ਅਕਾਲੀ ਦਲ ਦਾ ਜਥੇਬੰਦਕ ਢਾਂਚਾ ਭੰਗ: ਕੀ ਹਨ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ
Thursday, Jul 28, 2022 - 09:31 PM (IST)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀਰਵਾਰ ਨੂੰ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ ਅਨੁਾਸਾਰ ਪਾਰਟੀ ਦਾ ਸਮੁੱਚਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ।
ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਹੋਈ ਨਮੋਸ਼ੀ ਭਰੀ ਹਾਰ ਤੋਂ ਬਾਅਦ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਲਈ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਗਈ ਸੀ।
ਸੁਖਬੀਰ ਬਾਦਲ ਵੱਲੋਂ ਕੋਰ ਕਮੇਟੀ ਸਮੇਤ ਸਾਰੀਆਂ ਕਮੇਟੀਆਂ ਭੰਗ ਕਰ ਦਿੱਤੀਆ ਗਈਆਂ ਹਨ। ਇਹਨਾਂ ਵਿੱਚ ਵਰਕਿੰਗ ਕਮੇਟੀ, ਸਾਰੇ ਅਹੁਦੇਦਾਰ ਅਤੇ ਵੱਖ-ਵੱਖ ਵਿੰਗ ਵੀ ਸ਼ਾਮਿਲ ਹਨ।
ਸ਼੍ਰੋਮਣੀ ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ ਸਿਰਫ਼ 3 ਸੀਟਾਂ ਉਪਰ ਜਿੱਤ ਮਿਲੀ ਸੀ। ਇਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਨੂੰ 15 ਸੀਟਾਂ ਮਿਲੀਆਂ ਸਨ।
ਕੀ ਹਨ ਝੂੰਦਾਂ ਕਮੇਟੀ ਦੀਆਂ ਸਿਫਾਰਸ਼ਾਂ
- ਕਮੇਟੀ ਨੇ ਸਿਫਾਰਸ਼ ਕੀਤੀ ਸੀ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰ ਕੇ ਨਵੇਂ ਸਿਰੇ ਤੋਂ ਬਣਾਇਆ ਜਾਵੇ।
- ਪੰਥਕ, ਪੰਜਾਬੀ ਹਿੱਤਾਂ ਅਤੇ ਕਦਰਾਂ ਕੀਮਤਾਂ ਅਨੁਸਾਰ ਪਾਰਟੀ ਵਿੱਚ ਨਵੀਂ ਰੂਹ ਫੂਕੀ ਜਾਵੇ ।
- ਪਾਰਟੀ ਦੇ ਹੇਠਲੇ ਪੱਧਰ ਦੇ ਵਰਕਰਾਂ, ਕੇਡਰ ਅਤੇ ਲੀਡਰਸ਼ਿਪ ਦੀਆਂ ਭਾਵਨਾਵਾਂ ਦਾ ਖਿਆਲ ਰੱਖਿਆ ਜਾਵੇ।
- ਪਾਰਟੀ ਦੇ ਗੌਰਵਮਈ ਇਤਿਹਾਸ ਮੁਤਾਬਕ ਕਦਰਾਂ ਕੀਮਤਾਂ ਦਾ ਖਿਆਲ ਵੀ ਰੱਖਿਆ ਜਾਵੇ। ਇਸ ਵਿੱਚ ਨੌਜਵਾਨਾਂ ਦੀਆਂ ਇੱਛਾਵਾਂ ''''ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ''''ਤੇ ਜ਼ੋਰ ਦਿੱਤਾ ਗਿਆ ਸੀ।
- ਪਾਰਟੀ ਪ੍ਰਧਾਨ ਜਥੇਬੰਦਕ ਢਾਂਚੇ ਦੇ ਪੁਨਰਗਠਨ ਲਈ ਸੀਨੀਅਰ ਸਾਥੀਆਂ ਦੇ ਨਾਲ-ਨਾਲ ਵਰਕਰਾਂ ਅਤੇ ਕੇਡਰ ਨਾਲ ਰਾਇ ਮਸ਼ਵਰਾ ਕਰਨਗੇ।
- ਬਾਦਲ ਪੰਜਾਬੀ ਅਤੇ ਪੰਥਕ ਸ਼ਖਸੀਅਤਾਂ ਖਾਸ ਤੌਰ ''''ਤੇ ਬੁੱਧੀਜੀਵੀਆਂ, ਲੇਖਕਾਂ, ਧਾਰਮਿਕ ਅਤੇ ਸਿਆਸੀ ਬੁਲਾਰਿਆਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ, ਅਧਿਆਪਕਾਂ, ਵਪਾਰੀਆਂ, ਘਰੇਲੂ ਗ੍ਰਹਿਣੀਆਂ ਅਤੇ ਨੌਜਵਾਨਾਂ ਦੇ ਨੁਮਾਇੰਦਿਆਂ ਨਾਲ ਰਾਇ ਮਸ਼ਵਰਾ ਕਰਨਗੇ।
- ਕਮੇਟੀ ਨੇ ਨੌਜਵਾਨਾਂ ਦੀਆਂ ਇੱਛਾਵਾਂ ਮੁਤਾਬਕ ਢਾਂਚਾ ਬਣਾਉਣ ਦੀ ਲੋੜ ''''ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ।

100 ਸਾਲ ਪੁਰਾਣੀ ਪਾਰਟੀ ਦੀ ਵੱਡੀ ਹਾਰ
1920 ਵਿੱਚ ਬਣੇ ਸ਼੍ਰੋਮਣੀ ਅਕਾਲੀ ਦਲ ਨੇ 2020 ਵਿੱਚ ਆਪਣਾ 100 ਸਾਲਾ ਸਥਾਪਨਾ ਦਿਵਸ ਮਨਾਇਆ ਹੈ।
ਪਿਛਲੀ ਕਰੀਬ ਇੱਕ ਸਦੀ ਤੋਂ ਭਾਰਤ ਵਿੱਚ ਸਿਆਸੀ ਤੇ ਪੰਥਕ ਘੋਲਾਂ ਵਿੱਚ ਸੰਘਰਸ਼ ਲੜਦਾ ਰਿਹਾ ਅਕਾਲੀ ਦਲ ਹੁਣ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਵੀ ਨਹੀਂ ਹੈ।
ਪੰਥਕ ਹਿੱਤਾਂ ਦੀ ਪਹਿਰੇਦਾਰੀ ਲਈ ਹੋਂਦ ਵਿੱਚ ਆਏ ਅਕਾਲੀ ਦਲ ਨੇ ਕਈ ਵਾਰ ਪੰਜਾਬ ਅਤੇ ਸਿਆਸੀ ਗਠਜੋੜ ਨਾਲ ਭਾਰਤ ਦੀ ਕੇਂਦਰੀ ਸੱਤਾ ਦਾ ਆਨੰਦ ਮਾਣਿਆ ਹੈ।
ਹੁਣ ਇਸ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਨ ਅਤੇ ਉਨ੍ਹਾਂ ਦੇ ਪਿਤਾ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਹਨ।
ਜਿਹੜੀ ਪਾਰਟੀ ਕਦੇ ਪੰਜਾਬ ਤੇ ਪੰਥਕ ਹਿੱਤਾਂ ਦੇ ਮੋਰਚਿਆਂ ਅਤੇ ਕੁਰਬਾਨੀਆਂ ਲਈ ਜਾਣੀ ਜਾਂਦੀ ਸੀ, ਅੱਜ ਕੱਲ੍ਹ ਕਈ ਪੰਥਕ ਆਗੂ ਇਸ ਅਕਾਲੀ ਦਲ ਨੂੰ ''''''''ਨਿੱਜੀ ਕੰਪਨੀ'''''''' ਵਾਂਗ ਚਲਾਉਣ ਦੇ ਇਲਜ਼ਾਮ ਬਾਦਲ ਪਰਿਵਾਰ ਉੱਤੇ ਲਾ ਰਹੇ ਹਨ।
ਅਕਾਲੀਆਂ ਉੱਤੇ ਸੱਤਾ ਵਿੱਚ ਰਹਿੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ, ਰੇਤ, ਟਰਾਂਸਪੋਰਟ, ਸ਼ਰਾਬ ਅਤੇ ਕੇਬਲ ਮਾਫ਼ੀਆ ਨੂੰ ਸਰਪ੍ਰਸਤੀ ਦੇ ਇਲਜ਼ਾਮ ਲੱਗਦੇ ਹਨ।
ਇੱਥੋਂ ਤੱਕ ਕਿ ਇਸ ਦੇ ਕਈ ਸੀਨੀਅਰ ਆਗੂਆਂ ਉੱਤੇ ਪੰਜਾਬ ਵਿਚ ਨਸ਼ਾ ਤਸਕਰੀ ਕਰਵਾਉਣ ਦੇ ਇਲਜ਼ਾਮ ਵੀ ਲੱਗੇ।
ਇਹ ਗੱਲ ਵੱਖਰੀ ਹੈ ਕਿ ਇਹ ਇਲਜ਼ਾਮ ਨਾ ਕਿਸੇ ਅਦਾਲਤ ਵਿੱਚ ਸਾਬਿਤ ਹੋਏ ਅਤੇ ਨਾ ਕਿਸੇ ਨੂੰ ਸਜ਼ਾ ਮਿਲੀ।
ਅਕਾਲੀ ਦਲ ਦੀ ਲੀਡਰਸ਼ਿਪ ਇਸ ਨੂੰ ਆਪਣੇ ਖ਼ਿਲਾਫ਼ ਵਿਰੋਧੀਆਂ ਦੀ ਸਾਜ਼ਿਸ਼ ਦੱਸਦੀ ਰਹੀ ਹੈ।
ਪਰ ਇੰਨਾ ਜ਼ਰੂਰ ਹੈ ਕਿ ਸੁਖਦੇਵ ਸਿੰਘ ਢੀਂਡਸਾ, ਵਰਗੇ ਕਈ ਵੱਡੇ ਟਕਸਾਲੀ ਅਕਾਲੀ ਇਸ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ। ਭਾਵੇਂ ਕਿ ਰਣਜੀਤ ਸਿੰਘ ਬ੍ਰਹਮਪੁਰਾ ਮੁੜ ਕੇ ਪਾਰਟੀ ਵਿੱਚ ਆ ਗਏ ਹਨ।
ਪਰ ਇਹ ਵੀ ਸੱਚ ਹੈ ਕਿ ਉਕਤ ਹਾਲਾਤ ਨੇ ਹੀ ਅਕਾਲੀ ਦਲ ਨੂੰ ਸਿਆਸੀ ਪੱਖੋਂ ਪੰਜਾਬ ਵਿੱਚ ਕਮਜ਼ੋਰ ਕਰ ਦਿੱਤਾ।
ਪੰਜਾਬ ਵਿੱਚ 2022 ਦੀਆਂ ਚੋਣਾਂ ਦੌਰਾਨ ਇੰਝ ਲੱਗ ਰਿਹਾ ਹੈ, ਜਿਵੇਂ ਅਕਾਲੀ ਦਲ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੋਵੇ।
ਇਹ ਵੀ ਪੜ੍ਹੋ:
- ਵਿਦੇਸ਼ਾਂ ਤੋਂ ਪੈਸੇ ਮੰਗਵਾਉਣ ਦੇ ਨਿਯਮਾਂ ਵਿਚ ਹੋਇਆ ਬਦਲਾਅ, ਕਿੰਨੇ ਪੈਸੇ, ਕਿੰਨੇ ਸਮੇਂ ਵਿਚ ਮੰਗਵਾ ਸਕੋਗੇ
- ਕਾਲਾ ਪਾਣੀ: ਜਿੱਥੇ ਕੈਦੀ ਖੁਦ ਮੌਤ ਮੰਗਦੇ ਸੀ, ਉੱਥੇ ਭਗਤ ਸਿੰਘ ਦੇ ਸਾਥੀ ਸਣੇ ਕੈਦੀਆਂ ਨੇ ਜਦੋਂ ਬਗ਼ਾਵਤ ਕੀਤੀ ਸੀ
- ਨਕਲੀ ਆਈਪੀਐੱਲ, ਨਕਲੀ ਖਿਡਾਰੀ, ਅੰਪਾਇਰ ਨਕਲੀ, ਕੀ ਹੈ ਮਾਮਲਾ ਜਿਸ ਦਾ ਪੁਲਿਸ ਨੇ ਪਰਦਾਫਾਸ਼ ਕੀਤਾ
ਅਕਾਲੀ ਦਲ ਕਿਵੇਂ ਹੋਂਦ ਵਿੱਚ ਆਇਆ
ਸਿੱਖ ਯੂਨੀਵਰਸਿਟੀ ਸੈਂਟਰ, ਬੈਲਜੀਅਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਉੱਤੇ ਡਾਕਟਰ ਹਰਜਿੰਦਰ ਸਿੰਘ ਦਿਲਗੀਰ ਦੀ ਕਿਤਾਬ ''''ਸ਼੍ਰੋਮਣੀ ਅਕਾਲੀ ਦਲ'''' ਪ੍ਰਕਾਸ਼ਿਤ ਕੀਤੀ ਹੈ।
ਇਸ ਕਿਤਾਬ ਵਿੱਚ ਡਾ. ਦਿਲਗੀਰ ਲਿਖਦੇ ਹਨ, ''''''''ਸ਼੍ਰੋਮਣੀ ਅਕਾਲੀ ਦਲ ਵਾਸਤੇ ਇਹ ਲਫ਼ਜ਼ ਇਸ ਜਥੇਬੰਦੀ ਦੇ ਜਨਮ ਤੋਂ 7 ਮਹੀਨੇ ਪਹਿਲਾਂ ਇੱਕ ਲਹਿਰ ਵਜੋਂ ਕਾਇਮ ਮਾਹੌਲ ਵਿੱਚੋਂ ਸੁਤੇ-ਸਿੱਧ ਹੀ ਜੁੜ ਗਿਆ ਸੀ।''''''''
ਡਾ. ਦਿਲਗੀਰ ਮੁਤਾਬਕ 21 ਮਈ 1920 ਦੇ ਦਿਨ ਲਾਹੌਰ ਤੋਂ ਪੰਜਾਬੀ ''''ਅਕਾਲੀ'''' ਅਖ਼ਬਾਰ ਸ਼ੁਰੂ ਹੋਇਆ ਤਾਂ ਬਹੁਤ ਸਾਰੇ ਕਾਰਕੁਨ, ਪੰਥਕ ਸੋਚ ਰੱਖਣ ਵਾਲੇ ਆਗੂ ਅਤੇ ਵਿਦਵਾਨ ਇਸ ਅਖ਼ਬਾਰ ਨਾਲ ਜੁੜ ਗਏ। ਇਹ ਇੱਕ ਵੱਡਾ ਭਾਈਚਾਰਾ ਬਣ ਗਿਆ।
ਉਹ ਅੱਗੇ ਲਿਖਦੇ ਹਨ ਕਿ ਇਨ੍ਹਾਂ ਪੰਥਕ ਸਖ਼ਸ਼ੀਅਤਾਂ ਦੀ ਇਹ ਲਹਿਰ ਛੇਤੀ ਹੀ ਅਕਾਲੀ ਲਹਿਰ ਵਜੋਂ ਜਾਣੀ ਜਾਣ ਲੱਗ ਪਈ। ਇਸੇ ਮਾਹੌਲ ਵਿੱਚ ਸਿੱਖ ਗੁਰਦੁਆਰਾ ਲਹਿਰ (1920-1925) ਸ਼ੁਰੂ ਹੋਈ।
ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਸਿੱਖ ਪੰਥ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੁਧਾਰ ਲਹਿਰ ਤੋਂ ਸ਼ੁਰੂ ਹੋਇਆ ਸੀ।
ਡਾਕਟਰ ਦਿਲਗੀਰ ਮੁਤਾਬਕ ਉਨ੍ਹੀਂ ਦਿਨੀ ਗੁਰਦੁਆਰਿਆਂ ਉੱਤੇ ਮਹੰਤਾਂ ਦਾ ਕਬਜ਼ਾ ਸੀ।
ਇਨ੍ਹਾਂ ਨੇ ਗੁਰੂ ਘਰਾਂ ਦੀਆਂ ਜਾਇਦਾਦਾਂ ਉੱਤੇ ਨਿੱਜੀ ਕਬਜ਼ਾ ਕਰ ਲਿਆ ਸੀ, ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣ ਲਈ ਅਕਾਲੀਆਂ ਨੇ ਇੱਕ ਸੁਧਾਰਵਾਦੀ ਲਹਿਰ ਸ਼ੁਰੂ ਕੀਤੀ।
ਤਤਕਾਲੀ ਅੰਗਰੇਜ਼ ਹਕੂਮਤ ਤੇ ਪੰਜਾਬ ਪ੍ਰਸਾਸ਼ਨ ਦਾ ਹੱਥ ਇਨ੍ਹਾਂ ਮਹੰਤਾਂ ਦੀ ਪਿੱਠ ਉੱਤੇ ਸੀ।
ਗੁਰਦੁਆਰਾ ਸੁਧਾਰ ਲਹਿਰ ਦਾ ਮਕਸਦ ਦੁਰਾਚਾਰੀ ਮਹੰਤਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਬੇਦਖਲ ਕਰਨਾ ਅਤੇ ਸਿੱਖ ਸਿਧਾਂਤਾਂ ਮੁਤਾਬਕ ਪ੍ਰਬੰਧ ਨੂੰ ਸਿੱਖ ਸੰਗਤ ਦੇ ਹੱਥਾਂ ਵਿੱਚ ਦੇਣਾ ਸੀ।
ਤਤਕਾਲੀ ਪੰਜਾਬ ਸਰਕਾਰ ਨੇ ਇਸ ਨੂੰ ਅਮਨ ਕਾਨੂੰਨ ਦੇ ਹਵਾਲੇ ਨਾਲ ਦੇਖਿਆ, ਜਿਸ ਦੇ ਟਾਕਰੇ ਲਈ ਸਮੂਹ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਗਠਨ ਕਰ ਲਿਆ।
ਇਸ ਸੰਘਰਸ਼ ਦੌਰਾਨ ਅਕਾਲੀ ਜਥਿਆਂ ਦੀ ਇੱਕ ਕੇਂਦਰੀ ਜਥੇਬੰਦੀ ''''ਸ਼੍ਰੋਮਣੀ ਅਕਾਲੀ ਦਲ'''' ਹੋਂਦ ਵਿਚ ਆ ਗਈ।
1920 ਵਿੱਚ ਗੁਰਦੁਆਰਿਆਂ ਦੀ ਆਜ਼ਾਦੀ ਦੀ ਲਹਿਰ ਤੋਂ ਹੋਂਦ ਵਿੱਚ ਆਇਆ ਅਕਾਲੀ ਦਲ 2020 ਵਿੱਚ ਆਪਣੇ 100 ਸਾਲ ਪੂਰੇ ਕਰ ਚੁੱਕਾ ਹੈ।
ਇਹ ਵੀ ਪੜ੍ਹੋ:
- ਸ਼੍ਰੋਮਣੀ ਅਕਾਲੀ ਦਲ: ਵੱਡੇ ਸਿਆਸੀ ਘੋਲਾਂ ਤੋਂ ਬਾਦਲ ਪਰਿਵਾਰ ’ਤੇ ਪਰਿਵਾਰਵਾਦ ਦੇ ਇਲਜ਼ਾਮਾਂ ਤੱਕ
- ''''ਕੈਪਟਨ ਅਮਰਿੰਦਰ ਨੇ ਕੀਤੀ ਸਭ ਤੋਂ ਵੱਡੀ ਬੇਅਦਬੀ''''
- ਕੀ ''''84 ਨੂੰ ਮੁੱਦਾ ਬਣਾ ਸੁਖਬੀਰ ਦਾਗ ਧੋਅ ਲੈਣਗੇ
https://www.youtube.com/watch?v=EencbX8ujV4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)