ਮਨਦੀਪ ਕੌਰ ਦੇ ਰੋਂਦੇ-ਵਿਲਖਦੇ ਪਿਤਾ ਕਹਿੰਦੇ, ‘ਜੇ ਮੇਰੀ ਧੀ ਪੁੱਤ ਜੰਮਦੀ ਤਾਂ ਅੱਜ ਜ਼ਿੰਦਾ ਹੁੰਦੀ’ - ਗਰਾਊਂਡ ਰਿਪੋਰਟ

08/08/2022 8:30:34 PM

"ਬੇਟਾ ਪੈਦਾ ਹੋ ਜਾਂਦਾ ਤਾਂ ਸ਼ਾਇਦ ਮੇਰੀ ਧੀ ਜ਼ਿੰਦਾ ਹੁੰਦੀ। ਮਨਦੀਰ ਦਾ ਪਤੀ ਅਤੇ ਉਸ ਦੀ ਸੱਸ ਮੇਰੀ ਧੀ ਦੀਆਂ ਦੋ ਬੇਟੀਆਂ ਹੋਣ ''''ਤੇ ਅਕਸਰ ਤੰਗ ਕਰਦੇ ਸਨ। ਭਾਰਤ ਵਿੱਚ ਉਸ ਨੂੰ ਮਾਰਨਾ ਸੌਖਾ ਨਹੀਂ ਸੀ। ਇੱਥੇ ਅਸੀਂ ਸਾਰੇ ਸੀ। ਅਮਰੀਕਾ ਵਿੱਚ ਅਸੀਂ ਆਪਣੀ ਧੀ ਦੀ ਕਿਵੇਂ ਮਦਦ ਕਰਦੇ।"

"ਉਨ੍ਹਾਂ ਨੇ ਮੇਰੀ ਮਨਦੀਪ ਨੂੰ ਇਸ ਹੱਦ ਤੱਕ ਮਾਨਸਿਕ ਅਤੇ ਸਰੀਰਕ ਤਸੀਹੇ ਦਿੱਤੇ ਕਿ ਉਹ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਈ। ਮੈਂ ਚਾਹੁੰਦਾ ਹਾਂ ਕਿ ਸਰਕਾਰ ਉਸ ਦੇ ਪਤੀ ਰਣਜੋਤਵੀਰ ਸਿੰਘ ਨੂੰ ਅਜਿਹੀ ਸਖ਼ਤ ਸਜ਼ਾ ਦੇਵੇ ਕਿ ਕੋਈ ਬੇਟੀ ਇਸ ਤਰ੍ਹਾਂ ਮਰਨ ਲਈ ਮਜਬੂਰ ਨਾ ਹੋਵੇ।"

ਮ੍ਰਿਤਕਾ ਮਨਦੀਪ ਕੌਰ ਦੇ ਪਿਤਾ ਜਸਪਾਲ ਸਿੰਘ ਹਰ ਆਉਣ-ਜਾਣ ਵਾਲੇ ਨੂੰ ਰੋ-ਰੋ ਕੇ ਇਹੀ ਗੱਲ ਕਹਿ ਰਹੇ ਹਨ।

ਉਹ ਵਾਰ-ਵਾਰ ਕਦੇ ਮਨਦੀਪ ਦੇ ਵਿਆਹ ਦੀ ਐਲਬਮ ਦੇਖਦੇ ਹਨ ਤਾਂ ਕਦੇ ਕੰਧ ਨਾਲ ਲੱਗ ਕੇ ਰੋਣ ਲਗਦੇ ਹਨ।

ਉੱਥੇ ਹੀ ਮਨਦੀਪ ਕੌਰ ਦੀ ਮਾਂ ਦਾ ਇੰਨਾ ਬੁਰਾ ਹਾਲ ਹੈ ਕਿ ਧੀ ਦੀ ਮੌਤ ਤੋਂ ਬਾਅਦ ਉਹ ਕਿਸੇ ਨਾਲ ਗੱਲ ਕਰਨ ਦੇ ਹਾਲਾਤ ਵਿੱਚ ਨਹੀਂ ਹਨ।

ਦੱਸਿਆ ਜਾ ਰਿਹਾ ਹੈ ਅਮਰੀਕਾ ਦੇ ਨਿਊਯਾਰਕ ਵਿੱਚ ਭਾਰਤੀ ਮੂਲ ਦੀ ਮਨਦੀਪ ਕੌਰ ਦੀ ਮੌਤ 4 ਅਗਸਤ ਨੂੰ ਹੋਈ। ਉਨ੍ਹਾਂ ਦੀ ਮੌਤ ਦਾ ਕਾਰਨ ਘਰੇਲੂ ਹਿੰਸਾ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰਨਾ ਦੱਸਿਆ ਜਾ ਰਿਹਾ ਹੈ।

ਨਿਊਯਾਰਕ ਤੋਂ ਬੀਬੀਸੀ ਸਹਿਯੋਗੀ ਸਲੀਮ ਰਿਜ਼ਵੀ ਮੁਤਾਬਕ ਅਮਰੀਕਾ ਦੀ ਸਥਾਨਕ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਤਲ ਦਾ ਕੇਸ ਮੰਨ ਕੇ ਕਰ ਰਹੀ ਹੈ।

ਜਦਕਿ ਭਾਰਤ ਵਿੱਚ ਉੱਤਰ ਪ੍ਰਦੇਸ਼ ਦੇ ਬਿਜਨੌਰ ਵਿੱਚ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਕਰ ਲਿਆ ਗਿਆ ਹੈ।

ਬਿਜਨੌਰ ਦੀ ਨਜੀਬਾਬਾਦ ਥਾਣਾ ਕੋਤਵਾਲੀ ਵਿੱਚ ਮਨਦੀਪ ਕੌਰ ਦੇ ਪਿਤਾ ਜਸਪਾਲ ਸਿੰਘ ਦੀ ਤਹਰੀਰ ''''ਤੇ ਸਹੁਰੇ ਪਰਿਵਾਰ ਖ਼ਿਲਾਫ਼ ਰਿਪੋਰਟ ਦਰਜ ਕਰ ਲਈ ਗਈ ਹੈ।

ਕੋਤਵਾਲੀ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਰ ਨੇ ਦੱਸਿਆ, "ਇਸ ਮਾਮਲੇ ਵਿੱਚ ਮਨਦੀਪ ਦੇ ਪਿਤਾ ਦੀ ਤਹਿਰੀਰ ''''ਤੇ ਮੁਲਜ਼ਮ ਮੁਖ਼ਤਿਆਰ ਸਿੰਘ, ਮ੍ਰਿਤਕਾ ਦੀ ਸੱਸ ਕੁਲਦੀਪ ਰਾਜ ਕੌਰ ਅਤੇ ਦਿਉਰ ਜਸਵੀਰ ਸਿੰਘ ਖ਼ਿਲਾਫ਼ ਕਈ ਧਾਰਾਵਾਂ ਤਹਿਤ ਰਿਪੋਰਟ ਦਰਜ ਕੀਤੀ ਹੈ।"

ਇਹ ਪੁੱਛਣ ''''ਤੇ ਕਿ ਮ੍ਰਿਤਕਾ ਦੇ ਪਤੀ ਖ਼ਿਲਾਫ਼ ਰਿਪੋਰਟ ਦਰਜ ਕਿਉਂ ਨਹੀਂ ਕੀਤੀ ਗਈ ਹੈ, ਇਸ ''''ਤੇ ਉਹ ਦੱਸਦੇ ਹਨ, "ਦੇਖੋ, ਅਪਰਾਧ ਅਮਰੀਕਾ ਵਿੱਚ ਦਰਜ ਹੋਇਆ ਹੈ। ਪਤੀ ਵੀ ਉੱਥੇ ਹੈ, ਅਮਰੀਕਾ ਪੁਲਿਸ ਨੇ ਉਸ ਦੇ ਖ਼ਿਲਾਫ਼ ਰਿਪੋਰਟ ਦਰਜ ਕਰ ਲਈ ਹੈ।"

"ਅਜਿਹੇ ਵਿੱਚ ਸਹੁਰੇ ਪਰਿਵਾਰ ਦੇ ਇੱਥੇ ਰਹਿਣ ਵਾਲੇ ਜਿਨ੍ਹਾਂ ਲੋਕਾਂ ''''ਤੇ ਅੱਤਿਆਚਾਰ ਦਾ ਇਲਜ਼ਾਮ ਸੀ, ਉਨ੍ਹਾਂ ਸਾਰਿਆਂ ਖ਼ਿਲਾਫ਼ ਰਿਪੋਰਟ ਦਰਜ ਕਰ ਲਈ ਹੈ।"

ਉੱਥੇ ਹੀ ਮਨਦੀਪ ਦੇ ਭਰਾ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਜੇਕਰ ਰਣਜੋਤਵੀਰ ਭਾਰਤ ਆਉਂਦਾ ਹੈ ਤਾਂ ਉਹ ਉਸ ਦੇ ਖ਼ਿਲਾਫ਼ ਵੀ ਰਿਪੋਰਟ ਦਰਜ ਕਰਨਗੇ।

ਵੈਸੇ ਜਿਨ੍ਹਾਂ ਲੋਕਾਂ ''''ਤੇ ਇਲਜ਼ਾਮ ਲਗਾਇਆ ਹੈ, ਉਹ ਸਾਰੇ ਫਿਲਹਾਲ ਫਰਾਰ ਹਨ। ਮਨਦੀਪ ਕੌਰ ਦੇ ਸਹੁਰੇ ਜਿੰਦਾ ਲੱਗਿਆ ਹੈ ਅਤੇ ਉਨ੍ਹਾਂ ਦੇ ਫੋਨ ਬੰਦ ਹਨ।

ਉੱਥੇ ਦੂਜੇ ਪਾਸੇ ਅਮਰੀਕਾ ਤੋਂ ਇੱਕ ਡਿਜੀਟਲ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਮਨਦੀਪ ਦੇ ਪਤੀ ਨੇ ਦੱਸਿਆ ਕਿ ਸੋਸ਼ਲ ਮੀਡੀਆ ''''ਤੇ ਵਾਇਰਲ ਹੋ ਰਿਹਾ ਵੀਡੀਓ ਪੰਜ ਸਾਲ ਪੁਰਾਣਾ ਹੈ ਅਤੇ ਉਨ੍ਹਾਂ ਦਾ ਵਿਆਹੁਤਾ ਜੀਵਨ ਕਾਫੀ ਚੰਗਾ ਸੀ।

ਕੀ ਹੈ ਵਾਇਰਲ ਵੀਡੀਓ ਦਾ ਮਾਮਲਾ

''''ਦਿ ਕੌਰ ਮੂਵਮੈਂਟ'''' ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਜਾਣਕਾਰੀ ਮੁਤਾਬਤ ਮਨਦੀਪ ਕੌਰ ਨਿਊਯਾਰਕ ਵਿੱਚ ਕਵੀਨਸ ਇਲਾਕੇ ਵਿੱਚ ਆਪਣੇ ਪਤੀ ਅਤੇ ਦੋ ਨਾਬਾਲਗ਼ ਧੀਆਂ ਨਾਲ ਰਹਿੰਦੀ ਸੀ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨਦੀਪ ਕੌਰ ਪਿਛਲੇ ਅੱਠ ਸਾਲ ਤੋਂ ਘਰੇਲੂ ਹਿੰਸਾ ਦੀ ਸ਼ਿਕਾਰ ਸੀ ਅਤੇ ਉਨ੍ਹਾਂ ਦੇ ਪਤੀ ਕਥਿਤ ਤੌਰ ''''ਤੇ ਉਸ ਨਾਲ ਕੁੱਟਮਾਰ ਕਰਦੇ ਸਨ।

ਮਨਦੀਪ ਕੌਰ ਦੇ ਸਹੁਰਿਆਂ ਦਾ ਘਰ
BBC
ਮਨਦੀਪ ਕੌਰ ਦੇ ਸਹੁਰਿਆਂ ਦਾ ਘਰ ਜਿੱਥੇ ਜਿੰਦਾ ਲੱਗਾ ਹੋਇਆ ਹੈ

ਇਸ ਦੇ ਨਾਲ ਹੀ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਕਸਟਡੀ ਦੇਣ ਦੀ ਗੱਲ ਲਈ ਸੋਸ਼ਲ ਮੀਡੀਆ ਉੱਪਰ ਹੋ ਰਹੀ ਹੈ।

ਕੁੱਟਮਾਰ ਦੀ ਵਾਇਰਲ ਵੀਡੀਓ ਵਿੱਚ ਉਨ੍ਹਾਂ ਦੇ ਪਤੀ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਧੀਆਂ ਨਹੀਂ ਪੁੱਤਰ ਚਾਹੀਦਾ ਹੈ।

ਦਰਅਸਲ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਵੀਡੀਓ ਸ਼ੇਅਰ ਕੀਤੀ ਗਈ ਸੀ, ਜਿਸ ਵਿੱਚ ਮਨਦੀਪ ਦਾ ਪਤੀ ਉਨ੍ਹਾਂ ਦੀ ਕੁੱਟਮਾਰ ਕਰਦਾ ਨਜ਼ਰ ਆਉਂਦਾ ਹੈ।

ਸੋਸ਼ਲ ਮੀਡੀਆ ਉੱਪਰ ਮਨਦੀਪ ਦੀ ਇੱਕ ਹੋਰ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਉਹ ਆਪਣੇ ਨਾਲ ਹੁੰਦੀ ਕਥਿਤ ਘਰੇਲੂ ਹਿੰਸਾ ਦਾ ਜ਼ਿਕਰ ਕਰਦੇ ਹਨ।

ਮਨਦੀਪ ਕੌਰ ਦੀ ਵਾਇਰਲ ਵੀਡੀਓ ਵਿੱਚ ਉਨ੍ਹਾਂ ਨੂੰ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਉਹ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਤੀ ਦੇ ਪਰਿਵਾਰ ਉੱਪਰ ਵੀ ਕਈ ਗੰਭੀਰ ਇਲਜ਼ਾਮ ਲਗਾਏ।

ਮਨਦੀਪ ਕੌਰ ਦੇ ਪਤੀ ਨੇ ਆਖਿਆ, "ਸੋਸ਼ਲ ਮੀਡੀਆ ਉੱਪਰ ਵਾਇਰਲ ਵੀਡਿਓ ਪੰਜ ਸਾਲ ਪੁਰਾਣੀ ਹੈ ਅਤੇ ਉਸ ਨੂੰ ਪਿਛਲੇ ਹਫ਼ਤੇ ਹੋਈ ਮੌਤ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।"

ਮਨਦੀਪ ਦਾ ਪਤੀ ਆਪਣੇ ਖ਼ਿਲਾਫ਼ ਲਾਏ ਜਾ ਰਹੇ ਸਾਰੇ ਇਲਜ਼ਾਮਾਂ ਨੂੰ ਵੀ ਰੱਦ ਕਰ ਰਿਹਾ ਹੈ।

ਕੀ ਕਹਿਣਾ ਹੈ ਪਰਿਵਾਰ ਦਾ

ਮਨਦੀਪ ਕੌਰ ਦੇ ਪਿਤਾ ਜਸਪਾਲ ਸਿੰਘ ਦਾਅਵਾ ਕਰਦੇ ਹਨ, "ਵਿਆਹ ਦੇ ਕੁਝ ਸਾਲ ਬਾਅਦ ਹੀ ਮੇਰੀ ਧੀ ''''ਤੇ ਜ਼ੁਲਮ ਹੋਣਾ ਸ਼ੁਰੂ ਹੋ ਗਿਆ ਸੀ। ਉਹ ਕਰੀਬ ਢਾਈ ਸਾਲ ਇੱਥੇ ਭਾਰਤ ਵਿੱਚ ਰਹੀ ਪਰ ਇੱਥੇ ਉਸ ਦੇ ਪਤੀ, ਸੱਸ ਅਤੇ ਸਹੁਰੇ ਤੋਂ ਇਲਾਵਾ ਸਹੁਰੇ ਪਰਿਵਾਰ ਦੇ ਕੁਝ ਹੋਰ ਲੋਕ ਉਸ ਨੂੰ ਤੰਗ-ਪਰੇਸ਼ਾਨ ਕਰਦੇ ਰਹੇ।"

"ਬਾਅਦ ਵਿੱਚ ਉਸ ਦਾ ਪਤੀ ਉਸ ਨੂੰ ਟੂਰਿਸਟ ਵੀਜ਼ੇ ''''ਤੇ ਅਮਰੀਕਾ ਲੈ ਗਿਆ ਅਤੇ ਉੱਥੇ ਜਾ ਕੇ ਉਸ ''''ਤੇ ਹੋਰ ਜ਼ੁਲਮ ਵੱਧ ਗਏ।"

ਉਨ੍ਹਾਂ ਨੇ ਇਹ ਵੀ ਦੱਸਿਆ, "ਅਮਰੀਕਾ ਜਾਣ ਤੋਂ ਬਾਅਦ ਉਨ੍ਹਾਂ ਦੀ ਧੀ ''''ਤੇ ਅੱਤਿਆਚਾਰ ਕੀਤੇ ਗਏ, ਉਸ ਦੀ ਵੀਡੀਓ ਬਣਾਈਆਂ ਅਤੇ ਘਰਵਾਲਿਆਂ ਨੂੰ ਦਿਖਾਉਣ ਲਈ ਮਨਦੀਪ ਦੇ ਪਤੀ ਰਣਜੋਤਲਵੀਰ ਸਿੰਘ ਨੇ ਵੀਡੀਓ ਭੇਜੀਆਂ।"

ਕੁਲਦੀਪ ਕੌਰ
BBC
ਮਨਦੀਪ ਕੌਰ ਦੀ ਛੋਟੀ ਭੈਣ ਕੁਲਦੀਪ ਨੇ ਬੀਏ ਕੀਤੀ ਹੋਈ ਹੈ

"ਉਹ ਮਨਦੀਪ ਰਾਹੀਂ ਦਾਜ ਮੰਗਦਾ ਸੀ, ਇਸ ਦੇ ਨਾਲ ਹੀ ਮਨਦੀਪ ਨੂੰ ਧੀਆਂ ਹੋਣ ''''ਤੇ ਤੇ ਪੁੱਤਰ ਨਾ ਹੋਣ ''''ਤੇ ਤੰਗ ਕਰਦਾ ਸੀ। ਰਣਜੋਤਵੀਰ ਨੂੰ ਉਸ ਦੀ ਮਾਂ, ਮੇਰੀ ਬੇਟੀ ਖ਼ਿਲਾਫ਼ ਕੰਨ ਭਰਦੀ ਸੀ, ਮੇਰੀ ਧੀ ਦੇ ਬੇਟਾ ਪੈਦਾ ਹੋ ਜਾਂਦਾ ਤਾਂ ਸ਼ਾਇਦ ਉਸ ਦੀ ਜਾਨ ਬਚ ਸਕਦੀ ਸੀ।"

‘ਵਿਆਹ ਤੋਂ ਬਾਅਦ ਤੋਂ ਹੀ ਜ਼ੁਲਮ ਕਰ ਦਿੱਤਾ ਸੀ ਸ਼ੁਰੂ’

ਮਨਦੀਪ ਕੌਰ ਬਿਜਨੌਰ ਦੀ ਨਜੀਬਾਬਾਦ ਤਹਿਸੀਲ ਦੇ ਅਧੀਨ ਪੈਂਦੇ ਪਿੰਡ ਮੁਹੰਮਦ ਤਾਹਰਪੁਰ ਦੀ ਰਹਿਣ ਵਾਲੀ ਹੈ। ਉਨ੍ਹਾਂ ਦੇ ਪਿਤਾ ਜਸਪਾਲ ਸਿੰਘ ਇੱਕ ਕਿਸਾਨ ਹਨ। ਜਸਪਾਲ ਸਿੰਘ ਦੇ ਤਿੰਨ ਬੱਚਿਆਂ ਵਿੱਚ ਸਭ ਵੱਡੇ ਸੰਦੀਪ ਹਨ ਜੋ ਵਿਆਹੇ ਹੋਏ ਹਨ।

ਉਨ੍ਹਾਂ ਤੋਂ ਛੋਟੀ 30 ਸਾਲ ਦੀ ਮਨਦੀਪ ਕੌਰ ਸੀ ਜਦ ਕਿ ਸਭ ਤੋਂ ਛੋਟੀ ਧੀ ਕੁਲਦੀਪ ਕੌਰ ਹੈ। ਕੁਲਦੀਪ ਕੌਰ ਬੀਏ ਤੱਕ ਪੜ੍ਹੀ ਹੈ ਅਤੇ ਅਜੇ ਕੁਆਰੀ ਹੈ।

ਕੁਲਦੀਪ ਆਪਣੀ ਭੈਣ ਨੂੰ ਯਾਦ ਕਰਦੇ ਹੋਏ ਕਹਿੰਦੀ ਹੈ, "ਮੇਰੀ ਭੈਣ ਦਾ ਵਿਆਹ ਸਾਡੇ ਤੋਂ ਚਾਰ ਕਿਲੋਮੀਟਰ ਦੂਰ ਪਿੰਡ ਬੜੀਆ ਦੇ ਰਹਿਣ ਵਾਲੇ ਰਣਜੋਤਵੀਰ ਸਿੰਘ ਨਾਲ ਹੋਇਆ ਸੀ।"

"ਉਨ੍ਹਾਂ ਦੇ ਪਿਤਾ ਦਾ ਨਾਮ ਮੁਖ਼ਤਿਆਰ ਸਿੰਘ ਹੈ। ਰਣਜੋਤਵੀਰ ਸਿੰਘ ਇਸ ਤੋਂ ਪਹਿਲਾਂ ਵੀ ਵਿਦੇਸ਼ ਰਹੇ ਹਨ, ਸਾਨੂੰ ਲੱਗਾ ਰਿਸ਼ਤਾ ਚੰਗਾ ਹੈ ਤਾਂ ਅਸੀਂ ਆਪਣੀ ਭੈਣ ਦਾ ਵਿਆਹ ਇੱਕ ਫਰਵਰੀ 2015 ਵਿੱਚ ਉਨ੍ਹਾਂ ਨਾਲ ਕਰ ਦਿੱਤਾ।"

"ਪਰ ਸਾਡੀ ਭੈਣ ਨੇ ਵਿਆਹ ਦੇ ਕੁਝ ਸਮੇਂ ਬਾਅਦ ਹੀ ਸਾਨੂੰ ਆਪਣੇ ਨਾਲ ਹੋ ਰਹੇ ਅੱਤਿਆਚਾਰ ਅਤੇ ਕੁੱਟਮਾਰ ਦੀ ਸ਼ਿਕਾਇਤ ਕੀਤੀ।"

ਕੁਲਦੀਪ ਨੇ ਇਹ ਵੀ ਦੱਸਿਆ, "ਸਾਨੂੰ ਲੱਗਾ ਪਤੀ-ਪਤਨੀ ਵਿੱਚ ਅਕਸਰ ਅਜਿਹਾ ਹੋ ਜਾਂਦਾ ਹੈ ਪਰ ਉਨ੍ਹਾਂ ਦੇ ਅੱਤਿਆਚਾਰ ਵੱਧਦੇ ਗਏ।"

"ਤਿੰਨ ਨਵੰਬਰ 2016 ਨੂੰ ਮਨਦੀਪ ਨੇ ਧੀ ਨੂੰ ਜਨਮ ਦਿੱਤਾ ਤਾਂ ਉਸ ਤੋਂ ਬਾਅਦ ਉਨ੍ਹਾਂ ਦੇ ਅੱਤਿਆਚਾਰ ਉਸ ''''ਤੇ ਹੋਰ ਵਧ ਗਏ।"

ਮਨਦੀਪ ਕੌ ਰ ਦੇ ਪਿਤਾ
BBC
ਮਨਦੀਪ ਕੌਰ ਦੇ ਪਿਤਾ ਰੋ-ਰੋ ਆਪਣੇ ਧੀ ਨੂੰ ਯਾਦ ਕਰਦੇ ਹਨ

ਮਨਦੀਪ ਦੇ ਘਰਵਾਲੇ ਲਗਾਤਾਰ ਇਸ ਗੱਲ ਦਾ ਦਾਅਵਾ ਕਰ ਰਹੇ ਹਨ ਮਨਦੀਪ ਦੀ ਧੀ ਪੈਦਾ ਹੋਣ ਤੋਂ ਬਾਅਦ ਉਸ ''''ਤੇ ਅੱਤਿਆਚਾਰ ਵਧ ਗਿਆ।

ਮਨਦੀਪ ਦੇ ਵੱਡੇ ਭਰਾ ਸੰਦੀਪ ਸਿੰਘ ਕਹਿੰਦੇ ਹਨ, "ਫਰਵਰੀ 2017 ਵਿੱਚ ਰਣਜੋਤਵੀਰ ਸਿੰਘ ਅਮਰੀਕਾ ਚਲਾ ਗਿਆ ਸੀ। ਕੁਝ ਸਮੇਂ ਬਾਅਦ ਉਸ ਨੇ ਮੇਰੀ ਭੈਣ ਮਨਦੀਪ ਨੂੰ ਵੀ ਸੱਦ ਲਿਆ। ਜਿੱਥੇ 7 ਅਗਸਤ 2018 ਨੂੰ ਇੱਕ ਹੋਰ ਧੀ ਨੇ ਜਨਮ ਲਿਆ। ਸਾਨੂੰ ਲੱਗਾ ਹੁਣ ਸ਼ਾਇਦ ਸਭ ਠੀਕ ਹੋ ਜਾਵੇਗਾ।"

"ਇੱਥੇ ਮਾਂ ਵੀ ਉਨ੍ਹਾਂ ਦੇ ਕੰਨ ਭਰਦੀ ਸੀ, ਪਰ ਅਜਿਹਾ ਨਹੀਂ ਹੋਇਆ। ਰਣਜੋਤਵੀਰ ਦੇ ਅੱਤਿਆਚਾਰ ਵਧਦੇ ਗਏ। ਉਹ ਤਰ੍ਹਾਂ-ਤਰ੍ਹਾਂ ਨਾਲ ਮਨਦੀਪ ਨੂੰ ਤਸੀਹੇ ਦੇ ਰਿਹਾ ਸੀ। ਉਸ ਨੂੰ ਇੱਕ ਲੋਡਰ (ਟਰੱਕ) ਵਿੱਚ ਬੰਧਕ ਬਣਾ ਕੇ ਰੱਖਿਆ ਗਿਆ।"

"ਖਾਣਾ ਤੱਕ ਨਹੀਂ ਦਿੱਤਾ ਗਿਆ। ਇਸ ਪੂਰੇ ਮਾਮਲੇ ਵਿੱਚ ਵੀਡੀਓ ਕਿਸੇ ਤਰ੍ਹਾਂ ਮੇਰੀ ਭੈਣ ਨੇ ਬੱਚਿਆਂ ਦੇ ਟੈਬ ਤੋਂ ਆਪਣੀਆਂ ਕੁਝ ਸਹੇਲੀਆਂ ਨੂੰ ਭੇਜੀ (ਕਿਉਂਕਿ ਪਹਿਲਾ ਛੇਤੀ ਉਨ੍ਹਾਂ ਦਾ ਨੰਬਰ ਹੀ ਨਿਕਲਿਆ ਸੀ), ਜਿਨ੍ਹਾਂ ਰਾਹੀਂ ਸਾਨੂੰ ਇਹ ਵੀਡੀਓ ਮਿਲੀ।"

ਪਰਿਵਾਰ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ''''ਤੇ ਉਨ੍ਹਾਂ ਨੇ ਦੱਸਿਆ, "ਅਸੀਂ ਆਪਣੇ ਅਮਰੀਕਾ ਵਿੱਚ ਰਹਿਣ ਵਾਲੇ ਇੱਕ ਰਿਸ਼ਤੇਦਾਰ ਨਾਲ ਇਸ ਬਾਰੇ ਅਮਰੀਕਾ ਦੀ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ।"

''''ਹਾਲਾਂਕਿ, ਬਾਅਦ ਵਿੱਚ ਰਣਜੋਤਵੀਰ ਨੇ ਮੇਰੀ ਭੈਣ ਨੂੰ ਪਿਆਰ ਨਾਲ ਉਸ ਨਾਲ ਰਹਿਣ ਦਾ ਵਾਅਦਾ ਕੀਤਾ ਸੀ, ਪਰ ਮੇਰੀ ਭੈਣ ਉਸ ਦੇ ਧੋਖੇ ਨੂੰ ਸਮਝ ਨਹੀਂ ਸਕੀ।"


-


ਘਰਵਾਲਿਆਂ ਮੁਤਾਬਕ, ਮਨਦੀਪ ਕੌਰ ਲਗਾਤਾਰ ਕਿਸੇ ਨਾ ਕਿਸੇ ਮਾਧਿਆਮ ਰਾਹੀਂ ਆਪਣੇ ਉੱਤੇ ਹੋ ਰਹੇ ਅੱਤਿਆਚਾਕਾਂ ਦੀ ਵੀਡੀਓ ਆਪਣੇ ਘਰਵਾਲਿਆਂ ਨੂੰ ਭੇਜ ਰਹੀ ਸੀ।

ਉਨ੍ਹਾਂ ਨਾਲ ਆਪਣੀਆਂ ਤਕਲੀਫ਼ਾਂ ਬਿਆਨ ਕਰ ਰਹੀ ਸੀ, ਪਰ ਉਨ੍ਹਾਂ ਵਿਚਾਲੇ ਸ਼ਾਇਦ ਫ਼ਾਸਲਿਆਂ ਕਾਰਨ ਉਹ ਇਸ ਤਕਲੀਫ਼ ਨੂੰ ਦੂਰ ਨਹੀਂ ਕਰਨ ਵਿੱਚ ਅਸਮਰੱਥ ਸਨ।

ਭੈਣ ਕੁਲਦੀਪ ਕੌਰ ਰੋਂਦਿਆਂ ਹੋਇਆ ਕਿਹਾ, "ਮੇਰੀ ਭੈਣ ਦੇ ਵੀਡੀਓ ਦੇਖ ਕੇ ਮੈਂ ਹੁਣ ਵੀ ਰੋ ਰਹੀ ਹਾਂ।"

"ਉਹ ਮੈਨੂੰ ਰੋ-ਰੋ ਕੇ ਆਪਣੀ ਪਰੇਸ਼ਾਨੀ ਦੱਸਦੀ ਸੀ, ਮੈਂ ਜਾਂ ਘਰਵਾਲੇ ਉਸ ਨੂੰ ਕਿਵੇਂ, ਕਿਸ ਤਰ੍ਹਾਂ ਬਚਾਉਣ ਪਹੁੰਚਦੇ। ਸਾਡੇ ਕਈ ਰਿਸ਼ਤੇਦਾਰਾਂ ਨੇ ਉੱਥੇ ਉਸ ਦੀ ਮਦਦ ਕੀਤੀ ਪਰ ਰਣਜੋਤਵੀਰ ਕਾਰਨ ਮੇਰੀ ਭੈਣ ਦੀ ਜਾਨ ਚਲੀ ਗਈ।"

ਮਨਦੀਪ ਦੇ ਰਿਸ਼ਤੇ ਵਿੱਚ ਲਗਦੇ ਜੀਜਾ ਜੀ ਨੇ ਬੀਬੀਸੀ ਨੂੰ ਕਿਹਾ, "ਰਣਜੋਤਵੀਰ ਇੱਕ ਬਿਆਨ ਵਿੱਚ ਦਾਅਵਾ ਕਰ ਰਿਹਾ ਹੈ ਕਿ ਮਨਦੀਪ ਮਾਨਸਿਕ ਤੌਰ ''''ਤੇ ਬਿਮਾਰ ਸੀ, ਪਰ ਇੱਕ ਵਿਅਕਤੀ ਇੰਨਾ ਝੂਠ ਕਿਵੇਂ ਬੋਲ ਸਕਦਾ ਹੈ, ਮਨਦੀਪ ਬਿਲਕੁਲ ਸਿਹਤਮੰਦ ਸੀ।"

ਉਹ ਅੱਗੇ ਕਹਿੰਦੇ ਹਨ, "ਮਨਦੀਪ ਨੇ ਮਰਨ ਤੋਂ ਪਹਿਲਾਂ ਕੁਝ ਵੀਡੀਓ ਮੈਨੂੰ ਭੇਜੇ ਸਨ। ਉਹ ਵਿਲਖ ਰਹੀ ਸੀ। ਇਸ ਵੀਡੀਓ ਦੇ ਮਿਲਣ ਤੋਂ ਬਾਅਦ ਅਸੀਂ ਮਨਦੀਪ ਨੂੰ ਵੱਖ-ਵੱਖ ਨੰਬਰਾਂ ਤੋਂ ਕਾਲ ਕੀਤੀ, ਪਰ ਫਿਰ ਉਸ ਦਾ ਫੋਨ ਰਿਸੀਵ ਨਹੀਂ ਹੋਇਆ।"

"ਬਾਅਦ ਵਿੱਚ ਸਾਡੇ ਇੱਕ ਰਿਸ਼ਤੇਦਾਰ ਦੀ ਕਾਲ ਆਈ ਕਿ ਮਨਦੀਪ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੀ।"


ਵੀਡੀਓ-''''ਮੇਰਾ ਪਤੀ ਮੈਨੂੰ ਦਬੋਚ ਲੈਂਦਾ, ਮੇਰੇ ਸਾਹ ਘੁੱਟਣ ਲੱਗਦੇ''''

ਮਨਦੀਪ ਦੀ ਭੈਣ ਕੁਲਦੀਪ ਕੌਰ ਇਹ ਵੀ ਦੱਸਦੀ ਹੈ ਕਿ ਉਨ੍ਹਾਂ ਦੀ ਭੈਣ ਬਹੁਤ ਸਬਰ ਕਰਨ ਵਾਲੀ ਸੀ, ਪਰ ਅੱਤਿਆਚਾਰ ਨੇ ਉਸ ਨੂੰ ਤੋੜ ਦਿੱਤਾ।

ਉਹ ਕਹਿੰਦੀ ਹੈ, "ਮਨਦੀਪ ਆਪਣੀਆਂ ਦੋਵਾਂ ਧੀਆਂ ਨਾਲ ਬਹੁਤ ਪਿਆਰ ਕਰਦੀ ਸੀ। ਉਹ ਅਕਸਰ ਕਹਿੰਦੀ ਹੁੰਦੀ ਸੀ ਕਿ ਉਹ ਧੀਆਂ ਖ਼ਾਤਿਰ ਜੀਅ ਰਹੀ ਹੈ ਪਰ ਜ਼ੁਲਮ ਇੰਨਾ ਵਧਿਆ ਕਿ ਉਸ ਦੀ ਮੁਹੱਬਤ ਹਾਰ ਗਈ।"

ਕੁਲਦੀਪ ਇਹ ਵੀ ਕਹਿੰਦੀ ਹੈ ਕਿ ਉਨ੍ਹਾਂ ਦਾ ਨਨਦੋਈਆ ਮਨਦੀਪ ਨੂੰ ਧਮਕੀ ਦਿੰਦਾ ਸੀ ਕਿ ਉਹ ਅਜਿਹਾ ਹਾਲ ਕਰੇਗਾ ਕਿ ਕੋਈ ਉਸ ਦੀ ਛੋਟੀ ਭੈਣ ਨਾਲ ਵਿਆਹ ਤੱਕ ਨਹੀਂ ਕਰਵਾਏ।

ਇਸੇ ਡਰ ਕਾਰਨ ਵੀ ਉਹ ਸਭ ਸਹਿੰਦੀ ਰਹੀ।

ਮਨਦੀਪ ਦੇ ਪਿਤਾ ਮੁਤਾਬਕ, “ਉਨ੍ਹਾਂ ਦੀ ਧੀ ''''ਤੇ ਅੱਤਿਆਚਾਰ ਉਦੋਂ ਵਧਿਆ ਗਿਆ ਜਦੋਂ ਇਹ ਦੂਜੀ ਵਾਰ ਵੀ ਧੀ ਦੀ ਮਾਂ ਬਣੀ ਅਤੇ ਉਸ ਦੇ ਸਹੁਰੇ ਵਾਲਿਆਂ ਨੇ ਬੇਟੀ ਦੀ ਪਰਵਰਿਸ਼ ਦੇ ਨਾਮ ''''ਤੇ ਕਦੇ 25 ਲੱਖ ਰੁਪਏ ਤਾਂ ਕਦੇ 50 ਲੱਖ ਰੁਪਏ ਦੀ ਮੰਗ ਕੀਤੀ ਸੀ।"

ਧੀ ਦੀ ਲਾਸ਼ ਨੂੰ ਭਾਰਤ ਮੰਗਵਾਏ ਸਰਕਾਰ

ਮਨਦੀਪ ਦੇ ਘਰਵਾਲੇ ਹੁਣ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਹਿਣਾ ਹੈ ਕਿ ਅਮਰੀਕਾ ਵਿੱਚ ਇੱਕ ਸਿੱਖ ਸੰਗਠਨ ਅਤੇ ਕੁਝ ਹੋਰ ਲੋਕ ਉਨ੍ਹਾਂ ਦੀ ਇਸ ਪਾਸੇ ਪੂਰੀ ਮਦਦ ਕਰ ਰਹੇ ਹਨ।

ਸੋਸ਼ਲ ਮੀਡੀਆ ''''ਤੇ ਵੀ ਦੇਸ਼-ਵਿਦੇਸ਼ ਤੋਂ ਲੋਕ ਅੱਗੇ ਆ ਰਹੇ ਹਨ। ਪਰਿਵਾਰ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਦੀ ਲਾਸ਼ ਭਾਰਤ ਮੰਗਵਾਈ ਜਾਵੇ।

ਇਸ ਦੇ ਨਾਲ ਹੀ ਮਨਦੀਪ ਦੀਆਂ ਦੋਵਾਂ ਧੀਆਂ ਨੂੰ ਵੀ ਪੇਕੇ ਪਰਿਵਾਰ ਨੂੰ ਸੌਂਪਿਆ ਜਾਵੇ।

ਇਸ ਘਟਨਾ ਤੋਂ ਬਾਅਦ ਨਿਊਯਾਰਕ ਵਿੱਚ ਭਾਰਤ ਦੂਤਾਵਾਸ ਨੇ ਟਵੀਟ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਅਮਰੀਕੀ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ ਅਤੇ ਇਸ ਮਾਮਲੇ ਵਿੱਚ ਹਰ ਸੰਭਵ ਮਦਦ ਕੀਤੀ ਜਾਵੇਗੀ।

ਮਨਦੀਪ ਕੌਰ ਨੇ ਦੇਹਾਂਤ ਤੋਂ ਬਾਅਦ ਪੰਜਾਬ ਤੋਂ ਰਾਜਸਭਾ ਮੈਂਬਰ ਰਾਘਵ ਚੱਢਾ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਕੀਤੀ।

ਰਾਘਵ ਚੱਢਾ ਨੇ ਟਵੀਟ ਕਰਦੇ ਹੋਏ ਆਖਿਆ ਕਿ ਮਨਦੀਪ ਕੌਰ ਦੀ ਘਰੇਲੂ ਹਿੰਸਾ ਕਰਕੇ ਮੌਤ ਦੁੱਖਦਾਈ ਹੈ ਅਤੇ ਇਸ ਘਟਨਾ ਨੇ ਸਭ ਨੂੰ ਤੋੜ ਕੇ ਰੱਖ ਦਿੱਤਾ ਹੈ।


ਵੀਡੀਓ- ਇਹ ਅਜਿਹੀ ਔਰਤ ਦੀ ਹੱਢਬੀਤੀ, ਜਿਸ ਨੇ ਰਿਸ਼ਤੇ ਵਿੱਚ ਤਕਲੀਫ਼ ਝੱਲੀ ਹੈ

ਪੰਜਾਬ ਸਰਕਾਰ ਵਿਚ ਸੈਰ-ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਪੋਸਟ ਕਰਦੇ ਹੋਏ ਆਖਿਆ ਹੈ, ''''''''ਦੁਨੀਆ ਭਰ ਦੀਆਂ ਔਰਤਾਂ ਨੂੰ ਘਰੇਲੂ ਹਿੰਸਾ ਵਿਰੁੱਧ ਇਕਜੁੱਟ ਹੋ ਕੇ ਅਵਾਜ਼ ਚੁੱਕਣੀ ਚਾਹੀਦੀ ਹੈ ਤਾਂ ਜੋ ਕਿਸੇ ਔਰਤ ਨਾਲ ਅਜਿਹੀ ਘਟਨਾ ਨਾ ਵਾਪਰੇ।

ਕੀ ਕਹਿੰਦੇ ਹਨ ਪਿੰਡ ਦੇ ਲੋਕ

ਇਹ ਮਾਮਲਾ ਦੇਸ਼ ਅਤੇ ਦੁਨੀਆਂ ਵਿੱਚ ਤਾਂ ਸੁਰਖ਼ੀਆਂ ਵਿੱਚ ਹੈ ਹੀ, ਉੱਥੇ ਨਜੀਬਾਬਾਦ ਦੇ ਨੇੜਲੇ ਪਿੰਡਾਂ ਵਿੱਚ ਲੋਕ ਮਨਦੀਪ ਦੀ ਮੌਤ ''''ਤੇ ਅਫ਼ਸੋਸ ਜ਼ਾਹਿਰ ਕਰ ਰਹੇ ਹਨ।

ਹਾਲਾਂਕਿ, ਜਦੋਂ ਰਣਜੋਤ ਦੇ ਪਿੰਡ ਬੜੀਆ ਵਿੱਚ ਨੇੜਲੇ ਆਂਢ-ਗੁਆਂਢ ਦੇ ਲੋਕਾਂ ਨੇ ਗੱਲ ਕਰਨ ਬਦਲੇ ਮੂੰਹ ਫੇਰ ਕੇ ਜਾਣਾ ਉਚਿਤ ਸਮਝਿਆ। ਕੁਝ ਪਿੰਡ ਵਾਲਿਆਂ ਨੇ ਮੀਡੀਆ ਨਾਲ ਗੱਲ ਕੀਤੀ।

ਪਿੰਡਵਾਸੀ ਦੇਵਰਾਜ ਸਹਿਗਲ ਕਹਿੰਦੇ ਹਨ, "ਇਹ ਮੌਤ ਪੁੱਤਰ ਦੀ ਤਾਂਘ ਵਿੱਚ ਹੈ। ਮੁਲਜ਼ਮ ਪਤੀ ਨੂੰ ਬੇਟਾ ਚਾਹੀਦਾ ਸੀ, ਜਦ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਕਿ ਧੀ ਤੇ ਪੁੱਤਰ ਵਿੱਚ ਫਰਕ ਨਹੀਂ ਹੈ।"

ਇੱਕ ਹੋਰ ਪਿੰਡਵਾਸੀ ਅਤੇ ਦੋਵਾਂ ਹੀ ਪਰਿਵਾਰਾਂ ਦੇ ਜਾਣਕਾਰ ਡਾਕਟਰ ਨਰਿੰਦਰਪਾਲ ਸਿੰਘ ਕਹਿੰਦੇ ਹਨ, "ਇਹ ਘਟਨਾ ਅਫ਼ਸੋਸਜਨਕ ਹੈ। ਇਸ ਮੌਤ ਦਾ ਕਾਰਨ ਘਰੇਲੂ ਹਿੰਸਾ ਰਿਹਾ ਹੈ। ਮੈਂ ਦੋਵੇਂ ਹੀ ਵੀਡੀਓ ਦੇਖੀਆਂ ਹਨ। ਬਹੁਤ ਦੁੱਕ ਹੋਇਆ, ਹਾਲਾਂਕਿ, ਦੋਵੇਂ ਹੀ ਪਰਿਵਾਰ ਖੁਸ਼ਹਾਲ ਹਨ, ਫਿਰ ਇਹ ਕਿਵੇਂ ਹੋ ਗਿਆ।"


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News