ਭਾਰਤ ਅੰਦਰ ''''ਛੋਟਾ ਪਾਕਿਸਤਾਨ'''' ਜਾਂ ''''ਮਿੰਨੀ ਪਾਕਿਸਤਾਨ'''' ਸ਼ਬਦ ਨੇ ਕਿਵੇਂ ਜ਼ੋਰ ਫੜਿਆ

Wednesday, May 04, 2022 - 09:53 PM (IST)

ਭਾਰਤ ਅੰਦਰ ''''ਛੋਟਾ ਪਾਕਿਸਤਾਨ'''' ਜਾਂ ''''ਮਿੰਨੀ ਪਾਕਿਸਤਾਨ'''' ਸ਼ਬਦ ਨੇ ਕਿਵੇਂ ਜ਼ੋਰ ਫੜਿਆ
ਮੁਸਲਿਮ
Getty Images

"ਅਸੀਂ ਅਤੇ ਸਾਡੇ ਮਾਤਾ-ਪਿਤਾ ਇੱਥੇ ਹੀ ਪੈਦਾ ਹੋਏ ਹਨ , ਇੱਥੇ ਹੀ ਕੰਮ ਕਰਦੇ ਹਨ ਅਤੇ ਇੱਥੇ ਹੀ ਮਰਨਗੇ, ਪਰ ਮਰਨ ਤੋਂ ਪਹਿਲਾਂ ਇਹੀ ਸੁਣਨਾ ਚਾਹੁੰਦੇ ਹਾਂ ਕਿ ਅਸੀਂ ਭਾਰਤ ''ਚ ਹੀ ਜੀਵੇ ਅਤੇ ਭਾਰਤ ''ਚ ਹੀ ਮਰੇ ਹਾਂ ਨਾ ਕਿ ਮਿੰਨੀ ਪਾਕਿਸਤਾਨ ''ਚ।"

58 ਸਾਲਾ ਸਾਹਿਬਾ ਬੀਬੀ ਜਦੋਂ ਇਹ ਸਭ ਦੱਸ ਰਹੇ ਸਨ ਤਾਂ ਉਸ ਸਮੇਂ 150 ਮੀਟਰ ਪਿੱਛੇ ਦਿੱਲੀ ਦੇ ਜਹਾਂਗੀਰਪੁਰੀ ਇਲਾਕੇ ਵਿੱਚ ਇੱਕ ਬੁਲਡੋਜ਼ਰ ਇੱਕ ''ਅਣਅਧਿਕਾਰਤ ਇਮਾਰਤ'' ਨੂੰ ਢਾਹ ਰਿਹਾ ਸੀ।

ਕਰੀਬ ਅੰਧੇ ਘੰਟੇ ਬਾਅਦ ਉਸੇ ਇਲਾਕੇ ਦੀ ਇੱਕ ਕਲੋਨੀ ਵਿੱਚ ਮੇਰੀ ਮੁਲਾਕਾਤ ਸੁਦੇਸ਼ ਕੁਮਾਰ ਨਾਲ ਹੋਈ, ਜਿੰਨ੍ਹਾਂ ਨੂੰ ਲੱਗਦਾ ਹੈ, "ਸੜਕ ਦੇ ਦੂਜੇ ਪਾਸੇ ਮਿੰਨੀ ਪਾਕਿਸਤਾਨ ਹੈ, ਜਿੱਥੇ ਹੁਣ ਬੰਗਲਾਦੇਸ਼ ਤੋਂ ਘੁਸਪੈਠੀਏ ਆ ਕੇ ਵੱਸ ਗਏ ਹਨ। ਜੇਕਰ ਤੁਸੀਂ ਦੇਰ ਰਾਤ ਬਾਹਰ ਨਿਕਲਦੇ ਹੋ ਤਾਂ ਤੁਹਾਡਾ ਮੋਬਾਈਲ ਖੋਹਿਆ ਜਾਣਾ ਯਕੀਨੀ ਹੈ।"

ਇਸ ਖੇਤਰ ਨੇ ਕੁਝ ਹੀ ਦਿਨ ਪਹਿਲਾਂ ਫਿਰਕੂ ਹਿੰਸਾ ਅਤੇ ਤਣਾਅ ਨੂੰ ਹੰਢਾਇਆ ਹੈ ਅਤੇ ਉਸ ਤੋਂ ਬਾਅਦ ''ਸਖ਼ਤ ਸਰਕਾਰੀ ਕਾਰਵਾਈ'' ਨੂੰ ਵੀ ਵੇਖਿਆ ਹੈ।

ਜਦੋਂ ਮੈਂ ਉੱਥੋਂ ਵਾਪਸ ਪਰਤਿਆ ਤਾਂ ਮੇਰੇ ਦਿਮਾਗ ''ਚ ਸਿਰਫ ਦੋ ਸ਼ਬਦ- ''ਬੰਗਲਾਦੇਸ਼ੀ ਘੁਸਪੈਠੀਏ'' ਅਤੇ '' ਮਿੰਨੀ ਪਾਕਿਸਤਾਨ'' ਹੀ ਗੂੰਜ ਰਹੇ ਸਨ।

ਤੁਹਾਡੇ ''ਚੋਂ ਕਿੰਨਿਆਂ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਆਜ਼ਾਦ ਭਾਰਤ ਦੇ ਅੰਦਰ ''ਮਿੰਨੀ ਪਾਕਿਸਤਾਨ'' ਜਾਂ ''ਬੰਗਲਾਦੇਸ਼ੀ ਕਾਲੋਨੀ'' ਵਰਗੇ ਸ਼ਬਦ ਸੁਣੇ ਹਨ?

ਦਿੱਲੀ ਸ਼ਹਿਰ ਤੋਂ ਮਹਿਜ਼ ਡੇਢ ਘੰਟੇ ਦੀ ਦੂਰੀ ''ਤੇ ਸਥਿਤ ਮੇਰਠ ਸ਼ਹਿਰ ਦਾ ਭਾਰਤ ਦੀ ਅਜ਼ਾਦੀ ਲਹਿਰ ਵਿੱਚ ਅਹਿਮ ਯੋਗਦਾਨ ਰਿਹਾ ਹੈ।

1857 ਵਿੱਚ ਭਾਰਤ ''ਤੇ ਸ਼ਾਸਨ ਕਰ ਰਹੀ ਈਸਟ ਇੰਡੀਆ ਕੰਪਨੀ ਦੇ ਖਿਲਾਫ਼ ਪਹਿਲੀ ਵਾਰ ਮੇਰਠ ਵਿੱਚ ਹੀ ਬੰਦੂਕਾਂ ਉੱਠੀਆਂ ਸਨ।

ਇਹ ਵੀ ਪੜ੍ਹੋ:

ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਬਾਅਦ, ਉਸੇ ਮੇਰਠ ਦੇ ਕੈਂਚੀ ਬਾਜ਼ਾਰ ਦੇ ਕੋਲ ਕੰਮ ਕਰਨ ਵਾਲੇ ਰਾਮ ਲਾਲ ਨੂੰ ਅਕਸਰ ਹੀ ਆਪਣੇ ਰਿਸ਼ਤੇਦਾਰਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ "ਤੂੰ ਯਾਰ ਰੋਜ਼ ਮਿੰਨੀ ਪਾਕਿਸਤਾਨ ਕਿਉਂ ਜਾਂਦਾ ਹੈ। ਪੂਰੇ ਮੇਰਠ ਵਿੱਚ ਹੋਰ ਕਿਤੇ ਕੰਮ ਨਹੀਂ ਹੈ?"

ਰਾਮ ਲਾਲ ਨੇ ਮੁਸਕਰਾਉਂਦੇ ਹੋਏ ਕਿਹਾ, "ਸਾਬ੍ਹ, ਹੁਣ ਅਸੀਂ ਤਾਂ ਰਹੇ ਕਾਰੀਗਰ। ਮੁਸਲਮਾਨਾਂ ਦੇ ਕੰਮ ਕਰਕੇ ਹੀ ਦਿਹਾੜੀ ਮਿਲਦੀ ਹੈ। ਇਸ ਨਾਲ ਕੀ ਫ਼ਰਕ ਪੈਂਦਾ ਹੈ ਕਿ ਮੈਂ ਹਰ ਰੋਜ਼ ਉਨ੍ਹਾਂ ਦੇ ਇਲਾਕੇ ਵਿੱਚ ਜਾ ਕੇ ਕੁਝ ਕਮਾ ਲੈਂਦਾ ਹਾਂ। ਜਿਸ ਨੂੰ ਲੋਕ ਮਿੰਨੀ ਪਾਕਿਸਤਾਨ ਸਮਝਦੇ ਹਨ, ਸਾਡੇ ਘਰ ''ਚ ਲਕਸ਼ਮੀ ਜੀ ਉੱਥੋਂ ਹੀ ਹੋ ਕੇ ਆਉਂਦੀ ਹੈ।"

ਜੇਕਰ ਰਾਮ ਲਾਲ ਨੂੰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਉਹ ਮੇਰਠ ਸ਼ਹਿਰ ਵਿੱਚ ਕਿਸੇ ਹਿੰਦੂ ਜਾਂ ਮੁਸਲਮਾਨ ਦੇ ਘਰ ਕੰਮ ਕਰਦੇ ਹਨ ਤਾਂ ਫਿਰ ''ਮਿੰਨੀ ਪਾਕਿਸਤਾਨ'' ਸ਼ਬਦ ਕਿੱਥੋਂ ਸ਼ੁਰੂ ਹੋਇਆ?

ਮੰਨੇ-ਪ੍ਰਮੰਨੇ ਪੱਤਰਕਾਰ ਅਤੇ ਲੇਖਕ ਸਈਦ ਨਕਵੀ ਦੇ ਅਨੁਸਾਰ, "ਇਹ ਤਾਂ ਉਨ੍ਹਾਂ ਲੋਕਾਂ ਦੀ ਦੇਣ ਹੈ, ਜਿੰਨ੍ਹਾਂ ਨੂੰ ਇਹ ਨਹੀਂ ਪਤਾ ਹੈ ਕਿ ਪਾਕਿਸਤਾਨ ਕਿਉਂ ਬਣਿਆ ਅਤੇ ਭਾਰਤ, ਭਾਰਤ ਕਿਉਂ ਰਿਹਾ।"

ਸਈਦ ਨਕਵੀ ਅੱਗੇ ਕਹਿੰਦੇ ਹਨ, "ਮੇਰੇ ਕੁਝ ਰਿਸ਼ਤੇਦਾਰ ਪਾਕਿਸਤਾਨ ਵਿੱਚ ਵਸ ਗਏ ਸਨ ਅਤੇ ਹਮੇਸ਼ਾ ਹੀ ਇਹ ਦੁਹਰਾਉਂਦੇ ਸਨ ਕਿ ਤੁਸੀਂ ਭਾਈਜਾਨ ਇੱਕ ਧਰਮ ਨਿਰਪੱਖ ਦੇਸ਼ ''ਚ ਰਹਿੰਦੇ ਹੋ ਅਤੇ ਤੁਹਾਡਾ ਸਾਰਿਆਂ ਨਾਲ ਬਰਾਬਰੀ ਦਾ ਦਰਜਾ ਹੈ। ਪਰ ਹੁਣ ਸ਼ਾਇਦ ਉਨ੍ਹਾਂ ਨੂੰ ਵੀ ਮੇਰੇ ਹਾਲਾਤ ਖਟਕਣ ਲੱਗ ਪਏ ਹਨ।"

ਵੀਡੀਓ: ''ਪੰਜਾਬ ਵਿੱਚ ਨਫ਼ਰਤ ਦੇ ਬੀਜ ਨਹੀਂ ਉੱਗਦੇ, ਹੋਰ ਕੁਝ ਵੀ ਬੀਜੋ''

"ਸਾਡੇ ਲੋਕ" ਅਤੇ "ਉਨ੍ਹਾਂ ਦੇ ਲੋਕ"

ਇਤਿਹਾਸ ''ਤੇ ਝਾਤ ਮਾਰੀਏ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਹਿੰਦੁਸਤਾਨ ਦੀ ਵੰਡ ਦੀ ਆਵਾਜ਼ ਅੰਗਰੇਜ਼ਾਂ ਦੇ ਸ਼ਾਸਨ ਕਾਲ ਦੌਰਾਨ ਹੀ ਫ਼ੈਲੀ ਅਤੇ ਲਗਾਤਾਰ ਤੇਜ਼ ਵੀ ਹੁੰਦੀ ਗਈ।

ਕਿਹਾ ਜਾਂਦਾ ਹੈ ਕਿ ਮੁਸਲਿਮ ਲੀਗ ਭਾਰਤ ਦੇ ਮੁਸਲਮਾਨਾਂ ਦੇ ਹਿੱਤਾਂ ਦੀ ਰਾਖੀ ਲਈ ਬਣਾਈ ਗਈ ਸੀ, ਜਦਕਿ ਹਿੰਦੂ ਮਹਾਸਭਾ ਦੀ ਸਥਾਪਨਾ ਵੀ ਉਸੇ ਸਮੇਂ ਦੌਰਾਨ ਹੋਈ , ਜਦੋਂ ਕਾਂਗਰਸ ਅਤੇ ਮੁਸਲਿਮ ਲੀਗ ਦਰਮਿਆਨ ਹੋਏ ਸਮਝੌਤੇ ਕਾਰਨ ਸਾਰੇ ਹੀ ਰਾਜਾਂ ''ਚ ਮੁਸਲਮਾਨਾਂ ਨੂੰ ''ਵਿਸ਼ੇਸ਼ ਅਧਿਕਾਰ ਅਤੇ ਸੁਰੱਖਿਆ'' ਮਿਲੀ ਸੀ।

ਪਰ ਖੇਤਰਾਂ ਦੀ ''ਬ੍ਰਾਂਡਿੰਗ'' ਤਾਂ ਆਜ਼ਾਦੀ ਤੋਂ ਪਹਿਲਾਂ ਵਾਲੇ ਭਾਰਤ ''ਚ ਹੀ ਸ਼ੂਰੂ ਹੋ ਚੁੱਕੀ ਸੀ।

ਰਾਜਨੀਤਿਕ ਵਿਸ਼ਲੇਸ਼ਕ ਨਾਜ਼ੀਮਾ ਪਰਵੀਨ ਆਪਣੀ ਕਿਤਾਬ ''ਕੰਟੇਸਟੇਡ ਹੋਮਲੈਂਡਜ਼: ਪੋਲੀਟਿਕਸ ਆਫ਼ ਸਪੇਸ ਐਂਡ ਆਈਡੈਂਟੀਟੀ'' ''ਚ ਇਲਾਕਿਆਂ ਦੀ ਫਿਰਕੂ ਵੰਡ ਦੇ ਇਤਿਹਾਸ ਦੇ ਕਾਰਨ ਨੂੰ '' ਇੱਕ ਆਧੁਨਿਕ ਕਹਾਣੀ'' ਵੱਜੋਂ ਬਿਆਨ ਕਰਦੇ ਹਨ।

ਨਾਜ਼ੀਮਾ ਪਰਵੀਨ ਮੁਤਾਬਕ, "ਭਾਰਤ ''ਤੇ ਰਾਜ ਕਰਨ ਵਾਲੀ ਬ੍ਰਿਟਿਸ਼ ਸਰਕਾਰ ਨੇ ਧਰਮ ਦੇ ਆਧਾਰ ''ਤੇ ਮੁਹੱਲਿਆਂ ਨੂੰ ਪਛਾਣ ਦਿੱਤੀ। ਉਨ੍ਹਾਂ ਨੇ ਤਿੰਨ ਤਰ੍ਹਾਂ ਦੇ ਇਲਾਕੇ ਬਣਾਏ- ਹਿੰਦੂ ਇਲਾਕਾ, ਮੁਸਲਮਾਨ ਇਲਾਕਾ ਅਤੇ ਮਿਸ਼ਰਤ ਇਲਾਕਾ। ਫਿਰ ਜਦੋਂ 1940 ''ਚ ਵੰਡ ਦੀ ਮੰਗ ਨੇ ਤੇਜ਼ੀ ਫੜੀ ਤਾਂ ਹਿੰਦੂ ਰਾਸ਼ਟਰ ਜਾਂ ਪਾਕਿਸਤਾਨ ਦੀ ਮੰਗ ਇਸੇ ਆਧਾਰ ''ਤੇ ਤੇਜ਼ ਹੁੰਦੀ ਗਈ ਸੀ।

ਸ਼ਾਇਦ ਇਸ ਗੱਲ ਦੀ ਸਭ ਤੋਂ ਵੱਡੀ ਮਿਸਾਲ ਰਾਜਧਾਨੀ ਦਿੱਲੀ ਵਿੱਚ ਹੀ ਵੇਖਣ ਨੂੰ ਮਿਲ ਜਾਂਦੀ ਹੈ।

ਸ਼ਹਿਰ ਦੇ ਕਰੋਲ ਬਾਗ, ਪਹਾੜਗੰਜ, ਸਬਜ਼ੀ ਮੰਡੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ''ਚ ਘੱਟਗਿਣਤੀ ਭਾਈਚਾਰੇ ਦੇ ਲੋਕ ਹੀ ਰਹਿੰਦੇ ਸਨ ਪਰ ਇੱਕ ਵੱਡੀ ਗਿਣਤੀ ''ਚ ਮੁਸਲਮਾਨ ਆਬਾਦੀ ਇੱਥੇ ਰਹਿੰਦੀ ਸੀ, ਜਿੰਨ੍ਹਾਂ ਨੂੰ ਵੰਡ ਦੌਰਾਨ ਮਜਬੂਰੀ ਵਿੱਚ ਦੂਜੇ ਖੇਤਰਾਂ ''ਚ ਜਾਣਾ ਪਿਆ ਸੀ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਪਹਿਲਾਂ ਤੋਂ ਹੀ ਰਹਿੰਦੇ ਸਨ।

ਵੀਡੀਓ: ਮੌਲਵੀ ਤੇ ਪੁਜਾਰੀ ਨੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ

ਇਹ ਸਪੱਸ਼ਟ ਹੈ ਕਿ ਪਾਕਿਸਤਾਨ ਤੋਂ ਆਉਣ ਵਾਲੇ ਸਿੱਖ ਅਤੇ ਹਿੰਦੂ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੀ ਜ਼ਿੰਮੇਵਾਰੀ ਵੀ ਕੇਂਦਰ ਸਰਕਾਰ ਦੀ ਹੀ ਸੀ।

ਖਾਸ ਗੱਲ ਇਹ ਹੈ ਕਿ ''ਸਪੈਸ਼ਲ ਜ਼ੋਨ'' ਵੱਜੋਂ ਜਾਣੇ ਜਾਂਦੇ ਇੰਨ੍ਹਾਂ ਖੇਤਰਾਂ ਦੀ ਉਸ ਮੌਕੇ ਕੋਈ ''ਕਾਨੂੰਨੀ ਵੈਧਤਾ'' ਨਹੀਂ ਸੀ, ਕਿਉਂਕਿ ਇੰਨ੍ਹਾਂ ਨੂੰ ''ਐਮਰਜੈਂਸੀ ਦੀ ਸਥਿਤੀ'' ਦੌਰਾਨ ਭਾਰਤ ਸਰਕਾਰ ਦੇ ਇੱਕ ਹੁਕਮ ''ਤੇ ਵਸਾਇਆ ਜਾ ਰਿਹਾ ਸੀ।

ਧਿਆਨ ਦੇਣ ਯੋਗ ਹੈ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਕਾਂਗਰਸ ਦੇ ਵੱਡੇ ਆਗੂ ਆਜ਼ਾਦੀ ਤੋਂ ਬਾਅਦ ਨਹਿਰੂ ਵਜ਼ਾਰਤ ਵਿੱਚ ਮੰਤਰੀ ਰਹਿਣ ਵਾਲੇ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਵੰਡ ਤੋਂ ਲਗਭਗ 24 ਸਾਲ ਪਹਿਲਾਂ ਹੀ ਆਉਣ ਵਾਲੇ ਦਿਨਾਂ ਅਤੇ ''ਦੋ ਵੱਖ-ਵੱਖ ਦੇਸ਼ਾਂ ''ਚ ਘੱਟ ਗਿਣਤੀ ਲੋਕਾਂ ਦੀ ਸਥਿਤੀ'' ''ਤੇ ਚਿੰਤਾ ਪ੍ਰਗਟ ਕੀਤੀ ਸੀ।

ਇੰਡੀਅਨ ਪੁਲੀਟੀਕਲ ਸਾਇੰਸ ਜਰਨਲ ''ਚ ਪ੍ਰਕਾਸ਼ਿਤ ਹੋਏ ਇੱਕ ਲੇਖ- ''ਮੌਲਾਨਾ ਅਬੁਲ ਕਲਾਮ ਆਜ਼ਾਦ: ਅ ਕਰੀਟੀਕਲ ਅਨੈਲੇਸਿਸ, ਲਾਈਫ ਐਂਡ ਵਰਕ'' ਦੇ ਅਨੁਸਾਰ 1923 ਵਿੱਚ ਕਾਂਗਰਸ ਪਾਰਟੀ ਸੈਸ਼ਨ ਵਿੱਚ ਬਤੌਰ ਪ੍ਰਧਾਨ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਕਿਹਾ ਸੀ, " ਜੇਕਰ ਕੋਈ ਫਰਿਸ਼ਤਾ ਹੇਠਾਂ ਧਰਤੀ ''ਤੇ ਆਏ ਅਤੇ ਦਿੱਲੀ ਦੇ ਕੁਤੁਬ ਮੀਨਾਰ ''ਤੇ ਬੈਠ ਕੇ ਕਹੇ ਕਿ ਭਾਰਤ ਨੂੰ ਸਵਰਾਜ ਮਿਲ ਸਕਦਾ ਹੈ, ਪਰ ਸਿਰਫ ਹਿੰਦੂ-ਮੁਸਲਿਮ ਏਕਤਾ ਭੰਗ ਕਰਨੀ ਪਵੇਗੀ ਤਾਂ ਮੈਂ ਸਵਰਾਜ ਨੂੰ ਛੱਡ ਕੇ ਹਿੰਦੂ-ਮੁਸਲਿਮ ਏਕਤਾ ਨੂੰ ਚੁਣਾਂਗਾ।"

ਜ਼ਾਹਿਰ ਹੈ ਕਿ ਦੇਸ਼ ''ਚ ਧਰਮ ਦੇ ਆਧਾਰ ''ਤੇ ਵੰਡ ਦੀ ਮੰਗ ਨੇ ਜ਼ੋਰ ਫੜ ਲਿਆ ਸੀ।

ਮਸ਼ਹੂਰ ਇਤਿਹਾਸਕਾਰ ਇਰਫ਼ਾਨ ਹਬੀਬ ਦੱਸਦੇ ਹਨ, "ਵੰਡ ਤੋਂ ਤੁਰੰਤ ਬਾਅਦ ਨਵੇਂ ਰਿਹਾਇਸ਼ੀ ਇਲਾਕਿਆਂ ਦੇ ਸਬੰਧ ਵਿੱਚ ਅਕਸਰ ਹੀ ''ਸਾਡੇ ਲੋਕ'' ਅਤੇ ''ਉਨ੍ਹਾਂ ਦੇ ਲੋਕ'' ਸੁਣਨ ਨੂੰ ਮਿਲਦਾ ਸੀ। ਉਨ੍ਹਾਂ ਲਈ ''ਸਾਡੇ ਲੋਕ'' ਪਾਕਿਸਤਾਨ ਤੋਂ ਆਏ ਸਿੱਖ ਜਾਂ ਹਿੰਦੂ ਲੋਕ ਸਨ ਅਤੇ ''ਉਨ੍ਹਾਂ ਦੇ ਲੋਕ'' ਪਾਕਿਸਤਾਨੀ ਮੁਸਲਮਾਨ ਸਨ।

ਹਬੀਬ ਮੁਤਾਬਕ, "ਇਹ ਸਹੀ ਹੈ ਕਿ ਐਂਟੀ-ਇੰਡੀਆ, ਪ੍ਰੋ-ਇੰਡੀਆ ਜਾਂ ਐਂਟੀ-ਪਾਕਿਸਤਾਨ ਜਾਂ ਮਿੰਨੀ ਪਾਕਿਸਤਾਨ ਵਰਗੇ ਸ਼ਬਦ ਹੁਣ ਬਹੁਤ ਹੀ ਆਮ ਹੁੰਦੇ ਜਾ ਰਹੇ ਹਨ। ਹਾਲਾਂਕਿ 1947 ਦੀ ਵੰਡ ਤੋਂ ਪਹਿਲਾਂ ਵੀ ਜਦੋਂ ਮੁਸਲਿਮ ਲੀਗ ਜਾਂ ਹਿੰਦੂ ਮਹਾਂਸਭਾ ਦੇ ਭਾਸ਼ਣ ਹੁੰਦੇ ਸਨ ਜਾਂ ਬਹਿਸ ਹੁੰਦੀ ਸੀ ਤਾਂ ਉਸ ਸਮੇਂ ਵੀ ਇਸ ਤਰ੍ਹਾਂ ਦੇ ਸਬਦਾਂ ਦੀ ਵਰਤੋਂ ਹੁੰਦੀ ਸੀ। ਇੰਨ੍ਹਾਂ ਮਾਮਲਿਆਂ ''ਤੇ ਸਰਦਾਰ ਪਟੇਲ ਅਤੇ ਨਹਿਰੂ ਆਪੋ-ਆਪਣੇ ਵਿਚਾਰ ਲੈ ਕੇ ਗਾਂਧੀ ਜੀ ਕੋਲ ਵੀ ਜਾਂਦੇ ਸਨ।"

ਉਦੋਂ ਅਤੇ ਹੁਣ

ਵਾਪਸ ਪਰਤਦੇ ਹਾਂ ਸਾਲ 2013 ਵਿੱਚ।

ਵਿਸ਼ਵ ਦੇ ਮਹਾਨ ਬੱਲੇਬਾਜ਼ਾਂ ''ਚੋਂ ਇੱਕ ਸਚਿਨ ਤੇਂਦੁਲਕਰ ਮੁਬੰਈ ''ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਂਦਿਆਂ ਵੈਸਟਇੰਡੀਜ਼ ਨਾਲ ਆਪਣਾ ਆਖਰੀ ਟੈਸਟ ਮੈਚ ਖੇਡ ਰਹੇ ਸਨ।

ਉਸ ਹਫ਼ਤੇ ਪੂਰਾ ਦੇਸ਼ ਜਿਵੇਂ ਸਚਿਨ ਦੇ ਰੰਗ ''ਚ ਰੰਗਿਆ ਗਿਆ ਸੀ ਅਤੇ ਮਾਹਰ ਇਹ ਕਹਿੰਦੇ ਨਹੀਂ ਥੱਕ ਰਹੇ ਸਨ ਕਿ ਕਿਵੇਂ ਸਚਿਨ ਦੇ ਬੱਲੇ ਨੇ ਲਗਭਗ ਦੋ ਦਹਾਕਿਆਂ ਤੱਕ ਹਰ ਧਰਮ, ਜਾਤੀ ਅਤੇ ਮਜ਼ਹਬ ਦੇ ਲੋਕਾਂ ਨੂੰ ਇਕਮਿਕ ਕਰ ਦਿੱਤਾ ਸੀ।

ਟੈਸਟ ਮੈਚ ਦਾ ਤੀਜਾ ਦਿਨ ਸੀ ਅਤੇ ਮੁੰਬਈ ਦੇ ਇੱਕ ਸਥਾਨਕ ਅਖ਼ਬਾਰ ਦੇ ਸੱਤਵੇਂ ਪੰਨੇ ''ਤੇ ਇੱਕ ਛੋਟੀ ਜਿਹੀ ਖ਼ਬਰ ਸੀ।

ਉਸ ਖ਼ਬਰ ਦਾ ਸਿਰਲੇਖ ਸੀ, "ਛੋਟਾ ਪਾਕਿਸਤਾਨ ਅਤੇ ਠਾਣੇ ਦੇ ਬੰਗਲਾਦੇਸ਼ ਦੀ ਜਾਂਚ ਹੋਵੇਗੀ।"

ਪਾਕਿਸਤਾਨ ਦੇ ਝੰਡੇ
Getty Images

ਮੁੰਬਈ ਅਤੇ ਠਾਣੇ ਦੇ ਵਿਚਾਲੇ ਇੱਕ ਇਲਾਕਾ ਹੈ, ਜਿਸ ਨੂੰ ਨਾਲਾਸੋਪਾਰਾ ਕਿਹਾ ਜਾਂਦਾ ਹੈ। ਇੱਥੇ 1000 ਦੇ ਕਰੀਬ ਝੁੱਗੀਆਂ ਹਨ, ਜਿੰਨ੍ਹਾਂ ''ਚ ਜ਼ਿਆਦਾਤਰ ਮੁਸਲਮਾਨ ਅਬਾਦੀ ਹੈ। ਹੁਣ 2012-13 ਦੇ ਦਰਮਿਆਨ ਕਈ ਵਾਰ ਇੱਥੋ ਦੇ ਵਾਸੀਆਂ ਦੇ ਬਿਜਲੀ ਦੇ ਬਿੱਲਾਂ ''ਤੇ ਪਤੇ ਦੀ ਥਾਂ ''ਤੇ ਛੋਟਾ ਪਾਕਿਸਤਾਨ ਲਿਖਿਆ ਹੋਇਆ ਆਇਆ।

ਇਸ ਤੋਂ ਕੁਝ ਦਿਨਾਂ ਬਾਅਦ ਮੁਬੰਈ ਦੇ ਹੀ ਮੀਰਾ-ਭਾਏਂਦਰ ਇਲਾਕੇ ਵਿੱਚ ਸਥਿਤ ਗਾਂਧੀਨਗਰ ਕਾਲੋਨੀ ਵਿੱਚ ਇੱਕ ਨਵਜੰਮੇ ਬੱਚੇ ਦੇ ਜਨਮ ਸਰਟੀਫਿਕੇਟ ''ਤੇ ਘਰ ਦੇ ਪਤੇ ਵਾਲੀ ਥਾਂ ''ਤੇ ''ਬੰਗਲਾਦੇਸ਼ ਝੁੱਗੀ'' ਲਿਖਿਆ ਹੋਇਆ ਸੀ। ਮਾਮਲੇ ਨੇ ਜ਼ੋਰ ਫੜਿਆ ਅਤੇ ਮੀਡੀਆ ''ਚ ਰਿਪੋਰਟਾਂ ਆਉਣ ਤੋਂ ਬਾਅਦ ਸਰਕਾਰ ਨੇ ਸਖ਼ਤ ਕਾਰਵਾਈ ਕਰਨ ਦਾ ਵਾਅਦਾ ਵੀ ਕੀਤਾ।

ਇਸ ਦੇ ਬਾਵਜੂਦ ਅੱਜ ਵੀ ਇੰਨ੍ਹਾਂ ਦੋਵਾਂ ਇਲਾਕਿਆਂ ਨੂੰ ਬੋਲਚਾਲ ਵਿੱਚ ਉਹੀ ਕਿਹਾ ਜਾਂਦਾ ਹੈ, ਜੋ ਕਿ 2012-13 ''ਚ ''ਗਲਤੀ'' ਨਾਲ ਸਰਕਾਰੀ ਦਸਤਾਵੇਜ਼ਾਂ ਵਿੱਚ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

ਉੱਤਰ ਪ੍ਰਦੇਸ਼ ਦੇ ਜੌਨਪੁਰ ਦੇ ਵਸਨੀਕ ਮਨੀਸ਼ ਯਾਦਵ ਪਿਛਲੇ 15 ਸਾਲਾਂ ਤੋਂ ਮੁਬੰਈ ''ਚ ਡਰਾਇਵਰੀ ਕਰ ਰਹੇ ਹਨ।

ਉਨ੍ਹਾਂ ਨੇ ਦੱਸਿਆ, "ਜਦੋਂ ਅਸੀਂ ਛੋਟੇ ਸੀ ਤਾਂ ਜੌਨਪੁਰ ਜਾਂ ਸੁਲਤਾਨਪੁਰ ਦੇ ਕੁਝ ਇਲਾਕਿਆਂ ਨੂੰ ਮੁਸਲਿਮ ਬਸਤੀ ਜਾਂ ਮੁਸਲਿਮ ਕਾਲੋਨੀ ਦੇ ਨਾਮ ਨਾਲ ਸੁਣਿਆ ਕਰਦੇ ਸੀ। ਮੁਬੰਈ ਪਹੁੰਚਣ ''ਤੇ ਇੱਕ ਮਹੀਨਾ ਡਰਾਈਵਿੰਗ ਅਤੇ ਸੜਕਾਂ ਦੀ ਪਛਾਣ ਕਰਨ ਦੀ ਗੈਰ ਰਸਮੀ ਸਖਿਲਾਈ ਦੌਰਾਨ ਰੋਜ਼ਾਨਾ ਹੀ ਸੁਣਨ ਨੂੰ ਮਿਲਦਾ ਸੀ ਕਿ ਇਹ ਲਾਦੇਨ ਨਗਰ ਹੈ, ਉੱਥੇ ਦੇ ਛੋਟੇ ਪਾਕਿਸਤਾਨ ''ਚੋਂ ਲੰਘੇ ਤਾਂ ਬਟੂਆ ਖੋਹ ਲਿਆ ਜਾਵੇਗਾ। ਅੱਜ ਵੀ ਇਹੀ ਸਭ ਸੁਣਨ ਨੂੰ ਮਿਲਦਾ ਹੈ।"

ਭਾਰਤ ਵਿੱਚ ਇੱਕ ਸੋਚ ਇਹ ਵੀ ਮੌਜੂਦ ਹੈ ਕਿ ''ਵੰਡ ਤੋਂ ਜੋ ਹਾਸਲ ਹੋਣਾ ਸੀ ਉਹ ਪੂਰੀ ਤਰ੍ਹਾਂ ਨਾਲ ਨਹੀਂ ਹਾਸਲ ਹੋਇਆ ਹੈ''।

ਮਸ਼ਹੂਰ ਲੇਖਕ, ਪੱਤਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਅਤੇ ਮੀਤ ਪ੍ਰਧਾਨ ਬਲਬੀਰ ਪੁੰਜ ਦਾ ਵਿਚਾਰ ਹੈ, "ਪਾਕਿਸਤਾਨ ਦੀ ਮੰਗ ਕਿੱਥੋਂ ਉਪਜੀ? ਇਹ ਮੰਗ ਪਾਕਿਸਤਾਨ ਦੇ ਲਾਹੌਰ ਜਾਂ ਪੇਸ਼ਾਵਰ ਤੋਂ ਨਹੀਂ ਆਈ ਸੀ ਬਲਕਿ ਇਸ ਮੰਗ ਦਾ 90% ਹਿੱਸਾ ਤਤਕਾਲੀ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਰਾਜਾਂ ''ਚ ਰਹਿ ਰਹੇ ਮੁਸਲਮਾਨਾਂ ਵੱਲੋਂ ਕੀਤੀ ਗਈ ਸੀ ਅਤੇ ਵੰਡ ਤੋਂ ਬਾਅਦ ਇਹ ਲੋਕ ਪਾਕਿਸਤਾਨ ਗਏ ਵੀ ਨਹੀਂ ।

ਉਨ੍ਹਾਂ ਦੀ ਮਾਨਸਿਕਤਾ ਵੀ ਉਹੀ ਹੈ ਅਤੇ ਲੋਕ ਵੀ ਉਹੀ ਹਨ। ਉਨ੍ਹਾਂ ਨੇ ਸਿਰਫ ਦੋ ਕੰਮ ਕੀਤੇ ਹਨ, ਪਹਿਲਾਂ ਘਰ ਦੇ ਬਾਹਰ ਮੁਸਲਿਮ ਲੀਗ ਦਾ ਬੈਨਰ ਹਟਾ ਕੇ ਕਾਂਗਰਸ ਦਾ ਬੋਰਡ ਲਗਾ ਲਿਆ ਹੈ ਅਤੇ ਦੂਜਾ 1930 ਅਤੇ 1940 ਦੇ ਦਹਾਕੇ ਵਿੱਚ ਜਿਵੇਂ ਉਹ ਕਾਂਗਰਸ ਨੂੰ ਗਾਲਾਂ ਕੱਢਦੇ ਸਨ, ਉਸੇ ਤਰ੍ਹਾਂ ਹੀ ਹੁਣ ਉਹ ਭਾਜਪਾ ਦੀ ਆਲੋਚਨਾ ਕਰਦੇ ਹਨ।"

ਨਮਾਜ਼
Getty Images

ਦਰਅਸਲ ਬਲਬੀਰ ਪੁੰਜ ਦਾ ਇਸ਼ਾਰਾ 2014 ਅਤੇ ਉਸ ਤੋਂ ਬਾਅਦ ਦੇ ਰਾਜਨੀਤਿਕ-ਸਮਾਜਿਕ ਭਾਰਤ ''ਚ ਚੱਲ ਰਹੀ ਬਹਿਸ ਵੱਲ ਹੈ।

ਚਰਚਾ ਜਾਂ ਬਹਿਸ ਦਾ ਵਿਸ਼ਾ ਇਹ ਹੈ ਕਿ ਜਦੋਂ ਤੋਂ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਨੇ ਸੱਤਾ ਸੰਭਾਲੀ ਹੈ, ਉਦੋਂ ਤੋਂ ਹੀ ਭਾਰਤ ''ਚ ਘੱਟ ਗਿਣਤੀ ਭਾਈਚਾਰਾ ਕੁਝ ''ਅਸਹਿਜ'' ਮਹਿਸੂਸ ਕਰ ਰਿਹਾ ਹੈ।

ਘੱਟ ਗਿਣਤੀਆਂ ਦੀ ਬੇਚੈਨੀ

ਚਰਚਾ ਇਹ ਵੀ ਹੈ ਕਿ ਜਦੋਂ ਤੋਂ ਭਾਜਪਾ ਨੇ ਮੁੜ ਸੱਤਾ ''ਤੇ ਕਬਜ਼ਾ ਕੀਤਾ ਹੈ ਉਦੋਂ ਤੋਂ ਹੀ ਗਊ ਰੱਖਿਆ ਅਤੇ ਗਊ ਹੱਤਿਆ ਦੇ ਮਾਮਲਿਆਂ ''ਚ ਕਈ ਮੁਸਲਮਾਨਾਂ ਨੂੰ ਨਿਸ਼ਾਨੇ ''ਤੇ ਲਿਆ ਗਿਆ ਹੈ।

ਇਸ ਦੇ ਨਾਲ ਹੀ ਚਰਚਾ ਇਹ ਵੀ ਹੈ ਕਿ ਜਦੋਂ ਤੋਂ ਕੇਂਦਰ ''ਚ ਭਾਜਪਾ ਸਰਕਾਰ ਆਈ ਹੈ, ਉਸ ਨੇ ਐਨਆਰਸੀ ਅਤੇ ਸੀਏਏ ਵਰਗੇ ਕਾਨੂੰਨ ਬਣਾਏ ਹਨ, ਜਿਸ ''ਚੋਂ ਰਾਸ਼ਟਰਵਾਦ ਦੀ ਇੱਕ ਨਵੀਂ ਭਾਵਨਾ ਪੈਦਾ ਹੋਣ ਦਾ ਯਤਨ ਕਰ ਰਹੀ ਹੈ ਅਤੇ ਉਸ ਦਾ ਆਧਾਰ '' ਗੁਆਂਢੀ ਮੁਲਕ ਪਾਕਿਸਤਾਨ ਦਾ ਵਿਰੋਧ'' ਅਤੇ '' ਗੁਆਂਢੀ ਮੁਲਕ ਬੰਗਲਾਦੇਸ਼ ਤੋਂ ਆਏ ਘੁਸਪੈਠੀਆਂ ਨੂੰ ਬਾਹਰ ਕੱਢਣਾ'' ਹੈ।

ਬਹਿਸ ਦਾ ਵਿਸ਼ਾ ਇਹ ਵੀ ਹੈ ਕਿ ਜਦੋਂ ਕਦੇ ਵੀ ਫਿਰਕੂ ਤਣਾਅ ਜ਼ੋਰ ਫੜਦਾ ਹੈ ਤਾਂ ''ਮੁਸਲਮਾਨਾਂ ਨੂੰ ਪਾਕਿਸਤਾਨ ਭੇਜੋ'' ਜਾਂ ''ਰੋਹਿੰਗਿਆ ਸ਼ਰਨਾਰਥੀਆਂ ਨੂੰ ਬਰਮਾ ਸਰਹੱਦ ਤੋਂ ਬਾਹਰ ਕਰੋ'' ਵਰਗੇ ਨਾਅਰੇ ਤੇਜ਼ ਹੋ ਜਾਂਦੇ ਹਨ।

ਇੰਨ੍ਹਾਂ ਨਾਜ਼ੁਕ ਹਾਲਾਤਾਂ ਵਿੱਚ ਦੇਸ਼ ''ਚ ਰਹਿ ਰਹੇ 25 ਕਰੋੜ ਤੋਂ ਵੀ ਘੱਟ ਗਿਣਤੀ ਲੋਕਾਂ ਦੀ ਬੈਚੇਨੀ ਵੀ ਵੱਧ ਗਈ ਹੈ।

ਭਾਰਤ
Getty Images

ਪ੍ਰੋ. ਅਰਚਨਾ ਗੋਸਵਾਮੀ ਕਾਸ਼ੀ ਵਿਦਿਆਪੀਠ, ਵਾਰਾਣਸੀ ''ਚ ਇਤਿਹਾਸ ਦੀ ਪ੍ਰੋਫੈਸਰ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ, " ਜਿੱਥੇ ਤੱਕ ਐਨਆਰਸੀ ਜਾਂ ਮਿੰਨੀ ਪਾਕਿਸਤਾਨ ਅਤੇ ਘੁਸਪੈਠੀਆਂ ਨੂੰ ਭਜਾਉਣ ਵਰਗੀਆਂ ਗੱਲਾਂ ਦਾ ਸਵਾਲ ਹੈ ਤਾਂ ਪਹਿਲੀ ਚੀਜ਼ ਮਨੁੱਖਤਾ ਹੁੰਦੀ ਹੈ ਅਤੇ ਹਿੰਦੂ-ਮੁਸਲਮਾਨ ਉਸ ਤੋਂ ਬਾਅਦ ਆਉਂਦੇ ਹਨ।"

ਉਨ੍ਹਾਂ ਨੇ ਅੱਗੇ ਕਿਹਾ, "ਦੇਸ਼ ਦੀ ਵੰਡ ਹੋਈ ਅਤੇ ਕਿਉਂ ਹੋਈ, ਇਸ ਗੱਲ ਨੂੰ ਹੁਣ ਪੰਜਾਹ ਸਾਲ ਬੀਤ ਚੁੱਕੇ ਹਨ ਪਰ ਵੰਡ ਦੀ ਰਾਜਨੀਤੀ ਅਜੇ ਵੀ ਜਾਰੀ ਹੈ, ਜਿਸ ਦੇ ਪਿੱਛੇ ਸਾਡੇ ਆਪਣੇ ਆਗੂ ਹਨ ਅਤੇ ਉਨ੍ਹਾਂ ਨੂੰ ਵੋਟ ਦੇਣ ਵਾਲੇ ਲੋਕ ਹਨ। ਹਾਲਾਂਕਿ ਜੇ ਇਹ ਕਿਹਾ ਜਾਵੇ ਕਿ ਆਮ ਆਦਮੀ ਵੀ ਇਸ ਚੱਕਰ ''ਚ ਫਸ ਚੁੱਕਿਆ ਹੈ ਤਾਂ ਸ਼ਾਇਦ ਇਹ ਅਤਿਕਥਨੀ ਹੋਵੇਗੀ ਕਿਉਂਕਿ ਆਮ ਆਦਮੀ ਤਾਂ ਕਮਾਉਣ ਅਤੇ ਖਾਣ-ਪੀਣ ਲਈ ਸੰਘਰਸ਼ ''ਚ ਰੁੱਝਿਆ ਹੋਇਆ ਹੈ। ਅਜਿਹੇ ''ਚ ਮਿੰਨੀ ਪਾਕਿਸਤਾਨ ਅਤੇ ਮੰਦਰ-ਮਸਜਿਦ ਕਰਨ ਦੀ ਬਜਾਏ ਸਮਾਜਿਕ ਅਤੇ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਆਪਣਾ ਧਿਆਨ ਉਨ੍ਹਾਂ ''ਤੇ ਲਗਾਉਣ ਦੀ ਜ਼ਰੂਰਤ ਹੈ।"

ਪਰ ਅਸਲੀਅਤ ਇਹ ਵੀ ਹੈ ਕਿ ਭਾਰਤ ''ਚ ਕਈ ਪੀੜ੍ਹੀਆਂ ''ਮਿੰਨੀ ਪਾਕਿਸਤਾਨ'' ਜਾਂ '' ਬੰਗਲਾਦੇਸ਼ੀ ਕਾਲੋਨੀ'' ਵਰਗੇ ਵਿਚਾਰਾਂ ਨੂੰ ਵੇਖਦਿਆਂ-ਸੁਣਦਿਆਂ ਅਤੇ ਉਨ੍ਹਾਂ ਨੂੰ ਧਾਰਨ ਕਰਦਿਆਂ ਵੱਡੀਆਂ ਹੋਈਆਂ ਹਨ। ਉਨ੍ਹਾਂ ਦੇ ਦਿਮਾਗ ਵਿੱਚ ਪਹਿਲਾਂ ਵੀ ਸਵਾਲ ਸਨ ਅਤੇ ਅੱਜ ਵੀ ਮੌਜੂਦ ਹਨ।

ਮਹਾਰਸ਼ਟਰ ਦੇ ਵੱਡੇ ਸ਼ਹਿਰਾਂ ''ਚ ਔਰੰਗਾਬਾਦ ਵੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇੱਥੇ ਮੁਸਲਮਾਨਾਂ ਦੀ ਅਬਾਦੀ ਲਗਭਗ 31% ਹੈ।

ਬੀਬੀਸੀ ਮਰਾਠੀ ਸੇਵਾ ਦੇ ਸੰਪਾਦਕ ਆਸ਼ੀਸ਼ ਦੀਕਸ਼ਿਤ ਵੀ ਔਰੰਗਾਬਾਦ ''ਚ ਵੱਡੇ ਹੋਏ ਹਨ, ਜਿੱਥੇ ਹਿੰਦੂ-ਮੁਸਲਿਮ ਦੰਗਿਆਂ ਅਤੇ ਮਰਾਠਾ ਬਨਾਮ ਦਲਿਤ ਦੰਗਿਆਂ ਦਾ ਇਤਿਹਾਸ ਰਿਹਾ ਹੈ।

ਪਰ ਆਪਣੇ ਸ਼ਹਿਰ ਦੀਆਂ ਯਾਦਾਂ ''ਇੱਧਰ'' ਜਾਂ ''ਉੱਧਰ'' ਵਾਲੀਆਂ ਹੀ ਹਨ।

ਅਸ਼ੀਸ਼ ਯਾਦ ਕਰਦੇ ਦੱਸਦੇ ਹਨ, "ਕਿਉਂਕਿ ਸ਼ਹਿਰ ਜ਼ਿਆਦਤਰਰ ਇਲਾਕੇ ਧਰਮ ਅਤੇ ਕੰਮ ਦੇ ਆਧਾਰ ''ਤੇ ਤੈਅ ਕੀਤੇ ਹੋਏ ਹਨ। ਜਦੋਂ ਮੈਂ ਵੱਡਾ ਹੋ ਰਿਹਾ ਸੀ ਤਾਂ ਕਦੇ ਵੀ ਮੁਸਲਿਮ ਇਲਾਕੇ ''ਚ ਜਾਣ ਦੀ ਲੋੜ ਹੀ ਨਹੀਂ ਪਈ ਸੀ। ਸਕੂਲ, ਟਿਊਸ਼ਨ, ਬਾਜ਼ਾਰ, ਥਿਏਟਰ ਵਰਗੀਆਂ ਸਾਰੀਆਂ ਸਹੂਲਤਾਂ ਆਪੋ ਆਪਣੇ ਖੇਤਰਾਂ ''ਚ ਮੌਜੂਦ ਸਨ।

ਜਦੋਂ ਕਾਲਜ ਜਾਣ ''ਤੇ ਇੱਕ ਵਾਰ ਮੈਂ ਸੰਘਣੀ ਮੁਸਲਿਮ ਆਬਾਦੀ ਵਾਲੇ ਇਲਾਕੇ ''ਚ ਪਹੁੰਚਿਆਂ ਤਾਂ ਮੈਨੂੰ ਲੱਗਾ ਕਿ ਮੈਂ ਕਿਤੇ ਹੋਰ ਆ ਗਿਆ ਹਾਂ। ਉੱਥੇ ਹਰੇ ਝੰਡੇ ਲੱਗੇ ਹੋਏ ਸਨ ਅਤੇ ਮਰਾਠੀ ਦੀ ਥਾਂ ''ਤੇ ਉਰਦੂ ''ਚ ਬੋਰਡ ਲੱਗੇ ਹੋਏ ਸਨ। ਪ੍ਰਚਾਰ ਹੁੰਦਾ ਸੀ ਕਿ ਹਰੇ ਝੰਡੇ, ਚੰਨ-ਤਾਰੇ ਵਾਲੇ ਪਾਕਿਸਤਾਨੀ ਹਨ, ਜੋ ਕਿ ਸੱਚ ਨਹੀਂ ਸੀ। ਬਹੁਤ ਬੁਰਾ ਲੱਗ ਰਿਹਾ ਸੀ ਕਿ ਕੀ ਇਸ ਤਰ੍ਹਾਂ ਦੀਆਂ ਚੀਜ਼ਾਂ ਅਤੇ ਸੋਚ ਕਿਉਂ ਹੁੰਦੀ ਹੈ।

ਜੂਹਾਪੁਰਾ ਵਿੱਚ ਮਸਜਿਦ ਦੀ ਇੱਕ ਫ਼ਾਈਲ ਫ਼ੋਟੋ
Getty Images
ਜੂਹਾਪੁਰਾ ਵਿੱਚ ਮਸਜਿਦ ਦੀ ਇੱਕ ਫ਼ਾਈਲ ਫ਼ੋਟੋ

ਆਮ ਤੌਰ ''ਤੇ ਵੇਖਿਆ ਗਿਆ ਹੈ ਕਿ ਜਦੋਂ ਸਮਾਜ ਦਾ ਇੱਕ ਪਹਿਲੂ ਦੂਜੇ ਨੂੰ ਵੇਖਦਾ ਹੈ , ਉਸ ਨਾਲ ਜੁੜਦਾ ਹੈ ਤਾਂ ਚੀਜ਼ਾਂ ਬਿਹਤਰ ਅਤੇ ਆਸਾਨ ਹੋ ਜਾਂਦੀਆਂ ਹਨ। ਅੱਜ ਅਸ਼ੀਸ਼ ਨੂੰ ਵੀ ਖੁਸ਼ੀ ਹੈ ਕਿ ਭਾਵੇਂ ਡਰ ਦੇ ਕਾਰਨ ਹੀ ਸੀ ਪਰ ਉਹ ਔਰੰਗਾਬਾਦ ਦੇ ਉਸ ਮਿੰਨੀ ਪਾਕਿਸਤਾਨ ''ਚ ਪਹੁੰਚੇ ਤਾਂ ਸਹੀ।

ਉਨ੍ਹਾਂ ਨੇ ਅੱਗੇ ਦੱਸਿਆ, " ਫਿਰ ਉਸ ਇਲਾਕੇ ਦੇ ਮੁਸਲਮਾਨ ਮੇਰੇ ਦੋਸਤ ਬਣਨ ਲੱਗ ਪਏ। ਹੋਲੀ ਦੀਵਾਲੀ ਅਤੇ ਈਦ ਅਸੀਂ ਇਕ ਦੂਜੇ ਦੇ ਘਰ ਮਨਾਉਣ ਲੱਗ ਪਏ।"

ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ''ਚ ਰਾਜਨੀਤੀ ਸ਼ਾਸਤਰ ਦੇ ਪ੍ਰੋਫੈਸਰ ਆਸ਼ੂਤੋਸ਼ ਵਾਰਸ਼ਨੇ ਆਪਣੀ ਕਿਤਾਬ "ਐਥਨਿਕ ਕਨਫਲਿਕਟ ਐਂਡ ਸਿਵਿਕ ਲਾਈਫ਼: ਹਿੰਦੂਜ਼ ਐਂਡ ਮੁਸਲਿਮਜ਼ ਇਨ ਇੰਡੀਆ" ''ਚ ਇਸ ਗੱਲ ''ਤੇ ਜ਼ੋਰ ਦਿੰਦੇ ਹਨ ਕਿ ਸਮਾਜ ''ਚ ਫਿਰਕੂ ਦੂਰੀਆਂ ਨੂੰ ਘੱਟ ਕਰਨ ਦੇ ਤਰੀਕੇ ਨਾਗਰਿਕ ਭਾਗੀਦਾਰੀ ਨਾਲ ਹੀ ਸੰਭਵ ਹਨ।"

ਉਨ੍ਹਾਂ ਦੇ ਅਨੁਸਾਰ, "ਕਾਰੋਬਾਰੀ ਸੰਸਥਾਵਾਂ, ਟਰੇਡ ਯੂਨੀਅਨਾਂ, ਰਾਜਨੀਤਿਕ ਪਾਰਟੀਆਂ ਅਤੇ ਪੇਸ਼ੇਵਰ ਸੰਗਠਨ ਜਾਤੀ ਹਿੰਸਾ ਨੂੰ ਰੋਕ ਸਕਦੇ ਹਨ, ਜੇਕਰ ਨਾਗਰਿਕਾਂ ਵਿੱਚ ਭਾਗੀਦਾਰੀ ਵਧਾਉਣ ਦਾ ਯਤਨ ਕੀਤਾ ਜਾਵੇ ਤਾਂ। ਅਜਿਹਾ ਕਰਨ ਨਾਲ ਉਨ੍ਹਾਂ ਤਾਕਤਵਰ ਸਿਆਸਤਦਾਨਾਂ ਨੂੰ ਵੀ ਰੋਕਿਆ ਜਾ ਸਕੇਗਾ ਜੋ ਕਿ ਹਿੰਦੂਆਂ ਅਤੇ ਮੁਸਲਮਾਨਾਂ ਦਾ ਧਰਮ ਦੇ ਨਾਮ ''ਤੇ ਧਰੁਵੀਕਰਨ ਕਰਦੇ ਹਨ ।"

ਵੀਡੀਓ: ''ਅੱਲਾਹ-ਹੂ-ਅਕਬਰ'' ਦੇ ਨਾਅਰੇ ਲਗਾਉਣ ਵਾਲੀ ਕੁੜੀ ਨੂੰ ਮਿਲੋ

ਗੁਜਰਾਤ ਦੀ ਹੀ ਮਿਸਾਲ ਲੈ ਲਵੋ। ਆਜ਼ਾਦ ਭਾਰਤ ਦੇ ਇਤਿਹਾਸ ''ਚ ਇਸ ਰਾਜ ''ਚ ਕਈ ਫਿਰਕੂ ਦੰਗੇ ਹੋਏ ਹਨ। ਅੱਜ ਦੀ ਹਕੀਕਤ ਇਹ ਹੈ ਕਿ ਰਾਜਧਾਨੀ ਅਹਿਮਦਾਬਾਦ ''ਚ ਇੱਕ ਮੁਸਲਿਮ ਬਹਗਿਣਤੀ ਇਲਾਕਾ ਹੈ, ਜਿਸ ਦਾ ਨਾਮ ਹੈ ਜੂਹਾਪੁਰਾ। ਇਸ ਨੂੰ ਕਈ ਲੋਕ ਮਿੰਨੀ ਪਾਕਿਸਤਾਨ ਵੀ ਕਹਿੰਦੇ ਹਨ।

ਇਹ ਵੀ ਸੱਚ ਹੈ ਕਿ ਸਥਾਨਕ ਲੋਕ ਇਸ ਇਲਾਕੇ ਅਤੇ ਨਾਲ ਲੱਗਦੇ ਹਿੰਦੂ ਬਹੁਗਿਣਤੀ ਇਲਾਕੇ ਵੇਜਲਪੁਰ ਵਿਚਾਲੇ ਪੈਂਦੀ ਸੜਕ ਨੂੰ ਵਾਹਗਾ ਬਾਰਡਰ ਕਹਿੰਦੇ ਹਨ।

ਪਤੇ ''ਚ ਲਿਖਿਆ ਪਾਕਿਸਤਾਨ

2015 ਵਿੱਚ ਇੱਥੇ ਇੱਕ ਆਪਸੀ ਝਗੜੇ ''ਚ ਘੱਟ ਗਿਣਤੀ ਭਾਈਚਾਰੇ ਦੇ ਦੋ ਨੌਜਵਾਨ ਵੀ ਸ਼ਾਮਲ ਸਨ ਅਤੇ ਉਨ੍ਹਾਂ ਖਿਲਾਫ ਦਰਜ ਕੀਤੀ ਗਈ ਐਫਆਈਆਰ ''ਚ ਉਨ੍ਹਾਂ ਦਾ ਪਤਾ ''ਪਾਕਿਸਤਾਨ'' ਲਿਖਿਆ ਗਿਆ ਸੀ।

ਤਤਕਾਲੀ ਗ੍ਰਹਿ ਮੰਤਰੀ ਜੀਐਸ ਮਲਿਕ ਨੇ ਮਾਮਲੇ ''ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, "ਕਈ ਵਾਰ ਸ਼ਿਕਾਇਤਕਰਤਾ ਜਾਂ ਦਰਜ ਕਰਨ ਵਾਲੇ ਵਿਅਕਤੀ ਕੋਲੋਂ ਗਲਤੀ ਹੋ ਜਾਂਦੀ ਹੈ। ਅਸੀਂ ਉਸ ਗਲਤੀ ਨੂੰ ਤੁਰੰਤ ਸੁਧਾਰ ਲਿਆ ਹੈ।"

ਇਤਿਹਾਸਕਾਰ ਪ੍ਰੋਫ਼ੈਸਰ ਮੁਹੰਮਦ ਹਬੀਬ
BBC
ਇਤਿਹਾਸਕਾਰ ਪ੍ਰੋਫ਼ੈਸਰ ਮੁਹੰਮਦ ਹਬੀਬ

ਗੁਜਰਾਤ ਸਥਿਤ ਸਮਾਜਸ਼ਾਸਤਰੀ ਪ੍ਰੋ. ਗੌਰਾਂਗ ਜਾਨੀ ਨੇ ਕਿਹਾ, "ਸੱਚਾਈ ਤਾਂ ਇਹ ਹੈ ਕਿ ਦੋਵੇਂ ਭਾਈਚਾਰੇ ਇਕ ਦੂਜੇ ''ਤੇ ਨਿਰਭਰ ਹਨ। ਵਪਾਰ ਹੋਵੇ ਜਾਂ ਫਿਰ ਖੇਤੀ, ਦੋਵੇਂ ਇਕ ਦੂਜੇ ''ਤੇ ਨਿਰਭਰ ਤਾਂ ਰਹੇ ਪਰ ਇਸ ਗੱਲ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਅਤੇ ਨਾ ਹੀ ਧਿਆਨ ਦਵਾਇਆ ਗਿਆ। ਇਸ ਲਈ ਫੰਕਸ਼ਨਲ ਯੂਨੀਟੀ ਨੂੰ ਵੀ ਅੱਗੇ ਨਹੀਂ ਵਧਾਇਆ ਗਿਆ। ਇਹ ਸਿਸਟਮ ਦੀ ਨਾਕਾਮੀ ਤਾਂ ਹੈ ਹੀ ਪਰ ਨਾਲ ਹੀ ਰਾਜਨੀਤਿਕ ਦਲਾਂ ਦੀ ਵੀ ਹੈ, ਜੋ ਕਿ ਸੰਵਿਧਾਨ ਨੂੰ ਸਮਝ ਹੀ ਨਹੀਂ ਸਕੇ ਹਨ।

ਅੱਜ ਕਿਸੇ ਵੀ ਪਾਰਟੀ ਦੇ ਵਰਕਰ ਨੂੰ ਭਾਈਚਾਰਕ ਸਾਂਝ ਦੇ ਇਤਿਹਾਸ ਬਾਰੇ ਕੋਈ ਗਿਆਨ ਹੀ ਨਹੀਂ ਹੈ। ਮੈਂ ਖੁਦ ਗੁਜਰਾਤ ਦੇ ਇੱਕ ਸਕੂਲ ''ਚ ਪੜ੍ਹਿਆ ਹਾਂ ਪਰ ਕਦੇ ਵੀ ਸਕੂਲ ''ਚ ਈਦ ਮਨਾਉਂਦਿਆਂ ਨਹੀਂ ਵੇਖਿਆ। ਘਰਾਂ ਦੀ ਡਾਇਨਿੰਗ ਟੇਬਲ ''ਤੇ ਜਿਵੇਂ ਲੋਕ ਮਿੰਨੀ ਪਾਕਿਸਤਾਨ ਬਾਰੇ ਗੱਲਬਾਤ ਕਰਦੇ ਸਨ, ਅੱਜ ਦੇ ਸਮਾਜ ''ਚ ਉਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।"

ਧਿਆਨ ਦੇਣ ਦੀ ਲੋੜ ਇਹ ਹੈ ਕਿ ਉਨ੍ਹਾਂ ਭਾਈਚਾਰਿਆਂ ''ਤੇ ਕੀ ਬੀਤਦੀ ਹੈ, ਜਿੰਨ੍ਹਾਂ ''ਤੇ ਇਸ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਹਨ ਕਿ ਉਹ " ਭਾਰਤ ਦੇ ਨਹੀਂ ਹੋ ਸਕੇ'' , '' ਉਹ ਬੰਗਲਾਦੇਸ਼ ਤੋਂ ਇੱਥੇ ਮੁਫ਼ਤ ਘਰ ਲੈਣ ਅਤੇ ਆਪਣੀ ਗਰੀਬੀ ਦੂਰ ਕਰਨ ਲਈ ਆ ਗਏ'' , '' ਉਹ ਆਈਐਸਆਈ ਦੇ ਗੜ੍ਹ ਬਣ ਸਕਦੇ ਹਨ''। ਹੋਰ ਪਤਾ ਨਹੀਂ ਕੀ ਕੀ।

ਮੁਸਲਿਮ ਮਹਿਲਾਵਾਂ
Getty Images

ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ''ਚ ਇੱਕ ਇਲਾਕਾ ਸੰਜਰਪੁਰ ਹੈ। ਕੁਝ ਸਾਲ ਪਹਿਲਾਂ ਉੱਥੇ ਦਾ ਕਈ ਵਾਰ ਜਾਣਾ ਹੋਇਆ ਕਿਉਂਕਿ ਇਸ ਇਲਾਕੇ ਦੇ ਕਈ ਨੌਜਵਾਨਾਂ ''ਤੇ ਰਾਸ਼ਟਰੀ ਸੁਰੱਖਿਆ ਐਕਟ ਅਤੇ ਪੋਟਾ ਵਰਗੇ ਗੰਭੀਰ ਕਾਨੂੰਨਾਂ ਦੀਆਂ ਧਾਰਾਵਾਂ ਤਹਿਤ ਮਾਮਲੇ ਚੱਲ ਰਹੇ ਸਨ।

ਭਾਵੇਂ ਇਹ ਮਾਮਲੇ ਸੰਜਰਪੁਰ ਦੇ ਕੁਝ ਕੁ ਪਰਿਵਾਰਾਂ ਨਾਲ ਸਬੰਧਤ ਸਨ , ਪਰ ਇਲਾਕੇ ਦੇ ਹਰ ਦੂਜੇ ਘਰ ''ਚ ਵਿਆਹ ਲਈ ਰਿਸ਼ਤੇ ਆਉਣੇ ਬੰਦ ਹੋ ਗਏ ਸਨ। ਨੌਜਵਾਨ ਦੂਜੇ ਸ਼ਹਿਰਾਂ ''ਚ ਕਿਰਾਏ ਦਾ ਮਕਾਨ ਲੈਣ ਲਈ ਆਪਣਾ ਪਤਾ ਕਿਤੇ ਹੋਰ ਦਾ ਦੱਸ ਰਹੇ ਸਨ।

ਪਿੰਡ ਦੇ ਸਾਬਕਾ ਮੁਖੀ ਇਮਰਾਨ ਕਾਜ਼ਮੀ ਨੇ ਕਿਹਾ ਸੀ, "ਪਤਾ ਨਹੀਂ ਅਸੀਂ ਸੰਜਰਪੁਰ ਤੋਂ ਆਈਐਸਆਈ, ਪਾਕਿਸਤਾਨ ਵਾਲੇ ਕਦੋਂ ਤੋਂ ਹੋ ਗਏ ਹਾਂ, ਇਸ ਦਾ ਪਤਾ ਹੀ ਨਹੀਂ ਲੱਗਿਆ।"

ਇਸ ਦਾ ਜਵਾਬ ਇਤਿਹਾਸਕਾਰ ਪ੍ਰੋ ਇਰਫ਼ਾਨ ਹਬੀਬ ਨੇ ਦਿੱਤਾ।

ਉਨ੍ਹਾਂ ਨੇ ਕਿਹਾ, "ਭਾਈਚਾਰਿਆਂ ''ਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਜਾਂ ਇੱਕ ਕਟਹਿਰੇ ''ਚ ਖੜ੍ਹਾ ਕੀਤੇ ਜਾਣ ਦਾ ਸਦਮਾ ਹੁੰਦਾ ਹੈ। ਉਨ੍ਹਾਂ ਲਈ ਨੌਕਰੀਆਂ ਦੇ ਮੌਕੇ ਘਟ ਜਾਂਦੇ ਹਨ। ਮਾਲਕ ਡਰਦੇ ਹਨ ਕਿ ਜੇਕਰ ਕਿਸੇ ਮੁਸਲਮਾਨ ਨੂੰ ਆਪਣੇ ਨੌਕਰੀ ''ਤੇ ਰੱਖਿਆ ਤਾਂ ਕਿਤੇ ਕੋਈ ਮੁਸੀਬਤ ਨਾ ਪੈ ਜਾਵੇ।"

"ਭਾਰਤੀ ਸੰਵਿਧਾਨ ਵਿੱਚ ਲਿਖਿਆ ਹੈ ਕਿ ਦੇਸ਼ ਦੀ ਰਾਜਨੀਤਿਕ ਪ੍ਰਣਾਲੀ ਨੂੰ ਚਲਾਉਣ ਵਿੱਚ ਧਰਮ ਦੀ ਕੋਈ ਥਾਂ ਨਹੀਂ ਹੈ। ਇਸ ਨਾਲ ਨਾ ਸਿਰਫ ਘੱਟ ਗਿਣਤੀ ਸਗੋਂ ਬਹੁਗਿਣਤੀ ਨੂੰ ਵੀ ਲੰਮੇ ਸਮੇਂ ਵਿੱਚ ਨੁਕਸਾਨ ਹੋ ਸਕਦਾ ਹੈ ਕਿਉਂਕਿ ਫਿਰ ਹਰ ਗੱਲ ਵਿੱਚ ਧਰਮ ਕੀ ਕਹਿੰਦਾ ਹੈ, ਇਹ ਸੁਣਨ ਨੂੰ ਮਿਲੇਗਾ ਤਾਂ ਇਹ ਕੌਣ ਸੁਣੇਗਾ ਕਿ ਅਕਲ ਕੀ ਕਹਿੰਦੀ ਹੈ।"

ਇਹ ਵੀ ਪੜ੍ਹੋ:

https://www.youtube.com/watch?v=9tf5F5p52pg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''3cee7c68-4f33-4ace-98e2-f25c2744ae94'',''assetType'': ''STY'',''pageCounter'': ''punjabi.india.story.61318402.page'',''title'': ''ਭਾਰਤ ਅੰਦਰ \''ਛੋਟਾ ਪਾਕਿਸਤਾਨ\'' ਜਾਂ \''ਮਿੰਨੀ ਪਾਕਿਸਤਾਨ\'' ਸ਼ਬਦ ਨੇ ਕਿਵੇਂ ਜ਼ੋਰ ਫੜਿਆ'',''author'': ''ਨਿਤਿਨ ਸ਼੍ਰੀਵਾਸਤਵ'',''published'': ''2022-05-04T16:07:58Z'',''updated'': ''2022-05-04T16:07:58Z''});s_bbcws(''track'',''pageView'');

Related News