ਸਿਰਲ ਰੈਡਕਲਿਫ਼: ਪੰਜਾਬ ਅਤੇ ਬੰਗਾਲ ਵਿਚਾਲੇ ਲੀਕ ਖਿੱਚਣ ਵਾਲਾ ਬ੍ਰਿਟਿਸ਼ ਅਫਸਰ, 5 ਹਫ਼ਤਿਆਂ ਵਿੱਚ ਇੰਝ ਕਰਵਾਈ ਸੀ ਵੰਡ

Monday, Aug 15, 2022 - 02:00 PM (IST)

ਸਿਰਲ ਰੈਡਕਲਿਫ਼: ਪੰਜਾਬ ਅਤੇ ਬੰਗਾਲ ਵਿਚਾਲੇ ਲੀਕ ਖਿੱਚਣ ਵਾਲਾ ਬ੍ਰਿਟਿਸ਼ ਅਫਸਰ, 5 ਹਫ਼ਤਿਆਂ ਵਿੱਚ ਇੰਝ ਕਰਵਾਈ ਸੀ ਵੰਡ
ਸਿਰਲ ਰੈਡਕਲਿਫ਼
Getty Images
ਸਿਰਲ ਰੈਡਕਲਿਫ਼ ਨੇ ਬਾਅਦ ਵਿੱਚ ਮੰਨਿਆ ਕਿ ਉਨ੍ਹਾਂ ਕੋਲ ਸਮਾਂ ਬਹੁਤ ਘੱਟ ਸੀ ਅਤੇ ਬਿਹਤਰ ਕੰਮ ਕਰਨ ਦੀ ਗੁੰਜਾਇਸ਼ ਨਹੀਂ ਸੀ

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬ੍ਰਿਟੇਨ ਨੇ ਭਾਰਤ ਨੂੰ ਆਜ਼ਾਦੀ ਦੇਣ ਦਾ ਫ਼ੈਸਲਾ ਕੀਤਾ। ਇਹ ਇੱਕ ਕਾਹਲੀ ਵਿੱਚ ਲਿਆ ਗਿਆ ਫ਼ੈਸਲਾ ਸੀ।

ਆਜ਼ਾਦੀ ਦੇਣ ਤੋਂ ਪਹਿਲਾਂ ਬ੍ਰਿਟੇਨ ਨੇ ਮੁਸਲਮਾਨਾਂ ਦੀ ਇਹ ਮੰਗ ਵੀ ਮੰਨ ਲਈ ਕਿ ਭਾਰਤ ਨੂੰ ਵੰਡਿਆ ਜਾਵੇ ਅਤੇ ਇੱਕ ਮੁਸਲਮਾਨ ਬਹੁਗਿਣਤੀ ਦੇਸ ਪਾਕਿਸਤਾਨ ਬਣਾਇਆ ਜਾਵੇ। ਇਸ ਤੋਂ ਬਾਅਦ ਵੰਡ ਅਟੱਲ ਹੋ ਗਈ।

ਅਣਵੰਡੇ ਭਾਰਤ ਵਿੱਚ ਦੋ ਖੇਤਰ ਸਨ ਜਿੱਥੇ ਹਿੰਦੂਆਂ ਅਤੇ ਮੁਸਲਮਾਨਾਂ ਦੀ ਬਰਾਬਰ ਵਸੋਂ ਸੀ। ਪੂਰਬ ਵਿੱਚ ਬੰਗਾਲ ਅਤੇ ਪੱਛਮ ਵਿੱਚ ਪੰਜਾਬ। ਵੰਡ ਦੀ ਲਾਈਨ ਇਨ੍ਹਾਂ ਦੋਵਾਂ ਖੇਤਰਾਂ ਦੇ ਵਿੱਚ ਹੀ ਖਿੱਚੀ ਜਾਣੀ ਸੀ।

ਇਸ ਲੀਕ ਨੇ ਸਿਰਫ਼ ਭੂਗੋਲਿਕ ਖੇਤਰਾਂ ਨੂੰ ਹੀ ਨਹੀਂ ਵੰਡਣਾ ਸੀ ਸਗੋਂ ਸਦੀਆਂ ਤੋਂ ਇਕੱਠੇ ਰਹਿ ਰਹੇ ਭਾਈਚਾਰਿਆਂ ਨੂੰ ਵੀ ਵੰਡਣਾ ਸੀ।

ਇਹ ਲੀਕ ਖਿੱਚਣ ਦਾ ਜ਼ਿੰਮਾ ਬ੍ਰਿਟਿਸ਼ ਸਰਕਾਰ ਵੱਲੋਂ ਇੱਕ ਬ੍ਰਿਟਿਸ਼ ਵਕੀਲ ਸਿਰਲ ਰੈਡਕਲਿਫ਼ ਨੂੰ ਸੌਂਪਿਆ ਗਿਆ।

ਸਾਲ 1947 ਦੇ ਜੂਨ ਤੋਂ ਹੀ ਤਣਾਅ ਵਧਣਾ ਸ਼ੁਰੂ ਹੋ ਗਿਆ ਸੀ। ਰੈਡਕਲਿਫ਼ ਨੂੰ ਚੰਗੀ ਤਰ੍ਹਾਂ ਅੰਦਾਜ਼ਾ ਸੀ ਕਿ ਕਿੰਨਾ ਕੁਝ ਦਾਅ ''''ਤੇ ਲੱਗਿਆ ਹੋਇਆ ਸੀ।

ਰੈਡਕਲਿਫ਼ ਦੇ ਫ਼ੈਸਲੇ ਨੂੰ ਵੰਡ ਤੋਂ ਕੁਝ ਦਿਨ ਪਹਿਲਾਂ ਹੀ ਜਨਤਕ ਕੀਤਾ ਗਿਆ। ਲੱਖਾਂ ਲੋਕ ਜੋ ਜਾਣਦੇ ਸਨ ਕਿ ਉਹ ਕਿਹੜੇ ਦੇਸ ਵਿੱਚ ਜਾਣਗੇ, ਉਹ ਖੁਸ਼ ਸਨ ਤੇ ਅਜ਼ਾਦੀ ਦਾ ਜਸ਼ਨ ਮਨਾ ਰਹੇ ਸਨ।

ਦੂਜਿਆਂ ਲਈ ਇਹ ਇੱਕ ਆਫ਼ਤ ਬਣ ਕੇ ਆਈ ਸੀ, ਲੱਖਾਂ ਲੋਕ ਕਦੇ ਵੀ ਆਪਣੀ ਮੰਜ਼ਿਲ ''''ਤੇ ਨਹੀਂ ਪਹੁੰਚ ਸਕੇ।

ਇਸ ਦੌਰਾਨ ਭੜਕੀ ਫਿਰਕੂ ਹਿੰਸਾ ਵਿੱਚ ਪੰਜ ਤੋਂ 10 ਲੱਖ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ।

ਇਹ ਉਹ ਤਰਾਸਦੀ ਸੀ ਜੋ ਅਜੇ ਵੀ ਭਾਰਤ ਅਤੇ ਪਾਕਿਸਤਾਨ ਅਤੇ ਖ਼ਾਸ ਕਰਕੇ ਪੰਜਾਬ ਅਤੇ ਬੰਗਾਲ ਦੇ ਲੋਕਾਂ ਨੂੰ ਪੌਣੀ ਸਦੀ ਬੀਤ ਜਾਣ ਬਾਅਦ ਵੀ ਵੱਢ-ਵੱਢ ਖਾਂਦੀ ਹੈ।

ਰੈਡਕਲਿਫ਼ ਚੰਗੀ ਤਰ੍ਹਾਂ ਜਾਣਦੇ ਸਨ ਕਿ ਪੰਜਾਬੀ ਅਤੇ ਬੰਗਾਲੀ ਉਨ੍ਹਾਂ ਬਾਰੇ ਕੀ ਸੋਚਦੇ ਸਨ।

''''ਲਹੂ ਦੀ ਭਰੀ ਚਨ੍ਹਾਬ...''''

ਜਦੋਂ ਬਟਵਾਰੇ ਦਾ ਪਤਾ ਲੱਗਿਆ ਤਾਂ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਆਂ ਤੋਂ ਲੱਖਾਂ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਦੂਜੇ ਪਾਸੇ ਜਾਣਾ ਪਿਆ।

ਪੂਰੇ ਦੇ ਪੂਰੇ ਭਾਈਚਾਰੇ ਜੋ ਸਦੀਆਂ ਤੋਂ ਘਿਓ-ਖਿੱਚੜੀ ਵਾਂਗ ਰਹਿ ਰਹੇ ਸਨ, ਵਿਛੜ ਗਏ।

ਇੱਕ ਅੰਦਾਜ਼ੇ ਮੁਤਾਬਕ ਲਗਭਗ ਇੱਕ ਕਰੋੜ ਵੀਹ ਲੱਖ ਤੋਂ ਜ਼ਿਆਦਾ ਲੋਕਾਂ ਨੇ ਰੈਡਕਲਿਫ਼ ਰੇਖਾ ਪਾਰ ਕੀਤੀ। ਇਸ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਮਨੁੱਖੀ ਪਰਵਾਸ ਮੰਨਿਆ ਜਾਂਦਾ ਹੈ।

ਰੈਡਕਲਿਫ਼ ਨੇ ਦੋਵਾਂ ਦੇਸ਼ਾ ਵਿਚਕਾਰ ਇੱਕ 2,900 ਕਿੱਲੋਮੀਟਰ ਲੰਬੀ ਸਰਹੱਦ ਬਣਾ ਦਿੱਤੀ। ਸਰਹੱਦ ਜੋ ਅੱਜ ਵੀ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਅਤੇ ਖੱਟੇ ਰਿਸ਼ਤਿਆਂ ਦੀ ਜੜ੍ਹ ਬਣੀ ਹੋਈ ਹੈ।

Banner
BBC

Banner
BBC
ਕਸ਼ਮੀਰ ਦੀ ਘਾਟੀ ਵਿੱਚੋਂ ਲੰਘ ਰਿਹਾ ਦਰਿਆ
Getty Images
ਕਸ਼ਮੀj ਦੀ ਖ਼ੂਬਸੂਰਤ ਘਾਟੀ ਅਜ਼ਾਦੀ ਦੇ ਸਮੇਂ ਤੋਂ ਹੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਲੜਾਈ ਦਾ ਕਾਰਨ ਬਣਿਆ ਹੋਇਆ ਹੈ

ਮੁੱਖ ਵਿਵਾਦ ਪੂਰਬ ਵਿੱਚ ਬੰਗਾਲ ਅਤੇ ਪੱਛਮ ਵਿੱਚ ਪੰਜਾਬ ਕਾਰਨ ਸੀ। ਇਨ੍ਹਾਂ ਖੇਤਰਾਂ ਵਿੱਚ ਹਿੰਦੂ ਅਤੇ ਮੁਸਲਮਾਨਾਂ ਦੀ ਲਗਭਗ ਬਰਾਬਰ ਵਸੋਂ ਸੀ।

ਰੈਡਕਲਿਫ਼ ਨੇ ਤੈਅ ਕਰਨਾ ਸੀ ਕਿ ਇਨ੍ਹਾਂ ਨੂੰ ਕਿਵੇਂ ਵੰਡਿਆ ਜਾਵੇ। ਫ਼ੈਸਲੇ ਤੋਂ ਬਾਅਦ ਜਿਵੇਂ ਅੰਮ੍ਰਿਤਾ ਪ੍ਰੀਤਮ ਨੇ ਲਿਖਿਆ ਹੈ, ''''''''ਸਾਡੇ ਬੇਲੇ ਲਾਸ਼ਾਂ ਵਿੱਛੀਆਂ ਅਤੇ ਲਹੂ ਦੀ ਭਰੀ ਚਨ੍ਹਾਬ'''''''' ਅਤੇ ਲੱਖਾਂ ਲੋਕ ਕਾਲ ਦਾ ਗ੍ਰਾਸ ਬਣੇ।

ਤੀਜਾ ਵਿਵਾਦਿਤ ਖੇਤਰ ਸੀ ਆਪਣੀ ਬੇਤਹਾਸ਼ਾ ਕੁਦਰਤੀ ਸੁਹੱਪਣ, ਝੀਲਾਂ, ਚਾਰਾਗਾਹਾਂ ਅਤੇ ਬਰਫ਼ ਕੱਜੀਆਂ ਚੋਟੀਆਂ ਲਈ ਜਾਣਿਆਂ ਜਾਂਦਾ - ਕਸ਼ਮੀਰ।

ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਵੀ ਕਸ਼ਮੀਰ ਉੱਪਰ ਦੋਵੇਂ ਦੇਸ ਤੱਕੜੀ ਦਾਅਵੇਦਾਰੀ ਪੇਸ਼ ਕਰਦੇ ਰਹੇ ਸਨ।

ਭਾਰਤ ਦੀ ਅਜ਼ਾਦੀ ਦੇ ਐਕਟ ਵਿੱਚ ਦਿੱਤੀ ਗਈ ਵੰਡ ਦੀ ਯੋਜਨਾ ਮੁਤਾਬਕ ਕਸ਼ਮੀਰ ਆਪਣੀ ਮਰਜ਼ੀ ਨਾਲ ਭਾਰਤ ਜਾਂ ਪਾਕਿਸਤਾਨ ਵਿੱਚੋਂ ਕਿਸੇ ਨਾਲ ਵੀ ਜਾਣ ਦੀ ਖੁੱਲ੍ਹ ਸੀ।

ਕਸ਼ਮੀਰ ਦੇ ਤਤਕਾਲੀ ਸ਼ਾਸਕ ਮਹਾਰਾਜਾ ਹਰੀ ਸਿੰਘ ਨੇ ਸ਼ੁਰੂ ਵਿੱਚ ਕਿਹਾ ਕਿ ਉਹ ਦੋਵਾਂ ਵਿੱਚੋਂ ਕਿਸੇ ਨਾਲ ਵੀ ਨਹੀਂ ਜਾਣਗੇ ਅਤੇ ਆਜ਼ਾਦ ਰਹਿਣਗੇ।

ਹਾਲਾਂਕਿ ਅਕਤੂਬਰ 1947 ਵਿੱਚ ਉਨ੍ਹਾਂ ਨੇ ਭਾਰਤ ਨਾਲ ਰਲੇਵੇਂ ਦਾ ਐਲਾਨ ਕਰ ਦਿੱਤਾ।

ਹੋਇਆ ਇਹ ਸੀ ਕਿ ਆਜ਼ਾਦੀ ਤੋਂ ਬਾਅਦ ਹੀ ਪਾਕਿਸਤਾਨ ਨੇ ਕਸ਼ਮੀਰ ਉੱਪਰ ਹਮਲਾ ਕਰ ਦਿੱਤਾ। ਹਰੀ ਸਿੰਘ ਨੇ ਭਾਰਤ ਸਰਕਾਰ ਤੋਂ ਮਦਦ ਲਈ। ਭਾਰਤ ਨੇ ਮਦਦ ਕੀਤੀ ਤੇ ਬਦਲੇ ਵਿੱਚ ਹਰੀ ਸਿੰਘ ਨੇ ਭਾਰਤ ਵਿੱਚ ਰਲੇਵਾਂ ਸਵੀਕਾਰ ਕਰ ਲਿਆ।

ਭਾਰਤ ਅਤੇ ਪਾਕਿਸਤਾਨ ਵਿੱਚ ਅਜ਼ਾਦੀ ਤੋਂ ਕੁਝ ਮਹੀਨਿਆਂ ਬਾਅਦ ਹੀ ਪਹਿਲੀ ਲੜਾਈ ਸ਼ੁਰੂ ਹੋਈ। ਭਾਰਤ ਨੇ ਸਾਲਸੀ ਲਈ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ।

ਸਾਲ 1949 ਵਿੱਚ ਦੋਵਾਂ ਦੇਸਾਂ ਨੇ ਸੰਯੁਕਤ ਰਾਸ਼ਟਰ ਦੇ ਆਖੇ ਲੱਗ ਕੇ ਯੁੱਧ ਬੰਦੀ ਕਰ ਲਈ ਅਤੇ ਕਸ਼ਮੀਰ ਦੋ ਹਿੱਸਿਆਂ ਵਿੱਚ ਵੰਡ ਲਿਆ ਗਿਆ।

ਇਸ ਤੋਂ ਬਾਅਦ ਦੋਵਾਂ ਦੇਸਾਂ ਦਰਮਿਆਨ 1965, 1971 ਅਤੇ 1999 ਵਿੱਚ ਹੋਰ ਵੀ ਲੜਾਈਆਂ ਲੜੀਆਂ ਗਈਆਂ।

ਸਾਲ 1999 ਤੱਕ ਦੀ ਕਾਰਗਿਲ ਯੁੱਧ ਤੱਕ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਪ੍ਰਮਾਣੂ ਸ਼ਕਤੀਆਂ ਬਣ ਚੁੱਕੇ ਸਨ।

ਅੱਜ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਕਸ਼ਮੀਰ ਉੱਪਰ ਆਪਣਾ ਦਾਅਵਾ ਕਰਦੇ ਹਨ।

ਵੀਡੀਓ: ਭਗਤ ਸਿੰਘ ਅੱਜ ਵੀ ਪਾਕਿਸਤਾਨ ਵਿੱਚ ਇੰਝ ''''ਸਾਂਝਾ ਨਾਇਕ ਹੈ''''

ਭਾਰਤ ਦੇ ਹਿੱਸੇ ਆਏ ਕਸ਼ਮੀਰ ਨੂੰ ''''''''ਭਾਰਤ ਸ਼ਾਸਿਤ'''''''' ਅਤੇ ਪਾਕਿਸਤਾਨੀ ਕੰਟਰੋਲ ਵਾਲੇ ਕਸ਼ਮੀਰ ਨੂੰ ''''''''ਪਕਿਸਤਾਨ ਸ਼ਾਸਿਤ'''''''' ਕਸ਼ਮੀਰ ਕਿਹਾ ਜਾਂਦਾ ਹੈ।

ਲਗਭਗ ਇੱਕ ਕਰੋੜ 30 ਲੱਖ ਅਬਾਦੀ ਵਾਲਾ ਇਹ ਖੇਤਰ ਅਜੋਕੇ ਸਮੇਂ ਵਿੱਚ ਦੁਨੀਆਂ ਦਾ ਸਭ ਤੋਂ ਵਿਵਾਦਿਤ ਭੂਗੋਲਿਕ ਖੇਤਰ ਹੈ।

ਰੈਡਕਲਿਫ਼ ਦਾ ਪਹਿਲਾ ਭਾਰਤ ਦੌਰਾ

ਰੈਡਕਲਿਫ਼ ਇਸ ਮਿਸ਼ਨ ਤੋਂ ਪਹਿਲਾਂ ਕਦੇ ਭਾਰਤ ਨਹੀਂ ਆਏ ਸਨ। ਆਲੋਚਕਾਂ ਮੁਤਾਬਕ ਉਨ੍ਹਾਂ ਨੂੰ ਇਸਦੇ ਸਮਾਜਿਕ-ਧਾਰਮਿਕ ਤਾਣੇਬਾਣੇ ਦੀ ਵੀ ਕੋਈ ਜਾਣਕਾਰੀ ਨਹੀਂ ਸੀ।

ਫਿਰ ਵੀ ਉਨ੍ਹਾਂ ਨੂੰ ਇਸ ਜਟਿਲ ਭੂਗੋਲਿਕ ਖਿੱਤੇ ਦੀ ਵੰਡ ਕਰਨ ਵਾਲੇ ਕਮਿਸ਼ਨ ਦਾ ਮੁਖੀ ਥਾਪਿਆ ਗਿਆ।

ਉਹ ਆਜ਼ਾਦੀ ਲਈ ਤੈਅ ਕੀਤੀ ਗਈ ਤਰੀਕ ਤੋਂ ਕਰੀਬ ਇੱਕ ਮਹੀਨਾ ਪਹਿਲਾਂ ਸੱਤ ਜੁਲਾਈ 1947 ਨੂੰ ਭਾਰਤ ਪਹੁੰਚੇ।

ਸਾਲ 1966 ਵਿੱਚ ਬ੍ਰਿਟਿਸ਼ ਕਵੀ ਡਬਲਿਊਐਚ ਔਡਨ ਨੇ ਰੈਡਕਲਿਫ਼ ਦੀ ਸ਼ਲਾਘਾ ਵਿੱਚ ਇੱਕ ਕਵਿਤਾ ਲਿਖੀ।

ਉਨ੍ਹਾਂ ਨੇ ਕਿਹਾ ਕਿ ਰੈਡਕਲਿਫ਼ ਦੀ ਭਾਰਤ ਬਾਰੇ ਅਨਜਾਣਤਾ ਕਾਰਨ ਉਨ੍ਹਾਂ ਨੂੰ ਨਿਰਪੱਖ ਫ਼ੈਸਲਾ ਕਰਨ ਵਿੱਚ ਮਦਦ ਮਿਲੀ।

ਅਣਵੰਡੇ ਭਾਰਤ ਦਾ ਨਕਸ਼ਾ
Getty Images
ਬ੍ਰਿਟਿਸ਼ ਰਾਜ ਅਧੀਨ 1947 ਦੀ ਵੰਡ ਤੋਂ ਪਹਿਲਾਂ ਅਣਵੰਡੇ ਭਾਰਤ ਦਾ ਨਕਸ਼ਾ, ਇਸੇ ਨੂੰ ਵੰਡ ਕੇ ਕੇਂਦਰ ਵਿੱਚ ਭਾਰਤ ਪੱਛਮ ਵਿੱਚ ਪਾਕਨਸਤਾਨ ਅਤੇ ਪੂਰਬ ਵਿੱਚ ਪੂਰਬੀ ਪਾਕਿਸਤਾਨ ਬਣਾਇਆ ਗਿਆ ਸੀ

ਸਮੇਂ ਦੀ ਕਮੀ ਤੋਂ ਇਲਾਵਾ ਰੈਡਕਲਿਫ਼ ਦੀ ਮੁਸ਼ਕਲ ਵਧਾਈ ਪੁਰਾਣੇ ਨਕਸ਼ਿਆਂ ਨੇ ਅਤੇ ਦੋ ਹਿੰਦੂ ਅਤੇ ਦੋ ਮੁਸਲਮਾਨ ਸਲਾਹਕਾਰਾਂ ਨੇ ਜੋ ਕਿ ਕਿਸੇ ਵੀ ਗੱਲ ਉੱਪਰ ਕਦੇ ਸਹਿਮਤ ਨਹੀਂ ਹੁੰਦੇ ਸਨ।

ਲਾਹੌਰ ਦਾ ਭੇਤ

ਆਪਣਾ ਕੰਮ ਪੂਰਾ ਕਰਨ ਤੋਂ ਕਈ ਸਾਲਾਂ ਬਾਅਦ ਰੈਡਕਲਿਫ਼ ਨੇ ਇੱਕ ਅਹਿਮ ਇਤਿਹਾਸਕ ਭੇਤ ਤੋਂ ਪਰਦਾ ਚੁੱਕਿਆ।

ਉਨ੍ਹਾਂ ਨੇ ਕਿਹਾ ਕਿ ਮੂਲ ਯੋਜਨਾ ਵਿੱਚ ਉਨ੍ਹਾਂ ਨੇ ਲਾਹੌਰ ਭਾਰਤੀ ਪੰਜਾਬ ਨੂੰ ਦੇ ਦਿੱਤਾ ਸੀ।

ਕਿਤਾਬ ਸਕੂਪ, ਇਨਸਾਈਡ ਸਟੋਰੀਜ਼ ਫਰੌਮ ਪਾਰਟੀਸ਼ਨ ਟੂ ਪਰੈਜ਼ੇਂਟ ਨੇ ਸਾਲ 1971 ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਰੈਡਕਲਿਫ਼ ਨੇ ਕਿਹਾ, ''''''''ਫਿਰ ਮੈਂ ਮਹਿਸੂਸ ਕੀਤਾ ਕਿ ਇਸ ਤਰ੍ਹਾਂ ਤਾਂ ਪਾਕਿਸਤਾਨ ਕੋਲ ਕੋਈ ਵੱਡੇ ਸ਼ਹਿਰ ਹੀ ਨਹੀਂ ਹੋਣਗੇ। ਕਲਕੱਤਾ ਮੈਂ ਪਹਿਲਾਂ ਹੀ ਭਾਰਤ ਲਈ ਰਾਖਵਾਂ ਰੱਖ ਚੁੱਕਿਆ ਸੀ।'''''''' (ਐਕਸਕਲੂਸਿਵ ਸਟੋਰੀਜ਼ ਫਰੌਮ ਦਿ ਪਾਰਟੀਸ਼ਨ ਟੂ ਪਰੈਜ਼ੇਂਟ)

ਅੱਜ ਲਾਹੌਰ ਪਾਕਿਸਤਾਨ ਦਾ ਦੂਜਾ ਵੱਡਾ ਸ਼ਹਿਰ ਹੈ।

ਭਾਰਤ ਦੇ ਆਖਰੀ ਵਾਇਸ ਰੌਏ, ਮਾਊਂਟ ਬੈਟਨ, 1947 ਦੇ ਅਜ਼ਾਦੀ ਜਸ਼ਨਾਂ ਦੌਰਾਨ
Getty Images
ਭਾਰਤ ਦੇ ਆਖਰੀ ਵਾਇਸ ਰੌਏ, ਮਾਊਂਟ ਬੈਟਨ, 1947 ਦੇ ਆਜ਼ਾਦੀ ਜਸ਼ਨਾਂ ਦੌਰਾਨ

ਅਲਵਿਦਾ

ਰੈਡਕਲਿਫ਼ ਆਪਣਾ ਕੰਮ ਪੂਰਾ ਕਰਦਿਆਂ ਹੀ ਭਾਰਤ ਛੱਡ ਕੇ ਚਲੇ ਗਏ। ਜਾਣ ਤੋਂ ਪਹਿਲਾਂ ਉਨ੍ਹਾਂ ਨੇ ਵੰਡ ਨਾਲ ਜੁੜੇ ਆਪਣੇ ਸਾਰੇ ਨਿੱਜੀ ਦਸਤਾਵੇਜ਼ ਸਾੜ ਦਿੱਤੇ।

ਉਨ੍ਹਾਂ ਨੇ ਮੁੜ ਕਦੇ ਭਾਰਤ ਜਾਂ ਪਾਕਿਸਤਾਨ ਵਿੱਚ ਪੈਰ ਨਹੀਂ ਪਾਇਆ। ਬ੍ਰਿਟੇਨ ਨੇ ਹਾਲਾਂਕਿ ਉਨ੍ਹਾਂ ਨੂੰ ਸਰਬਉੱਚ ਨਾਗਰਿਕ ਸਨਮਾਨ ਨਾਈਟਹੁੱਡ ਨਾਲ ਨਵਾਜ਼ਿਆ।

ਉਹ ਜਾਣਦੇ ਸਨ ਕਿ ਸਥਾਨਕ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਸਨ। ਉਨ੍ਹਾਂ ਨੇ ਕਿਹਾ, ''''''''80 ਲੱਖ ਲੋਕ ਸ਼ਿਕਾਇਤਾਂ ਨਾਲ ਮੇਰੀ ਭਾਲ ਕਰ ਰਹੇ ਹਨ। ਮੈਂ ਨਹੀਂ ਚਾਹੁੰਦਾ ਕਿ ਉਹ ਮੈਨੂੰ ਲੱਭ ਲੈਣ।''''''''

ਕੁਝ ਹਵਾਲਿਆਂ ਮੁਤਾਬਕ ਉਨ੍ਹਾਂ ਨੇ ਆਪਣੇ ਕੰਮ ਬਦਲੇ ਬ੍ਰਿਟਿਸ਼ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ 3000 ਪਾਊਂਡ ਦਾ ਮਿਹਨਤਾਨਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਜੋ ਕਿ ਅਜੋਕੇ ਸਮੇਂ ਵਿੱਚ ਲਗਭਗ 36,00 ਅਮਰੀਕੀ ਡਾਲਰ ਬਣਦੇ ਹਨ।

ਕੁਲਦੀਪ ਨਈਅਰ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੂੰ ਪੁੱਛਿਆ ਗਿਆ ਕੀ ਉਹ ਆਪਣੀ ਖਿੱਚੀ ਸਰਹੱਦ ਤੋਂ ਸੰਤੁਸ਼ਟ ਸਨ।

ਉਨ੍ਹਾਂ ਕਿਹਾ ਸੀ, “ਮੇਰੇ ਕੋਲ ਹੋਰ ਕੋਈ ਰਾਹ ਨਹੀਂ ਸੀ। ਉਨ੍ਹਾਂ ਨੇ ਮੈਨੂੰ ਬਹੁਤ ਥੋੜ੍ਹਾ ਸਮਾਂ ਦਿੱਤਾ ਕਿ ਬਿਹਤਰ ਕੰਮ ਕਰ ਸਕਣਾ ਸੰਭਵ ਹੀ ਨਹੀਂ ਸੀ।''''''''

ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਮੰਨਿਆ,''''''''ਜੇ ਦੋ ਤਿੰਨ ਸਾਲ ਦਾ ਸਮਾਂ ਮਿਲਦਾ ਤਾਂ ਸ਼ਾਇਦ ਮੈਂ ਕੁਝ ਸੁਧਾਰ ਕਰ ਪਾਉਂਦਾ।''''''''

ਪੌਣੀ ਸਦੀ ਬਾਅਦ ਵੀ ਸਿਰਲ ਰੈਡਕਲਿਫ਼ ਦੀ ਕਲਮ ਨਾਲ ਖਿੱਚੀ ਲਾਈਨ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਅਤੇ ਬੇਚੈਨੀ ਦਾ ਕਾਰਨ ਬਣੀ ਹੋਈ ਹੈ।

Banner
BBC
Banner
BBC

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News