ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ''''ਚ ਫੌਜ ਦਾ ਇੱਕ ਮੁਲਾਜ਼ਮ ਗ੍ਰਿਫ਼ਤਾਰ, ਕੁੜੀ ਨੂੰ ਬਲੈਕਮੇਲ ਕਰਨ ਦਾ ਸ਼ੱਕ
Sunday, Sep 25, 2022 - 08:39 AM (IST)

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ਵਿੱਚ ਪੁਲਿਸ ਵੱਲੋਂ ਚੌਥੀ ਗ੍ਰਿਫ਼ਤਾਰੀ ਅਰੁਣਾਚਲ ਪ੍ਰਦੇਸ਼ ਤੋਂ ਕੀਤੀ ਗਈ ਹੈ।
ਗ੍ਰਿਫ਼ਤਾਰ ਕੀਤਾ ਗਏ ਮੁਲਜ਼ਮ ਦੀ ਪਛਾਣ ਸੰਜੀਵ ਸਿੰਘ ਵੱਜੋਂ ਹੋਈ ਹੈ ਜੋ ਕਿ ਭਾਰਤੀ ਫੌਜ ਦਾ ਮੁਲਾਜ਼ਮ ਹੈ ਅਤੇ ਕਥਿਤ ਤੌਰ ''''ਤੇ ਕੇਸ ਵਿੱਚ ਪਹਿਲਾਂ ਤੋਂ ਗ੍ਰਿਫ਼ਤਾਰ ਕੁੜੀ ਨੂੰ ਬਲੈਕਮੇਲ ਕਰਦਾ ਸੀ।
ਇਸ ਮਾਮਲੇ ਵਿੱਚ ਇੱਕ ਕੁੜੀ ਸਮੇਤ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।
ਭਾਰਤੀ ਫੌਜ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਜਿਹੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦਰਅਸਲ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਕੁਝ ਕੁੜੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਦੀਆਂ ਕਥਿਤ ਵੀਡੀਓਜ਼ ਬਣਾ ਕੇ ਬਾਹਰ ਕਿਸੇ ਮੁੰਡੇ ਨੂੰ ਭੇਜੀਆਂ ਗਈਆਂ ਸਨ।
ਹਾਲਾਂਕਿ ਮੁਲਜ਼ਮ ਕੁੜੀ ਨੇ ਇਹ ਕਬੂਲਿਆ ਸੀ ਕਿ ਉਸ ਨੇ ਸਿਰਫ਼ ਆਪਣੀ ਹੀ ਵੀਡੀਓ ਬਣਾ ਕੇ ਭੇਜੀ ਸੀ, ਕਿਸੇ ਹੋਰ ਕੁੜੀ ਦੀ ਨਹੀਂ।
ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਕੈਂਪਸ ਵਿੱਚ ਵੱਡੇ ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ ਸਨ।

ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਨੂੰ 24 ਸਤੰਬਰ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ''''ਵਿਦਿਆਰਥੀਆਂ ਨੂੰ ਘਰ ਜਾਣ'''' ਲਈ ਵੀ ਆਖਿਆ ਗਿਆ ਸੀ।
ਡੀਜੀਪੀ ਵੱਲੋਂ ਗ੍ਰਿਫ਼ਤਾਰੀ ਦੀ ਪਸ਼ਟੀ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ਵਿੱਚ ਸ਼ਨੀਵਾਰ ਨੂੰ ਹੋਈ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਗੌਰਵ ਯਾਦਵ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਮੁਲਜ਼ਮ ਫੌਜੀ ਜਵਾਨ ਨੂੰ ਅਰੁਣਾਚਲ ਪ੍ਰਦੇਸ਼ ਪੁਲਿਸ, ਅਸਾਮ ਪੁਲਿਸ ਅਤੇ ਅਰੁਣਾਚਲ ਪ੍ਰਦੇਸ਼ ਦੇ ਆਰਮੀ ਅਧਿਕਾਰੀਆਂ ਦੇ ਸਹਿਯੋਗ ਨਾਲ ਅਰੁਣਾਚਲ ਪ੍ਰਦੇਸ਼ ਦੇ ਸੇਲਾ ਪਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਐਸਏਐਸ ਨਗਰ ਪੁਲਿਸ ਨੇ ਮੁਲਜ਼ਮ ਦਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐਮ) ਬੋਮਡੀਲਾ ਦੀ ਅਦਾਲਤ ਤੋਂ ਦੋ ਦਿਨ ਦਾ ਟਰਾਂਜ਼ਿਟ ਰਿਮਾਂਡ ਵੀ ਹਾਸਲ ਕੀਤਾ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਫੋਰੈਂਸਿਕ ਅਤੇ ਡਿਜੀਟਲ ਸਬੂਤਾਂ ਦੇ ਆਧਾਰ ''''ਤੇ ਐਸਏਐਸ ਨਗਰ ਪੁਲਿਸ ਟੀਮ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਅਰੁਣਾਚਲ ਪ੍ਰਦੇਸ਼ ਰਵਾਨਾ ਕੀਤੀ ਗਈ ਸੀ।
ਡੀਜੀਪੀ ਦਾ ਕਹਿਣਾ ਹੈ ਕਿ ਫੜੇ ਗਏ ਮੁਲਜ਼ਮ ਉੱਪਰ ਸ਼ੱਕ ਹੈ ਕਿ ਉਹ ਇਸ ਮਾਮਲੇ ਵਿੱਚ ਮੁਲਜ਼ਮ ਕੁੜੀ ਨੂੰ ਬਲੈਕਮੇਲ ਕਰਦਾ ਸੀ।
ਪੰਜਾਬ ਪੁਲਿਸ ਹੁਣ ਤੱਕ ਮੁਲਜ਼ਮ ਵਿਦਿਆਰਥਣ ਸਣੇ ਤਿੰਨ ਜਣਿਆਂ ਨੂੰ ਪਹਿਲਾਂ ਹੀ ਗਿ੍ਫ਼ਤਾਰ ਕਰ ਚੁੱਕੀ ਹੈ। ਪੁਲਿਸ ਨੇ ਉਨ੍ਹਾਂ ਕੋਲੋ ਕੁਝ ਇਲੈਕਟ੍ਰਾਨਿਕ ਚੀਜ਼ਾਂ ਜ਼ਬਤ ਕੀਤੀਆਂ ਹਨ।
ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਪਿਛਲੇ ਸੋਮਵਾਰ ਖਰੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਉਪਰ ਭੇਜ ਦਿੱਤਾ ਜੋ ਕਿ 26 ਸਤੰਬਰ ਤੱਕ ਪੁਲਿਸ ਰਿਮਾਂਡ ''''ਤੇ ਹਨ।
ਡੀਜੀਪੀ ਵੱਲੋਂ ਇਸ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ। ਇਸ ਤਿੰਨ ਮੈਂਬਰੀ ਜਾਂਚ ਟੀਮ ਦੀ ਅਗਵਾਈ ਆਈਪੀਐੱਸ ਅਫ਼ਸਰ ਗੁਰਪ੍ਰੀਤ ਕੌਰ ਦਿਓ ਕਰ ਰਹੇ ਹਨ। ਇਸ ਐੱਸਆਈਟੀ ਵਿੱਚ ਤਿੰਨੋਂ ਮੈਂਬਰ ਮਹਿਲਾ ਅਧਿਕਾਰੀ ਹਨ।
- ਪੁਲਿਸ ਵੱਲੋਂ ਚੌਥਾ ਮੁਲਜ਼ਮ ਅਰੁਣਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ
- ਮੁਲਜ਼ਮ ਭਾਰਤੀ ਫੌਜ ਦਾ ਮੁਲਾਜਮ ਹੈ
- ਪੰਜਾਬ ਪੁਲਿਸ ਨੇ ਮੁਲਜ਼ਮ ਦਾ ਦੋ ਦਿਨਾਂ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ
- ਫੌਜ ਨੇ ਅਜਿਹੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਾ ਕਰਨ ਦੀ ਗੱਲ ਆਖੀ
- ਇੱਕ ਕੁੜੀ ਅਤੇ ਦੋ ਹੋਰ ਮੁਲਜ਼ਮਾਂ ਦੀ ਪਹਿਲਾਂ ਹੀ ਹੋ ਚੁੱਕੀ ਹੈ ਗ੍ਰਿਫ਼ਤਾਰੀ
- ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੇ 17 ਸਤੰਬਰ ਨੂੰ ਵੀਡੀਓ ਵਾਇਰਲ ਕਰਨ ਦਾ ਲਾਇਆ ਸੀ ਇਲਜ਼ਾਮ
ਫੌਜ ਦੇ ਅਧਿਕਾਰੀਆਂ ਨੇ ਕੀ ਕਿਹਾ ?
ਫੌਜ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪੁਲਿਸ ਅਧਿਕਾਰੀਆਂ ਤੋਂ ਸੂਚਨਾ ਮਿਲਣ ਦੇ ਤੁਰੰਤ ਬਾਅਦ, ਪੰਜਾਬ ਅਤੇ ਅਰੁਣਾਚਲ ਪ੍ਰਦੇਸ਼ ਪੁਲਿਸ ਨੂੰ ਇਸ ਸਿਪਾਹੀ ਨੂੰ ਗ੍ਰਿਫ਼ਤਾਰ ਕਰਨ ਅਤੇ ਹੋਰ ਪੁੱਛਗਿੱਛ ਲਈ ਹਰ ਸੰਭਵ ਸਹਾਇਤਾ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਭਾਰਤੀ ਫੌਜ ਅਜਿਹੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਦੀ ਹੈ ਅਤੇ ਜਾਂਚ ਦੇ ਛੇਤੀ ਸਿੱਟੇ ਲਈ ਹਰ ਤਰ੍ਹਾਂ ਦੀ ਸਹਾਇਤਾ ਕਰਦੀ ਰਹੇਗੀ।
-
ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦਾ ਕੀ ਰੋਸ ਸੀ?
17 ਸਤੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵੀਡੀਓਜ਼ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ।
ਇਸ ਮੁੱਦੇ ਨੂੰ ਲੈ ਕੇ ਉਸੇ ਰਾਤ ਨੂੰ ਵਿਦਿਆਰਥਣਾਂ ਨੇ ਰੋਸ ਜਤਾਇਆ ਸੀ ਤੇ ਇਸ ਦੌਰਾਨ ਕੁਝ ਵਿਦਿਆਰਥਣਾਂ ਬੇਹੋਸ਼ ਵੀ ਹੋ ਗਈਆਂ ਸਨ।

ਦਰਅਸਲ ਯੂਨੀਵਰਸਿਟੀ ਦੇ ਹੋਸਟਲ ''''ਚ ਖ਼ਬਰ ਫੈਲੀ ਕਿ ਇੱਕ ਵਿਦਿਆਰਥਣ ਵੱਲੋਂ ਬਾਕੀ ਵਿਦਿਆਰਥਣਾਂ ਦੀਆਂ ਕੁਝ ਇਤਰਾਜ਼ਯੋਗ ਵੀਡੀਓਜ਼ ਬਣਾਈਆਂ ਗਈਆਂ ਹਨ।
ਇਹ ਵੀਡੀਓਜ਼ ਉਸ ਵਿਦਿਆਰਥਣ ਵੱਲੋਂ ਕਥਿਤ ਤੌਰ ''''ਤੇ ਸ਼ਿਮਲਾ ਵਿਖੇ ਰਹਿੰਦੇ ਇੱਕ ਮੁੰਡੇ ਨੂੰ ਭੇਜੀਆਂ ਗਈਆਂ ਸਨ।
ਇਸ ਯੂਨੀਵਰਸਿਟੀ ਵਿੱਚ ਤਕਰੀਬਨ 35000 ਵਿਦਿਆਰਥੀ ਪੜ੍ਹਦੇ ਹਨ।
ਵਾਇਰਲ ਵੀਡੀਓ ਬਾਰੇ ਵਿਦਿਆਰਥਣਾਂ ਨੇ ਆਖਿਆ ਕਿ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਪਰ ਕਿਹਾ ਜਾ ਰਿਹਾ ਹੈ ਕਿ 50 ਤੋਂ 60 ਕੁੜੀਆਂ ਦੀ ਵੀਡੀਓ ਬਣਾਈ ਗਈ ਸੀ।
ਇਹ ਵੀ ਕਿਹਾ ਗਿਆ ਕਿ ਕੁਝ ਵਿਦਿਆਰਥਣਾਂ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਪੁਲਿਸ ਅਤੇ ਯੂਨੀਵਰਸਿਟੀ ਨੇ ਅਜਿਹੀ ਕਿਸੇ ਵੀ ਘਟਨਾਂ ਤੋਂ ਇਨਕਾਰ ਕੀਤਾ ਸੀ।
ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਐਤਵਾਰ ਰਾਤ ਤੱਕ ਵੀ ਚੱਲਦੇ ਰਹੇ। ਵਿਦਿਆਰਥੀਆਂ ਨੇ ਕਰੀਬ ਅੱਧੀ ਰਾਤ ਨੂੰ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਆਪਣਾ ਸੰਘਰਸ਼ ਖ਼ਤਮ ਕੀਤਾ।

ਵਿਦਿਆਰਥੀਆਂ ਖ਼ਾਸਕਰ ਕੁੜੀਆਂ ਦਾ ਕਹਿਣਾ ਸੀ ਕਿ ਉਹ ਹੋਸਟਲਾਂ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ। ਉਨ੍ਹਾਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਨਾਖੁਸ਼ੀ ਜ਼ਾਹਰ ਕੀਤੀ।
ਯੂਨੀਵਰਸਿਟੀ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਸੀ ਕਿ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਦੀਆਂ ਸਾਰੀਆਂ ਖ਼ਬਰਾਂ ਸਰਾਸਰ ਝੂਠ ਅਤੇ ਬੇਬੁਨਿਆਦ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰਐੱਸ ਬਾਵਾ ਨੇ ਕਿਹਾ ਸੀ, "ਅਜਿਹੀਆਂ ਅਫ਼ਵਾਹਾਂ ਹਨ ਕਿ 7 ਕੁੜੀਆਂ ਨੇ ਖੁਦਕੁਸ਼ੀ ਕੀਤੀ ਹੈ ਜਦਕਿ ਅਸਲੀਅਤ ਇਹ ਹੈ ਕਿ ਕਿਸੇ ਵੀ ਕੁੜੀ ਨੇ ਅਜਿਹਾ ਕੋਈ ਕਦਮ ਨਹੀਂ ਚੁੱਕਿਆ। ਘਟਨਾ ਵਿੱਚ ਕਿਸੇ ਵੀ ਕੁੜੀ ਨੂੰ ਹਸਪਤਾਲ ਵਿੱਚ ਦਾਖ਼ਲ ਨਹੀਂ ਕਰਵਾਇਆ ਗਿਆ ਹੈ।"
ਮੁਲਜ਼ਮਾਂ ਦੇ ਵਕੀਲ ਦਾ ਕੀ ਕਹਿਣਾ ਹੈ?
ਤਿੰਨਾਂ ਮੁਲਜ਼ਮਾਂ ਦੇ ਵਕੀਲ ਸੰਦੀਪ ਸ਼ਰਮਾ ਨੇ ਕਿਹਾ ਸੀ ਕਿ ਹੁਣ ਤੱਕ ਦੋ ਵੀਡਿਓ ਸਾਹਮਣੇ ਆਈਆਂ ਹਨ।
ਸੰਦੀਪ ਸ਼ਰਮਾ ਨੇ ਕਿਹਾ ਕਿ ਇੱਕ ਵੀਡੀਾਓ ਮੁਲਜ਼ਮ ਦੀ ਹੈ ਅਤੇ ਇੱਕ ਕਿਸੇ ਹੋਰ ਦੀ ਹੈ। ਇਨ੍ਹਾਂ ਵਿੱਚੋਂ ਕੋਈ ਵੀ ਵੀਡੀਓ ਇਤਰਾਜ਼ਯੋਗ ਨਹੀਂ ਹੈ।
ਉਨ੍ਹਾਂ ਕਿਹਾ, "ਕੁੜੀ ਨੇ ਸਿਰਫ਼ ਆਪਣੀ ਵੀਡੀਓ ਬਣਾਈ ਸੀ ਜੋ ਉਸ ਨੇ ਆਪਣੇ ਦੋਸਤ ਨੂੰ ਭੇਜੀ ਸੀ।"
ਕੁਝ ਮਾਹਰਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਇਸ ਮਾਮਲੇ ਵਿੱਚ ਬਿਆਨਬਾਜ਼ੀ ਜਲਦਬਾਜ਼ੀ ਵਾਲੀ ਸੀ।
ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਵੱਲੋਂ ਐੱਫਆਈਆਰ ਦਰਜ ਕਰ ਲਈ ਗਈ ਸੀ ਤਾਂ ਅਜਿਹੇ ਵਿੱਚ ਇਹ ਕਹਿਣਾ ਕਿ ਕੋਈ ਵੀ ਵੀਡੀਓ ਨਹੀਂ ਬਣੀ, ਇਹ ਜਲਦਬਾਜ਼ੀ ਸੀ।
ਸ਼ਸ਼ੀਕਾਂਤ ਕਹਿੰਦੇ ਹਨ, "ਸ਼ੁਰੂਆਤ ਵਿੱਚ ਇਹ ਕਿਹਾ ਗਿਆ ਕਿ ਕੁੜੀ ਨੇ ਮੰਨ ਲਿਆ ਹੈ ਕਿ ਉਸਨੇ ਵੀਡੀਓਜ਼ ਬਣਾਈਆਂ ਸਨ। ਪੁਲਿਸ ਨੇ ਵੀ ਸ਼ਾਇਦ ਕਿਹਾ ਕਿ ਇੱਕ ਹੀ ਵੀਡਿਓ ਸੀ, ਹੋਰ ਕੋਈ ਵੀਡੀਓ ਨਹੀਂ ਸਨ।"
ਸ਼ਸ਼ੀਕਾਂਤ ਕਹਿੰਦੇ ਹਨ ਕਿ ਕਿਤੇ ਵੀ ਬਿਨਾਂ ਅੱਗ ਤੋਂ ਧੂੰਆਂ ਨਹੀਂ ਨਿਕਲਦਾ।
"ਕੋਸ਼ਿਸ਼ ਹੋ ਰਹੀ ਹੈ ਕਿ ਇਸ ਨੂੰ ਦਬਾ ਦਿੱਤਾ ਜਾਵੇ। ਅਜਿਹੇ ਮਾਮਲਿਆਂ ਵਿੱਚ ਕਈ ਵਾਰ ਸਰਕਾਰਾਂ ਵੀ ਡਿੱਗ ਜਾਂਦੀਆਂ ਹਨ। ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ ਵਿੱਚ ਅਜਿਹਾ ਹੋਇਆ ਹੈ।"
ਯੂਨੀਵਰਸਿਟੀ ਵਿੱਚ ਛੁੱਟੀਆਂ ਕੀਤੇ ਜਾਣ ਨੂੰ ਲੈ ਕੇ ਉਨ੍ਹਾਂ ਕਿਹਾ, "ਜੋ ਵੀ ਕਰਨਾ ਹੈ ਬੱਚਿਆਂ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਜਾ ਸਕਦਾ ਹੈ। ਪਰ ਡਰ ਵਾਲਾ ਮਾਹੌਲ ਬਣਾਉਣ ਦੀ ਕੋਈ ਲੋੜ ਨਹੀਂ ਸੀ।"
"ਬੱਚਿਆਂ ਨੂੰ ਜਾਣਕਾਰੀ ਫੌਰੈਂਸਿਕ ਲੈਬ ਦੀ ਰਿਪੋਰਟ ਦੇ ਆਧਾਰ ''''ਤੇ ਦੇਣੀ ਚਾਹੀਦੀ ਸੀ ਕਿ ਕਿੰਨੀਆਂ ਵੀਡਿਓ ਸਨ ਜਾਂ ਨਹੀਂ ਸਨ।"
-
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)