ਝੂਲਨ ਗੋਸਵਾਮੀ: ਭਾਰਤ ਦੀ ਉਹ ਤੇਜ਼ ਗੇਂਦਬਾਜ਼ ਜਿਸ ਦੇ ਕੱਦ ਅਤੇ ਗਤੀ ਤੋਂ ਵਿਰੋਧੀ ਵੀ ਡਰਦੇ ਸਨ
Saturday, Sep 24, 2022 - 08:09 AM (IST)


29 ਦਸੰਬਰ 1997 ਨੂੰ ਭਾਰਤ ਵਿੱਚ ਕ੍ਰਿਕਟ ਦੇ ਮੱਕੇ ਵਜੋਂ ਜਾਣਿਆ ਜਾਂਦਾ ਈਡਨ ਗਾਰਡਨ ਸਟੇਡੀਅਮ ਦਰਸ਼ਕਾਂ ਨਾਲ ਖਚਾਖਚ ਭਰਿਆ ਹੋਇਆ ਸੀ।
ਮਹਿਲਾ ਵਿਸ਼ਵ ਕ੍ਰਿਕਟ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਆਸਟਰੇਲੀਆ ਨਿਊਜ਼ੀਲੈਂਡ ਦੇ ਖਿਲਾਫ਼ ਬੱਲੇਬਾਜ਼ੀ ਕਰ ਰਿਹਾ ਸੀ।
ਆਸਟਰੇਲੀਆ ਦੇ ਬੱਲੇਬਾਜ਼ ਬੇਲਿੰਡਾ ਕਲਾਰਕ ਮੈਦਾਨ ਦੇ ਚਾਰੇਪਾਸੇ ਗੇਂਦ ਨੂੰ ਉਛਾਲ ਰਹੇ ਸਨ।
ਉਸ ਮੈਚ ਵਿੱਚ ਪੱਛਮੀ ਬੰਗਾਲ ਦੇ ਇੱਕ ਛੋਟੇ ਜਿਹੇ ਪਿੰਡ ਤੋਂ 15 ਸਾਲਾਂ ਦੀ ਇੱਕ ਅੱਲੜ੍ਹ ਕੁੜੀ ਝੂਲਨ ਗੋਸਵਾਮੀ ਦਾ ਜਿੰਮਾ ਗੇਂਦ ਨੂੰ ਮੈਦਾਨ ਵਿੱਚ ਰੱਖਣ ਦਾ ਸੀ। ਉਹ ਇੱਕ ਬਾਲ-ਗਰਲ ਸੀ।
ਝੂਲਨ ਗੋਸਵਾਮੀ ਲਈ ਈਡਨ ਗਾਰਡਨ ਦੇ ਮੈਦਾਨ ਵਿੱਚ ਵਿਸ਼ਵ ਕੱਪ ਦੌਰਾਨ ਆਸਟਰੇਲੀਆ ਦੀਆਂ ਧੂਆਂਧਾਰ ਪਾਰੀ ਦਾ ਗਵਾਹ ਬਣਨਾ ਇੱਕ ਵਿਸਮੈਕਾਰੀ ਤਜਰਬਾ ਸੀ।
ਉਦੋਂ ਉਸ ਸਿਖਾਂਦਰੂ ਖਿਡਾਰਨ ਨੇ ਕ੍ਰਿਕਟ ਵਿੱਚ ਆਪਣਾ ਭਵਿੱਖ ਬਣਾਉਣ ਦਾ ਫ਼ੈਸਲਾ ਕਰ ਲਿਆ।
ਅੱਜ ਜਦੋਂ ਉਹ ਦੋ ਦਹਾਕਿਆਂ ਦੇ ਸ਼ਾਨਦਾਰ ਕ੍ਰਿਕਟ ਜੀਵਨ ਤੋਂ ਬਾਅਦ ਸੰਨਿਆਸ ਲੈਣ ਜਾ ਰਹੇ ਹਨ, ਤਾਂ 39 ਸਾਲਾ ਝੂਲਨ ਗੋਸਵਾਮੀ ਨੂੰ ਦੁਨੀਆਂ ਦੀਆਂ ਬਿਹਤਰੀਨ ਕ੍ਰਿਕਟ ਖਿਡਾਰਨਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ।
ਲੌਰਡਜ਼ ਵਿੱਚ ਆਪਣਾ ਆਖਰੀ ਕੌਮਾਂਤਰੀ ਮੈਚ ਖੇਡਣ ਤੋਂ ਪਹਿਲਾਂ ਹੀ ਝੂਲਨ 253 ਵਿਕਟਾਂ ਆਪਣੇ ਨਾਮ ਕਰ ਚੁੱਕੇ ਹਨ।
ਬੀਬੀਸੀ ਨੇ ਝੂਲਨ ਨਾਲ ਉਨ੍ਹਾਂ ਦੇ ਕ੍ਰਿਕਟ ਜੀਵਨ ਦੀਆਂ ਯਾਦਾਂ ਬਾਰੇ ਗੱਲਬਾਤ ਕੀਤੀ।

''''''''ਮੇਰਾ ਜਨਮ ਅਤੇ ਪਾਲਣ-ਪੋਸ਼ਣ ਕੋਲਕਾਤਾ ਤੋਂ 70 ਕਿੱਲੋਮੀਟਰ ਦੂਰ ਇੱਕ ਛੋਟੇ ਜਿਹੇ ਪਿੰਡ ਚਕਡਾ ਵਿੱਚ ਹੋਇਆ।''''''''
''''''''ਮੇਰੇ ਕਜ਼ਨਸ ਸਾਰੇ ਮੁੰਡੇ ਸਨ, ਉਹ ਦੁਪਹਿਰ ਬਾਅਦ ਘਰ ਦੇ ਵਿਹੜੇ ਵਿੱਚ ਕ੍ਰਿਕਟ ਖੇਡਿਆ ਕਰਦੇ ਸਨ ਤੇ ਮੈਂ ਬਾਲ ਗਰਲ ਹੁੰਦੀ ਸੀ ਤੇ ਜਦੋਂ ਗੇਂਦ ਬਾਹਰ ਜਾਂਦੀ ਤਾਂ ਮੈਂ ਚੁੱਕ ਕੇ ਲਿਆਉਂਦੀ। ਫਿਰ ਜਦੋਂ ਸਾਰੇ ਦੁਪਹਿਰੇ ਸੌਂ ਰਹੇ ਹੁੰਦੇ ਸਨ ਤਾਂ ਮੈਂ ਇਕੱਲੀ ਕ੍ਰਿਕਟ ਖੇਡਦੀ।''''''''
ਉਹ ਕ੍ਰਿਕਟ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਅਤੇ ਚੁਣੌਤੀਆਂ ਨੂੰ ਯਾਦ ਕਰਦੇ ਹਨ।
-
ਉਹ ਦੱਸਦੇ ਹਨ,1992 ਦੇ ਪੁਰਸ਼ ਕ੍ਰਿਕਟ ਵਿਸ਼ਵ ਕੱਪ ਨੇ ਉਨ੍ਹਾਂ ਦੀ ਕ੍ਰਿਕਟ ਵਿੱਚ ਦਿਲਚਸਪੀ ਦੀ ਜਾਗ ਲਗਾਈ ਅਤੇ ਫਿਰ 1997 ਦੇ ਮਹਿਲਾ ਵਿਸ਼ਵ ਕੱਪ ਨੇ ਉਨ੍ਹਾਂ ਦੀ ਕਿਸਮਤ ''''ਤੇ ਮੋਹਰ ਲਗਾ ਦਿੱਤੀ।
ਮੈਨੂੰ ਸਾਲ 1992 ਵਿਸ਼ਵ ਕੱਪ ਦੌਰਾਨ ਸਚਿਨ ਸਰ ਨੂੰ ਬੱਲੇਬਾਜ਼ੀ ਕਰਦਿਆਂ ਟੀਵੀ ਉੱਪਰ ਦੇਖਣਾ ਯਾਦ ਹੈ। ਸਚਿਨ ਸਚਿਨ ਦੀ ਗੂੰਜ...ਜਾਦੂਈ ਸੀ। ਉਦੋਂ ਕ੍ਰਿਕਟ ਵਿਸ਼ਵ ਕੱਪ ਦੀ ਮਸ਼ਹੂਰੀ ਆਉਂਦੀ ਸੀ ਕਿ ਖਾਓ ਕ੍ਰਿਕਟ, ਸੌਂਵੋ ਕ੍ਰਿਕਟ, ਸੁਫ਼ਨੇ ਵੀ ਕ੍ਰਿਕਟ ਦੇ ਲਓ। ਇਸ ਨੇ ਸਾਨੂੰ ਨੌਜਵਾਨਾਂ ਨੂੰ ਵਾਕਈ ਪ੍ਰੇਰਿਤ ਕੀਤਾ।''''''''
ਹਾਲਾਂਕਿ ਆਪਣੇ ਮਾਪਿਆਂ ਨੂੰ ਪਿੰਡ ਦੇ ਮੁੰਡਿਆਂ ਨਾਲ ਖੇਡਣ ਲਈ ਮਨਾਉਣਾ ਝੂਲਨ ਲਈ ਕੋਈ ਸੌਖਾ ਕੰਮ ਨਹੀਂ ਸੀ।
ਝੂਲਣ ਯਾਦ ਕਰਦੇ ਹਨ, ''''''''ਮੁੰਡੇ ਕਹਿੰਦੇ ਸਨ ਕਿ ਮੈਂ ਬਹੁਤ ਹੌਲ਼ੀ ਗੇਂਦ ਕਰਦੀ ਹਾਂ। ਇਸ ਤੋਂ ਇਲਾਵਾ ਗੈਂਗ ਵਿੱਚ ਸਾਰਿਆਂ ਦਾ ਸਤਿਕਾਰ ਜਿੱਤਣ ਲਈ ਤੁਹਾਨੂੰ ਹਰਫ਼ਨਮੌਲਾ ਹੋਣਾ ਪੈਂਦਾ ਸੀ। ਇਸ ਲਈ ਮੈਂ ਇਸ ਨੂੰ ਇੱਕ ਚੁਣੌਤੀ ਵਜੋਂ ਲਿਆ।''''''''
''''''''ਫਿਰ ਮੇਰੇ ਪਿੰਡ ਵਿੱਚ ਕੋਈ ਸਹੂਲਤਾਂ ਨਾ ਹੋਣ ਕਾਰਨ ਮੈਂ ਕੋਲਕਾਤਾ ਵਿੱਚ ਅਭਿਆਸ ਕਰਨਾ ਸ਼ੁਰੂ ਕੀਤਾ। ਇਹ ਰੋਜ਼ਾਨਾ ਦੀ ਮੁਸ਼ੱਕਤ ਸੀ।''''''''
''''''''ਮੈਨੂੰ ਹਰ ਰੋਜ਼ ਸ਼ਹਿਰ ਜਾਣ ਲਈ ਪਿੰਡ ਤੋਂ ਤੜਕੇ ਨਿਕਲਣਾ ਪੈਂਦਾ ਅਤੇ ਫਿਰ ਵਾਪਸ ਆਉਂਦੀ। ਮੈਂ ਆਪਣੀ ਗੇਂਦਬਾਜ਼ੀ ਅਤੇ ਕੱਦ ਨਾਲ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ। ਮੇਰੇ ਕੋਚ ਨੇ ਗੇਂਦਬਾਜ਼ੀ ਉੱਪਰ ਕੇਂਦਰਿਤ ਰਹਿਣ ਦੀ ਸਲਾਹ ਦਿੱਤੀ।''''''''
ਕੋਚ ਸਵਪਨ ਸਾਧੂ ਕੋਲਕਾਤਾ ਵਿੱਚ ਕੁੜੀਆਂ ਲਈ ਇੱਕ ਕੋਚਿੰਗ ਅਕੈਡਮੀ ਚਲਾਉਂਦੇ ਸਨ ਜਦੋਂ ਝੂਲਨ ਉਨ੍ਹਾਂ ਕੋਲ ਆਏ।
''''''''ਉਹ ਟਰੇਨਿੰਗ ਅਕੈਡਮੀ ਪਹੁੰਚਣ ਲਈ ਹਰ ਰੋਜ਼ ਦੋ ਘੰਟੇ ਲੋਕਲ ਟਰੇਨ ਵਿੱਚ ਸਫ਼ਰ ਕਰਦੀ ਸੀ। ਕ੍ਰਿਕਟ ਦੇ ਅਭਿਆਸ ਤੋਂ ਬਾਅਦ ਉਹ ਸਕੂਲ ਭੱਜਦੀ।''''''''
''''''''ਪਰਿਵਾਰ ਅਤੇ ਪਿੰਡ ਵਾਲੇ ਕ੍ਰਿਕਟ ਲਈ ਉਨ੍ਹਾਂ ਦੇ ਜਨੂੰਨ ਨੂੰ ਜ਼ਿਆਦਾ ਖੁੱਲ੍ਹੇ ਦਿਲ ਨਾਲ ਨਹੀਂ ਲੈ ਰਹੇ ਸਨ। ਉਸ ਨੇ ਸਿਖਲਾਈ ਲਈ ਆਉਣਾ ਬੰਦ ਕਰ ਦਿੱਤਾ। ਉਸ ਦੀ ਸਮਰੱਥਾ ਨੂੰ ਸਮਝਦੇ ਹੋਏ ਮੈਂ ਉਸਦੇ ਪਿੰਡ ਗਿਆ ਅਤੇ ਝੂਲਨ ਨੂੰ ਖੇਡਣ ਦੇਣ ਲਈ ਮਨਾਇਆ। ਬਾਕੀ ਸਭ ਇਤਿਹਾਸ ਹੈ।''''''''
ਅੱਜ ਝੂਲਨ ਨੂੰ ਮਹਿਲਾ ਕ੍ਰਿਕਟ ਦੀ ਇੱਕ ਮਹਾਨ ਤੇਜ਼ ਗੇਂਦਬਾਜ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣਾ ਪਹਿਲਾ ਕ੍ਰਿਕਟ ਮੈਚ ਇੰਗਲੈਂਡ ਦੇ ਖਿਲਾਫ਼ ਸਾਲ 2002 ਵਿੱਚ ਖੇਡਿਆ। ਅਗਲੇ ਕਈ ਸਾਲ ਉਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਵੀ ਕੀਤੀ।
ਕ੍ਰਿਕਟ ਬਾਰੇ ਕਾਲਮਨਵੀਸ ਇਆਜ਼ ਮੈਨਨ ਕਹਿੰਦੇ ਹਨ ਕਿ ਜਿਸ ਤਰ੍ਹਾਂ ਦੀ ਕਾਮਯਾਬੀ ਝੂਲਨ ਨੇ ਦੇਖੀ ਹੈ ਉਹ ਦੋ ਦਹਾਕਿਆਂ ਤੱਕ ਉਨ੍ਹਾਂ ਦੇ ਖੇਡ ਉੱਪਰ ਇੱਕਚਿੱਤ ਧਿਆਨ ਕਾਰਨ ਹੀ ਸੰਭਵ ਹੋ ਸਕੀ ਹੈ।

''''''''ਝੂਲਨ ਗੋਸਵਾਮੀ ਦਾ ਇੱਕ ਜ਼ਬਰਦਸਤ ਖੇਡ ਜੀਵਨ ਰਿਹਾ ਹੈ। ਉਨ੍ਹਾਂ ਦੇ ਜੀਵਨ ਦੀ ਨਿਰੰਤਰਤਾ ਉਨ੍ਹਾਂ ਦੀ ਪ੍ਰਤਿਭਾ ਅਤੇ ਪ੍ਰਰੇਨਾ ਦੇ ਪੱਧਰਾਂ ਨੂੰ ਦਰਸਾਉਂਦੀ ਹੈ।''''''''
''''''''ਕ੍ਰਿਕਟ ਖਿਡਾਰਨਾਂ ਨੂੰ ਸ਼ੁਰੂਆਤੀ ਦਿਨਾਂ ਵਿੱਚ ਬਹੁਤੀ ਮਦਦ ਨਹੀਂ ਮਿਲਦੀ ਪਰ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ। ਦ੍ਰਿੜ ਇਰਾਦਾ, ਪ੍ਰਰੇਰਿਤ ਰਹਿਣ ਦੀ ਭਾਵਨਾ ਉਨ੍ਹਾਂ ਦੀ ਸਫ਼ਲਤਾ ਦੀ ਕਹਾਣੀ ਦੇ ਮੁੱਖ ਤੱਤ ਹਨ।''''''''
''''''''ਜਦੋਂ ਤੁਸੀਂ ਉਨ੍ਹਾਂ ਨੂੰ ਖੇਡਦੇ ਦੇਖਦੇ ਹੋ ਤਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਉਹ ਇਹ ਖੇਡ ਖੇਡਣ ਲਈ ਹੀ ਪੈਦਾ ਹੋਏ ਹਨ। ਭਾਵੇਂ ਉਨ੍ਹਾਂ ਦੀ ਕਾਰਗੁਜ਼ਾਰੀ ਹੋਵੇ ਜਾਂ ਫਿਰ ਵਿਹਾਰ।''''''''
ਝੂਲਨ ਦੇ ਖੇਡ ਜੀਵਨ ਉੱਪਰ ਝਾਤ ਪਾਈਏ ਤਾਂ ਮਾਣ-ਸਨਮਾਨ ਤਾਂ ਜਿਵੇਂ ਉਨ੍ਹਾਂ ਦੀ ਆਦਤ ਬਣ ਗਏ ਸਨ। ਉਨ੍ਹਾਂ ਦੇ ਨਾਮ ਮਹਿਲਾ ਇੱਕ ਰੋਜ਼ਾ ਕ੍ਰਿਕਟ ਮੈਚਾਂ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਹੈ।
ਉਹ ਆਈਸੀਸੀ ਰੈਂਕਿੰਗ ਵਿੱਚ ਪਹਿਲੇ ਨੰਬਰ ਦੇ ਗੇਂਦਬਾਜ਼ ਵੀ ਰਹੇ ਹਨ। ਆਪਣੀ ਰਿਟਾਇਰਮੈਂਟ ਤੱਕ ਉਨ੍ਹਾਂ ਦੀ ਆਈਸੀਸੀ ਦਰਜੇਬੰਦੀ ਪੰਜਵੇਂ ਨੰਬਰ ਤੱਕ ਆ ਗਈ ਸੀ।
ਝੂਲਨ ਨੇ ਸਾਲ 2007 ਵਿੱਚ ''''ਆਸੀਸੀ ਵਿਮਨ ਪੇਲਅਰ ਆਫ਼ ਦਾ ਈਅਰ'''' ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਇਹ ਈਨਾਮ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਸਨ।
ਈਨਾਮ ਲੈਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਸੀ, ''''''''ਪੁਰਸ਼ ਵਰਗ ਵਿੱਚ ਭਾਰਤ ਵੱਲੋਂ ਕੋਈ ਨਾਮਜ਼ਦਗੀ ਨਹੀਂ ਸੀ ਇਸ ਲਈ ਆਪਣੇ ਦੇਸ਼ ਲਈ ਇਹ ਕਰਨਾ ਮੇਰੇ ਲਈ ਹੋਰ ਵੀ ਖ਼ਾਸ ਸੀ। ਇਸ ਦਾ ਮਹਿਲਾ ਕ੍ਰਿਕਟ ਵਿੱਚ ਬਹੁਤ ਮਹੱਤਵ ਹੈ।''''''''
''''''''ਮੈਨੂੰ ਲਗਦਾ ਹੈ ਕਿ ਬੀਬੀਆਂ ਦੀ ਕ੍ਰਿਕਟ ਵੱਧ-ਫੁੱਲ ਰਹੀ ਹੈ। ਸਾਨੂੰ ਮੀਡੀਆ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਥਾਂ ਮਿਲ ਰਹੀ ਹੈ ਜਿਸ ਨਾਲ ਹੋਰ ਕੁੜੀਆਂ ਨੂੰ ਪ੍ਰਰੇਨਾ ਮਿਲਦੀ ਹੈ। ਸਮੁੱਚੀ ਕਾਰਗੁਜ਼ਾਰੀ ਵਿੱਚ ਸੁਧਾਰ ਹੁੰਦਾ ਹੈ।''''''''
ਉਨ੍ਹਾਂ ਦਾ ਕਥਨ ਸਹੀ ਸਾਬਤ ਹੋਇਆ ਹੈ ਅਤੇ ਪਿਛਲੇ ਸਮੇਂ ਦੌਰਾਨ ਬੀਬੀਆਂ ਦੀ ਕ੍ਰਿਕਟ ਦਾ ਮੁਹਾਂਦਰਾ ਨਿੱਖਰਿਆ ਹੈ। ਝੂਲਨ ਨੇ ਆਪ ਵੀ ਇਹ ਬਦਲਾਅ ਦੇਖਿਆ ਹੈ।
ਅਲੱੜ੍ਹ ਉਮਰੇ ਝੂਲਨ ਕੋਲਕਾਤਾ ਦੇ ਵਿਵੇਕਾਨੰਦ ਪਾਰਕ ਵਿੱਚ ਅਭਿਆਸ ਕਰਨ ਜਾਇਆ ਕਰਦੇ ਸਨ।
ਝੂਲਨ ਕਹਿੰਦੇ ਹਨ ਉਹ ਜਦੋਂ ਵੀ ਉੱਥੇ ਜਾਂਦੇ ਹਨ ਤਾਂ ਉੱਥੇ ਨਵੀਆਂ ਕੁੜੀਆਂ ਜਿਨ੍ਹਾਂ ਵਿੱਚੋਂ ਕਈ ਬਹੁਤ ਨਿੱਕੀ ਉਮਰ ਦੀਆਂ ਹੁੰਦੀਆਂ ਹਨ, ਨੂੰ ਆਪਣੀਆਂ ਕਿੱਟਾਂ ਚੁੱਕੀ ਦੇਖ ਕੇ ਉਨ੍ਹਾਂ ਨੂੰ ਬਹੁਤ ਹੈਰਾਨੀ ਹੁੰਦੀ ਹੈ।

ਝੂਲਨ ਦਾ ਕਹਿਣਾ ਹੈ ਕਿ ਇਹ ਬਦਲਾਅ ਸੋਚ ਵਿੱਚ ਆਇਆ ਹੈ। ਜਦਕਿ ਉਨ੍ਹਾਂ ਦੇ ਸਮੇਂ ਵਿੱਚ ਕੁੜੀਆਂ ਨੂੰ ਪਰਿਵਾਰ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ।
90ਵਿਆਂ ਅਤੇ 2000 ਦੇ ਦਹਾਕੇ ਵਿੱਚ ਜਦੋਂ ਭਾਰਤੀ ਮਹਿਲਾ ਕ੍ਰਿਕਟ ਬੋਰਡ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਅਜੇ ਆਪਣੇ ਅਧੀਨ ਨਹੀਂ ਲਿਆ ਸੀ।
ਉਸ ਸਮੇਂ ਦੀਆਂ ਖਿਡਾਰਨਾਂ ਮਿਥਾਲੀ ਰਾਜ ਅਤੇ ਝੂਲਨ ਗੋਸਵਾਮੀ ਕੋਲ ਉਸ ਸਮੇਂ ਦੇ ਮਾੜੇ ਹਾਲਾਤ ਦੇ ਸੁਣਾਉਣ ਲਈ ਕਈ ਕਿੱਸੇ ਹਨ।
ਹਾਲ ਹੀ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਕੋਚ ਡਬਲਿਊਵੀ ਰਮਨ ਨਾਲ ਯੂਟਿਊਬ ''''ਤੇ ਗੱਲਬਾਤ ਕਰਦਿਆਂ ਝੂਲਨ ਨੇ ਇੱਕ ਕਿੱਸਾ ਸੁਣਾਇਆ।
''''''''ਮਹਿਲਾ ਕ੍ਰਿਕਟ ਐਸੋਸੀਏਸ਼ਨ ਕੋਲ ਬਹੁਤ ਪੈਸਾ ਨਹੀਂ ਹੁੰਦਾ ਸੀ। ਨਵੀਆਂ ਕੁੜੀਆਂ ਨੂੰ ਰੇਲ ਗੱਡੀਆਂ ਵਿੱਚ ਸਫ਼ਰ ਕਰਨਾ ਪੈਂਦਾ ਸੀ। ਕਈ ਵਾਰ ਤਾਂ ਉਹ ਭਾਰੀ ਕਿੱਟਾਂ ਚੁੱਕ ਕੇ ਗੈਰ-ਰਾਖਵੇਂ ਡੱਬਿਆਂ ਵਿੱਚ ਸਫ਼ਰ ਕਰਦੀਆਂ।''''''''
''''''''ਮੈਦਾਨ ਬਹੁਤ ਵਧੀਆ ਨਹੀਂ ਹੁੰਦੇ ਸਨ। ਜਦੋਂ ਕੁੜੀਆਂ ਨੂੰ ਹਵਾਈ ਜਹਾਜ਼ ਦੀਆਂ ਟਿਕਟਾਂ ਵੀ ਮਿਲਣ ਲੱਗੀਆਂ ਤਾਂ ਵਾਧੂ ਸਮਾਨ ਦੇ ਪੈਸੇ ਸਾਨੂੰ ਚੁਕਾਉਣੇ ਪੈਂਦੇ ਸਨ।''''''''
''''''''ਭਾਰ ਘਟਾਉਣ ਲਈ ਅਸੀਂ ਆਪਣੇ ਕੱਪੜੇ ਛੱਡ ਦਿੰਦੀਆਂ ਸੀ ਤੇ ਸਿਰਫ਼ ਮੈਦਾਨ ਵਿੱਚ ਪਾਉਣ ਵਾਲੇ ਕੱਪੜੇ ਹੀ ਲਿਜਾਂਦੀਆਂ।''''''''
''''''''ਸਾਡੇ ਕੋਲ ਵਧੀਆ ਬੂਟ ਨਹੀਂ ਹੁੰਦੇ ਸਨ ਅਤੇ ਦੂਜੇ ਪੁਰਸ਼ ਖਿਡਾਰੀਆਂ ਜਿਵੇਂ ਅਸ਼ੀਸ਼ ਨਹਿਰਾ ਤੋਂ ਉਧਾਰੇ ਲੈਂਦੇ ਸੀ ਜਾਂ ਕਿਸੇ ਵੱਡੇ ਮੈਚ ਸਮੇਂ ਦੂਜੇ ਖਿਡਾਰੀਆਂ ਨਾਲ ਬਦਲ ਲੈਂਦੇ ਸੀ।''''''''
ਇਸੇ ਪ੍ਰਸੰਗ ਵਿੱਚ ਝੂਲਨ ਗੋਸਵਾਮੀ ਵਰਗੀਆਂ ਖਿਡਾਰਨਾਂ ਦਾ ਯੋਗਦਾਨ ਉਨ੍ਹਾਂ ਨੂੰ ਭਾਰਤੀ ਬੀਬੀਆਂ ਦੀ ਕ੍ਰਿਕਟ ਵਿੱਚ ਵਿਲੱਖਣ ਬਣਾਉਂਦਾ ਹੈ।
ਉਨ੍ਹਾਂ ਦੇ ਆਲੋਚਕ ਵੀ ਉਨ੍ਹਾਂ ਦੀ ਸਿਫ਼ਤ ਕਰਦੇ ਹਨ। ਸਾਬਕਾ ਪਾਕਿਸਤਾਨੀ ਕੈਪਟਨ ਸਨ੍ਹਾ ਮੀਰ ਨੇ ਭਾਰਤ ਖਿਲਾਫ਼ ਕਈ ਮੈਚ ਖੇਡੇ ਹਨ।
''''''''ਇੱਕ ਤੇਜ਼ ਗੇਂਦਬਾਜ਼ ਵਜੋਂ, ਅਸੀਂ ਉਨ੍ਹਾਂ ਨੂੰ ਕਦੇ ਹੀ ਦੂਜੇ ਖਿਡਾਰੀਆਂ ਨਾਲ ਤਲਖੀ ਵਿੱਚ ਦੇਖਿਆ ਹੈ। ਉਨ੍ਹਾਂ ਦਾ ਵਿਹਾਰ ਬੜਾ ਮਿਸਾਲੀ ਰਿਹਾ ਹੈ।''''''''
''''''''ਵੀਹ ਸਾਲਾਂ ਤੱਕ ਟਿਕੇ ਰਹਿਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਉਨ੍ਹਾਂ ਦੀ ਗਤੀ ਅਤੇ ਕੱਦ ਕਾਰਨ 5.11 ਇੰਚ ਦੀ ਝੂਲਨ ਦੇ ਸਾਹਮਣੇ ਖੇਡਣ ਲਈ ਸਾਨੂੰ ਖੂਬ ਪਸੀਨਾ ਵਹਾਉਣਾ ਪੈਂਦਾ ਸੀ।''''''''
''''''''ਸਾਨੂੰ ਆਪਣੇ ਵੱਲ ਆਉਂਦੀ ਗੇਂਦ ਦੇਖਣ ਲਈ ਵੀ ਮਿਹਨਤ ਕਰਨੀ ਪੈਂਦੀ ਸੀ। ਸਾਨੂੰ ਹੀ ਪਤਾ ਹੈ ਕਿ ਝੂਲਨ ਦੇ ਸਾਮਹਣੇ ਬੱਲੇਬਾਜ਼ੀ ਕਰਨਾ ਕਿੰਨਾ ਔਖਾ ਹੁੰਦਾ ਸੀ।''''''''

ਆਖਰਕਾਰ ਕੀ ਹੈ ਜਿਸ ਨੇ ਝੂਲਨ ਗੋਸਵਾਮੀ ਨੂੰ ਦੋ ਦਹਾਕਿਆਂ ਤੱਕ ਇੰਨਾ ਮਾਰੂ, ਪ੍ਰਭਾਵਸ਼ਾਲੀ ਅਤੇ ਨਿਰੰਤਰ ਬਣਾਇਆ?
ਉਨ੍ਹਾਂ ਦੇ ਬਚਪਨ ਦੇ ਕੋਚ ਸਵਪਲ ਸਾਧੂ ਕਹਿੰਦੇ ਹਨ ਕਿ ਉਨ੍ਹਾਂ ਫਿਟਨਸ ਅਤੇ ਖੇਡ ਪ੍ਰਤੀ ਡੂੰਘੀ ਵਚਨਬੱਧਤਾ ਨੇ ਝੂਲਨ ਨੂੰ ਇੰਨੇ ਸਾਲ ਖੇਡ ਵਿੱਚ ਟਿਕਾਈ ਰੱਖਿਆ।
ਸੀਨੀਅਰ ਖੇਡ ਪੱਤਰਕਾਰ ਅਦੇਸ਼ ਕੁਮਾਰ ਗੁਪਤ ਨੇ ਝੂਲਨ ਦੇ ਖੇਡ ਜੀਵਨ ਨੂੰ ਗਹੁ ਨਾਲ ਦੇਖਿਆ ਹੈ।
ਉਹ ਕਹਿੰਦੇ ਹਨ,''''''''ਜਦੋਂ ਝੂਲਨ ਨੇ ਭਾਰਤੀ ਕ੍ਰਿਕਟ ਵਿੱਚ ਆਪਣੀ ਥਾਂ ਬਣਾਈ ਤਾਂ ਬਹੁਤ ਘੱਟ ਲੋਕ ਬੀਬੀਆਂ ਦੀ ਕ੍ਰਿਕਟ ਵੱਲ ਧਿਆਨ ਦਿੰਦੇ ਸਨ। ਝੂਲਨ ਵਰਗੀਆਂ ਖਿਡਾਰਨਾਂ ਦੇ ਕ੍ਰਿਕਟ ਵਿੱਚ ਆਉਣ ਤੋਂ ਪਹਿਲਾਂ, ਬਹੁਤ ਥੋੜ੍ਹੀਆਂ ਖਿਡਾਰਨਾਂ ਸਨ ਜਿਵੇਂ ਡਿਆਨਾ ਇਡੂਲਜੀ ਅਤੇ ਸ਼ਾਂਤਾ ਰੰਗਾਸਵਾਮੀ। ਜਿਨ੍ਹਾਂ ਨੂੰ ਲੋਕ ਜਾਣਦੇ ਸਨ।''''''''
''''''''ਭਾਰਤ ਵਿੱਚ ਕਈ ਬਿਹਤਰੀਨ ਤੇਜ਼ ਗੇਂਦਬਾਜ਼ ਸਨ ਪਰ ਜਦੋਂ ਬੀਬੀਆਂ ਦੀ ਕ੍ਰਿਕਟ ਦੀ ਗੱਲ ਆਉਂਦੀ ਸੀ ਤਾਂ ਝੂਲਨ ਦੇ ਆਉਣ ਤੱਕ ਕੁਝ ਕੁ ਹੀ ਨਾਮ ਸਨ। ਉਨ੍ਹਾਂ ਨੇ ਇੱਕ ਦਿਨਾਂ ਮੈਚਾਂ ਵਿੱਚ 250 ਤੋਂ ਜ਼ਿਆਦਾ ਵਿਕਟਾਂ ਲਈਆਂ।''''''''
''''''''ਇਹ ਮੰਦਭਾਗਾ ਹੈ ਕਿ ਉਨ੍ਹਾਂ ਨੇ ਸਿਰਫ਼ 12 ਟੈਸਟ ਮੈਚ ਖੇਡੇ ਅਤੇ 44 ਵਿਕਟਾਂ ਲਈਆਂ ਕਿਉਂਕਿ ਭਾਰਤੀ ਖਿਡਾਰਨਾਂ ਨੂੰ ਟੈਸਟ ਮੈਚ ਖੇਡਣ ਦੇ ਬਹੁਤ ਘੱਟ ਮੌਕੇ ਮਿਲੇ ਹਨ।''''''''
''''''''ਉਨ੍ਹਾਂ ਨੂੰ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਵੀ ਮਿਲਿਆ ਹੈ। ਮੇਰੇ ਯਾਦ ਹੈ ਕਿ ਦਿੱਲੀ ਦੀਆਂ ਕ੍ਰਿਕਟ ਅਕੈਡਮੀਆਂ ਵਿੱਚ ਬਹੁਤ ਘੱਟ ਕੁੜੀਆਂ ਦੇਖਣ ਨੂੰ ਮਿਲਦੀਆਂ ਸਨ ਪਰ ਹੁਣ ਤੁਹਾਨੂੰ ਕਈ ਸਾਰੀਆਂ ਨੌਜਵਾਨ ਕੁੜੀਆਂ ਕ੍ਰਿਕਟ ਖੇਡਦੀਆਂ ਨਜ਼ਰ ਆ ਜਾਂਦੀਆਂ ਹਨ। ਝੂਲਨ ਗੋਸਵਾਮੀ ਅਤੇ ਮਿਥਾਲੀ ਰਾਜ ਵਰਗੀਆਂ ਖਿਡਰਨਾਂ ਦੀ ਇਹੀ ਵਿਰਾਸਤ ਹੈ।''''''''
ਇਆਜ਼ ਮੈਨਨ ਦੇ ਸ਼ਬਦਾਂ ਵਿੱਚ ਤੰਦ ਇੱਥੇ ਛੱਡੀ ਜਾ ਸਕਦੀ ਹੈ,'''''''' ਝੂਲਨ ਗੋਸਵਾਮੀ ਵਰਗੀਆਂ ਖਿਡਾਰਨਾਂ ਭਾਰਤੀ ਮਹਿਲਾ ਕ੍ਰਿਕਟ ਨੂੰ ਵਿਸ਼ਵੀ ਨਕਸ਼ੇ ਉੱਪਰ ਲੈਕੇ ਆਈਆਂ ਹਨ। ਇਸੇ ਨੂੰ ਖੇਡ ਪ੍ਰਤੀ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਸਮਝਿਆ ਜਾ ਸਕਦਾ ਹੈ। ਉਹ ਨਵੀਆਂ ਖਿਡਾਰਨਾਂ ਲਈ ਆਦਰਸ਼ ਰਹੇ ਹਨ।''''''''
ਕੁਝ ਮਾਮਲਿਆਂ ਵਿੱਚ ਝੂਲਨ ਗੋਸਵਾਮੀ ਦਾ ਜੀਵਨ ਇੱਕ ਪੂਰਾ ਚੱਕਰ ਰਿਹਾ ਹੈ। ਹਾਲ ਹੀ ਵਿੱਚ ਉਨ੍ਹਾਂ ਨੂੰ ਈਡਨ ਗਾਰਡਨ ਵਿੱਚ ਆਈਪੀਐਲ ਸ਼ੁਰੂ ਹੋਣ ਤੋਂ ਪਹਿਲਾਂ ਘੰਟੀ ਵਜਾਉਣ ਲਈ ਸੱਦਿਆ ਗਿਆ।
ਇਹ ਉਹੀ ਮੈਦਾਨ ਹੈ ਜਿੱਥੋਂ ਉਨ੍ਹਾਂ ਨੇ 1997 ਵਿਸ਼ਵ ਕੱਪ ਦੌਰਾਨ ਬਾਲ ਗਰਲ ਵਜੋਂ ਸ਼ੁਰੂਆਤ ਕੀਤੀ ਸੀ।
ਸਾਲ 2002 ਵਿੱਚ ਇੰਗਲੈਂਡ ਦੇ ਖਿਲਾਫ਼ ਖੇਡੇ ਆਪਣੇ ਪਹਿਲੇ ਮੈਚ ਤੋਂ 20 ਸਾਲ ਬਾਅਦ ਵੀ ਉਹ ਲੌਰਡਜ਼ ਦੇ ਕ੍ਰਿਕਟ ਮੈਦਾਨ ਵਿੱਚ ਉਸੇ ਦੇ ਖਿਲਾਫ਼ ਆਪਣਾ ਆਖਰੀ ਮੈਚ ਖੇਡੇ ਹਨ।
:
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)