ਪਾਕਿਸਤਾਨ ਵਿਚ ਲੋਕਾਂ ਨੂੰ ਚਾਹ ਪੀਣੀ ਘੱਟ ਕਰਨ ਲਈ ਕਿਉਂ ਕਿਹਾ ਜਾ ਰਿਹਾ ਹੈ

Wednesday, Jun 15, 2022 - 08:01 PM (IST)

ਪਾਕਿਸਤਾਨ ਵਿਚ ਲੋਕਾਂ ਨੂੰ ਚਾਹ ਪੀਣੀ ਘੱਟ ਕਰਨ ਲਈ ਕਿਉਂ ਕਿਹਾ ਜਾ ਰਿਹਾ ਹੈ
ਚਾਹ ਦੇ ਕੱਪ
Getty Images
ਪਾਕਿਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਚਾਹ ਦਰਾਮਦਕਾਰ ਦੇਸ਼ ਹੈ

ਪਾਕਿਸਤਾਨ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਬਚਾਈ ਰੱਖਣ ਲਈ ਚਾਹ ਪੀਣੀ ਘੱਟ ਕਰ ਦੇਣ।

ਪਾਕਿਸਤਾਨ ਦੇ ਸੀਨੀਅਰ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ ਕਿ ਰੋਜ਼ਾਨਾ ਚਾਹ ਦੀ ਖਪਤ ਘੱਟ ਕਰਨ ਨਾਲ ਪਾਕਿਸਤਾਨ ਦੇ ਉੱਚ ਦਰਾਮਦ ਬਿਲਾਂ ਵਿੱਚ ਕਟੌਤੀ ਹੋਵੇਗੀ।

ਦੇਸ਼ ਕੋਲ ਵਿਦੇਸ਼ੀ ਮੁਦਰਾ ਦੇ ਭੰਡਾਰ ਕਾਫ਼ੀ ਘੱਟ ਹਨ। ਪਾਕਿਸਤਾਨ ਆਪਣੇ ਮੌਜੂਦਾ ਵਿਦੇਸ਼ੀ ਭੰਡਾਰ ਦੇ ਨਾਲ ਸਿਰਫ਼ ਦੋ ਮਹੀਨੇ ਹੀ ਬਾਹਰੋਂ ਵਸਤਾਂ ਮੰਗਵਾ ਸਕਦਾ ਹੈ।

ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਚਾਹ ਦੀ ਦਰਾਮਦ ਪਾਕਿਸਤਾਨ ਕਰਦਾ ਹੈ। ਪਾਕਿਸਤਾਨ ਵਿੱਚ ਪਿਛਲੇ ਸਾਲ 60 ਕਰੋੜ ਡਾਲਰ ਦੀ ਚਾਹ ਪੀਤੀ ਗਈ।

ਪਾਕਿਸਤਾਨੀ ਮੀਡੀਆ ਦੇ ਅਨੁਸਾਰ, ਅਹਿਸਾਨ ਇਕਬਾਲ ਨੇ ਕਿਹਾ, "ਮੈਂ ਦੇਸ਼ ਨੂੰ ਚਾਹ ਦੀ ਖ਼ਪਤ ਨੂੰ ਇੱਕ ਤੋਂ ਦੋ ਕੱਪ ਤੱਕ ਸੀਮਤ ਕਰਨ ਦੀ ਅਪੀਲ ਕਰਦਾ ਹਾਂ ਕਿਉਂਕਿ ਅਸੀਂ ਕਰਜ਼ੇ ''''ਤੇ ਚਾਹ ਮੰਗਾਉਂਦੇ ਹਾਂ।"

ਉਨ੍ਹਾਂ ਨੇ ਸੁਝਾਅ ਦਿੱਤਾ ਕਿ ਵਪਾਰੀ ਵੀ ਬਿਜਲੀ ਦੀ ਬੱਚਤ ਕਰਨ ਲਈ ਆਪਣੀਆਂ ਦੁਕਾਨਾਂ ਰਾਤ ਸਾਢੇ ਅੱਠ ਵਜੇ ਬੰਦ ਕਰ ਸਕਦੇ ਹਨ।

ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਤੇਜ਼ੀ ਨਾਲ ਖੋਰਾ ਲੱਗ ਰਿਹਾ ਹੈ। ਸਰਕਾਰ ''''ਤੇ ਉੱਚ ਦਰਾਮਦ ਖਰਚਿਆਂ ਨੂੰ ਘਟਾਉਣ ਅਤੇ ਦੇਸ਼ ਵਿੱਚ ਫੰਡ ਰੱਖਣ ਲਈ ਦਬਾਅ ਵਧ ਰਿਹਾ ਹੈ।

ਪਾਕਿਸਤਾਨ ਦੇ ਪੀਐਮ
EPA
ਪਾਕਿਸਤਾਨ ਦੀ ਨਵੀਂ ਸਰਕਾਰ ਲਈ ਦੇਸ਼ ਦੀ ਆਰਥਿਕਤਾ ਨੂੰ ਲੀਹ ਤੇ ਲਿਆਉਣਾ ਇੱਕ ਵੱਡੀ ਚੁਣੌਤੀ ਹੈ

ਚਾਹ ਪੀਣੀ ਘਟਾਉਣ ਦੀ ਬੇਨਤੀ ਸੋਸ਼ਲ ਮੀਡੀਆ ''''ਤੇ ਵਾਇਰਲ ਹੋ ਗਈ ਹੈ, ਬਹੁਤ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਕੈਫੀਨ ਵਾਲੇ ਉਤਪਾਦਾਂ ਦੀ ਖ਼ਪਤ ਵਿੱਚ ਕਟੌਤੀ ਕਰਕੇ ਦੇਸ਼ ਦੀਆਂ ਗੰਭੀਰ ਵਿੱਤੀ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ।

ਪਾਕਿਸਤਾਨ ਦਾ ਕਿੰਨਾ ਹੈ ਮੁਦਰਾ ਭੰਡਾਰ

ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਫਰਵਰੀ ਵਿੱਚ ਲਗਭਗ 16 ਅਰਬ ਡਾਲਰ ਤੋਂ ਘਟ ਕੇ ਜੂਨ ਦੇ ਪਹਿਲੇ ਹਫ਼ਤੇ ਵਿੱਚ 10 ਅਰਬ ਡਾਲਰ ਤੋਂ ਵੀ ਘੱਟ ਰਹਿ ਗਿਆ, ਜੋ ਕਿ ਇਸ ਦੇ ਸਾਰੇ ਦਰਾਮਦ ਦੀ ਦੋ ਮਹੀਨਿਆਂ ਦੀ ਲਾਗਤ ਨੂੰ ਪੂਰਾ ਕਰਨ ਲਈ ਮਸਾਂ ਹੀ ਪੂਰਾ ਪੈ ਸਕਦਾ ਸੀ।

ਪਿਛਲੇ ਮਹੀਨੇ ਕਰਾਚੀ ਵਿੱਚ ਅਧਿਕਾਰੀਆਂ ਨੇ ਫੰਡਾਂ ਦੀ ਬੱਚਤ ਲਈ ਦਰਜਨਾਂ ਗੈਰ-ਜ਼ਰੂਰੀ ਲਗਜ਼ਰੀ ਵਸਤੂਆਂ ਦੀ ਦਰਾਮਦ ''''ਤੇ ਪਾਬੰਦੀ ਲਗਾ ਦਿੱਤੀ ਸੀ।

ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਲਈ ਆਰਥਿਕ ਸੰਕਟ ਇੱਕ ਵੱਡੀ ਪਰਖ ਦੀ ਘੜੀ ਹੈ, ਜਿਨ੍ਹਾਂ ਨੇ ਅਪ੍ਰੈਲ ਵਿੱਚ ਸੰਸਦੀ ਵੋਟਿੰਗ ਵਿੱਚ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਸੀ।

ਸਹੁੰ ਚੁੱਕਣ ਤੋਂ ਤੁਰੰਤ ਬਾਅਦ, ਸ਼ਰੀਫ ਨੇ ਇਮਰਾਨ ਖਾਨ ਦੀ ਤਤਕਾਲੀ ਸਰਕਾਰ ''''ਤੇ ਅਰਥਿਕਤਾ ਨੂੰ ਖ਼ਰਾਬ ਕਰਨ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਇਸ ਨੂੰ ਲੀਹ ''''ਤੇ ਲਿਆਉਣਾ ਉਨ੍ਹਾਂ ਲਈ ਇੱਕ ਵੱਡੀ ਚੁਣੌਤੀ ਹੋਵੇਗੀ।

ਪਿਛਲੇ ਹਫ਼ਤੇ ਉਨ੍ਹਾਂ ਦੀ ਕੈਬਨਿਟ ਨੇ ਨਵਾਂ 47 ਕਰੋੜ ਡਾਲਰ ਦਾ ਬਜਟ ਪੇਸ਼ ਕੀਤਾ ਸੀ।

ਜਿਸ ਦਾ ਉਦੇਸ਼ ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐੱਮਐੱਫ) ਕੋਲ ਰੁਕੇ ਹੋਏ 6 ਬਿਲੀਅਨ ਡਾਲਰ (5 ਬਿਲੀਅਨ ਪੌਂਡ) ਰਾਹਤ ਪ੍ਰੋਗਰਾਮ ਨੂੰ ਮੁੜ ਸ਼ੁਰੂ ਕਰਵਾਉਣਾ ਸੀ।

ਆਈਐੱਮਐੱਫ ਸੌਦੇ ''''ਤੇ 2019 ਵਿੱਚ ਘੱਟ ਵਿਦੇਸ਼ੀ ਮੁਦਰਾ ਰਿਜ਼ਰਵ ਸਪਲਾਈ ਅਤੇ ਵਿਕਾਸ ਦੇ ਰੁਕੇ ਹੋਏ ਸਾਲਾਂ ਨਾਲ ਪੈਦਾ ਹੋਏ ਆਰਥਿਕ ਸੰਕਟ ਨੂੰ ਘੱਟ ਕਰਨ ਲਈ ਗੱਲਬਾਤ ਕੀਤੀ ਗਈ ਸੀ।

ਪਰ ਬਾਅਦ ਵਿੱਚ ਕਰਜ਼ ਦੇਣ ਵਾਲਿਆਂ ਵੱਲੋਂ ਪਾਕਿਸਤਾਨ ਦੇ ਵਿੱਤ ਬਾਰੇ ਸਵਾਲ ਕੀਤੇ ਜਾਣ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

https://www.youtube.com/watch?v=Z4Bum9Ln5Cw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''''ਤੇ ਜੁੜੋ।)



Related News