ਐਮਓਯੂ ਕੀ ਹੁੰਦੇ ਹਨ, ਦਿੱਲੀ ਅਤੇ ਪੰਜਾਬ ਦੇ ਸਮਝੌਤੇ ''''ਤੇ ਹੰਗਾਮਾ ਕਿਉਂ

Thursday, Apr 28, 2022 - 11:07 AM (IST)

ਐਮਓਯੂ ਕੀ ਹੁੰਦੇ ਹਨ, ਦਿੱਲੀ ਅਤੇ ਪੰਜਾਬ ਦੇ ਸਮਝੌਤੇ ''''ਤੇ ਹੰਗਾਮਾ ਕਿਉਂ

ਭਾਰਤ ਦੀ ਕੌਮੀ ਰਾਜਧਾਨੀ ਵਿੱਚ 26 ਅਪ੍ਰੈਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਕਾਰ ਸਹੀਬੱਧ ਹੋਏ ਇੱਕ ਮੈਮੋਰੰਡਮ ਆਫ਼ ਅੰਡਰਸਟੈਡਿੰਗ (ਐਮਓਯੂ) ਤੋਂ ਬਾਅਦ ਸੂਬੇ ਦੀ ਸਿਆਸਤ ਭਖ਼ ਗਈ ਹੈ।

ਵਿਰੋਧੀ ਧਿਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਲਜ਼ਾਮ ਲਗਾਇਆ ਕਿ ਸਮਝੌਤੇ ਤੋਂ ਬਾਅਦ ਪੰਜਾਬ ਹੁਣ ''ਸਿੱਧੇ ਤੌਰ ਤੇ ਅਰਵਿੰਦ ਕੇਜਰੀਵਾਲ ਦੇ ਕੰਟਰੋਲ ਹੇਠ'' ਆ ਗਿਆ।

ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ ਕੇਜਰੀਵਾਲ ਪੰਜਾਬ ਦੀ ਸੂਬਾਈ ਸਰਕਾਰ ਨੂੰ ਰਿਮੋਟ ਕੰਟਰੋਲ ਰਾਹੀ ਚਲਾ ਰਹੇ ਹਨ ਅਤੇ ਇਹ ਸਮਝੌਤਾ ਕਰਕੇ ਉਨ੍ਹਾਂ ਨੇ ਇਸ ਦਖ਼ਲ ਉੱਤੇ ਸਰਕਾਰੀ ਮਾਨਤਾ ਹਾਸਲ ਕਰ ਲਈ ਹੈ।

ਸੂਬੇ ਵਿਚ ਚੱਲ ਰਹੀ ਸਿਆਸੀ ਬਹਿਸ ਦੌਰਾਨ ਐੱਮਓਯੂ ਸ਼ਬਦ ਕਾਫ਼ੀ ਚਰਚਾ ਵਿਚ ਆ ਗਿਆ ਹੈ।

ਇਸ ਰਿਪੋਰਟ ਰਾਹੀ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਐੱਮਓਯੂ ਕੀ ਹੁੰਦਾ ਹੈ, ਪੰਜਾਬ ਤੇ ਦਿੱਲੀ ਦਾ ਸਮਝੌਤਾ ਕੀ ਹੈ ਅਤੇ ਕੀ ਪੰਜਾਬ ਵਿਚ ਪਹਿਲਾ ਕੋਈ ਸਮਝੌਤਾ ਹੋਇਆ ਹੈ ਜਾਂ ਨਹੀਂ।

ਐਮਓਯੂ ਕੀ ਹੁੰਦਾ ਹੈ ?

ਮੈਮੋਰੰਡਮ ਆਫ਼ ਅੰਡਰਸਟੈਡਿੰਗ, ਇੱਕ ਸਮਝੌਤਾ ਪੱਤਰ ਹੁੰਦਾ ਹੈ। ਐਮਓਯੂ ਦੋ ਜਾਂ ਦੋ ਤੋਂ ਵੱਧ ਧਿਰਾਂ ਵਿਚਕਾਰ ਹੋਏ ਸਮਝੌਤੇ ਦੀ ਰੂਪਰੇਖਾ ਹੁੰਦੀ ਹੈ।

ਇਹ ਦੋ ਸਰਕਾਰਾਂ, ਸਕੂਲਾਂ, ਯੂਨੀਵਰਸਿਟੀਆਂ ਜਾਂ ਕੰਪਨੀਆਂ ਵਿਚਕਾਰ ਵੀ ਹੋ ਸਕਦਾ ਹੈ। ਐਮਓਯੂ ਦੀ ਕੋਈ ਕਾਨੂੰਨੀ ਬੰਦਿਸ਼ ਨਹੀਂ ਹੁੰਦੀ ਪਰ ਫਿਰ ਵੀ ਇਹ ਸਮਝੌਤਾ ਪੱਤਰ ਕਾਰਜ ਅਤੇ ਤੈਅ ਉਦੇਸ਼ਾਂ ਲਈ ਅੱਗੇ ਵਧਣ ਦਾ ਸੰਕੇਤ ਦਿੰਦਾ ਹੈ।

ਐਮਓਯੂ ਨੂੰ ਅਸੀਂ ਦੋ ਧਿਰਾਂ ਵਿੱਚ ਗੱਲਬਾਤ ਦੀ ਸ਼ੁਰੂਆਤ ਦੇ ਤੌਰ ''ਤੇ ਵੀ ਦੇਖਦੇ ਹਾਂ ਕਿਉਂਕਿ ਇਹ ਦੋ ਪਾਰਟੀਆਂ ਵਿਚਕਾਰ ਕੰਮ ਦੇ ਖੇਤਰ ਅਤੇ ਮਕਸਦ ਨੂੰ ਬਿਆਨ ਕਰਦਾ ਹੈ।

ਇਹ ਵੀ ਪੜ੍ਹੋ:

ਦਿੱਲੀ ਅਤੇ ਪੰਜਾਬ ਵਿਚਕਾਰ ''ਗਿਆਨ ਵਟਾਂਦਰੇ ਦਾ ਸਮਝੌਤਾ

ਦਿੱਲੀ ਸਰਕਾਰ ਅਤੇ ਪੰਜਾਬ ਸਰਕਾਰ ਵਿਚਕਾਰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੇ ''''ਜਨਤਾ ਦੀ ਭਲਾਈ ਦੇ ਮਕਸਦ'''' ਨਾਲ ਨਾਲੇਜ ਸ਼ੇਅਰਿੰਗ ਐਗਰੀਮੈਂਟ ਕੀਤਾ ਹੈ। ਇਸ ਸਮਝੌਤੇ ਮੁਤਾਬਕ ਇਹ ਦੋਵਾਂ ਸਰਕਾਰਾਂ ਨੂੰ ਲੋਕ ਭਲਾਈ ਲਈ ਜਾਣਕਾਰੀ, ਤਜਰਬਾ ਅਤੇ ਮੁਹਾਰਤ ਸਾਂਝੀ ਕਰਨ ਦੇ ਯੋਗ ਬਣਾਵੇਗਾ।

ਇਹ ਸਮਝੌਤਾ ਦੋਵਾਂ ਸਰਕਾਰਾਂ ਨੂੰ ਇਸ ਯੋਗ ਵੀ ਬਣਾਵੇਗਾ ਕਿ ਉਹ ਆਪਸ ਵਿੱਚ ਅਫ਼ਸਰਾਂ, ਮੰਤਰੀਆਂ ਅਤੇ ਹੋਰ ਅਧਿਕਾਰੀਆਂ ਨੂੰ ਸਿੱਖਣ ਦੇ ਨਾਲ-ਨਾਲ ਆਪਣੀ ਜਾਣਕਾਰੀ ਅਤੇ ਤਜ਼ਰਬੇ ਕਰਨ ਲਈ ਇਧਰ-ਉਧਰ ਭੇਜ ਸਕਣ।

ਇਸ ਵਿੱਚ ਇਹ ਵੀ ਲਿਖਿਆ ਹੈ ਕਿ ਇਹ ਸਮਝੌਤਾ ਕਾਨੂੰਨੀ ਤੌਰ ''ਤੇ ਲਾਗੂ ਕਰਨ ਦੇ ਯੋਗ ਨਹੀਂ ਹੋਵੇਗਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ, ''''ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦਾ ਨਾਲੇਜ ਸ਼ੇਅਰਿੰਗ ਐਗਰੀਮੈਂਟ ਇਤਿਹਾਸਕ ਕਦਮ ਹੈ। ਦੋਵੇਂ ਸਰਕਾਰਾਂ ਇੱਕ-ਦੂਜੇ ਤੋਂ ਸਿੱਖਣਗੀਆਂ।

ਦਿੱਲੀ ਵਰਗੇ ਕ੍ਰਾਂਤੀਕਾਰੀ ਕੰਮ ਪੰਜਾਬ ਵਿੱਚ ਕਰਾਂਗੇ। ਪੰਜਾਬ ਦੇ ਚੰਗੇ ਕੰਮਾਂ ਤੋਂ ਦਿੱਲੀ ਵੀ ਸਿੱਖੇਗੀ, ਹਰ ਜਗ੍ਹਾ ਤੋਂ ਚੰਗੀਆਂ ਗੱਲਾਂ ਸਿੱਖਾਂਗੇ। ਅਸੀਂ ਪੰਜਾਬ ਨੂੰ ਮੁੜ ਹੱਸਦਾ-ਖੇਡਦਾ ਰੰਗਲਾ ਪੰਜਾਬ ਬਣਾਵਾਂਗੇ''''

https://twitter.com/BhagwantMann/status/1518875391145873408

ਕੀ ਇਹ ਸਮਝੌਤੇ ਕਾਨੂੰਨੀ ਤੌਰ ''ਤੇ ਲਾਗੂ ਹੋਣ ਯੋਗ ਹਨ?

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਇਸ ਗੱਲ ''ਤੇ ਨਿਰਭਰ ਕਰਦਾ ਹੈ ਕਿ ਸਮਝੌਤੇ ਵਿੱਚ ਕੀ ਦੱਸਿਆ ਗਿਆ ਹੈ ਅਤੇ ਸਮਝੌਤੇ ਦੀ ਸ਼ਬਦਾਵਲੀ ਕੀ ਹੈ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਆਸ਼ੀਸ਼ ਚੋਪੜਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ''ਟਾਈਟਲ'' ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਐਮਓਯੂ ਹੈ ਜਾਂ ਕੋਈ ਵੇਚਣ ਦਾ ਸਮਝੌਤਾ।

"ਇਹ ਸਭ ਐਮਓਯੂ ਵਿੱਚ ਲਿਖੇ ''ਕੰਟੇਟ'' ਅਤੇ ਸ਼ਰਤਾਂ ''ਤੇ ਨਿਰਭਰ ਕਰਦਾ ਹੈ। ਇਹ ਇਸ ਗੱਲ ''ਤੇ ਵੀ ਨਿਰਭਰ ਕਰਦਾ ਹੈ ਕਿ ਕੀ ਕੋਈ ''ਕੰਸੀਡਰੇਸ਼ਨ'' ਕੀਤਾ ਗਿਆ ਹੈ।" ਕਾਨੂੰਨੀ ਪਰਿਭਾਸ਼ਾ ਵਿੱਚ ''ਕੰਸੀਡਰੇਸ਼ਨ'' ਦਾ ਮਤਲਬ ਹੈ, ਪੈਸੇ ਦਾ ਕੋਈ ਵਾਅਦਾ ਜਾਂ ਵਟਾਂਦਰਾ।

ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਐਮਓਯੂ ਸਰਕਾਰਾਂ ਚਲਾਉਣ ਲਈ ਨਹੀਂ ਸਗੋਂ ਸਰਕਾਰ ਦੇ ਵੱਖ-ਵੱਖ ਵਿਭਾਗ ਚਲਾਉਣ ਲਈ ਕੀਤੇ ਜਾਂਦੇ ਹਨ। ਪਰ ਇਸ ਸਮਝੌਤੇ ਨਾਲ ''''ਪੰਜਾਬ ਉਪਰ ਦੂਹਰਾ ਕੰਟਰੋਲ ਹੋ ਗਿਆ''''।

ਜਗਤਾਰ ਸਿੰਘ ਕਹਿੰਦੇ ਹਨ, ''''ਦੂਹਰੇ ਕੰਟਰੋਲ ਦਾ ਅਰਥ ਹੈ ਕਿ ਦਿੱਲੀ ਅਤੇ ਪੰਜਾਬ ਦੀਆਂ ਸਰਕਾਰਾਂ ਇਕੱਠੇ ਹੋ ਕੇ ਸਾਰੇ ਵਿਭਾਗ ਚਲਾਉਣਗੀਆਂ। ਅਜਿਹਾ ਅੱਜ ਤੱਕ ਕਦੇ ਨਹੀਂ ਹੋਇਆ। ਹੁਣ ਦਿੱਲੀ ਦਾ ਮੁੱਖ ਮੰਤਰੀ ਪੰਜਾਬ ਸਰਕਾਰ ਵਿੱਚ ਦਖਲ ਦੇ ਸਕਦਾ ਹੈ। ਉਹ ਪੰਜਾਬ ਦੀਆਂ ਸਾਰੀਆਂ ਫ਼ਾਈਲਾਂ ਮੰਗਵਾ ਲਿਆ ਕਰੇਗਾ ਜੋ ਕਿ ਸੂਬੇ ਲਈ ਨਮੋਸ਼ੀ ਨਾਲੀ ਗੱਲ ਹੈ।''''

ਅਕਾਲੀ ਅਤੇ ਕਾਂਗਰਸ ਸਰਕਾਰਾਂ ਦੇ ਸਮਝੌਤੇ

ਸਾਲ 2016 ਵਿੱਚ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਨੇਡਾ ਦੇ ਸੂਬੇ ਓਨਟਾਰੀਓ ਦਾ ਦੌਰਾ ਕੀਤਾ ਜਿਸ ਦੌਰਾਨ ਖੇਤੀ ਵਿਭਿੰਨਤਾ ਅਤੇ ਫੂਡ ਪਰੋਸੈਸਿੰਗ ਇੰਡਸਰੀ ਦੇ ਖੇਤਰ ਨੂੰ ਹੱਲਾਸ਼ੇਰੀ ਦੇਣ ਲਈ ਕਈ ਸਮਝੌਤੇ ਕੀਤੇ ਗਏ।

ਇਸ ਦੌਰਾਨ ਸਾਬਕਾ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਦੋਵਾਂ ਰਾਜਾਂ ਦੀਆਂ ਯੁਨੀਵਰਸਿਟੀਆਂ ਵੱਲੋਂ ਪਸ਼ੂ ਪਾਲਣ, ਖੇਤੀਬਾੜੀ ਅਤੇ ਹੋਰ ਖੇਤਰਾਂ ਵਿੱਚ ਕਈ ਐਮਓਯੂ ਉਪਰ ਦਸਤਖ਼ਤ ਕੀਤੇ ਗਏ।

ਸਾਲ 2016 ਵਿੱਚ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਨਿਵੇਸ਼ ਦੇ ਸਬੰਧ ਵਿੱਚ ਚੀਨ ਦਾ ਦੌਰਾ ਕੀਤਾ ਸੀ ।

ਸੁਖਬੀਰ ਸਿੰਘ ਬਾਦਲ ਦੀ ਇਸ ਫੇਰੀ ਨੂੰ ਉਸ ਸਮੇਂ ਦੇ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਕਹਿ ਕੇ ਅਲੋਚਨਾ ਕੀਤੀ ਗਈ ਕਿ ਸੁਖਬੀਰ ਆਪਣੀਆਂ ''''ਨਿੱਜੀ ਨਿਵੇਸ਼ ਦੀਆਂ ਸੰਭਾਵਨਾਵਾਂ ਲੱਭਣ'''' ਲਈ ਗਏ ਸਨ।

ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਸਾਲ 2018 ਵਿਚ ਤੇਲੰਗਾਨਾ ਦਾ ਦੌਰਾ ਕੀਤਾ ਸੀ। ਇਹ ਦੌਰਾ ਉਨ੍ਹਾਂ ਨੇ ਪੰਜਾਬ ਵਿਚ ਮਾਈਨਿੰਗ ਦੀ ਨੀਤੀ ਬਾਰੇ ਆਪਣੀ ਰਿਪੋਰਟ ਦੇਣ ਤੋਂ ਪਹਿਲਾਂ ਕੀਤਾ ਸੀ। ਸਿੱਧੂ ਨੇ ਕਿਹਾ ਸੀ ਕਿ ਪੰਜਾਬ ਵਿੱਚ ਵੀ ਮਾਈਨਿੰਗ ਦੇ ਖੇਤਰ ਵਿੱਚ ਅਥਾਹ ਸੰਭਾਵਨਾਵਾਂ ਹਨ।

ਸਤੰਬਰ 2021 ਵਿੱਚ ਪੰਜਾਬ ਸਰਕਾਰ ਅਤੇ ਅਮਰੀਕਨ ਚੈਂਬਰ ਆਫ ਕਾਮਰਸ ਇਨ ਇੰਡੀਆ (ਐਮਚੈਮ ਇੰਡੀਆ) ਨੇ ਰਾਜ ਵਿੱਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਅਮਰੀਕੀ ਮੈਂਬਰ ਕੰਪਨੀਆਂ ਲਈ ਕਾਰੋਬਾਰ ਕਰਨ ਦੀ ਸੌਖ ਨੂੰ ਹੋਰ ਵਧਾਉਣ ਲਈ ਇੱਕ ਸਮਝੌਤਾ ਪੱਤਰ (ਐਮਓਯੂ) ''ਤੇ ਦਸਤਖ਼ਤ ਕੀਤੇ।

ਕਿਹਾ ਗਿਆ ਕਿ ਇਸ ਵਿੱਚ ਇਨਵੈਸਟ ਪੰਜਾਬ ਅਤੇ ਅਮਰੀਕੀ ਵਪਾਰ ਸੰਸਥਾ ਦੇ ਮੈਂਬਰ ਸ਼ਾਮਲ ਹੋਣਗੇ। ਉਹ ਨਿਵੇਸ਼ ਸਹਿਯੋਗ ਦਾ ਸਮਰਥਨ ਕਰਨ ਅਤੇ ਵਿਕਾਸ ਕਰਨ ਦੇ ਨਾਲ-ਨਾਲ ਪੰਜਾਬ, ਭਾਰਤ ਅਤੇ ਅਮਰੀਕਾ ਵਿੱਚ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣ ਲਈ ਮਿਲ ਕੇ ਕੰਮ ਕਰਨਗੇ।

ਅਗਸਤ 2018 ''ਚ, ''ਇਨਵੈਸਟ ਪੰਜਾਬ'' ਤਹਿਤ CN/IFFCO ਅਤੇ ਪੰਜਾਬ ਸਰਕਾਰ ਵਿਚਕਾਰ ਸਮਝੌਤਾ ''ਤੇ ਹਸਤਾਖਰ ਕੀਤੇ ਗਏ ਅਤੇ ਦੋਵਾਂ ਪ੍ਰਾਈਵੇਟ ਕੰਪਨੀਆਂ ਦੇ ਅਧਿਕਾਰੀਆਂ ਤੋਂ ਇਲਾਵਾ ਇਨਵੈਸਟ ਪੰਜਾਬ ਦੇ ਸੀਈਓ ਰਜਤ ਅਗਰਵਾਲ ਦੁਆਰਾ ਹਸਤਾਖਰ ਕੀਤੇ ਗਏ।

ਇਸ ਵਿੱਚ ਕਿਹਾ ਗਿਆ ਕਿ ''ਕੰਪਨੀ 320 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਅਤੇ 300 ਵਿਅਕਤੀਆਂ ਨੂੰ ਸੰਭਾਵਿਤ ਸਿੱਧੇ ਰੁਜ਼ਗਾਰ ਦੇ ਨਾਲ IQF ਪ੍ਰੋਜੈਕਟ (ਫਰੋਜ਼ਨ ਸਬਜ਼ੀਆਂ ਦੀ ਪ੍ਰੋਸੈਸਿੰਗ) ਸਥਾਪਤ ਕਰਨਾ ਚਾਹੁੰਦੀ ਹੈ।''

ਵਿਰੋਧੀਆਂ ਧਿਰਾਂ ਵੱਲੋਂ ਦੇ ਖਦਸ਼ੇ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਕਿਹਾ, ''''ਅੱਜ ਤੋਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਅਰਵਿੰਦ ਕੇਜੀਰਵਾਲ ਬਣ ਗਿਆ ਹੈ।''''

ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਫ਼ਤਵਾ ਦੇ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ। ਜਦਕਿ ਕੇਜਰੀਵਾਲ ਨੇ ਪਹਿਲੇ ਦਿਨ ਤੋਂ ਹੀ ਪੰਜਾਬ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਸੀ।

ਇਸ ਸਮਝੌਤੇ ਤਹਿਤ, ਉਨ੍ਹਾਂ ਨੇ ਕਿਹਾ,''''ਦਿੱਲੀ ਦਾ ਮੁੱਖ ਮੰਤਰੀ ਜਦੋਂ ਚਾਹੇ ਅਫ਼ਸਰਾਂ ਨੂੰ ਬੁਲਾ ਸਕਦਾ ਹੈ। ਕਿਸੇ ਵੀ ਮਹਿਕਮੇ ਦੇ ਅਫ਼ਸਰਾਂ ਨੂੰ ਬੁਲਾ ਸਕਦਾ ਹੈ। ਜੋ ਹੁਕਮ ਦੇਣੇ ਹੋਣ ਦੇ ਸਕਦਾ ਹੈ ਤੇ ਜੋ ਲਾਗੂ ਕਰਵਾਉਣਾ ਹੋਵੇ ਕਰਵਾ ਸਕਦਾ ਹੈ।''''

ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, ''''ਮੁਗਲਾਂ ਨੇ ਸੂਬੇ ਦਾਰ ਰੱਖੇ ਹੁੰਦੇ ਸੀ। ਸੂਬੇਦਾਰ ਸਰਹਿੰਦ ਹੁੰਦਾ ਸੀ। ਸੂਬੇਦਾਰ ਲਾਹੌਰ ਹੁੰਦਾ ਸੀ। ਇਸੇ ਤਰ੍ਹਾਂ ਅੰਗਰੇਜ਼ਾਂ ਨੇ ਰੀਜੈਂਟਸ ਰੱਖੇ ਹੁੰਦੇ, ਇਹ ਰੀਜੈਂਟਸ ਆ ਕੇ ਬੈਠ ਗਏ ਹਨ।''''

''''ਅੱਜ ਭਗਵੰਤ ਸਿੰਘ ਮਾਨ ਦੇ ਘਰ ਵਿੱਚ ਕੌਣ ਰਹਿ ਰਿਹਾ ਹੈ? ਬਦਲੀਆਂ ਕੌਣ ਕਰ ਰਿਹਾ ਹੈ? ਉਨ੍ਹਾਂ ਉੱਪਰ ਕਿਸਦੀ ਮੋਹਰ ਹੈ?''''

ਭਗਵੰਤ ਮਾਨ ਨੇ ਕੀ ਜਵਾਬ ਦਿੱਤੇ

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਬਾਦਲ ਵੱਲੋਂ ਜਾਰੀ ਕੀਤੇ ਗਏ ਦਸਾਤਵੇਜ਼ਾਂ ਨੂੰ ਫ਼ਰਜ਼ੀ ਦੱਸਿਆ ਅਤੇ ਨਸੀਹਤ ਕੀਤੀ ਕਿ, ''''ਪੰਜਾਬ ਦੀ ਤਰੱਕੀ ਹੋ ਲੈਣ ਦਿਓ ਜੇ ਤੁਸੀਂ ਕੁਝ ਚੱਜ ਦਾ ਕੀਤਾ ਹੁੰਦਾ ਤਾਂ ਇਹ ਦਿਨ ਦੇਖਣੇ ਨਾ ਪੈਂਦੇ।''''

ਉਨ੍ਹਾਂ ਨੇ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ, ''''ਤੁਹਾਡੀ ਸਰਕਾਰ ਵੇਲੇ ਪਰਾਲ਼ੀ ਤੋਂ ਬਿਜਲੀ ਬਨਣ ਦੀ ਤਕਨੀਕ ਸਿੱਖਣ ਤੁਸੀਂ ਚੀਨ ਗਏ ਸੀ ਅਤੇ ਨਾਲ ਅਫ਼ਸਰਾਂ ਦੀ ਫ਼ੌਜ ਵੀ ਗਈ ਸੀ। ਫਿਰ ਉਦੋਂ ਕੀ ਤੁਹਾਡੀ ਸਰਕਾਰ ਨੂੰ ਚੀਨ ਚਲਾ ਰਿਹਾ

ਸੀ?''''

''''ਤੁਹਾਡੀ ਸਰਕਾਰ ਨੇ ਇਜ਼ਰਾਈਲ ਨਾਲ ਐਗਰੀਮੈਂਟ ਕੀਤੇ ਹੋਏ ਸੀ ਕਿ ਇਜ਼ਰਾਈਲ ਤੁਹਾਡੀ ਸਰਕਾਰ ਚਲਾ ਰਿਹਾ ਸੀ। ਤੁਹਾਡੇ ਪਿਤਾ ਪਰਕਾਸ਼ ਸਿੰਘ ਬਾਦਲ ਨੇ ਓਨਟਾਰੀਓ ਨਾਲ ਐਗਰੀਮੈਂਟ ਕੀਤੇ ਹੋਏ ਸਨ, ਕੀ ਉਦੋਂ ਓਨਟਾਰੀਓ ਸਰਕਾਰ ਚਲਾ ਰਿਹਾ ਸੀ।''''

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਉੱਪਰ ਹਮਲਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਰਾਜਪੁਰੇ ਥਰਮਲ ਪਲਾਂਟ ਦੇ ਬਾਹਰ 20-25 ਬੰਦੇ ਲੈਕੇ ਬੈਠੇ ਸਨ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਤਾਂ ਕਾਂਗਰਸ ਦਾ ਧਰਨਾ ਹੀ ਨਹੀਂ ਸੀ। ਇਹ ਤਾਂ ਸਿੱਧੂ ਆਪਣੇ ਹੀ ਬੰਦੇ ਲਈ ਬੈਠੇ ਸਨ। ਪਹਿਲਾਂ ਆਪਣੇ ਆਪ ਨੂੰ ਮਾਨਤਾ ਪ੍ਰਾਪਤ ਹੋ ਜਾਵੇ, ਫਿਰ ਵਿਰੋਧ ਕਰਿਓ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਕਹਿ ਰਹੀ ਹੈ ਕਿ ਬਿਜਲੀ ਸਮਝੌਤੇ ਰੱਦ ਕਿਉਂ ਨਹੀਂ ਕੀਤੇ। ਜਦਕਿ ਸਿੱਧੂ ਨੂੰ ਜਦੋਂ ਬਿਜਲੀ ਮੰਤਰੀ ਬਣਾਇਆ ਜਾ ਰਿਹਾ ਸੀ ਤਾਂ ਉਹ ਭੱਜ ਗਏ ਸਨ।

ਉਨ੍ਹਾਂ ਨੇ ਅੱਗੇ ਕਿਹਾ,''''25 ਸਾਲ ਕਾਂਗਰਸ ਨੇ ਰਾਜ ਕੀਤਾ ਹੈ ਤੇ 19 ਸਾਲ ਅਕਾਲੀਆਂ ਨੇ ਰਾਜ ਕੀਤਾ ਹੈ। ਜੋ 44 ਸਾਲ ਹੋ ਗਏ। ਸਾਡੇ ਅਜੇ 44 ਦਿਨ ਵੀ ਨਹੀਂ ਹੋਏ।''''

ਇਹ ਵੀ ਪੜ੍ਹੋ:

https://www.youtube.com/watch?v=SB5MmgPHRbs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''cd8c3d61-db21-48fc-afa4-af1249cd9225'',''assetType'': ''STY'',''pageCounter'': ''punjabi.india.story.61247382.page'',''title'': ''ਐਮਓਯੂ ਕੀ ਹੁੰਦੇ ਹਨ, ਦਿੱਲੀ ਅਤੇ ਪੰਜਾਬ ਦੇ ਸਮਝੌਤੇ \''ਤੇ ਹੰਗਾਮਾ ਕਿਉਂ'',''author'': '' ਅਵਤਾਰ ਸਿੰਘ, ਅਰਵਿੰਦ ਛਾਬੜਾ'',''published'': ''2022-04-28T05:29:10Z'',''updated'': ''2022-04-28T05:29:10Z''});s_bbcws(''track'',''pageView'');

Related News