ਸੰਗਰੂਰ ਦੀ ਜ਼ਿਮਨੀ ਚੋਣ ਕਿਵੇਂ ਕਾਂਗਰਸ ਤੇ ਅਕਾਲੀ ਦਲ ਸਣੇ ਪੰਜਾਬ ’ਚ ਪਾਰਟੀਆਂ ਦਾ ਭਵਿੱਖ ਤੈਅ ਕਰ ਸਕਦੀ ਹੈ

Tuesday, Jun 21, 2022 - 04:31 PM (IST)

ਸੰਗਰੂਰ ਦੀ ਜ਼ਿਮਨੀ ਚੋਣ ਕਿਵੇਂ ਕਾਂਗਰਸ ਤੇ ਅਕਾਲੀ ਦਲ ਸਣੇ ਪੰਜਾਬ ’ਚ ਪਾਰਟੀਆਂ ਦਾ ਭਵਿੱਖ ਤੈਅ ਕਰ ਸਕਦੀ ਹੈ

ਸੰਗਰੂਰ ਜ਼ਿਮਨੀ ਚੋਣ ਲਈ 23 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਇਹ ਚੋਣ ਪੰਜਾਬ ਵਿੱਚ ਪੰਜ ਸਿਆਸੀ ਪਾਰਟੀਆਂ ਦਾ ਭਵਿੱਖ ਤੈਅ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਸੱਤਾਧਾਰੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਕਾਂਗਰਸ ਅਤੇ ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦੀ ਜਿੱਤ ਉਪਰ ਟੇਕ ਰੱਖੀ ਜਾ ਰਹੀ ਹੈ।

ਇਹ ਜ਼ਿਮਨੀ ਚੋਣ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਉੱਪਰ ਵੀ ਅਸਰ ਦਿਖਾ ਸਕਦੀ ਹੈ।

ਇਸ ਸੀਟ ਤੋਂ ਭਗਵੰਤ ਮਾਨ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਗਏ ਹਨ। ਮੁੱਖ ਮੰਤਰੀ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਦੇ ਅਸਤੀਫ਼ੇ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ।

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸੰਗਰੂਰ ਜ਼ਿਮਨੀ ਚੋਣ ਲਈ ਕਿਹੜੇ ਅਹਿਮ ਮੁੱਦੇ ਹਨ।

ਸੰਗਰੂਰ ਜ਼ਿਮਨੀ ਚੋਣ ਦੇ ਤਿੰਨ ਅਹਿਮ ਮੁੱਦੇ

  • ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਜ਼ੋਰ-ਸ਼ੋਰ ਨਾਲ ਸਿੱਖ ਕੈਦੀਆਂ ਦੀ ਰਿਹਾਈ ਦਾ ਮਸਲਾ ਇਨ੍ਹਾਂ ਚੋਣਾਂ ਦਾ ਮੁੱਖ ਮੁੱਦਾ ਬਣਾਇਆ ਗਿਆ ਹੈ।
  • ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚ ਹੋਏ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇਵਾਲਾ ਦੇ ਕਤਲ ਸਮੇਤ ਕਬੱਡੀ ਖਿਡਾਰੀਆਂ ਦੇ ਕਤਲ ਕਾਰਨ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਉਪਰ ਪੰਜਾਬ ਦੀ ਕਾਨੂੰਨ ਵਿਵਸਥਾ ਹੈ।
  • ਸੰਗਰੂਰ ਲੋਕ ਸਭਾ ਹਲਕੇ ''''ਚ ਪੈਂਦੇ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ ਵਿੱਚ ਧਰਤੀ ਹੇਠਲੇ ਪਾਣੀ ਲਗਾਤਾਰ ਡਿਗ ਰਿਹਾ ਪੱਧਰ ਸਮੇਤ ਸਮੁੱਚਾ ਖੇਤੀ ਸੰਕਟ ਇਨ੍ਹਾਂ ਚੋਣਾਂ ਵਿਚ ਉੱਠ ਰਿਹਾ ਹੈ।

ਕਾਂਗਰਸ ਸਣੇ ਪਾਰਟੀਆਂ ਦਾ ਭਵਿੱਖ ਦਾਅ ’ਤੇ ਲੱਗਿਆ

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੱਡੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਆਪਣੀ ਸਿਆਸਤ ਵਿੱਚ ਵੱਡਾ ਬਦਲਾਅ ਕੀਤਾ ਹੈ।

ਪਾਰਟੀ ਵੱਲੋਂ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿੱਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।

ਅਕਾਲੀ ਦਲ ਵੱਲੋਂ ਪੰਥਕ ਰਾਜਨੀਤੀ ਵੱਲ ਇੱਕ ਵਾਰ ਫਿਰ ਤੋਂ ਫੋਕਸ ਕੀਤਾ ਗਿਆ ਹੈ। ਜੇ ਅਕਾਲੀ ਦਲ ਇਹ ਸੀਟ ਜਿੱਤਦੀ ਹੈ ਤਾਂ ਪਾਰਟੀ ਲਈ ਰਾਹਤ ਵਾਲੀ ਗੱਲ ਹੋਵੇਗੀ ਪਰ ਸੀਟ ਹਾਰਨ ਦੀ ਸਥਿਤੀ ਵਿੱਚ ਪੰਜਾਬ ਦੀ ਰਾਜਨੀਤੀ ਅੰਦਰ ਮੁੜ ਪੈਰ ਜਮਾਉਣੇ ਔਖੇ ਹੋ ਜਾਣਗੇ।

ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸੱਤਾ ਤੋਂ ਬਾਹਰ ਹੋਈ ਕਾਂਗਰਸ ਪਾਰਟੀ ਲਈ ਇਹ ਚੋਣ ਹੋਂਦ ਦਾ ਸਵਾਲ ਹੈ।

ਪਾਰਟੀ ਵੱਲੋਂ ਧੂਰੀ ਵਿਧਾਨ ਸਭਾ ਚੋਣ ਹਾਰੇ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਦਿੱਤੀ ਗਈ ਹੈ, ਹਾਲਾਂਕਿ ਉਹ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਮਾਨ ਤੋਂ ਬੁਰੀ ਤਰ੍ਹਾਂ ਹਾਰ ਗਏ ਸਨ। ਇਹ ਚੋਣ ਤੈਅ ਕਰੇਗੀ ਕਿ ਕਾਂਗਰਸ ਦੁਬਾਰਾ ਉੱਭਰਦੀ ਹੈ ਜਾਂ ਹਾਲੇ ਉਸ ਨੂੰ ਹੋਰ ਸੰਘਰਸ਼ ਕਰਨਾ ਪਵੇਗਾ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ 7ਵੀਂ ਵਾਰ ਚੋਣ ਲੜ ਰਹੇ ਹਨ। ਇੰਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਨਿਰੀ ਪੰਥਕ ਰਾਜਨੀਤੀ ਕਰਨ ਵਾਲੀ ਇਸ ਪਾਰਟੀ ਦਾ ਭਵਿਖ ਤੈਅ ਹੋਵੇਗਾ ਕਿ ਉਹ ਸਿਰਫ ਨਾਅਰਿਆਂ ਅੰਦਰ ਹੀ ਹੈ ਜਾਂ ਵੋਟਾਂ ਜੁਟਾਉਣ ਵਿਚ ਵੀ ਸਫਲ ਹੁੰਦੀ ਹੈ।

ਮਾਨ ਸਰਕਾਰ ਦੇ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ

ਪੰਜਾਬ ਵਿਚ ਭ੍ਰਿਸਟਾਚਾਰ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਨੂੰ ਲੈ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦਾ ਤਿੰਨ ਮਹੀਨਿਆਂ ਦਾ ਸਫ਼ਰ ਲੋਕਾਂ ਨੂੰ ਰਾਹਤ ਦੇਣ ਵਾਲਾ ਰਿਹਾ ਜਾਂ ਨਹੀਂ ਕਿ, ਇਹ ਵੀ ਇਨ੍ਹਾਂ ਚੋਣਾਂ ਤੋਂ ਝਲਕੇਗਾ।

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਾਂਗਰਸ ਸਰਕਾਰ ਵੇਲੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਆਪਣੀ ਹੀ ਸਰਕਾਰ ਵਿਚ ਮੰਤਰੀ ਵਿਜੇ ਸਿੰਗਲਾ ਨੂੰ ਭ੍ਰਿਸਟਾਚਾਰ ਦੇ ਇਲਜ਼ਾਮਾਂ ਵਿਚ ਜੇਲ੍ਹ ਭੇਜਿਆ ਗਿਆ ਹੈ।

ਦੂਜੇ ਪਾਸੇ ਬੇਰੁਜ਼ਗਾਰੀ ਦਾ ਮੁੱਦਾ ਹਾਲੇ ਵੀ ਉੱਥੇ ਦਾ ਉੱਥੇ ਹੀ ਹੈ। ਬੇਰੁਜ਼ਗਾਰਾਂ ਨੇ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦੇ ਬਾਹਰ ਪੱਕੇ ਧਰਨੇ ਲਗਾ ਰੱਖੇ ਹਨ।

ਮਾਨ ਸਰਕਾਰ ਵੱਲੋਂ ਲਏ ਗਏ ਹੋਰਨਾਂ ਫੈਸਲਿਆਂ ਵਿੱਚ ਰਾਜ ਸਭਾ ਭੇਜੇ ਗਏ ਪੰਜ ਮੈਂਬਰਾਂ ਵਿੱਚੋਂ ਦੋ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਦਾ ਪੰਜਾਬੀ ਨਾ ਹੋਣਾ ਸਵਾਲਾਂ ਦੇ ਘੇਰੇ ਵਿੱਚ ਰਿਹਾ।

ਬਾਅਦ ''''ਚ ਭੇਜੇ ਗਏ ਦੋ ਨਵੇਂ ਮੈਂਬਰ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਰਾਹੀਂ ਪਾਰਟੀ ਨੇ ਵਿਰੋਧੀਆਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ।

ਇਸ ਦੇ ਨਾਲ ਹੀ ਸਰਕਾਰ ਵੱਲੋਂ ਨਵੀਂ ਐਕਸਾਈਜ਼ ਪੌਲਿਸੀ ਲਿਆਂਦੀ ਗਈ ਹੈ ਅਤੇ ਨਵੀਂ ਮਾਈਨਿੰਗ ਨੀਤੀ ਲਿਆਉਣ ਦੀ ਗੱਲ ਆਖੀ ਜਾ ਰਹੀ ਹੈ। ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਸਿੱਧੀਆਂ ਬੱਸਾਂ ਵੀ ਚਲਾਈਆਂ ਗਈਆਂ ਹਨ।

ਇਸ ਦੇ ਨਾਲ ਹੀ ਸਰਕਾਰੀ ਜ਼ਮੀਨ ਉੱਤੇ ਕੀਤੇ ਨਜ਼ਾਇਜ ਕਬਜ਼ਿਆਂ ਨੂੰ ਹਟਾਇਆ ਗਿਆ ਪਰ ਇਹ ਕਾਰਵਾਈ ਵਿਵਾਦਾਂ ਦੇ ਘੇਰੇ ਵਿਚ ਰਹੀ।

ਸਰਕਾਰ ਲਈ ਸਭ ਤੋਂ ਵੱਧ ਅਲੋਚਨਾ ਦਾ ਵਿਸ਼ਾ ਸੂਬੇ ਦੀ ਅਮਨ ਕਾਨੂੰਨ ਵਿਵਸਥਾ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਗੈਂਗਸਟਰ ਪਿਛਲੀਆਂ ਸਰਕਾਰਾਂ ਦੀ ਪੈਦਾਇਸ਼ ਹਨ ਜਿਨ੍ਹਾਂ ਨੂੰ ਕਾਬੂ ਕਰਨ ਵਿੱਚ ਪੁਲਿਸ ਪ੍ਰਸਾਸ਼ਨ ਲੱਗਾ ਹੋਇਆ ਹੈ।

15 ਲੱਖ ਵੋਟਰ ਕਰਨਗੇ 16 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਭਾਵੇਂ ਕਿ 16 ਉਮੀਦਵਾਰਾਂ ਵੱਲੋਂ ਇਨ੍ਹਾਂ ਚੋਣਾਂ ਵਿੱਚ ਕਿਸਮਤ ਅਜ਼ਮਾਈ ਕੀਤੀ ਜਾ ਰਹੀ ਹੈ ਪਰ ਮੁੱਖ ਮੁਕਾਬਲਾ ਪੰਜ ਪਾਰਟੀਆਂ ਦਰਮਿਆਨ ਵਿਖਾਈ ਦੇ ਰਿਹਾ ਹੈ।

ਇਨ੍ਹਾਂ 15 ਲੱਖ ਵੋਟਰਾਂ ਦੀ ਕਚਹਿਰੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਕਮਲਦੀਪ ਕੌਰ ਰਾਜੋਆਣਾ, ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿਮਰਨਜੀਤ ਸਿੰਘ ਮਾਨ, ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਵੱਲੋਂ ਦਲਵੀਰ ਸਿੰਘ ਗੋਲਡੀ ਉਤਾਰੇ ਗਏ ਹਨ।

ਇਹ ਵੀ ਪੜ੍ਹੋ:

https://www.youtube.com/watch?v=B168ED1aKWc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News