ਮੁਖ਼ਤਾਰ ਅੰਸਾਰੀ ਦੇ ਮੁੱਦੇ ’ਤੇ ਜੇਲ੍ਹ ਮੰਤਰੀ ਨੇ ਕਾਂਗਰਸ ’ਤੇ ਲਗਾਏ ਗੰਭੀਰ ਇਲਜ਼ਾਮ, ਪ੍ਰਤਾਪ ਬਾਜਵਾ ਨੇ ਦਿੱਤਾ ਇਹ ਜਵਾਬ

Tuesday, Jun 28, 2022 - 02:45 PM (IST)

ਮੁਖ਼ਤਾਰ ਅੰਸਾਰੀ ਦੇ ਮੁੱਦੇ ’ਤੇ ਜੇਲ੍ਹ ਮੰਤਰੀ ਨੇ ਕਾਂਗਰਸ ’ਤੇ ਲਗਾਏ ਗੰਭੀਰ ਇਲਜ਼ਾਮ, ਪ੍ਰਤਾਪ ਬਾਜਵਾ ਨੇ ਦਿੱਤਾ ਇਹ ਜਵਾਬ

ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਗਏ ਬਜਟ ਉਪਰ ਜਾਰੀ ਬਹਿਸ ਦੌਰਾਨ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਈ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਾਂਗਰਸ ਨੂੰ ਨਿਸ਼ਾਨੇ ''''ਤੇ ਲਿਆ।

ਹਰਜੋਤ ਸਿੰਘ ਬੈਂਸ ਨੇ ਉੱਤਰ ਪ੍ਰਦੇਸ਼ ਦੇ ਸਾਬਕਾ ਵਿਧਾਇਕ ਮੁਖਤਾਰ ਅੰਸਾਰੀ ਦੇ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਹੋਣ ਅਤੇ ਪੁਲਿਸ ਕੇਸ ਸੰਬੰਧੀ ਸਵਾਲ ਚੁੱਕੇ।

ਹਰਜੋਤ ਬੈਂਸ ਨੇ ਕਿਹਾ, "ਮੁਖ਼ਤਾਰ ਅੰਸਾਰੀ ਉੱਤੇ ਯੂਪੀ ਵਿੱਚ 10 ਪਰਚੇ ਸਨ। ਇੱਕ ਜਾਅਲੀ ਐੱਫਆਈਆਰ ਕੀਤੀ ਗਈ ਤੇ ਉਸ ਵਿੱਚ ਕੋਈ ਚਾਲਾਨ ਨਹੀਂ ਹੋਇਆ।

“ਉਸ ਨੇ ਐੱਫਆਈਆਰ ਵਿੱਚ ਉਨ੍ਹਾਂ ਨੇ ਡਿਫੌਲਟ ਬੇਲ ਨਹੀਂ ਲਈ।"

ਇੰਨਾ ਬੋਲਦਿਆਂ ਹੀ ਵਿਰੋਧੀ ਧਿਰ ਵੱਲੋਂ ਹੋਰ ਹੰਗਾਮਾ ਹੋ ਗਿਆ ਤਾਂ ਹਰਜੋਤ ਬੈਂਸ ਨੇ ਕਿਹਾ ਕਿ ਇਹ ਮੁੱਦਾ ਜ਼ਰੂਰੀ ਹੈ। ਇਹ ਸੂਬੇ ਦੀ ਕਾਨੂੰਨ ਵਿਵਸਥਾ ਨਾਲ ਜੁੜਿਆ ਹੈ।

"ਮੁਖਤਾਰ ਅੰਸਾਰੀ ਨੂੰ 2 ਸਾਲ 3 ਮਹੀਨੇ ਤੱਕ ਰੋਪੜ ਦੀ ਜੇਲ੍ਹ ਵਿੱਚ ਰੱਖਿਆ ਗਿਆ। ਜਿਸ ਬੈਰਕ ਵਿੱਚ 25 ਕੈਦੀ ਆ ਸਕਦੇ ਸੀ ਉੱਥੇ ਮੁਖਤਾਰ ਅੰਸਾਰੀ ਨੂੰ ਇਕੱਲਿਆਂ ਰੱਖਿਆ ਗਿਆ ਤੇ ਉਹ ਆਪਣੀ ਪਤਨੀ ਨਾਲ ਉੱਥੇ ਰਿਹਾ।"

"ਯੂਪੀ ਸਰਕਾਰ ਨੇ 26 ਵਾਰ ਪ੍ਰੋਡਕਸ਼ਨ ਵਾਰੰਟ ਮੰਗਿਆ ਪਰ ਪੰਜਾਬੀ ਪੁਲਿਸ ਨੇ ਉਨ੍ਹਾਂ ਨੂੰ ਮੁਖਤਾਰ ਅੰਸਾਰੀ ਦੀ ਹਵਾਲਗੀ ਨਹੀਂ ਦਿੱਤੀ।"

"ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ ਤਾਂ ਮੁਖ਼ਤਾਰ ਅੰਸਾਰੀ ਨੂੰ ਬਚਾਉਣ ਲਈ ਉਸ ਵਕੀਲ ਨੂੰ ਲਗਾਇਆ ਗਿਆ ਜਿਸ ਦੀ 11 ਲੱਖ ਰੁਪਏ ਪੇਸ਼ੀ ਦੀ ਫੀਸ ਸੀ।"

" ਵਕੀਲਾਂ ਦੀ ਫੀਸ ਦਾ 55 ਲੱਖ ਰੁਪਏ ਦਾ ਬਿੱਲ ਹੁਣ ਅਸੀਂ ਕਿਉਂ ਦੇਈਏ ਜੋ ਸਾਡੇ ਕੋਲ ਆਇਆ ਪਿਆ ਹੈ।"

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵਿਧਾਨ ਸਭਾ ਵਿੱਚ ਇਲਜ਼ਾਮ ਲਗਾਇਆ ਹੈ ਕਿ ਪੰਜਾਬ ਦੀ ਜੇਲ੍ਹ ਵਿਚ ਅੰਸਾਰੀ ਨੂੰ ਵੀਆਈਪੀ ਵਾਂਗ ਰੱਖਿਆ ਗਿਆ ਅਤੇ ਸੁਪਰੀਮ ਕੋਰਟ ਦੇ ਇਕ ਸੀਨੀਅਰ ਵਕੀਲ ਨੂੰ ਇਹ ਕੇਸ ਦਿੱਤਾ ਗਿਆ।

ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਕਿਹਾ, "ਇਹ ਮੁਹੱਲਾ ਕਲੀਨਿਕ ਨਹੀਂ ਹੈ ਸਗੋਂ ਵਿਧਾਨ ਸਭਾ ਹੈ। ਜੇ ਮੰਤਰੀ ਆਪਣੇ ਇਲਜ਼ਾਮਾਂ ਨੂੰ ਸਾਬਿਤ ਨਾ ਕਰ ਸਕੇ ਤਾਂ ਉਨ੍ਹਾਂ ਨੂੰ ਅਸਤੀਫਾ ਦੇਣਾ ਪਵੇਗਾ।"

ਪ੍ਰਤਾਪ ਬਾਜਵਾ ਨੇ ਕਿਹਾ ਕਿ ਜੇ ਉਹ ਮੁਖ਼ਤਾਰ ਅੰਸਾਰੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਵੀ ਦਿੱਲੀ ਵਿੱਚ ਬੰਦ ਲੌਰੈਂਸ ਬਿਸ਼ਨੋਈ ਦੀ ਵੀ ਗੱਲ ਕਰ ਸਕਦੇ ਹਾਂ।”

ਹਰਜੋਤ ਬੈਂਸ ਨੇ ਫਿਰ ਵਿਰੋਧੀ ਧਿਰ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਜਾ ਚੁੱਕੇ ਹਨ ਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ

ਕੌਣ ਹੈ ਮੁਖਤਾਰ ਅੰਸਾਰੀ

ਪੂਰਵਾਂਚਲ (ਉੱਤਰੀ ਯੂਪੀ) ਦੇ ਮਊ ਤੋਂ ਲਗਾਤਾਰ ਪੰਜਵੀ ਵਾਰ ਵਿਧਾਇਕ ਚੁਣੇ ਗਏ ਮਾਫ਼ੀਆ ਨੇਤਾ ਮੁਖ਼ਤਾਰ ਅੰਸਾਰੀ ਬਾਰੇ ਵਿਧਾਨ ਸਭਾ ਵਿੱਚ ਅੱਜ ਬਹਿਸ ਹੋਈ।

ਚੋਣ ਕਮਿਸ਼ਨ ਕੋਲ ਭਰੇ ਨਾਮਜ਼ਦਗੀ ਪੱਤਰ ਮੁਤਾਬਕ ਅੰਸਾਰੀ ਉੱਤੇ ਅਦਾਲਤਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ ਤਰੀਕੇ ਨਾਲ ਦੰਗੇ ਭੜਕਾਉਣ, ਅਪਰਾਧਿਕ ਸਾਜ਼ਿਸ਼ ਰਚਣ, ਅਪਰਾਧਿਕ ਧਮਕੀਆਂ ਦੇਣ, ਜਾਇਦਾਦ ਹੜੱਪ ਕਰਨ ਲਈ ਧੋਖਾਧੜੀ ਕਰਨ, ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਤੋਂ ਲੈ ਕੇ ਜਾਣਬੁਝ ਕੇ ਸੱਟ ਪਹੁੰਚਾਉਣ ਤੱਕ ਦੇ 16 ਕੇਸ ਹਨ।

ਮੁਖ਼ਤਾਰ ਅੰਸਾਰੀ ''''ਤੇ ਯੂਪੀ ਦੇ ਮਊ, ਗਾਜੀਪੁਰ, ਵਾਰਾਣਸੀ ਵਿੱਚ ਦਰਜਨਾਂ ਕੇਸ ਦਰਜ ਸਨ ਪਰ ਉਹ ਦੋ ਸਾਲਾਂ ਤੋਂ ਇੱਕ ਕੇਸ ਕਾਰਨ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਸਨ।

ਯੂਪੀ ਸਰਕਾਰ ਸੂਬੇ ਵਿੱਚ ਦਰਜ ਮਾਮਲਿਆਂ ਦੀ ਸੁਣਵਾਈ ਲਈ ਮੁਖ਼ਤਾਰ ਅੰਸਾਰੀ ਨੂੰ ਅਦਾਲਤ ਵਿੱਚ ਪੇਸ਼ ਕਰਨਾ ਚਾਹੁੰਦੀ ਸੀ, ਜਦੋਂਕਿ ਪੰਜਾਬ ਪੁਲਿਸ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਨੂੰ ਇਸ ਲਈ ਨਹੀਂ ਭੇਜ ਸਕਦੇ ਕਿਉਂਕਿ ਉਨ੍ਹਾਂ ਦੀ ਸਿਹਤ ਸਹੀ ਨਹੀਂ ਹੈ।

ਇਸ ਸਬੰਧੀ ਯੂਪੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ।

ਪੰਜਾਬ ਸਰਕਾਰ ਵੱਲੋ ਸੁਪਰੀਮ ਕੋਰਟ ਵਿੱਚ ਇੱਕ ਹਲਫ਼ਨਾਮਾ ਦਾਇਰ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਮੁਖ਼ਤਾਰ ਅੰਸਾਰੀ ਨੂੰ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਸਣੇ ਕਈ ਬੀਮਾਰੀਆਂ ਹਨ, ਜਿਸ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਅਰਾਮ ਕਰਨ ਦੀ ਸਲਾਹ ਦਿੱਤੀ ਹੈ ਅਤੇ ਹਾਲੇ ਯੂਪੀ ਨਹੀਂ ਭੇਜਿਆ ਜਾ ਸਕਦਾ।

ਮੁਖ਼ਤਾਰ ਅੰਸਾਰੀ ''''ਤੇ ਅਵਧੇਸ਼ ਰਾਏ ਦੇ ਕਤਲ ਦੀ ਸਾਜਿਸ਼ ਰਚਨ ਦਾ ਇਲਜ਼ਾਮ ਹੈ ਜਦੋਂਕਿ ਕ੍ਰਿਸ਼ਣਾਨੰਦ ਰਾਏ ਕਤਲ ਕੇਸ ਵਿੱਚ ਉਨ੍ਹਾਂ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸਬੂਤਾਂ ਦੀ ਘਾਟ ਕਰਕੇ ਰਿਹਾਅ ਕੀਤਾ ਜਾ ਚੁੱਕਿਆ ਹੈ।

ਮੁਖ਼ਤਾਰ ਅੰਸਾਰੀ ''''ਤੇ ਇਲਜ਼ਾਮ ਹਨ ਕਿ ਜਨਵਰੀ 2019 ਵਿੱਚ, ਮੁਹਾਲੀ ਦੇ ਇੱਕ ਵੱਡੇ ਬਿਲਡਰ ਨੂੰ ਉਨ੍ਹਾਂ ਨੇ ਫੋਨ ਕਰਕੇ 10 ਕਰੋੜ ਰੁਪਏ ਮੰਗੇ ਸੀ।

ਇਸ ਸੰਦਰਭ ਵਿੱਚ ਮੁਹਾਲੀ ਵਿੱਚ ਇੱਕ ਐੱਫ਼ਆਈਆਰ ਦਰਜ ਕੀਤੀ ਗਈ ਸੀ ਅਤੇ 24 ਜਨਵਰੀ 2019 ਨੂੰ ਪੰਜਾਬ ਪੁਲਿਸ ਨੇ ਮੁਖ਼ਤਾਰ ਅੰਸਾਰੀ ਨੂੰ ਯੂਪੀ ਤੋਂ ਲਿਆ ਕੇ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਸੀ ਜਿੱਥੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਰੋਪੜ ਜੇਲ੍ਹ ਭੇਜ ਦਿੱਤਾ ਗਿਆ। ਉਦੋਂ ਤੋਂ ਇਹ ਹਿਰਾਸਤ ਲਗਾਤਾਰ ਵਧਦੀ ਜਾ ਰਹੀ ਸੀ।

ਹੁਣ ਸੁਪਰੀਮ ਕੋਰਟ ਦੇ ਹੁਕਮਾਂ ਉੱਤੇ ਮੁਖ਼ਤਾਰ ਅੰਸਾਰੀ ਨੂੰ ਯੂਪੀ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ।

ਮਾਈਨਿੰਗ ਦੇ ਮੁੱਦੇ ''''ਤੇ ਵੀ ਹੋਈ ਬਹਿਸ

ਹਰਜੋਤ ਸਿੰਘ ਬੈਂਸ ਨੇ ਮਾਈਨਿੰਗ ਦੇ ਮੁੱਦੇ ''''ਤੇ ਵੀ ਵਿਰੋਧੀ ਧਿਰ ਨੂੰ ਘੇਰਿਆ।

ਬੈਂਸ ਨੇ ਆਖਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਉਪਰ ਤਿੰਨ ਲੱਖ ਕਰੋੜ ਦਾ ਕਰਜ਼ਾ ਚੜ੍ਹਾਇਆ ਗਿਆ ਹੈ।

ਸਦਨ ਵਿੱਚ ਅੰਕੜੇ ਪੇਸ਼ ਕਰਦੇ ਹੋਏ ਹਰਜੋਤ ਬੈਂਸ ਨੇ ਆਖਿਆ ਕਿ ਪਿਛਲੇ 20 ਸਾਲਾਂ ਦੌਰਾਨ ਮਾਈਨਿੰਗ ਤੋਂ ਪੰਜਾਬ ਸਰਕਾਰ ਨੂੰ 1083 ਇੱਕ ਕਰੋੜ ਰੁਪਏ ਦੀ ਆਮਦਨੀ ਹੋਈ ਹੈ ਅਤੇ ਪਿਛਲੇ ਪੰਜ ਸਾਲਾਂ ਵਿੱਚ 7000 ਕਰੋੜ ਦੀ ''''ਲੁੱਟ'''' ਹੋਈ ਹੈ।

ਇਸ ਦੇ ਜਵਾਬ ਵਿਚ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 20000 ਕਰੋੜ ਰੁਪਏ ਦਾ ਮਾਲੀਆ ਰੇਤਾ ਮਾਈਨਿੰਗ ਰਾਹੀਂ ਹੋਵੇਗਾ।

ਰਾਜਾ ਵੜਿੰਗ ਨੇ ਆਖਿਆ,"ਜੇਕਰ ਪੰਜਾਬ ਸਰਕਾਰ ਵਾਅਦੇ ਮੁਤਾਬਕ ਇਹ ਮਾਲੀਆ ਲੈ ਆਵੇਗੀ ਤਾਂ ਮੈਂ ਸਦਨ ਵਿੱਚ ਨਹੀਂ ਆਵਾਂਗਾ।"

ਹਰਜੋਤ ਬੈਂਸ ਨੇ ਜਵਾਬ ਵਿੱਚ ਆਖਿਆ ਕਿ ਮਾਈਨਿੰਗ ਵਿੱਚ ਕਈ ਖਾਮੀਆਂ ਪਾਈਆਂ ਗਈਆਂ ਹਨ ਅਤੇ ਉਸ ਤੋਂ ਬਾਅਦ 18 ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ ਹੈ ਅਤੇ ਇਸ ਦੀ ਜਾਂਚ ਵਿਜੀਲੈਂਸ ਨੂੰ ਸੌਂਪੀ ਗਈ ਹੈ।

ਇਹ ਵੀ ਪੜ੍ਹੋ:

https://www.youtube.com/watch?v=xE-gQDfiyu8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News