ਰੁਜ਼ਗਾਰ ਲਈ ਦੁਬਈ ਗਈ ਮਾਂ ਕਿਵੇਂ ਪਾਕਿਸਤਾਨ ਪਹੁੰਚ ਗਈ ਤੇ ਹੁਣ 20 ਸਾਲ ਤੋਂ ਬੱਚਿਆਂ ਦੀ ਸੂਰਤ ਵੇਖਣ ਨੂੰ ਤਰਸ ਰਹੀ ਹੈ

08/06/2022 4:30:33 PM

20 ਸਾਲ ਪਹਿਲਾਂ ਭਾਰਤ ਤੋਂ ਲਾਪਤਾ ਹੋਣ ਵਾਲੀ ਇੱਕ ਔਰਤ ਸੋਸ਼ਲ ਮੀਡੀਆ ਰਾਹੀਂ ਜਾਰੀ ਇੱਕ ਵੀਡੀਓ ਰਾਹੀਂ ਪਾਕਿਸਤਾਨ ਵਿੱਚ ਮਿਲੀ ਹੈ।

ਹਮੀਦਾ ਬਾਨੋ ਨੇ ਸਾਲ 2002 ਵਿੱਚ ਇੱਕ ਏਜੰਟ ਰਾਹੀਂ ਦੁਬਈ ਵਿੱਚ ਰਸੋਈਏ ਦੀ ਨੌਕਰੀ ਦੇਣ ਦੇ ਭਰੋਸੇ ਤੋਂ ਬਾਅਦ ਦੇਸ਼ ਛੱਡਿਆ ਸੀ।

ਬਾਨੋ ਦਾ ਕਹਿਣਾ ਹੈ ਕਿ ਨੌਕਰੀ ਦੇ ਨਾਮ ’ਤੇ ਉਨ੍ਹਾਂ ਨਾਲ ਧੋਖਾਧੜੀ ਹੋਈ ਹੈ ਅਤੇ ਉਨ੍ਹਾਂ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ।

ਮੁੰਬਈ ਦੀ ਰਹਿਣ ਵਾਲੀ ਹਮੀਦਾ ਬਾਨੋ ਦੇ ਪਰਿਵਾਰ ਨੇ ਬੀਬੀਸੀ ਮਰਾਠੀ ਨੂੰ ਦੱਸਿਆ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਹਮੀਦਾ ਦੀ ਭਾਲ ਕਰ ਰਹੇ ਸਨ।

ਉਨ੍ਹਾਂ ਨੂੰ ਇੱਕ ਭਾਰਤੀ ਅਤੇ ਪਾਕਿਸਤਾਨੀ ਨਾਗਰਿਕ ਦੀ ਸਹਾਇਤਾ ਨਾਲ ਲੱਭਿਆ ਗਿਆ ਹੈ।

ਭਾਰਤ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਤਣਾਅਪੂਰਨ ਰਹੇ ਹਨ ਜਿਸ ਕਰਕੇ ਪਾਕਿਸਤਾਨੀ ਅਤੇ ਭਾਰਤੀ ਨਾਗਰਿਕ ਸਰਹੱਦ ਪਾਰ ਕਰਨ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਦੇ ਹਨ।

ਹਮੀਦਾ ਬਾਨੋ ਪੈਸੇ ਅਤੇ ਸਥਾਨਕ ਜਾਣਕਾਰੀ ਦੀ ਕਮੀ ਕਾਰਨ ਵੀ ਸਮੱਸਿਆ ਦਾ ਸ਼ਿਕਾਰ ਹੋਏ ਹਨ।

ਇਸ ਸਭ ਦੌਰਾਨ ਵੀ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਦੀ ਆਸ ਨਹੀਂ ਛੱਡੀ।

ਜਦੋਂ ਸੋਸ਼ਲ ਮੀਡੀਆ ''''ਤੇ ਪਹੁੰਚੇ ਹਮੀਦਾ ਬਾਨੋ

ਇਸ ਸਾਲ ਜੁਲਾਈ ਵਿੱਚ ਹਮੀਦਾ ਬਾਨੋ ਦੀ ਆਸ ਨੂੰ ਬੂਰ ਪਿਆ ਜਦੋਂ ਪਾਕਿਸਤਾਨ ਵਿੱਚ ਇੱਕ ਸਮਾਜਕ ਕਾਰਕੁੰਨ ਵਲੀਉੱਲਾ ਮਾਰੂਫ਼ ਨੇ ਉਨ੍ਹਾਂ ਦਾ ਇੰਟਰਵਿਊ ਸੋਸ਼ਲ ਮੀਡੀਆ ਉੱਤੇ ਅਪਲੋਡ ਕੀਤਾ।

ਮੁੰਬਈ ਵਿੱਚ ਰਹਿਣ ਵਾਲੇ ਭਾਰਤੀ ਪੱਤਰਕਾਰ ਖਲਫਾਨ ਸ਼ੇਖ ਨੇ ਇਹ ਵੀਡੀਓ ਆਪਣੇ ਫਾਲੋਅਰਜ਼ ਨਾਲ ਸ਼ੇਅਰ ਕੀਤਾ ਜਿਸ ਤੋਂ ਬਾਅਦ ਇਹ ਬਾਨੋ ਦੇ ਪਰਿਵਾਰ ਤੱਕ ਪਹੁੰਚਿਆ।



ਇਨ੍ਹਾਂ ਦੋਹਾਂ ਨੇ ਬਾਨੋ ਅਤੇ ਉਨ੍ਹਾਂ ਦੀ ਧੀ ਯਾਸਮੀਨ ਸ਼ੇਖ ਦਰਮਿਆਨ ਵੀਡੀਓ ਕਾਲ ਰਾਹੀਂ ਗੱਲ ਕਰਵਾਈ।

ਇਸ ਭਾਵਨਾਤਮਕ ਵੀਡੀਓ ਕਾਲ ਵਿੱਚ ਯਾਸਮੀਨ ਸ਼ੇਖ ਨੇ ਆਖਿਆ ਸੀ,"ਤੁਸੀਂ ਕਿਵੇਂ ਹੋ, ਕੀ ਤੁਸੀਂ ਮੈਨੂੰ ਪਛਾਣਿਆ, ਤੁਸੀਂ ਇੰਨੇ ਸਾਲਾਂ ਤੋਂ ਕਿੱਥੇ ਹੋ।"

ਇਸ ਦੇ ਜਵਾਬ ਵਿੱਚ ਹਮੀਦਾ ਬਾਨੋ ਨੇ ਆਖਿਆ, "ਮੈਨੂੰ ਇਹ ਨਾ ਪੁੱਛੋ ਕਿ ਮੈਂ ਕਿੱਥੇ ਹਾਂ ਅਤੇ ਇਹ ਸਭ ਮੈਂ ਕਿਵੇਂ ਸਹਾਰਿਆ। ਮੈਨੂੰ ਤੁਹਾਡੇ ਬਹੁਤ ਯਾਦ ਆਈ ਮੈਂ ਇੱਥੇ ਆਪਣੀ ਮਰਜ਼ੀ ਨਾਲ ਨਹੀਂ ਰਹੀ। ਮੇਰੇ ਕੋਲ ਇਸ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ।"

ਪਾਕਿਸਤਾਨ ਵਿੱਚ ਕਿਵੇਂ ਗੁਜ਼ਰੇ 20 ਸਾਲ

ਮਾਰੂਫ਼ ਨੂੰ ਦਿੱਤੇ ਇੰਟਰਵਿਊ ਵਿੱਚ ਹਮੀਦਾ ਬਾਨੋ ਨੇ ਦੱਸਿਆ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਬੱਚਿਆਂ ਦਾ ਖ਼ਰਚਾ ਚੁੱਕ ਰਹੇ ਸਨ।

ਉਨ੍ਹਾਂ ਨੇ ਦੋਹਾ, ਕਤਰ, ਦੁਬਈ ਅਤੇ ਸਾਊਦੀ ਅਰਬ ਵਿੱਚ ਵੀ ਰਸੋਈਏ ਦੇ ਤੌਰ ''''ਤੇ ਕੰਮ ਕੀਤਾ ਹੈ।

ਹਮੀਦਾ ਨੇ ਦੱਸਿਆ ਕਿ ਸਾਲ 2002 ਵਿੱਚ ਦੁਬਈ ਵਿੱਚ ਨੌਕਰੀ ਲਈ ਉਨ੍ਹਾਂ ਨੂੰ ਇੱਕ ਏਜੰਟ ਨੇ ਸੰਪਰਕ ਕੀਤਾ। ਇਸ ਏਜੰਟ ਨੇ ਉਨ੍ਹਾਂ ਤੋਂ ਵੀਹ ਹਜ਼ਾਰ ਰੁਪਏ ਐਡਵਾਂਸ ਦੀ ਮੰਗ ਕੀਤੀ।

ਬਾਨੋ ਨੇ ਅੱਗੇ ਦੱਸਿਆ ਕਿ ਦੁਬਈ ਦੀ ਜਗ੍ਹਾ ਉਨ੍ਹਾਂ ਨੂੰ ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਵਿਖੇ ਭੇਜਿਆ ਗਿਆ ਜਿੱਥੇ ਉਨ੍ਹਾਂ ਨੂੰ ਤਿੰਨ ਮਹੀਨੇ ਬੰਦੀ ਬਣਾਇਆ ਗਿਆ।

ਬਾਨੋ ਨੇ ਆਪਣੇ ਇੰਟਰਵਿਊ ''''ਚ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਕਰਾਚੀ ਵਿੱਚ ਰਹਿਣ ਵਾਲੇ ਇੱਕ ਆਦਮੀ ਨਾਲ ਵਿਆਹ ਕੀਤਾ। ਮਹਾਂਮਾਰੀ ਦੌਰਾਨ ਉਸ ਦੀ ਮੌਤ ਹੋ ਗਈ।

ਇਸ ਵੇਲੇ ਹਮੀਦਾ ਬਾਨੋ ਪਾਕਿਸਤਾਨ ਵਿੱਚ ਆਪਣੇ ਸੌਤੇਲੇ ਬੇਟੇ ਨਾਲ ਰਹਿ ਰਹੀ ਹੈ।

ਯਾਸਮੀਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਦੇਸ਼ ਵਿਚ ਕੰਮ ਕਰਨ ਦੌਰਾਨ ਹਮੀਦਾ ਉਨ੍ਹਾਂ ਨੂੰ ਲਗਾਤਾਰ ਫੋਨ ਕਰਿਆ ਕਰਦੇ ਸਨ। 2002 ਤੋਂ ਬਾਅਦ ਉਨ੍ਹਾਂ ਦੀ ਮਾਂ ਨੇ ਕਈ ਮਹੀਨੇ ਉਨ੍ਹਾਂ ਨੂੰ ਫੋਨ ਨਹੀਂ ਕੀਤਾ।

ਯਾਸਮੀਨ ਨੇ ਅੱਗੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਏਜੰਟ ਨੂੰ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਸਾਡੀ ਮਾਂ ਬਿਲਕੁਲ ਠੀਕ ਹੈ ਅਤੇ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੀ।

''''''''ਅਸੀਂ ਵਾਰ ਵਾਰ ਏਜੰਟ ਨੂੰ ਫੋਨ ਕਰਦੇ ਰਹੇ ਅਤੇ ਫੇਰ ਇਹ ਏਜੰਟ ਇਕਦਮ ਗਾਇਬ ਹੋ ਗਿਆ।"

ਹਮੀਦਾ ਬਾਨੋ ਦੀ ਭਾਲ

ਮਾਰੂਫ਼ ਕਰਾਚੀ ਵਿੱਚ ਇੱਕ ਸਥਾਨਕ ਮਸਜਿਦ ਦੇ ਇਮਾਮ ਹਨ। ਉਨ੍ਹਾਂ ਨੇ ਦੱਸਿਆ ਕਿ ਹਮੀਦਾ ਬਾਨੋ ਨੂੰ ਉਹ ਤਕਰੀਬਨ ਡੇਢ ਦਹਾਕੇ ਪਹਿਲਾਂ ਮਿਲੇ ਸੀ ਜਦੋਂ ਉਨ੍ਹਾਂ ਨੇ ਮੁਹੱਲੇ ਵਿੱਚ ਇੱਕ ਦੁਕਾਨ ਖੋਲ੍ਹੀ ਸੀ।

ਮਾਰੂਫ਼ ਦੱਸਦੇ ਹਨ,"ਮੈਂ ਹਮੀਦਾ ਨੂੰ ਆਪਣੇ ਬਚਪਨ ਤੋਂ ਦੇਖ ਰਿਹਾ ਹਾਂ, ਉਹ ਹਮੇਸ਼ਾਂ ਪ੍ਰੇਸ਼ਾਨ ਦਿਖਦੀ ਸੀ।"

ਮਾਰੂਫ਼ ਪਿਛਲੇ ਕਈ ਸਾਲਾਂ ਤੋਂ ਸੋਸ਼ਲ ਮੀਡੀਆ ਦੀ ਸਹਾਇਤਾ ਨਾਲ ਬੰਗਲਾਦੇਸ਼ ਤੋਂ ਤਸਕਰੀ ਰਾਹੀਂ ਪਾਕਿਸਤਾਨ ਆਈਆਂ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਵਾ ਰਹੇ ਹਨ।

ਦੂਜੇ ਪਤੀ ਦੀ ਮੌਤ ਤੋਂ ਬਾਅਦ ਹਮੀਦਾ ਆਪਣੀ ਸੱਸ ਨੂੰ ਕਹਿ ਰਹੇ ਸੀ ਕਿ ਉਹ ਮਾਰੂਫ਼ ਨੂੰ ਉਨ੍ਹਾਂ ਦੀ ਸਹਾਇਤਾ ਲਈ ਮਨਾ ਲੈਣ।

ਮਾਰੂਫ਼ ਅੱਗੇ ਦੱਸਦੇ ਹਨ ਕਿ ਉਹ ਹਮੀਦਾ ਦੀ ਕਹਾਣੀ ਸੁਣ ਕੇ ਭਾਵੁਕ ਹੋ ਗਏ ਪਰ ਦੋਵਾਂ ਦੇਸ਼ਾਂ ਦਰਮਿਆਨ ਤਣਾਅਪੂਰਨ ਸੰਬੰਧਾਂ ਕਾਰਨ ਝਿਜਕ ਰਹੇ ਸਨ।

"ਮੇਰੇ ਦੋਸਤਾਂ ਨੇ ਮੈਨੂੰ ਭਾਰਤ ਤੋਂ ਦੂਰ ਰਹਿਣ ਲਈ ਆਖਿਆ। ਉਨ੍ਹਾਂ ਨੇ ਕਿਹਾ ਮੈਨੂੰ ਪ੍ਰੇਸ਼ਾਨੀਆਂ ਹੋ ਸਕਦੀਆਂ ਸਨ ਪਰ ਮੈਨੂੰ ਹਮੀਦਾ ਦੀ ਹਾਲਤ ਵੇਖ ਕੇ ਬੁਰਾ ਲੱਗਿਆ ਅਤੇ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।"

ਮਾਰੂਫ਼ ਨੇ ਅੱਗੇ ਦੱਸਿਆ ਕਿ ਆਪਣੇ ਇਨ੍ਹਾਂ ਯਤਨਾਂ ਵਾਸਤੇ ਕਿਸੇ ਤੋਂ ਕੋਈ ਆਰਥਿਕ ਸਹਾਇਤਾ ਨਹੀਂ ਲੈਂਦੇ। ਇਸੇ ਇੰਟਰਵਿਊ ਵਿੱਚ ਹਮੀਦਾ ਬਾਨੋ ਨੇ ਆਪਣੇ ਮੁੰਬਈ ਵਿੱਚ ਮੌਜੂਦ ਬੱਚਿਆਂ ਦਾ ਨਾਮ ਅਤੇ ਘਰ ਦਾ ਪਤਾ ਵੀ ਦੱਸਿਆ।

ਜਦੋਂ ਭਾਰਤੀ ਪੱਤਰਕਾਰ ਖਲਫ਼ਾਨ ਸ਼ੇਖ ਨੇ ਵੀਡੀਓ ਸ਼ੇਅਰ ਕੀਤੀ ਯਾਸਮੀਨ ਦੇ ਬੇਟੇ ਨੇ ਉਸ ਨੂੰ ਦੇਖ ਲਿਆ।

ਯਾਸਮੀਨ ਸ਼ੇਖ ਦੇ 18 ਸਾਲ ਦੇ ਬੇਟੇ ਨੇ ਆਪਣੀ ਨਾਨੀ ਨੂੰ ਕਦੇ ਨਹੀਂ ਦੇਖਿਆ ਸੀ ਕਿਉਂਕਿ ਉਸ ਦਾ ਜਨਮ ਉਨ੍ਹਾਂ ਦੇ ਜਾਣ ਤੋਂ ਬਾਅਦ ਹੀ ਹੋਇਆ ਸੀ। ਯਾਸਮੀਨ ਸ਼ੇਖ ਨੇ ਆਪਣੀ ਮਾਂ ਨੂੰ ਤੁਰੰਤ ਹੀ ਪਛਾਣ ਲਿਆ ਸੀ।

ਉਹ ਅੱਗੇ ਦੱਸਦੇ ਹਨ ਕਿ ਪਾਕਿਸਤਾਨ ਵਿੱਚ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਤੇ ਹਮੀਦਾ ਬਾਨੋ ਨਾਲ ਗੱਲ ਕਰਾਉਣ ਦੀ ਬੇਨਤੀ ਵੀ ਕੀਤੀ ਹੈ ਤਾਂ ਕਿ ਉਨ੍ਹਾਂ ਨੂੰ ਭਾਰਤ ਭੇਜਣ ਵਿੱਚ ਸਹਾਇਤਾ ਕੀਤੀ ਜਾ ਸਕੇ।

ਮਾਰੂਫ਼ ਨਹੀਂ ਜਾਣਦੇ ਕਿ ਇਸ ਵਿੱਚ ਕਿੰਨਾ ਸਮਾਂ ਲੱਗ ਸਕਦਾ ਹੈ ਪਰ ਹਮੀਦਾ ਬਾਨੋ ਆਪਣੇ ਬੱਚਿਆਂ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ।

ਉਹ ਆਖਦੇ ਹਨ, “ਮੈਂ ਆਪਣੇ ਬੱਚਿਆਂ ਨੂੰ ਦੁਬਾਰਾ ਦੇਖਣ ਦੀ ਉਮੀਦ ਲਗਪਗ ਛੱਡ ਹੀ ਦਿੱਤੀ ਸੀ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਅਜਿਹਾ ਹੀ ਲੱਗਦਾ ਹੈ।”

ਹਮੀਦਾ ਆਖਦੇ ਹਨ,"ਮੈਂ ਸਾਲਾਂ ਤੱਕ ਇੰਤਜ਼ਾਰ ਕੀਤਾ ਹੈ ਅਤੇ ਹੁਣ ਮੈਂ ਬਹੁਤ ਖੁਸ਼ ਹਾਂ। ਮੈਂ ਜਦੋਂ ਤੋਂ ਇਹ ਵੀਡੀਓ ਦੇਖਿਆ ਹੈ ਮੇਰੇ ਚਿਹਰੇ ’ਤੇ ਮੁਸਕਰਾਹਟ ਨਹੀਂ ਜਾ ਰਹੀ। ਇਹ ਇੱਕ ਅਜੀਬ ਭਾਵਨਾ ਹੈ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News