ਤੁਹਾਡਾ ਮਲ ਤਿਆਗਣ ਤੋਂ ਖੁਦ ਨੂੰ ਰੋਕਣਾ ਇੰਝ ਖ਼ਤਰਨਾਕ ਸਾਬਿਤ ਹੋ ਸਕਦਾ ਹੈ
Tuesday, Jun 21, 2022 - 07:01 PM (IST)


ਤੁਹਾਨੂੰ ਦਿਨ ਵਿੱਚ ਕਿੰਨੇ ਵਾਰ ਮਲ ਤਿਆਗਣਾ ਚਾਹੀਦਾ ਹੈ? ਜੇ ਤੁਸੀਂ ਇਸ ਸਵਾਲ ਦਾ ਗੂਗਲ ਤੋਂ ਜਵਾਬ ਲੱਭਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਦਿਨ ਵਿੱਚ ਤਿੰਨ ਵਾਰ ਤੋਂ ਲੈ ਕੇ ਤਿੰਨ ਦਿਨਾਂ ਵਿੱਚ ਇੱਕ ਵਾਰ ਵਰਗੇ ਜਵਾਬ ਮਿਲਣਗੇ।
ਜਦਕਿ ਇਸ ਦਾ ਅਸਲੀ ਜਵਾਬ ਹੈ: ਜਦੋਂ ਹਾਜਤ ਹੋਵੇ।
ਸਗੋਂ ਜੇ ਤੁਸੀਂ ਜਾਣ ਬੁੱਝ ਕੇ ਮਲ ਤਿਆਗਣ ਨੂੰ ਟਾਲਦੇ ਹੋ ਤਾਂ ਇਸ ਨਾਲ ਤੁਸੀਂ ਜਿਵੇਂ ਕਿ ਬਾਊਲ ਕੈਂਸਰ ਤੋਂ ਲੈਕੇ ਆਂਦਰਾਂ ਅਤੇ ਮਲ ਦੁਆਰ ਨਾਲ ਜੁੜੀਆਂ ਕੁਝ ਗੰਭੀਰ ਬੀਮਾਰੀਆਂ ਨੂੰ ਦਾਅਵਤ ਦੇ ਸਕਦੇ ਹੋ।
ਇਸੇ ਲਈ ਹਾਜਮੇ ਦੇ ਮਾਹਰਾਂ ਦੀ ਰਾਇ ਹੈ ਕਿ ਜਦੋਂ ਵੀ ਕੁਦਰਤ ਦੀ ਅਵਾਜ਼ ਆਵੇ, ਉਹ ਜ਼ਰੂਰ ਸੁਣਨਾ ਚਾਹੀਦਾ ਹੈ।
ਖਾਣੇ ਤੋਂ ਬਾਅਦ
ਵੀਹਵੀਂ ਸਦੀ ਦੇ ਸ਼ੁਰੂ ਵਿੱਚ ਮਨੋਵਿਗਿਆਨੀਆਂ ਦੀ ਰਾਇ ਸੀ ਕਿ ਖਾਣਾ ਖਾਣ ਦੇ ਨਾਲ ਸਾਡੀਆਂ ਆਂਦਰਾਂ ਖੁੱਲ੍ਹ ਜਾਂਦੀਆਂ ਹਨ।
ਮਲ ਤਿਆਗਣ ਦੀ ਹਾਜਤ ਆਮ ਕਰਕੇ ਖਾਣਾ ਖਾਣ ਤੋਂ ਤੁਰੰਤ ਮਗਰੋਂ ਜਾਂ ਵਰਤ ਤੋਂ ਬਾਅਦ ਹੁੰਦੀ ਹੈ।
ਬੱਚਿਆਂ ਨੂੰ ਜਿਵੇਂ ਹੀ ਆਪਣਾ ਪੇਟ ਖਾਲੀ ਕਰਨ ਦੀ ਲੋੜ ਲਗਦੀ ਹੈ, ਉਹ ਕਰ ਦਿੰਦੇ ਹਨ। ਫਿਰ ਜਦੋਂ ਅਸੀ ਆਪਣੇ ਫ਼ੈਸਲੇ ਖੁਦ ਲੈਣ ਲਗਦੇ ਹਾਂ ਤਾਂ ਇਸ ਹਾਜਤ ਕਰਨ ਦੀ ਇੱਛਾ/ਲੋੜ ਨੂੰ ਵੀ ਦਬਾਉਣ ਲਗਦੇ ਹਾਂ।

- ਹਾਜਤ ਨੂੰ ਕਾਬੂ ਕਰਨਾ ਸ਼ਖਸ਼ੀਅਤ ਵਿਕਾਸ ਦਾ ਇੱਕ ਅਹਿਮ ਪੜਾਅ ਹੈ।
- ਜੇ ਤੁਸੀਂ ਜਾਣ ਬੁੱਝ ਕੇ ਮਲ ਤਿਆਗਣ ਨੂੰ ਟਾਲਦੇ ਹੋ ਤਾਂ ਬਾਊਲ ਕੈਂਸਰ ਤੋਂ ਲੈਕੇ ਆਂਦਰਾਂ ਸਮੇਤ ਕਈ ਬੀਮਾਰੀਆਂ ਹੋ ਸਕਦੀਆਂ ਹਨ।
- ਹਾਜਤ ਬਾਰੇ ਆਪਣੀਆਂ ਆਦਤਾਂ ਵਿੱਚ ਸੁਧਾਰ ਕਰਨ ਲਈ ਕਸਰਤ, ਰੇਸ਼ੇ ਅਤੇ ਤਰਲ ਵਧਾ ਸਕਦੇ ਹੋ।
- ਤੁਹਾਨੂੰ ਜਾਣਨਾ ਚਾਹੀਦਾ ਹੈ ਕਿ ਖਾਣਾ ਤੁਹਾਡੇ ਪੇਟ ਵਿੱਚੋਂ ਗੁਜ਼ਰਨ ਵਿੱਚ ਕਿੰਨਾ ਸਮਾਂ ਲੈਂਦਾ ਹੈ।
- ਖਾਣਾ ਜਿੰਨੀ ਜ਼ਿਆਦਾ ਦੇਰ ਪੇਟ ਵਿੱਚ ਰੁਕਿਆ ਰਹੇਗਾ, ਇਨਫੈਕਸ਼ਨ ਦਾ ਖਤਰਾ ਉਨਾਂ ਹੀ ਵਧੇਗਾ।
- ਸਭ ਤੋਂ ਅਹਿਮ ਇਹੀ ਹੈ ਕਿ ਜਦੋਂ ਵੀ ਕੁਦਰਤ ਦੀ ਅਵਾਜ਼ ਪਵੇ ਤਾਂ ਉਸ ਨੂੰ ਸੁਣਿਆ ਜਾਵੇ।

ਇਹ ਆਮ ਕਰਕੇ ਉਸੇ ਉਮਰ ਵਿੱਚ ਹੋਣ ਲਗਦਾ ਹੈ ਜਦੋਂ ਬੱਚਾ ਤੁਰਨਾ ਸਿੱਖ ਰਿਹਾ ਹੁੰਦਾ ਹੈ।
ਹਾਜਤ ਨੂੰ ਕਾਬੂ ਕਰਨਾ ਬੱਚੇ ਦੇ ਵਿਕਾਸ ਦਾ ਇੱਕ ਅਹਿਮ ਪੜਾਅ ਹੈ। ਹਾਲਾਂਕਿ ਸਾਡੇ ਵਿੱਚੋਂ ਕਈ ਲੋਕ ਇਸ ਨੂੰ ਬਹੁਤ ਦੂਰ ਤੱਕ ਖਿੱਚ ਲੈਂਦੇ ਹਨ।
ਕਈ ਵਾਰ ਅਸੀਂ ਦੇਖਦੇ ਹਾਂ ਕਿ ਅਸੀਂ ਹਾਜਤ ਦੀ ਇੱਛਾ ਨੂੰ ਇੰਨਾ ਟਾਲ ਦਿੰਦੇ ਹਾਂ ਕਿ ਉਹ ਖਤਮ ਹੀ ਹੋ ਜਾਂਦੀ ਹੈ ਅਤੇ ਸਾਨੂੰ ਮਲ ਤਿਆਗਣ ਦੀ ਲੋੜ ਹੀ ਮਹਿਸੂਸ ਨਹੀਂ ਹੁੰਦੀ।

ਅਸੀਂ ਸੋਚਦੇ ਹਾਂ ਇਹ ਅਜਿਹਾ ਕਰਨ ਦਾ ਸਹੀ ਸਮਾਂ ਨਹੀਂ ਹੈ। ਹਾਲਾਂਕਿ ਜੇ ਅਸੀਂ ਅਜਿਹਾ ਕਰਨ ਦੀ ਆਦਤ ਬਣਾ ਲਈਏ ਤਾਂ ਹੇਠ ਲਿਖੇ ਲੱਛਣ ਦਿਖਾਈ ਦੇਣੇ ਸ਼ੁਰੂ ਹੋ ਸਕਦੇ ਹਨ-
- ਕਬਜ਼
- ਪੇਟ ਦਰਦ
- ਮਲ ਤਿਆਗ ਦਾ ਕੋਈ ਸਮਾਂ ਨਹੀਂ ਬਣ ਪਾਉਂਦਾ
- ਸੋਜਿਸ਼
- ਪੇਟ ਵਿੱਚ ਗੈਸ
ਭੋਜਨ ਸਾਡੀਆਂ ਆਂਦਰਾਂ ਵਿੱਚ ਪਿਆ ਰਹਿੰਦਾ ਹੈ ਤੇ ਧੀਮਾ ਅੱਗੇ ਵਧਦਾ ਹੈ
ਭੋਜਨ ਤੁਹਾਡੇ ਢਿੱਡ ਵਿੱਚ ਕਿੰਨੀ ਦੇਰ ਰਹਿੰਦਾ ਹੈ?
ਸਾਡੇ ਵਿੱਚੋਂ ਬਹੁਤਿਆਂ ਨੂੰ ਸ਼ਾਇਦ ਪਤਾ ਹੋਵੇ ਕਿ ਉਹ ਕਿੰਨੇ ਵਾਰ ਪਖਾਨੇ ਜਾਂਦੇ ਹਨ ਪਰ ਹੋ ਸਕਦਾ ਹੈ ਉਹ ਇਹ ਨਾ ਜਾਣਦੇ ਹੋਣ ਕਿ ਭੋਜਨ ਨੂੰ ਸਾਡੀਆਂ ਆਂਦਰਾਂ ਵਿੱਚ ਘੁੰਮਣ ਵਿੱਚ ਸਟੀਕ ਰੂਪ ਵਿੱਚ ਕਿੰਨਾ ਸਮਾਂ ਲੱਗਦਾ ਹੈ।
ਦੂਸਰੇ ਸ਼ਬਦਾਂ ਵਿੱਚ ਭੋਜਨ ਜੋ ਅਸੀਂ ਮੂੰਹ ਰਾਹੀਂ ਖਾਂਦੇ ਹਾਂ ਉਸ ਨੂੰ ਦੂਜੇ ਦਰਵਾਜੇ ਤੱਕ ਪਹੁੰਚਣ ਵਿੱਚ ਕਿੰਨਾ ਸਮਾਂ ਲੱਗਦਾ ਹੈ।
ਇਹ ਵੀ ਪੜ੍ਹੋ:
- ਮੱਧ ਯੁੱਗ ''''ਚ ਲੋਕ ਦੋ ਵਾਰੀਆਂ ''''ਚ ਕਿਉਂ ਸੌਂਦੇ ਸਨ ਅਤੇ ਫਿਰ ਇਸ ਤਰੀਕੇ ਨੂੰ ਭੁੱਲ ਕਿਉਂ ਗਏ
- ਖ਼ੂਨ ਦਾ ਕੈਂਸਰ, ਜਿਸ ਦਾ ਇੱਕ ਅਹਿਮ ਲੱਛਣ ਪਿੱਠ ਵਿੱਚ ਰਹਿਣ ਵਾਲਾ ਦਰਦ ਵੀ ਹੈ
- ਅਸੀਂ ਰੋਜ਼ ਤਿੰਨ ਵਾਰ ਖਾਣਾ ਖਾਂਦੇ ਹਾਂ, ਪਰ ਸਿਹਤ ਮਾਹਰਾਂ ਦੀ ਕੀ ਹੈ ਸਲਾਹ ਕਿ ਕਦੋਂ ਕੀ ਖਾਈਏ
ਇਸ ਦੀ ਜਾਂਚ ਕਰਨ ਦਾ ਸੌਖਾ ਤਰੀਕਾ ਹੈ। ਮੱਕੀ ਦੇ ਦਾਣੇ ਮੁੱਠੀ ਭਰ ਖਾ ਲਓ ਅਤੇ ਫਿਰ ਦੇਖੋ ਕਿ ਉਹ ਕਿੰਨੀ ਦੇਰ ਬਾਅਦ ਬਾਹਰ ਆਏ।
ਆਮ ਹਾਲਤਾਂ ਵਿੱਚ ਇਸ ਪ੍ਰਕਿਰਿਆ ਵਿੱਚ ਅੱਠ ਤੋਂ 24 ਘੰਟਿਆਂ ਦਾ ਸਮਾਂ ਲੱਗਣਾ ਚਾਹੀਦਾ ਹੈ।
ਪਾਚਨ ਦੀ ਧੀਮੀ ਚਾਲ
ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਜਦੋਂ ਵੀ ਹਾਜਤ ਹੋਵੇ ਉਸੇ ਸਮੇਂ ਮਲ ਤਿਆਗ ਕਰਨ ਚਲੇ ਜਾਣਾ ਚਾਹੀਦਾ ਹੈ।
ਫਿਰ ਵੀ ਜੇ ਤੁਹਾਨੂੰ ਇਹ ਕੰਮ ਟਾਲਣ ਦੀ ਆਦਤ ਹੈ ਤਾਂ ਇਸ ਦਾ ਮਤਲਬ ਹੈ ਕਿ ਭੋਜਨ ਤੁਹਾਡੇ ਸਰੀਰ ਵਿੱਚ ਲੋੜ ਤੋਂ ਜ਼ਿਆਦਾ ਸਮਾਂ ਅਟਕਿਆ ਰਹੇਗਾ।

ਇਹ ਸਮਾਂ ਜਿੰਨਾ ਜ਼ਿਆਦਾ ਹੋਵੇਗਾ ਤੁਹਾਡੀ ਸਿਹਤ ਦੀ ਗੁਣਵੱਤਾ ਵਿੱਚ ਉਨੀਂ ਗਿਰਾਵਟ ਆਵੇਗੀ।
ਔਸਤ ਰੂਪ ਵਿੱਚ ਅਸੀਂ ਆਪਣੀ ਜ਼ਿੰਦਗੀ ਵਿੱਚ ਛੇ ਟਨ ਮਲ ਤਿਆਗ ਕਰਦੇ ਹਾਂ। ਇਸ ਵਿੱਚ ਬੈਕਟੀਰੀਆ, ਪਾਣੀ, ਨਾਈਟਰੋਜੈਨਿਕ ਮਾਦਾ, ਕਾਰਬੋਹਾਈਡਰੇਟਸ, ਅਣਪਚਿਆ ਖਾਣਾ ਅਤੇ ਚਰਬੀ ਹੁੰਦੀ ਹੈ।
ਇਹ ਮਾਦਾ ਜਿੰਨੀ ਜ਼ਿਆਦਾ ਦੇਰ ਸਾਡੇ ਸਰੀਰ ਵਿੱਚ ਅਟਕਿਆ ਰਹੇਗਾ। ਸਰੀਰ ਵਿੱਚ ਇਸ ਦੇ ਗਲਣ ਅਤੇ ਸੜਨਾ ਸ਼ੁਰੂ ਹੋਣ ਦੀ ਸੰਭਾਵਨਾ ਵੀ ਉਨੀ ਹੀ ਵਧੇਗੀ।
ਇਸ ਪ੍ਰਕਿਰਿਆ ਦੌਰਾਨ ਸਿਰਫ਼ ਗੈਸ ਹੀ ਪੈਦਾ ਨਹੀਂ ਹੁੰਦੀ। ਸਗੋਂ ਮੈਟਾਬੋਲਿਟਸ ਕਹੇ ਜਾਣ ਵਾਲੇ ਰਸਾਇਣ ਵੀ ਪੈਦਾ ਹੁੰਦੇ ਹਨ। ਇਹ ਰਸਾਇਣ ਆਂਦਰਾਂ ਦੇ ਸੰਪਰਕ ਵਿੱਚ ਆਉਂਦੇ ਹਨ ਅਤੇ ਸੋਖ ਲਏ ਜਾਂਦੇ ਹਨ।
ਧੀਮੇ ਪਾਚਨ ਦੇ ਨੁਕਸਾਨ
ਸਰੀਰ ਵਿੱਚ ਸਰੀਰ ਦੇ ਅੰਦਰ ਹੀ ਬਣੇ ਜ਼ਹਿਰ ਦਾ ਫੈਲ ਜਾਣਾ ਕੋਈ ਨਵੀਂ ਗੱਲ ਨਹੀਂ ਹੈ।
ਪੁਰਾਤਨ ਗਰੀਕ ਲੋਕਾਂ ਦੇ ਸਮੇਂ ਤੋਂ ਮੰਨਿਆ ਜਾਂਦਾ ਹੈ ਕਿ ਪੇਟ ਦੇ ਅੰਦਰ ਰੁਕਿਆ ਹੋਇਆ ਮਲ ਸਰੀਰ ਵਿੱਚ ਮੌਜੂਦ ਚਾਰ ਤਰਲਾਂ ਵਿੱਚ ਸਮਤੋਲ ਨੂੰ ਵਿਗਾੜ ਸਕਦਾ ਹੈ।
ਇਹ ਚਾਰ ਤਰਲ ਹਨ- ਖੂਨ, ਯੈਲੋ ਬਾਈਲ, ਬਲੈਕ ਬਾਈਲ, ਅਤੇ ਫਲੈਗਮ। ਚੰਗੀ ਸਿਹਤ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਰੀਰ ਵਿੱਚ ਇਨ੍ਹਾਂ ਚਾਰਾਂ ਦਾ ਸਹੀ ਸਮਤੋਲ ਬਣਿਆ ਰਹੇ।
19ਵੀਂ ਸਦੀ ਦੌਰਾਨ ਅਮਰੀਕਾ ਵਿੱਚ ਇੱਕ ਲਹਿਰ ਚੱਲੀ ਕਿ ਕਬਜ਼ ਤੇ ਮਾੜੇ ਆਚਰਨ ਦਾ ਸੰਬੰਧ ਹੈ ਅਤੇ ਦੋਵਾਂ ਦਾ ਇਲਾਜ ਹੋਣਾ ਚਾਹੀਦਾ ਹੈ। ਇਸ ਲਹਿਰ ਨੂੰ ਕੈਲੋਗਜ਼ ਕਿਹਾ ਜਾਂਦਾ ਹੈ।
ਉਸ ਦੌਰਾਨ ਇਸ ਮੰਤਵ ਲਈ ਖ਼ਾਸ ਕਿਸਮ ਦੇ ਨਾਸ਼ਤੇ ਵਿਕਸਤ ਕੀਤੇ ਗਏ।

ਭੋਜਨ ਦੇ ਆਂਦਰਾਂ ਵਿੱਚ ਜ਼ਿਆਦਾ ਦੇਰ ਰੁਕੇ ਰਹਿਣ ਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਨਾਲ ਜੋੜਿਆ ਗਿਆ ਹੈ।
ਗੁਦਾ ਦਾ ਕੈਂਸਰ (Colorectal cancer)
- ਵੱਡੀ ਆਂਦਰ ਦੀ ਅੰਦਰੂਨੀ ਪਰਤ ''''ਤੇ ਮਹੁਕਿਆਂ ਵਰਗੇ ਵਾਧੇ (colon polyps)
- ਪਾਚਨ ਟ੍ਰੈਕਟ ਵਿੱਚ ਛੋਟੇ, ਉਭਰਦੇ ਪਾਊਚ (ਡਾਈਵਰਟੀਕੁਲਾ) ਵਿਕਸਿਤ ਹੁੰਦੇ ਹਨ। (diverticulosis)
- ਗਾਲ ਬਲੈਡਰ ਦੀਆਂ ਪਥਰੀਆਂ (gallstones)
- ਬਵਾਸੀਰ (hemorrhoids)
ਤਾਜ਼ਾ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਧੀਮੇ ਪਾਚਨ ਦਾ ਅਸਰ ਸਾਡੇ ਪੇਟ ਵਿੱਚ ਰਹਿਣ ਵਾਲੇ ਬੈਕਟੀਰੀਆ ਉੱਪਰ ਵੀ ਪੈਂਦਾ ਹੈ।
ਇਸ ਲਈ ਧੀਮੇ ਪਾਚਨ ਨੂੰ ਕਈ ਕਿਸਮ ਦੀਆਂ ਬੀਮਾਰੀਆਂ ਨਾਲ ਜੋੜ ਕੇ ਦੇਖਿਆ ਜਾ ਸਕਦਾ ਹੈ।

ਸਿਹਤਮੰਦ ਆਦਤ
ਹਾਜਤ ਬਾਰੇ ਆਪਣੀਆਂ ਆਦਤਾਂ ਵਿੱਚ ਸੁਧਾਰ ਕਰਨ ਲਈ ਤੁਸੀਂ ਆਪਣੀ ਖੁਰਾਕ ਵਿੱਚ ਰੇਸ਼ੇ ਅਤੇ ਤਰਲਾਂ ਦੀ ਮਾਤਰਾ ਵਧਾ ਕੇ, ਨਿਯਮਤ ਕਸਰਤ ਕਰਕੇ ਅਤੇ ਆਪਣੇ ਮਲ ਤਿਆਗ ਅੰਗਾਂ ਦੇ ਸੰਪਰਕ ਵਿੱਚ ਰਹਿ ਕੇ ਕਰ ਸਕਦੇ ਹੋ।
ਕੁਝ ਲੋਕ ਆਪਣੀਆਂ ਮਲ ਤਿਆਗ ਆਦਤਾਂ ਵਿੱਚ ਸੁਧਾਰ ਕਰਨ ਲਈ ਕੌਗਨੀਟਿਵ ਬੀਹੇਵੀਅਰਲ ਥੈਰਿਪੀ ਦੀ ਵਰਤੋਂ ਵੀ ਕਰਦੇ ਹਨ।
ਹਾਲਾਂਕਿ ਸਭ ਤੋਂ ਅਹਿਮ ਇਹੀ ਹੈ ਕਿ ਜਦੋਂ ਵੀ ਕੁਦਰਤ ਦੀ ਅਵਾਜ਼ ਪਵੇ ਤਾਂ ਉਸ ਨੂੰ ਸੁਣਿਆ ਜਾਵੇ।
ਮਾਰਟਿਨ ਵਿਸੇ ਬ੍ਰਿਟੇਨ ਦੀ ਨਿਊਕਾਸਲ ਯੂਨੀਵਰਸਿਟੀ ਵਿੱਚ ਆਨਰੇਰੀ ਪ੍ਰੋਫ਼ੈਸਰ ਹਨ।