ਲੇਖਕ ਅਤੇ ਇਤਿਹਾਸਕਾਰ ਪ੍ਰਾਣ ਨਵੇਲ ਲਿਖਦੇ ਹਨ ਕਿ ''''ਸਭ ਤੋਂ ਵਧੀਆ ਤਵਾਇਫ਼ਾਂ, ਜਿੰਨ੍ਹਾਂ ਨੂੰ ਡੇਰੇਦਾਰ ਤਵਾਇਫ਼ਾਂ ਕਿਹਾ ਜਾਂਦਾ ਹੈ, ਸ਼ਾਹੀ ਮੁਗ਼ਲ ਦਰਬਾਰਾਂ ਨਾਲ ਆਪਣੇ ਵੰਸ਼ ਨੂੰ ਜੋੜਦੀਆਂ ਹਨ''''।

ਉਹ ਬਾਦਸ਼ਾਹਾਂ ਅਤੇ ਨਵਾਬਾਂ ਦੀਆਂ ਦਾਸੀਆਂ ਵਿੱਚੋਂ ਸਨ… ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਮੰਨੀਆਂ-ਪ੍ਰਮੰਨੀਆਂ ਨੱਚਣ ਵਾਲੀਆਂ ਅਤੇ ਗਾਇਕ ਵੀ ਸਨ।

ਜੋ ਕਿ ਪੂਰੀਆਂ ਸੁੱਖ-ਸਹੂਲਤਾਂ ਨਾਲ ਰਹਿੰਦੀਆਂ ਸਨ…ਤਵਾਇਫ਼ਾ ਨਾਲ ਜੁੜਿਆ ਹੋਣਾ ਰੁਤਬੇ, ਦੌਲਤ, ਸੱਭਿਅਤਾ ਅਤੇ ਕੋਮਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ।

ਕੋਈ ਵੀ ਉਨ੍ਹਾਂ ਨੂੰ ਬੁਰੀ ਔਰਤ ਜਾਂ ਰਹਿਮ ਦਾ ਹੱਕਦਾਰ ਨਹੀਂ ਮੰਨਦਾ ਸੀ''''।

ਤਵਾਇਫ਼
Getty Images

ਪ੍ਰਾਣ ਨੇਵੇਲ ਨੇ ਆਪਣੀ ਕਿਤਾਬ ''''ਨਾਚ ਗਰਲਜ਼ ਆਫ਼ ਇੰਡੀਆ'''' ਦੱਸਿਆ ਹੈ ਕਿ ਕਿਵੇਂ ਉੱਤਰੀ ਭਾਰਤ ''''ਚ ਤਵਾਇਫ਼ਾਂ ਨੇ ਦੌਲਤ, ਤਾਕਤ, ਇੱਜ਼ਤ ਅਤੇ ਰਾਜਨੀਤਿਕ ਪਹੁੰਚ ਹਾਸਲ ਕੀਤੀ ਸੀ ਅਤੇ ਉਨ੍ਹਾਂ ਨੂੰ ਸੱਭਿਆਚਾਰ ''''ਤੇ ਅਧਿਕਾਰੀ ਮੰਨਿਆ ਜਾਂਦਾ ਸੀ।

ਸ਼ਰੀਫ਼ ਪਰਿਵਾਰ ਆਪਣੇ ਪੁੱਤਰਾਂ ਨੂੰ ਤਹਿਜ਼ੀਬ, ਅਦਬ ਅਤੇ ਬੋਲਣ ਦੀ ਕਲਾ ਸਿਖਾਉਣ ਲਈ ਉਨ੍ਹਾਂ ਕੋਲ ਭੇਜਦੇ ਸਨ।

ਤਵਾਇਫ਼ਾਂ ਦਾ ਰਸੂਖ

ਇਤਿਹਾਸ ਦੇ ਮਾਹਰ ਸਲੀਮ ਕਿਸਵਈ ਦਾ ਕਹਿਣਾ ਹੈ ਕਿ ਬਹੁਤ ਸਾਰੇ ਮੁਗ਼ਲ ਰਾਜਾਂ ਅਤੇ ਸਲਤਨਤਾਂ ''''ਚ ਸਾਰੇ ਹਿੰਦੂ ਅਤੇ ਮੁਸਲਿਮ ਦਰਬਾਰਾਂ ''''ਚ ਤਵਾਇਫ਼ਾਂ ਨੇ ਇੱਕ ਮਹਿਲਾ ਪ੍ਰਧਾਨਗੀ ਵਾਲੀ ਸ਼੍ਰੇਣੀ ਬਣਾ ਲਈ ਸੀ।

ਕਈ ਤਵਾਇਫ਼ਾਂ ਨੇ ਉੱਚ ਸਿੱਖਿਆ ਵੀ ਹਾਸਲ ਕੀਤੀ ਹੋਈ ਸੀ ਅਤੇ ਕਈ ਵਾਰ ਰਾਜਨੀਤਿਕ ਮਾਮਲਿਆਂ ''''ਚ ਵੀ ਸਰਗਰਮ ਰਹਿੰਦੀਆਂ ਸਨ।

ਇੱਕ ਮਿਸਾਲ ਸਰਧਨਾ ਦੀ ਸ਼ਾਸਕ ਬੇਗ਼ਮ ਸਮਰੂ (1753-1836) ਦੀ ਹੈ, ਜਿਸ ਨੇ ਆਪਣੀ ਪੇਸ਼ੇਵਰ ਜ਼ਿੰਦਗੀ ਦਾ ਆਗਾਜ਼ ਬਤੌਰ ਤਵਾਇਫ਼ ਵੱਜੋਂ ਕੀਤਾ ਸੀ।


  • ਕਿਸੇ ਸਮੇਂ ਤਵਾਇਫ਼ਾਂ ਦੀ ਹੈਸੀਅਤ ਇੱਕ ਅਜਿਹੇ ਵਿਦਵਾਨ ਦੀ ਸੀ, ਜਿੰਨ੍ਹਾਂ ਦੀ ਗੱਲਬਾਤ ਅਤੇ ਅਦਬ ਤੋਂ ਸ਼ਰੀਫਾਂ ਨੇ ਲਖਨਊ ਦੇ ਸਹੀ ਆਦਾਬ ਸਿੱਖੇ ਸਨ।
  • ਅੰਗਰੇਜ਼ੀ ਹਕੂਮਤ ''''ਚ ਤਵਾਇਫ਼ਾਂ ਨੂੰ ਭਾਰਤ ਦੀਆਂ ਸ਼ਾਸਤਰੀ ਕਲਾ ਤੋਂ ਦੂਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਵੀ ਥਾਂ ਨਾ ਦਿੱਤੀ ਗਈ।
  • 1857 ਦੇ ਗਦਰ ਤੱਕ ਤਵਾਇਫ਼ਾਂ ਸਭ ਤੋਂ ਵੱਧ ਟੈਕਸ ਦਿੰਦੀਆਂ ਸਨ ਅਤੇ ਲਖਨਊ ਵਿੱਚ ਸਭ ਤੋਂ ਵਧ ਵਿਅਕਤੀਗਤ ਆਮਦਨ ਕਮਾਉਂਦੀਆਂ ਸਨ।
  • 1857 ਵਿੱਚ ਉਨ੍ਹਾਂ ਦੇ ਘਰ, ਬਾਗ, ਕਾਰਖਾਨੇ ਅਤੇ ਖਾਣ-ਪੀਣ ਅਤੇ ਸੁੱਖ ਸਹੂਲਤਾਂ ਦੇ ਸਾਰੇ ਸਾਧਨ ਜ਼ਬਤ ਕਰ ਲਏ ਗਏ ਤੇ ਅੰਗਰੇਜ਼ੀ ਅਫ਼ਸਰਾਂ ਅਤੇ ਫੌਜੀਆਂ ਦੀ ਸਰੀਰਕ ਹਵਸ ਬੁਝਾਉਣ ਦਾ ਕੰਮ ਸੌਂਪਿਆ ਗਿਆ।
  • 19ਵੀਂ ਸਦੀ ਦੇ ਅੰਤ ਵਿੱਚ ਚੱਲੀਆਂ ਧਾਰਮਿਕ ਤੇ ਸਮਾਜਿਕ ਲਹਿਰਾਂ ਨੇ ਨਾਚ-ਵਿਰੋਧੀ ਪ੍ਰਚਾਰ ਵੀ ਕੀਤਾ ਅਤੇ ਜਨਤਾ ਆਮ ਲੋਕਾਂ ਨੂੰ ਤਵਾਇਫ਼ਾਂ ਦੇ ਖਿਲਾਫ਼ ਕਰ ਦਿੱਤਾ।
  • ਅੱਜ ਮਿਰਜ਼ਾ ਗਾਲਿਬ ਨੂੰ ਕੋਈ ਨਾ ਜਾਣਦਾ ਜੇਕਰ ਨਵਾਬ ਜਾਨ ਨਾਂਅ ਦੀ ਤਵਾਇਫ਼ ਉਨ੍ਹਾਂ ਦੀ ਸ਼ਾਇਰੀ ਨਾ ਗਾਉਂਦੀ।
  • ਗੌਹਰ ਜਾਨ 20ਵੀਂ ਸਦੀ ਦੇ ਸ਼ੁਰੂ ''''ਚ ਗ੍ਰਾਮੋਫੋਨ ''''ਤੇ ਆਪਣਾ ਗੀਤ ਰਿਕਾਰਡ ਕਰਵਾਉਣ ਵਾਲੀ ਪਹਿਲੀ ਭਾਰਤੀ ਕਲਾਕਾਰ ਸੀ।
  • ਜੱਦਨ ਬਾਈ ਨੇ 1934 ''''ਚ ਭਾਰਤ ਦੀ ਪਹਿਲੀ ਫਿਲਮ ਪ੍ਰੋਡਕਸ਼ਨ ਕੰਪਨੀ ''''ਸੰਗੀਤ ਮੂਵੀ ਟੋਨ'''' ਬਣਾਈ ਸੀ। ਅਦਾਕਾਰਾ ਨਰਗਿਸ ਉਨ੍ਹਾਂ ਦੀ ਹੀ ਬੇਟੀ ਸਨ।
  • ਤਵਾਇਫ਼ ਦੀ ਕਲਾ ਅਤੇ ਸੱਭਿਆਚਾਰ ਨੂੰ ਦੇਹ ਵਪਾਰ ਨਾਲ ਜੋੜ ਕੇ ਘਿਣਾਉਣਾ ਬਣਾ ਦਿੱਤਾ ਗਿਆ।

ਪੱਤਰਕਾਰ ਸੌਮਿਆ ਰਾਓ ਲਿਖਦੇ ਹਨ ਕਿ ''''ਤਵਾਇਫ਼ਾਂ ਦੌਲਤ ਅਤੇ ਰੁਤਬੇ ਵਾਲੀਆਂ ਔਰਤਾਂ ਸਨ। ਕਲਾਕਾਰਾਂ ਦੀ ਸ਼੍ਰੇਣੀ ਵਿੱਚ ਤਵਾਇਫ਼ਾਂ ਦੀ ਥਾਂ ਸਿਖਰ ''''ਤੇ ਸੀ। ਇਹ ਇੱਕ ਅਜਿਹਾ ਵਰਗ ਸੀ, ਜੋ ਕਿ ਗਲੀਆਂ ''''ਚ ਕਲਾ ਦਾ ਪ੍ਰਦਰਸ਼ਨ ਕਰਨ ਅਤੇ ਵੇਸਵਾਗਮਨੀ ਤੋਂ ਕਿਤੇ ਵੱਖ ਸੀ''''।

ਇਤਿਹਾਸਕਾਰ ਅਤੇ ਸਿੱਖਿਆ ਸ਼ਾਸਤਰੀ ਦਾਨਿਸ਼ ਇਕਬਾਲ ਦਾ ਵਿਚਾਰ ਹੈ ਕਿ ''''ਤਵਾਇਫ਼ਾਂ ਕਲਾਕਾਰਾਂ ਦੀ ਸ਼੍ਰੇਣੀ ''''ਚ ਸਭ ਤੋਂ ਪਹਿਲੇ ਨੰਬਰ ''''ਤੇ ਆਉਂਦੀਆਂ ਸਨ। ਜਦੋਂ ਪੁਰਸ਼ ਪ੍ਰਧਾਨ ਭਾਰਤੀ ਸਮਾਜ ਵਿੱਚ ਔਰਤਾਂ ਨੂੰ ਕੋਈ ਸਥਾਨ ਜਾਂ ਭੂਮਿਕਾ ਨਹੀਂ ਮਿਲਦੀ ਸੀ ।

ਉਦੋਂ ਜ਼ਿਆਦਾਤਰ ਔਰਤਾਂ ਆਪਣੇ ਘਰਾਂ ਦੀ ਚਾਰਦੀਵਾਰੀ ਅੰਦਰ ਹੀ ਸੀਮਤ ਰਹਿ ਜਾਂਦੀਆਂ ਸਨ। ਅਜਿਹੇ ਸਮਾਜ ''''ਚ ਜਿੱਥੇ ਮਰਦਾਂ ਦਾ ਪੂਰਾ ਦਬਦਬਾ ਕਾਇਮ ਸੀ, ਇਹ ਔਰਤਾਂ ਆਪਣਾ ਪ੍ਰਭਾਵ ਅਤੇ ਪਹੁੰਚ ਰੱਖਦੀਆਂ ਸਨ''''।

"ਉਹ ਸਿਰਫ਼ ਕਲਾ ਅਤੇ ਸੱਭਿਆਚਾਰ ਦਾ ਕੇਂਦਰ ਹੀ ਨਹੀਂ ਸਗੋਂ ਇੱਕ ਆਜ਼ਾਦ ਸੋਚ ਵਾਲੀਆਂ ਔਰਤਾਂ ਸਨ। ਮਰਦ ਉਨ੍ਹਾਂ ''''ਤੇ ਨਿਰਭਰ ਸਨ। ਮਰਦ ਉਨ੍ਹਾਂ ਦੇ ਮੁਲਾਜ਼ਮ ਹੁੰਦੇ ਸਨ। ਸੰਗੀਤਕਾਰ ਹੋਣ ਜਾਂ ਸੰਗੀਤ ਅਤੇ ਨਰਿਤ ਦੇ ਗੁਰੁ, ਮਰਦ ਉਨ੍ਹਾਂ ਦੇ ਗਾਹਕ ਅਤੇ ਦਲਾਲ ਹੁੰਦੇ ਸਨ।

ਮਹਲੂਕਾ ਬਾਈ ਚੰਦਾ ਉਰਦੂ ਦੀ ਪਹਿਲੀ ਕਵਿੱਤਰੀ ਸੀ, ਜਿੰਨ੍ਹਾਂ ਦਾ ਕਿ ਆਪਣਾ ਕਾਵਿ ਸੰਗ੍ਰਹਿ ਹੈ, ਜੋ ਕਿ 1898 ''''ਚ ਤਿਆਰ ਹੋਇਆ ਸੀ। ਉਨ੍ਹਾਂ ਦਾ ਇੱਕ ਸ਼ੇਅਰ ਹੈ-

ਗ਼ਮਜ਼ਾ ਵ ਨਾਜ਼ ਵ ਅਦਾ ਸ਼ੇਵਾ ਹੈ ਖੂਬੋਂ ਕਾ ਮਗਰ

ਹਰ ਸੁਖ਼ਨ ਮੇਂ ਰੂਠ ਜਾਨਾ ਕੌਣ ਸਾ ਦਸਤੂਰ ਹੈ।

ਮੋਟੇ ਤੌਰ ''''ਤੇ ਇਸ ਦਾ ਮਤਲਬ ਹੈ ਕਿ ਨਾਜ਼ ਅਤੇ ਅਦਾ ਤਾਂ ਠੀਕ ਹੈ, ਪਰ ਹਰ ਗੱਲ ''''ਤੇ ਰੁੱਸ ਜਾਣਾ ਵੀ ਕੋਈ ਗੱਲ ਹੈ।

ਮਹਲੂਕਾ ਬਾਈ ਚੰਦਾ
BBC

1857 ਤੋਂ ਬਾਅਦ

ਸਫ਼ਵੀ ਦਾ ਕਹਿਣਾ ਹੈ ਕਿ 1857 ਤੋਂ ਬਾਅਦ ਸਿਰਫ ਮੁਗ਼ਲ ਪਰਿਵਾਰ ਜਾਂ ਨਵਾਬ ਹੀ ਨਹੀਂ ਸਨ ਜੋ ਤਬਾਹ ਹੋਏ ਸਨ ਸਗੋਂ ਉਨ੍ਹਾਂ ਦੇ ਨਾਲ ਪੂਰਾ ਇੱਕ ਦੌਰ ਖ਼ਤਮ ਹੋ ਗਿਆ ਸੀ।

ਇੱਕ ਸੱਭਿਆਚਾਰ ਤਬਾਹ ਹੋ ਗਿਆ ਸੀ। ਕੱਥਕ ਡਾਂਸਰ ਅਤੇ ਸ਼ਾਸਤਰੀ ਗਾਇਕਾਵਾਂ ਹੁਣ ਅੰਗਰੇਜ਼ ਹਾਕਮਾਂ ਅਨੁਸਾਰ ''''ਨਾਚ ਗਰਲਜ਼'''' ਸਨ।

ਪੱਤਰਕਾਰ ਸੌਮਿਆ ਰਾਓ ਦਾ ਕਹਿਣਾ ਹੈ ਕਿ ''''ਉਸ ਸਮੇਂ ਮੁਗ਼ਲ ਸਲਤਨਤ ਕਈ ਦਹਾਕਿਆਂ ਤੋਂ ਪਤਨ ਦਾ ਸ਼ਿਕਾਰ ਹੋ ਗਈ ਸੀ। ਬਹੁਤ ਸਾਰੀਆਂ ਤਵਾਇਫ਼ਾਂ ਦਿੱਲੀ ਛੱਡ ਕੇ ਅਵਧ ਰਿਆਸਤ ਵਿੱਚ ਲਖਨਊ ਚੱਲੀਆਂ ਗਈਆਂ ਸਨ। ਜਿੱਥੇ ਨਵਾਬਾਂ ਨੇ ਉਨ੍ਹਾਂ ਦੀ ਕਲਾ ਦੀ ਸਰਪ੍ਰਸਤੀ ਕੀਤੀ ਸੀ।

ਇਰਾਨੀ ਅਤੇ ਭਾਰਤੀ ਨਾਚ ਦੇ ਮਿਸ਼ਰਤ ਰੂਪ ਕੱਥਕ ਨੇ ਠੁਮਰੀ, ਦਾਦਰਾ ਅਤੇ ਗ਼ਜ਼ਲ ਦੇ ਨਲ ਅਵਧ ਦੇ ਦਰਬਾਰਾਂ ਵਿੱਚ ਪ੍ਰਸਿੱਧੀ ਹਾਸਲ ਕੀਤੀ। ਨਵਾਬ ਵਾਜਿਦ ਅਲੀ ਸ਼ਾਹ ਜੋ ਕਿ ਖੁਦ ਇੱਕ ਪ੍ਰਤੀਭਾਸ਼ਾਲੀ ਡਾਂਸਰ , ਗਾਇਕ ਅਤੇ ਸ਼ਾਇਰ ਸਨ, ਉਨ੍ਹਾਂ ਨੇ ਕਲਾਵਾਂ ਨੂੰ ਉਤਸ਼ਾਹਿਤ ਕੀਤਾ।

ਇਹ ਸੰਗੀਤ ਅਤੇ ਨਾਚ ਦਾ ਸੁਨਿਹਰੀ ਦੌਰ ਸੀ। ਪਰ ਲਖਨਊ ਵਿੱਚ ਵੀ ਬਦਕਿਸਤਮੀ ਨੇ ਉਨ੍ਹਾਂ ਦਾ ਪਿੱਛਾ ਨਾ ਛੱਡਿਆ। ਅੰਗਰੇਜ਼ਾਂ ਨੇ 1856 ''''ਚ ਅਵਧ ਰਿਆਸਤ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ।

ਅਵਧ ਦੇ ਆਖਰੀ ਨਵਾਬ ਵਾਜਿਦ ਅਲੀ ਸ਼ਾਹ ਦੀ ਪਤਨੀ ਬੇਗ਼ਮ ਹਜ਼ਰਤ ਮਹਲ ਵਿਆਹ ਤੋਂ ਪਹਿਲਾਂ ਇੱਕ ਤਵਾਇਫ਼ (ਕੁਝ ਸਰੋਤਾਂ ਅਨੁਸਾਰ) ਸੀ।

ਬਗ਼ਾਵਤ ਦੌਰਾਨ ਜਦੋਂ ਉਨ੍ਹਾਂ ਦੇ ਪਤੀ ਨੂੰ ਜਲਾਵਤਨ ਕਰ ਦਿੱਤਾ ਗਿਆ ਤਾਂ ਉਨ੍ਹਾਂ ਦੀ ਅਗਵਾਈ ਵਿੱਚ ਬਾਗ਼ੀਆਂ ਨੇ ਕੁਝ ਸਮੇਂ ਲਈ ਲਖਨਊ ਉੱਤੇ ਕਬਜ਼ਾ ਕਰ ਲਿਆ ਸੀ ਅਤੇ ਉਨ੍ਹਾਂ ਦੇ ਪੁੱਤਰ ਨੂੰ ਸ਼ਾਸਕ ਐਲਾਨਿਆ ਗਿਆ ਸੀ।

ਜਦੋਂ 1858 ''''ਚ ਅੰਗਰੇਜ਼ਾਂ ਨੇ ਮੁੜ ਲਖਨਊ ''''ਤੇ ਕਬਜ਼ਾ ਕੀਤਾ ਤਾਂ ਹਜ਼ਰਤ ਮਹਿਲ ਨੇ ਨੇਪਾਲ ''''ਚ ਸ਼ਰਨ ਲਈ ਅਤੇ 1879 ''''ਚ ਆਪਣਾ ਆਖਰੀ ਸਮਾਂ ਉੱਥੇ ਹੀ ਬਿਤਾਇਆ।


-


ਈਸਟ ਇੰਡੀਆ ਕੰਪਨੀ ਪ੍ਰਤੀ ਭਾਰਤੀਆਂ ਵਿੱਚ ਅਸੰਤੁਸ਼ਟੀ ਲਗਾਤਾਰ ਵੱਧ ਰਹੀ ਸੀ। ਤਵਾਇਫਾਂ ਨੇ ਪਰਦੇ ਦੇ ਪਿੱਛੇ ਤੋਂ ਹੀ ਉਸ ਬਗ਼ਾਵਤ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ।

ਉਹ ਆਪਣੇ ਅੰਗਰੇਜ਼ ਗਾਹਕਾਂ ਦੀ ਜਾਸੂਸੀ ਕਰਦੀਆਂ, ਉਨ੍ਹਾਂ ਨੂੰ ਗੱਲਬਾਤ ਕਰਨ ਲਈ ਤਿਆਰ ਕਰਦੀਆਂ ਅਤੇ ਉਨ੍ਹਾਂ ਤੋਂ ਮਿਲੀ ਜਾਣਕਾਰੀ ਨੂੰ ''''ਬਾਗ਼ੀਆਂ'''' ਤੱਕ ਪਹੁੰਚਾਉਂਦੀਆਂ ਸਨ।

ਕੋਠੇ ਕਹਾਉਣ ਵਾਲੇ ਉਨ੍ਹਾਂ ਦੇ ਘਰ ਹੁਣ ਬਾਗ਼ੀਆਂ ਦੇ ਮਿਲਣ ਅਤੇ ਲੁਕਣ ਦੇ ਅੱਡਿਆਂ ਬਣ ਗਏ ਗਏ ਸਨ। ਧਨਾਢ ਤਵਾਇਫ਼ਾਂ ਬਾਗ਼ੀਆਂ ਦੀ ਪੈਸੇ ਪੱਖੋਂ ਮਦਦ ਕਰਦੀਆਂ ਸਨ।

ਰਾਓ ਲਿਖਦੀ ਹੈ ਕਿ ਕਾਨਪੁਰ ਦੀ ਇੱਕ ਤਵਾਇਫ਼ ਅਜ਼ੀਜ਼ੁਨੀਸਾ ਜਾਂ ਅਜ਼ੀਜ਼ਨ ਬਾਈ ਨੇ 1857 ਦੇ ਵਿਦਰੋਹ ''''ਚ ਅੰਗਰੇਜ਼ਾਂ ਵਿਰੁੱਧ ਲੜਾਈ ਵੀ ਲੜੀ ਸੀ।

ਜਦੋਂ ਅੰਗਰੇਜ਼ਾਂ ਨੇ ਬਗਾਵਤ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਨੇ ਤਵਾਇਫ਼ਾਂ ''''ਤੇ ਵੀ ਪੂਰਾ ਕਹਿਰ ਢਾਹਿਆ ਸੀ।

ਸੌਮਿਆ ਰਾਓ ਅੱਗੇ ਲਿਖਦੀ ਹੈ ਕਿ ''''ਉਹ ਪੇਸ਼ੇਵਰ ਗਾਇਕਾਂ ਅਤੇ ਨੱਚਣ ਵਾਲੀਆਂ, ਜਿਨ੍ਹਾਂ ਨੂੰ ਉੱਤਰੀ ਭਾਰਤ ਵਿੱਚ ਤਵਾਇਫ਼, ਦੱਖਣੀ ਭਾਰਤ ਵਿੱਚ ਦੇਵਦਾਸੀਆਂ, ਬੰਗਾਲ ਵਿੱਚ ਬਾਈ ਜੀ ਅਤੇ ਗੋਆ ਵਿੱਚ ਨਾਇਕਨ ਕਿਹਾ ਜਾਂਦਾ ਸੀ, ਉਨ੍ਹਾਂ ਨੂੰ ਅੰਗਰੇਜ਼ੀ ਹਕੂਮਤ ''''ਚ ''''ਡਾਂਸਿੰਗ ਗਰਲਜ਼'''' ਕਿਹਾ ਜਾਣ ਲੱਗਾ ਅਤੇ ਉਨ੍ਹਾਂ ਦੇ ਪੇਸ਼ੇ ਨੂੰ 19ਵੀਂ ਸਦੀ ਦੇ ਅਖੀਰ ''''ਚ ਵੇਸਵਾਗਮਨੀ (ਦੇਹ ਵਪਾਰ) ਦੇ ਨਾਲ ਜੋੜ ਦਿੱਤਾ ਗਿਆ ਸੀ''''।

ਇਸ ਤਰ੍ਹਾਂ ਨਾਲ ਭਾਰਤ ਦੀਆਂ ਸ਼ਾਸਤਰੀ ਕਲਾਵਾਂ ''''ਚ ਉਨ੍ਹਾਂ ਦੀ ਹਿੱਸੇਦਾਰੀ ਨੂੰ ਸਮੂਹਿਕ ਭਾਵਨਾ ਤੋਂ ਦੂਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਵੀ ਥਾਂ ਨਾ ਦਿੱਤੀ ਗਈ।

ਇਤਿਹਾਸਕਾਰ ਵੀਨਾ ਓਲਡਨਬਰਗ ਨੇ ਆਪਣੀ ਕਿਤਾਬ ''''ਦ ਮੇਕਿੰਗ ਆਫ਼ ਕੋਲੋਨੀਅਲ ਲਖਨਊ'''' ''''ਚ ਲਿਖਿਆ ਹੈ ਕਿ ''''ਤਵਾਇਫ਼ਾਂ ਨੂੰ ਦੇਹ ਵਪਾਰ ਨਾਲ ਜੋੜਨਾ ਉਸ ਪੇਸ਼ੇ ਦਾ ਬਹੁਤ ਹੀ ਬੇਇਨਸਾਫੀ ਨਾਲ ਕੀਤਾ ਗਿਆ ਵਰਣਨ ਹੈ''''।

ਓਲਡਨਬਰਗ ਨੇ ਲਖਨਊ ਦੀਆਂ ਤਵਾਇਫ਼ਾਂ ''''ਤੇ ਵਿਆਪਕ ਪੱਧਰ ''''ਤੇ ਖੋਜ ਕੀਤੀ ਸੀ। ਉਨ੍ਹਾਂ ਨੇ ਲਿਖਿਆ ਹੈ ਕਿ ''''ਜਦੋਂ ਅੰਗਰੇਜ਼ਾਂ ਨੇ 1857 ਦੀ ਬਗ਼ਾਵਤ ''''ਚ ਸ਼ਾਮਲ ਲੋਕਾਂ ਦਾ ਪਿੱਛਾ ਕੀਤਾ ਤਾਂ ਪਤਾ ਲੱਗਿਆ ਕਿ ਉਹ ਤਾਂ ''''ਨੱਚਣ ਅਤੇ ਗਾਉਣ ਵਾਲੀਆਂ ਕੁੜੀਆਂ'''' ਸਨ ਅਤੇ ਟੈਕਸ ਰਿਕਾਰਡ ''''ਚ ਉਹ ਸਭ ਤੋਂ ਵੱਧ ਕਰ ਦੇਣ ਵਾਲਿਆਂ ''''ਚ ਸ਼ਾਮਲ ਸਨ, ਭਾਵ ਸ਼ਹਿਰ ''''ਚ ਉਹ ਸਭ ਤੋਂ ਵੱਧ ਵਿਅਕਤੀਗਤ ਆਮਦਨ ਕਮਾਉਣ ਵਾਲੀਆਂ ਸਨ''''।

ਲਖਨਊ ਦੀ ਨਾਕਾਬੰਦੀ ਅਤੇ 1857 ''''ਚ ਬ੍ਰਿਟਿਸ਼ ਸ਼ਾਸਨ ਵਿਰੁੱਧ ਬਗ਼ਾਵਤ ''''ਚ ਸ਼ਾਮਲ ਹੋਣ ਕਰਕੇ ਉਨ੍ਹਾਂ ਦੇ ਘਰ, ਬਾਗ, ਕਾਰਖਾਨੇ ਅਤੇ ਖਾਣ-ਪੀਣ ਅਤੇ ਸੁੱਖ ਸਹੂਲਤਾਂ ਦੇ ਸਾਰੇ ਸਾਧਨ ਜਜ਼ਬ ਕਰ ਲਏ ਸਨ।

ਤਵਾਇਫ਼
BBC

ਵੇਸਵਾਪੁਣੇ ਲਈ ਮਜਬੂਰ ਹੋਈਆਂ

ਇਹ ਮਾਮਲਾ ਸਿਰਫ ਜਾਇਦਾਦਾਂ ਨੂੰ ਜ਼ਬਤ ਕਰਨ ਤੱਕ ਹੀ ਸੀਮਤ ਨਹੀਂ ਸੀ, ਸਗੋਂ ਸਭ ਤੋਂ ਆਕਰਸ਼ਕ ਤਵਾਇਫ਼ਾਂ ਨੂੰ ਫੌਜੀਆਂ ਦੀਆਂ ਸੇਵਾਵਾਂ ਲਈ ਬ੍ਰਿਟਿਸ਼ ਛਾਉਣੀਆਂ ''''ਚ ਭੇਜ ਦਿੱਤਾ ਗਿਆ ਸੀ।

ਸ਼ਾਸਤਰੀ ਸੰਗੀਤ, ਨਾਚ ਅਤੇ ਉਰਦੂ ਸਾਹਿਤਕ ਪਰੰਪਰਾਵਾਂ ''''ਚ ਸ਼ਾਨਦਾਰ ਭੂਮਿਕਾ ਨਿਭਾਉਣ ਵਾਲੀਆਂ ਤਵਾਇਫ਼ਾਂ ਹੁਣ ਆਮ ਜਿਸਮਫਰੋਸ਼ ਬਣ ਗਈਆਂ ਸਨ।

ਨੇਕ ਘਰਾਣਿਆਂ ਦੇ ਮੁੰਡਿਆਂ ਨੂੰ ਜਿੰਨ੍ਹਾਂ ਕੋਲ ਸਮਾਜ ''''ਚ ਸੱਭਿਅਤਾ ਸਿੱਖਣ ਲਈ ਭੇਜਿਆ ਜਾਂਦਾ ਸੀ, ਹੁਣ ਉਨ੍ਹਾਂ ਨੂੰ ਅੰਗਰੇਜ਼ੀ ਅਫ਼ਸਰਾਂ ਅਤੇ ਫੌਜੀਆਂ ਦੀ ਸਰੀਰਕ ਹਵਸ ਬੁਝਾਉਣ ਦਾ ਕੰਮ ਸੌਂਪਿਆ ਗਿਆ ਸੀ।

ਉਹ ਔਰਤਾਂ ਜੋ ਕਿ ਕਈ ਕਲਾਵਾਂ ਦੀਆਂ ਜਨਨੀਆਂ ਸਨ ਅਤੇ ਉਨਾਂ ਨੇ ਕਲਾਵਾਂ ਨੂੰ ਪ੍ਰਸਿੱਧ ਕਰਨ ਲਈ ਆਪਣੀ ਜੀਅ-ਜਾਨ ਤੱਕ ਲਗਾ ਦਿੱਤੀ ਸੀ, ਕੱਥਕ, ਦਾਦਰਾ, ਗ਼ਜ਼ਲ ਅਤੇ ਠੁਮਰੀ ''''ਚ ਮੁਹਾਰਤ ਹਾਸਲ ਕੀਤੀ ਸੀ, ਹੁਣ ਉਨ੍ਹਾਂ ਨੂੰ ਸਿਰਫ ਨੱਚਣ ਤੱਕ ਸੀਮਤ ਕਰ ਦਿੱਤਾ ਗਿਆ ਸੀ।

19ਵੀਂ ਸਦੀ ਦੇ ਅੰਤ ''''ਚ, ਬਸਤੀਵਾਦੀ ਪ੍ਰਸ਼ਾਸਨ, ਈਸਾਈ ਮਿਸ਼ਨਰੀਆਂ ਅਤੇ ਭਾਰਤੀ ਸਮਾਜ ਸੁਧਾਰਕਾਂ ਨੇ ਨਾਚ-ਵਿਰੋਧੀ ਲਹਿਰ ਸ਼ੁਰੂ ਕੀਤੀ, ਜਿਸ ਨੇ ਜਨਤਾ ਆਮ ਲੋਕਾਂ ਨੂੰ ਤਵਾਇਫ਼ਾਂ ਅਤੇ ਨੱਚਣ ਵਾਲਿਆਂ ਦੇ ਖਿਲਾਫ ਕਰ ਦਿੱਤਾ। ਆਪਣੀ ਰੋਜ਼ੀ-ਰੋਟੀ ਪ੍ਰਭਾਵਿਤ ਹੋਈ ਵੇਖ ਕੇ ਕੁਝ ਤਵਾਇਫ਼ਾਂ ਨੇ ਤਾਂ ਮਜਬੂਰਨ ਦੇਹ ਵਪਾਰ ਨੂੰ ਅਪਣਾਇਆ , ਜਿਸ ਨਾਲ ਜਿਸਮਫਰੋਸ਼ੀ ਨਾਲ ਉਨ੍ਹਾਂ ਦਾ ਸਬੰਧ ਹੋਰ ਗੂੜ੍ਹਾ ਹੋ ਗਿਆ।

ਕਰਜ਼ੀਟੋਫ ਇਵਾਨਿਕ ਲਿਖਦੇ ਹਨ ਕਿ ''''ਮੰਨਿਆ ਕਿ ਤਵਾਇਫ਼ਾਂ ਪੜ੍ਹੀਆਂ ਲਿਖੀਆਂ ਸਨ ਅਤੇ ਉੱਚ ਵਰਗ ਦੀਆਂ ਔਰਤਾਂ ਸਨ ਅਤੇ ਇਹ ਵੀ ਕਿ ਉਨ੍ਹਾਂ ਨੇ ਭਾਰਤੀ ਕਲਾਵਾਂ ਨੂੰ ਉਤਸ਼ਾਹਿਤ ਕਰਨ ''''ਚ ਅਹਿਮ ਭੂਮਿਕਾ ਅਦਾ ਕੀਤੀ ਸੀ, ਪਰ ਇਸ ਸੱਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਉਨ੍ਹਾਂ ਨੂੰ ਮਰਦਾਂ ਨੂੰ ਸਰੀਰਕ ਸੇਵਾਵਾਂ ਵੀ ਦੇਣੀਆਂ ਪੈਂਦੀਆਂ ਸਨ। ਬਹੁਤ ਸਾਰੀਆਂ ਤਵਾਇਫ਼ਾਂ ''''ਤੇ ਮਰਦਾਂ ਦਾ ਦਬਦਬਾ ਸੀ। ਕਈਆਂ ਨੂੰ ਤਾਂ ਸਰੀਰਕ ਤਸੀਹੇ ਵੀ ਦਿੱਤੇ ਗਏ ਸਨ ਅਤੇ ਕਈਆਂ ਨੂੰ ਕੈਦੀਆਂ ਵਾਂਗਰ ਦੀ ਜ਼ਿੰਦਗੀ ਜਿਉਣ ਲਈ ਮਜਬੂਰ ਕੀਤਾ ਗਿਆ ਸੀ ਜਾਂ ਜਦੋਂ ਉਨ੍ਹਾਂ ਨੂੰ ਹਾਸਲ ਕਰਨ ਲਈ ਮਰਦਾਂ ਵਿਚਾਲੇ ਝੜਪ ਹੁੰਦੀ ਤਾਂ ਉਸ ਦਾ ਨਤੀਜਾ ਵੀ ਉਨ੍ਹਾਂ ਨੂੰ ਹੀ ਭੁਗਤਨਾ ਪੈਂਦਾ ਸੀ''''।

ਸੌਮਿਆ ਰਾਓ
BBC

ਤਵਾਇਫ਼ ਦੇ ਜੀਵਨ ''''ਤੇ ਲੱਗੇ ਕ੍ਰਮਵਾਰ ਗ੍ਰਹਿਣ ਦੀ ਝਲਕ ਕੁਝ ਸਾਹਿਤਕ ਰਚਨਾਵਾਂ ''''ਚ ਮਿਲਦੀ ਹੈ।

ਨਸੀਮ ਆਰਾ ਨੇ 1960 ਦੇ ਦਹਾਕੇ ''''ਚ ਲਿਖੀ ਗਈ ਅਮ੍ਰਿਤ ਲਾਲ ਨਗਰ ਦੀ ਕਿਤਬ ''''ਯੇ ਕੋਠੇਵਾਲੀਆਂ'''' ਦੀ ਇੱਕ ਕਹਾਣੀ ''''ਚ ਕਿਹਾ ਹੈ ਕਿ 19ਵੀਂ ਸਦੀ ਦੀਆਂ ਡੇਰੇਵਾਲੀਆਂ ਤਵਾਇਫ਼ਾਂ ਦੇ ਇੱਕ ਹੀ ਵਿਅਕਤੀ ਨਾਲ ਸਰੀਰਕ ਸਬੰਧ ਹੁੰਦੇ ਸਨ, ਜੋ ਕਿ ਆਮ ਤੌਰ ''''ਤੇ ਪੂਰੇ ਪਰਿਵਾਰ ਦੀ ਦੇਖ-ਬਾਲ ਕਰਦਾ ਸੀ। ਜੇਕਰ ਘਰ ਦਾ ਮੁਖੀਆ ਮਰ ਜਾਂਦਾ ਤਾਂ ਉਹ ਆਪਣੀ ਪੂਰੀ ਜ਼ਿੰਦਗੀ ਵਿਧਵਾ ਵਾਂਗ ਬਤੀਤ ਕਰਦੀ ਸੀ।

20ਵੀਂ ਸਦੀ ਦੇ ਸ਼ੁਰੂ ਵਿੱਚ ਅਬਦੁੱਲ ਹਲੀਮ ਸ਼ਰਰ ਨੇ ਨਵਾਬਾਂ ਦੇ ਪ੍ਰਸ਼ਾਸਨਿਕ ਢਾਂਚੇ ''''ਚ ਅਵਧ ਦੇ ਜੀਵਨ ਅਤੇ ਸੱਭਿਆਚਾਰ ''''ਤੇ ਆਪਣੀ ਕਿਤਾਬ '''' ਗੁਜ਼ਸ਼ਤਾ ਲਖਨਊ'''' ਲਿਖੀ। ਉਹ ਲਖਨਊ ''''ਚ ਤਵਾਇਫ਼ਾਂ ਦੇ ਤਿੰਨ ਵਰਗਾਂ ਦਾ ਵਰਣਨ ਕਰਦੇ ਹਨ ਅਤੇ ਕੰਚਨੀ ਉਨ੍ਹਾਂ ''''ਚੋਂ ਹੀ ਇੱਕ ਹੈ।

ਦੂਜਾ ਵਰਗ ਜਿਸ ਦਾ ਕਿ ਉਹ ਜ਼ਿਕਰ ਕਰਦੇ ਹਨ ਉਹ ਚੂਨਾਵਾਲੀ ਹੈ- ਅਜਿਹੀਆਂ ਔਰਤਾਂ ਜੋ ਕਿ ਪਹਿਲਾਂ ਚੂਨਾ ਵੇਚਦੀਆਂ ਸਨ ਪਰ ਹੁਣ ਬਾਜ਼ਾਰੂ ਔਰਤਾਂ ਬਣ ਗਈਆਂ ਸਨ। ਤੀਜਾ ਵਰਗ ''''ਨਗਰਾਂਟ'''' ਸੀ. ਜੋ ਕਿ ਗੁਜਰਾਤ ਨਾਲ ਸਬੰਧਤ ਸਨ। ਉਹ ਇੰਨ੍ਹਾਂ ਤਿੰਨ੍ਹਾਂ ਵਰਗਾਂ ਨੂੰ ''''ਬਾਜ਼ਾਰਾਂ ਦੀਆਂ ਰਾਣੀਆਂ'''' ਕਹਿੰਦੇ ਸਨ।

ਉਨ੍ਹਾਂ ਦਾ ਮੂਲ ਪੇਸ਼ਾ ਆਪਣਾ ਸਰੀਰ ਵੇਚਣਾ ਸੀ ਅਤੇ ਇਹ ਇੱਕ ਬਦਲਾਵ ਸੀ। ਇਸ ''''ਚ ਕੋਈ ਸ਼ੱਕ ਨਹੀਂ ਕਿ ਇਸ ਦਾ ਇੱਕ ਕਾਰਨ ਇਹ ਵੀ ਰਿਹਾ ਹੋਵੇਗਾ ਕਿ ਨਾਦਿਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਦਿੱਲੀ ''''ਤੇ ਹਮਲਿਆਂ ਤੋਂ ਬਾਅਦ ਮੁਗ਼ਲ ਸਲਤਨਤ ਟੁੱਟ ਰਹੀ ਸੀ ਅਤੇ ਸ਼ਾਹੀ ਸਰਪ੍ਰਸਤੀ ਹੁਣ ਉੱਚ ਜੀਵਨ ਪੱਧਰ ਨੂੰ ਕਾਇਮ ਰੱਖਣ ਲਈ ਕਾਫੀ ਨਹੀਂ ਸੀ।

ਸ਼ਰਰ ਲਿਖਦੇ ਹਨ ਕਿ ਉਹ ਇੰਨੀਆਂ ਅਮੀਰ ਅਤੇ ਸ਼ਕਤੀਸ਼ਾਲੀ ਸਨ ਕਿ ਹਕੀਮ ਮੇਹਦੀ ਵਰਗੇ ਸੱਜਣ, ਜੋ ਕਿ ਬਾਅਦ ਵਿੱਚ ਅਵਧ ਦੇ ਵਜ਼ੀਰ-ਏ-ਆਜ਼ਮ ਬਣੇ, ਆਪਣੀ ਸ਼ੁਰੂਆਤੀ ਸਫ਼ਲਤਾ ਦੇ ਲਈ ਪਿਆਰੂ ਨਾਮ ਦੀ ਇੱਕ ਤਵਾਇਫ਼ ''''ਤੇ ਨਿਰਭਰ ਸਨ।

''''ਪਿਆਰੂ ਨੇ ਅਵਧ ਸੂਬੇ ਦੇ ਗਵਰਨਰ ਵੱਜੋਂ ਉਨ੍ਹਾਂ ਦੀ ਪਹਿਲੀ ਨਿਯੁਕਤੀ ''''ਤੇ ਸ਼ਾਸਕਾਂ ਨੂੰ ਤੋਹਫ਼ੇ ਦੇਣ ਲਈ ਰਕਮ ਦਿੱਤੀ ਸੀ। ਇਹ ਹਾਸੋਹੀਣੀਆਂ ਗੱਲਾਂ ਇਸ ਹੱਦ ਤੱਕ ਵਧ ਗਈਆਂ ਸਨ ਕਿ ਕਿਹਾ ਜਾਂਦਾ ਸੀ ਕਿ ਜਦੋਂ ਤੱਕ ਕੋਈ ਵਿਅਤਕੀ ਤਵਾਇਫ਼ਾਂ ਨਾਲ ਸਬੰਧ ਕਾਇਮ ਨਹੀਂ ਕਰਦਾ ਸੀ ਉਦੋਂ ਤੱਕ ਉਹ ਸਭਿਅ ਨਹੀਂ ਕਹਿਲਾਉਂਦਾ ਸੀ। 1913 ''''ਚ ਕੁਝ ਅਜਿਹੀਆਂ ਤਵਾਇਫ਼ਾਂ ਮੌਜੂਦ ਹਨ, ਜਿੰਨ੍ਹਾਂ ਦੇ ਨਾਲ ਉੱਠਣਾ-ਬੈਠਣਾ ਨਿੰਦਣਯੋਗ ਨਹੀਂ ਅਤੇ ਉਨ੍ਹਾਂ ਦੇ ਘਰ ਬੇਖੌਫ਼ ਜਾਇਆ ਜਾ ਸਕਦਾ ਸੀ''''।

ਇਹ ਸਪੱਸ਼ਟ ਹੈ ਕਿ ਸ਼ਰਰ 1856 ਤੋਂ ਬਾਅਦ ਲਿਖ ਰਹੇ ਸਨ, ਜਿਸ ਸਮੇਂ ਰਵਾਇਤੀ ਤਵਾਇਫ਼ਾਂ ਦੀ ਸੰਸਥਾ ਨੂੰ ਅੰਗਰੇਜ਼ ਤਬਾਹ ਕਰ ਚੁੱਕੇ ਸਨ।

ਕਾਜ਼ੀ ਅਬਦੁੱਲ ਗੱਫ਼ਾਰ ਦੇ ਨਾਵਲ '''' ਲੈਲਾ ਦੇ ਖ਼ਾਤੂਨ'''' 1932 ਵਿੱਚ ਆਇਆ ਸੀ। ਇਹ ਸ਼ਾਇਦ ਉਰਦੂ ਦਾ ਪਹਿਲਾ ਨਾਵਲ ਹੈ, ਜਿਸ ''''ਚ ਚਿੱਠੀਆਂ ਦੀ ਤਕਨੀਕ ਦੀ ਵਰਤੋਂ ਕੀਤੀ ਗਈ ਹੈ।

ਉਨ੍ਹਾਂ ਨੇ ਇੱਕ ਅਜਿਹੀ ਤਵਾਇਫ਼ ਦੀ ਜ਼ਿੰਦਗੀ ਨੂੰ ਪੇਸ਼ ਕੀਤਾ ਹੈ ਜੋ ਕਿ ਮਰਦਾਂ ਵੱਲੋਂ ਸਿਰਜੇ ਸਮਾਜ ਤੋਂ ਅੱਕ ਚੁੱਕੀ ਹੈ। ਆਪਣੀਆਂ ਚਿੱਠੀਆਂ ਵਿੱਚ ਉਹ ਅਜਿਹੇ ਸਮਾਜ ''''ਤੇ ਡੂੰਗਾ ਵਿਅੰਗ ਕੱਸਦੀ ਹੈ।

ਇਸ ਅਧਾਰ ''''ਤੇ ਹੀ ਅਜ਼ੀਜ਼ ਅਹਿਮਦ ਨੇ ਇਸ ਨਾਵਲ ਨੂੰ ਪਹਿਲਾ ਪ੍ਰਗਤੀਸ਼ਾਲੀ ਨਾਵਲ ਕਰਾਰ ਦਿੱਤਾ ਹੈ। ਹਾਲਾਂਕਿ ਪ੍ਰਗਤੀਸ਼ਾਲੀ ਲਹਿਰ ਇਸ ਨਾਵਲ ਦੇ ਪ੍ਰਕਾਸ਼ਿਤ ਹੋਣ ਤੋਂ ਲਗਭਗ ਚਾਰ ਸਾਲ ਬਾਅਦ ਹੋਂਦ ''''ਚ ਆਈ ਸੀ।

ਪ੍ਰੇਮਚਮਦ ਦੀ ਰਚਨਾ ''''ਬਾਜ਼ਾਰ-ਏ-ਹੁਸਨ'''' ਦਾ ਵੀ ਇਹੀ ਵਿਸ਼ਾ ਹੈ।

ਕੁਝ ਉਪਲਬਧ ਕਹਾਣੀਆਂ ''''ਚੋਂ ਇੱਕ ਮਲਿਕਾ ਪੁਖਰਾਜ ਦੀ ਕਹਾਣੀ ਹੈ, ਜੋ ਕਿ ਜੰਮੂ-ਕਸ਼ਮੀਰ ''''ਚ ਮਹਾਰਾਜਾ ਹਰੀ ਸਿੰਘ ਦੇ ਦਰਬਾਰ ਨਾਲ ਜੁੜੀ ਗਾਇਕਾ ਅਤੇ ਨਾਚੀ ਸੀ। ਸਲੀਮ ਕਿਦਵਈ ਨੇ ਉਨ੍ਹਾਂ ਯਾਦਾਂ ਦਾ ਅੰਗਰੇਜ਼ੀ ''''ਚ ਅਨੁਵਾਦ ਕੀਤਾ ਹੈ।

ਪਲੇਟ
BBC

ਇਸ ਤਰ੍ਹਾਂ ਆਮ ਤੌਰ ''''ਤੇ ਤਵਾਇਫ਼ ਜਿਸਮਫਰੋਸ਼ੀ ਲਈ ਬਦਨਾਮ ਹੋ ਚੁੱਕੀ ਸੀ। 1960 ਦੇ ਦਹਾਕੇ ਦੇ ਅੱਧ ਤੱਕ ਕਵੀ ਨਿਆਜ਼ ਫਤਿਹਪੁਰੀ ਯਾਦ ਕਰਦੇ ਹਨ ਕਿ ਮੇਰੇ ਪਿਤਾ ਜੀ ਨੇ ਮੈਨੂੰ ਉਨ੍ਹਾਂ ਮਹਿਫ਼ਲਾਂ ''''ਚ ਭੇਜਣਾ ਸ਼ੁਰੂ ਕੀਤਾ ਅਤੇ ਇੱਥੋਂ ਹੀ ਮੇਰੇ ਸਾਹਿਤਕ ਸਫ਼ਰ ਦਾ ਆਗਾਜ਼ ਹੋਇਆ… ਸ਼ਹਿਰ ਦੀਆਂ ਮਸ਼ਹੂਰ ਤਵਾਇਫ਼ਾਂ ਦੀ ਹੈਸੀਅਤ ਇੱਕ ਅਜਿਹੇ ਵਿਦਵਾਨ ਦੀ ਸੀ, ਜਿੰਨ੍ਹਾਂ ਦੀ ਗੱਲਬਾਤ ਅਤੇ ਅਦਬ ਤੋਂ ਸ਼ਰੀਫਾਂ ਨੇ ਲਖਨਊ ਦੇ ਸਹੀ ਆਦਾਬ ਸਿੱਖੇ ਸਨ''''।

ਥੀਏਟਰ ਅਤੇ ਫਿਲਮ

ਸ਼ਰਾਇਆ ਇਲਾ ਇਨਸੂਆ ਦੇ ਅਨੁਸਾਰ, ਥੀਏਟਰ ਅਤੇ ਫਿਲਮਾਂ ''''ਚ ਤਵਾਇਫ਼ਾਂ ਦੀ ਹਿੱਸੇਦਾਰੀ ਨੇ ਅਦਾਕਾਰੀ ਅਤੇ ਸਾਹਿਤਕ ਕਲਾਵਾਂ ਨੂੰ ਬਹੁਤ ਸ਼ਕਤੀ ਦਿੱਤੀ। ਜੱਦਨ ਭਾਈ ਭਾਰਤੀ ਸਿਨੇਮਾ ਦੇ ਜਨਕਾਂ ''''ਚੋਂ ਇੱਕ ਸੀ। ਇਸੇ ਤਰ੍ਹਾਂ ਹੀ ਬੇਗ਼ਮ ਅਖ਼ਤਰ ਭਾਰਤ ਦੀਆਂ ਸਭ ਤੋਂ ਸਤਿਕਾਰਤ ਅਤੇ ਸਫਲ ਗਾਇਕਾਵਾਂ ''''ਚੋਂ ਇੱਕ ਸਨ। ਜਿੰਨ੍ਹਾਂ ਨੂੰ ਕਲਾ ''''ਚ ਮੁਹਾਰਤ ਲਈ ਮਲਿਕਾ-ਏ-ਗਜ਼ਲ ਕਿਹਾ ਜਾਂਦਾ ਸੀ।

ਕੁਝ ਹੋਰ ਤਵਾਇਫ਼ਾਂ ਨੇ ਭਾਰਤੀ ਸੱਭਿਆਚਾਰ ''''ਤੇ ਦੂਰਗਾਮੀ ਪ੍ਰਭਾਵ ਛੱਡੇ।

ਸਭ ਤੋਂ ਮਸ਼ਹੂਰ ਗੌਹਰ ਜਾਨ ਸੀ। 20ਵੀਂ ਸਦੀ ਦੇ ਸ਼ੁਰੂ ''''ਚ ਗ੍ਰਾਮੋਫੋਨ ''''ਤੇ ਆਪਣਾ ਗੀਤ ਰਿਕਾਰਡ ਕਰਵਾਉਣ ਵਾਲੀ ਉਹ ਪਹਿਲੀ ਭਾਰਤੀ ਕਲਾਕਾਰ ਸੀ। ਉਨ੍ਹਾਂ ਦੇ ਪਿਤਾ ਅਰਮੀਨੀਆਈ ਅਤੇ ਮਾਤਾ ਇੱਕ ਬ੍ਰਿਟਿਸ਼ ਔਰਤ ਸੀ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਭਾਰਤ ''''ਚ ਹੀ ਬਤੀਤ ਕੀਤਾ। ਉਨ੍ਹਾਂ ਨੇ 1900 ਦੇ ਦਹਾਕੇ ''''ਚ ਬਤੌਰ ਰਿਕਾਰਡਿੰਗ ਕਲਾਕਾਰ ਬਹੁਤ ਵਧੇਰੇ ਸਫਲਤਾ ਹਾਸਲ ਕੀਤੀ ਸੀ।

ਮਹਾਤਾਮਾ ਗਾਂਧੀ ਨੇ ਸੁਤੰਤਰਤਾ ਅੰਦੋਲਨ ਦਾ ਸਮਰਥਨ ਕਰਨ ਲਈ ਸਵਰਾਜ ਫੰਡ ''''ਚ ਹਿੱਸਾ ਲੈਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਉਹ ਇਸ ਸ਼ਰਤ ''''ਤੇ ਫੰਡ ਇਕੱਠਾ ਕਰਨ ਲਈ ਸਮਾਗਮ ਆਯੋਜਿਤ ਕਰਨ ਨੂੰ ਰਾਜ਼ੀ ਹੋਈ ਕਿ ਗਾਂਧੀ ਉਨ੍ਹਾਂ ਦੇ ਪ੍ਰੋਗਰਾਮ ਨੂੰ ਵੇਖਣ ਲਈ ਆਉਣਗੇ।

ਵੇਸਵਾ
Getty Images

ਵਿਕਰਮ ਸੰਪਤ ''''ਮਾਈ ਨੇਮ ਇਜ਼ ਗੌਹਰ ਜਾਨ'''' ''''ਚ ਲਿਖਦੇ ਹਨ ਕਿ ਗਾਂਧੀ ਉਸ ਸਮਾਗਮ ''''ਚ ਨਾ ਆ ਸਕੇ ਅਤੇ ਗੌਹਰ ਜਾਨ ਨੇ 24 ਹਜ਼ਾਰ ''''ਚੋਂ 12 ਹਜ਼ਾਰ ਰੁਪਏ ਹੀ ਉਨ੍ਹਾਂ ਨੂੰ ਭੇਜੇ।

1920 ਤੋਂ 19922 ਤੱਕ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਚੱਲੇ ਨਾ-ਮਿਲਵਰਤਣ ਅਮਦੋਲਨ ਦੌਰਾਨ, ਵਾਰਾਣਸੀ ਦੀਆਂ ਤਵਾਇਫ਼ਾਂ ਦੇ ਇੱਕ ਸਮੂਹ ਨੇ ਸੁਤੰਤਰਤਾ ਸੰਗਰਾਮ ਦੀ ਹਮਾਇਤ ਲਈ ਇੱਕ ਤਵਾਇਫ਼ ਸਭਾ ਦੀ ਸਥਾਪਨਾ ਕੀਤੀ। ਸਾਰਿਆਂ ਦੀ ਪ੍ਰਧਾਨਗੀ ਕਰਨ ਵਾਲੀ ਹਸੀਨਾ ਬਾਈ ਨੇ ਸਮੂਹ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਰੋਸ ਦੇ ਪ੍ਰਤੀਕ ਵੱਜੋਂ ਗਹਿਣਿਆਂ ਦੀ ਬਜਾਏ ਲੋਹੇ ਦੀਆਂ ਬੇੜ੍ਹੀਆਂ ਪਾਉਣ ਅਤੇ ਵਿਦੇਸ਼ੀ ਸਮਾਨ ਦਾ ਪੂਰੀ ਤਰ੍ਹਾਂ ਨਾਲ ਬਾਇਕਾਟ ਕੀਤਾ ਜਾਵੇ।

ਇੰਸੂਆ ਲਿਖਦੀ ਹੈ ਕਿ ਜੱਦਨ ਬਾਈ ਵੀ ਇੱਕ ਤਵਾਇਫ਼ ਅਤੇ ਮਸ਼ਹੂਰ ਗਾਇਕਾ ਸੀ। ਉਨ੍ਹਾਂ ਨੇ 1934 ''''ਚ ਭਾਰਤ ਦੀ ਪਹਿਲੀ ਫਿਲਮ ਪ੍ਰੋਡਕਸ਼ਨ ਕੰਪਨੀ ''''ਸੰਗੀਤ ਮੂਵੀ ਟੋਨ'''' ਬਣਾਈ ਸੀ।

ਉਨ੍ਹਾਂ ਨੇ ਨਾ ਸਿਰਫ ਫਿਲਮਾਂ ਦਾ ਨਿਰਮਾਣ ਕੀਤਾ ਬਲਕਿ ਫਿਲਮਾਂ ਦੀ ਸਕ੍ਰਿਪਟ ਵੀ ਤਿਆਰ ਕੀਤੀ। ਉਨ੍ਹਾਂ ਨੇ ਸੰਗੀਤ ਅਤੇ ਸੰਵਾਦ ਵੀ ਲਿਖੇ ਅਤੇ ਅਦਾਕਾਰੀ ਵੀ ਕੀਤੀ। ਜੱਦਨ ਬਾਈ ਦੀ ਧੀ ਨਰਗਿਸ 1950-60 ਦੇ ਦਹਾਕੇ ''''ਚ ਬਾਲੀਵੁੱਡ ਦੇ ਚਮਕਦੇ ਸਿਤਾਰਿਆਂ ''''ਚੋਂ ਇੱਕ ਸੀ।

ਸੂਫੀ ਕੱਥਕ ਡਾਂਸਰ ਮੰਜਰੀ ਚਤੁਰਵੇਦੀ ਦਾ ਕਹਿਣਾ ਹੈ ਕਿ ''''ਤਵਾਇਫ਼ ਸਾਡੇ ਇਤਿਹਾਸ ਦਾ ਇੱਕ ਅਨਿੱਖੜਵਾਂ ਹਿੱਸਾ ਹਨ''''। ਅੱਜ ਮਿਰਜ਼ਾ ਗਾਲਿਬ ਨੂੰ ਕੋਈ ਨਾ ਜਾਣਦਾ ਜੇਕਰ ਨਵਾਬ ਜਾਨ ਨਾਂਅ ਦੀ ਤਵਾਇਫ਼ ਉਨ੍ਹਾਂ ਦੀ ਸ਼ਾਇਰੀ ਨਾ ਗਾਉਂਦੀ। ਇਹ ਇੱਕ ਤਵਾਇਫ਼ ਹੀ ਸੀ ਜਿਸ ਨੇ ਸਾਨੂੰ ਗ਼ਾਲਿਬ ਨਾਲ ਮਿਲਵਾਇਆ।

ਤਵਾਇਫ਼ ਦੀ ਕਲਾ ਅਤੇ ਸੱਭਿਆਚਾਰ ਨੂੰ ਦੇਹ ਵਪਾਰ ਨਾਲ ਜੋੜ ਕੇ ਘਿਣਾਉਣਾ ਬਣਾ ਦਿੱਤਾ ਗਿਆ।

ਰਾਣੀ ਸਫ਼ਵੀ ਦਾ ਕਹਿਣਾ ਹੈ ਕਿ ''''ਅੱਜ ਕੱਲ੍ਹ ਤਵਾਇਫ਼ ਸ਼ਬਦ ਦੀ ਵਰਤੋਂ ਜਿਸਮਫਰੋਸ਼ੀ ਲਈ ਕੀਤੀ ਜਾਂਦੀ ਹੈ। ਉਹ ਹੁਣ ਜੋ ਗੀਤ ਅਤੇ ਨੱਚਣਾ ਸਿੱਖਦੀਆਂ ਹਨ, ਉਹ ਗ਼ਾਲਿਬ ਜਾਂ ਦਾਗ਼ ਦੀਆਂ ਗ਼ਜਲਾਂ ਨਹੀਂ ਬਲਕਿ ਗਾਹਕ ਨੂੰ ਖੁਸ਼ ਕਰਨ ਲਈ ਅਸ਼ਲੀਲ ਫਿਲਮਾਂ ਦੇ ਗੀਤ ਗਾਉਂਦੀਆਂ ਹਨ।

ਇੱਥੇ ਕੋਈ ਬਾਲਾ-ਖ਼ਾਨਾ ਭਾਵ ਉੱਚਾ ਘਰ ਨਹੀਂ ਹੈ ਜਿੱਥੇ ਸੰਗੀਤ ਅਤੇ ਡਾਂਸ ਦਾ ਬੋਲਬਾਲਾ ਹੋਵੇ। ਹੁਣ ਤਾਂ ਸਿਰਫ ਕੋਠੇ ਹਨ ਜਿੱਥੇ ਅਕਸਰ ਹੀ ਕੁੜੀਆਂ ਨੂੰ ਅਗਵਾ ਕਰਕੇ ਜਾਂ ਫਿਰ ਲਾਲਚ ਦੇ ਕੇ ਉਨ੍ਹਾਂ ਦੀ ਮਰਜ਼ੀ ਦੇ ਖਿਲਾਫ, ਉਨ੍ਹਾਂ ਨੂੰ ਜਿਸਮਫਰੋਸ਼ੀ ਲਈ ਮਜ਼ਬੂਰ ਕੀਤਾ ਜਾਂਦਾ ਹੈ।


:


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News