ਕਿਸ਼ੋਰ ਕੁਮਾਰ : ਉਹ ਗਾਇਕ ਜੋ ਐਮਰਜੈਂਸੀ ਵਿਚ ਇੰਦਰਾ ਗਾਂਧੀ ਸਰਕਾਰ ਅੱਗੇ ਨਹੀਂ ਝੁਕੇ ਸਨ

08/08/2022 7:15:33 AM

ਕਿਸ਼ੋਰ ਕੁਮਾਰ ਦੀ ਹਰਫ਼ਨਮੌਲਾ ਗਾਇਕੀ ''''ਚ ਕਿਸੇ ਵੀ ਤੱਤ ਦੀ ਮਨਾਹੀ ਨਹੀਂ ਸੀ। ਆਤਮਾ ਵਿੱਚ ਡੂੰਘਿਆਂ ਲਹਿ ਜਾਣ ਵਾਲੀ ਗੰਭੀਰਤਾ ਤੋਂ ਲੈ ਕੇ ਦਿਲ ਨੂੰ ਰੂੰ ਦੇ ਫੰਭੇ ਵਾਂਗ ਭਾਰਹੀਣ ਕਰਨ ਤੱਕ ਮਨੁੱਖੀ ਮੂਡ ਦੇ ਜਿੰਨੇ ਵੀ ਰੰਗ ਹੋ ਸਕਦੇ ਹਨ, ਕਿਸ਼ੋਰ ਦੀ ਉਨ੍ਹਾਂ ਸਾਰਿਆਂ ਉੱਪਰ ਮੁਹਾਰਤ ਸੀ।

ਭਾਰਤੀ ਸਿਨੇਮਾ ਦੀ ਗਾਇਕੀ ਨੂੰ ਰਸਮੀ ਤਾਣੇ-ਬਾਣੇ ਤੋਂ ਮੁਕਤ ਕਰਨ ਦਾ ਸਿਹਰਾ ਉਨ੍ਹਾਂ ਦੇ ਸਿਰ ਹੀ ਬੱਝਦਾ ਹੈ।

ਕੁੰਦਨਲਾਲ ਸਹਿਗਲ ਦੀ ਸ਼ਾਗਿਰਦੀ ਵਿੱਚੋਂ ਨਿਕਲੇ ਮੁਹੰਮਦ ਰਫ਼ੀ ਅਤੇ ਮੁਕੇਸ਼ 1950 ਦੇ ਦਹਾਕੇ ''''ਚ ਜਿਸ ਆਜ਼ਾਦੀ ਨੂੰ ਅਪਣਾਉਣ ਤੋਂ ਝਿਜਕਦੇ ਰਹੇ ਸਨ, ਕਿਸ਼ੋਰ ਕੁਮਾਰ ਨੇ ਉਸ ਨੂੰ ਇੱਕ ਪਲ ਵਿੱਚ ਹੀ ਹਾਸਲ ਕਰ ਲਿਆ।

ਸਪੱਸ਼ਟ ਸਵਛੰਦਤਾ ਦੇ ਬਾਵਜੂਦ ਗਾਇਕੀ ਦੀ ਮੂਲ ਪਰੰਪਰਾ ਦੇ ਲਈ ਉਨ੍ਹਾਂ ਦੇ ਮਨ ਵਿੱਚ ਹਮੇਸ਼ਾ ਹੀ ਡੂੰਘਾ ਸਨਮਾਨ ਰਿਹਾ।

ਦੁਨੀਆ ਭਰ ਦੇ ਪ੍ਰਸਿੱਧ ਸੰਗੀਤ ਤੋਂ ਪ੍ਰੇਰਣਾ ਲੈਣ ਤੋਂ ਬਾਵਜੂਦ, ਉਹ ਕੁੰਦਰਨਲਾਲ ਸਹਿਗਲ ਨੂੰ ਆਪਣਾ ਆਦਰਸ਼ ਮੰਨਦੇ ਸਨ। ਇਸ ਦੀਆਂ ਦੋ ਮਿਸਾਲਾਂ ਦੇਣਾਂ ਕੁਥਾਂ ਨਹੀਂ ਹੋਵੇਗਾ।

ਕਿਸ਼ੋਰ ਦੇ ਵੱਡੇ ਭਰਾ ਅਸ਼ੋਕ ਕੁਮਾਰ ਆਪਣੇ ਸਮੇਂ ਦੇ ਬਹੁਤ ਵੱਡੇ ਅਦਾਕਾਰ ਸਨ। ਉਨ੍ਹਾਂ ਦੇ ਘਰ ਅਕਸਰ ਹੀ ਪਾਰਟੀਆਂ ਹੁੰਦੀਆਂ ਸਨ।

ਕਿਸ਼ੋਰ ਕੁਮਾਰ ਦਾ ਗੁਰੂ

ਸਹੀ ਮੌਕਾ ਵੇਖ ਕੇ ਅਸ਼ੋਕ ਕੁਮਾਰ ਕਿਸ਼ੋਰ ਨੂੰ ਪਾਰਟੀ ਵਿੱਚ ਬੁਲਾਉਂਦੇ ਅਤੇ ਗਾਉਣ ਲਈ ਕਹਿੰਦੇ।

10-11 ਸਾਲਾਂ ਦੇ ਕਿਸ਼ੋਰ ਨੇ ਇੱਕ ਗੀਤ ਲਈ 25 ਪੈਸੇ ਦੀ ਕੀਮਤ ਤੈਅ ਕਰ ਰੱਖੀ ਸੀ। ਹਾਲਾਂਕਿ ਕੁੰਦਨਲਾਲ ਸਹਿਗਲ ਦਾ ਗੀਤ ਸੁਣਾਉਣ ਲਈ ਉਹ ਪੂਰਾ ਇੱਕ ਰੁਪਇਆ ਵਸੂਲਦੇ ਸਨ।

ਇੱਕ ਵਾਰ ਖੁਦ ਕੁੰਦਨ ਲਾਲ ਸਹਿਗਲ ਨੂੰ ਕਿਸ਼ੋਰ ਕੁਮਾਰ ਦਾ ਗਾਣਾ ਸੁਣਨ ਦਾ ਮੌਕਾ ਮਿਲਿਆ । ਸਹਿਗਲ ਨੇ ਕਿਸੇ ਨੂੰ ਕਿਹਾ, "ਗਾਉਂਦਾ ਤਾਂ ਵਧੀਆ ਹੈ ਪਰ ਇਸ ਦੇ ਹੱਥ-ਪੈਰ ਬਹੁਤ ਚੱਲਦੇ ਹਨ।"

ਇਹ ਗੱਲ ਕਿਸ਼ੋਰ ਤੱਕ ਪਹੁੰਚੀ ਅਤੇ ਉਸ ਦਿਨ ਤੋਂ ਬਾਅਦ ਜਦੋਂ ਵੀ ਉਹ ਸਹਿਗਲ ਦਾ ਕੋਈ ਵੀ ਗੀਤ ਗਾਉਂਦੇ, ਉਨ੍ਹਾਂ ਦੇ ਚਿਹਰੇ ''''ਤੇ ਕੋਈ ਭਾਵ ਨਾ ਆਉਂਦਾ।

ਕਿਸ਼ੋਰ ਕੁਮਾਰ ਨੇ ਕੁੰਦਨ ਲਾਲ ਸਹਿਗਲ ਨੂੰ ਆਪਣਾ ਅਣ-ਐਲਾਨਿਆ ਗੁਰੁ ਮੰਨਿਆ ਸੀ ਅਤੇ 70 ਦੇ ਦਹਾਕੇ ਦੇ ਸ਼ੁਰੂ ''''ਚ ਜਦੋਂ ਉਨ੍ਹਾਂ ਕੋਲ ਮੋਟੀ ਰਕਮ ਦੇ ਬਦਲੇ ਸਹਿਗਲ ਦੇ ਗੀਤਾਂ ਨੂੰ ਰਿਕਾਰਡ ਕਰਨ ਦੀ ਪੇਸ਼ਕਸ਼ ਆਈ ਤਾਂ ਉਨ੍ਹਾਂ ਨੇ ਇਹ ਕਹਿ ਕਿ ਸਾਫ਼ ਮਨਾ ਕਰ ਦਿੱਤਾ ਕਿ ''''ਲੋਕ ਕਹਿਣਗੇ ਕਿਸ਼ੋਰ ਆਪਣੇ ਆਪ ਨੂੰ ਕੁੰਦਨ ਲਾਲ ਤੋਂ ਵੱਡਾ ਸਮਝਣ ਲੱਗਾ ਹੈ!"

ਬਹੁਪੱਖੀ ਪ੍ਰਤਿਭਾ ਦਾ ਸਤਿਕਾਰ

ਇਸ ''''ਚ ਕੋਈ ਹੈਰਾਨੀ ਨਹੀਂ ਕਿ ਉਨ੍ਹਾਂ ਦੇ ਬੰਗਲੇ ''''ਗੌਰੀਕੁੰਜ'''' ਵਿੱਚ ਸਹਿਗਲ ਦੀ ਇੱਕ ਵੱਡੀ ਤਸਵੀਰ ਟੰਗੀ ਰਹਿੰਦੀ ਸੀ, ਜਿੰਨ੍ਹਾਂ ਦੀ ਬਹੁਪੱਖੀ ਪ੍ਰਤਿਭਾ ਦਾ ਕਿਸ਼ੋਰ ਬਹੁਤ ਹੀ ਸਤਿਕਾਰ ਕਰਦੇ ਸਨ।

ਸਹਿਗਲ ਤੋਂ ਇਲਾਵਾ, ਕਿਸ਼ੋਰ ਦੇ ਘਰ ਦੋ ਹੋਰ ਵਿਅਕਤੀਆਂ ਦੀਆਂ ਤਸਵੀਰਾਂ ਸਨ, ਜਿੰਨ੍ਹਾਂ ਅੱਗੇ ਉਹ ਆਪਣਾ ਸਿਰ ਝੁਕਾਉਂਦੇ ਸਨ।

ਇਹ ਸਖ਼ਸ਼ ਸਨ - ਗੁਰੂਦੇਵ ਰਵਿੰਦਰਨਾਥ ਟੈਗੋਰ ਅਤੇ ਹਾਲੀਵੁੱਡ ਅਦਾਕਾਰ-ਗਾਇਕ ਸਟਾਰ ਡੈਨੀ ਕੇ.।

ਕਿਸ਼ੋਰ ਕੁਮਾਰ ਆਪਣੀ ਪ੍ਰਤਿਭਾ ਦੇ ਵੱਖ-ਵੱਖ ਪਹਿਲੂਆਂ ਤੋਂ ਭਲੀ ਭਾਂਤੀ ਜਾਣੂ ਸਨ। ਆਪਣੇ ਰੋਲ ਮਾਡਲ ਵੀ ਉਨ੍ਹਾਂ ਨੇ ਉਸੇ ਹਿਸਾਬ ਨਾਲ ਛਾਂਟੇ ਹੋਏ ਸਨ।

ਇੱਕ ਸੁਪਰਸਟਾਰ ਵੱਡੇ ਭਰਾ ਦੀ ਛਤਰ ਛਾਇਆ ਹੇਠ ਬੰਬਈ ਪਹੁੰਚੇ 16-17 ਸਾਲ ਦੇ ਆਭਾਸ ਕੁਮਾਰ ਗਾਂਗੁਲੀ ਉਰਫ਼ ਕਿਸ਼ੋਰ ਕੁਮਾਰ ਗਾਇਕ ਬਣਨਾ ਚਾਹੁੰਦੇ ਸਨ, ਪਰ ਇੱਕ ਅਦਾਕਾਰ ਦਿੱਤੇ ਗਏ।

ਅਣਮੰਨੇ ਮਨ ਨਾਲ ਕੀਤੇ ਕੰਮ ਦੇ ਬਾਵਜੂਦ ਉਹ 1950 ਦੇ ਦਹਾਕੇ ''''ਚ ਉਹ ਇੱਕ ਹੁਨਰਮੰਦ ਅਦਾਕਾਰ ਵੱਜੋਂ ਜੰਮ ਗਏ ਪਰ ਉਨ੍ਹਾਂ ਦਾ ਮਨ ਤਾਂ ਸਿਰਫ ਗਾਇਕੀ ''''ਚ ਹੀ ਲੱਗਦਾ ਸੀ।

ਉਨ੍ਹਾਂ ਦੇ ਹਿੱਸੇ ''''ਚੱਲਤੀ ਕਾ ਨਾਮ ਗਾੜੀ'''' ਅਤੇ '''' ਦਿੱਲੀ ਕਾ ਠੱਗ'''' ਵਰਗੀਆਂ ਸ਼ਾਨਦਾਰ ਫਿਲਮਾਂ ਸਨ, ਪਰ ਉਨ੍ਹਾਂ ਨੂੰ ਲੱਗਦਾ ਸੀ ਕਿ ਉਹ ਆਪਣੀ ਗਾਇਕੀ ਦੀ ਪੂਰੀ ਪ੍ਰਤਿਭਾ ਦੀ ਵਰਤੋਂ ਨਹੀਂ ਕੀਤੀ ਜਾ ਰਹੀ ਸੀ।


:


ਐਸਡੀ ਬਰਮਨ ਉਨ੍ਹਾਂ ਦੀ ਗਾਇਕੀ ਦੇ ਪ੍ਰਸ਼ੰਸਕ ਸਨ ਅਤੇ ਉਨ੍ਹਾਂ ਦੀ ਸੰਗਤ ''''ਚ ਹੀ ਇਸੇ ਦਹਾਕੇ ਦੌਰਾਨ ਕਿਸ਼ੋਰ ਕੁਮਾਰ ਨੇ ਗਾਉਣ ਦੀ ਆਪਣੀ ਵੱਖਰੀ ਸ਼ੈਲੀ ਹਾਸਲ ਕੀਤੀ ਸੀ।

ਟੇਕਸ ਨੌਰਟਨ, ਜਿਮੀ ਰੋਜ਼ਰਸ ਅਤੇ ਬੌਬ ਵਿਲਿਸ ਵਰਗੇ ਗਾਇਕਾਂ ਤੋਂ ਪ੍ਰੇਰਿਤ ਹੋ ਕੇ, ਉਨ੍ਹਾਂ ਨੇ ਆਪਣੀ ਗਾਇਕੀ ਵਿੱਚ ਯੋਡਲਿੰਗ ਨੂੰ ਸ਼ਾਮਲ ਕੀਤਾ।

ਦੱਸਣਯੋਗ ਹੈ ਕਿ ਭਾਰਤੀ ਸਿਨੇਮਾ ''''ਚ ਯੋਡਲਿੰਗ ਦਾ ਆਗਾਜ਼ ਲਗਭਗ 10 ਸਾਲ ਪਹਿਲਾਂ ਤਮਿਲ ਫਿਲਮਾਂ ਦੇ ਇੱਕ ਅਭਿਨੇਤਾ-ਗਾਇਕ ਜੋਸੇਫ ਚੰਦਰਬਾਬੂ ਵੱਲੋਂ ਕੀਤਾ ਗਿਆ ਸੀ।

ਸਾਨੂੰ ਨਹੀਂ ਪਤਾ ਕਿ ਕਿਸ਼ੋਰ ਕੁਮਾਰ ਨੂੰ ਚੰਦਰਬਾਬੂ ਬਾਰੇ ਪਤਾ ਸੀ ਜਾਂ ਫਿਰ ਨਹੀਂ, ਪਰ ਯੋਡਲਿੰਗ ਦੇ ਕਾਰਨ ਹੀ ਉਨ੍ਹਾਂ ਦੀ ''''ਇਡਲੇ ਉਡਲੇ ਇਡਲੀ ਉਡਲੀ'''' ਵਾਲਾ ਮਸਤਮੌਲਾ ਅਕਸ ਬਣਿਆ, ਜ਼ਿੰਦਗੀ ਭਰ ਉਨ੍ਹਾਂ ਦੇ ਨਾਲ ਜੁੜਿਆ ਰਿਹਾ।

ਉਨ੍ਹਾਂ ਦੀ ਇਸ ਖਾਸੀਅਤ ਤੋਂ ਬਿਨ੍ਹਾਂ ''''ਜ਼ਿੰਦਗੀ ਏਕ ਸਫ਼ਰ ਹੈ ਸੁਹਾਨਾ'''' , '''' ਮੈਂ ਹੂੰ ਝੁਮ ਝੂਮ ਝੁਮ ਝੁਮ ਝੁਮਰੂ'''' ਅਤੇ ''''ਚਲਾ ਜਾਤਾ ਹੂੰ ਕਿਸੀ ਕੀ ਧੁਨ ਮੇਂ'''' ਵਰਗੇ ਗੀਤਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਦੇਵ ਆਨੰਦ ਦੀ ਆਵਾਜ਼ ਬਣੇ ਕਿਸ਼ੋਰ ਕੁਮਾਰ

1950 ਦੇ ਦਹਾਕੇ ਦੌਰਾਨ ਮੁੱਖ ਤੌਰ ''''ਤੇ ਐੱਸਡੀ ਬਰਮਨ ਨੇ ਉਨ੍ਹਾਂ ਨੂੰ ਲਗਾਤਾਰ ਗਵਾਇਆ ਅਤੇ ਦੇਵ ਆਨੰਦ ਦੀ ਆਵਾਜ਼ ਦੇ ਰੂਪ ਵਿੱਚ ਸਥਾਪਿਤ ਕੀਤਾ।

''''ਟੈਕਸੀ ਡਰਾਈਵਰ'''' , ''''ਫੰਟੂਸ਼'''' ਅਤੇ ''''ਪੇਇੰਗ ਗੈਸਟ'''' ਸਮੇਤ ਦੇਵ ਆਨੰਦ ਦੀਆਂ ਅੱਧੀ ਦਰਜਨ ਫਿਲਮਾਂ ਵਿੱਚ ਗਾਉਣ ਤੋਂ ਇਲਾਵਾ, ਕਿਸ਼ੋਰ ਕੁਮਾਰ ਨੇ ਹੋਰ ਨਿਰਦੇਸ਼ਕਾਂ ਨਾਲ ''''ਈਨਾ ਮੀਨਾ ਡੀਕਾ'''' ਅਤੇ ''''ਨਖਰੇਵਾਲੀ'''' ਵਰਗੇ ਵਿਲੱਖਣ ਗੀਤ ਵੀ ਗਾਏ ਸਨ।

ਹਾਲਾਂਕਿ ਇਸ ਦੌਰਾਨ ਉਹ ਖੁਦ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਕਰਨ ਲੱਗ ਪਏ ਸਨ। ਉਹ ਪਹਿਲਾਂ ਹੀ ਪਟਕਥਾ (ਸਕ੍ਰੀਨਪਲੇ) ਅਤੇ ਗੀਤ ਲਿਖਣ ਵਿੱਚ ਆਪਣਾ ਹੱਥ ਅਜ਼ਮਾ ਚੁੱਕੇ ਸਨ।

1960 ਦੇ ਦਹਾਕੇ ਦੇ ਸ਼ੁਰੂ ''''ਚ ਉਨ੍ਹਾਂ ਨੇ ਅਦਾਕਾਰੀ ਛੱਡ ਦਿੱਤੀ ਅਤੇ ਆਪਣਾ ਪੂਰਾ ਧਿਆਨ ਗਾਇਕੀ ''''ਤੇ ਲਗਾਉਣ ਦਾ ਯਤਨ ਕੀਤਾ।

ਜਿਸ ਦਾ ਨਤੀਜਾ ਇਹ ਹੋਇਆ ਕਿ ਇਸ ਪੂਰੇ ਦਹਾਕੇ ਦੌਰਾਨ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਗੀਤ ਗਾਇਆ ਅਤੇ ਦੁਨੀਆਂ ਨੂੰ ਆਪਣੀ ਰੇਂਜ ਦੀ ਝਲਕ ਵਿਖਾਈ।

ਦੇਵ ਆਨੰਦ ਲਈ ਤਾਂ ਉਹ ਪਹਿਲਾਂ ਤੋਂ ਹੀ ਗਾ ਰਹੇ ਸਨ, ਪਰ ਹੁਣ ਉਹ ਰਾਜੇਸ਼ ਖੰਨਾ ਲਈ ਵੀ ਗਾਉਣ ਲੱਗੇ।

ਸਾਲ 1969 ''''ਚ ਆਈ ਫਿਲਮ ''''ਆਰਾਧਨਾ'''' ਉਨ੍ਹਾਂ ਦੇ ਫਿਲਮੀ ਜੀਵਨ ਵਿੱਚ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਈ।

ਵਿਸ਼ੇਸ਼ ਤੌਰ ''''ਤੇ ਰਾਜੇਸ਼ ਖੰਨਾ ਅਤੇ ਸ਼ਰਮੀਲਾ ਟੈਗੋਰ ''''ਤੇ ਫਿਲਮਾਇਆ ਗਿਆ ਗੀਤ ਅਤੇ ਉਨ੍ਹਾਂ ਵੱਲੋਂ ਗਾਇਆ ਗਿਆ ''''ਰੂਪ ਤੇਰਾ ਮਸਤਾਨਾ''''।

ਹਾਲਾਂਕਿ ਇਸ ਫਿਲਮ ''''ਚ ਸੰਗੀਤ ਨਿਦੇਸ਼ਨ ਦੀ ਜ਼ਿੰਮੇਵਾਰੀ ਐੱਸਡੀ ਬਰਮਨ ਕੋਲ ਸੀ ਪਰ ਇਸ ਗੀਤ ਨੂੰ ਛੱਡ ਕੇ ਬਾਕੀ ਸਾਰੀਆਂ ਧੁਨਾਂ ਉਨ੍ਹਾਂ ਦੇ ਪੁੱਤਰ ਆਰਡੀ ਬਰਮਨ ਨੇ ਤਿਆਰ ਕੀਤੀਆਂ ਸਨ।

ਅਜੇ ''''ਰੂਪ ਤੇਰਾ ਮਸਤਾਨਾ'''' ਦੀ ਰਿਕਾਰਡਿੰਗ ਚੱਲ ਰਹੀ ਸੀ ਕਿ ਐੱਸਡੀ ਬਰਮਨ ਬਿਮਾਰ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ''''ਚ ਭਰਤੀ ਕਰਵਾਉਣਾ ਪਿਆ।

ਹੁਣ ਕਮਾਂਡ ਉਨ੍ਹਾਂ ਦੇ ਪੁੱਤਰ ਆਰਡੀ ਬਰਮਨ ਨੇ ਸੰਭਾਲੀ ਅਤੇ ਆਪਣੇ ਪਿਤਾ ਵੱਲੋਂ ਬਣਾਈ ਧੁਨ ਨੂੰ ਆਪਣੇ ਜਾਦੂ ਵਿੱਚ ਰੰਗ ਦਿੱਤਾ।

ਜਿੱਥੇ ਐੱਸਡੀ ਬਰਮਨ ਨੇ ਗੀਤ ਨੂੰ ਲੋਕਧੁਨ ਸ਼ੈਲੀ ''''ਚ ਕੰਪੋਜ਼ ਕੀਤਾ ਸੀ, ਉੱਥੇ ਹੀ ਫਿਲਮਾਂਕਣ ਦੀ ਕਾਮੁਕ ਸਥਿਤੀ ਨੂੰ ਧਿਆਨ ''''ਚ ਰੱਖਦਿਆਂ ਆਰਡੀ ਬਰਮਨ ਨੇ ਉਸ ''''ਚ ਅਮਰੀਕੀ ਅਤੇ ਲਾਤੀਨੀ ਸੰਗੀਤ ਸ਼ੈਲੀਆਂ- ਜੈਜ਼ ਅਤੇ ਸਾਂਬਾ ਦਾ ਇੱਕ ਵਿਲੱਖਣ ਮਿਸ਼ਰਣ ਸ਼ਾਮਲ ਕੀਤਾ।

ਕਿਸ਼ੋਰ ਕੁਮਾਰ ਨੂੰ ਆਰਡੀ ਬਰਮਨ ਦੀ ਨਵੀਨ ਸ਼ੈਲੀ ਦੇ ਅਨੁਕੂਲ ਹੋਣ ਵਿੱਚ ਬਿਲਕੁਲ ਵੀ ਸਮਾਂ ਨਾ ਲੱਗਿਆ, ''''ਰੂਪ ਤੇਰਾ ਮਸਤਾਨਾ'''' ਇਸ ਤੱਥ ਦੀ ਪੁਸ਼ਟੀ ਕਰਦਾ ਹੈ। ਗੀਤ ਦੀਆਂ ਸ਼ੁਰੂਆਤੀ ਲਾਈਨਾਂ ਨੂੰ ਕਿਸ਼ੋਰ ਨੇ ਬਹੁਤ ਹੀ ਮਿੱਠੀ ਆਵਾਜ਼ ''''ਚ ਗੁਣਗੁਣਾਇਆ ਹੈ।

ਉਨ੍ਹਾਂ ਦੀ ਆਵਾਜ਼ ਹੌਲੀ-ਹੌਲੀ ਖੁਲ੍ਹਣ ਲੱਗਦੀ ਹੈ ਅਤੇ ਕਲਾਈਮੈਕਸ ਤੱਕ ਆਉਂਦਿਆਂ-ਆਉਂਦਿਆਂ ਪੂਰੀ ਤਰ੍ਹਾਂ ਨਾਲ ਮਰਦਾਨਾ ਹੋ ਜਾਂਦੀ ਹੈ। ਕੁੱਲ ਸਾਢੇ ਤਿੰਨ-ਪੌਣੇ ਚਾਰ ਮਿੰਟ ਦੇ ਇਸ ਇੱਕ ਗੀਤ ''''ਚ ਕਿਸ਼ੋਰ ਕੁਮਾਰ ਨੇ ਸੁਰ ਸੰਤੁਲਨ ਦੇ ਕਈ ਰੰਗ ਪੇਸ਼ ਕੀਤੇ ਹਨ। ਇਸ ਦੇ ਲਈ ਉਨ੍ਹਾਂ ਨੂੰ ਸਾਲ ਦੇ ਸਰਬੋਤਮ ਗਾਇਕ ਦਾ ਫਿਲਮਫੇਅਰ ਐਵਾਰਡ ਵੀ ਮਿਲਿਆ।

1970 ਦਾ ਦਹਾਕਾ ਹਿੰਦੀ ਸਿਨੇਮਾ ਦੇ ਦੋ ਸੁਪਰਸਟਾਰਾਂ ਦਾ ਸੀ। ਪਹਿਲੇ ਪੰਜ ਸਾਲ ਰਾਜੇਸ਼ ਖੰਨਾ ਅਤੇ ਉਸ ਤੋਂ ਬਾਅਦ ਅਮਿਤਾਭ ਬੱਚਨ। ਇੰਨ੍ਹਾਂ ਦੋਵਾਂ ਨੂੰ ਵੀ ਕਿਸ਼ੋਰ ਕੁਮਾਰ ਦੀ ਆਵਾਜ਼ ਦਾ ਸਹਾਰਾ ਮਿਲਿਆ ।

ਰਵਾਇਤੀ ਹਿੰਦੀ ਫਿਲਮਾਂ ''''ਚ ਮਹਾਨਾਇਕਾਂ ਦਾ ਨਿਰਮਾਣ ਖਾਸ ਤੌਰ ਦੇ ਸ਼ਿਸ਼ਟਾਚਾਰ ਅਤੇ ਸ਼ਿਲਪ ਦੀ ਮਦਦ ਨਾਲ ਕੀਤਾ ਜਾਂਦਾ ਸੀ।

ਜਿੱਥੇ ਦੇਵ ਆਨੰਦ ਨਵੀਂ ਆਜ਼ਾਦੀ ਹਾਸਲ ਕੀਤੇ ਦੇਸ਼ ਦੇ ਸ਼ਹਿਰੀ ਅਤੇ ਲੋਕਤੰਤਰਿਕ ਰੋਮਾਂਟਿਕ ਨਾਇਕ ਸਨ , ਉੱਥੇ ਹੀ ਰਾਜੇਸ਼ ਖੰਨਾ ਦਾ ਮਿੱਥ ਪੂਰੀ ਤਰ੍ਹਾਂ ਨਾਲ ਰੋਮਾਂਸ ਨਾਲ ਬੁਣਿਆ ਗਿਆ ਸੀ। ਇੰਨ੍ਹਾਂ ਦੋਵਾਂ ਤੋਂ ਵੱਖ ਅਮਿਤਾਭ ਬੱਚਨ ਇੱਕ ਐਂਗਰੀ ਮੈਨ ਵੱਜੋਂ ਉਭਰੇ।

ਉਸ ਦੌਰ ''''ਚ ਦੇਸ਼ ਦੇ ਦੂਰ ਦਰਾਡੇ ਦੇ ਖੇਤਰਾਂ ''''ਚ ਇੰਨ੍ਹਾਂ ਮਹਾਨਾਇਕਾਂ ਦੀਆਂ ਫਿਲਮਾਂ ਬਹੁਤ ਦੇਰ ਨਾਲ ਪਹੁੰਚਦੀਆਂ ਸਨ, ਪਰ ਗੀਤ ਪਹਿਲਾਂ ਪਹੁੰਚ ਜਾਂਦੇ ਸਨ।

ਫਿਲਮ ਦੀ ਵਪਾਰਕ ਸਫਲਤਾ ਲਈ ਇਹ ਬਹੁਤ ਜ਼ਰੂਰੀ ਹੁੰਦਾ ਸੀ ਕਿ ਨਾਇਕ ਦੇ ਢੰਗ ਤਰੀਕੇ, ਗਾਈਕ ਦੀ ਆਵਾਜ਼ ''''ਚੋਂ ਵੀ ਆਪ ਮੁਹਾਰੇ ਝਲਕਣ।

ਅਨੂਠੀ ਪ੍ਰਤਿਭਾ

ਇਸ ਹਿਸਾਬ ਨਾਲ ਕਿਸ਼ੋਰ ਕੁਮਾਰ ਦੀ ਗਾਇਕੀ ਦੀ ਯੋਗਤਾ ਵਿਲੱਖਣ ਅਤੇ ਬੇਮਿਸਾਲ ਸੀ, ਕਿਉਂਕਿ ਇੰਨਾਂ ਤਿੰਨਾਂ ਲਈ ਉਨ੍ਹਾਂ ਨੇ ਆਪਣੀ ਆਵਾਜ਼ ਨੂੰ ਫਿਲਮਾਂ ਦੇ ਵਿਸ਼ੇ ਅਤੇ ਅਦਾਕਾਰ ਦੀ ਸ਼ਖਸੀਅਤ ਦੇ ਅਨੁਸਾਰ ਢਾਲ ਸਕਣ ਵਿੱਚ ਸਫ਼ਲਤਾ ਹਾਸਲ ਕੀਤੀ ਸੀ।

ਮਿਸਾਲ ਦੇ ਤੌਰ ''''ਤੇ ਤੁਸੀਂ ਸਕ੍ਰੀਨ ''''ਤੇ ''''ਤਿੰਨ ਦੇਵੀਆਂ'''' ਦੇ ਦੇਵ ਆਨੰਦ ਨੂੰ ''''ਖ਼ਵਾਬ ਹੋ ਤੁਮ ਯਾ ਕੋਈ ਹਕੀਕਤ'''' ਗਾਉਂਦੇ ਹੋਏ ਸੁਣੋ।

ਕਲਪਨਾ ਕਰੋ ਕਿ ਇਸ ਗੀਤ ਨੂੰ ਕਿਸ਼ੋਰ ਕੁਮਾਰ ਦੀ ਬਜਾਏ ਕੋਈ ਹੋਰ ਗਾਇਕ ਗਾ ਰਿਹਾ ਹੈ। ਪਰ ਤੁਸੀਂ ਅਜਿਹਾ ਕਰ ਹੀ ਨਹੀਂ ਸਕੋਗੇ।

ਤੁਸੀਂ ਭਾਵੇਂ ਰਾਜੇਸ਼ ਖੰਨਾ ਅਤੇ ਅਮਿਤਾਭ ਬੱਚਨ ''''ਤੇ ਫਿਲਮਾਏ ਗਏ ਗੀਤਾਂ ਨਾਲ ਵੀ ਇਹ ਪ੍ਰਯੋਗ ਕਰ ਕੇ ਵੇਖ ਸਕਦੇ ਹੋ।

ਸੰਕੇਤਾਂ ਅਤੇ ਸੰਬੋਧਨਾਂ ਨਾਲ ਬਣੀ ਹੋਈ ਕਿਸ਼ੋਰ ਕੁਮਾਰ ਦੀ ਆਵਾਜ਼ ਦਾ ਅਜਿਹਾ ਜਾਦੂ ਹੈ ਕਿ ਦਹਾਕਿਆਂ ਤੱਕ ਇਸ ਦੇਸ਼ ਦੀਆਂ ਗੱਡੀਆਂ ਦੇ ਡੈਸ਼ਬੋਰਡਾਂ ''''ਤੇ ''''ਹਿੱਟਸ ਆਫ਼ ਕਿਸ਼ੋਰ ਕੁਮਾਰ'''' ਦੀ ਮੌਜੂਦਗੀ ਲਾਜ਼ਮੀ ਸਮਝੀ ਜਾਂਦੀ ਸੀ।

''''ਪਿਆਰ ਦੀਵਾਨਾ ਹੋਤਾ ਹੈ'''' ਤੋਂ ਲੈ ਕੇ ''''ਆ ਚੱਲ ਕੇ ਤੁਝੇ ਮੈਂ ਲੇ ਕੇ ਚਲੂੰ'''' ਵਰਗੇ ਅਣਗਿਣਤ ਗੀਤ ਪਤਾ ਨਹੀਂ ਕਿੰਨ੍ਹੀਆਂ ਪੀੜ੍ਹੀਆਂ ਦੇ ਸਾਥੀ ਰਹੇ ਹਨ।

ਉਨ੍ਹਾਂ ਦੀ ਕਿਸੇ ਵੀ ਐਲਬਮ ਨੂੰ ਵੇਖ ਲਓ। ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ ਹਰ ਮਨੋਦਸ਼ਾ ਲਈ, ਹਰ ਇੱਕ ਮੌਕੇ ਲਈ, ਹਮੇਸ਼ਾ ਹੀ ਕੁਝ ਨਾ ਕੁਝ ਹੁੰਦਾ ਹੈ।

''''ਓ ਮੇਰੇ ਦਿਲ ਕੇ ਚੈਨ'''' ਤੋਂ ਲੈ ਕੇ ''''ਹਮੇਂ ਤੁਮਸੇ ਪਿਆਰ ਕਿਤਨਾ'''' ਅਤੇ ''''ਠੰਡੀ ਹਵਾ ਯੇ ਚਾਂਦਨੀ ਸੁਹਾਨੀ'''' ਤੋਂ ''''ਵੋ ਸ਼ਾਮ ਕੁਝ ਅਜੀਬ ਥੀ'''' ਵਰਗੇ ਸੈਂਕੜੇ ਹੀ ਗੀਤ ਹਨ, ਜਿੰਨ੍ਹਾਂ ਨੂੰ ਦਿਨ ਵੇਲੇ ਕਿਸੇ ਵੀ ਸਮੇਂ ਸੁਣਿਆ ਜਾ ਸਕਦਾ ਹੈ। ਭਾਵੇਂ ਤੁਸੀਂ ਉਸ ਸਮੇਂ ਇੱਕਲੇ ਹੋਵੋ ਜਾਂ ਭੀੜ ਦਾ ਹਿੱਸਾ ਹੋਵੋ।

ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਪਿਛਲੀ ਪੀੜ੍ਹੀ ਦੇ ਸਾਰੇ ਗਾਇਕਾਂ ਦੇ ਮੁਕਾਬਲੇ ਅੱਜ ਦਾ ਨੌਜਵਾਨ ਕਿਸ਼ੋਰ ਕੁਮਾਰ ਨੂੰ ਉਨ੍ਹਾਂ ਦੀ ਆਧੁਨਿਕਤਾ ਅਤੇ ਲਾਪਰਵਾਹੀ ਵਾਲੇ ਅੰਦਾਜ਼ ਦੇ ਕਾਰਨ ਸਭ ਤੋਂ ਵੱਧ ਪਸੰਦ ਕਰਦਾ ਹੈ। ਇਹ ਕਿਸ਼ੋਰ ਕੁਮਾਰ ਦਾ ਜਾਦੂ ਹੀ ਹੈ ਕਿ ਚੈਟਿੰਗ ਅਤੇ ਟੈਕਸਟਿੰਗ ਦੇ ਜ਼ਮਾਨੇ ''''ਚ ਵੀ ਮੁੰਡੇ-ਕੁੜੀਆਂ ''''ਫੂਲ ਕੇ ਰੰਗ ਸੇ ਦਿਲ ਕੀ ਕਲਮ ਸੇ ਤੁਝਕੋ ਲਿਖੀ ਰੋਜ਼ ਪਾਤੀ'''' ਵਰਗੇ ਗੀਤ ਸੁਣਦੇ-ਸੁਣਾਉਂਦੇ ਮਿਲਦੇ ਹਨ।

ਕਿਸ਼ੋਰ ਕੁਮਾਰ ਦੇ ਬੇਪਰਵਾਹ ਰੱਵਈਏ ਦੀਆਂ ਕਈ ਕਿੱਸੇ -ਕਹਾਣੀਆਂ, ਕਥਾਵਾਂ ਪ੍ਰਚਲਿਤ ਹਨ। ਕਿਹਾ ਜਾਂਦਾ ਹੈ ਕਿ ਇੱਕ ਵਾਰ ਕਿਸੇ ਪ੍ਰੋਡਿਊਸਰ ਨੇ ਵਾਅਦਾ ਕਰਨ ਤੋਂ ਬਾਅਦ ਵੀ ਪੂਰੀ ਫੀਸ ਦੀ ਬਜਾਏ ਅੱਧੀ ਫੀਸ ਹੀ ਭੇਜੀ ਤਾਂ ਕਿਸ਼ੋਰ ਕੁਮਾਰ ਵੀ ਅੱਧਾ ਸਿਰ ਮੁੰਨਵਾ ਕੇ ਸੈੱਟ ''''ਤੇ ਪਹੁੰਚ ਗਏ।

ਇੱਕ ਕਿੱਸਾ ਇਹ ਵੀ ਹੈ ਕਿ ਇੱਕ ਵਾਰ ਭਰ ਗਰਮੀਆਂ ਦੇ ਦਿਨਾਂ ਵਿੱਚ, ਇੱਕ ਅੰਗਰੇਜ਼ੀ ਕਿਸਮ ਘਰਸਾਜ਼ (ਇੰਟੀਰੀਅਰ ਡੈਕੋਰੇਟਰ) ਊਨੀ ਕੱਪੜੇ ਦਾ ਥ੍ਰੀ ਸੂਟ ਪਾ ਕੇ ਉਨ੍ਹਾਂ ਨੂੰ ਮਿਲਣ ਲਈ ਆਇਆ।

ਕਿਸ਼ੋਰ ਕੁਮਾਰ ਨੂੰ ਇਹ ਵੇਖ ਕੇ ਹੈਰਾਨੀ ਹੋਈ ਕਿ ਕੋਈ ਕਿਵੇਂ ਇੰਨ੍ਹੀ ਗਰਮੀ ''''ਚ ਸੂਟ ਪਾ ਕੇ ਬੈਠ ਸਕਦਾ ਹੈ, ਪਰ ਉਨ੍ਹਾਂ ਨੇ ਕੁਝ ਨਹੀਂ ਕਿਹਾ। ਫਿਰ ਜਦੋਂ ਉਹ ਅੱਧੇ ਘੰਟੇ ਤੱਕ ਨਕਲੀ ਅਮਰੀਕੀ ਲਹਿਜ਼ੇ ''''ਚ ਅੰਗਰੇਜ਼ੀ ''''ਚ ਗੱਲਾਂ ਕਰਦਾ ਰਿਹਾ ਤਾਂ ਕਿਸ਼ੋਰ ਕੁਮਾਰ ਨੇ ਉਸ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਡਰਾਇੰਗ ਰੂਮ ਦੀਆਂ ਕੰਧਾਂ ''''ਤੇ ਪੇਟਿੰਗ ਦੀ ਥਾਂ ''''ਤੇ ਜਿਉਂਦੇ ਕਾਂ ਟੰਗੇ ਜਾਣ ਅਤੇ ਪੱਖਿਆਂ ਦੀ ਥਾਂ ''''ਤੇ ਬੰਦਰ ਲਟਕ ਰਹੇ ਹੋਣ, ਜੋ ਕਿ ਸਮੇਂ ਸਮੇਂ ''''ਤੇ ਹਵਾ ਛੱਡਦੇ ਹੋਣ। ਵਿਚਾਰਾ ਇੰਟੀਰੀਅਰ ਡੈਕੋਰੇਟਰ ਕਿਸੇ ਤਰ੍ਹਾਂ ਉੱਥੋਂ ਭੱਜ ਨਿਕਲਿਆ।

ਕਿੱਸਾ ਸੁਣਾਉਣ ਤੋਂ ਬਾਅਦ ਕਿਸ਼ੋਰ ਕੁਮਾਰ ਸਪੱਸ਼ਟੀਕਰਨ ਜਰੂਰ ਦਿੰਦੇ ਸਨ,"ਜੇਕਰ ਤੁਸੀਂ 36 ਡਿਗਰੀ ''''ਚ ਊਨੀ ਸੂਟ ਪਾ ਸਕਦੇ ਹੋ ਤਾਂ ਪੱਖੇ ਦੀ ਥਾਂ ''''ਤੇ ਬਾਂਦਰ ਵੀ ਟੰਗ ਸਕਦੇ ਹੋ"।

ਹਾਸਰਸੀ ਕਿਸ਼ੋਰ ਕੁਮਾਰ

ਉਹ ਕਈ ਵਾਰ ਇਸ ਤਰ੍ਹਾਂ ਦਾ ਵਿਵਹਾਰ ਇੰਟਰਵਿਊ ਲੈਣ ਵਾਲਿਆਂ ਨਾਲ ਵੀ ਕਰ ਦਿੰਦੇ ਸਨ। ਕਈ ਵਾਰ ਕਿਸੇ ਗੰਭੀਰ ਵਿਸ਼ੇ ਵੱਲ ਵਧਦੇ ਹੋਏ ਉਹ ਮਜ਼ਾਕ ਵੱਲ ਤੁਰ ਪੈਂਦੇ ਸੀ।

ਅਸਲ ਵਿੱਚ ਆਪਣੇ ਗੀਤਾਂ ਦੇ ਹਾਸਿਆਂ ਨਾਲ ਸਾਰਿਆਂ ਨੂੰ ਖੁਸ਼ ਕਰਨ ਵਾਲਾ ਇਹ ਇਨਸਾਨ ਆਪਣੀ ਨਿੱਜੀ ਜ਼ਿੰਦਗੀ ''''ਚ ਕਈ ਦੁੱਖਾਂ ''''ਚੋਂ ਗੁਜ਼ਰ ਚੁੱਕਾ ਸੀ।

ਇਸੇ ਕਰਕੇ ਉਨ੍ਹਾਂ ਦੁੱਖਾਂ ਦੀਆਂ ਮੁਸ਼ਕਲ ਯਾਦਾਂ ਤੋਂ ਬਚਣ ਲਈ ਸ਼ਾਇਦ ਇਹੀ ਤਰੀਕਾ ਉਨ੍ਹਾਂ ਨੂੰ ਪਤਾ ਸੀ।

ਕਿਸ਼ੋਰ ਕੁਮਾਰ ਨੇ ਕੁੱਲ ਚਾਰ ਵਿਆਹ ਕੀਤੇ, ਜਿੰਨ੍ਹਾਂ ''''ਚੋਂ ਤਿੰਨ ਦਾ ਅੰਤ ਦੁਖਦਾਈ ਰਿਹਾ।

ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਖੂਬਸੂਰਤ ਔਰਤ ਮੰਨੀ ਜਾਂਦੀ, ਮਧੂਬਾਲਾ ਉਨ੍ਹਾਂ ਦੀ ਦੂਜੀ ਪਤਨੀ ਸੀ, ਜਿੰਨ੍ਹਾਂ ਨਾਲ ਉਨ੍ਹਾਂ ਨੇ ਆਪਣੇ ਵਿਆਹੁਤਾ ਜ਼ਿੰਦਗੀ ਦੇ ਮੁਸ਼ਕਲ ਸਾਲ ਬਿਤਾਏ।

ਵਿਆਹ ਦੇ ਸਮੇਂ ਹੀ ਕਿਸ਼ੋਰ ਕੁਮਾਰ ਇਸ ਗੱਲ ਤੋਂ ਜਾਣੂ ਸਨ ਕਿ ਮਧੂਬਾਲਾ ਨੂੰ ਦਿਲ ਦੀ ਗੰਭੀਰ ਬਿਮਾਰੀ ਹੈ।

ਵਿਆਹ ਤੋਂ ਬਾਅਦ ਜ਼ਿਆਦਾਤਰ ਸਮਾਂ ਮਧੂਬਾਲਾ ਮੰਜੇ ''''ਤੇ ਹੀ ਰਹੇ ਅਤੇ 1969 ''''ਚ ਉਨ੍ਹਾਂ ਦੀ ਦਰਦਨਾਕ ਮੌਤ ਤੋਂ ਪਹਿਲਾਂ ਕਿਸ਼ੋਰ ਕੁਮਾਰ ਨੇ ਉਨ੍ਹਾਂ ਦੀ ਬਹੁਤ ਸੇਵਾ ਕੀਤੀ।

ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਦੋ ਹੋਰ ਵਿਆਹ ਕਰਵਾਏ ਪਰ ਮਧੂਬਾਲਾ ਵਰਗੀ ਖੂਬਸੂਰਤ ਔਰਤ ਦੀ ਅਜਿਹੀ ਮੌਤ ਦਾ ਦਰਦ ਉਹ ਕਦੇ ਵੀ ਨਹੀਂ ਭੁੱਲ ਸਕੇ।

ਕਿਸ਼ੋਰ ਕੁਮਾਰ ਬੇਮਿਸਾਲ ਪ੍ਰਤਿਭਾ ਦੇ ਮਾਲਕ ਸਨ। ਜਿਸ ''''ਚ ਹਰ ਚੰਗੇ-ਮਾੜੇ ਤਜ਼ਰਬੇ ਨੂੰ ਰਚਨਾਤਮਕਤਾ ''''ਚ ਢਾਲਣ ਦੀ ਸਮਰੱਥਾ ਸੀ।

ਇਹ ਉਦੋਂ ਹੀ ਸੰਭਵ ਹੋਇਆ ਜਦੋਂ ਉਨ੍ਹਾਂ ਦੇ ਸੁਰਾਂ ''''ਚ ਕਿਤੇ ਮਤਵਾਲੇ ਪ੍ਰੇਮੀ ਦੀ ਤੜਪ ਅਤੇ ਕਿਤੇ ਸਾਧੂ ਦੀ ਖੜੋਤ ਵਾਲੀ ਬੈਚੇਨੀ ਨਾਲੋ-ਨਾਲ ਵਿਖਾਈ ਦਿੰਦੀ ਹੈ। ਕਿਸ਼ੋਰ ਕੁਮਾਰ ਸ਼ਰਾਰਤ ਦੇ ਵੀ ਖ਼ਲੀਫ਼ਾ ਸਨ।

ਉਹ ਸਲਿਲ ਚੌਧਰੀ ਵਰਗੇ ਗੰਭੀਰ ਸੰਗੀਤ ਨਿਰਦੇਸ਼ਕ ਅਤੇ ਸੰਕਰ ਸ਼ੈਲੇਂਦਰ ਵਰਗੇ ਮਹਾਨ ਗੀਤਕਾਰ ਦੇ ਕੰਮ ''''ਚ ਵੀ ਹਾਸੇ ਦਾ ਛਿੱਟਾ ਸ਼ਾਮਲ ਕਰਨ ਦੀ ਯੋਗਤਾ ਰੱਖਦੇ ਸਨ।

1962 ਦੀ ਫਿਲਮ ''''ਹਾਫ਼ ਟਿਕਟ'''' ਦਾ ਗੀਤ ''''ਆ ਕੇ ਸੀਧੀ ਲਗੀ ਦਿਲ ਪੇ ਜੈਸੇ ਕਟਰੀਆ'''' ਇਸ ਦੀ ਵਿਸ਼ੇਸ਼ ਮਿਸਾਲ ਹੈ।

ਉਨ੍ਹਾਂ ਦਾ ਦਿਲ ਮੁਹੱਬਤ ਦਾ ਨਿਰੰਤਰ ਵਹਿੰਦਾ ਚਸ਼ਮਾ ਸੀ ਅਤੇ ਉਹੀ ਪਿਆਰ, ਮੁਹੱਬਤ ਉਨ੍ਹਾਂ ਦੇ ਰੋਮਾਂਟਿਕ ਗੀਤਾਂ ਵਿੱਚ ਝਰਨੇ ਵਾਂਗ ਵਗਦੀ ਨਜ਼ਰ ਆਉਂਦੀ ਹੈ।

ਜੇਕਰ ਤੁਸੀਂ ਉਨ੍ਹਾਂ ਦੀ ਸੰਗੀਤ ਪ੍ਰਤੀ ਸਮਝ ਦਾ ਅੰਦਾਜ਼ਾ ਲਗਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਵੱਲੋਂ ਗਾਇਆ ਹੋਇਆ ਰਵੀਂਦਰ ਸੰਗੀਤ ਜ਼ਰੂਰ ਸੁਣੋ। ਸੱਤਿਆਜੀਤ ਰੇਅ ਦੀ ''''ਚਾਰੁਲਤਾ'''' ''''ਚ ਟੈਗੋਰ ਵੱਲੋਂ ਲਿਖਿਆ ''''ਆਗੋ ਬਿਦੇਸ਼ਨੀ'''' ਸੁਣੋ। ਜੇਕਰ ਉਨ੍ਹਾਂ ਦੀ ਵਿਲੱਖਣਤਾ ਨੂੰ ਖੋਜਣ ਲਈ ਨਿਕਲੋਗੇ ਤਾਂ ਉਨ੍ਹਾਂ ਦੇ ਹਜ਼ਾਰ ਨਵੇਂ ਰੰਗ ਵੇਖਣ ਨੂੰ ਮਿਲਣਗੇ।

ਭੀੜ੍ਹ-ਭੜੱਕੇ ਅਤੇ ਪਾਰਟੀਆਂ ਤੋਂ ਦੂਰ ਰਹਿਣ ਵਾਲੇ ਇਕਾਂਤ ਪਸੰਦ ਕਿਸ਼ੋਰ ਕੁਮਾਰ ਰੁੱਖਾਂ ਨਾਲ ਬਹੁਤ ਪਿਆਰ ਕਰਦੇ ਸਨ ਅਤੇ ਐਲਫ੍ਰੇਡ ਹਿਚਕੌਕ ਦੀਆਂ ਡਰਾਉਣੀਆਂ ਫਿਲਮਾਂ ਦੇ ਦੀਵਾਨੇ ਸਨ। ਆਪਣੇ ਬਗ਼ੀਚੇ ''''ਚ ਲੱਗੇ ਰੁੱਖਾਂ ਦੇ ਉਨ੍ਹਾਂ ਨੇ ਬੁਧੂਰਾਮ, ਜਨਾਰਦਨ, ਗੰਗਾਧਰ, ਰਘੁਨੰਦਨ ਅਤੇ ਜਗਨਨਾਥ ਵਰਗੇ ਨਾਮ ਦੇ ਰੱਖੇ ਸਨ ਅਤੇ ਰੁੱਖਾਂ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਮੰਨਦੇ ਸਨ।

ਬਾਗ਼ੀ ਕਿਸ਼ੋਰ ਕੁਮਾਰ

1975 ''''ਚ ਜਦੋਂ ਦੇਸ਼ ''''ਚ ਐਮਰਜੈਂਸੀ ਲੱਗੀ ਤਾਂ ਇੰਦਰਾ ਗਾਂਧੀ ਨੇ ਆਪਣੀਆਂ ਨੀਤੀਆਂ ਬਾਰੇ ਇੱਕ 20 ਨੁਕਤੀ ਪ੍ਰੋਗਰਾਮ ਬਣਾਇਆ ਅਤੇ ਉਸ ਦੇ ਪ੍ਰਚਾਰ ਲਈ ਆਪਣੇ ਵਿਸ਼ਵਾਸਪਾਤਰ ਵਿਦਿਆਚਰਨ ਸ਼ੁਕਲ ਨੂੰ ਸੂਚਨਾ ਮੰਤਰੀ ਬਣਾਇਆ।

ਵਿਦਿਆਚਰਨ ਸ਼ੁਕਲ ਫਿਲਮਾਂ ਦੀ ਤਾਕਤ ਨੂੰ ਜਾਣਦੇ ਸਨ ਅਤੇ ਬੰਬਈ ''''ਚ ਬਹੁਤ ਸਾਰੇ ਫਿਲਮਕਾਰਾਂ ਨਾਲ ਉਨ੍ਹਾਂ ਦੇ ਨਜ਼ਦੀਕੀ ਸੰਬੰਧ ਸਨ।

ਉਹ ਤਾਨਾਸ਼ਾਹੀ ਦਾ ਦੌਰ ਸੀ ਅਤੇ ਜਿਵੇਂ ਕਿ ਅਜਿਹੇ ਸਮੇਂ ''''ਚ ਹੁੰਦਾ ਹੈ ਕਿ ਸੱਤਾ ਦੇ ਕਿਸੇ ਵੀ ਵਿਚਾਰ ਨਾਲ ਅਸਹਿਮਤ ਹੋਣਾ ਕਲਾਕਾਰ ਲਈ ਘਾਤਕ ਸਿੱਧ ਹੁੰਦਾ ਹੈ।

ਪਹਿਲਾਂ ਕਿਸ਼ੋਰ ਕੁਮਾਰ ਨੂੰ ਬੰਬਈ ''''ਚ ਯੂਥ ਕਾਂਗਰਸ ਦੀ ਇੱਕ ਰੈਲੀ ''''ਚ ਗਾਉਣ ਲਈ ਕਿਹਾ ਗਿਆ। ਉਨ੍ਹਾਂ ਨੇ ਗਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਸ਼ੁਕਲ ਚਾਹੁੰਦੇ ਸਨ ਕਿ ਇੰਦਰਾ ਗਾਂਧੀ ਅਤੇ ਉਨ੍ਹਾਂ ਦੇ 20 ਨੁਕਤੀ ਪ੍ਰੋਗਰਾਮ ਦੀ ਉਸਤਤ ''''ਚ ਗੀਤ ਲਿਖੇ ਜਾਣ ਅਤੇ ਉਨ੍ਹਾਂ ਨੂੰ ਉਸ ਦੌਰ ਦੇ ਮਹਾਨ ਗਾਇਕਾਂ ਵੱਲੋਂ ਗਾਇਆ ਜਾਵੇ।

ਸ਼ੁਕਲ ਦੇ ਹੁਕਮਾਂ ''''ਤੇ ਸੂਚਨਾ ਮੰਤਰਾਲੇ ਦੇ ਕੁਝ ਅਧਿਕਾਰੀ ਇਸ ਸਬੰਧ ''''ਚ ਕਿਸ਼ੋਰ ਕੁਮਾਰ ਨੂੰ ਮਿਲਣ ਲਈ ਬੰਬਈ ਗਏ।

ਕਿਸ਼ੋਰ ਕੁਮਾਰ ਨੂੰ ਦੱਸਿਆ ਗਿਆ ਕਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਉਨ੍ਹਾਂ ਨੇ ਫਲਾਂ-ਫਲਾਂ ਗੀਤ ਗਾਉਣੇ ਹੋਣਗੇ, ਪਰ ਕਿਸ਼ੋਰ ਕੁਮਾਰ ਨੇ ਉਨ੍ਹਾਂ ਅਧਿਕਾਰੀਆਂ ਨੂੰ ਆਪਣੇ ਘਰੋਂ ਬਾਹਰ ਕਰ ਦਿੱਤਾ।

ਆਪਣੀ ਸੱਤਾ ਦੀ ਬੇਇੱਜ਼ਤੀ ਨੂੰ ਵੇਖਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧਿਕਾਰੀਆਂ ਨੇ ਦੇਸ਼ ਦੇ ਸਭ ਤੋਂ ਮਸ਼ਹੂਰ ਅਤੇ ਪਿਆਰੇ ਗਾਇਕ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ।

ਇੱਕ ਲਿਖਤੀ ਹੁਕਮ ਜਾਰੀ ਕਰਕੇ ਕਿਹਾ ਗਿਆ ਕਿ ਇਸ ''''ਗੁਨਾਹ'''' ਦੀ ਸਜ਼ਾ ਵੱਜੋਂ ਆਕਾਸ਼ਵਾਣੀ ਅਤੇ ਦੂਰਦਰਸ਼ਨ ''''ਤੇ ਕਿਸ਼ੋਰ ਕੁਮਾਰ ਵੱਲੋਂ ਗਾਏ ਗੀਤਾਂ ''''ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਜਿੰਨ੍ਹਾਂ ਫਿਲਮਾਂ ''''ਚ ਕਿਸ਼ੋਰ ਨੇ ਬਤੌਰ ਨਾਇਕ ਕੰਮ ਕੀਤਾ ਸੀ, ਉਨ੍ਹਾਂ ਨੂੰ ਵੀ ਨਿਸ਼ਾਨੇ ''''ਤੇ ਲਿਆ ਗਿਆ।

ਇਸ ਦੇ ਨਾਲ ਹੀ ਇਹ ਵੀ ਹੁਕਮ ਜਾਰੀ ਕੀਤਾ ਗਿਆ ਕਿ ਕਿਸ਼ੋਰ ਕੁਮਾਰ ਦੇ ਗੀਤਾਂ ਦੇ ਗ੍ਰਾਮੋਫੋਨ ਰਿਕਾਰਡਾਂ ਦੀ ਵਿਕਰੀ ''''ਤੇ ਵੀ ਪਾਬੰਦੀ ਲਗਾਈ ਜਾਵੇ।

ਅਫਸਰਸ਼ਾਹੀ ਸਮਝਦੀ ਸੀ ਕਿ ਉਨ੍ਹਾਂ ਦੇ ਇੰਨ੍ਹਾਂ ਹੁਕਮਾਂ ਦੇ ਨਾਲ ਸਾਰੀ ਫਿਲਮ ਇੰਡਸਟਰੀ ''''ਚ ਡਰ ਦਾ ਮਾਹੌਲ ਬਣ ਜਾਵੇਗਾ ਅਤੇ ਵਿਰੋਧ ਦੀ ਸੰਭਾਵਨਾ ਖਤਮ ਹੋ ਜਾਵੇਗੀ।

ਹਾਲਾਂਕਿ ਜ਼ਿਆਦਤਰ ਕਲਾਕਾਰਾਂ ਨੇ ਡਰ ਦੇ ਕਾਰਨ ਚੁੱਪਚਾਪ ਸਾਰੀਆਂ ਸ਼ਰਤਾਂ ਮੰਨ ਲਈਆਂ ਸਨ ਪਰ ਸਰਕਾਰ ਦੇ ਵਿਰੋਧ ਵਿੱਚ ਬੋਲਣ ਵਾਲਿਆਂ ਦੀ ਗਿਣਤੀ ਹੌਲੀ-ਹੌਲੀ ਵੱਧਣ ਲੱਗੀ ਸੀ।

ਦੇਵ ਆਨੰਦ, ਵਿਜੇ ਆਨੰਦ ਰਾਜਕੁਮਾਰ, ਵੀ ਸ਼ਾਂਤਾਰਾਮ, ਉੱਤਮ ਕੁਮਾਰ ਅਤੇ ਸੱਤਿਆਜੀਤ ਰੇਅ ਵਰਗੇ ਲੋਕਾਂ ਨੇ ਸਰਕਾਰ ਅੱਗੇ ਝੁਕਣ ਤੋਂ ਮਨ੍ਹਾਂ ਕਰ ਦਿੱਤਾ।

ਸੱਤਿਆਜੀਤ ਰੇਅ ਨੇ ਤਾਂ ਇੰਦਰਾ ਗਾਂਧੀ ਦੀ ਉਸ ਤਜਵੀਜ਼ ਨੂੰ ਵੀ ਠੋਕਰ ਮਾਰ ਦਿੱਤੀ ਸੀ, ਜਿਸ ਦੇ ਤਹਿਤ ਉਨ੍ਹਾਂ ਨੇ ਜਵਾਹਰ ਲਾਲ ਨਹਿਰੂ ''''ਤੇ ਬਣਨ ਵਾਲੀ ਫਿਲਮ ਦਾ ਨਿਰਦੇਸ਼ਨ ਕਰਨਾ ਸੀ।

ਇਹ ਉਹ ਦੌਰ ਸੀ ਜਦੋਂ ਕਲਾਕਾਰਾਂ ਕੋਲ ਆਪਣੇ ਕੰਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸੀਮਤ ਵਸੀਲੇ ਸਨ।

ਅਜਿਹੇ ''''ਚ ਸਰਕਾਰ ਅੱਗੇ ਨਾ ਝੁਕਣ ਵਾਲੇ ਜਿੰਨ੍ਹਾਂ ਮੁੱਠੀ ਭਰ ਲੋਕਾਂ ਨੇ ਆਪਣੀ ਰੀੜ੍ਹ ਦੀ ਹੱਡੀ ਨੂੰ ਸਾਬਤ ਬਚਾਅ ਕੇ ਰੱਖਿਆ, ਕਿਸ਼ੋਰ ਕੁਮਾਰ ਉਨ੍ਹਾਂ ਵਿੱਚੋਂ ਪਹਿਲੀ ਕਤਾਰ ''''ਚ ਸਨ।

:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News