ਸਿੱਪੀ ਸਿੱਧੂ ਕਤਲ ਕੇਸ: 7 ਸਾਲਾਂ ਬਾਅਦ ਮੁਲਜ਼ਮ ਦੀ ਗ੍ਰਿਫ਼ਤਾਰੀ, ਪਰਿਵਾਰ ਨੇ ਕਿਹਾ ''''ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ''''

Thursday, Jun 16, 2022 - 08:16 PM (IST)

ਸਿੱਪੀ ਸਿੱਧੂ ਕਤਲ ਕੇਸ: 7 ਸਾਲਾਂ ਬਾਅਦ ਮੁਲਜ਼ਮ ਦੀ ਗ੍ਰਿਫ਼ਤਾਰੀ, ਪਰਿਵਾਰ ਨੇ ਕਿਹਾ ''''ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ''''
ਸਿਪੀ ਸਿੱਧੂ
BBC
ਸਿੱਪੀ ਸਿੱਧੂ ਨੂੰ ਸੱਤ ਸਾਲ ਪਹਿਲਾਂ ਚੰਡੀਗੜ੍ਹ ਦੇ ਇੱਕ ਜਨਤਕ ਪਾਰਕ ਵਿੱਚ ਕਤਲ ਕਰ ਦਿੱਤਾ ਗਿਆ ਸੀ

21 ਸਤੰਬਰ 2015 ਨੂੰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਚੰਡੀਗੜ ਦੇ ਸੈਕਟਰ 27 ਦੇ ਪ੍ਰੈਸ ਕਲੱਬ ਦੇ ਨੇੜੇ ਇੱਕ 35 ਸਾਲਾ ਕੌਮੀ ਪੱਧਰ ਦੇ ਨਿਸ਼ਾਨੇਬਾਜ਼ ਅਤੇ ਵਕੀਲ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਸਿੱਧੂ ਦਾ ਕਿਸੇ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਸੁਖਮਨਪ੍ਰੀਤ ਜੋ ਆਪਣੇ ਦੂਜੇ ਨਾਂ ਸਿੱਪੀ ਸਿੱਧੂ ਵਜੋਂ ਵਧੇਰੇ ਮਸ਼ਹੂਰ ਸੀ, ਦਾ ਪਰਿਵਾਰ ਜਵਾਨ ਪੁੱਤ ਦੀ ਮੌਤ ਕਾਰਨ ਸਦਮੇ ਵਿੱਚ ਸੀ।

ਪਰਿਵਾਰ ਨੇ ਪਹਿਲੇ ਦਿਨੋਂ ਹੀ ਇਹ ਇਲਜ਼ਾਮ ਲਾਇਆ ਸੀ ਕਿ ਸਿੱਪੀ ਸਿੱਧੂ ਦੇ ਕਤਲ ਪਿੱਛੇ ਉਨ੍ਹਾਂ ਦੀ ਪੁਰਾਣੀ ਦੋਸਤ ਕਲਿਆਣੀ ਹੈ।

ਪਰਿਵਾਰ ਦਾ ਦਾਅਵਾ ਸੀ ਕਿ ਸੁਖਮਨਪ੍ਰੀਤ ਦਾ ਕਤਲ ਇਸ ਲਈ ਕਰਵਾਇਆ ਗਿਆ ਕਿਉਂਕਿ ਉਸ ਨੇ ਕੁੜੀ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ।

ਹੁਣ ਲਗਭਗ ਸੱਤ ਸਾਲਾਂ ਬਾਅਦ 15 ਜੂਨ ਨੂੰ ਸੀਬੀਆਈ ਨੇ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਤੇ ਪੁੱਛਗਿਛ ਲਈ ਚਾਰ ਦਿਨ ਦਾ ਰਿਮਾਂਡ ਹਾਸਲ ਕਰ ਲਿਆ।

ਕਲਿਆਣੀ ਸਿੰਘ ਪੇਸ਼ੇ ਵਜੋਂ ਅਧਿਆਪਕ ਹਨ ਅਤੇ ਚੰਡੀਗੜ ਦੇ ਇੱਕ ਕਾਲਜ ਲੈਕਚਰਾਰ ਹਨ।

ਪਰਿਵਾਰ ਨੂੰ ਨਿਆਂ ਦੀ ਬੱਝੀ ਉਮੀਦ

ਸਿੱਪੀ ਸਿੱਧੂ
BBC
ਸਿੱਪੀ ਸਿੱਧੂ ਦੇ ਭਰਾ ਜਿੱਪੀ ਮੁਤਾਬਕ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਰਿਵਾਰ ਨੂੰ ਨਿਆਂ ਦੀ ਉਮੀਦ ਬੱਝੀ ਹੈ

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਿੱਪੀ ਦੇ ਭਰਾ ਜਿੱਪੀ ਸਿੱਧੂ ਨੇ ਕਿਹਾ ਕਿ ਇੰਨੇ ਸਾਲਾਂ ਬਾਅਦ ਸਾਨੂੰ ਨਿਆਂ ਦੀ ਉਮੀਦ ਬੱਝੀ ਹੈ।

ਉਨ੍ਹਾਂ ਨੇ ਦਾਅਵਾ ਕੀਤਾ, "ਅਸੀਂ ਪਹਿਲੇ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਸਿੱਪੀ ਦਾ ਕਤਲ ਕਲਿਆਣੀ ਨੇ ਹੀ ਕਰਾਇਆ ਹੈ ਪਰ ਕਿਉਂਕਿ ਉਹ ਇਕ ਜੱਜ ਦੀ ਕੁੜੀ ਸੀ, ਉਹਨਾਂ ਤੇ ਹੱਥ ਪਾਉਣਾ ਇੰਨਾ ਸੌਖਾ ਨਹੀਂ ਸੀ।"

ਦੂਜੇ ਪਾਸੇ ਕਲਿਆਣੀ ਦੇ ਵਕੀਲ ਸਰਤੇਜ ਨਰੂਲਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਮਾਮਲਾ ਕਲਿਆਣੀ ਤੇ ਉਹਨਾਂ ਦੀ ਮਾਤਾ ਜੋ ਕਿ ਜੱਜ ਹਨ, ਉਹਨਾਂ ਦੇ ਖਿਲਾਫ਼ ਇੱਕ ਰਾਜਨੀਤਿਕ ਸਾਜਿਸ਼ ਹੈ।

ਇਹ ਵੀ ਪੜ੍ਹੋ:

ਨਰੂਲਾ ਦਾ ਦਾਅਵਾ ਹੈ, "ਦਸੰਬਰ 2020 ਵਿਚ ਸੀਬੀਆਈ ਨੇ ਅਦਾਲਤ ਵਿਚ ਅਨਟਰੇਸ ਰਿਪੋਰਟ ਦਾਇਰ ਕੀਤੀ ਸੀ ਤੇ ਕਿਹਾ ਸੀ ਕਿ ਉਹ ਕਾਤਲ ਤੱਕ ਨਹੀਂ ਪਹੁੰਚ ਸਕੀ ਹੈ। ਹੁਣ ਅਚਾਨਕ ਕਿਵੇਂ ਸੀਬੀਆਈ ਨੂੰ ਕੋਈ ਸਬੂਤ ਮਿਲ ਗਿਆ ?"

''''ਕਤਲ ਦਾ ਕਾਰਨ ਤਸਵੀਰਾਂ ਤੇ ਵਿਆਹ ਤੋਂ ਇਨਕਾਰ''''

ਸੀਬੀਆਈ ਵੱਲੋਂ ਅਦਾਲਤ ਵਿੱਚ ਦਾਇਰ ਰਿਪੋਰਟ ਮੁਤਾਬਕ , ਸਿੱਧੂ ਨੇ ਕਲਿਆਣੀ ਦੀ ਵਿਆਹ ਦੀ ਤਜਵੀਜ਼ ਨੂੰ ਠੁਕਰਾ ਦਿੱਤਾ ਸੀ।

ਉਨ੍ਹਾਂ ਇਹ ਵੀ ਕਿਹਾ ਕਿ ਸਿੱਧੂ ਨੇ ਕਥਿਤ ਤੌਰ ''''ਤੇ ਕਲਿਆਣੀ ਦੀਆਂ ਕੁਝ ਤਸਵੀਰਾਂ ਲੀਕ ਕੀਤੀਆਂ ਸਨ, ਜਿਸ ਨਾਲ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ।ਸੀਬੀਆਈ ਰਿਪੋਰਟ ਮੁਤਾਬਕ ਕਲਿਆਣੀ ਨੇ ਕਥਿਤ ਤੌਰ ''''ਤੇ ਕਤਲ ਤੋਂ ਪਹਿਲਾਂ ਸਿੱਪੀ ਸਿੱਧੂ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਪਾਰਕ ਵਿੱਚ ਮਿਲਣ ਲਈ ਬੁਲਾਇਆ।

ਸੀਬੀਆਈ ਨੇ ਦਾਅਵਾ ਕੀਤਾ ਕਿ 20 ਸਤੰਬਰ ਦੀ ਸ਼ਾਮ ਨੂੰ ਸੈਕਟਰ 27 ਦੇ ਪਾਰਕ ਵਿੱਚ ਮਰਹੂਮ ਦੇ ਨਾਲ ਮੁਲਜ਼ਮਾਂ ਦੀ ਮੌਜੂਦਗੀ ਦੀ ਪੁਸ਼ਟੀ ਕਰਨ ਵਾਲੇ ਸਬੂਤ ਮਿਲੇ ਹਨ।

ਸੀਬੀਆਈ ਨੇ ਰਿਪੋਰਟ ਵਿਚ ਅੱਗੇ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਅਣਪਛਾਤੇ ਹਮਲਾਵਰ ਅਤੇ ਮੁਲਜ਼ਮਾ ਨੇ ਸਿੱਪੀ ਸਿੱਧੂ ਨੂੰ ਕਥਿਤ ਤੌਰ ''''ਤੇ ਹਥਿਆਰ ਦੀ ਵਰਤੋਂ ਕਰਕੇ ਮਾਰਿਆ ਸੀ।

ਸੀਬੀਆਈ ਦਾ ਇਹ ਵੀ ਦਾਅਵਾ ਹੈ ਕਿ ਕਲਿਆਣੀ ਅਤੇ ਦੂਜੇ ਹਮਲਾਵਰ ਨੂੰ ਵੀ ਕਥਿਤ ਤੌਰ ''''ਤੇ ਮੌਕੇ ਤੋਂ ਭੱਜਦੇ ਦੇਖਿਆ ਗਿਆ ਸੀ।

ਕਲਿਆਣੀ ਦਾ ਇੱਕ ਪੋਲੀਗ੍ਰਾਫ ਜਾਂ ਝੂਠ ਪਤਾ ਕਰਨ ਵਾਲਾ ਟੈਸਟ ਕਰਵਾਇਆ ਗਿਆ ਸੀ, ਜਿਸ ਵਿੱਚ ਸੀਬੀਆਈ ਦੇ ਅਨੁਸਾਰ ਉਸਨੇ ਪੁੱਛਗਿੱਛ ਦੌਰਾਨ ਸਵਾਲਾਂ ਦੇ ਕਥਿਤ ਤੌਰ ''''ਤੇ ਸਪਸ਼ਟ ਜਵਾਬ ਨਹੀਂ ਦਿੱਤੇ ਸੀ।

ਸਿੱਪੀ ਸਿੱਧੂ
BBC

ਮਰਹੂਮ ਅਤੇ ਮੁਲਜ਼ਮ ਬਚਪਨ ਤੋਂ ਜਾਣੂ ਸਨ

ਜਿੱਪੀ ਸਿੱਧੂ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਦੀ 30 ਸਾਲ ਪੁਰਾਣੀ ਸਾਂਝ ਸੀ।

ਇਹ ਪੁੱਛਣ ''''ਤੇ ਕਿ ਕਲਿਆਣੀ ''''ਤੇ ਉਹਨਾਂ ਨੂੰ ਕਿਉਂ ਸ਼ੱਕ ਹੋਇਆ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੋਈ ਸ਼ੱਕ ਨਹੀਂ ਹੈ ਸਗੋਂ ਉਨ੍ਹਾਂ ਨੂੰ ਯਕੀਨ ਸੀ ਕਿ ਉਸ ਨੇ ਹੀ ਉਹਨਾਂ ਦੇ ਭਰਾ ਦਾ ਕਤਲ ਕਰਵਾਇਆ ਹੈ।

ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਕਲਿਆਣੀ ਦੇ ਪਰਿਵਾਰ ਵਾਲਿਆਂ ਨੇ ਮਰਹੂਮ ਨੂੰ ਧਮਕੀਆਂ ਵੀ ਦਿੱਤੀਆਂ ਸਨ।

ਜਿੱਪੀ ਸਿੱਧੂ ਦਾ ਦਾਅਵਾ ਹੈ, "ਸਿੱਪੀ ਨੇ ਕਲਿਆਣੀ ਦੀਆਂ ਕੁਝ ਇਤਰਾਜ਼ਯੋਗ ਤਸਵੀਰਾਂ ਉਸਦੇ ਮਾਪਿਆਂ ਨੂੰ ਦਿਖਾ ਦਿੱਤੀਆਂ ਸਨ, ਜਿਸ ਕਾਰਨ ਕਲਿਆਣੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨ ਪਿਆ ਸੀ।''''''''

"ਕਲਿਆਣੀ ਸਿੱਪੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਸਿੱਪੀ ਨੇ ਇਹ ਪ੍ਰਸਤਾਵ ਠੁਕਰਾ ਦਿੱਤਾ ਸੀ।''''''''

ਪਰਿਵਾਰ ਨੇ ਦੱਸਿਆ ਕਿ ਸਿੱਪੀ ਸਿੱਧੂ ਦੇ ਦਾਦਾ ਜਸਟਿਸ ਐਸਐਸ ਸਿੱਧੂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਸਨ।

ਉਸ ਦੇ ਮਰਹੂਮ ਪਿਤਾ, ਆਈਪੀਐਸ ਸਿੱਧੂ, ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਸਨ।

ਇਸ ਤਰ੍ਹਾਂ ਉਨ੍ਹਾਂ ਦੇ ਕਲਿਆਣੀ ਦੇ ਪਰਿਵਾਰ ਨਾਲ ਨਜ਼ਦੀਕੀ ਸਬੰਧ ਸਨ ਅਤੇ ਦੋਵੇਂ ਸਿੱਪੀ ਤੇ ਕਲਿਆਣੀ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਸਨ।

ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਅਤੇ ਫਿਰ ਸੀਬੀਆਈ ਨੂੰ ਦੱਸਦੇ ਰਹੇ ਹਨ ਕਿ ਕਲਿਆਣੀ ਉਨ੍ਹਾਂ ਨੂੰ ਕਲਿਆਣੀ ਉੱਤੇ ਹੀ ਸ਼ੱਕ ਹੈ।

ਮੁਲਜ਼ਮਾ ਖ਼ਿਲਾਫ਼ ਕਾਰਵਾਈ ਲਈ ਦਬਾਅ ਪਾਉਣ ਲਈ ਸਿੱਪੀ ਸਿੱਧੂ ਦਾ ਪਰਿਵਾਰ ਚੰਡੀਗੜ੍ਹ ਅਤੇ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਅਤੇ ਮੋਮਬੱਤੀ ਮਾਰਚ ਵੀ ਕਰਦਾ ਰਿਹਾ ਹੈ।


ਸਿੱਪੀ ਸਿੱਧੂ ਕਤਲ ਕੇਸ ਦੀ ਟਾਇਮਲਾਇਨ

20 ਸਤੰਬਰ 2015: ਸਿੱਪੀ ਸਿੱਧੂ ਨੂੰ ਸੈਕਟਰ 27 ਦੇ ਪਬਲਿਕ ਪਾਰਕ ਵਿੱਚ ਮ੍ਰਿਤਕ ਪਾਇਆ ਗਿਆ। ਕਿਸੇ ਨੇ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕੀਤਾ ਸੀ। ਚੰਡੀਗੜ੍ਹ ਪੁਲਿਸ ਵੱਲੋਂ ਐਫ.ਆਈ.ਆਰ. ਦਰਜ ਕੀਤੀ ਗਈ।18 ਅਕਤੂਬਰ 2015: ਕਲਿਆਣੀ ਸਿੰਘ ਤੋਂ ਚੰਡੀਗੜ੍ਹ ਪੁਲਿਸ ਨੇ ਦੋ ਵਾਰ ਪੁੱਛਗਿੱਛ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।13 ਦਸੰਬਰ 2015: ਸਿੱਪੀ ਸਿੱਧੂ ਦੇ ਪਰਿਵਾਰਕ ਮੈਂਬਰਾਂ ਨੇ ਅਧਿਕਾਰੀਆਂ ਨੂੰ ਮਿਲ ਕੇ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ। ਅਧਿਕਾਰੀਆਂ ਨੇ ਵੀ ਇਸ ਦੀ ਸਿਫਾਰਿਸ਼ ਕਰ ਦਿਤੀ।14 ਅਪ੍ਰੈਲ, 2016: ਜਾਂਚ ਸੀਬੀਆਈ ਨੂੰ ਟਰਾਂਸਫਰ ਕੀਤੀ ਗਈ, ਜਿਸ ਨੇ ਇੱਕ ਤਾਜ਼ਾ ਐਫਆਈਆਰ ਦਰਜ ਕੀਤੀ।6 ਸਤੰਬਰ, 2016: ਸੀਬੀਆਈ ਨੇ ਕਾਤਲਾਂ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ।ਦਸੰਬਰ 20, 2020: ਸੀਬੀਆਈ ਨੇ ਇੱਕ ਅਣਟਰੇਸ ਰਿਪੋਰਟ ਦਾਇਰ ਕੀਤੀ ਅਤੇ ਜ਼ਿਕਰ ਕੀਤਾ ਕਿ ਜਾਂਚ ਨੂੰ ਖੋਲ੍ਹਣ ਅਤੇ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।ਦਸੰਬਰ 11, 2021: ਸੀਬੀਆਈ ਨੇ ਇਨਾਮੀ ਰਾਸ਼ੀ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰ ਦਿੱਤੀ।15 ਜੂਨ, 2022: ਕਲਿਆਣੀ ਸਿੰਘ ਨੂੰ ਸੈਕਟਰ 30 ਸਥਿਤ ਸੀਬੀਆਈ ਜ਼ੋਨਲ ਹੈੱਡਕੁਆਰਟਰ ਵਿਖੇ ਪੁੱਛਗਿੱਛ ਲਈ ਤਲਬ ਕੀਤਾ ਗਿਆ। ਗ੍ਰਿਫਤਾਰੀ ਮਗਰੋਂ ਚਾਰ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ।

ਇਹ ਵੀ ਪੜ੍ਹੋ:

https://www.youtube.com/watch?v=Z4Bum9Ln5Cw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News