30 ਸਾਲਾਂ ਦੌਰਾਨ 28 ਫਿਲਮਾਂ ਵਿੱਚ ਕੰਮ ਕਰਨ ਵਾਲਾ ਮੁਲਜ਼ਮ ਕਿਵੇਂ ਪੁਲਿਸ ਦੀਆਂ ਨਜ਼ਰਾਂ ਤੋਂ ਲੁਕਿਆ ਰਿਹਾ

08/06/2022 8:00:32 AM

ਓਮ ਪ੍ਰਕਾਸ਼
BBC
ਓਮ ਪ੍ਰਕਾਸ਼ ਹਿਰਾਸਤ ''''ਚ ਹੈ ਅਤੇ ਉਸ ਨੇ ਆਪਣੇ ''''ਤੇ ਲੱਗੇ ਇਲਜ਼ਾਮਾਂ ''''ਤੇ ਕੋਈ ਟਿੱਪਣੀ ਨਹੀਂ ਕੀਤੀ ਹੈ

ਓਮ ਪ੍ਰਕਾਸ਼ ਜਿਨ੍ਹਾਂ ਨੂੰ ਪਾਸ਼ਾ ਵਜੋਂ ਵੀ ਜਾਣਿਆ ਜਾਂਦਾ ਹੈ ਕਦੇ ਹਰਿਆਣਾ ਪੁਲਿਸ ਦੇ ਸਭ ਤੋਂ ਜ਼ਿਆਦਾ ਲੋੜੀਂਦੇ ਮੁਜਰਮਾਂ ਦੀ ਸੂਚੀ ਵਿੱਚ ਸ਼ਾਮਲ ਸਨ।

ਇਸ ਸਾਬਕਾ ਫ਼ੌਜੀ ਦੀ ਲੁੱਟ ਅਤੇ ਕਤਲ ਦੇ ਇੱਕ ਮਾਮਲੇ ਵਿੱਚ ਪੁਲਿਸ ਨੂੰ ਭਾਲ ਸੀ। ਤੀਹ ਸਾਲਾਂ ਤੱਕ ਇਹ ਵਿਅਕਤੀ ਉੱਤਰ ਪ੍ਰਦੇਸ਼ ਵਿੱਚ ਪਛਾਣ ਬਦਲ ਕੇ ਰਹਿੰਦਾ ਰਿਹਾ ਅਤੇ ਕਿਸੇ ਨੂੰ ਭਿਣਕ ਵੀ ਨਹੀਂ ਪਈ।

ਓਮ ਪ੍ਰਕਾਸ਼ ਨੇ ਉਤਰ ਪ੍ਰਦੇਸ਼ ਵਿੱਚ ਇੱਕ ਨਵੀਂ ਜ਼ਿੰਦਗੀ ਅਤੇ ਇੱਕ ਨਵੀਂ ਪਛਾਣ ਬਣਾ ਲਈ ਸੀ। ਇੱਕ ਸਥਾਨਕ ਔਰਤ ਨਾਲ ਵਿਆਹ ਕਰਵਾ ਕੇ ਤਿੰਨ ਬੱਚਿਆਂ ਨੂੰ ਵੀ ਵੱਡਿਆਂ ਕੀਤਾ।

ਹਾਲਾਂਕਿ ਇਸ ਹਫ਼ਤੇ ਕਿਸਮਤ ਨੇ ਸਾਥ ਛੱਡ ਦਿੱਤਾ ਅਤੇ 65 ਸਾਲਾ ਓਮ ਪ੍ਰਕਾਸ਼ ਨੂੰ ਪੁਲਿਸ ਨੇ ਗਾਜ਼ੀਆਬਾਦ ਦੀ ਇੱਕ ਝੁੱਗੀ ਬਸਤੀ ਵਿੱਚੋਂ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਸਮੇਂ ਦੇ ਦੌਰਾਨ ਓਮ ਪ੍ਰਕਾਸ਼ ਨੇ ਟਰੱਕ ਡਰਾਈਵਰੀ ਕੀਤੀ, ਭਜਨ ਮੰਡਲੀ ਬਣਾ ਕੇ ਆਂਢ-ਗੁਆਂਢ ਦੇ ਪਿੰਡਾਂ ਵਿੱਚ ਭਜਨ ਕੀਰਤਨ ਕੀਤਾ। ਇੱਥੋਂ ਤੱਕ ਕਿ ਘੱਟ ਬਜਟ ਦੀਆਂ 28 ਸਥਾਨਕ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ।

ਓਮ ਪ੍ਰਕਾਸ਼ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਨੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ ਦੇ ਸਬ ਇੰਸਪੈਕਟਰ ਵਿਵੇਕ ਕੁਮਾਰ ਓਮ ਪ੍ਰਕਾਸ਼ ਨੂੰ ਗ੍ਰਿਫ਼ਤਾਰ ਕਰਨ ਵਾਲੀ ਟੀਮ ਦਾ ਹਿੱਸਾ ਸਨ। ਉਹ ਦੱਸਦੇ ਹਨ ਕਿ ਓਮ ਪ੍ਰਕਾਸ਼ ਨੇ 1992 ਦੇ ਕਤਲ ਦਾ ਇਲਜ਼ਾਮ ਇੱਕ ਸਾਥੀ ਉੱਪਰ ਲਗਾਇਆ ਹੈ।

ਓਮ ਪ੍ਰਕਾਸ਼ ਦੀ ਗ੍ਰਿਫ਼ਤਾਰੀ ਤੋਂ ਦੋ ਦਿਨਾਂ ਬਾਅਦ ਮੈਂ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਕਹਾਣੀ ਦੀ ਭਾਲ ਵਿੱਚ ਨਿਕਲੀ।

ਓਮ ਪ੍ਰਕਾਸ਼
BBC
ਓਮ ਪ੍ਰਕਾਸ਼ ਨੇ 28 ਫਿਲਮਾਂ ਵਿੱਚ ਕੰਮ ਕੀਤਾ ਅਤੇ ਇੱਕ ਵਿੱਚ ਪੁਲਿਸ ਵਾਲੇ ਦੀ ਭੂਮਿਕਾ ਵੀ ਨਿਭਾਈ

ਹਰਬੰਸ ਨਗਰ ਦੀ ਉਸ ਬੇਤਰਤੀਬੀ ਝੁੱਗੀ ਬਸਤੀ ਵਿੱਚ ਓਮ ਪ੍ਰਕਾਸ਼ ਦਾ ਘਰ ਲੱਭਣ ਵਿੱਚ ਮੈਨੂੰ ਸਾਢੇ ਤਿੰਨ ਘੰਟੇ ਲੱਗ ਗਏ।

ਉੱਥੇ ਮੇਰੀ ਮੁਲਾਕਾਤ ਓਮ ਪ੍ਰਕਾਸ਼ ਦੀ ਪਤਨੀ (ਰਾਜਕੁਮਾਰੀ) ਨਾਲ ਹੋਈ। ਉਨ੍ਹਾਂ ਦੇ ਵਿਆਹ ਨੂੰ 25 ਸਾਲ ਹੋ ਚੁੱਕੇ ਹਨ।

ਉਨ੍ਹਾਂ ਦੇ ਤਿੰਨ ਬੱਚਿਆਂ ਵਿੱਚੋਂ ਦੋ ਉੱਥੇ ਮੌਜੂਦ ਸਨ, 21 ਸਾਲਾ ਪੁੱਤਰ ਅਤੇ 14 ਸਾਲਾ ਧੀ।

ਰਾਜਕੁਮਾਰੀ ਨੇ ਬਿਸਤਰੇ ਦੇ ਗੱਦੇ ਥੱਲਿਓਂ ਪੁਰਾਣਾ ਹਿੰਦੀ ਅਖ਼ਬਾਰ ਕੱਢਿਆ, ਜਿਸ ਵਿੱਚ ਓਮ ਪ੍ਰਕਾਸ਼ ਉੱਪਰ ਲਗਾਏ ਇਲਜ਼ਾਮਾਂ ਦਾ ਵੇਰਵਾ ਸੀ।

ਰਾਜਕੁਮਾਰੀ ਨੇ ਦੱਸਿਆ ਕਿ ਉਹ ਤਾਂ ਅਜੇ ਤੱਕ ਵੀ ਸਦਮੇ ਵਿੱਚ ਸਨ ਕਿ ਉਨ੍ਹਾਂ ਨੂੰ ਇੰਨੇ ਸਾਲਾਂ ਤੱਕ ਓਮ ਪ੍ਰਕਾਸ਼ ਦੇ ਅਪਰਾਧਿਕ ਪਿਛੋਕੜ ਦੀ ਭਿਣਕ ਵੀ ਨਹੀਂ ਪਈ।

ਪਰਿਵਾਰ ਕੋਲ ਵੀ ਦੱਸਣ ਲਈ ਕੋਈ ਵਧੀਆ ਕਹਾਣੀ ਨਹੀਂ ਸੀ। ਰਾਜਕੁਮਾਰੀ ਨੇ ਦੱਸਿਆ, "ਮੈਂ 1997 ਵਿੱਚ ਉਸ ਨਾਲ ਵਿਆਹ ਕਰਵਾਇਆ ਬਿਨਾਂ ਇਹ ਜਾਣੇ ਕਿ ਉਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਤੇ ਹਰਿਆਣੇ ਵਿੱਚ ਉਸ ਦਾ ਪਰਿਵਾਰ ਸੀ।"

ਓਮ ਪ੍ਰਕਾਸ਼ ਕੌਣ ਹਨ ਤੇ ਕੀ ਹਨ ਇਲਜ਼ਾਮ

ਵਿਜੇ ਕੁਮਾਰ ਦੱਸਦੇ ਹਨ, ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਨਾਰਾਇਣਾ ਪਿੰਡ ਦੇ ਰਹਿਣ ਵਾਲੇ ਓਮ ਪ੍ਰਕਾਸ਼ ਨੇ "12 ਸਾਲ ਭਾਰਤੀ ਫ਼ੌਜ ਦੇ ਸਿਗਨਲ ਕੋਰਪਸ ਵਿੱਚ ਟੱਰਕ ਚਲਾਇਆ ਸੀ। ਸਾਲ 1988 ਵਿੱਚ ਚਾਰ ਸਾਲਾਂ ਤੱਕ ਨੌਕਰੀ ਤੋਂ ਗ਼ੈਰ-ਹਾਜ਼ਰ ਰਹਿਣ ਕਾਰਨ ਉਸ ਨੂੰ ਕੱਢ ਦਿੱਤਾ ਗਿਆ।"

ਕਥਿਤ ਕਤਲ ਤੋਂ ਪਹਿਲਾਂ ਵੀ ਓਮ ਪ੍ਰਕਾਸ਼ ਕਈ ਵਾਰ ਕਾਨੂੰਨ ਨਾਲ ਉਲਝੇ ਸਨ। ਸਾਲ 1986 ਵਿੱਚ ਉਨ੍ਹਾਂ ਨੇ ਇੱਕ ਕਾਰ ਚੋਰੀ ਕੀਤੀ, ਉਸ ਤੋਂ ਚਾਰ ਸਾਲ ਬਾਅਦ ਇੱਕ ਮੋਟਰਬਾਈਕ, ਕੱਪੜੇ ਸਿਉਣ ਦੀ ਮਸ਼ੀਨ ਅਤੇ ਸਕੂਟਰ ਚੋਰੀ ਕੀਤੇ।

ਇਹ ਸਾਰੇ ਜੁਰਮ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਅਤੇ ਓਮ ਪ੍ਰਕਾਸ਼ ਦੀ ਗ੍ਰਿਫ਼ਤਾਰੀ ਵੀ ਹੋਈ ਪਰ ਰਿਹਾਈ ਮਿਲ ਗਈ।

ਓਮ ਪ੍ਰਕਾਸ਼
BBC
ਓਮ ਪ੍ਰਕਾਸ਼ ਦੇ ਪੁੱਤਰ ਨੇ ਪਰਿਵਾਰਕ ਐਲਬਮ ਵਿੱਚੋਂ ਆਪਣੇ ਪਿਤਾ ਦੀ ਇੱਕ ਫੋਟੋ ਕੱਢੀ

ਕੁਮਾਰ ਦੱਸਦੇ ਹਨ ਕਿ ਸਾਲ 1992 ਵਿੱਚ ਓਮ ਪ੍ਰਕਾਸ਼ ਨੇ ਇੱਕ ਮੋਟਰਸਾਈਕਲ ਸਵਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ।

ਜਦੋਂ ਸ਼ਖਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਛੁਰਾ ਖੋਭ ਦਿੱਤਾ। ਜਦੋਂ ਉਨ੍ਹਾਂ ਨੇ ਦੇਖਿਆ ਕਿ ਕੁਝ ਪਿੰਡ ਵਾਸੀ ਉਨ੍ਹਾਂ ਵੱਲ ਭੱਜੇ ਆ ਰਹੇ ਸਨ, ਉਹ ਸਕੂਟਰ ਮੌਕੇ ਉੱਪਰ ਛੱਡ ਕੇ ਭੱਜ ਗਏ।

ਦੂਜੇ ਵਿਅਕਤੀ ਬਾਰੇ ਕੁਮਾਰ ਦੱਸਦੇ ਹਨ ਕਿ ਫੜਿਆ ਗਿਆ ਸੀ ਅਤੇ "ਜ਼ਮਾਨਤ ਉੱਪਰ ਰਿਹਾਅ ਕੀਤੇ ਜਾਣ ਤੋਂ ਪਹਿਲਾਂ ਉਸ ਨੇ ਸੱਤ-ਅੱਠ ਸਾਲ ਜੇਲ੍ਹ ਵਿੱਚ ਵੀ ਕੱਟੇ ਸਨ।"

ਹਾਲਾਂਕਿ, ਓਮ ਪ੍ਰਕਾਸ਼ ਗਾਇਬ ਹੋ ਗਏ ਅਤੇ ਕੇਸ ਠੰਢਾ ਪੈ ਗਿਆ। ਪੁਲਿਸ ਨੇ ਉਨ੍ਹਾਂ ਨੂੰ ਐਲਾਨੀਆ ਅਪਰਾਧੀ ਕਰਾਰ ਕਰ ਦਿੱਤਾ ਅਤੇ ਕੇਸ ਫਾਈਲ ਠੰਢੇ ਬਸਤੇ ਵਿੱਚ ਚਲੀ ਗਈ।

ਗ੍ਰਿਫ਼ਤਾਰੀ ਤੋਂ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਜ਼ਿਆਦਾਤਰ ਸਮਾਂ ਤਾਮਿਲਨਾਡੂ ਅਤੇ ਆਂਧਰ ਪ੍ਰਦੇਸ਼ ਦੇ ਮੰਦਰਾਂ ਵਿੱਚ ਸ਼ਰਣਾਰਥੀ ਵਜੋਂ ਬਿਤਾਇਆ।

ਫਿਰ ਵਾਪਸ ਆ ਕੇ ਆਪਣੇ ਘਰ ਜਾਣ ਦੀ ਥਾਂ ਓਮ ਪ੍ਰਕਾਸ਼ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ (ਘਰ ਤੋਂ ਕੋਈ 180 ਕਿੱਲੋਮੀਟਰ ਦੂਰ) ਚਲੇ ਗਏ ਅਤੇ ਟਰੱਕ ਡਰਾਈਵਰੀ ਸ਼ੁਰੂ ਕਰ ਦਿੱਤੀ।

ਰਾਜਕੁਮਾਰੀ ਦੱਸਦੇ ਹਨ ਕਿ ਝੁੱਗੀ ਬਸਤੀ ਵਿੱਚ ਓਮ ਪ੍ਰਕਾਸ਼ ਨੂੰ ਬਜਰੰਗ ਬਲੀ ਜਾਂ ਬਜਰੰਗੀ ਵਜੋਂ ਜਾਣਿਆਂ ਜਾਂਦਾ ਹੈ, ਕਿਉਂਕਿ 1990 ਦੇ ਦਹਾਕੇ ਵਿੱਚ ਉਹ ਇੱਕ ਵੀਸੀਆਰ ਫਿਲਮਾਂ ਕਿਰਾਏ ''''ਤੇ ਦੇਣ ਦੀ ਦੁਕਾਨ ਚਲਾਉਂਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦਾ ਦੂਜਾ ਨਾਮ ਫ਼ੌਜੀ ਤਾਊ ਵੀ ਹੈ, ਜੋ ਉਸ ਦੇ ਫ਼ੌਜੀ ਅਤੀਤ ਦੀ ਯਾਦ ਹੈ।

ਸਾਲ 2007 ਤੋਂ ਉਮ ਪ੍ਰਕਾਸ਼ ਨੇ ਛੋਟੇ ਬਜਟ ਦੀਆਂ ਸਥਾਨਕ ਫਿਲਮਾਂ ਵਿੱਚ ਅਦਾਕਾਰੀ ਵੀ ਕਰਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਫਿਲਮਾਂ ਵਿੱਚ ਉਨ੍ਹਾਂ ਨੇ ਸਰਪੰਚ, ਖਲਨਾਇਕ ਅਤੇ ਹਵਲਦਾਰ ਤੱਕ ਕਈ ਭੂਮਿਕਾਵਾਂ ਨਿਭਾਈਆਂ।

ਰਾਜਕੁਮਾਰੀ
BBC
ਰਾਜਕੁਮਾਰੀ ਦੱਸਦੇ ਹਨ ਕਿ ਝੁੱਗੀ ਬਸਤੀ ਵਿੱਚ ਓਮ ਪ੍ਰਕਾਸ਼ ਨੂੰ ਬਜਰੰਗ ਬਲੀ ਜਾਂ ਬਜਰੰਗੀ ਵਜੋਂ ਜਾਣਿਆਂ ਜਾਂਦਾ ਹੈ

ਕੁਮਾਰ ਦੱਸਦੇ ਹਨ ਕਿ ਉਨ੍ਹਾਂ ਨੇ ਵੋਟਰ ਕਾਰਡ ਅਤੇ ਇੱਕ ਅਧਾਰ ਕਾਰਡ ਵਰਗੇ ਨਵੇਂ ਸਰਕਾਰੀ ਦਸਤਾਵੇਜ਼ ਵੀ ਹਾਸਲ ਕਰ ਲਏ ਸਨ।

ਹਾਲਾਂਕਿ, ਓਮ ਪ੍ਰਕਾਸ਼ ਤੋਂ ਇੱਕ ਕੁਤਾਹੀ ਹੋ ਗਈ। ਦਸਤਾਵੇਜ਼ਾਂ ਉੱਪਰ ਆਪਣਾ ਅਤੇ ਪਿਤਾ ਦਾ ਨਾਮ ਅਸਲੀ ਛਪ ਗਿਆ।


:


ਰਾਜਕੁਮਾਰ ਦੀ ਕਹਾਣੀ

ਪੁਲਿਸ ਮੰਨਦੀ ਹੈ ਕਿ ਓਮ ਪ੍ਰਕਾਸ਼ ਦੇ ਨਵੇਂ ਪਰਿਵਾਰ ਨੂੰ ਉਸ ਦੇ ਅਪਰਾਧਿਕ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ ਸੀ।

ਰਾਜਕੁਮਾਰੀ ਦੱਸਦੇ ਹਨ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਓਮ ਪ੍ਰਕਾਸ਼ ਕੋਈ ਓਹਲਾ ਰੱਖ ਰਹੇ ਸਨ।

ਓਮ ਪ੍ਰਕਾਸ਼ ਰਾਜਕੁਮਾਰੀ ਨੂੰ ਹਰਿਆਣੇ ਵਿੱਚ ਆਪਣੇ ਘਰ ਲੈ ਕੇ ਗਏ। ਉੱਥੇ ਉਨ੍ਹਾਂ ਨੇ ਆਪਣੇ ਪਰਿਵਾਰ ਅਤੇ ਭਰਾ ਨਾਲ ਮਿਲਾਇਆ ਅਤੇ ਕਿਹਾ ਕਿ ਇਹ ਲੋਕ ਉਨ੍ਹਾਂ ਦੇ ਦੋਸਤ ਸਨ।

ਕੁਝ ਸਾਲਾਂ ਬਾਅਦ ਰਾਜਕੁਮਾਰੀ ਨੂੰ ਓਮ ਦੇ "ਪਿਛਲੇ ਵਿਆਹ ਬਾਰੇ ਪਤਾ ਲੱਗਾ ਜਦੋਂ ਪੁਰਾਣੀ ਪਤਨੀ ਨੇ ਘਰ ਦੇ ਬਾਹਰ ਆ ਕੇ ਹੰਗਾਮਾ ਕੀਤਾ।"

"ਉਦੋਂ ਹੀ ਮੈਨੂੰ ਅਤੇ ਸਾਰੇ ਸਾਡੇ ਗੁਆਂਢੀਆਂ ਨੂੰ ਪਤਾ ਲੱਗਿਆ ਕਿ ਉਸ ਦੀ ਇੱਕ ਹੋਰ ਜ਼ਿੰਦਗੀ ਸੀ- ਇੱਕ ਪਤਨੀ ਅਤੇ ਇੱਕ ਪੁੱਤਰ ਸੀ ਜੋ ਉਸ ਨੇ ਲੁਕਾ ਕੇ ਰੱਖੀ ਹੋਈ ਸੀ। ਸਾਨੂੰ ਧੋਖਾ ਮਿਲਿਆ ਮਹਿਸੂਸ ਹੋਇਆ।"

ਉਹ ਕਹਿੰਦੀ ਹੈ ਕਿ ਉਨ੍ਹਾਂ ਦਾ ਵਿਆਹ ਤੋਂ ਬਾਅਦ ਉਹ ਲੰਬੀ ਦੂਰੀ ਦੇ ਟਰੱਕ ਡਰਾਈਵਰ ਹੋਣ ਕਰਕੇ ਬਹੁਤਾ ਸਮਾਂ ਗ਼ੈਰ-ਹਾਜ਼ਿਰ ਰਹਿੰਦਾ ਸੀ ਪਰ ਹੁਣ ਉਹ ਜ਼ੋਰ ਦੇ ਕੇ ਕਹਿੰਦੀ ਹੈ ਕਿ ਇਹ ਇਸ ਲਈ ਸੀ ਕਿਉਂਕਿ ਉਹ ਦੂਜੇ ਪਰਿਵਾਰ ਨੂੰ ਮਿਲਣ ਜਾਂਦਾ ਸੀ।

ਉਨ੍ਹਾਂ ਦਾ ਰਿਸ਼ਤਾ ਵਿਗੜ ਗਿਆ, ਜੋੜੇ ਵਿੱਚ ਲੜਾਈ ਸ਼ੁਰੂ ਹੋ ਗਈ ਅਤੇ 2007 ਵਿੱਚ ਉਹ ਦੁਬਾਰਾ ਗਾਇਬ ਹੋ ਗਿਆ।

ਉਹ ਕਹਿੰਦੀ ਹੈ, "ਮੈਂ ਇੰਨਾ ਤੰਗ ਆ ਗਈ ਸੀ ਕਿ ਮੈਂ ਉਸ ਨੂੰ ਆਪਣੇ ਤੋਂ ਵੱਖ ਕਰ ਦਿੱਤਾ, ਮੈਂ ਇੱਕ ਸਥਾਨਕ ਸਰਕਾਰੀ ਦਫ਼ਤਰ ਗਈ ਅਤੇ ਲਿਖਤੀ ਰੂਪ ਵਿੱਚ ਇੱਕ ਹਲਫ਼ਨਾਮਾ ਦਿੱਤਾ ਕਿ ਮੇਰਾ ਹੁਣ ਉਸ ਦੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪਰ ਉਹ ਸੱਤ ਸਾਲਾਂ ਬਾਅਦ ਵਾਪਸ ਆਇਆ ਅਤੇ ਲਗਾਤਾਰ ਮੁਲਾਕਾਤ ਕਰਦਾ ਰਿਹਾ।"

ਓਮ ਪ੍ਰਕਾਸ਼
BBC
ਗ੍ਰਿਫ਼ਤਾਰੀ ਮਗਰੋਂ ਪੁਲੀਸ ਨਾਲ ਓਮ ਪ੍ਰਕਾਸ਼

ਉਸ ਦੀ 14 ਸਾਲ ਦੀ ਧੀ ਕਹਿੰਦੀ ਹੈ, "ਜਦੋਂ ਵੀ ਉਹ ਆਉਂਦਾ ਹੈ, ਅਸੀਂ ਉਸ ਨੂੰ ਤਰਸ ਦੇ ਕੇ ਕੁਝ ਭੋਜਨ ਦਿੰਦੇ ਹਾਂ ਕਿਉਂਕਿ ਉਹ ਸਾਡੇ ਪਿਤਾ ਅਤੇ ਇੱਕ ਬਜ਼ੁਰਗ ਆਦਮੀ ਹਨ।"

ਰਾਜਕੁਮਾਰੀ ਦਾ ਕਹਿਣਾ ਹੈ ਕਿ ਪਹਿਲਾਂ ਵੀ ਇੱਕ ਵਾਰ ਹਰਿਆਣਾ ਪੁਲਿਸ ਉਸ ਨੂੰ ਚੋਰੀ ਦੇ ਇੱਕ ਸ਼ੱਕੀ ਮਾਮਲੇ ਵਿੱਚ ਲੈ ਗਈ ਸੀ।

ਉਹ ਦੱਸਦੀ ਹੈ, "ਉਸ ਵੇਲੇ ਉਸ ਨੇ ਛੇ-ਸੱਤ ਮਹੀਨੇ ਜੇਲ੍ਹ ਵਿੱਚ ਬਿਤਾਏ, ਪਰ ਉਸ ਨੇ ਵਾਪਸ ਆ ਕੇ ਸਾਨੂੰ ਦੱਸਿਆ ਕਿ ਉਸ ਨੂੰ ਸਾਰੇ ਇਲਜ਼ਾਮਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ।"

ਗ੍ਰਿਫ਼ਤਾਰੀ ਦੇ ਬਾਵਜੂਦ, ਉਸ ਦਾ ਨਾਮ ਕਤਲ ਕੇਸ ਦੇ ਭਗੌੜਿਆਂ ਦੀ ਸੂਚੀ ਵਿੱਚ ਰਿਹਾ ਕਿਉਂਕਿ ਪੁਲਿਸ ਰਿਕਾਰਡ ਜ਼ਿਆਦਾਤਰ ਡਿਜੀਟਲਾਈਜ਼ਡ ਨਹੀਂ ਹਨ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੁਲਿਸ ਲਈ ਇੱਕ ਦੂਜੇ ਨਾਲ ਗੱਲ ਕਰਨਾ ਜਾਂ ਜਾਣਕਾਰੀ ਸਾਂਝਾ ਕਰਨਾ ਆਮ ਗੱਲ ਨਹੀਂ ਹੈ।

ਉਸ ਦਾ ਪਤਾ ਕਿਵੇਂ ਲਗਾਇਆ ਗਿਆ?

2020 ਵਿੱਚ, ਹਰਿਆਣਾ ਨੇ ਮੁੱਖ ਤੌਰ ''''ਤੇ ਸੰਗਠਿਤ ਅਪਰਾਧਾਂ, ਨਸ਼ੀਲੇ ਪਦਾਰਥਾਂ ਦੀ ਬਰਾਮਦਗੀ, ਅੱਤਵਾਦ ਅਤੇ ਸੂਬੇ ਦੀਆਂ ਸਰਹੱਦਾਂ ਨੂੰ ਪਾਰ ਕਰਨ ਵਾਲੇ ਮਾਮਲਿਆਂ ਨੂੰ ਦੇਖਣ ਲਈ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕਰਨ ਤੋਂ ਇੱਕ ਸਾਲ ਬਾਅਦ ਓਮ ਪ੍ਰਕਾਸ਼ ਦੀ ਫਾਈਲ ਦੁਬਾਰਾ ਖੋਲ੍ਹੀ ਗਈ ਸੀ।

ਫੋਰਸ ਨੇ ਉਸ ਨੂੰ "ਸਭ ਤੋਂ ਵੱਧ ਲੋੜੀਂਦੇ" ਦੀ ਸੂਚੀ ਵਿੱਚ ਸ਼ਾਮਲ ਕੀਤਾ ਅਤੇ ਉਸ ਦੀ ਜਾਣਕਾਰੀ ਦੇਣ ਲਈ 25,000 ਰੁਪਏ ਦੇ ਇਨਾਮ ਦਾ ਐਲਾਨ ਕੀਤਾ।

ਪਿਛਲੇ ਸਮੇਂ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕਈ ਦਹਾਕਿਆਂ ਤੋਂ ਲੰਬੇ ਸਮੇਂ ਤੋਂ ਭਗੌੜੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਪਰ ਸੀਨੀਅਰ ਇੰਡੀਅਨ ਐਕਸਪ੍ਰੈਸ ਪੱਤਰਕਾਰ ਅਮਿਲ ਭਟਨਾਗਰ, ਜਿਸ ਨੇ ਗਾਜ਼ੀਆਬਾਦ ਵਿੱਚ ਅਪਰਾਧ ਦੀਆਂ ਕਹਾਣੀਆਂ ਦਾ ਪਤਾ ਲਗਾਉਣ ਵਿੱਚ ਸਾਲ ਬਿਤਾਏ, ਦਾ ਕਹਿਣਾ ਹੈ ਕਿ "ਪੁਲਿਸ ਆਮ ਤੌਰ ''''ਤੇ ਠੰਢੇ ਪਏ ਕੇਸਾਂ ਨੂੰ ਉਦੋਂ ਹੀ ਮੁੜ ਖੋਲ੍ਹਦੀ ਹੈ ਜਦੋਂ ਉਨ੍ਹਾਂ ਵਿੱਚ ਅੱਤਵਾਦ ਜਾਂ ਲੜੀਵਾਰ ਕਤਲ ਸ਼ਾਮਲ ਹੁੰਦੇ ਹਨ ਜਾਂ ਜੇ ਉਨ੍ਹਾਂ ਨੂੰ ਕੋਈ ਸੂਹ ਮਿਲੀ ਹੁੰਦੀ ਹੈ।"

ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਫੋਰਸ ਨੇ ਇਸ ਕੇਸ ਦੀ ਮੁੜ ਜਾਂਚ ਕਰਨ ਦਾ ਫੈਸਲਾ ਕਿਉਂ ਕੀਤਾ।

ਪਰ ਦੋ ਮਹੀਨੇ ਪਹਿਲਾਂ, ਪੁਲਿਸ ਨੇ ਨਰੈਣਾ ਪਿੰਡ ਦਾ ਦੌਰਾ ਕੀਤਾ ਅਤੇ "50 ਅਤੇ 60 ਦੇ ਦਹਾਕੇ ਦੇ ਲੋਕਾਂ ਨਾਲ ਗੱਲ ਕੀਤੀ, ਜਿਨ੍ਹਾਂ ਨੂੰ ਓਮ ਪ੍ਰਕਾਸ਼ ਬਾਰੇ ਕੁਝ ਯਾਦ ਹੋਵੇ।"

ਇੱਥੋਂ ਹੀ ਉਨ੍ਹਾਂ ਨੂੰ ਆਪਣਾ ਪਹਿਲਾ ਸੁਰਾਗ਼ ਮਿਲਿਆ ਕਿ ਓਮ ਪ੍ਰਕਾਸ਼ ਲਗਭਗ ਦੋ ਦਹਾਕੇ ਪਹਿਲਾਂ ਪਿੰਡ ਆਇਆ ਸੀ ਅਤੇ ਉਹ ਹੁਣ ਉੱਤਰ ਪ੍ਰਦੇਸ਼ ਵਿੱਚ ਕਿਤੇ ਰਹਿ ਰਿਹਾ ਹੋਣਾ।

ਦੂਜੇ ਫੇਰੇ ਦੌਰਾਨ ਉਨ੍ਹਾਂ ਨੂੰ ਓਮ ਪ੍ਰਕਾਸ਼ ਦੇ ਨਾਮ ''''ਤੇ ਰਜਿਸਟਰਡ ਇੱਕ ਫ਼ੋਨ ਨੰਬਰ ਮਿਲਿਆ ਅਤੇ ਅੰਤ ਵਿੱਚ ਉਹ ਓਮ ਪ੍ਰਕਾਸ਼ ਦੇ ਨਵੀਂ ਰਿਹਾਇਸ਼ ਦੇ ਟਿਕਾਣੇ ਦਾ ਪਤਾ ਲਗਾ ਸਕੇ।

ਪੁਲਿਸ ਨੇ ਇੱਕ ਹਫ਼ਤੇ ਤੱਕ ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਉਸ ਦੇ ਘਰ ਦੀ ਪਛਾਣ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਛਾਣ ਲਈ ਵੀ ਸੰਘਰਸ਼ ਕਰਨਾ ਪਿਆ ਕਿਉਂਕਿ ਉਨ੍ਹਾਂ ਕੋਲ ਸਿਰਫ 30 ਸਾਲ ਪੁਰਾਣੀ ਤਸਵੀਰ ਸੀ ਅਤੇ ਹੁਣ ਉਹ ਬਹੁਤ ਵੱਖਰਾ ਦਿਖਾਈ ਦਿੰਦਾ ਹੈ।

ਕੁਮਾਰ ਨੇ ਦੱਸਿਆ, "ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਸੀ ਕਿ ਸਾਨੂੰ ਸਹੀ ਆਦਮੀ ਮਿਲੇ।"

ਉਸਨੇ ਅੱਗੇ ਕਿਹਾ, "ਅਪਰੇਸ਼ਨ ਪੂਰੀ ਗੁਪਤਤਾ ਨਾਲ ਕੀਤਾ ਗਿਆ ਸੀ ਕਿਉਂਕਿ ਅਸੀਂ ਚਿੰਤਤ ਸੀ ਕਿ ਇੱਕ ਗ਼ਲਤ ਕਦਮ ਨਾਲ ਉਹ ਹੋਰ 30 ਸਾਲਾਂ ਲਈ ਭੱਜ ਜਾਵੇਗਾ।"

ਅੱਗੇ ਕੀ ਹੋਵੇਗਾ?

ਇੰਨੇ ਲੰਬੇ ਸਮੇਂ ਤੋਂ ਭਗੌੜੇ ਵਿਅਕਤੀ ਦੀ ਗ੍ਰਿਫ਼ਤਾਰੀ ਨੂੰ ਸਪੈਸ਼ਲ ਟਾਸਕ ਫੋਰਸ ਦੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ, ਪਰ ਭਟਨਾਗਰ ਦਾ ਕਹਿਣਾ ਹੈ ਕਿ ਪੁਲਿਸ ਲਈ ਅਸਲ ਮਿਹਨਤ ਹੁਣ ਸ਼ੁਰੂ ਹੁੰਦੀ ਹੈ।

ਉਨ੍ਹਾਂ ਨੇ ਦੱਸਿਆ, "ਉਨ੍ਹਾਂ ਨੂੰ ਅਦਾਲਤ ਵਿੱਚ ਸਾਬਤ ਕਰਨਾ ਹੋਵੇਗਾ ਕਿ ਉਨ੍ਹਾਂ ਨੂੰ ਸਹੀ ਆਦਮੀ ਮਿਲਿਆ ਹੈ ਅਤੇ ਅਦਾਲਤਾਂ ਨੂੰ ਬਹੁਤ ਡੂੰਘਾਈ ਨਾਲ ਜਾਂਚ ਕਰਨੀ ਪਵੇਗੀ ਕਿ ਕੀ ਉਹ ਸਹੀ ਆਦਮੀ ਹੈ ਅਤੇ ਕੀ ਉਸ ਨੇ ਉਹ ਅਪਰਾਧ ਕੀਤਾ ਹੈ ਜਿਸ ਦਾ ਉਹ ਮੁਲਜ਼ਮ ਹੈ।"

ਦਹਾਕਿਆਂ ਪਹਿਲਾਂ ਵਾਪਰੇ ਅਪਰਾਧ ਨੂੰ ਦੇਖਦੇ ਹੋਏ, ਭਟਨਾਗਰ ਕਹਿੰਦੇ ਹਨ, ਸਬੂਤਾਂ ਦੀ ਗੁਣਵੱਤਾ ''''ਤੇ ਵੀ ਧਿਆਨ ਦਿੱਤਾ ਜਾਵੇਗਾ।

ਉਹ ਕਹਿੰਦੇ ਹਨ, "ਸਬੂਤ ਦੀ ਤੋੜ-ਮਰੋੜ ਅਪਰਾਧ ਦੇ ਕੇਸਾਂ ਦਾ ਇੱਕ ਬਹੁਤ ਹੀ ਠੋਸ ਪਹਿਲੂ ਹੁੰਦਾ ਹੈ। ਇਹ ਪੁਲਿਸ ਅਤੇ ਵਕੀਲਾਂ ਲਈ ਇਹ ਇੱਕ ਮੁਸ਼ਕਲ ਕੰਮ ਹੋਵੇਗਾ।"

ਉਸ ਦੇ ਘਰੋਂ ਨਿਕਲਣ ਤੋਂ ਪਹਿਲਾਂ, ਮੈਂ ਰਾਜਕੁਮਾਰੀ ਨੂੰ ਪੁੱਛਿਆ ਕਿ ਕੀ ਉਸ ਨੇ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੈ।

ਉਸ ਨੇ ਜਵਾਬ ਦਿੱਤਾ, "ਪੁਲਿਸ ਕਹਿੰਦੀ ਹੈ ਕਿ ਜੇਕਰ ਅਸੀਂ ਉਸ ਨੂੰ ਮਿਲਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਪਛਾਣ ਪੱਤਰ ਜਮ੍ਹਾ ਕਰਵਾਉਣਾ ਪਵੇਗਾ, ਪਰ ਮੈਂ ਅਜਿਹਾ ਨਹੀਂ ਕਰਨਾ ਚਾਹੁੰਦੀ। ਮਿਲਣ ਨਾਲ ਕੀ ਹੋ ਜਾਵੇਗਾ?"


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)Related News