ਕੈਂਸਰ ਨਾਲ ਪੀੜਤ ਸ਼ਖਸ ਦੀ ਹੱਡਬੀਤੀ, ''''ਹਾਂ, ਮੈਨੂੰ ਕੈਂਸਰ ਹੈ ਅਤੇ ਮੈਂ ਜਿਉਣਾ ਚਾਹੁੰਦਾ ਹਾਂ''''
Wednesday, Apr 27, 2022 - 04:37 PM (IST)

ਜ਼ਿੰਦਗੀ ਅਤੇ ਮੌਤ ਵਿਚਾਲੇ ਇੱਕ ਤਜ਼ੁਰਬੇ ਦਾ ਹੀ ਅੰਤਰ ਹੈ। ਜ਼ਿੰਦਗੀ ਜਿਉਂਦੇ ਹੋਏ ਅਸੀਂ ਜੋ ਵੀ ਤਜ਼ੁਰਬੇ ਹਾਸਲ ਕਰਦੇ ਹਾਂ ਉਨ੍ਹਾਂ ਨੂੰ ਬਿਆਨ ਕਰ ਸਕਦੇ ਹਾਂ, ਕਿਉਂਕਿ ਸਾਡੇ ਸਾਹ ਚੱਲ ਰਹੇ ਹੁੰਦੇ ਹਨ।
ਮੌਤ ਦੇ ਤਜ਼ਰਬੇ ਦੀ ਕਹਾਣੀ ਤਾਂ ਅਣਕਹੀ ਹੀ ਰਹਿ ਜਾਂਦੀ ਹੈ, ਕਿਉਂਕਿ ਉਸ ਸਮੇਂ ਸਾਹਾਂ ਦਾ ਉਹ ਆਧਾਰ ਹੀ ਨਹੀਂ ਬਚਦਾ। ਮੌਤ ਬੱਸ ਆ ਜਾਂਦੀ ਹੈ ਅਤੇ ਅਸੀਂ ਬੇਜਾਨ ਰਹਿ ਜਾਂਦੇ ਹਾਂ।
ਦੂਜੇ ਲੋਕ ਸਾਡੀ ਮੌਤ ਦੀ ਕਹਾਣੀ ਸੁਣਾ ਤਾਂ ਸਕਦੇ ਹਨ ਪਰ ਉਹ ਇਹ ਨਹੀਂ ਦੱਸ ਸਕਦੇ ਕਿ ਮੌਤ ਤੋਂ ਬਾਅਦ ਕੀ ਹੁੰਦਾ ਹੈ, ਇਹ ਤਜ਼ਰਬਾ ਕਿਹੋ ਜਿਹਾ ਹੈ।
ਹਾਂ, ਕਦੇ-ਕਦਾਈਂ ਸਾਡਾ ਸਮਾਜ ਕੁਝ ਅਜਿਹੇ ਕਿੱਸੇ ਕਹਾਣੀਆਂ ਸੁਣਾਉਂਦਾ ਹੈ, ਜਿਨ੍ਹਾਂ ''ਚ ਕਿਹਾ ਜਾਂਦਾ ਹੈ ਕਿ ਫਲਾਣਾ ਆਦਮੀ ਮਰ ਗਿਆ ਪਰ ਕੁਝ ਹੀ ਘੰਟਿਆਂ ਬਾਅਦ ਉਸ ਦੇ ਸਾਹ ਵਾਪਸ ਮੁੜ ਆਏ।
ਜਦੋਂ ਉਹ ਮੁੜ ਜ਼ਿੰਦਾ ਹੋਏ ਤਾਂ ਉਨ੍ਹਾਂ ਦੇ ਨਹੁੰ ''ਚ ਅਰਵਾ ਚੌਲਾਂ ਦੇ ਦਾਣੇ ਅਤੇ ਲਾਲ ਸਿੰਦੂਰ ਅਤੇ ਨਾਲ ਹੀ ਉੜਹੁਲ ਦਾ ਫੁੱਲ ਸੀ। ਬਿਹਾਰ ਦੇ ਪਿੰਡਾਂ ''ਚ ਅਜਿਹੀਆਂ ਕਹਾਣੀਆਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ।
ਪਰ ਕਥਿਤ ਤੌਰ ''ਤੇ ਮੁੜ ਜ਼ਿੰਦਾ ਹੋਏ ਕਿਸੇ ਵੀ ਵਿਅਕਤੀ ਨੇ ਆਪਣੇ ਮੌਤ ਦੇ ਤਜ਼ਰਬੇ ਨੂੰ ਸਾਂਝਾ ਨਹੀਂ ਕੀਤਾ।
ਮੌਤ ਡਰਾਉਣੀ ਹੁੰਦੀ ਹੈ। ਅਸੀਂ ਮਰਨਾ ਨਹੀਂ ਚਾਹੁੰਦੇ ਸਗੋਂ ਲੰਮੇ ਸਮੇਂ ਤੱਕ ਜੀਣਾ ਚਾਹੁੰਦੇ ਹਾਂ। ਭਾਰਤ ਵਰਗੇ ਦੇਸ਼ ''ਚ ਜ਼ਿਆਦਾਤਰ ਲੋਕ ਔਸਤਨ 70 ਸਾਲ ਦੀ ਉਮਰ ਭੋਗ ਹੀ ਲੈਂਦੇ ਹਨ। ਅਜਿਹੇ ''ਚ ਜੇਕਰ ਤੁਹਾਡੀ ਉਮਰ 50 ਸਾਲ ਤੋਂ ਵੀ ਘੱਟ ਹੋਵੇ ਅਤੇ ਮੌਤ ਤੁਹਾਡੇ ਵਿਹੜੇ ਦਸਤਕ ਦੇ ਦੇਵੇ ਤਾਂ ਤੁਹਾਡੇ ''ਤੇ ਕੀ ਗੁਜ਼ਰੇਗੀ।
ਦੁਨੀਆ ਦੀਆਂ ਖਤਰਨਾਕ ਬਿਮਾਰੀਆਂ ''ਚੋਂ ਇੱਕ
ਮੇਰੀ ਉਮਰ ਇਸ ਸਮੇਂ 46 ਸਾਲ ਹੈ। ਜਨਵਰੀ 2021 ''ਚ ਜਦੋਂ ਮੈਨੂੰ ਕੈਂਸਰ ਦਾ ਪਤਾ ਲੱਗਿਆ, ਉਸ ਤੋਂ ਕੁਝ ਦਿਨ ਪਹਿਲਾਂ ਹੀ ਮੈਂ ਆਪਣਾ 45ਵਾਂ ਜਨਮਦਿਨ ਮਨਾਇਆ ਸੀ। ਮੈਨੂੰ ਹਲਕੀ ਖਾਂਸੀ ਅਤੇ ਬੁਖਾਰ ਸੀ।
ਜਦੋਂ ਮੈਂ ਡਾਟਕਰ ਕੋਲ ਗਿਆ ਤਾਂ ਕੁਝ ਮੁਢਲੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਮੈਨੂੰ ਫੇਫੜਿਆਂ ਦਾ ਕੈਂਸਰ ਹੈ। ਸੀਟੀ ਸਕੈਨ ਦੀ ਕਾਲੀ ਫਿਲਮ ''ਤੇ ਸਿਲਵਰ ਦੀ ਚਮਕ ਵਾਲੀਆਂ ਆਕ੍ਰਿਤੀਆਂ ਸਨ।
ਉਸ ਸਮੇਂ ਮੇਰੀ ਡਾਕਟਰੀ ਜਾਂਚ ਕਰ ਰਹੇ ਰਾਂਚੀ ਦੇ ਡਾਕਟਰ ਨਿਸ਼ੀਥ ਕੁਮਾਰ ਨੇ ਕਿਹਾ ਕਿ ਇਹ ਆਖਰੀ ਸਟੇਜ ਦਾ ਕੈਂਸਰ ਹੋ ਸਕਦਾ ਹੈ। ਕੈਂਸਰ ਵਾਲੇ ਟਿਊਮਰ ਅਤੇ ਲਿੰਫ ਨੋਡਜ਼ ਫੈਲੇ ਹੋਏ ਦਿਖਾਈ ਦੇ ਰਹੇ ਸਨ। ਉਸ ਸਮੇਂ ਤੱਕ ਇਹ ਸਭ ਸਿਰਫ ਤਸਵੀਰਾਂ ''ਚ ਹੀ ਸੀ।
ਕੈਂਸਰ ਅਤੇ ਉਸ ਦੀਆਂ ਸਟੇਜਾਂ ਦੀ ਪੁਸ਼ਟੀ ਦੇ ਲਈ ਹੁਣ ਮੈਨੂੰ ਕਈ ਹੋਰ ਟੈਸਟ ਕਰਵਾਉਣੇ ਪੈਣੇ ਸਨ।
ਉਹ ਮਿਤੀ ਸੀ 30 ਜਨਵਰੀ, ਮਹਾਤਮਾ ਗਾਂਧੀ ਦੀ ਬਰਸੀ।
ਕੈਂਸਰ ਦੁਨੀਆ ਦੀਆਂ ਉਨ੍ਹਾਂ ਖਤਰਨਾਕ ਬਿਮਾਰੀਆਂ ''ਚੋਂ ਇਕ ਹੈ, ਜਿਸ ਬਾਰੇ ਆਮ ਆਦਮੀ ਦੀ ਧਾਰਨਾ ਹੈ ਕਿ ਜੇਕਰ ਉਸ ਨੂੰ ਕੈਂਸਰ ਹੈ ਤਾਂ ਉਸ ਦੀ ਜਾਨ ਦਾਅ ''ਤੇ ਹੈ। ਉਸ ਦੀ ਮੌਤ ਤੈਅ ਹੈ ਅਤੇ ਇਹ ਮੌਤ ਕਿਸੇ ਸਮੇਂ ਵੀ ਆ ਸਕਦੀ ਹੈ।
ਹਾਲਾਂਕਿ, ਕੈਂਸਰ ਸਬੰਧੀ ਮੈਡੀਕਲ ਸਾਇੰਸ ''ਚ ਲਗਾਤਾਰ ਕਈ ਖੋਜਾਂ ਹੋ ਰਹੀਆਂ ਹਨ। ਕਈ ਪ੍ਰਭਾਵੀ ਥੈਰੇਪੀਆਂ ਦੀ ਵਰਤੋਂ ਹੋ ਰਹੀ ਹੈ।
ਇਹ ਵੀ ਪੜ੍ਹੋ:
- ਛਾਤੀ ਦਾ ਕੈਂਸਰ : ਕੁੜੀਆਂ ''ਚ ਕੇਸ ਤੇਜ਼ੀ ਨਾਲ ਵਧਣ ਦੇ ਕੀ ਹਨ ਕਾਰਨ ਅਤੇ ਕੀ ਹੈ ਬਚਾਅ ਦਾ ਤਰੀਕਾ
- ਭਾਰਤ ’ਚ ਕਿਹੜਾ ਕੈਂਸਰ ਤੇਜ਼ੀ ਨਾਲ ਫ਼ੈਲ ਰਿਹਾ ਤੇ ਜ਼ਿਆਦਾ ਨੌਜਵਾਨ ਕਿਉਂ ਹੋ ਰਹੇ ਬਿਮਾਰੀ ਦਾ ਸ਼ਿਕਾਰ
- ਪੰਜਾਬ ਦੇ ਉਹ ਪਿੰਡ ਜਿੱਥੇ ਜ਼ਿਆਦਾਤਰ ਘਰਾਂ ਵਿੱਚ ਕੈਂਸਰ ਤੇ ਅਪੰਗਤਾ ਵਰਗੇ ਰੋਗਾਂ ਦੇ ਮਰੀਜ਼ ਹਨ
ਮੱਸਿਆ ਦੀ ਕਾਲੀ ਰਾਤ ਵਰਗਾ ਹਨ੍ਹੇਰਾ
ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਕੈਂਸਰ ਆਪਣੇ ਪਹਿਲੇ ਪੜਾਅ ''ਚ ਹੀ ਪਕੜ ''ਚ ਆ ਜਾਵੇ ਤਾਂ ਉਸ ਦਾ ਇਲਾਜ ਕਰਨਾ ਸੰਭਵ ਹੈ। ਕਈ ਲੋਕਾਂ ਦਾ ਸਫਲ ਇਲਾਜ ਵੀ ਹੋਇਆ ਹੈ।
ਪਰ ਮੁੜ ਕੈਂਸਰ ਹੋਣ ਦੀ ਸੰਭਾਵਨਾ, ਇਸ ਕਾਰਨ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਅਤੇ ਕੈਂਸਰ ਦੇ ਇਲਾਜ ਦੌਰਾਨ ਹੋਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਦੇ ਮਨਾਂ ''ਚ ਡਰ ਹੈ ਅਤੇ ਇਸ ਦੇ ਵਾਜਬ ਕਾਰਨ ਵੀ ਹਨ।
ਕੈਂਸਰ ਦਾ ਇਲਾਜ ਮਹਿੰਗਾ ਵੀ ਹੈ।
ਖੈਰ, ਕੈਂਸਰ ਦਾ ਪਤਾ ਲੱਗਣ ਤੋਂ ਅਗਲੇ ਹੀ ਦਿਨ ਜਦੋਂ ਮੈਂ ਇਲਾਜ ਲਈ ਮੁਬੰਈ ਪਹੁੰਚਿਆ ਤਾਂ ਮੇਰੀਆਂ ਅੱਖਾਂ ਅੱਗੇ ਮੱਸਿਆ ਦੀ ਰਾਤ ਵਰਗਾ ਹਨ੍ਹੇਰਾ ਛਾ ਗਿਆ ਸੀ।
ਉੱਥੋਂ ਦੇ ਮਸ਼ਹੂਰ ਟਾਟਾ ਮੈਮੋਰੀਅਲ ਹਸਪਤਾਲ (ਟੀਐੱਮਐੱਚ) ਦੀ ਡਾਕਟਰ ਦੇਵਯਾਨੀ ਨੇ ਮੇਰੇ ਕੁਝ ਟੈਸਟ ਕਰਵਾਏ। ਸਰੀਰ ''ਚ ਪਤਲੀਆਂ-ਮੋਟੀਆਂ ਸੂਈਆਂ ਦਾ ਜਾਣਾ ਸ਼ੁਰੂ ਹੋਇਆ। ਮੈਨੂੰ ਭਰਤੀ ਕਰ ਲਿਆ ਗਿਆ।
ਅਗਲੇ ਕੁਝ ਦਿਨਾਂ ''ਚ ਹੋਈ ਬਾਇਓਪਸੀ ਸਮੇਤ ਕੁਝ ਹੋਰ ਜ਼ਰੂਰੀ ਟੈਸਟਾਂ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਮੇਰਾ ਕੈਂਸਰ ਆਖਰੀ ਪੜਾਅ ਭਾਵ ਚੌਥੀ ਸਟੇਜ ''ਤੇ ਹੈ। ਮੈਂ ਲੰਗ ਕਾਰਸੀਨੋਮਾ ਮੈਟਾਸਟੈਟਿਕ ਦਾ ਮਰੀਜ਼ ਹਾਂ।
ਇਹ ਉਹ ਸਥਿਤੀ ਹੈ ਜਦੋਂ ਕੈਂਸਰ ਦੇ ਸੈੱਲ ਆਪਣੀ ਪਹਿਲੀਂ ਥਾਂ ਤੋਂ ਦੂਜੀਆਂ ਥਾਵਾਂ ''ਤੇ ਫੈਲ ਜਾਣ। ਅਜਿਹੀ ਸਥਿਤੀ ''ਚ ਕੈਂਸਰ ਦਾ ਇਲਾਜ ਅਕਸਰ ਹੀ ਮਰੀਜ਼ ਨੂੰ ਠੀਕ ਕਰਨ ਲਈ (ਕਿਊਰੇਟਿਵ) ਨਹੀਂ ਹੁੰਦਾ।
ਬਾਕੀ ਬਚੀ ਜ਼ਿੰਦਗੀ
ਚੌਥੀ ਸਟੇਜ ਨੂੰ ਆਖਰੀ ਜਾਂ ਐਡਵਾਂਸ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਉਦੋਂ ਡਾਕਟਰ ਮਰੀਜ਼ ਦਾ ਪੈਲੀਏਟਿਵ ਕੇਅਰ ਟਰੀਟਮੈਂਟ ਕਰਦੇ ਹਨ।
ਭਾਵ ਅਜਿਹਾ ਇਲਾਜ ਜਿਸ ਨਾਲ ਰੋਗ ਤਾਂ ਠੀਕ ਨਹੀਂ ਹੋਵੇਗਾ ਪਰ ਮਰੀਜ਼ ਨੂੰ ਉਸ ਬਿਮਾਰੀ ਕਰਕੇ ਹੋਣ ਵਾਲੀ ਤਕਲੀਫ ਘੱਟ ਤੋਂ ਘੱਟ ਹੋ ਸਕਦੀ ਹੈ ਅਤੇ ਮਰੀਜ਼ ਦੀ ਜ਼ਿੰਦਗੀ ਵੱਧ ਤੋਂ ਵੱਧ ਦਿਨਾਂ, ਮਹੀਨਿਆਂ ਜਾਂ ਸਾਲਾਂ ਤੱਕ ਵਧਾਈ ਜਾ ਸਕਦੀ ਹੈ।
ਅਜਿਹੀ ਸਥਿਤੀ ''ਚ ਡਾਕਟਰ, ਮਰੀਜ਼ ਦੇ ਪੁੱਛਣ ''ਤੇ ਉਸ ਦੀ ਬਾਕੀ ਬਚੀ ਔਸਤ ਉਮਰ ਬਾਰੇ ਵੀ ਦੱਸਦੇ ਹਨ, ਤਾਂ ਜੋ ਉਹ ਆਪਣੀਆਂ ਯੋਜਨਾਵਾਂ ਬਣਾ ਸਕੇ।
ਇਹ ਉਹ ਸਮਾਂ ਹੈ, ਜਦੋਂ ਕੈਂਸਰ ਦਾ ਮਰੀਜ਼ ਮੌਤ ਦੇ ਡਰ ਵਿਚਾਲੇ ਆਪਣੀ ਬਾਕੀ ਬਚੀ ਜ਼ਿੰਦਗੀ ਬਾਰੇ ਸੋਚ ਸਕਦਾ ਹੈ। ਮੇਰੇ ਮੁਤਾਬਕ ਇਹ ਇੱਕ ਵਿਸ਼ੇਸ਼ ਅਧਿਕਾਰ ਵਾਲੀ ਸਥਿਤੀ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਸਾਡੇ ਨਾਲ ਕੀ ਹੋਣ ਜਾ ਰਿਹਾ ਹੈ।
ਮੈਂ ਪਿਛਲੇ ਸਵਾ ਕੂ ਸਾਲ ਤੋਂ ਇਸੇ ਸਥਿਤੀ ਦੀ ਗਵਾਹੀ ਦੇ ਰਿਹਾ ਹਾਂ। ਟੀਐੱਮਐੱਚ ਦੇ ਡਾਕਟਰ ਮੈਨੂੰ ਦੱਸ ਚੁੱਕੇ ਹਨ ਕਿ ਮੈਂ ਕਦੇ ਠੀਕ ਨਹੀਂ ਹੋ ਸਕਾਂਗਾ ਅਤੇ ਅੰਕੜਿਆਂ ਅਨੁਸਾਰ ਮੇਰੇ ਕੋਲ ਗਿਣਤੀ ਦੇ ਕੁਝ ਮਹੀਨੇ ਜਾਂ ਫਿਰ ਸਾਲ ਹਨ।
ਪਰ ਮੇਰੇ ਇਲਾਜ ਲਈ ਕਈ ਥੈਰੇਪੀਆਂ ਹਨ, ਜੋ ਕਿ ਮੈਨੂੰ ਇਸ ਅਰਸੇ ਦੌਰਾਨ ਠੀਕ ਰੱਖ ਸਕਦੀਆਂ ਹਨ।
ਕੀਮੋਥੈਰੇਪੀ ਅਤੇ ਟਾਰਗੇਟਿਡ ਥੈਰੇਪੀ
ਡਾਕਟਰ ਦੇਵਯਾਨੀ ਤੋਂ ਬਾਅਦ ਮੈਡੀਕਲ ਬੋਰਡ ਹੁਣ ਮੈਨੂੰ ਮੇਰੀ ਬਿਮਾਰੀ ਦੇ ਮਾਹਰ ਡਾਕਟਰ ਕੁਮਾਰ ਪ੍ਰਭਾਸ਼ ਅਤੇ ਉਨ੍ਹਾਂ ਦੀ ਟੀਮ ਕੋਲ ਭੇਜ ਚੁੱਕਾ ਸੀ।
ਮੈਂ ਫਰਵਰੀ 2021 ਤੋਂ ਉਨ੍ਹਾਂ ਵੱਲੋਂ ਸੁਝਾਈ ਹੋਈ ਕੀਮੋਥੈਰੇਪੀ ਅਤੇ ਟਾਰਗੇਟਿਡ ਥੈਰੇਪੀ ਲੈ ਰਿਹਾ ਹਾਂ।
ਹੁਣ ਹਰ 21ਵੇਂ ਦਿਨ ਹੋਣ ਵਾਲੀ ਕੀਮੋਥੈਰੇਪੀ, ਹਰ ਤਿੰਨ ਮਹੀਨੇ ਭਾਵ ਕੀਮੋਥੈਰੇਪੀ ਦੇ ਹਰ ਚਾਰ ਸੈਸ਼ਨਾਂ ਤੋਂ ਬਾਅਦ ਮੁੰਬਈ ਸਥਿਤ ਮੇਰੇ ਹਸਪਤਾਲ ਦੀ ਓਪੀਡੀ, ਉੱਥੋਂ ਦੀ ਜਾਂਚ ਅਤੇ ਅਗਲੇ ਤਿੰਨ ਮਹੀਨਿਆਂ ਲਈ ਮੈਡੀਕੇਸ਼ਨ ਤੈਅ ਕਰਨਾ ਹੁਣ ਮੇਰੀ ਰੂਟੀਨ ''ਚ ਆ ਗਿਆ ਹੈ।
ਮੈਂ ਹਰ ਵਾਰ ਮੁੰਬਈ ਤੋਂ ਰਾਂਚੀ ਪਰਤਦਿਆਂ ਹੀ ਆਪਣੇ ਅਗਲੇ ਮੁੰਬਈ ਦੌਰੇ ਦੀ ਯੋਜਨਾ ਬਣਾਉਣ ਲੱਗ ਜਾਂਦਾ ਹਾਂ। ਮੈਨੂੰ ਲੱਗਦਾ ਹੈ ਕਿ ਮੁੰਬਈ ਦਾ ਹਸਪਤਾਲ ਹੀ ਹਰ ਤਿੰਨ ਮਹੀਨਿਆਂ ਦੇ ਲਈ ਮੇਰੇ ਸਾਹਾਂ ਦੀ ਲੀਜ਼ ਵਧਾਉਂਦਾ ਜਾਵੇਗਾ।
ਮੈਂ ਇਸ ਲੀਜ਼ ਨੂੰ ਜਲਦੀ-ਜਲਦੀ ਵਧਾਉਣਾ ਚਾਹੁੰਦਾ ਹਾਂ। ਮੈਂ ਕੁਝ ਹੋਰ ਸਾਲ ਜਿਉਣਾ ਚਾਹੁੰਦਾ ਹਾਂ। ਇਹ ਸੋਚ ਕਲਪਨਾ ਹੈ ਕਿ ਕੁਝ ਹੋਰ ਸਾਲਾਂ ਦੀ ਜ਼ਿੰਦਗੀ ''ਚ ਮੈਂ ਆਪਣੀਆਂ ਕੁਝ ਅਹਿਮ ਜ਼ਿੰਮੇਵਾਰੀਆਂ ਨੂੰ ਪੂਰਾ ਕਰ ਸਕਾਂਗਾ। ਪਰ ਫਿਰ ਵੀ ਮੈਂ ਅਜਿਹਾ ਸੋਚਦਾ ਹਾਂ ਅਤੇ ਖੁਸ਼ ਹੋ ਲੈਂਦਾ ਹਾਂ।
ਸਪੋਰਟ ਸਿਸਟਮ
ਇਹ ''ਅੰਤ'' ਅਤੇ ''ਉਮੀਦ'' ਦੇ ਵਿਚਕਾਰ ਦੀ ਸਥਿਤੀ ਹੈ। ਮੈਂ ਚਾਹਾਂ ਤਾਂ ਮੌਤ ਦੇ ਡਰ ਨੂੰ ਦਹਿਸ਼ਤ ''ਚ ਤਬਦੀਲ ਕਰਕੇ ਆਪਣੀ ਅਤੇ ਆਪਣੇ ਪਰਿਵਾਰ ਵਾਲਿਆਂ ਦੀ ਜ਼ਿੰਦਗੀ ਬਦਤਰ ਕਰ ਸਕਦਾ ਹਾਂ।
ਪਰ ਮੈਂ ਆਪਣੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਮੈਂ ਡਰ ਨੂੰ ਸ਼ਬਦਕੋਸ਼ ਦਾ ਇੱਕ ਸ਼ਬਦ ਹੀ ਮੰਨ ਕੇ ਉਮੀਦਾਂ ਨਾਲ ਆਪਣੀ ਬਾਕੀ ਬਚੀ ਜ਼ਿੰਦਗੀ ਨੂੰ ਹੋਰ ਖੁਸ਼ਹਾਲ ਅਤੇ ਯਾਦਗਾਰ ਬਣਾਉਣ ਦੀ ਰਾਹ ਚੁਣੀ ਹੈ।
ਮੈਂ ਆਪਣੀ ਪਤਨੀ ਸੰਗੀਤਾ, ਬੇਟੇ ਪ੍ਰਤੀਕ ਅਤੇ ਉਨ੍ਹਾਂ ਸਾਰੇ ਹੀ ਦੋਸਤ ਮਿੱਤਰਾਂ ਦਾ ਸ਼ੁਕਰਗੁਜ਼ਾਰ ਹਾਂ। ਉਹ ਜਾਂ ਤਾਂ ਇਸ ਰਾਹ ''ਚ ਮੇਰੇ ਹਮਸਫ਼ਰ ਹਨ ਜਾਂ ਫਿਰ ਮੇਰੇ ਇਸ ਰਾਹ ''ਤੇ ਚੱਲਦਾ ਰਹਾਂ, ਇਸ ਦਾ ਸਪੋਰਟ ਸਿਸਟਮ ਬਣੇ ਹੋਏ ਹਨ।
ਪਿਛਲੇ ਦਿਨੀਂ ਅਸੀਂ ਇਲਾਜ ਦੇ ਲਈ ਮੁੰਬਈ ''ਚ ਸੀ। 20 ਕੀਮੋ ਅਤੇ ਸਵਾ ਸਾਲ ਦੀਆਂ ਟਾਰਗੇਟਿਡ ਥੈਰੇਪੀਆਂ ਤੋਂ ਬਾਅਦ ਇਹ ਮੇਰਾ ਪੰਜਵਾਂ ਫਾਲੋਅਪ ਸੀ।
ਸੀਟੀ ਸਕੈਨ ਅਤੇ ਮੇਰੀ ਓਪੀਡੀ ਵਿਚਕਾਰ ਚਾਰ ਰਾਤਾਂ ਅਤੇ ਪੰਜ ਤਾਰੀਖਾਂ ਦਾ ਵਕਫ਼ਾ ਸੀ। ਮੈਂ ਇਹ ਤਾਰੀਖਾਂ ਕੈਂਸਰ ਦੀ ਚਿੰਤਾ ਤੋਂ ਦੂਰ ਗੋਆ ''ਚ ਬਿਤਾਉਣ ਦਾ ਸੋਚਿਆ।
ਸਾਰੇ ਸਰੀਰ ''ਤੇ ਅਣਗਿਣਤ ਜ਼ਖਮ
ਪਤਨੀ ਅੱਗੇ ਇਹ ਬਾਰੇ ਪ੍ਰਸਤਾਵ ਰੱਖਿਆ ਅਤੇ ਸੀਟੀ ਸਕੈਨ ਕਰਵਾਉਣ ਤੋਂ ਬਾਅਦ ਅਸੀਂ ਹਸਪਤਾਲ ਤੋਂ ਸਿੱਧੇ ਹਵਾਈ ਅੱਡੇ ਪਹੁੰਚੇ। ਕੁਝ ਘੰਟਿਆਂ ਬਾਅਦ ਅਸੀਂ ਗੋਆ ''ਚ ਸੀ। ਜਾਣਦੇ ਹੋ ਕਿਉਂ? ਕਿਉਂਕਿ ਮੈਂ ਕੈਂਸਰ ਦੇ ਡਰ ਨੂੰ ਦਹਿਸ਼ਤ ''ਚ ਬਦਲਣ ਦੇ ਖਿਲਾਫ ਹਾਂ। ਮੈਂ ਮੌਤ ਦੇ ਸੱਚ ਤੋਂ ਮੂੰਹ ਲੁਕਾਉਣ ਵਾਲਿਆਂ ਦੇ ਖਿਲਾਫ ਹਾਂ।
ਜਿਸ ਸਮੇਂ ਸਾਡਾ ਜਨਮ ਹੋਇਆ ਉਸੇ ਸਮੇਂ ਹੀ ਸਾਡਾ ਮਰਨਾ ਵੀ ਤੈਅ ਹੋ ਗਿਆ ਸੀ। ਫਿਰ ਜੋ ਨਿਸ਼ਚਿਤ ਹੈ, ਉਸ ਤੋਂ ਡਰਨਾ ਕਿਉਂ? ਮੈਂ ਇਸੇ ਡਰ ਨੂੰ ਹਲਕਾ ਕਰਨ ਲਈ ਗੋਆ ਗਿਆ।
ਮੈਂ ਇਸ ਗੱਲ ਤੋਂ ਜਾਣੂ ਸੀ ਕਿ ਟਾਰਗੇਟਿਡ ਥੈਰੇਪੀ ਦੇ ਮਾੜੇ ਪ੍ਰਭਾਵਾਂ ਦੇ ਕਾਰਨ ਮੇਰੇ ਸਰੀਰ ''ਚ ਅਣਗਿਣਤ ਜ਼ਖਮ ਹਨ। ਉਨ੍ਹਾਂ ''ਚ ਦਰਦ ਵੀ ਹੈ, ਪਰ ਮੈਂ ਇਸ ਦਰਦ ਨੂੰ ਆਪਣੇ ''ਤੇ ਹਾਵੀ ਨਹੀਂ ਹੋਣ ਦੇਣਾ ਚਾਹੁੰਦਾ।
ਅਸੀਂ ਆਪਣੀਆਂ ਚਾਰ ਰਾਤਾਂ ਗੋਆ ''ਚ ਮਸਤੀ ਕਰਦਿਆਂ ਬਤੀਤ ਕੀਤੀਆਂ। ਸਿਰਫ ਇਨਾਂ ਯਾਦ ਰੱਖਿਆ ਕਿ ਦਵਾਈਆਂ ਸਮੇਂ ਸਿਰ ਖਾਣੀਆਂ ਹਨ। ਇਸ ਤੋਂ ਇਲਾਵਾ ਮੇਰਾ ਕੈਂਸਰ ਕਿਤੇ ਵੀ ਨਹੀਂ ਸੀ।
ਅਸੀਂ ਖੰਡਰਾਂ, ਚਰਚ ਅਤੇ ਮੰਦਰਾਂ ''ਚ ਗਏ। ਬੀਚਾਂ ਦਾ ਮਜ਼ਾ ਲਿਆ, ਸਮੁੰਦਰ ''ਚ ਨਹਾਏ ਅਤੇ ਸਮੁੰਦਰ ਕੰਢੇ ਹੀ ਆਪਣੀਆਂ ਰਾਤਾਂ ਦਾ ਵਧੇਰੇ ਸਮਾਂ ਗੁਜ਼ਾਰਿਆ। ਡਿਸਕੋ ''ਚ ਵੀ ਗਏ, ਬਹੁਤ ਖਾਧਾ।
ਮੌਤ ਜੇ ਹੱਸਦੇ ਹੋਏ ਆ ਜਾਵੇ…
ਅਸੀਂ ਹੱਸੇ ਅਤੇ ਇਹ ਯੋਜਨਾ ਬਣਾਈ ਕਿ ਮੁੰਬਈ ਵਾਪਸ ਆ ਕੇ ਓਪੀਡੀ ''ਚ ਡਾਕਟਰ ਨਾਲ ਕੀ ਗੱਲ ਕਰਨੀ ਹੈ।
ਜਦੋਂ ਅਸੀਂ ਗੋਆ ''ਚ ਅਰਬ ਸਾਗਰ ਦੀਆਂ ਨੀਲੀਆਂ ਲਹਿਰਾਂ ਦੇ ਉੱਪਰ ਪੈਰਾਸੇਲਿੰਗ (ਸਮੁੰਦਰ ਕਾਰਨ ਪੈਰਾਸੇਲਿੰਗ, ਬਾਕੀ ਥਾਵਾਂ ''ਤੇ ਇਸ ਨੂੰ ਪੈਰਾਗਲਾਇਡਿੰਗ ਕਿਹਾ ਜਾਂਦਾ ਹੈ) ਕਰਨ ਲਈ ਜਾ ਰਹੇ ਸੀ ਤਾਂ, ਮੇਰੀ ਪਤਨੀ ਨੇ ਪੁੱਛਿਆ, "ਜੇ ਉੱਪਰ ਹਵਾ ''ਚ ਹੀ ਤੁਹਾਡੇ ਸਾਂਹ ਰੁੱਕ ਗਏ ਫਿਰ? ਉਨ੍ਹਾਂ ਨੇ ਇਹ ਗੱਲ ਸ਼ਾਇਦ ਇਸ ਲਈ ਪੁੱਛੀ ਕਿਉਂਕਿ ਮੈਨੂੰ ਫੇਫੜਿਆਂ ਦਾ ਕੈਂਸਰ ਹੈ।"
ਮੇਰਾ ਜਵਾਬ ਸੀ, "ਮੌਤ ਜੇ ਹੱਸਦੇ ਹੋਏ ਆ ਜਾਵੇ ਤਾਂ ਇਸ ਤੋਂ ਵਧੀਆ ਮੌਤ ਹੋ ਹੀ ਨਹੀਂ ਸਕਦੀ। ਵੈਸੇ ਮੈਂ ਅਜੇ ਮਰਨ ਵਾਲਾ ਨਹੀਂ ਹਾਂ। ਮੈਨੂੰ ਕੁਝ ਨਹੀਂ ਹੋਵੇਗਾ।"
ਅਸੀਂ ਦੋਵਾਂ ਨੇ ਹੱਸਦਿਆਂ ਹੋਇਆਂ ਪੈਰਾਸੇਲਿੰਗ ਕੀਤੀ।
ਹੁਣ ਅਸੀਂ ਪਹਾੜਾਂ ''ਤੇ ਜਾਣ ਦੀ ਯੋਜਨਾ ਬਣਾ ਰਹੇ ਹਾਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਮੌਤ ਦਾ ਤਜ਼ਰਬਾ ਨਹੀਂ ਹੁੰਦਾ। ਤਜ਼ਰਬਾ ਤਾਂ ਸਿਰਫ ਜ਼ਿੰਦਗੀ ਦਾ ਹੁੰਦਾ ਹੈ ਅਤੇ ਅਸੀਂ ਤਜ਼ਰਬੇ ਦੀ ਕਹਾਣੀ ਸਾਰਿਆਂ ਨੂੰ ਸੁਣਾਉਣਾ ਚਾਹੁੰਦੇ ਹਾਂ, ਤਾਂ ਜੋ ਕਿਸੇ ਦਾ ਵੀ ਡਰ ਦਹਿਸ਼ਤ ਨਾ ਬਣੇ।
ਕੈਂਸਰ ਦੇ ਨਾਲ ਇੰਝ ਵੀ ਰਿਹਾ ਜਾ ਸਕਦਾ ਹੈ ਦੋਸਤੋ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=UgUjEersR1U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0b403fb6-dc4a-46a8-b921-38d937450269'',''assetType'': ''STY'',''pageCounter'': ''punjabi.india.story.61240470.page'',''title'': ''ਕੈਂਸਰ ਨਾਲ ਪੀੜਤ ਸ਼ਖਸ ਦੀ ਹੱਡਬੀਤੀ, \''ਹਾਂ, ਮੈਨੂੰ ਕੈਂਸਰ ਹੈ ਅਤੇ ਮੈਂ ਜਿਉਣਾ ਚਾਹੁੰਦਾ ਹਾਂ\'''',''author'': ''ਰਵੀ ਪ੍ਰਕਾਸ਼'',''published'': ''2022-04-27T10:56:52Z'',''updated'': ''2022-04-27T10:56:52Z''});s_bbcws(''track'',''pageView'');