ਜਦੋਂ ਗੁਰਚਰਨ ਸਿੰਘ ਟੌਹੜਾ ਨੇ ਭਿੰਡਰਾਵਾਲੇ ਦੀ ਪਤਨੀ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ

Saturday, Sep 24, 2022 - 10:39 AM (IST)

ਜਦੋਂ ਗੁਰਚਰਨ ਸਿੰਘ ਟੌਹੜਾ ਨੇ ਭਿੰਡਰਾਵਾਲੇ ਦੀ ਪਤਨੀ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ
ਗੁਰਚਰਨ ਸਿੰਘ ਟੌਹੜਾ
Getty Images
ਗੁਰਚਰਨ ਸਿੰਘ ਟੌਹੜਾ

ਸਾਲ 2000 ਤੱਕ ਪੰਜਾਬ ਦੀ ਸਿਆਸਤ ਵਿੱਚ ਸੂਬੇ ਦੇ ਸਿਆਸੀ ਤੇ ਧਾਰਮਿਕ ਮੰਚ ਉੱਤੇ ਗੁਰਚਰਨ ਸਿੰਘ ਟੌਹੜਾ ਦੇ ਬਰਾਬਰ ਦਾ ਕੋਈ ਆਗੂ ਨਹੀਂ ਸੀ।

ਸ਼ਾਇਦ ਇਸ ਵਿੱਚ ਉਨ੍ਹਾਂ ਦੀ ਸ਼ਖ਼ਸੀਅਤ ਦਾ ਵੀ ਓਨਾ ਹੀ ਅਹਿਮ ਹਿੱਸਾ ਸੀ।

ਭਾਵੇਂ ਕਿ ਉਨ੍ਹਾਂ ਨੇ ਦਹਾਕਿਆਂ ਤੱਕ ਸਿੱਖ ਧਾਰਮਿਕ ਤੇ ਰਾਜਨੀਤਕ ਗਤੀਵਿਧੀਆਂ ਨੂੰ ਦਿਸ਼ਾ ਦਿੱਤੀ, ਪਰ ਇਸਦੇ ਨਾਲ ਹੀ ਉਹ ਇੱਕ ਮਨ ਨੀਵਾਂ ਤੇ ਮਤ ਉੱਚੀ ਵਾਲੀ ਸ਼ਖ਼ਸੀਅਤ ਸਨ।

ਨੀਵਾਂ ਮਨ ਤੇ ਉੱਚੀ ਸੋਚ

ਉਨ੍ਹਾਂ ਦੀ ਸਧਾਰਨ ਜੀਵਨ ਸ਼ੈਲੀ ਅਤੇ ਪੰਥ ਪ੍ਰਤੀ ਪ੍ਰਤੀਬੱਧਤਾ ਨਿਰਵਿਵਾਦਤ ਰਹੀ।

ਉਨ੍ਹਾਂ ਉਸ ਸ਼ਕਤੀਸ਼ਾਲੀ ਅਦਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕੀਤੀ, ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਿਹਾ ਜਾਂਦਾ ਹੈ।

ਸਾਲ 1972 ਤੋਂ ਹੋਈ ਸ਼ੁਰੂਆਤ ਤੋਂ ਲੈ ਕੇ ਇੱਕ ਸਦੀ ਦੇ ਕਰੀਬ ਚੌਥਾਈ ਸਮੇਂ ਤੋਂ ਵੱਧ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਜਦੋਂ ਉਨ੍ਹਾਂ ਦਾ ਨਿੱਜੀ ਖਾਤਾ ਦੇਖਿਆ ਗਿਆਂ ਤਾਂ ਉਹ ਬਿਲਕੁੱਲ ਖਾਲੀ ਨਿਕਲਿਆ।

ਗੁਰਚਰਨ ਸਿੰਘ ਟੌਹੜਾ
Getty Images
ਗੁਰਚਰਨ ਸਿੰਘ ਟੌਹੜਾ

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦੇ ਟੌਹੜਾ ਪਿੰਡ ਵਿੱਚ ਉਨ੍ਹਾਂ ਦਾ ਜੱਦੀ ਘਰ ਪੁਰਾਤਨ ਸ਼ੈਲੀ ਵਾਲਾ ਅਤੇ ਲੱਕੜ ਦੇ ਬਾਲਿਆਂ ਵਾਲਾ ਸੀ, ਜਿਸ ਵਿੱਚ ਕੁਝ ਕੂ ਹੀ ਸੋਧਾਂ ਕੀਤੀਆਂ ਗਈਆਂ ਸਨ।

ਉਨ੍ਹਾਂ ਨੇ ਇਸ ਘਰ ਦੇ ਡਰਾਇੰਗ ਰੂਮ ਵਿੱਚ ਲੱਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਕਦੇ ਨਹੀਂ ਉਤਾਰਿਆ। ਬੇਈਮਾਨੀ ਨੂੰ ਉਨ੍ਹਾਂ ਨੇ ਕਦੇ ਆਪਣੇ ਨੇੜੇ ਵੀ ਨਹੀਂ ਢੁੱਕਣ ਦਿੱਤਾ।

ਉਹ ਇੱਕ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਸਨ, ਉਹ ਆਪਣੀ ਲਗਭਗ ਦੋ ਹੈਕਟੇਅਰ ਜ਼ਮੀਨ ''''ਤੇ ਮਿਹਨਤ ਮਜ਼ਦੂਰੀ ਕਰਦੇ ਸਨ, ਜਿਸ ਵਿੱਚ ਉਨ੍ਹਾਂ ਨੇ ਆਪਣੀ ਮੌਤ ਤੱਕ ਇੱਕ ਇੰਚ ਵੀ ਹੋਰ ਨਹੀਂ ਜੋੜਿਆ ਸੀ।

ਆਪਣੇ ਪਿੰਡ ਵਿੱਚ, ਉਹ ਇੱਕ ਸਫ਼ਲ ਮਾਡਲ ਕਿਸਾਨ ਸਨ ਅਤੇ ਉਨ੍ਹਾਂ ਕੋਲ ਬਲਦਾਂ ਦੀ ਸਭ ਤੋਂ ਵਧੀਆ ਜੋੜੀ ਹੁੰਦੀ ਸੀ।


  • ਗੁਰਚਰਨ ਸਿੰਘ ਟੌਹੜਾ ਦਾ ਜਨਮ 24 ਸਤੰਬਰ 1924 ਨੂੰ ਹੋਇਆ
  • ਟੌਹੜਾ ਲੰਮਾ ਸਮਾਂ ਐੱਸਜੀਪੀਸੀ ਦੇ ਪ੍ਰਧਾਨ ਰਹੇ
  • ਜੂਨ 1984 ''''ਚ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਤੋਂ ਹੋਏ ਸ ਗ੍ਰਿਫ਼ਤਾਰ
  • ਪੰਥਕ ਆਗੂ ਟੌਹੜਾ ਨੇ ਕਦੇ ਵੀ ਵਿਧਾਨ ਸਭਾ ਚੋਣ ਨਹੀਂ ਲੜੀ
  • ਉਹ ਲਗਭਗ ਹਰ ਅਕਾਲੀ ਸੰਘਰਸ਼ ਵਿੱਚ ਜੇਲ੍ਹਾਂ ਕੱਟਣ ਵਾਲੇ ਆਗੂ ਸਨ
  • ਟੌਹੜਾ ਨੇ ਇੱਕ ਵਾਰ ਭਿੰਡਰਾਵਾਲਿਆਂ ਦੀ ਪਤਨੀ ਨੂੰ ਇੱਕ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਸੀ

ਸੰਘਰਸ਼ ਭਰੀ ਜ਼ਿੰਦਗੀ

ਜਦੋਂ ਉਨ੍ਹਾਂ ਆਪਣੀ ਜ਼ਿੰਦਗੀ ਦੇ ਸਿਆਸੀ ਸੰਘਰਸ਼ਾਂ, ਜੋ ਦੇਸ ਦੀ ਵੰਡ ਤੋਂ ਪਹਿਲਾਂ ਹੀ ਸ਼ੁਰੂ ਹੋ ਗਏ ਸਨ, ਦੌਰਾਨ ਜੇਲ੍ਹਾਂ ਵਿੱਚ ਜਾਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਖੁਦ ਵਾਹੀ ਕਰਨੀ ਛੱਡ ਦਿੱਤੀ।

ਇੱਕ ਵਾਰ ਸਮਾਣਾ ਵਿੱਚ ਪਾਰਟੀ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਸੀ। ਉਨ੍ਹਾਂ ਨੇ ਕਿਉਂਕਿ ਖੇਤ ਵਾਹੁਣੇ ਸਨ, ਇਸ ਲਈ ਉਹ ਰਾਤ ਵੇਲੇ ਵਾਹੀ ਕਰਨ ਲਈ ਵਾਪਸ ਆਏ ਅਤੇ ਅਗਲੇ ਦਿਨ ਮੁੜ ਕਾਨਫਰੰਸ ਲਈ ਰਵਾਨਾ ਹੋ ਗਏ।

1995 ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਨਵੇਂ ਪੜਾਅ ਵਿੱਚ ਦਾਖ਼ਲ ਹੋਇਆ, 1945 ਤੋਂ 95 ਤੱਕ ਉਹ ਲਗਭਗ ਹਰ ਅਕਾਲੀ ਸੰਘਰਸ਼ ਵਿੱਚ ਜੇਲ੍ਹਾਂ ਕੱਟਣ ਦੀ ਵਿਲੱਖਣ ਵਿਸ਼ੇਸ਼ਤਾ ਵਾਲੇ ਆਗੂ ਸਨ।

ਮਾਨਵਤਾਵਾਦੀ ਸਰੋਕਾਰਾਂ ਵਾਲੇ ਆਗੂ

ਉਨ੍ਹਾਂ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਇਹ ਸੀ ਕਿ ਉਹ ਕਿਵੇਂ ਮਾਨਵਤਾਵਾਦੀ ਸੁਭਾਅ ਦੇ ਮਾਲਕ ਸਨ, ਪਰ ਸਭ ਤੋਂ ਸ਼ਕਤੀਸ਼ਾਲੀ ਆਗੂਆਂ ਨਾਲ ਮਾਨਵੀ ਸਬੰਧਾਂ ਦੇ ਮਾਮਲੇ ਵਿੱਚ ਆਪਣੇ ਸਮਕਾਲੀਆਂ ਨਾਲੋਂ ਵੱਖਰੇ ਸਨ।

ਇੱਥੇ ਸਿਰਫ਼ ਇੱਕ ਉਦਾਹਰਣ ਦਿੰਦੇ ਹਾਂ।

ਜੇਕਰ ਕੋਈ ਐਮਰਜੈਂਸੀ ਜਾਂ ਅਹਿਮ ਲੋੜ ਹੋਵੇ ਤਾਂ ਗੱਲ ਵੱਖਰੀ ਸੀ, ਵਰਨਾ ਹਰ ਸ਼ਾਮ ਨੂੰ ਆਪਣੇ ਜੱਦੀ ਪਿੰਡ ਟੌਹੜਾ ਪਰਤਣਾ ਉਨ੍ਹਾਂ ਦੀ ਰੁਟੀਨ ਸੀ।

ਇੱਕ ਸ਼ਾਮ ਬਰਨਾਲਾ ਸਾਈਡ ਤੋਂ ਵਾਪਸ ਆਉਂਦੇ ਹੋਏ, ਉਨ੍ਹਾਂ ਨੇ ਡਰਾਈਵਰ ਨੂੰ ਹਾਈਵੇ ''''ਤੇ ਸਥਿਤ ਪਿੰਡ ਧਨੌਲਾ ਵਿਖੇ ਬਾਬਾ ਟੇਕ ਸਿੰਘ ਦੇ ਡੇਰੇ ''''ਤੇ ਰੁਕਣ ਨੂੰ ਕਿਹਾ।

ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਕਾਰ ਵਿੱਚ ਬਾਹਰ ਉਡੀਕ ਕਰਨ ਲਈ ਕਿਹਾ।

ਗੁਰਚਰਨ ਸਿੰਘ ਟੌਹੜਾ
Getty Images

ਉਹ ਕਰੀਬ ਪੰਦਰਾਂ ਮਿੰਟਾਂ ਬਾਅਦ ਬਾਹਰ ਆਏ ਅਤੇ ਕਾਰ ਚੱਲ ਪਈ। ਜਿਵੇਂ ਹੀ ਹਨੇਰਾ ਹੋਣਾ ਸ਼ੁਰੂ ਹੋਇਆ, ਉਨ੍ਹਾਂ ਨੇ ਇੱਕ ਲਿਫ਼ਾਫ਼ਾ ਆਪਣੇ ਸਹਿ-ਯਾਤਰੀ ਦੇ ਹੱਥ ਵਿੱਚ ਹੌਲੀ ਜਹੇ ਫੜਾ ਦਿੱਤਾ ਤਾਂ ਕਿ ਅਗਲੀ ਸੀਟ ''''ਤੇ ਬੈਠੇ ਡਰਾਈਵਰ ਅਤੇ ਸੁਰੱਖਿਆ ਕਰਮਚਾਰੀ ਨੂੰ ਕੁਝ ਪਤਾ ਨਾ ਲੱਗੇ।

ਉਨ੍ਹਾਂ ਨੇ ਉਸ ਦੇ ਕੰਨ ਵਿੱਚ ਹੌਲੀ ਜਹੀ ਕਿਹਾ, "ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਪਰਿਵਾਰ ਨੂੰ ਇਸ ਦੀ ਲੋੜ ਪਵੇਗੀ।''''''''

ਉਨ੍ਹਾਂ ਦਾ ਸਹਿ-ਯਾਤਰੀ, ਜੋ ਉਸ ਸਮੇਂ ਦੌਰਾਨ ਲਗਭਗ ਨਿਯਮਿਤ ਤੌਰ ''''ਤੇ ਉਨ੍ਹਾਂ ਨਾਲ ਹੀ ਸਫ਼ਰ ਕਰਦਾ ਸੀ, ਬਿਨਾਂ ਨੌਕਰੀ ਤੋਂ ਸੀ ਅਤੇ ਉਸ ਦੀ ਪਤਨੀ ਗਰਭਵਤੀ ਸੀ। ਲਿਫ਼ਾਫ਼ੇ ਵਿੱਚ ਉਸ ਦੀ ਪਤਨੀ ਦੀ ਡਾਕਟਰੀ ਦੇਖਭਾਲ ਲਈ ਲੋੜੀਂਦੀ ਨਕਦੀ ਸੀ।

ਸਿਆਸੀ ਵਰਗ ਵਿੱਚ ਆਮ ਵਰਤਾਰਾ ਅਜਿਹੀ ਮਦਦ ਦਾ ਵਿਖਾਵਾ ਕਰਨ ਦਾ ਹੁੰਦਾ ਹੈ।

ਟੌਹੜਾ ਤੇ ਸੰਤ ਭਿੰਡਰਾਂਵਾਲੇ

ਇੱਥੇ ਅਜਿਹੀ ਹੀ ਇੱਕ ਹੋਰ ਉਦਾਹਰਨ ਹੈ। ਜੂਨ 1984 ਵਿੱਚ ਫੌਜੀ ਹਮਲੇ ਆਪ੍ਰੇਸ਼ਨ ਬਲੂ ਸਟਾਰ ਦੌਰਾਨ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

ਉਸ ਤੋਂ ਬਾਅਦ ਟੌਹੜਾ ਨੂੰ ਅਪ੍ਰੈਲ 1985 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ। ਉਹ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ।

ਆਪਣੀ ਰਿਹਾਈ ਤੋਂ ਤੁਰੰਤ ਬਾਅਦ, ਉਨ੍ਹਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਪਤਨੀ ਬੀਬੀ ਪ੍ਰੀਤਮ ਕੌਰ ਨੂੰ ਮਿਲਣ ਲਈ ਬਿਲਾਸਪੁਰ ਜਾਣ ਦਾ ਫੈਸਲਾ ਕੀਤਾ, ਜੋ ਉਸ ਸਮੇਂ ਆਪਣੇ ਮਾਤਾ-ਪਿਤਾ ਕੋਲ ਰਹਿ ਰਹੇ ਸਨ।

ਟੌਹੜਾ ਮੋਹਰੀ ਕਤਾਰ ਦੇ ਇਕਲੌਤੇ ਅਕਾਲੀ ਆਗੂ ਹੋ ਸਕਦੇ ਹਨ, ਜਿਨ੍ਹਾਂ ਨੇ ਉਸ ਸਮੇਂ ਬੀਬੀ ਪ੍ਰੀਤਮ ਕੌਰ ਨਾਲ ਮੁਲਾਕਾਤ ਕੀਤੀ।

ਗੁਰਚਰਨ ਸਿੰਘ ਟੌਹੜਾ
Getty Images
ਜਰਨੈਲ ਸਿੰਘ ਭਿੰਡਰਾਂਵਾਲੇ

ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ ਬੀਬੀ ਪ੍ਰੀਤਮ ਕੌਰ ਦੇ ਲਈ 1 ਲੱਖ ਰੁਪਏ ਦਾ ਚੈੱਕ ਕਟਵਾਇਆ ਅਤੇ ਲੁਧਿਆਣਾ ਦੇ ਅਕਾਲੀ ਦਲ ਦੇ ਆਗੂ ਠੇਕੇਦਾਰ ਸੁਰਜਨ ਸਿੰਘ ਕੋਲੋਂ 50 ਹਜ਼ਾਰ ਦੀ ਹੋਰ ਨਕਦੀ ਲੈ ਕੇ ਮੋਗਾ-ਬਰਨਾਲਾ ਹਾਈਵੇਅ ''''ਤੇ ਪੈਂਦੇ ਪਿੰਡ ਬਿਲਾਸਪੁਰ ਪਹੁੰਚ ਗਏ।

ਅਹਿਮ ਗੱਲ ਇਹ ਸੀ ਕਿ ਬੀਬੀ ਪ੍ਰੀਤਮ ਕੌਰ ਨੇ ਇਹ ਕਹਿੰਦੇ ਹੋਏ ਚੈੱਕ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਗੁਰੂ ਦੀ ਗੋਲਕ ਦੇ ਪੈਸੇ ਸਵੀਕਾਰ ਨਹੀਂ ਕਰਨਗੇ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਦੇ ਫੰਡਾਂ ਵਿੱਚੋਂ ਹਨ।

ਫਿਰ ਉਨ੍ਹਾਂ ਨੇ 50,000 ਰੁਪਏ ਕੱਢ ਲਏ। ਬੀਬੀ ਪ੍ਰੀਤਮ ਕੌਰ ਨੇ ਇਨ੍ਹਾਂ ਨੂੰ ਇਸ ਤਰਕ ''''ਤੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਆਪਣੇ ਪਤੀ ਦੀ ਇੱਛਾ ਅਨੁਸਾਰ ਸਿਰਫ਼ ਆਪਣੀ ਕਮਾਈ ਨਾਲ ਹੀ ਆਪਣੇ ਦੋ ਪੁੱਤਰਾਂ ਦੀ ਦੇਖਭਾਲ ਕਰਨਗੇ।

ਇਹ ਦੋਵੇਂ ਬਹੁਤ ਮਹੱਤਵਪੂਰਨ ਪਹਿਲੂ ਹਨ- ਗੁਰਚਰਨ ਸਿੰਘ ਟੌਹੜਾ ਦੇ ਮਾਨਵੀ ਸਰੋਕਾਰ ਅਤੇ ਬੀਬੀ ਪ੍ਰੀਤਮ ਕੌਰ ਦਾ ਸਿਧਾਂਤਕ ਫੈਸਲਾ। ਉਨ੍ਹਾਂ ਨੇ ਜਨਤਕ ਖੇਤਰ ਵਿੱਚ ਕਦੇ ਵੀ ਇਸ ਘਟਨਾ ਦਾ ਖੁਲਾਸਾ ਨਹੀਂ ਕੀਤਾ।

ਵਿਚਾਰਧਾਰਕ ਪੱਧਰ ਸਮੇਤ ਧਾਰਮਿਕ-ਸਿਆਸੀ ਖੇਤਰ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਸੀ।


-


ਅੰਮ੍ਰਿਤਸਰ ਐਲਾਨਨਾਮੇ ਵਿੱਚ ਯੋਗਦਾਨ

ਸਿੱਖ ਧਾਰਮਿਕ ਤੇ ਸਿਆਸੀ ਖੇਤਰ ਵਿੱਚ ਟੌਹੜਾ ਦੀ ਜ਼ਿੰਦਗੀ ਦਾ ਆਖ਼ਰੀ ਅਹਿਮ ਘਟਨਾਕ੍ਰਮ, ਜਿਸ ਨਾਲ ਉਹ ਜੁੜੇ ਹੋਏ ਸਨ ਅਤੇ ਪ੍ਰਕਾਸ਼ ਸਿੰਘ ਬਾਦਲ ਇਸ ਤੋਂ ਬਾਹਰ ਸੀ, ਉਹ ਸੀ 1994 ਵਿੱਚ ਅਕਾਲੀ ਦਲ ਵਲੋਂ ਕੀਤਾ ਗਿਆ ਅੰਮ੍ਰਿਤਸਰ ਐਲਾਨਨਾਮਾ।

ਇਹ ਉਹ ਸਮਾਂ ਸੀ ਜਦੋਂ ਗਰਮਸੁਰ ਵਾਲਾ ਸਿਆਸੀ ਬਿਰਤਾਂਤ ਪੜਾਅਵਾਰ ਖ਼ਤਮ ਹੋ ਰਿਹਾ ਸੀ। ਅੰਮ੍ਰਿਤਸਰ ਐਲਾਨਨਾਮਾ ਸ੍ਰੀ ਅਕਾਲ ਤਖ਼ਤ ਦੀ ਅਗਵਾਈ ਵਿੱਚ ਪਾਸ ਕੀਤਾ ਗਿਆ ਸੀ।

ਗੁਰਚਰਨ ਸਿੰਘ ਟੌਹੜਾ ਇਸ ਸਿੱਖ ਸਿਆਸੀ ਦਸਤਾਵੇਜ਼ ਦਾ ਖਰੜਾ ਤਿਆਰ ਕਰਨ ਵਿੱਚ ਸ਼ਾਮਲ ਸਨ।

ਟੌਹੜਾ ਇੱਕ ਅਜਿਹੇ ਅਕਾਲੀ ਆਗੂ ਸਨ ਜੋ ਸਿੱਖ ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਨਾਲ ਲੰਬੀਆਂ ਗੋਸ਼ਟੀਆਂ ਕਰਨਾ ਪਸੰਦ ਕਰਦੇ ਸਨ ਅਤੇ ਉਨ੍ਹਾਂ ਨਾਲ ਲੰਬੀ ਵਿਚਾਰ-ਚਰਚਾ ਕਰਦੇ ਸਨ।

ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅਜਿਹੇ ਹੀ ਇੱਕ ਗਰੁੱਪ ਨਾਲ ਨਵੇਂ ਸਿਆਸੀ ਦਸਤਾਵੇਜ਼ ਦਾ ਖਰੜਾ ਤਿਆਰ ਕਰਨ ਬਾਰੇ ਚਰਚਾ ਕੀਤੀ। ਇਨ੍ਹਾਂ ਵਿਦਵਾਨਾਂ ਵਿੱਚੋਂ ਇੱਕ ਸਿੱਖ ਵਿਵਦਾਨ ਡਾ. ਗੁਰਭਗਤ ਸਿੰਘ ਸਨ।

ਉਨ੍ਹਾਂ ਨੇ ਸੁਝਾਅ ਦਿੱਤਾ ਸੀ ਕਿ ਨਵਾਂ ਦਸਤਾਵੇਜ਼ ਅਨੰਦਪੁਰ ਸਾਹਿਬ ਦੇ ਮਤੇ ਤੋਂ ਇੱਕ ਕਦਮ ਅੱਗੇ ਦੀ ਗੱਲ ਕਰਦਾ ਹੋਵੇ, ਪਰ ਖੇਤਰੀ ਤੌਰ ''''ਤੇ ਪ੍ਰਭੂਸੱਤਾ ਸਪੰਨ ਸਿੱਖ ਰਾਜ ਖਾਲਿਸਤਾਨ ਤੋਂ ਰਤਾ ਘੱਟ ਹੋਵੇ। ਇਸੇ ਵਿਚਾਰ ਦੀ ਬੁਨਿਆਦ ਉੱਤੇ ਅੰਮ੍ਰਿਤਸਰ ਐਲਾਨਨਾਮਾ ਵਿਕਸਿਤ ਹੋਇਆ ਸੀ।


ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ


ਗੁਰਚਰਨ ਸਿੰਘ ਟੌਹੜਾ
Getty Images

5 ਨਕਾਤੀ ਪ੍ਰਗੋਰਾਮ ਦੇ ਸਿਰਜਕ

ਸ਼੍ਰੋਮਣੀ ਕਮੇਟੀ ਵੱਲੋਂ ਅਪਣਾਏ ਗਏ ਮਹੱਤਵਪੂਰਨ ਧਾਰਮਿਕ-ਸਿਆਸੀ ਪ੍ਰੋਗਰਾਮਾਂ ਵਿੱਚੋਂ ਇੱਕ 1979 ਵਿੱਚ 5-ਨੁਕਾਤੀ ਐਕਸ਼ਨ ਪ੍ਰੋਗਰਾਮ ਸੀ।

ਇਹ ਉਹ ਦਸਤਾਵੇਜ਼ ਹੈ, ਜਿਸ ਨੂੰ ਬਾਅਦ ਦੇ ਸਿੱਖ ਸੰਘਰਸ਼ ਲਈ ''''''''ਮੈਗਨਾ ਕਾਰਟਾ'''''''' ਦੇ ਰੂਪ ਵਿੱਚ ਮੰਨਿਆ ਜਾ ਸਕਦਾ ਹੈ।

ਅੰਮ੍ਰਿਤਸਰ ਐਲਾਨਨਾਮਾ ਵੀ ਇਸ ਸੰਕਲਪ ਮਤੇ ਵਿੱਚ ਮੌਜੂਦ ਸੀ, ਜਿਸ ਵਿੱਚ ਕਿਹਾ ਗਿਆ ਸੀ:

"2- ਭਾਰਤੀ ਸੰਘ ਅੰਦਰ ਸਿੱਖ ਕੌਮ ਦੀ ਸਿਆਸੀ ਪਛਾਣ ਨੂੰ ਯਕੀਨੀ ਬਣਾਉਣਾ: ਐੱਸਜੀਪੀਸੀ ਸਿੱਖਾਂ ਨੂੰ ਕੌਮ ਵਜੋਂ ਆਪਣੀ ਰਾਜਨੀਤਿਕ ਪਛਾਣ ਨੂੰ ਬਰਕਰਾਰ ਰੱਖਣ ਲਈ ਆਪਣੀ ਇਤਿਹਾਸਕ ਲੜਾਈ ਵਿੱਚ ਵਿਚਾਰਧਾਰਕ ਅਗਵਾਈ ਪ੍ਰਦਾਨ ਕਰੇਗੀ - ਇੱਕ ਅਜਿਹਾ ਸਫ਼ਰ ਜੋ ਸਿੱਖ ਇਤਿਹਾਸ ਵਿੱਚ ਵੱਖ-ਵੱਖ ਰੂਪਾਂ ਅਤੇ ਵੱਖ-ਵੱਖ ਤਰੀਕਿਆਂ ਨਾਲ ਸਥਿਤੀਆਂ ਦੀਆਂ ਲੋੜਾਂ ਦੇ ਆਧਾਰ ''''ਤੇ ਨਿਰੰਤਰ ਸੰਚਾਲਿਤ ਹੁੰਦਾ ਰਿਹਾ ਹੈ। ਸਮਕਾਲੀ ਹਕੀਕਤਾਂ ਦੇ ਸੰਦਰਭ ਵਿੱਚ ਇਸ ਸਫ਼ਰ ਨੇ ਇੱਕ ਸੰਘੀ ਢਾਂਚੇ ਵਿੱਚ ਰਾਜਾਂ ਦੀ ਖੁਦਮੁਖਤਿਆਰੀ ਦੀ ਸਾਡੀ ਮੰਗ ਦਾ ਰੂਪ ਧਾਰ ਲਿਆ ਹੈ, ਜੋ ਬਹੁ-ਰਾਸ਼ਟਰੀ ਭਾਰਤੀ ਸਮਾਜ ਦੇ ਤਾਣੇ-ਬਾਣੇ ਦਾ ਨਿਰਮਾਣ ਕਰਨ ਵਾਲੀਆਂ ਕੌਮਾਂ, ਕੌਮੀਅਤਾਂ ਅਤੇ ਘੱਟ-ਗਿਣਤੀਆਂ ਦੀ ਹੋਂਦ ਅਤੇ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਲਾਜ਼ਮੀ ਅਤੇ ਜ਼ਰੂਰੀ ਹੈ। ਦੇਸ਼ ਦੀ ਰਾਸ਼ਟਰੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਦਾ ਇਹ ਇੱਕੋ ਇੱਕ ਰਸਤਾ ਹੈ।" (ਖੰਡ 2, ਅਨੁਲੱਗ 30, ਗੁਰਦੁਆਰਾ ਗਜ਼ਟ, ਜੁਲਾਈ 1979, ਐੱਸਜੀਪੀਸੀ, ਅੰਮ੍ਰਿਤਸਰ, ਪੰਨਾ 7)।''''''''

ਵਿਸ਼ਵ ਸਿੱਖ ਯੂਨੀਵਰਸਿਟੀ ਦੀ ਸਥਾਪਨਾ ਦਾ ਪ੍ਰਸਤਾਵ ਵੀ ਇਸ ਏਜੰਡੇ ਦਾ ਹਿੱਸਾ ਸੀ, ਪਰ ਇਹ ਵਿਚਾਰ ਵਿਗੜ ਗਿਆ ਅਤੇ ਫਤਿਹਗੜ੍ਹ ਵਿਖੇ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਰੂਪ ਵਿੱਚ ਖਤਮ ਹੋ ਗਿਆ।

ਇਹ ਏਜੰਡੇ ਦਾ ਪਹਿਲਾ ਨੁਕਤਾ ਸੀ: "1-ਸਿੱਖ ਧਰਮ ਦੀ ਮੂਲ ਪਵਿੱਤਰਤਾ ਦੀ ਸੰਭਾਲ ਅਤੇ ਸਿੱਖ ਧਰਮ ਦੇ ਮੂਲ ਸਿਧਾਂਤਾਂ, ਵਿਸ਼ਵਾਸਾਂ ਅਤੇ ਆਦਰਸ਼ਾਂ ਨੂੰ ਪੇਸ਼ ਕਰਕੇ ਇਸ ਦਾ ਪ੍ਰਚਾਰ ਕਰਨਾ:

ਗੁਰਸਿੱਖ ਜੀਵਨ ਜਾਚ (ਰਹਿਤ ਮਰਯਾਦਾ) ਨੂੰ ਉਭਾਰਨ ''''ਤੇ ਜ਼ੋਰ ਦਿੱਤਾ ਜਾਵੇਗਾ ਜੋ ਕਿ ਹੋਰ ਚੀਜ਼ਾਂ ਦੇ ਨਾਲ-ਨਾਲ ਜਾਤ, ਰੰਗ, ਵਰਗ ਆਦਿ ਦੇ ਭੇਦਭਾਵ ਤੋਂ ਬਚਾਉਂਦੀ ਹੈ। ਗੁਰਬਾਣੀ ਦੀ ਆੜ ਵਿੱਚ ਚੱਲ ਰਹੇ ਅਤੇ ਵਿਨਾਸ਼ਕਾਰੀ ਭੂਮਿਕਾ ਨਿਭਾਉਣ ਵਾਲੇ ਪਾਖੰਡੀ ਡੇਰਿਆਂ ਦੇ ਪ੍ਰਭਾਵ ਦਾ ਡਟ ਕੇ ਮੁਕਾਬਲਾ ਕੀਤਾ ਜਾਵੇਗਾ।

ਗੁਰਚਰਨ ਸਿੰਘ ਟੌਹੜਾ
Getty Images

ਵਿਚਾਰਧਾਰਕ ਤੇ ਸਿਧਾਂਤਕ ਏਜੰਡਾ

ਸਿੱਖ ਸਾਹਿਤ, ਇਤਿਹਾਸ, ਸੱਭਿਆਚਾਰ ਅਤੇ ਰਾਜਨੀਤੀ ਦੀ ਵਿਆਖਿਆ ਲਈ ਸਮਕਾਲੀ ਲੋੜਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਖੋਜ ਦੇ ਪ੍ਰਾਜੈਕਟਾਂ ਨੂੰ ਸਿੱਖ ਅਧਿਐਨ ਅਤੇ ਨਵੀਂ ਵਿਚਾਰਧਾਰਕ ਦਿਸ਼ਾ ਪ੍ਰਦਾਨ ਕਰਨ ਵਜੋਂ ਅਪਣਾਇਆ ਜਾਵੇਗਾ।

ਸਿੱਖ ਧਾਰਮਿਕ ਸਾਹਿਤ, ਖਾਸ ਕਰਕੇ ਪਵਿੱਤਰ ਗ੍ਰੰਥਾਂ ਦੇ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ''''ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਸਿੱਖ ਸਾਹਿਤ ਨੂੰ ਘੱਟ ਕੀਮਤ ''''ਤੇ ਪ੍ਰਕਾਸ਼ਿਤ ਕਰਾਉਣ ਲਈ ਪਬਲੀਕੇਸ਼ਨ ਬਿਊਰੋ ਦੀ ਸਥਾਪਨਾ ਕੀਤੀ ਜਾਵੇਗੀ। ਸਿੱਖ ਸਾਹਿਤ ਦੀਆਂ ਲਾਇਬ੍ਰੇਰੀਆਂ ਦਾ ਜਾਲ ਫੈਲਾਇਆ ਜਾਵੇਗਾ।

ਅੰਤਰਰਾਸ਼ਟਰੀ ਸਿੱਖ ਅਧਿਐਨ ਕੇਂਦਰ ਨੂੰ ਵਿਸ਼ਵ ਸਿੱਖ ਯੂਨੀਵਰਸਿਟੀ ਵਜੋਂ ਵਿਕਸਤ ਕਰਨ ਲਈ ਯਤਨ ਕੀਤੇ ਜਾਣਗੇ। ਅੰਤਰ-ਧਾਰਮਿਕ ਸੰਵਾਦ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਸਮੇਂ-ਸਮੇਂ ''''ਤੇ ਵਰਕਸ਼ਾਪਾਂ ਅਤੇ ਸੈਮੀਨਾਰ ਕੀਤੇ ਜਾਣਗੇ।

ਸਿੱਖ ਅਜਾਇਬ ਘਰ ਅਤੇ ਲਾਇਬ੍ਰੇਰੀ ਨੂੰ ਨਵੀਂ ਸਮੱਗਰੀ ਅਤੇ ਰੂਪ ਦਿੱਤਾ ਜਾਵੇਗਾ।''''''''

ਸਾਲ 1979 ਦੇ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ ਤੋਂ ਇੱਕ ਸਾਲ ਪਹਿਲਾਂ, ਲੁਧਿਆਣਾ ਵਿੱਚ 1978 ਦੇ ਅਕਾਲੀ ਦਲ ਦੇ ਸੰਮੇਲਨ ਵਿੱਚ ਟੌਹੜਾ ਨੇ ਸੰਘਵਾਦ ''''ਤੇ ਜੋ ਕਿਹਾ ਸੀ, ਉਹ ਸ਼ਾਇਦ ਘੱਟ-ਗਿਣਤੀ ਵਜੋਂ ਸਿੱਖਾਂ ਦੇ ਸੰਦਰਭ ਵਿੱਚ ਇਸ ਮੁੱਦੇ ਉੱਤੇ ਸਭ ਤੋਂ ਵਧੀਆ ਬਿਆਨ ਹੈ।

ਗੁਰਚਰਨ ਸਿੰਘ ਟੌਹੜਾ
Getty Images

ਰਿਕਾਰਡ ਨਹੀਂ ਇਤਿਹਾਸ

ਉਹ ਸਿੱਖ ਖੇਤਰ ਦੇ ਦੋ ਮੁੱਖ ਨੇਤਾਵਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਸੰਤ ਭਿੰਡਰਾਂਵਾਲਿਆਂ ਨੂੰ ਉਨ੍ਹਾਂ ਦੇ ਸ਼ੁਰੂਆਤੀ ਦੌਰ ਵਿੱਚ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਸੀ।

ਜਦੋਂ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਦੀ ਘੇਰਾਬੰਦੀ ਕਰ ਲ਼ਈ ਸੀ ਤਾਂ ਟੌਹੜਾ, ਸੰਤ ਭਿੰਡਰਾਂਵਾਲਿਆਂ ਨੂੰ ਮਿਲਣ ਵਾਲੇ ਆਖਰੀ ਅਕਾਲੀ ਆਗੂ ਸਨ।

ਕੁਝ ਲੋਕ ਇਤਿਹਾਸ ਰਚਦੇ ਹਨ ਜਦੋਂਕਿ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਰਿਕਾਰਡ ਬਣਾਉਂਦੇ ਹਨ।

ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦਾ 5 ਵਾਰ ਮੁੱਖ ਮੰਤਰੀ ਬਣਨ ਦਾ ਰਿਕਾਰਡ ਬਣਾਇਆ ਹੈ।

1970 ਵਿੱਚ ਪਹਿਲੀ ਵਾਰ ਅਹੁਦਾ ਸੰਭਾਲਣ ਵੇਲੇ ਉਨ੍ਹਾਂ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣਨ ਦਾ ਰਿਕਾਰਡ ਵੀ ਬਣਾਇਆ ਸੀ।

ਇਹ ਟੌਹੜਾ ਹੀ ਸਨ, ਜਿਨ੍ਹਾਂ ਦਾ ਨਾਮ ਇਤਿਹਾਸ ਸਿਰਜਣ ਅਤੇ ਸਿੱਖ ਧਾਰਮਿਕ-ਸਿਆਸੀ ਬਿਰਤਾਂਤ ਨੂੰ ਫੈਸਲਾਕੁੰਨ ਮੋੜ ਦੇਣ ਨਾਲ ਜੁੜਿਆ ਹੋਇਆ ਹੈ।

ਉਹ ਸਾਦੀਆਂ ਆਦਤਾਂ ਅਤੇ ਜੀਵਨ ਸ਼ੈਲੀ ਵਾਲੇ ਵਿਅਕਤੀ ਸਨ, ਜੋ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਸਨ, ਪਰ ਉਸ ਦਿਸ਼ਾ ਵਿੱਚ ਕਦੇ ਕੰਮ ਨਹੀਂ ਕੀਤਾ।

ਜੇਕਰ ਉਨ੍ਹਾਂ ਨੇ ਵਿਧਾਨਕ ਖੇਤਰ ਵਿੱਚ ਪ੍ਰਵੇਸ਼ ਕੀਤਾ ਹੁੰਦਾ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਲਈ ਸਭ ਤੋਂ ਵੱਡੀ ਚੁਣੌਤੀ ਬਣਦੇ, ਪਰ ਉਨ੍ਹਾਂ ਨੇ ਕਦੇ ਵੀ ਵਿਧਾਨ ਸਭਾ ਦੀ ਚੋਣ ਨਹੀਂ ਲੜੀ।

ਪਰ ਉਨ੍ਹਾਂ ਨੇ ਜੋ ਵਿਰਾਸਤ ਛੱਡੀ ਹੈ, ਉਹ ਉਨ੍ਹਾਂ ਵੇਲਿਆਂ ਵਿੱਚ ਬੇਮਿਸਾਲ ਹੈ। ਉਹ ਟਕਸਾਲੀ ਪੰਥਕ ਹਲਕਿਆਂ ਵਿੱਚੋਂ ਆਖਰੀ ਸਿੱਖ ਆਗੂ ਸਨ।



(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News