ਵੰਡ ਦੇ ਵਿਛੜੇ ਭੈਣ-ਭਰਾਵਾਂ ਦੀ ਮੁਲਾਕਾਤ: "ਤਾਂ ਕੀ ਹੋਇਆ ਜੇ ਸਾਡੀ ਭੈਣ ਮੁਸਲਮਾਨ ਹੈ?''''

Monday, May 23, 2022 - 07:38 AM (IST)

"ਤਾਂ ਕੀ ਹੋਇਆ ਜੇ ਸਾਡੀ ਭੈਣ ਮੁਸਲਮਾਨ ਹੈ? ਸਾਡਾ ਖ਼ੂਨ ਤਾਂ ਇੱਕ ਹੈ। ਉਹ ਸਾਡੀ ਭੈਣ ਹੈ। ਇਹੀ ਚੀਜ਼ ਸਾਡੇ ਲਈ ਸਭ ਤੋਂ ਵੱਧ ਮਹੱਤਵਪੂਰਨ ਹੈ। ਸਾਨੂੰ ਮਿਲਣ ਲਈ 75 ਸਾਲ ਲੱਗ ਗਏ ਪਰ ਹੁਣ ਅਸੀਂ ਵਾਰ-ਵਾਰ ਮਿਲਣਾ ਚਾਹੁੰਦੇ ਹਾਂ ਅਤੇ ਇਕੱਠੇ ਸਮਾਂ ਬਿਤਾਉਣਾ ਚਾਹੁੰਦੇ ਹਾਂ।"

ਇਹ ਸ਼ਬਦ 74 ਸਾਲਾ ਗੁਰਮੁਖ ਸਿੰਘ ਦੇ ਹਨ, ਜੋ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਹੋਈ ਹਿੰਸਾ ਦੌਰਾਨ ਪਰਿਵਾਰ ਤੋਂ ਵਿਛੜਣ ਗਏ ਸਨ ਤੇ ਹੁਣ 75 ਸਾਲ ਬਾਅਦ ਆਪਣੀ ਭੈਣ ਨੂੰ ਮਿਲੇ ਹਨ ।

ਮੁਮਤਾਜ਼ ਬੀਬੀ, ਜਿਹਨਾਂ ਨੂੰ ਪਾਕਿਸਤਾਨ ਵਿੱਚ ਇੱਕ ਮੁਸਲਿਮ ਪਰਿਵਾਰ ਨੇ ਪਾਲਿਆ ਸੀ, 24 ਅਪ੍ਰੈਲ ਨੂੰ ਕਰਤਾਰਪੁਰ ਸਾਹਿਬ ਲਾਂਘੇ ''ਤੇ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਕਸਬੇ ਦੇ ਆਪਣੇ ਭਰਾਵਾਂ ਨੂੰ ਮਿਲੇ ਹਨ।

ਬੀਬੀਸੀ ਪੰਜਾਬੀ ਦੀ ਟੀਮ ਪਰਿਵਾਰ ਨੂੰ ਮਿਲਣ ਲਈ ਸ਼ੁਤਰਾਣਾ ਨੇੜਲੇ ਪਿੰਡ ਡੇਰਾ ਬੋਹੜ ਵਾਲਾ ਗਈ । ਇਹ ਇੱਕ ਵੱਡਾ ਪਰਿਵਾਰ ਹੈ ਜਿਸ ਵਿਚ ਤਿੰਨ ਭਰਾਵਾਂ (ਉਨ੍ਹਾਂ ਦੇ ਇੱਕ ਭਰਾ ਦੀ ਪਿਛਲੇ ਸਾਲ ਮੌਤ ਹੋ ਗਈ) ਦੇ ਪਰਿਵਾਰ ਨਾਲੋ-ਨਾਲ ਬਣੇ ਘਰਾਂ ਵਿੱਚ ਰਹਿੰਦੇ ਹਨ।

ਪਰਿਵਾਰ ਕੋਲ ਕੁੱਲ ਮਿਲਾ ਕੇ 30 ਏਕੜ ਜ਼ਮੀਨ ਹੈ ਅਤੇ ਉਹ ਖੇਤੀ ਅਤੇ ਪੋਲਟਰੀ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ:

ਗੁਰਮੁਖ ਸਿੰਘ ਅਤੇ ਉਨ੍ਹਾਂ ਦੇ ਛੋਟੇ ਭਰਾ ਬਲਦੇਵ ਸਿੰਘ ਨੇ ਸਾਨੂੰ ਆਪਣੇ ਖੇਤ ਦਿਖਾਏ ਜਿੱਥੇ ਉਨ੍ਹਾਂ ਨੇ ''ਭਿੰਡੀ'' ਉਗਾਈ ਹੈ। ਉਨ੍ਹਾਂ ਦੇ ਬੱਚੇ ਆਪਣੇ ਨਾਲ ਲੱਗਦੇ ਪੋਲਟਰੀ ਫਾਰਮ ਵਿੱਚ ਪੰਛੀਆਂ ਦੀ ਦੇਖਭਾਲ ਕਰ ਰਹੇ ਹਨ। ਉਹ ਪੰਛੀਆਂ ਲਈ ਲਗਾਏ ਕੂਲਿੰਗ ਸਿਸਟਮ ਦੀ ਜਾਂਚ ਕਰ ਰਹੇ ਸਨ ਕਿ 43 ਡਿਗਰੀ ਨੂੰ ਛੂਹ ਰਹੀ ਤੇਜ਼ ਗਰਮੀ ਵਿੱਚ ਉਹ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਹੈ।

ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪਾਲਾ ਸਿੰਘ ਦੀ ਪਿਛਲੀ ਪਤਨੀ ਹਿੰਸਾ ਦੌਰਾਨ ਮਾਰੀ ਗਈ ਸੀ ਅਤੇ ਉਹ ਸ਼ੁਤਰਾਣਾ ਆ ਗਏ ਸੀ।

ਜਦੋਂ ਉਨ੍ਹਾਂ ਨੂੰ ਆਪਣੀ ਪਤਨੀ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੰਨ ਲਿਆ ਕਿ ਉਨ੍ਹਾਂ ਦੀ ਲਗਭਗ ਇੱਕ ਸਾਲ ਦੀ ਧੀ ਦਾ ਵੀ ਕਤਲ ਹੋ ਗਿਆ ਹੋਵੇਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪਤਨੀ ਦੀ ਛੋਟੀ ਭੈਣ ਨਾਲ ਉਨ੍ਹਾਂ ਦਿਨਾਂ ਦੀ ਪਰੰਪਰਾ ਅਨੁਸਾਰ ਵਿਆਹ ਕਰ ਲਿਆ।


ਪਾਕਿਸਤਾਨ ਵਿੱਚ ਰਹਿ ਗਈ ਭੈਣ ਦੀ ਕਹਾਣੀ

ਸਾਲ 1947, ਭਾਰਤ ਪਾਕਿਸਤਾਨ ਦੀ ਵੰਡ ਹੋ ਰਹੀ ਸੀ ਅਤੇ ਦੇਸ਼ ''ਚ ਹਿੰਸਾ ਦਾ ਮਾਹੌਲ ਸੀ। ਇਸੇ ਹਿੰਸਾ ਦਾ ਸ਼ਿਕਾਰ ਇੱਕ ਨਿੱਕੀ ਜਿਹੀ ਬੱਚੀ ਵੀ ਹੋਈ, ਜਿਸ ਦੀ ਮਾਂ ਨੂੰ ਦੰਗਾਈਆਂ ਨੇ ਮਾਰ ਦਿੱਤਾ ਸੀ।

ਬੱਚੀ ਦਾ ਬਾਕੀ ਪਰਿਵਾਰ ਵੀ ਉਸ ਤੋਂ ਵਿੱਛੜ ਗਿਆ ਸੀ।

ਉਸ ਵੇਲੇ ਉਹ ਬੱਚੀ ਆਪਣੀ ਮਾਂ ਦੀ ਮ੍ਰਿਤਕ ਦੇਹ ਕੋਲ ਬੈਠੀ ਸੀ, ਜਦੋਂ ਇੱਕ ਮੁਸਲਮਾਨ ਜੋੜੇ ਨੇ ਉਸ ਨੂੰ ਦੇਖਿਆ ਅਤੇ ਆਪਣੇ ਨਾਲ ਲੈ ਗਏ।

ਇਕਬਾਲ ਅਤੇ ਅੱਲ੍ਹਾ ਰੱਖੀ ਨਾਂਅ ਦੇ ਇਸ ਜੋੜੇ ਨੇ ਬੱਚੀ ਨੂੰ ਗੋਦ ਲੈ ਲਿਆ ਅਤੇ ਆਪਣੀ ਧੀ ਬਣਾ ਕੇ ਪਾਲ਼ਿਆ। ਬੱਚੀ ਦਾ ਨਾਮ ਮੁਮਤਾਜ਼ ਰੱਖਿਆ ਗਿਆ।

ਇਕਬਾਲ ਨੇ ਮਰਦੇ ਸਮੇਂ ਮੁਮਤਾਜ਼ ਨੂੰ ਦੱਸਿਆ ਕਿ ਉਹ ਉਨ੍ਹਾਂ ਦੀ ਆਪਣੀ ਧੀ ਨਹੀਂ ਹੈ ਸਗੋਂ ਉਸ ਦਾ ਸਬੰਧ ਇੱਕ ਸਿੱਖ ਪਰਿਵਾਰ ਨਾਲ ਹੈ।

ਹੁਣ 75 ਸਾਲਾਂ ਬਾਅਦ, ਮੁਮਤਾਜ਼ ਅਤੇ ਉਨ੍ਹਾਂ ਦੇ ਭਰਾ ਫਿਰ ਤੋਂ ਮਿਲੇ ਹਨ। ਉਨ੍ਹਾਂ ਦੀ ਇਹ ਮੁਲਾਕਾਤ ਕਰੀਬ 20 ਦਿਨ ਪਹਿਲਾਂ ਕਰਤਾਰਪੁਰ ਸਾਹਿਬ ਵਿਖੇ ਹੋਈ ਹੈ।

ਬਿਲਕੁਲ ਉਸੇ ਤਰ੍ਹਾਂ ਜਿਵੇਂ ਵੰਡ ਵੇਲੇ ਹੀ ਵਿੱਛੜੇ ਦੋ ਭਰਾਵਾਂ ਸਿੱਕਾ ਖਾਨ ਅਤੇ ਮੁਹੰਮਦ ਸਦੀਕ ਦੀ ਮੁਲਾਕਾਤ ਹੋਈ ਸੀ।


ਲਗਭਗ ਦੋ ਸਾਲ ਪਹਿਲਾਂ ਦੀ ਗੱਲ ਹੈ ਕਿ ਪਾਲਾ ਦੇ ਤਿੰਨ ਪੁੱਤਰਾਂ - ਗੁਰਮੁਖ ਸਿੰਘ, ਬਲਦੇਵ ਸਿੰਘ ਅਤੇ ਰਘਬੀਰ ਸਿੰਘ - ਨੂੰ ਆਪਣੀ ਭੈਣ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਪਾਕਿਸਤਾਨ ਦੇ ਸ਼ੇਖ਼ੂਪੁਰਾ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਦੇ ਇੱਕ ਦੁਕਾਨਦਾਰ ਨਾਲ ਸੰਪਰਕ ਕੀਤਾ। ਦੁਕਾਨਦਾਰ ਨੇ ਹੀ ਉਨ੍ਹਾਂ ਦੀ ਮੁਮਤਾਜ਼ ਨਾਲ ਗੱਲ ਕਰਾਈ ।

ਗੁਰਮੁਖ ਸਿੰਘ ਨੇ ਦੱਸਿਆ, "ਸ਼ੁਰੂਆਤ ਵਿੱਚ ਸਾਨੂੰ ਥੋੜ੍ਹਾ ਸ਼ੱਕ ਸੀ। ਕੀ ਉਹ ਕੋਈ ਹੋਰ ਹੋ ਸਕਦੀ ਹੈ? ਪਰ ਫਿਰ ਹੌਲੀ-ਹੌਲੀ ਅਸੀਂ ਗੱਲਬਾਤ ਕੀਤੀ ਤੇ ਇਸ ਗੱਲ ਦੇ ਕਾਫ਼ੀ ਸਬੂਤ ਮਿਲੇ ਅਤੇ ਇਹ ਸਥਾਪਿਤ ਹੋ ਗਿਆ ਕਿ ਉਹ ਸਾਡੀ ਭੈਣ ਹੈ। ਸਾਡੀ ਖ਼ੁਸ਼ੀ ਦੀ ਕੋਈ ਹੱਦ ਨਹੀਂ ਸੀ।"

ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਬਲਦੇਵ ਸਿੰਘ ਨੇ ਅੱਗੇ ਦੱਸਿਆ, "ਅਸੀਂ ਬੱਸ ਉਸ ਤੋਂ ਬਾਅਦ ਜਲਦੀ-ਜਲਦੀ ਮਿਲਣਾ ਚਾਹੁੰਦੇ ਸੀ। ਪਰ ਵੀਜ਼ਾ ਦੀਆਂ ਸਮੱਸਿਆਵਾਂ ਸਨ। ਇਸ ਲਈ, ਅਸੀਂ ਫ਼ੈਸਲਾ ਕੀਤਾ ਕਿ ਕਰਤਾਰਪੁਰ ਸਾਹਿਬ ਲਾਂਘਾ ਇੱਕ ਸੰਭਾਵਿਤ ''''ਮੀਟਿੰਗ ਪੁਆਇੰਟ'''' ਹੋ ਸਕਦਾ ਹੈ। ਹਾਲਾਂਕਿ ਇਹ ਵੀ ਕੋਵਿਡ ਕਾਰਨ ਬੰਦ ਹੋ ਗਿਆ ਸੀ। ਆਖ਼ਰਕਾਰ 24 ਅਪ੍ਰੈਲ ਨੂੰ ਅਸੀਂ ਸਾਰੇ ਇੱਥੋਂ ਗਏ ਅਤੇ ਸਾਡੀ ਭੈਣ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਉੱਥੇ ਆ ਗਈ."

ਇਹ ਪੁੱਛੇ ਜਾਣ ''ਤੇ ਕਿ ਇਹ ਕਿਵੇਂ ਮਹਿਸੂਸ ਹੋਇਆ ਕਿ ਉਹ ਮੁਸਲਮਾਨ ਸੀ ਅਤੇ ਉਹ ਸਿੱਖ ਸਨ, ਗੁਰਮੁਖ ਨੇ ਕਿਹਾ ਕਿ ਜਦੋਂ ਉਹ ਮਿਲੇ ਸਨ ਤਾਂ ਉਹ ਇਸ ਗੱਲ ਲਈ ਤਿਆਰ ਸਨ।

ਉਨ੍ਹਾਂ ਨੇ ਦੱਸਿਆ, "ਜਦੋਂ ਅਸੀਂ ਮਿਲੇ, ਅਸੀਂ ਬਾਕੀ ਸਭ ਕੁਝ ਭੁੱਲ ਗਏ। ਕਿੰਨੀ ਦੇਰ ਤੱਕ ਤਾਂ ਅਸੀਂ ਇੱਕ ਦੂਜੇ ਨੂੰ ਜੱਫੀ ਪਾਉਂਦੇ ਰਹੇ।"

ਬਟਵਾਰੇ ਦੇ ਵਿਛੋੜੇ ਭੈਣ ਭਰਾ
BBC
ਗੁਰਮੁਖ ਸਿੰਘ ਅਤੇ ਉਨ੍ਹਾਂ ਦੇ ਛੋਟੇ ਭਰਾ ਬਲਦੇਵ ਸਿੰਘ ਆਪਣੇ ਪਰਿਵਾਰ ਵਿੱਚ ਬੀਬੀਸੀ ਦੀ ਟੀਮ ਨਾਲ

"ਇਹ ਸੱਚ ਹੈ ਕਿ ਸਾਡੇ ਰਹਿਣ ਦੇ ਢੰਗ ਥੋੜੇ ਵੱਖਰੇ ਹਨ। ਜਿਵੇਂ ਪਾਕਿਸਤਾਨ ਦੇ ਲੋਕ ਮਾਸ ਜ਼ਿਆਦਾ ਖਾਂਦੇ ਹਨ, ਅਸੀਂ ਘੱਟ ਖਾਂਦੇ ਹਾਂ। ਪਰ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।'' ਇਸ ਤੋਂ ਵੱਧ ਹੋਰ ਕੋਈ ਗੱਲ ਅਹਿਮ ਨਹੀਂ ਹੈ ਕਿ ਉਹ ਮੁਸਲਮਾਨ ਹੋਣ ਦੇ ਬਾਵਜੂਦ ਉਹ ਸਾਡੀ ਭੈਣ ਹੈ।"

ਬਲਦੇਵ ਸਿੰਘ ਨੇ ਦੱਸਿਆ, "ਜਦੋਂ ਅਸੀਂ ਮਿਲੇ ਤਾਂ ਅਸੀਂ ਉਸ ਨੂੰ ਪਰਿਵਾਰ ਦੇ ਹਰ ਵਿਅਕਤੀ ਬਾਰੇ ਦੱਸਿਆ ਅਤੇ ਉਸ ਨੇ ਆਪਣੇ ਪਰਿਵਾਰ ਬਾਰੇ ਵੀ ਦੱਸਿਆ। ਅਸੀਂ ਇੱਕ ਦੂਜੇ ਨੂੰ ਅਲਵਿਦਾ ਨਹੀਂ ਕਹਿਣਾ ਚਾਹੁੰਦੇ ਸੀ। ਪਰ ਅਸੀਂ ਇੱਕ ਦੂਜੇ ਨਾਲ ਵਾਅਦਾ ਕੀਤਾ ਕਿ ਅਸੀਂ ਜਿੰਨੀ ਜਲਦੀ ਹੋ ਸਕੇ ਵੀਜ਼ਾ ਲੈਣ ਦੀ ਕੋਸ਼ਿਸ਼ ਕਰਾਂਗੇ ਅਤੇ ਜਿਸ ਨੂੰ ਵੀ ਇਹ ਮਿਲੇਗਾ ਉਹ ਆ ਜਾਵੇਗਾ ਅਤੇ ਇਕੱਠੇ ਸਮਾਂ ਬਤੀਤ ਕਰਾਂਗੇ।

ਉਸ ਨੇ ਆਪਣੇ ਕਾਗ਼ਜ਼ ਭਰ ਦਿੱਤੇ ਹਨ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਜਲਦੀ ਹੀ ਸਾਡੇ ਕੋਲ ਆਵੇਗੀ। "

ਗੁਰਮੁਖ ਸਿੰਘ ਨੇ ਅੱਗੇ ਕਿਹਾ, "ਹੁਣ ਅਸੀਂ ਉਸ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਗੱਲ ਕਰਦੇ ਹਾਂ ਅਤੇ ਇਸੇ ਤਰਾਂ ਉਹ ਸਾਡੇ ਪਰਿਵਾਰ ਨਾਲ ਗੱਲ ਕਰਦੇ ਹਨ। ਦੋਵੇਂ ਪਰਿਵਾਰ ਹੁਣ ਇੱਕ ਪਰਿਵਾਰ ਵਾਂਗ ਹਨ।''''

ਇਸ ਦੌਰਾਨ ਬਲਦੇਵ ਨੇ ਆਪਣੇ ਬੇਟੇ ਨੂੰ ਮੁਮਤਾਜ਼ ਨੂੰ ਵੀਡੀਓ ਕਾਲ ਕਰਨ ਲਈ ਕਿਹਾ। ਦੋਵਾਂ ਨੇ ਲੰਮੀ ਗੱਲਬਾਤ ਕੀਤੀ। ਇੰਜ ਜਾਪਦਾ ਸੀ ਕਿ ਉਨ੍ਹਾਂ ਕੋਲ ਗੱਲਾਂ ਕਰਨ ਲਈ ਬਹੁਤ ਕੁਝ ਸੀ ਪਰ ਉਹ ਮੁੱਖ ਤੌਰ ''ਤੇ ਉਸ ਦੇ ਭਾਰਤ ਦੇ ਵੀਜ਼ੇ ਦੀ ਸਥਿਤੀ ਵਿੱਚ ਦਿਲਚਸਪੀ ਰੱਖ ਰਹੇ ਸਨ।

ਗੁਰਮੁਖ ਨੇ ਕਿਹਾ, "ਭੈਣ, ਜਦੋਂ ਅਸੀਂ ਇੱਕ ਦੂਜੇ ਨੂੰ ਮਿਲਦੇ ਹਾਂ ਅਤੇ ਇੱਕ ਦੂਜੇ ਨਾਲ ਸਮਾਂ ਬਿਤਾਉਂਦੇ ਹਾਂ ਤਾਂ ਇਹ ਪਿਆਰ ਵਿੱਚ ਹੋਰ ਵਾਧਾ ਕਰਦਾ ਹੈ।"

ਬਟਵਾਰੇ ਦੇ ਵਿਛੋੜੇ ਭੈਣ ਭਰਾ
BBC

ਕਾਲ ਬੰਦ ਹੋਣ ਤੋਂ ਬਾਅਦ, ਗੁਰਮੁਖ ਸਾਡੇ ਵੱਲ ਮੁੜੇ ਅਤੇ ਕਿਹਾ, "ਇਹ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਅਤੇ ਤਕਨੀਕੀ ਤਰੱਕੀ ਦੇ ਕਾਰਨ ਹੈ ਕਿ ਅਸੀਂ ਆਪਣੀ ਭੈਣ ਨੂੰ ਮਿਲ ਸਕੇ ਹਾਂ। ਸਾਡੀ ਸਰਕਾਰ ਨੂੰ ਇੱਕ ਬੇਨਤੀ ਹੈ। ਉਨ੍ਹਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਅਤੇ ਦੋਵਾਂ ਦੇਸ਼ਾਂ ਵਿਚਾਲੇ ਵੀਜ਼ਾ ਪ੍ਰਕਿਰਿਆ ਨੂੰ ਸੌਖਾ ਕਰਨਾ ਚਾਹੀਦਾ ਹੈ। ਅਜਿਹੇ ਬਹੁਤ ਸਾਰੇ ਪਰਿਵਾਰ ਹਨ ਜੋ ਸਾਡੇ ਵਾਂਗ ਵੱਖ ਹੋ ਗਏ ਹਨ ਅਤੇ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਹਨ।

''ਜਿਵੇਂ ਮੇਰੇ ਭਰਾ-ਭਤੀਜੇ ਸਾਰੇ ਹੀ ਮਿਲ ਗਏ ਹਨ''

ਜਦੋਂ ਮੁਮਤਾਜ਼ ਬੀਬੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਅਸਲੀ ਪਰਿਵਾਰ ਵਾਲੇ ਭਾਰਤ ਦੇ ਪੰਜਾਬ ਸੂਬੇ ਦੇ ਪਟਿਆਲਾ ਜ਼ਿਲ੍ਹੇ ''ਚ ਰਹਿ ਰਹੇ ਹਨ। ਤਾਂ ਮੁਮਤਾਜ਼ ਨੇ ਆਪਣੇ ਪੁੱਤਰ ਸ਼ਾਹਬਾਜ਼ ਨਾਲ ਮਿਲ ਕੇ ਆਪਣੇ ਪਰਿਵਾਰ ਨੂੰ ਭਾਲਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ।

ਭਾਰਤ-ਪਾਕਿਸਤਾਨ ਦੀ ਵੰਡ ''ਚ ਵਿਛੜੇ ਲੋਕਾਂ ਦੀਆਂ ਕਹਾਣੀਆਂ ਆਪਣੇ ਯੂਟਿਊਬ ਚੈਨਲ ''ਪੰਜਾਬ ਲਹਿਰ'' ਰਾਹੀਂ ਦੱਸਣ ਵਾਲੇ ਨਾਸਿਰ ਢਿੱਲੋਂ ਨੇ ਮੁਮਤਾਜ਼ ਦੀ ਕਹਾਣੀ ਵੀ ਆਪਣੇ ਚੈਨਲ ''ਤੇ ਸ਼ੇਅਰ ਕੀਤੀ ਸੀ।

ਮੁਮਤਾਜ਼ ਬੀਬੀ ਨੇ ਨਾਸਿਰ ਨੂੰ ਕਿਹਾ ਸੀ, ''''ਗੱਲ ਇਹ ਹੈ ਕਿ ਹੁਣ ਖੂਨ ਦਾ ਰਿਸ਼ਤਾ ਹੈ ਤੇ ਹੁਣ ਦਿਲ ''ਤੇ ਅੱਗ ਬਲ਼ਦੀ ਹੈ ਕਿ ਮਿਲਾਂ ਜ਼ਿੰਦਗੀ ਦੇ ਵਿੱਚ। ਸਾਹਾਂ ਦਾ ਕੋਈ ਪਤਾ ਨਹੀਂ, ਕਦੋਂ ਮਰ ਜਾਣਾ ਹੈ।''''

ਮੁਮਤਾਜ਼ ਨੇ ਨਾਸਿਰ ਨਾਲ ਮੁਲਾਕਾਤ ਦੌਰਾਨ ਕਿਹਾ ਸੀ, ''''ਮੈਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਮੇਰੇ ਭਰਾ-ਭਤੀਜੇ ਸਾਰੇ ਹੀ ਮਿਲ ਗਏ ਹਨ।''''

ਮੁਮਤਾਜ਼ ਅਤੇ ਉਨ੍ਹਾਂ ਦੇ ਪੁੱਤਰ ਦਾ ਇੰਟਰਵਿਊ ਨਾਸਿਰ ਦੇ ਯੂਟਿਊਬ ਚੈਨਲ ''ਤੇ ਅਪਲੋਡ ਕਰਨ ਤੋਂ ਕੁਝ ਦਿਨ ਬਾਅਦ ਹੀ ਮੁਮਤਾਜ਼ ਨੂੰ ਉਨ੍ਹਾਂ ਦੇ ਅਸਲੀ ਪਰਿਵਾਰ ਦਾ ਪਤਾ ਲੱਗ ਗਿਆ।

ਇਸ ਤੋਂ ਬਾਅਦ ਭੈਣ ਭਰਾਵਾਂ ਦੀ ਮੁਲਾਕਾਤ ਕਰਤਾਰਪੁਰ ਸਾਹਿਬ ਵਿਖੇ ਹੋਈ।


ਤੁਹਾਨੂੰ ਇਸ ਕਹਾਣੀ ਵਿੱਚ ਵੀ ਦਿਲਚਸਪੀ ਹੋ ਸਕਦੀ ਹੈ

ਹਬੀਬ ਤੇ ਸਦੀਕ, ਜਦੋਂ ਪੂਰੇ 74 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਮਿਲੇ ਤਾਂ ਦੋਵੇਂ ਭਰਾ ਇੱਕ ਦੂਜੇ ਦੇ ਗਲ਼ ਲੱਗ ਕੇ ਆਪਣੇ ਅੱਥਰੂ ਰੋਕ ਨਾ ਸਕੇ ਤੇ ਫੁੱਟ-ਫੁੱਟ ਕੇ ਰੋਏ।

ਸਾਲ 1947 ''ਚ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਵੰਡ ਹੋ ਗਈ ਸੀ, ਇਸੇ ਦੌਰਾਨ ਹੋਰ ਕਿੰਨੇ ਹੀ ਲੋਕਾਂ ਵਾਂਗ ਇਹ ਦੋ ਭਰਾ ਵੀ ਵਿਛੜ ਗਏ ਸਨ।

ਉਨ੍ਹਾਂ ਦੀ ਪੂਰੀ ਕਹਾਣੀ ਇੱਥੇ ਕਲਿੱਕ ਕਰਕੇ ਪੜ੍ਹੋ।

ਇਹ ਵੀ ਪੜ੍ਹੋ:

https://www.youtube.com/watch?v=C6fIe3Itrdo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''156bfb98-3dc0-4b3b-85c9-c6562b3d771e'',''assetType'': ''STY'',''pageCounter'': ''punjabi.india.story.61536382.page'',''title'': ''ਵੰਡ ਦੇ ਵਿਛੜੇ ਭੈਣ-ਭਰਾਵਾਂ ਦੀ ਮੁਲਾਕਾਤ: \"ਤਾਂ ਕੀ ਹੋਇਆ ਜੇ ਸਾਡੀ ਭੈਣ ਮੁਸਲਮਾਨ ਹੈ?\'''',''author'': ''ਅਰਵਿੰਦ ਛਾਬੜਾ'',''published'': ''2022-05-23T02:06:03Z'',''updated'': ''2022-05-23T02:06:03Z''});s_bbcws(''track'',''pageView'');

Related News