ਮਹਾਰਾਜਾ ਰਣਜੀਤ ਸਿੰਘ ਦੀ ਸਿਫ਼ਤ ਕਰਨ ਵਾਲੇ ਬਰਤਾਨਵੀ ਜਸੂਸ ਦੀ ਕਹਾਣੀ ਜਿਸ ਨੇ ਅੰਗਰੇਜ਼ਾਂ ਲਈ ਕਈ ਖੂਫ਼ੀਆ ਮਿਸ਼ਨ ਕੀਤੇ

Sunday, May 22, 2022 - 01:38 PM (IST)

ਮਹਾਰਾਜਾ ਰਣਜੀਤ ਸਿੰਘ ਦੀ ਸਿਫ਼ਤ ਕਰਨ ਵਾਲੇ ਬਰਤਾਨਵੀ ਜਸੂਸ ਦੀ ਕਹਾਣੀ ਜਿਸ ਨੇ ਅੰਗਰੇਜ਼ਾਂ ਲਈ ਕਈ ਖੂਫ਼ੀਆ ਮਿਸ਼ਨ ਕੀਤੇ

ਅਲੈਗਜ਼ੈਂਡਰ ਬਰਨਜ਼ ਨੇ ਹਿੰਮਤ, ਚਲਾਕੀ ਅਤੇ ਰੂਮਾਨੀਅਤਾ ਦਾ ਅਜਿਹਾ ਜੀਵਨ ਬਤੀਤ ਕੀਤਾ ਕਿ ਕਿਸੇ ਨੇ ਉਸ ਨੂੰ ''ਵਿਕਟੋਰੀਅਨ ਜੇਮਜ਼ ਬਾਂਡ'' ਕਿਹਾ ਅਤੇ ਕਿਸੇ ਨੇ ਉਸ ਨੂੰ ਇੰਨ੍ਹਾਂ ਗੁਣਾਂ ਦੇ ਕਾਰਨ ਇੱਕ ਅਜਿਹੇ ਕਿਤਾਬੀ ਨਾਇਕ ''ਫਲੈਸ਼ਮੈਨ'' ਦਾ ਨਾਮ ਦਿੱਤਾ, ਜੋ ਕਿ ਖ਼ਤਰਿਆਂ ਦਾ ਖਿਡਾਰੀ ਹੋਣ ਦੇ ਨਾਲ-ਨਾਲ ਸੁੰਦਰਤਾ ਦਾ ਵੀ ਦੀਵਾਨਾ ਸੀ।

ਅਲੈਗਜ਼ੈਂਡਰ ਬਰਨਜ਼ ਇੱਕ ਸਾਹਸੀ, ਯੋਧਾ, ਜਾਸੂਸ, ਕੂਟਨੀਤਕ, ਰੂਪ ਬਦਲਣ ਅਤੇ ਭਾਸ਼ਾਵਾਂ ਸਿੱਖਣ ''ਚ ਮਾਹਰ ਸੀ ਅਤੇ ਨਾਲ ਹੀ ਉਹ ਸੁੰਦਰਤਾ ਦੇ ਵੀ ਪੁਜਾਰੀ ਸਨ। ਜੇਕਰ ਉਹ ਭਰੀ ਜਵਾਨੀ ''ਚ ਮਾਰੇ ਨਾ ਜਾਂਦੇ ਤਾਂ ਪਤਾ ਨਹੀਂ ਕੀ-ਕੀ ਕਰਦੇ।

ਬਰਨਜ਼ ਦਾ ਜਨਮ 17 ਮਈ 1805 ਨੂੰ ਸਕਾਟਲੈਂਡ ਦੇ ਮੋਂਟਰੋਜ਼ ਵਿਖੇ ਹੋਇਆ ਸੀ। 16 ਸਾਲ ਦੀ ਉਮਰ ''ਚ ਉਹ ਈਸਟ ਇੰਡੀਆ ਕੰਪਨੀ ਦੀ ਫੌਜ ''ਚ ਭਰਤੀ ਹੋਏ ਸਨ। ਬ੍ਰਿਟਿਸ਼ ਭਾਰਤ ''ਚ ਆਪਣੀਆਂ ਸੇਵਾਵਾਂ ਦਿੰਦੇ ਹੋਏ ਉਨ੍ਹਾਂ ਨੇ ਉਰਦੂ ਅਤੇ ਫ਼ਾਰਸੀ ਭਾਸ਼ਾ ਦਾ ਗਿਆਨ ਹਾਸਲ ਕੀਤਾ ਅਤੇ 1822 ''ਚ ਗੁਜਰਾਤ ਦੇ ਸੂਰਤ ਸ਼ਹਿਰ ''ਚ ਅਨੁਵਾਦਕ ਨਿਯੁਕਤ ਹੋਏ।

ਸਿੰਧ ਨਦੀ ਦਾ ਖ਼ੁਫੀਆ ਮਿਸ਼ਨ

ਅਲੈਗਜ਼ੈਂਡਰ ਬਰਨਜ਼ ਦੇ ਸਾਹਸੀ ਜੀਵਨ ਦਾ ਆਗਾਜ਼ ਇੱਕ ਖੁਫੀਆ ਮਿਸ਼ਨ ਨਾਲ ਸ਼ੂਰੂ ਹੋਇਆ ਸੀ, ਜਿਸ ਨੇ ਅੰਗਰੇਜ਼ਾਂ ਦੀ ਸਿੰਧ ''ਚ ਜਿੱਤ ਦੀ ਨੀਂਹ ਰੱਖੀ ਸੀ।

1829 ''ਚ ਸਿੰਧ ਘਾਟੀ ਨੂੰ ਜਾਣਨ ਲਈ ਇੱਥੋਂ ਦੀ ਯਾਤਰਾ ਲਈ ਬਰਨਜ਼ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਸੀ।

ਕ੍ਰਿਸਟੋਫਰ ਐਲਨ ਬੇਲੀ ਨੇ ਬ੍ਰਿਟਿਸ਼ ਇੰਡੀਆ ''ਚ ਖੁਫੀਆ ਪ੍ਰਣਾਲੀ ਬਾਰੇ ਆਪਣੀ ਕਿਤਾਬ ''ਚ ਲਿਖਿਆ ਹੈ ਕਿ 1831 ''ਚ ਉਨ੍ਹਾਂ ਅਤੇ ਹੈਨਰੀ ਪੋਟਿੰਗਰ ਵੱਲੋਂ ਸਿੰਧ ਨਦੀ ''ਤੇ ਕੀਤੇ ਗਏ ਇੱਕ ਸਰਵੇਖਣ ਨੇ ਇੱਕ ਰਾਹ ਖੋਲ੍ਹਿਆ। ਸਿੰਧ ''ਤੇ ਭਵਿੱਖੀ ਹਮਲੇ ਦੇ ਜ਼ਰੀਏ ਮੱਧ ਏਸ਼ੀਆ ਲਈ ਰਾਹ ਪੱਧਰਾ ਕੀਤਾ ਗਿਆ ਸੀ।

ਉਸੇ ਸਾਲ ਬਰਨਜ਼ ਨੇ ਬਰਤਾਨੀਆ ਦੇ ਮਹਾਰਾਜਾ ਵਿਲੀਅਮ ਚੌਥੇ ਵੱਲੋਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਲਈ ਘੋੜਿਆਂ ਦਾ ਤੋਹਫ਼ਾ ਲੈ ਕੇ ਲਾਹੌਰ ਆਉਣਾ ਸੀ। ਜੋ ਕਿ ਉਸ ਸਮੇਂ ਤੱਕ ਇੱਕ ਆਜ਼ਾਦ ਰਿਆਸਤ ਸੀ ਪਰ ਇਹ ਮਾਮਲਾ ਇੰਨ੍ਹਾਂ ਸਾਧਾਰਨ ਨਹੀਂ ਸੀ।

ਇਤਿਹਾਸ ਦੇ ਮਾਹਿਰ ਜੀਐਸ ਔਜਲਾ ਦਾ ਕਹਿਣਾ ਹੈ ਕਿ ਇਹ ਦੌਰਾ ਸਿੱਖ ਰਿਆਸਤਾਂ ਨਾਲ ਸਮਝੌਤਿਆਂ ਦੀ ਅਜਿਹੀ ਕੜੀ ਦੀ ਨਿਸ਼ਾਨਦੇਹੀ ਸੀ, ਜਿਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਸਤਲੁਜ ਅਤੇ ਸਿੰਧ ਦਰਿਆਵਾਂ ਤੋਂ ਹੁੰਦਿਆਂ ਹੋਇਆ ਜਲ ਮਾਰਗਾਂ ਰਾਹੀਂ ਯਾਤਰਾ ਅਤੇ ਵਪਾਰ ਕਰਨ ਦੇ ਯੋਗ ਹੋ ਜਾਂਦੀ।

ਜਦੋਂ ਸਰ ਥਾਮਸ ਰੋਅ ਨੂੰ 17ਵੀਂ ਸਦੀ ਦੇ ਸ਼ੁਰੂ ''ਚ ਈਸਟ ਇੰਡੀਆ ਕੰਪਨੀ ਵੱਲੋਂ ਮੁਗਲ ਬਾਦਸ਼ਾਹ ਜਹਾਂਗੀਰ ਦੇ ਦਰਬਾਰ ''ਚ ਇੰਗਲੈਂਡ ਦੇ ਰਾਜਦੂਤ ਵੱਜੋਂ ਭੇਜਿਆ ਗਿਆ ਸੀ, ਤਾਂ ਉਨ੍ਹਾਂ ਨੇ ਰਿਪੋਰਟ ਦਿੱਤੀ ਕਿ ਵਪਾਰ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਸਿੰਧੂ ਨਦੀ ਦੀ ਵਰਤੋਂ ਕਰਨਾ ਹੈ।

ਪਰ ਉਸ ਸਮੇਂ ਥਾਮਸ ਸਿੰਧੂ ਨਦੀ ਦੀ ਜਲ ਮਾਰਗ ਅਨੁਕੂਲਤਾ ਅਤੇ ਪੱਛਮੀ ਭਾਰਤ ਅਤੇ ਪੰਜਾਬ ਦੀਆਂ ਦੂਜੀਆਂ ਨਦੀਆਂ ਦੇ ਨਾਲ ਉਸ ਦੇ ਸੰਪਰਕ ਤੋਂ ਅਣਜਾਨ ਸਨ। ਈਸਟ ਇੰਡੀਆ ਕੰਪਨੀ ਨੂੰ ਉਨ੍ਹਾਂ ਨਦੀਆਂ ਦੇ ਰਾਹ ਸਮਝਣ ਲਈ ਦੋ ਸਦੀਆਂ ਤੋਂ ਵੱਧ ਸਮੇਂ ਦੀ ਉਡੀਕ ਕਰਨੀ ਪਈ ਸੀ।

ਈਸਟ ਇੰਡੀਆ ਕੰਪਨੀ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਸੀ
Getty Images
ਈਸਟ ਇੰਡੀਆ ਕੰਪਨੀ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਸੀ

ਕੈਪਟਨ ਅਲੈਗਜ਼ੈਂਡਰ, ਜੋ ਕਿ ਇੱਕ ਉਤਸ਼ਾਹੀ ਨੌਜਵਾਨ ਅਧਿਕਾਰੀ ਸੀ, ਉਸ ਨੂੰ ਇਸ ਮਿਸ਼ਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ । ਸਿੱਧੇ ਤੌਰ ''ਤੇ ਤਾਂ ਬਰਨਜ਼ ਨੂੰ ਇੰਗਲੈਂਡ ਦੇ ਮਹਾਰਾਜਾ ਵਿਲੀਅਮ ਚੌਥੇ ਵੱਲੋਂ ਮਹਾਰਾਜਾ ਰਣਜੀਤ ਸਿੰਘ ਲਈ ਭੇਜੇ ਗਏ ਪੰਜ ਘੋੜਿਆਂ ਨੂੰ ਵੱਪਟੇ ਤਲੇ ਵਾਲੀ ਕਿਸ਼ਤੀ ਰਾਹੀਂ ਰਣਜੀਤ ਸਿੰਘ ਨੂੰ ਪਹੁੰਚਾੳੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਅੰਗਰੇਜ਼ਾਂ ਨੇ ਦਾਅਵਾ ਕੀਤਾ ਸੀ ਕਿ ਸੜਕ ਯਾਤਰਾ ਦੌਰਾਨ ਇਹ ਘੋੜੇ ਜ਼ਿੰਦਾ ਨਹੀਂ ਬਚਣਗੇ।

ਕਰਾਚੀ ਤੋਂ ਲਾਹੌਰ ਤੱਕ ਇੱਕ ਹਜ਼ਾਰ ਮੀਲ ਦਾ ਸਫ਼ਰ

ਅਬੂ ਬਕਰ ਸ਼ੇਖ ਲਿਖਦੇ ਹਨ ਕਿ 1830 ''ਚ ਇੱਕ ਜਹਾਜ਼ ਨੇ ਬੰਬਈ ਬੰਦਰਗਾਹ ''ਤੇ ਲੰਗਰ ਲਗਾਇਆ, ਜਿਸ ''ਚ ਬਰਤਾਨੀਆ ਦੇ ਬਾਦਸ਼ਾਹ ਵੱਲੋਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਲਈ ਤੋਹਫ਼ੇ ਦੇ ਰੂਪ ''ਚ ਭੇਜੇ ਗਏ ਪੰਜ ਘੋੜੇ ਅਤੇ ਇੱਕ ਦੋਸਤੀ ਦਾ ਪੱਤਰ ਸ਼ਾਮਲ ਸੀ।

ਯਾਤਰਾ ਤੋਂ ਪਹਿਲਾਂ , ਬਰਨਜ਼ ਨੂੰ ਬੰਬਈ ਦੇ ਮੁੱਖ ਸਕੱਤਰ ਵੱਲੋਂ ਇੱਕ ਖੁਫੀਆ ਪੱਤਰ ਹਾਸਲ ਹੋਇਆ ਸੀ, ਜਿਸ ''ਚ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ " ਇਸ ਯਾਤਰਾ ਦੌਰਾਨ ਇੱਕ ਮਹੱਤਵਪੂਰਨ ਕੰਮ ਇਹ ਵੀ ਹੈ ਕਿ ਸਿੰਧੂ ਨਦੀ ਦੀ ਵਿਸਤ੍ਰਿਤ ਤਕਨੀਕੀ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਇਹ ਵੀ ਪਤਾ ਲਗਾਉਣ ਦਾ ਯਤਨ ਕੀਤਾ ਜਾਵੇ ਕਿ ਕਿੱਥੇ-ਕਿੱਥੇ ਕਿੰਨ੍ਹਾ ਪਾਣੀ ਹੈ, ਕਿਹੜੀ ਥਾਂ ''ਤੇ ਚੌੜਾਈ ਕਿੰਨੀ ਹੈ।

ਜਲ ਮਾਰਗ ਦੇ ਸਫ਼ਰ ਲਈ ਲੱਕੜ ਹਾਸਲ ਕਰਨ ਲਈ ਕਿਨਾਰਿਆਂ ''ਤੇ ਕਿੰਨੇ ਜੰਗਲ ਮੌਜੂਦ ਹਨ, ਕਿਨਾਰਿਆਂ ''ਤੇ ਫਸਲਾਂ ਵਾਲੀ ਜ਼ਮੀਨ ਕਿੰਨੀ ਹੈ ਅਤੇ ਕਿਹੜੀਆਂ ਜਾਤਾਂ ਦੇ ਲੋਕ ਇੱਥੇ ਵਸੇ ਹੋਏ ਹਨ। ਇਸ ਦੇ ਨਾਲ ਹੀ ਇਹ ਵੀ ਜਾਣਨਾ ਸੀ ਕਿ ਹਾਕਮਾਂ ਦੀ ਆਰਥਿਕ ਅਤੇ ਸਿਆਸੀ ਸਥਿਤੀ ਕਿਸ ਤਰ੍ਹਾਂ ਦੀ ਹੈ।"

ਓਜਲਾ ਅਨੁਸਾਰ ਕਰਾਚੀ ਤੋਂ ਲਾਹੌਰ ਤੱਕ ਦੇ ਇੱਕ ਹਜ਼ਾਰ ਮੀਲ ਤੋਂ ਵੱਧ ਦੇ ਸਫ਼ਰ ਦੌਰਾਨ ''ਟ੍ਰੋਜ਼ਨ ਹਾਰਸਜ਼'' ਦੀ ਆੜ ''ਚ ਬਰਨਜ਼ ਨੇ ਦਰਿਆਵਾਂ ਬਾਰੇ ਜਾਣਕਾਰੀ ਇੱਕਠੀ ਕਰਨੀ ਸੀ, ਪਰ ਸਿੰਧੂ ਨਦੀ ਦੇ ਤਾਲਪੋਰ ਸਰਦਾਰਾਂ ਨੇ ਉਨ੍ਹਾਂ ਨੂੰ ਠੱਠਾ ਦੇ ਡੈਲਟਾ ''ਚ ਤਿੰਨ ਮਹੀਨੇ ਤੱਕ ਹਿਰਾਸਤ ''ਚ ਰੱਖਿਆ, ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਕੋਲ ਹਥਿਆਰ ਹਨ।

ਅਖ਼ੀਰ ''ਚ ਕੋਈ ਹਥਿਆਰ ਨਾ ਮਿਲਣ ''ਤੇ ਬਰਨਜ਼ ਨੂੰ ਲਾਹੌਰ ਦੇ ਸਫ਼ਰ ਲਈ ਰਵਾਨਾ ਕਰ ਦਿੱਤਾ ਗਿਆ। ਕੋਈ ਵੀ ਇਸ ਗੱਲ ਤੋਂ ਜਾਣੂ ਨਹੀਂ ਸੀ ਕਿ ਦਰਿਆ ਦੀ ਡੂੰਗਾਈ ਮਾਪਣ ਅਤੇ ਹੋਰ ਜਾਣਕਾਰੀ ਇੱਕਠੀ ਕਰਨ ਲਈ ਕਿਸ਼ਤੀ ''ਚ ਵੱਖ-ਵੱਖ ਥਾਵਾਂ ''ਤੇ ਸਰਵੇਖਣ ਯੰਤਰ ਰੱਖੇ ਗਏ ਹਨ।

ਇਹ ਵੀ ਪੜ੍ਹੋ:

ਉੱਚ ਅਧਿਕਾਰੀਆਂ ਦੇ ਦਬਾਅ ਦੇ ਬਾਵਜੂਦ ਬਰਨਜ਼ ਨੇ ਯਾਤਰਾ ਦੌਰਾਨ ਸੈਨਿਕ ਦਸਤੇ ਨੂੰ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਕਿ ਸਥਾਨਕ ਲੋਕਾਂ ਨੂੰ ਇਹ ਨਾ ਲੱਗੇ ਕਿ ਬਰਤਾਨੀ ਹਮਲਾ ਕਰਨ ਦਾ ਇਰਾਦਾ ਰੱਖਦੇ ਹਨ।

ਬਰਨਜ਼ ਨੇ ਇਸ ਸਫ਼ਰ ਦੌਰਾਨ ਆਪਣੇ ਨਾਲ ਇੱਕ ਬ੍ਰਿਟਿਸ਼ ਅਫ਼ਸਰ ਡੀਜੇ ਲੈਕੀ ਨੂੰ ਰੱਖਿਆ ਸੀ ਅਤੇ ਆਪਣੇ ਇਸ ਸਫ਼ਰ ਦੌਰਾਨ ਕਈ ਥਾਵਾਂ ''ਤੇ ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਵੀ ਆਪਣੇ ਕਾਫਲੇ ''ਚ ਸ਼ਾਮਲ ਕੀਤਾ ਸੀ।

ਅਜਿਹਾ ਕਰਦਿਆਂ, ਬਰਨਜ਼ ਨੇ ਸਿੰਧੂ ਨਦੀ ਦੇ ਕੰਢੇ ਵਸੇ ਸ਼ਹਿਰਾਂ ਦੇ ਸਥਾਨਕ ਆਗੂਆਂ ਅਤੇ ਹਾਕਮਾਂ ਨਾਲ ਨਜ਼ਦੀਕੀ ਸੰਬੰਧ ਕਾਇਮ ਕੀਤੇ।

ਕੂਟਨੀਤੀ ਦੀ ਮੁਹਾਰਤ, ਸਥਾਨਕ ਰੀਤੀ-ਰਿਵਾਜਾਂ ਅਤੇ ਚਾਪਲੂਸੀ ਦੇ ਤਰੀਕਿਆਂ ਤੋਂ ਜਾਣੂ ਹੋਣ ਕਰਕੇ, ਉਹ ਸਿੰਧੂ ਨਦੀ ਦੇ ਉਨ੍ਹਾਂ ਖੇਤਰਾਂ ''ਚ ਯਾਤਰਾ ਕਰਨ ''ਚ ਸਫਲ ਹੋਏ, ਜੋ ਕਿ ਇਸ ਤੋਂ ਪਹਿਲਾਂ ਯੂਰਪੀਅਨਾਂ ਲਈ ਬੰਦ ਸਨ। ਇੰਨ੍ਹਾਂ ਖੇਤਰਾਂ ''ਚ ਠੱਠਾ, ਹੈਦਰਾਬਾਦ, ਭੱਕਰ ਅਤੇ ਸ਼ੁਜਾ ਆਬਾਦ ਸ਼ਾਮਲ ਸਨ।

ਬਰਨਜ਼ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ

ਅਬੂ ਬਕਰ ਸ਼ੇਖ ਮਹਾਰਾਜਾ ਰਣਜੀਤ ਸਿੰਘ ਨਾਲ ਬਰਨਜ਼ ਦੀ ਮੁਲਾਕਾਤ ਦਾ ਵੇਰਵਾ ਉਨ੍ਹਾਂ ਦੇ ਹੀ ਸ਼ਬਦਾਂ ''ਚ ਦੱਸਦੇ ਹਨ:

"ਅਸੀਂ ਇੱਕ ਰੱਥ ਦੇ ਪਿੱਛੇ ਹਾਥੀਆਂ ''ਤੇ ਸਵਾਰ ਸੀ। ਮੈਂ ਜਿਸ ਸ਼ਾਨਦਾਰ ਹਾਥੀ ''ਤੇ ਸਵਾਰ ਸੀ, ਉਹ ਸਭ ਤੋਂ ਅੱਗੇ ਸੀ। ਸ਼ਹਿਰ ਦੀਆਂ ਗਲੀਆਂ ਨੂੰ ਯੋਜਨਾਬੱਧ ਢੰਗ ਨਾਲ ਪੈਦਲ, ਘੋੜਸਵਾਰ ਅਤੇ ਤੋਪਖਾਨੇ ਦੀਆਂ ਟੁੱਕੜੀਆਂ ਨਾਲ ਸਜਾਇਆ ਗਿਆ ਸੀ। ਲੋਕਾਂ ਦੀ ਭੀੜ੍ਹ ਇੱਕਠੀ ਹੋ ਗਈ ਸੀ। ਮੈਂ ਜਿਵੇਂ ਹੀ ਦਰਬਾਰ ਦੇ ਮੁੱਖ ਦਰਵਾਜ਼ੇ ''ਤੇ ਪਹੁੰਚਿਆ ਅਤੇ ਝੁਕ ਕੇ ਆਪਣੇ ਬੂਟ ਦੇ ਤਸਮੇ ਖੋਲ੍ਹਣ ਲੱਗਾ ਤਾਂ ਮੈਨੂੰ ਕਿਸੇ ਦੀ ਬਾਂਹ ਅਤੇ ਫਿਰ ਗਲੇ ਮਿਲਣ ਦਾ ਅਹਿਸਾਸ ਹੋਇਆ।"

"ਮੈਂ ਜਦੋਂ ਵੇਖਿਆ ਤਾਂ ਉਹ ਬਜ਼ੁਰਗ ਅਤੇ ਪਤਲੇ ਆਦਮੀ ਮਹਾਰਾਜਾ ਰਣਜੀਤ ਸਿੰਘ ਸਨ। ਉਨ੍ਹਾਂ ਦੇ ਦੋ ਪੁੱਤਰ ਵੀ ਉਨ੍ਹਾਂ ਦੇ ਨਾਲ ਹੀ ਸਨ। ਉਨ੍ਹਾਂ ਨੇ ਮੇਰਾ ਹੱਥ ਫੜਿਆ ਅਤੇ ਦਰਬਾਰ ''ਚ ਲੈ ਗਏ। ਉੱਥੇ ਸਾਡਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਾਨੂੰ ਚਾਂਦੀ ਦੀਆਂ ਕੁਰਸੀਆਂ ''ਤੇ ਬਿਠਾਇਆ ਗਿਆ ਅਤੇ ਬਰਤਾਨੀਆ ਦੇ ਮਹਾਰਾਜਾ ਦਾ ਹਾਲ-ਚਾਲ ਪੁੱਛਿਆ ਗਿਆ।"

" ਮੈਂ ਉਨ੍ਹਾਂ ਨੂੰ ਦੱਸਿਆ ਕਿ ਮਹਾਰਾਜਾ ਵੱਲੋਂ ਤੁਹਾਡੇ ਲਈ ਤੋਹਫ਼ੇ ਵੱਜੋਂ ਭੇਜੇ ਗਏ ਪੰਜੇ ਘੋੜੇ ਮੈਂ ਸੁਰੱਖਿਅਤ ਲਾਹੌਰ ਲੈ ਕੇ ਪਹੁੰਚਿਆ ਹਾਂ। ਇਸ ਦੇ ਨਾਲ ਹੀ ਬਾਦਸ਼ਾਹ ਸਲਾਮਤ ਦੇ ਭਾਰਤੀ ਮਾਮਲਿਆਂ ਬਾਰੇ ਮੰਤਰੀ ਵੱਲੋਂ ਇੱਕ ਪੱਤਰ ਵੀ ਹੈ, ਜੋ ਕਿ ਸੋਨੇ ਦੀਆਂ ਤਾਰਾਂ ਨਾਲ ਬਣੇ ਇੱਕ ਥੈਲੇ ''ਚ ਹੈ। ਉਨ੍ਹਾਂ ਨੇ ਖੁਦ ਉਹ ਪੱਤਰ ਮੇਰੇ ਤੋਂ ਲਿਆ ਅਤੇ ਮੱਥੇ ਨਾਲ ਲਗਾ ਕੇ ਸਤਿਕਾਰ ਪ੍ਰਗਟ ਕੀਤਾ।"

" ਦੂਜੇ ਦਿਨ ਭਾਵ 21 ਜੁਲਾਈ ਨੂੰ ਉਸ ਪੱਤਰ ਦਾ ਤਰਜਮਾ ਦਰਬਾਰ ''ਚ ਪੜ੍ਹਿਆ ਗਿਆ ਅਤੇ ਜਦੋਂ ਪੱਤਰ ਅੱਧਾ ਪੜ੍ਹਿਆ ਗਿਆ ਤਾਂ ਮਹਾਰਾਜਾ ਨੇ ਕਿਹਾ ਕਿ ਮੇਰੀ ਇੱਛਾ ਹੈ ਕਿ ਇਸ ਚਿੱਠੀ ਦੇ ਇੱਥੇ ਪਹੁੰਚਣ ''ਤੇ ਸਲਾਮੀ ਦਿੱਤੀ ਜਾਵੇ ਤਾਂ ਕਿ ਲਾਹੌਰ ਦੇ ਲੋਕਾਂ ਨੂੰ ਪਤਾ ਲੱਗ ਸਕੇ ਉਨ੍ਹਾਂ ਦਾ ਬਾਦਸ਼ਾਹ ਖੁਸ਼ ਹੈ। ਇਹ ਖੁਸ਼ੀ ਲੋਕਾਂ ਤੱਕ ਪਹੁੰਚਾਉਣ ਲਈ 60 ਤੋਪਾਂ ਦੀ ਸਲਾਮੀ ਦਿੱਤੀ ਗਈ। ਇੱਕ ਤੋਪ ''ਚੋਂ 21 ਗੋਲੇ ਦਾਗੇ ਗਏ।"

ਬਰਨਜ਼ ਨੇ ਰਾਜ ਪ੍ਰਬੰਧ ''ਚ ਮੁਹਾਰਤ ਰੱਖਣ ਵਾਲੇ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਹੈ, " ਮਹਾਰਾਜਾ ਹੁੱਲੜਬਾਜ਼ੀ, ਦਿਖਾਵੇ ਤੋਂ ਕੀਤੇ ਦੂਰ ਹਨ ਪਰ ਦਰਬਾਰ ''ਚ ਉਨ੍ਹਾਂ ਦਾ ਦਬਦਬਾ ਕਾਇਮ ਹੈ। ਮੈਂ ਕਿਸੇ ਏਸ਼ੀਆਈ ਨਾਗਰਿਕ ਤੋਂ ਇੰਨ੍ਹਾਂ ਪ੍ਰਭਾਵਿਤ ਨਹੀਂ ਹੋਇਆ ਸੀ, ਜਿੰਨ੍ਹਾਂ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਹੋਇਆ ਸੀ। ਉਹ ਨਾ ਤਾਂ ਪੜ੍ਹੇ ਲਿਖੇ ਸਨ ਅਤੇ ਨਾ ਹੀ ਉਨ੍ਹਾਂ ਕੋਲ ਕਿਸ ਦਾ ਮਾਰਗਦਰਸ਼ਨ ਸੀ, ਪਰ ਸ਼ਾਸਨ ਪ੍ਰਬੰਧ ਦੇ ਮਾਮਲਿਆਂ ''ਚ ਉਨ੍ਹਾਂ ਦੀ ਅਦਭੁਤ ਮੁਹਾਰਤ ਹੈ। ਉਹ ਇਸ ਕੰਮ ਨੂੰ ਬਹੁਤ ਹੀ ਸਮਝਦਾਰੀ ਅਤੇ ਫੁਰਤੀ ਨਾਲ ਨਜਿੱਠਦੇ ਹਨ।"

ਇਹ ਵੀ ਪੜ੍ਹੋ:

ਕੋਹਿਨੂਰ
Getty Images

ਬਰਨਜ਼ ਵੇਰਵੇ ਦੇਣ ''ਚ ਮਾਹਰ ਹਨ। ਮਿਸਾਲ ਦੇ ਤੌਰ ''ਤੇ ਉਨ੍ਹਾਂ ਨੇ ਆਪਣੇ ਸਫ਼ਰ ਦੇ ਬਾਰੇ ''ਚ ਲਿਖਿਆ ਹੈ ਕਿ ਡੇਰਾ ਗਾਜ਼ੀ ਖ਼ਾਨ ਦੇ ਬਾਜ਼ਾਰ ''ਚ 1597 ਦੁਕਾਨਾਂ ਹਨ, ਜਿੰਨ੍ਹਾਂ ''ਚ 115 ਦੁਕਾਨਾਂ ਕੱਪੜੇ ਦੀਆਂ , 25 ਰੇਸ਼ਮ ਦੀਆਂ, 60 ਸੁਨਿਆਰੇ ਦੀਆਂ ਅਤੇ 18 ਕਾਗਜ਼ ਦੀਆਂ ਦੁਕਾਨਾਂ ਹਨ।

ਬਰਨਜ਼ ਦੇ ਇਸ ਸਰਵੇਖਣ ਤੋਂ ਬਾਅਦ 1835 ''ਚ ਸਿੰਧੂ ਨਦੀ ''ਚ ਹੈਦਰਾਬਾਦ ਤੋਂ ਕਰਾਚੀ ਵਿਚਾਲੇ ''ਇੰਡਸ'' ਨਾਂਅ ਦਾ ਇੱਕ ਵੱਡਾ ਜਹਾਜ਼ ਚਲਾਇਆ ਗਿਆ ਸੀ। ਇਸ ਤੋਂ ਸੱਤ ਸਾਲ ਬਾਅਦ, ਅੰਗਰੇਜ਼ਾਂ ਨੇ 1843 ''ਚ ਸਿੰਧ ''ਤੇ ਆਪਣੀ ਹਕੂਮਤ ਕਾਇਮ ਕਰ ਲਈ ਸੀ।

ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕੋਹਿਨੂਰ ਦੀ ਨੁਮਾਇਸ਼ ਕੀਤੀ

ਅਕਤੂਬਰ 1831 ''ਚ ਬਰਨਜ਼ ਨੇ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਮੁਲਾਕਾਤ ਅੰਗਰੇਜ਼ੀ ਫੌਜ ਦੇ ਕਮਾਂਡਰ, ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿੰਕ ਨਾਲ ਕਰਵਾਈ।

ਇਹ ਮੁਲਾਕਾਤ ਸਤਲੁਜ ਨਦੀ ਦੇ ਕੰਢੇ ਵਸੇ ਰੋਪੜ ਵਿਖੇ 22 ਤੋਂ 26 ਅਕਤੂਬਰ ਚੱਲੀ ਸੀ। ਇਸ ''ਚ ਬਹੁਤ ਸਾਰੇ ਬ੍ਰਿਟਿਸ਼ ਰਾਜਨੀਤਿਕ ਦੂਤ ਅਤੇ ਹੋਰ ਲੋਕ ਸ਼ਾਮਲ ਸਨ।

ਇਸ ਸਮਾਗਮ ਦੌਰਾਨ ਮਹਾਰਾਜ਼ਾ ਰਣਜੀਤ ਸਿੰਘ ਨੇ ਕੋਹਿਨੂਰ ਹੀਰਾ ਵੀ ਵਿਖਾਇਆ ਸੀ। ਆਖਰਕਾਰ ਇਸ ਨੇ ਬਰਤਾਨੀ ਸ਼ਾਹੀ ਪਰਿਵਾਰ ਦੇ ਕਬਜ਼ੇ ''ਚ ਆਉਣਾ ਸੀ ਅਤੇ ਮਹਾਰਾਣੀ ਦੇ ਤਾਜ ਵਿੱਚ ਜੜਿਆ ਜਾਣਾ ਸੀ।

ਰੋਪੜ ''ਚ ਉੱਚ ਲੀਡਰਸ਼ਿਪ ਦੀ ਬੈਠਕ ਤੋਂ ਬਾਅਦ ਬਰਨਜ਼ ਨੇ ਨਵੰਬਰ ਤੋਂ ਦਸੰਬਰ, 1831 ਤੱਕ ਕੁਝ ਸਮੇਂ ਲਈ ਦਿੱਲੀ ''ਚ ਆਪਣਾ ਟਿਕਾਣਾ ਬਣਾਇਆ।

ਵੀਡੀਓ: ਕੋਹਿਨੂਰ ਬ੍ਰਿਟੇਨ ਦੀ ਮਹਾਰਾਣੀ ਕੋਲ ਕਿਵੇਂ ਪਹੁੰਚਿਆ

ਇੱਥੇ ਹੀ 19 ਦਸੰਬਰ ਨੂੰ ਬਰਨਜ਼ ਪਹਿਲੀ ਵਾਰ ਆਪਣੇ ਭਵਿੱਖ ਦੇ ਸਹਿ-ਯਾਤਰੀ ਮੋਹਨ ਲਾਲ ਨੂੰ ਮਿਲਿਆ । ਹੁਮਾਯੂੰ ਦੇ ਮਕਬਰੇ ਦੇ ਮੈਦਾਨ ''ਚ ਇੱਕ ਹਿੰਦੂ ਸਕੂਲ ਦਾ ਦੌਰਾ ਕਰਦਿਆਂ, ਬਰਨਜ਼ ਪੱਛਮ ਦੇ ਭੂਗੋਲ ਦੇ ਬਾਰੇ ''ਚ ਗਿਆਨ ਰੱਖਣ ਵਾਲੇ ਉਸ ਨੌਜਵਾਨ ਤੋਂ ਬਹੁਤ ਪ੍ਰਭਾਵਿਤ ਹੋਇਆ।

ਉਨ੍ਹਾਂ ਨੇ ਲਾਲ ਨੂੰ ਆਪਣੇ ਨਾਲ ਮੱਧ ਜਾਂ ਅੰਦਰੂਨੀ ਯੂਰੇਸ਼ੀਆ ਜਾਣ ਦਾ ਸੱਦਾ ਦਿੱਤਾ। ਦਿੱਲੀ ਤੋਂ ਬਰਨਜ਼ ਨੇ ਲੁਧਿਆਣਾ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਮੱਧ ਏਸ਼ੀਆ ਵੱਲ ਜਾਣ ਦੀ ਇਜਾਜ਼ਤ ਮਿਲੀ।

ਦਿ ਗ੍ਰੇਟ ਗੇਮ: ਅਫ਼ਗਾਨਿਸਤਾਨ ਅਤੇ ਬੁਖ਼ਾਰਾ ਦਾ ਸਫ਼ਰ

ਆਉਣ ਵਾਲੇ ਸਾਲਾਂ ''ਚ, ਮੋਹਨ ਲਾਲ ਨਾਲ ਉਨ੍ਹਾਂ ਦਾ ਸਫ਼ਰ ਅਫ਼ਗਾਨਿਸਤਾਨ ਤੋਂ ਹੁੰਦਾ ਹੋਇਆ ਹਿੰਦੂਕੁਸ਼ ਦੇ ਪਾਰ ਬੁਖ਼ਾਰਾ, ਮੌਜੂਦਾ ਉਜ਼ਬੇਕਿਸਤਾਨ ਅਤੇ ਪਰਸੀਆ ਯਾਨੀ ਕਿ ਈਰਾਨ ਤੱਕ ਜਾਰੀ ਰਿਹਾ।

ਇੱਕ ਰਾਜਨੀਤਿਕ ਏਜੰਟ ਹਾਇਕ ਵੱਜੋਂ ਉਨ੍ਹਾਂ ਨੇ ਉੱਤਰ-ਪੱਛਮੀ ਭਾਰਤ ਅਤੇ ਆਲੇ-ਦੁਆਲੇ ਦੇ ਦੇਸ਼ਾਂ ਦੇ ਇਤਿਹਾਸ ਅਤੇ ਭੂਗੋਲ ਵਿੱਚ ਦਿਲਚਸਪੀ ਲਈ, ਜਿਸ ਦੀ ਕਿ ਅਜੇ ਤੱਕ ਅੰਗਰੇਜ਼ਾਂ ਨੇ ਠੀਕ, ਸਹੀ ਢੰਗ ਨਾਲ ਖੋਜ ਨਹੀਂ ਕੀਤੀ ਸੀ। ਫਿਰ ਉਹ ਅਫ਼ਗਾਨਿਸਤਾਨ ਚਲੇ ਗਏ।

ਉਸ ਸਮੇਂ ਅਫ਼ਗਾਨਿਸਤਾਨ ਬ੍ਰਿਟਿਸ਼ ਅਤੇ ਰੂਸੀ ਤਾਕਤਾਂ ਵਿਚਾਲੇ ਫਸਿਆ ਹੋਇਆ ਸੀ। ਰੂਸ ਨੂੰ ਸ਼ੱਕ ਸੀ ਕਿ ਭਾਰਤ ''ਤੇ ਆਪਣਾ ਕਬਜ਼ਾ ਕਰਨ ਤੋਂ ਬਾਅਦ ਬਰਤਾਨੀਆ ਦਾ ਇਰਾਦਾ ਅਫ਼ਗਾਨਿਸਤਾਨ ਜ਼ਰੀਏ ਉੱਤਰ ਵੱਲ ਵੱਧਣ ਦਾ ਹੈ।

ਦੂਜੇ ਪਾਸੇ ਅੰਗਰੇਜ਼ਾਂ ਨੂੰ ਡਰ ਸੀ ਕਿ ਰੂਸ ਅਫ਼ਗਾਨਿਸਤਾਨ ਰਸਤੇ ਭਾਰਤ ''ਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਤੇ ਇਸ ਤਰ੍ਹਾਂ ਹੀ ''ਗ੍ਰੇਟ ਗੇਮ'' ਭਾਵ ਕਿ ਵੱਡੀ ਖੇਡ ਨਾਮਕ ਸਿਆਸੀ ਅਤੇ ਕੂਟਨੀਤਕ ਸੰਘਰਸ਼ ਨੇ ਜਨਮ ਲਿਆ।

ਬ੍ਰਿਟਿਸ਼ ਸਰਕਾਰ ਨੂੰ ਖੁਫੀਆ ਜਾਣਕਾਰੀਆਂ ਦੀ ਲੋੜ ਸੀ। ਇਸ ਲਈ ਬਰਨਜ਼ ਨੂੰ ਰਵਾਨਾ ਕੀਤਾ ਗਿਆ। ਬੁਖ਼ਾਰਾ ਦੇ ਕਿਸੇ ਵਿਅਕਤੀ ਦੇ ਰੂਪ ''ਚ ਯਾਤਰਾ ਕਰਦਿਆਂ ਬਰਨਜ਼ ਨੇ ਕਾਬੁਲ ਤੋਂ ਬੁਖ਼ਾਰਾ ਤੱਕ ਦੇ ਰਸਤੇ ਦਾ ਸਰਵੇਖਣ ਕੀਤਾ ਅਤੇ ਅਫ਼ਗਾਨਿਸਤਾਨ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਪੇਸ਼ ਕੀਤੀ।

1834 ''ਚ ਬ੍ਰਿਟੇਨ ਵਾਪਸ ਜਾ ਕੇ ਉਨ੍ਹਾਂ ਨੇ ਜੋ ਕਿਤਾਬ ਪ੍ਰਕਾਸ਼ਿਤ ਕੀਤੀ, ਉਸ ਨੇ ਦੇਸ਼ਾਂ ਦੇ ਸਮਕਾਲੀ ਗਿਆਨ ''ਚ ਖਾਸਾ ਵਾਧਾ ਕੀਤਾ, ਅਤੇ ਉਹ ਉਸ ਸਮੇਂ ਦੀਆਂ ਸਭ ਤੋਂ ਪ੍ਰਸਿੱਧ ਕਿਤਾਬਾਂ ''ਚੋਂ ਇੱਕ ਸੀ।

ਇਹ ਕਿਤਾਬ ਬੁਖ਼ਾਰਾ, ਭਾਰਤ ਤੋਂ ਕਾਬੁਲ, ਕੇਂਦਰੀ ਜਾਂ ਅੰਦਰੂਨੀ ਯੂਰੇਸ਼ੀਆ ਅਤੇ ਪਰਸ਼ੀਆ ਤੱਕ ਅਤੇ ਸਿੰਧੂ ਨਦੀ ਰਾਹੀਂ ਬ੍ਰਿਟੇਨ ਦੇ ਬਾਦਸ਼ਾਹ ਦੇ ਤੋਹਫ਼ਿਆਂ ਨਾਲ ਲਾਹੌਰ ਤੱਕ ਦੇ ਸਫ਼ਰ ਦੀ ਕਹਾਣੀ ਸੀ, ਜੋ ਕਿ 1831, 1832 ਅਤੇ 1833 ''ਚ ਹਕੂਮਤ ਦੇ ਨਿਦੇਸ਼ਾਂ ''ਤੇ ਕੀਤੇ ਗਏ ਸਨ।

ਬਰਨਜ਼ ਨੂੰ ਇਸ ਕਿਤਾਬ ਦੇ ਪਹਿਲੇ ਐਡੀਸ਼ਨ ਤੋਂ 800 ਪੌਂਡ ਦੀ ਕਮਾਈ ਹੋਈ ਸੀ।

ਅਫ਼ਗਾਨਿਸਤਾਨ ''ਚ ਇੱਕ ਰਾਜਨੀਤਿਕ ਏਜੰਟ ਵੱਜੋਂ ਤਾਇਨਾਤੀ

ਦੋਸਤ ਮੁਹੰਮਦ ਬਾਰਕਜ਼ਈ ਨੇ 1838 ''ਚ ਅਫ਼ਗਾਨਿਸਤਾਨ ਦੀ ਸੱਤਾ ''ਤੇ ਕਬਜ਼ਾ ਕਰ ਲਿਆ ਸੀ। ਅਜਿਹੀ ਸਥਿਤੀ ''ਚ, ਭਾਰਤ ''ਚ ਬ੍ਰਿਟਿਸ਼ ਗਵਰਨਰ ਜਨਰਲ ਲਾਰਡ ਆਕਲੈਂਡ ਨੇ ਰੂਸੀ ਪ੍ਰਭਾਵ ਅਤੇ ਘੁਸਪੈਠ ਨੂੰ ਸੀਮਤ ਕਰਨ ਲਈ ਅਫ਼ਗਾਨ ਦੀ ਵਿਦੇਸ਼ ਨੀਤੀ ਨੂੰ ਕੰਟਰੋਲ ਕਰਨ ਦਾ ਯਤਨ ਕੀਤਾ।

ਬਰਨਜ਼ ਨੇ ਲਾਰਡ ਆਕਲੈਂਡ ਨੂੰ ਸਲਾਹ ਦਿੱਤੀ ਕਿ ਉਹ ਕਾਬੁਲ ਦੀ ਗੱਦੀ ''ਤੇ ਦੋਸਤ ਮੁਹੰਮਦ ਖ਼ਾਨ ਦਾ ਸਮਰਥਨ ਕਰਨ, ਪਰ ਵਾਇਸਰਾਏ ਨੇ ਸਰ ਵਿਲੀਅਮ ਮੈਕੇਨਟਾਈਨ ਦੀ ਰਾਏ ਨੂੰ ਤਰਜੀਹ ਦਿੱਤੀ ਅਤੇ ਸ਼ਾਹ ਸ਼ੁਜਾ ਨੂੰ ਬਹਾਲ ਕਰ ਦਿੱਤਾ। 1839 ''ਚ ਸ਼ਾਹ ਸ਼ੁਜਾ ਦੀ ਬਹਾਲੀ ''ਤੇ ਬਰਨਜ਼ ਕਾਬੁਲ ਵਿਖੇ ਰਸਮੀ ਤੌਰ ''ਤੇ ਇੱਕ ਸਿਆਸੀ ਏਜੰਟ ਬਣ ਗਏ ਸਨ। ਇਸ ਅਹੁਦੇ ''ਤੇ ਬਰਨਜ਼ ਆਪਣੇ ਆਪ ਨੂੰ ਇੱਕ ਉੱਚ ਤਨਖਾਹ ਲੈਣ ਵਾਲਾ ਬੇਕਾਰ ਵਿਅਕਤੀ ਦੱਸਦੇ ਸਨ।

ਸ਼ਾਹ ਸ਼ੁਜਾ ਦਾ ਦੌਰ ਅਫ਼ਗਾਨ ਨਾਗਰਿਕਾਂ ''ਤੇ ਅੱਤਿਆਚਾਰ, ਜੁਲਮ ਅਤੇ ਵਿਆਪਕ ਗਰੀਬੀ ਲਈ ਜਾਣਿਆ ਜਾਂਦਾ ਹੈ।

ਉਨ੍ਹਾਂ ਦੇ ਨਾਲ ਹੀ ਵੱਡੀ ਗਿਣਤੀ ''ਚ ਅਜਨਬੀ ਰਸਮੋ-ਰਿਵਾਜ ਜਿਵੇਂ ਕਿ ਕ੍ਰਿਕਟ, ਸਕੇਟਿੰਗ ਅਤੇ ਸਟੀਪਲ ਚੇਜ਼ ਵੀ ਆਏ। ਸ਼ਹਿਰ ਦੀ ਵੱਸੋਂ ''ਚ ਅਚਾਨਕ ਵਾਧਾ ਹੋਣ ਕਰਕੇ ਬਾਜ਼ਾਰਾਂ ''ਚ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਆਸਮਾਨ ਨੂੰ ਛੂਹਣ ਲੱਗੀਆਂ।

ਅਜਿਹੇ ਸਮੇਂ ''ਚ ਜਦੋਂ ਸ਼ਾਹ ਸ਼ੁਜਾ ਨੇ ਆਬਾਦੀ ''ਤੇ ਟੈਕਸ ''ਚ ਵੀ ਵਧੇਰੇ ਵਾਧਾ ਕੀਤਾ ਤਾਂ ਹੇਠਲੇ ਵਰਗ ''ਚ ਵੱਡੇ ਪੱਧਰ ''ਤੇ ਆਰਥਿਕ ਸੰਕਟ ਪੈਦਾ ਹੋ ਗਿਆ ਸੀ।

ਸ਼ਾਹ ਸ਼ੁਜਾ ਦੇ ਕਹਿਣ ''ਤੇ ਬ੍ਰਿਟਿਸ਼ ਅਤੇ ਭਾਰਤੀ ਫੌਜਾਂ ਸ਼ਹਿਰ ਤੋਂ ਬਾਹਰ ਛਾਉਣੀਆਂ ''ਚ ਜਾਣ ਲਈ ਰਜ਼ਾਮੰਦ ਹੋ ਗਈਆਂ ਸਨ, ਪਰ ਬਰਨਜ਼ ਨੇ ਆਪਣੇ ਭਰਾ ਲੈਫਟੀਨੈਂਟ ਚਾਰਲਸ ਬਰਨਜ਼ ਅਤੇ ਮੇਜਰ ਵਿਲੀਅਮ ਬ੍ਰੈਡਫੁੱਟ ਸਮੇਤ ਕੁਝ ਹੋਰ ਉੱਚ ਅਧਿਕਾਰੀਆਂ ਦੇ ਨਾਲ ਪੁਰਾਣੇ ਸ਼ਹਿਰ ਦੇ ਕੇਂਦਰ ''ਚ ਇੱਕ ਘਰ ''ਚ ਰਹਿਣ ਦਾ ਫੈਸਲਾ ਲਿਆ।

ਬਰਨਜ਼ ਦਾ ਕਤਲ

1 ਨਵੰਬਰ 1841 ਨੂੰ ਮੋਹਨ ਲਾਲ ਨੇ ਬਰਨਜ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਇਸ ਲਈ ਉਨ੍ਹਾਂ ''ਤੇ ਸ਼ਹਿਰ ਛੱਡਣ ਲਈ ਜ਼ੋਰ ਪਾਇਆ। ਬਹੁਤ ਸਾਰੇ ਅਫ਼ਗਾਨ ਬਰਨਜ਼ ਨੂੰ ਕਾਬੁਲ ''ਚ ਬਰਤਾਨੀਆ ਦੇ ਨੁਮਾਇੰਦੇ ਵੱਜੋਂ ਸ਼ਹਿਰ ਦੀ ਆਰਥਿਕ ਅਤੇ ਨੈਤਿਕ ਗਿਰਾਵਟ ਲਈ ਜ਼ਿੰਮੇਵਾਰ ਮੰਨਦੇ ਸਨ।

ਇਸ ਭਰੋਸੇ ਨਾਲ ਕਿ ਉਹ ਕਿਸੇ ਵੀ ਸੰਭਾਵੀ ਮੁਸੀਬਤ ਨਾਲ ਨਜਿੱਠ ਸਕਦੇ ਹਨ, ਬਰਨਜ਼ ਨੇ ਆਪਣੇ ਦੋਸਤ ਦੀ ਸਲਾਹ ਨੂੰ ਦਰਕਿਨਾਰ ਕਰਦਿਆਂ ਕਾਬੁਲ ''ਚ ਹੀ ਰਹਿਣ ਦਾ ਫੈਸਲਾ ਕੀਤਾ।

2 ਨਵੰਬਰ ਦੀ ਰਾਤ ਨੂੰ , ਬਰਨਜ਼ ਵਿਰੋਧੀ ਇੱਕ ਛੋਟੇ ਜਿਹੇ ਸਮੂਹ ਨੇ ਸ਼ਹਿਰ ''ਚ ਇਹ ਕਹਿ ਕੇ ਭੀੜ ਇੱਕਠੀ ਸ਼ੂਰੂ ਕੀਤੀ ਕਿ ਬਰਨਜ਼ ਦੇ ਘਰ ਨਾਲ ਲੱਗਦੀ ਇਮਾਰਤ ''ਚ ਛਾਉਣੀ ਦਾ ਖਜ਼ਾਨਾ ਹੈ, ਜਿੱਥੇ ਬ੍ਰਿਟਿਸ਼ ਸੈਨਿਕਾਂ ਦੀਆਂ ਤਨਖਾਹਾਂ ਰੱਖੀਆਂ ਜਾਂਦੀਆਂ ਹਨ।

ਜਿਵੇਂ ਹੀ ਰਾਤ ਪਈ, ਬਰਨਜ਼ ਦੇ ਘਰ ਸੇ ਵਰਾਂਡੇ ''ਚ ਇੱਕ ਵੱਡੀ ਭੀੜ ਇੱਕਠੀ ਹੋ ਗਈ। ਬਰਨਜ਼ ਨੇ ਫੌਰੀ ਮਦਦ ਲਈ ਛਾਉਣੀ ''ਚ ਸੁਨੇਹਾ ਭੇਜਿਆ ਪਰ ਬ੍ਰਿਟਿਸ਼ ਫੌਜ ਦੇ ਉੱਚ ਅਧਿਕਾਰੀਆਂ ''ਚ ਇਸ ਗੱਲ ਨੂੰ ਲੈ ਕੇ ਛਿੜੀ ਬਹਿਸ ਨੇ ਦੇਰੀ ਕਰ ਦਿੱਤੀ ਕਿ ਇਸ ਖਤਰੇ ਨਾਲ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਨਜਿੱਠਿਆ ਜਾਵੇ।

ਹਾਲਾਤ ਵਿਗੜਦੇ ਗਏ। ਹਮਲਾਵਰਾਂ ਨੇ ਤਬੇਲੇ ਨੂੰ ਅੱਗ ਲਗਾ ਦਿੱਤੀ । ਭੀੜ ਵੱਲੋਂ ਗੋਲੀਆਂ ਚੱਲੀਆਂ ਅਤੇ ਬਾਲਕੋਨੀ ''ਚ ਬਰਨਜ਼ ਦੇ ਨਾਲ ਖੜੇ ਮੇਜਰ ਬ੍ਰੈਡਫੁੱਟ ਮਾਰੇ ਗਏ।

ਹੁਣ ਜਦੋਂ ਇਹ ਯਕੀਨ ਹੋ ਗਿਆ ਸੀ ਕਿ ਬਚਣਾ ਮੁਸ਼ਕਲ ਹੈ ਤਾਂ ਚਾਰਲਸ ਬਰਨਜ਼ ਨੇ ਹਥਿਆਰ ਚੁੱਕੇ ਅਤੇ ਵਰਾਂਡੇ ''ਚ ਆ ਗਏ। ਉਨ੍ਹਾਂ ਨੇ 6 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰ ਫਿਰ ਭੀੜ ਨੇ ਉਨ੍ਹਾਂ ਦੇ ਭਰਾ ਨੂੰ ਮਾਰ ਦਿੱਤਾ।

ਫਿਰ ਅਲੈਗਜ਼ੈਂਡਰ ਬਰਨਜ਼ ਖੁਦ ਭੀੜ ਦਾ ਸਾਹਮਣਾ ਕਰਨ ਲਈ ਬਿਨ੍ਹਾਂ ਹਥਿਆਰਾਂ ਦੇ ਬਾਹਰ ਨਿਕਲੇ ਅਤੇ ਕੁਝ ਹੀ ਪਲਾਂ ''ਚ ਭੀੜ ਨੇ ਉਨ੍ਹਾਂ ਦੀ ਜੀਵਨ ਲੀਲਾ ਵੀ ਖ਼ਤਮ ਕਰ ਦਿੱਤੀ।

ਇਹ ਘਟਨਾਵਾਂ ਬ੍ਰਿਟਿਸ਼ ਫੌਜਾਂ ਤੋਂ ਮਹਿਜ ਅੱਧੇ ਘੰਟੇ ਦੀ ਦੂਰੀ ''ਤੇ ਵਾਪਰੀਆਂ। ਇੱਕ ਨੌਜਵਾਨ ਅਫ਼ਸਰ ਨੇ ਆਪਣੇ ਮੈਗਜ਼ੀਨ ''ਚ ਇਸ ਘਟਨਾ ਦਾ ਜ਼ਿਕਰ ਕਰਦਿਆਂ ਲਿਖਿਆ ਕਿ '' ਸਵੇਰ ਦੇ ਸਮੇਂ 300 ਬੰਦੇ ਵੀ ਕਾਫ਼ੀ ਹੁੰਦੇ ਹਨ ਪਰ ਤੀਜੇ ਪਹਿਰ ਤਿੰਨ ਹਜ਼ਾਰ ਬੰਦੇ ਵੀ ਘੱਟ ਪੈਂਦੇ ਹਨ।''

ਅਗਲੇ ਦਿਨ ਬਰਨਜ਼, ਮੇਜਰ ਬ੍ਰੈਡਫੁੱਟ ਅਤੇ ਲੈਫਟੀਨੈਂਟ ਚਾਰਲਸ ਬਰਨਜ਼ ਦੇ ਸਿਰਾਂ ਨੂੰ ਚੌਕ ''ਚ ਤਲਵਾਰਾਂ ''ਤੇ ਟੰਗ ਦਿੱਤਾ ਗਿਆ। ਉਸ ਸਮੇਂ ਬਰਨਜ਼ ਦੀ ਉਮਰ ਸਿਰਫ 36 ਸਾਲ ਦੀ ਹੀ ਸੀ।

ਬਰਨਜ਼ ਭੇਸ ਬਦਲਣ ''ਚ ਮਾਹਰ ਸਨ

ਉਜ਼ਬੇਕਿਸਤਾਨ ''ਚ ਸਾਬਕਾ ਬ੍ਰਿਟਿਸ਼ ਰਾਜਦੂਤ ਕ੍ਰੈਗ ਮਰੇ ਨੇ ਆਪਣੀ ਕਿਤਾਬ ''ਸਿੰਕਦਰ ਬਰਨਜ਼, ਮਾਸਟਰ ਆਫ਼ ਦ ਗ੍ਰੇਟ ਗੇਮ'' ''ਚ ਉਨ੍ਹਾਂ ਦੀਆਂ ਜਾਸੂਸੀ ਦੀਆਂ ਤਕਨੀਕਾਂ ਦਾ ਵਿਸਥਾਰ ਨਾਲ ਵਰਣਨ ਕੀਤਾ ਹੈ।

" ਬਰਨਜ਼ ਇੱਕ ਮੁਸਾਫਰ ਦੇ ਭੇਸ ''ਚ ਆਉਂਦੇ ਸਨ ਪਰ ਨਕਸ਼ਾ ਬਣਾਉਣ ''ਚ ਬਹੁਤ ਸੁਚੇਤ ਰਹਿੰਦੇ ਸਨ। ਉਹ ਰਾਤ ਨੂੰ ਆਪਣੇ ਤੰਬੂ ''ਚ ਖੁਫੀਆ ਤੌਰ ''ਤੇ ਨਕਸ਼ੇ ਬਣਾਉਂਦੇ ਅਤੇ ਫਿਰ ਉਨ੍ਹਾਂ ਨੂੰ ਤਾਬੀਜ਼ ਬਣਾ ਕੇ ਸੰਦੇਸ਼ਵਾਹਕਾਂ ਦੇ ਜ਼ਰੀਏ ਤਸਕਰੀ ਕਰ ਦਿੰਦੇ ਸਨ।

ਸੰਦੇਸ਼ਵਾਹਕ ਆਪ ਵੀ ਰੂਪ ਬਦਲ ਕੇ ਸਫ਼ਰ ਕਰਦੇ ਸਨ। ਰੂਸੀਆਂ ਵੱਲੋਂ ਚਿੱਠੀਆਂ ਨੂੰ ਰੋਕਣ ਅਤੇ ਨਾਕਾਮ ਬਣਾਉਣ ਲਈ ਉਹ ਗੁੰਝਲਦਾਰ ਕੋਡ ਵਰਡ ਦੀ ਵਰਤੋਂ ਕਰਦੇ ਸਨ।"

ਮਰੇ ਦਾ ਕਹਿਣਾ ਹੈ ਕਿ ''ਬਰਨਜ਼ ਦਾ ਸੈਕਸ ਜੀਵਨ ਵੀ ਦਿਲਚਸਪ ਸੀ। ਸਾਰੇ ਵੇਰਵਿਆਂ ''ਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਉਨ੍ਹਾਂ ਦੇ ਅਫ਼ਗਾਨ ਔਰਤਾਂ ਨਾਲ ਜਿਨਸੀ ਸੰਬੰਧ ਸਨ, ਜਿਸ ਕਰਕੇ ਅਫ਼ਗਾਨ ਵਿਦਰੋਹ ਨੂੰ ਮਜ਼ਬੂਤੀ ਮਿਲੀ। ਪਰ ਮੈਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ, ਜੋ ਕਿ ਬਿਲਕੁਲ ਸਹੀ ਹੋਵੇ। ਮੈਨੂੰ ਜੋ ਕੁਝ ਵੀ ਮਿਲਿਆ , ਉਹ ਇਸ ਗੱਲ ਦਾ ਪੱਕਾ ਸਬੂਤ ਸੀ ਕਿ ਬਰਨਜ਼ ਦਾ ਹਰਮ ਪੂਰੇ ਸਫ਼ਰ ਦੌਰਾਨ ਉਸ ਦੇ ਨਾਲ ਹੁੰਦਾ ਸੀ।''

ਸ਼ਾਨ ਡੇਮਰ ਲਿਖਦੇ ਹਨ ਕਿ ''ਬਰਨਜ਼ ਦੇ ਸਫ਼ਰ ਦੌਰਾਨ ਵੱਖ-ਵੱਖ ਥਾਵਾਂ ਅਤੇ ਬੰਬਈ ''ਚ ਈਸਟ ਇੰਡੀਆ ਕੰਪਨੀ ਦੇ ਹੈੱਡਕੁਆਰਟਰ ਵਿਚਾਲੇ ਦੂਰੀ ਇੰਨੀ ਜ਼ਿਆਦਾ ਸੀ ਅਤੇ ਸੰਪਰਕ ਇੰਨ੍ਹਾਂ ਔਖਾ ਸੀ ਕਿ ਉਹ ਅਕਸਰ ਹੀ ਆਪਣੇ ਨੇਤਾ ਆਪ ਹੀ ਹੁੰਦੇ ਸਨ।''

"ਬਰਨਜ਼ ਦਾ ਕਿਰਦਾਰ ਮਹਿਫ਼ਿਲਾਂ , ਸੁਆਦੀ ਭੋਜਨ ਅਤੇ ਸ਼ਰਾਬ ਦੀਆਂ ਦਾਅਵਤਾਂ, ਨੱਚਨ ਵਾਲੀਆਂ ਕੁੜੀਆਂ, ਗਹਿਣਿਆਂ ਅਤੇ ਸ਼ੋਸ਼ੇਬਾਜ਼ੀ ਨਾਲ ਭਰਿਆ ਹੋਇਆ ਸੀ।"

ਇਹ ਵੀ ਪੜ੍ਹੋ:

https://www.youtube.com/watch?v=krvM1XpqBLs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''97b68269-2e66-4c86-ac1b-d1c0c4e803d3'',''assetType'': ''STY'',''pageCounter'': ''punjabi.international.story.61537234.page'',''title'': ''ਮਹਾਰਾਜਾ ਰਣਜੀਤ ਸਿੰਘ ਦੀ ਸਿਫ਼ਤ ਕਰਨ ਵਾਲੇ ਬਰਤਾਨਵੀ ਜਸੂਸ ਦੀ ਕਹਾਣੀ ਜਿਸ ਨੇ ਅੰਗਰੇਜ਼ਾਂ ਲਈ ਕਈ ਖੂਫ਼ੀਆ ਮਿਸ਼ਨ ਕੀਤੇ'',''author'': ''ਵਕਾਰ ਮੁਸਤਫ਼ਾ '',''published'': ''2022-05-22T08:02:12Z'',''updated'': ''2022-05-22T08:02:12Z''});s_bbcws(''track'',''pageView'');

Related News