ਤਾਜ ਮਹਿਲ: ਸ਼ਾਹਜਹਾਂ ਅਤੇ ਮੁਮਤਾਜ਼ ਮਹਿਲ ਦਾ ਨਿਕਾਹ ਤੇ ਉਹ ਪੰਜ ਸਾਲ...

Wednesday, Apr 27, 2022 - 12:22 PM (IST)

ਤਾਜ ਮਹਿਲ: ਸ਼ਾਹਜਹਾਂ ਅਤੇ ਮੁਮਤਾਜ਼ ਮਹਿਲ ਦਾ ਨਿਕਾਹ ਤੇ ਉਹ ਪੰਜ ਸਾਲ...
ਮੁਮਤਾਜ਼ ਅਤੇ ਸ਼ਾਹਜਹਾਂ
Getty Images

ਨਵਰੋਜ਼ ਦਾ ਜਸ਼ਨ ਸੀ, ਨਵੇਂ ਸਾਲ ਦੀ ਖ਼ੁਸ਼ੀ ਵਿੱਚ ਮੀਨਾ ਬਜ਼ਾਰ ਨੂੰ ਸਜਾਇਆ ਗਿਆ ਸੀ।

ਮਹਿਲ ਦੀਆਂ ਔਰਤਾਂ ਦੁਕਾਨਾਂ ਸਜਾ ਕੇ ਗਹਿਣੇ, ਮਸਾਲੇ ਅਤੇ ਹੋਰ ਚੀਜ਼ਾਂ ਵੇਚ ਰਹੀਆਂ ਸਨ ਤਾਂ ਜੋ ਇਸ ਨਾਲ ਹੋਣ ਵਾਲੀ ਆਮਦਨੀ ਨਾਲ ਗ਼ਰੀਬਾਂ ਦੀ ਮਦਦ ਕੀਤੀ ਜਾ ਸਕੇ।

ਕਿਉਂਕਿ ਔਰਤਾਂ ਬਿਨਾਂ ਨਕਾਬ ਦੇ ਸਨ, ਇਸ ਲਈ ਸਿਰਫ਼ ਸ਼ਹਿਨਸ਼ਾਹ ਜਹਾਂਗੀਰ ਜਾਂ ਸ਼ਹਿਜ਼ਾਦੇ ਹੀ ਉੱਥੇ ਆ ਸਕਦੇ ਸਨ। ਸ਼ਹਿਜ਼ਾਦੇ ਖ਼ੁਰੱਮ ਵੀ ਉੱਥੇ ਆਏ।

ਇੱਕ ਦੁਕਾਨ ''ਤੇ ਉਨ੍ਹਾਂ ਨੇ ਇੱਕ ਕੁੜੀ ਨੂੰ ਕੀਮਤੀ ਪੱਥਰ ਅਤੇ ਰੇਸ਼ਮ ਵੇਚਦਿਆਂ ਦੇਖਿਆ। ਕੋਮਲ ਅਤੇ ਨਾਜ਼ੁਕ ਹੱਥਾਂ ਨਾਲ ਉਹ ਬਹੁਤ ਸੋਹਣੇ ਕੱਪੜੇ ਨੂੰ ਤਹਿ ਲਗਾ ਰਹੀ ਸੀ।

ਇੱਕ ਪਲ ਲਈ ਦੋਵਾਂ ਦੀਆਂ ਅੱਖਾਂ ਚਾਰ ਹੋਈਆਂ। ਖ਼ੁਰੱਮ ਦਾ ਦਿਲ ਤੇਜ਼ੀ ਨਾਲ ਧੜਕਿਆ, ਆਵਾਜ਼ ਸੁਣਨ ਲਈ ਪੁੱਛਿਆ - ਇਹ ਪੱਥਰ ਕਿਵੇਂ ਦਾ ਹੈ?

ਪੱਥਰ ਚੁੱਕਦਿਆਂ ਕੁੜੀ ਨੇ ਕਿਹਾ, ''''ਜਨਾਬ, ਇਹ ਕੀਮਤੀ ਹੀਰਾ ਹੈ। ਕੀ ਤੁਹਾਨੂੰ ਇਸ ਦੀ ਚਮਕ ਤੋਂ ਅੰਦਾਜ਼ਾ ਨਹੀਂ ਹੋਇਆ? ਇਸ ਦੀ ਕੀਮਤ 10 ਹਜ਼ਾਰ ਰੁਪਏ ਹੈ।''''

ਜਦੋਂ ਖ਼ੁਰੱਮ ਕੀਮਤ ਅਦਾ ਕਰਨ ਲਈ ਤਿਆਰ ਹੋ ਗਏ ਤਾਂ ਕੁੜੀ ਹੈਰਾਨ ਰਹਿ ਗਈ। ਉਹ ਬੋਲੇ, ''''ਹੁਣ ਜਦੋਂ ਇਸ ਉੱਤੇ ਤੁਹਾਡਾ ਹੱਥ ਲੱਗਿਆ ਹੈ, ਤਾਂ ਇਹ ਕੀਮਤ ਕੁਝ ਵੀ ਨਹੀਂ।''''

ਕੁੜੀ ਨੇ ਸ਼ਰਮਾ ਕੇ ਨਜ਼ਰਾਂ ਝੁਕਾ ਲਈਆਂ। ਖ਼ੁਰੱਮ ਨੇ ਕਿਹਾ, ''''ਅਗਲੀ ਮੁਲਾਕਾਤ ਤੱਕ ਮੈਂ ਇਸ ਨੂੰ ਦਿਲ ਦੇ ਕੋਲ ਰੱਖਾਂਗਾ।''''

ਕੁੜੀ ਨੂੰ ਅਹਿਸਾਸ ਹੋਇਆ ਕਿ ਹੁਣ ਇਹ ਖੇਡ ਨਹੀਂ ਰਹੀ ਤਾਂ ਉਸ ਨੇ ਕੰਬਦੀ ਹੋਈ ਆਵਾਜ਼ ''ਚ ਪੁੱਛਿਆ, ''''ਤੇ ਇਹ (ਮੁਲਾਕਾਤ) ਕਦੋਂ ਹੋਵੇਗੀ?''''

ਕੈਰੋਲੀਨ ਅਰਨੋਲਡ ਅਤੇ ਮੇਡੇਲੀਨ ਕੋਮੁਰਾ ਦੀ ਕਿਤਾਬ

ਖ਼ੁਰੱਮ ਨੇ ਕਿਹਾ ''''ਜਿਸ ਦਿਨ ਸਾਡੇ ਦਿਲ ਮਿਲਣਗੇ ਅਤੇ ਫ਼ਿਰ ਮੈਂ ਸਿਤਾਰਿਆਂ ਵਾਂਗ ਚਮਕਦੇ ਹੋਏ ਅਸਲੀ ਹੀਰੇ ਤੁਹਾਡੇ ''ਤੇ ਲੁਟਾ ਦੇਵਾਂਗਾ।''''

ਕੈਰੋਲੀਨ ਅਰਨੋਲਡ ਅਤੇ ਮੇਡੇਲੀਨ ਕੋਮੁਰਾ ਨੇ ਆਪਣੀ ਕਿਤਾਬ ''ਤਾਜ ਮਹਿਲ'' ''ਚ ਇਸ ਘਟਨਾ ਬਾਰੇ ਲਿਖਦੇ ਹੋਏ ਦੱਸਿਆ ਕਿ ਇਹ ਕੁੜੀ ਅਰਜੁਮੰਦ ਬਾਨੋ ਸੀ।

ਉਨ੍ਹਾਂ ਦੇ ਦਾਦਾ ਮਿਰਜ਼ਾ ਗ਼ਯਾਸ ਬੇਗ (ਜਿਨ੍ਹਾਂ ਨੂੰ ਏਤਮਾਦ-ਉਲ-ਦੌਲਾ ਯਾਨੀ ''ਸ਼ਾਸਨ ਦਾ ਥੰਮ'' ਵੀ ਕਿਹਾ ਜਾਂਦਾ ਹੈ) ਮੁਗ਼ਲ ਸਮਰਾਟ ਅਕਬਰ ਦੇ ਸ਼ਾਸਨਕਾਲ ਦੌਰਾਨ ਸ਼ਾਹੀ ਦਰਬਾਰ ''ਚ ਸ਼ਾਮਲ ਹੋਏ ਅਤੇ ਬਾਅਦ ਵਿੱਚ (ਪ੍ਰਧਾਨ) ਮੰਤਰੀ ਬਣੇ।

ਇਹ ਵੀ ਪੜ੍ਹੋ:

ਉਨ੍ਹਾਂ ਦੀ ਭੂਆ ਮਹਿਰ-ਉ-ਨਿਸਾ ਨੇ ਸਾਲ 1611 ਵਿੱਚ ਬਾਦਸ਼ਾਹ ਜਹਾਂਗੀਰ ਨਾਲ ਵਿਆਹ ਕੀਤਾ ਅਤੇ ਨੂਰਜਹਾਂ ਦੇ ਨਾਮ ਨਾਲ ਮਸ਼ਹੂਰ ਹੋਈ।

ਮੁਇਨ-ਉਲ-ਆਸਾਰ ਵਿੱਚ ਲਿਖਿਆ ਹੈ ਕਿ ਪਿਤਾ ਅਤੇ ਦਾਦਾ ਨੇ ਅਰਜੁਮੰਦ ਦੀ ਸੁੰਦਰਤਾ, ਸਮਝ ਅਤੇ ਦੂਰਦਰਸ਼ੀ ਸੋਚ ਨੂੰ ਦੇਖਦੇ ਹੋਏ ਉੱਚ ਪੱਧਰ ਦੀ ਸਿੱਖਿਆ ਦਿੱਤੀ।

ਮਾਂ ਦੇ ਪਾਸ਼ਣ-ਪੋਸ਼ਣ ਨੇ ਇਸ ਵਿੱਚ ਚਾਰ ਚੰਨ੍ਹ ਲਗਾ ਦਿੱਤੇ। ਜਦੋਂ ਪੜ੍ਹਾਈ ਲਿਖਾਈ ਪੂਰੀ ਹੋਈ ਤਾਂ ਹਰ ਪਾਸੇ ਉਸ ਦੀ ਸੁੰਦਰਤਾ ਦੀ ਚਰਚਾ ਸੀ ਅਤੇ ਘਰ-ਘਰ ਵਿੱਚ ਉਨ੍ਹਾਂ ਦੇ ਗਿਆਨ ਅਤੇ ਨਿਮਰ ਸੁਭਾਅ ਦਾ ਜ਼ਿਕਰ ਸੀ।

''ਪਾਦਸ਼ਾਹ ਨਾਮਾ'' ''ਚ ਖ਼ੁਰੱਮ ਦੇ ਵਿਆਹ ਦਾ ਜ਼ਿਕਰ

ਰੇਣੁਕਾ ਨਾਥ ਨੇ ਆਪਣੀ ਕਿਤਾਬ ''ਨੋਟੇਬਲ ਮੁਗ਼ਲ ਐਂਡ ਹਿੰਦੂ ਵੁਮਨ ਇਨ ਦਿ ਸਿਕਸਟੀਂਥ ਐਂਡ ਸੈਵੇਂਟੀਂਥ ਸੈਂਚੁਰੀਜ਼ ਏ. ਡੀ. '' ਵਿੱਚ ਲਿਖਿਆ ਹੈ ਕਿ ਅਰਜੁਮੰਦ ਗਿਆਨ ਦੇ ਖ਼ੇਤਰ ਵਿੱਚ ਅੱਗੇ ਸੀ ਅਤੇ ਇੱਕ ਪ੍ਰਤਿਭਾਸ਼ਾਲੀ ਤੇ ਸੱਭਿਅਕ ਔਰਤ ਸੀ।

ਮੁਮਤਾਜ਼ ਅਤੇ ਸ਼ਾਹਜਹਾਂ
Getty Images

ਉਹ ਅਰਬੀ ਅਤੇ ਫ਼ਾਰਸੀ ਭਾਸ਼ਾਵਾਂ ਵਿੱਚ ਮਾਹਰ ਸੀ ਅਤੇ ਕਵਿਤਾਵਾਂ ਲਿਖ ਸਕਦੀ ਸੀ। ਵਾਲਡੇਮਰ ਹੈਨਸੇਨ ਮੁਤਾਬਕ, ਉਹ ਆਪਣੀ ਸ਼ਿਸ਼ਟਾਚਾਰ ਅਤੇ ਚੰਗੇ ਵਿਵਹਾਰ ਲਈ ਮਸ਼ਹੂਰ ਸੀ।

ਜਹਾਂਗੀਰ ਨੇ ਉਨ੍ਹਾਂ ਬਾਰੇ ਜ਼ਰੂਰ ਸੁਣਿਆ ਹੋਵੇਗਾ ਕਿਉਂਕਿ ਉਹ ਆਪਣੇ ਬੇਟੇ ਸ਼ਹਾਬੁਦੀਨ ਮੁਹੰਮਦ ਖ਼ੁਰੱਮ ਦੇ ਸੁਝਾਅ ਉੱਤੇ ਮੰਗਣੀ ਲਈ ਆਸਾਨੀ ਨਾਲ ਰਾਜ਼ੀ ਹੋ ਗਏ ਸਨ।

ਮਾਸਰ-ਉਲ-ਅਮਰਾ ਮੁਤਾਬਕ, ਜਹਾਂਗੀਰ ਨੇ ਸ਼ਾਲੀਨਤਾ ਅਤੇ ਕੁਲੀਨਤਾ ਦਾ ਸਤਿਕਾਰ ਕਰਦਿਆਂ ਅਰਜੁਮੰਦ ਬਾਨੋ ਬੇਗਮ ਨਾਲ ਖ਼ੁਰੱਮ ਦੀ ਮੰਗਣੀ ਕੀਤੀ ਅਤੇ ਰਸਮ ਅਨੁਸਾਰ ਖ਼ੁਦ ਆਪਣੇ ਹੱਥ ਨਾਲ ਮੁੰਦਰੀ ਪਹਿਨਾਈ।

ਮੁਹੰਮਦ ਅਮੀਨ ਕਜ਼ਵੀਨੀ ਨੇ ''ਪਾਦਸ਼ਾਹ ਨਾਮਾ'' ਵਿੱਚ ਲਿਖਿਆ ਹੈ ਕਿ ਜਹਾਂਗੀਰ ਦੀ ਪਤਨੀ ਨੂਰਜਹਾਂ ਨੇ ਆਪਣੀ ਭਤੀਜੀ ਦੇ ਨਾਲ ਸ਼ਹਿਜ਼ਾਦਾ ਖ਼ੁਰੱਮ ਦਾ ਵਿਆਹ ਤੈਅ ਕਰਨ ਵਿੱਚ ਖ਼ਾਸ ਦਿਲਚਸਪੀ ਲਈ।

ਮੰਗਣੀ ਅਤੇ ਵਿਆਹ ਦੇ ਦਰਮਿਆਨ

ਦਰਬਾਰੀ ਜੋਯਤਸ਼ੀਆਂ ਵੱਲੋਂ ਵਿਆਹ ਲਈ ਚੁਣੇ ਜਾਣ ਵਾਲੀ ਸ਼ੁੱਭ ਮਿਤੀ ਲਈ ਮੰਗਣੀ ਤੋਂ ਬਾਅਦ ਪੰਜ ਸਾਲਾਂ ਤੱਕ ਇੰਤਜ਼ਾਰ ਕਰਨਾ ਪਿਆ। ਸਾਲ 1607 ਵਿੱਚ ਹੋਣ ਵਾਲੀ ਮੰਗਣੀ ਤੋਂ ਬਾਅਦ ਸਾਲ 1612 ਵਿੱਚ ਇਹ ਵਿਆਹ ਸ਼ਾਨ- ਓ-ਸ਼ੌਕਤ ਦੇ ਨਾਲ ਹੋਇਆ।

ਮੁਇਨ-ਉਲ-ਆਸਾਰ ਵਿੱਚ ਲਿਖਿਆ ਹੈ ਕਿ ''ਵਿਆਹ ਸਮਾਗਮ ਏਤੇਮਾਦ-ਉਦ-ਦੌਲਾ ਮਿਰਜ਼ਾ ਗ਼ਯਾਸ ਦੇ ਘਰ ਹੋਇਆ ਅਤੇ ਉਸ ਨਾਲ ਜੁੜੀਆਂ ਸਾਰੀਆਂ ਰਸਮਾਂ ਵੀ ਉੱਥੇ ਹੀ ਨਿਭਾਈਆਂ ਗਈਆਂ। ਜਹਾਂਗੀਰ ਨੇ ਖ਼ੁਦ ਲਾੜੇ ਦੀ ਪੱਗ ਉੱਤੇ ਮੋਤੀਆਂ ਦਾ ਹਾਰ ਬੰਨ੍ਹਿਆਂ ਅਤੇ ਮੇਹਰ ਦੀ ਰਕਮ ਪੰਜ ਲੱਖ ਰੁਪਏ ਤੈਅ ਕੀਤੀ ਗਈ।''

''ਖ਼ੁਰੱਮ ਦੀ ਉਮਰ 20 ਸਾਲ ਇੱਕ ਮਹੀਨੇ ਅੱਠ ਦਿਨ ਸੀ ਅਤੇ ਬੇਗ਼ਮ ਦੀ ਉਮਰ 19 ਸਾਲ ਅਤੇ ਇੱਕ ਦਿਨ ਸੀ।''

''ਚੰਦਰਪੰਤ ਮੁਤਾਬਕ, ਸ਼ਹਿਜ਼ਾਦਾ ਖ਼ੁਰੱਮ ਨੇ ''ਉਨ੍ਹਾਂ ਨੂੰ ਉਸ ਸਮੇਂ ਦੀਆਂ ਤਮਾਮ ਔਰਤਾਂ ਵਿੱਚ ਰੰਗ ਤੇ ਰੂਪ ਅਤੇ ਕਿਰਦਾਰ ਵਿੱਚ ਸਭ ਤੋਂ ਖ਼ਾਸ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ ਮੁਮਤਾਜ਼ ਮਹਿਲ ਦੀ ਉਪਾਧੀ ਦਿੱਤੀ।''

ਇਹ ਵੀ ਪੜ੍ਹੋ:

ਉਨ੍ਹਾਂ ਦੀ ਮੰਗਣੀ ਅਤੇ ਵਿਆਹ ਵਿਚਾਲੇ ਦੇ ਸਾਲਾਂ ਦੌਰਾਨ, ਖੁਰਰਮ ਨੇ ਸਾਲ 1610 ਵਿੱਚ ਆਪਣੀ ਪਹਿਲੀ ਪਤਨੀ, ਸ਼ਹਿਜ਼ਾਦੀ ਕੰਧਾਰੀ ਬੇਗਮ ਨਾਲ ਵਿਆਹ ਕੀਤਾ ਅਤੇ ਮੁਮਤਾਜ਼ ਨਾਲ ਵਿਆਹ ਤੋਂ ਬਾਅਦ ਸਾਲ 1617 ਵਿੱਚ ਤੀਜੀ ਪਤਨੀ, ਇੱਕ ਮੁਗ਼ਲ ਦਰਬਾਰੀ ਦੀ ਬੇਟੀ ਇੱਜੁਨਿਸਾ ਬੇਗਮ (ਅਕਬਰਾਬਾਦੀ ਮਹਿਲ) ਨੂੰ ਬਣਾਇਆ। ਦਰਬਾਰੀ ਇਤਿਹਾਸਕਾਰਾਂ ਮੁਤਾਬਕ ਦੋਵੇਂ ਹੀ ਵਿਆਹ ਇੱਕ ਰਾਜਨੀਤਿਕ ਗੱਠਜੋੜ ਸਨ।

ਦਰਬਾਰੀ ਇਤਿਹਾਸਕਾਰ ਮੋਤਮਿਦ ਖ਼ਾਨ ''ਇਕਬਾਲਨਾਮਾ ਜਹਾਂਗੀਰੀ'' ਵਿੱਚ ਕਹਿੰਦੇ ਹਨ ਕਿ ਜੋ ਨੇੜਤਾ, ਡੂੰਘਾ ਪਿਆਰ ਅਤੇ ਤਵੱਜੋ ਮੁਮਤਾਜ਼ ਮਹਿਲ ਲਈ ਸੀ, ਉਹ ਹੋਰ ਪਤਨੀਆਂ ਲਈ ਨਹੀਂ ਸੀ।

ਸ਼ਾਹਜਹਾਂ ਦੀ ਉਪਾਧੀ

ਇਸੇ ਤਰ੍ਹਾਂ, ਇਤਿਹਾਸਕਾਰ ਇਨਾਇਤ ਖ਼ਾਨ ਨੇ ਟਿੱਪਣੀ ਕੀਤੀ ਕਿ ''''ਉਨ੍ਹਾਂ ਦੀ ਸਾਰੀ ਖ਼ੁਸ਼ੀ ਇਸ ਪ੍ਰਸਿੱਧ ਔਰਤ (ਮੁਮਤਾਜ਼ ਮਹਿਲ) ਉੱਤੇ ਕੇਂਦਰਿਤ ਸੀ, ਇਸ ਹੱਦ ਤੱਕ ਕਿ ਦੂਜੀ ਪਤਨੀਆਂ ਲਈ ਉਸ ਪਿਆਰ ਦਾ ਹਜ਼ਾਰਵਾਂ ਹਿੱਸਾ ਵੀ ਨਹੀਂ ਸੀ ਜੋ ਮੁਮਤਾਜ਼ ਮਹਿਲ ਲਈ ਸੀ।''''

ਜ਼ਫ਼ਰਨਾਮਾ ਸ਼ਾਹਜਹਾਂ ਵਿੱਚ ਲਿਖਿਆ ਹੈ ਕਿ ''''ਸਾਲ 1628 ਵਿੱਚ 36 ਸਾਲ ਦੀ ਉਮਰ ''ਚ ਸ਼ਹਾਬੁਦੀਨ ਮੁਹੰਮਦ ਖੁਰਰਮ ਨੇ ਸ਼ਾਹਜਹਾਂ ਦੀ ਉਪਾਧੀ ਧਾਰਨ ਕੀਤੀ ਅਤੇ ਗੱਦੀ ਉੱਤੇ ਬੈਠੇ। ਆਸਿਫ਼ ਖ਼ਾਨ (ਪ੍ਰਧਾਨ) ਮੰਤਰੀ ਬਣੇ। ਖ਼ੁਸ਼ੀ ਮਨਾਈ ਗਈ, ਇੱਕ ਕਰੋੜ 80 ਲੱਖ ਰੁਪਏ ਨਗਦ ਅਤੇ ਮਾਲ ਦੇ ਰੂਪ ''ਚ ਅਤੇ ਚਾਰ ਲੱਖ ਬੀਘਾ ਜ਼ਮੀਨ ਤੇ 120 ਪਿੰਡ ਦਾਨ ਅਤੇ ਇਨਾਮ ਦਿੱਤੇ।''''

शाहजहां
Getty Images

ਇਸੇ ਤਰ੍ਹਾਂ ਦਾ ਸਮਾਗਮ ਮੁਮਤਾਜ਼ ਮਹਿਲ ਨੇ ਕਰਵਾਇਆ ਅਤੇ ਗਹਿਣਿਆਂ, ਸੋਨੇ ਅਤੇ ਚਾਂਦੀ ਦੇ ਫੁੱਲਾਂ ਨਾਲ ਸ਼ਾਹਜਹਾਂ ਦੀ ਨਜ਼ਰ ਉਤਾਰੀ।

ਬਾਦਸ਼ਾਹ ਨੇ ਦੋ ਲੱਖ ਅਸ਼ਰਫ਼ੀਆਂ ਅਤੇ ਕੁਝ ਲੱਖ ਰੁਪਏ ਮੁਮਤਾਜ਼ ਮਹਿਲ ਨੂੰ ਦਿੱਤੇ ਅਤੇ ਦੱਸ ਲੱਖ ਰੁਪਏ ਸਾਲਾਨਾ ਵਜ਼ੀਫ਼ਾ ਤੈਅ ਕੀਤਾ ਅਤੇ (ਦੂਜੀ) ਬੇਗ਼ਮ ਸਾਹਿਬਾ ਨੂੰ ਇੱਕ ਲੱਖ ਅਸ਼ਰਫ਼ੀ ਅਤੇ ਚਾਰ ਲੱਖ ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਛੇ ਲੱਖ ਰੁਪਏ ਸਾਲਾਨਾ ਐਲਾਨੇ ਗਏ।

ਮੇਹਰ ਸ਼ਾਹੀ ਮੁਮਤਾਜ਼ ਨੂੰ ਸੌਂਪ ਦਿੱਤੀ ਗਈ, ਬਹੁਤ ਜ਼ਿਆਦਾ ਆਮਦਨ ਵਾਲੀਆਂ ਜ਼ਮੀਨਾਂ ਅਤੇ ਜਾਇਦਾਦਾਂ ਦਿੱਤੀਆਂ ਗਈਆਂ।

ਜਸਵੰਤ ਲਾਲ ਮਹਿਤਾ ਲਿਖਦੇ ਹਨ ਕਿ ''''ਸ਼ਾਹਜਹਾਂ ਨੇ ਮੁਮਤਾਜ ਨੂੰ ''ਪਾਦਸ਼ਾਹ ਬੇਗ਼ਮ'' (ਮਹਿਲਾ ਸ਼ਹਿੰਸ਼ਾਹ), ''ਮਲਿਕਾ-ਏ-ਜਹਾਂ'' (ਵਿਸ਼ਵ ਦੀ ਰਾਣੀ) ਅਤੇ ''ਮਲਿਕਾ-ਉਜ਼-ਜ਼ਮਾ'' (ਜ਼ਮਾਨੇ ਦੀ ਰਾਣੀ) ਅਤੇ ''ਮਲਿਕਾ-ਏ-ਹਿੰਦ'' (ਹਿੰਦੁਸਤਾਨ ਦੀ ਰਾਣੀ) ਦੀਆਂ ਉਪਾਧੀਆਂ ਦਿੱਤੀਆਂ ਗਈਆਂ। ਸ਼ਾਹਜਹਾਂ ਨੇ ਉਨ੍ਹਾਂ ਨੂੰ ਅਜਿਹੀਆਂ ਸੁੱਖ ਸੁਵਿਧਾਵਾਂ ਦਿੱਤੀਆਂ ਜੋ ਉਨ੍ਹਾਂ ਤੋਂ ਪਹਿਲਾਂ ਕਿਸੇ ਹੋਰ ਮਲਿਕਾ ਨੂੰ ਨਹੀਂ ਦਿੱਤੀਆਂ ਗਈਆਂ।''''

ਰਾਜਨੀਤਿਕ ਸੱਤਾ

ਉਨ੍ਹਾਂ ਨੂੰ ਹਜ਼ਰਤ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਸੀ। ਕਿਸੇ ਮਲਿਕਾ ਦੀ ਰਿਹਾਇਸ਼ ਉਸ ਕਦਰ ਸਜ਼ੀ ਨਹੀਂ ਸੀ ਜਿੰਨਾ ਖ਼ਾਸ ਮਹਿਲ ਸੀ (ਆਗਰਾ ਦੇ ਕਿਲੇ ਦਾ ਹਿੱਸਾ), ਜਿੱਥੇ ਮੁਮਤਾਜ਼ ਸ਼ਾਹਜਹਾਂ ਦੇ ਨਾਲ ਰਹਿੰਦੀ ਸੀ। ਇਸ ਨੂੰ ਸ਼ੁੱਧ ਸੋਨੇ ਅਤੇ ਕੀਮਤੀ ਪੱਥਰਾਂ ਨਾਲ ਸਜਾਇਆ ਗਿਆ ਸੀ ਅਤੇ ਇਸ ਵਿੱਚ ਗੁਲਾਬ ਜਲ ਦੇ ਫੁਆਰੇ ਸਨ।

ਉਹ ਹਮੇਸ਼ਾ ਸ਼ਾਹਜਹਾਂ ਦੀ ਵਿਸ਼ਵਾਸ ਵਾਲੀ ਸਾਥੀ, ਵਿਸ਼ਵਾਸ ਪਾਤਰ ਅਤੇ ਸਲਾਹਕਾਰ ਸੀ। ਫ਼ਿਰ ਵੀ ਉਨ੍ਹਾਂ ਨੇ ਆਪਣੇ ਲਈ ਰਾਜਨੀਤਿਕ ਸੱਤਾ ਨਹੀਂ ਚਾਹੀ। ਮਲਿਕਾ ਦੇ ਰੂਪ ਵਿੱਚ ਮੁਮਤਾਜ਼ ਮਹਿਲ ਦਾ ਦੌਰ, ਉਨ੍ਹਾਂ ਦੀ ਬੇ-ਵਕਤ ਮੌਤ ਕਾਰਨ ਸਿਰਫ਼ ਤਿੰਨ ਸਾਲ ਦਾ ਰਿਹਾ।

ਮਾਸਰ-ਅਲ-ਅਮਰਾ ਮੁਤਾਬਕ, ਮੁਮਤਾਜ਼ ਮਹਿਲ ਰਾਸ਼ਟਰੀ ਮਾਮਲਿਆਂ ਵਿੱਚ ਵੀ ਸ਼ਾਹਜਹਾਂ ਦੀ ਸਲਾਹਕਾਰ ਸਨ, ਪਰ ਨੂਰਜਹਾਂ ਵਾਂਗ ਬਾਦਸ਼ਾਹ ਨੂੰ ਆਪਣੇ ਤੌਰ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸੀ।

ਮੁਮਤਾਜ਼ ਮਹਿਨ ਨੇ ਆਪਣੀ ਭੂਆ ਦੇ ਕਾਰਨ ਵੱਡੀਆਂ-ਵੱਡੀਆਂ ਮੁਸ਼ਕਲਾਂ ਚੁੱਕੀਆਂ, ਪਰ ਸ਼ਾਹਜਹਾਂ ਨੂੰ ਇਹੀ ਸਲਾਹ ਦਿੱਤੀ ਕਿ ਉਹ ਆਪਣੀ ਮਤਰੇਈ ਮਾਂ ਨੂੰ ਖ਼ੁਸ਼ ਰੱਖਣ ਵਿੱਚ ਕੋਈ ਕਮੀ ਨਾ ਰੱਖਣ।

ਇਸ ਲਈ ਸ਼ਾਹਜਹਾਂ ਨੇ ਨੂਰਜਹਾਂ ਦੀ ਸਾਲਾਨਾ ਪੈਨਸ਼ਨ 38 ਲੱਖ ਰੁਪਏ ਤੈਅ ਕੀਤੀ ਅਤੇ ਮਾਨ-ਸਨਮਾਨ ਵਿੱਚ ਕੋਈ ਫ਼ਰਕ ਨਹੀਂ ਆਉਣ ਦਿੱਤਾ। ਮੁਮਤਾਜ਼ ਮਹਿਲ ਆਪਣੀ ਨੈਤਿਕਤਾ ਲਈ ਖ਼ਾਸ ਤੌਰ ''ਤੇ ਮਸ਼ਹੂਰ ਸੀ। ਹਰ ਰੋਜ਼ ਸੈਂਕੜੇ ਵਿਧਵਾਵਾਂ ਅਤੇ ਹਜ਼ਾਰਾਂ ਗ਼ਰੀਬ ਲੋਕਾਂ ਉਨ੍ਹਾਂ ਤੋਂ ਫਾਇਦਾ ਚੁੱਕਦੇ ਸਨ।

ਮੁਮਤਾਜ਼ ਮਹਿਲ ਦੀ ਬੇਟੀ ਜਹਾਂ ਆਰਾ

ਵਿਆਹ ਦੇ 19 ਸਾਲ ਵਿੱਚ ਉਨ੍ਹਾਂ ਦੇ 14 ਬੱਚੇ (ਅੱਠ ਬੇਠੇ ਅਤੇ ਛੇ ਬੇਟੀਆਂ) ਪੈਦਾ ਹੋਈਆਂ। ਉਨ੍ਹਾਂ ਵਿੱਚੋਂ ਸੱਤ ਦੀ ਮੌਤ ਜਨਮ ਦੇ ਸਮੇਂ ਜਾਂ ਬਹੁਤ ਹੀ ਘੱਟ ਉਮਰ ਵਿੱਚ ਹੋ ਗਈ। ਗਰਭਵਤੀ ਹੋਣ ਦੇ ਬਾਵਜੂਦ, ਮੁਮਤਾਜ਼ ਮਹਿਲ ਨੇ ਅਕਸਰ ਸ਼ਾਹਜਹਾਂ ਦੇ ਨਾਲ ਉਨ੍ਹਾਂ ਦੇ ਸ਼ੁਰੂਆਤੀ ਫੌਜੀ ਅਭਿਆਨਾਂ ਵਿੱਚ ਅਤੇ ਬਾਅਦ ਵਿੱਚ ਉਨ੍ਹਾਂ ਦੀ ਆਪਣੇ ਪਿਤਾ ਦੇ ਖ਼ਿਲਾਫ਼ ਬਗਾਵਤ ਵਿੱਚ ਵੀ ਦੌਰੇ ਕੀਤੇ।

ਅਨੰਤ ਕੁਮਾਰ ਨੇ ''ਮੋਨੋਮੇਂਟ ਆਫ਼ ਲਵ ਐਂਡ ਸਿੰਬਲ ਆਫ਼ ਮੇਟਰਨਲ ਡੇਥ- ਦਿ ਸਟੋਰੀ ਬਿਹਾਈਂਡ ਦਿ ਤਾਜਮਹਿਲ'' ਵਿੱਚ ਲਿਖਿਆ ਹੈ ਕਿ ਮੁਮਤਾਜ਼ ਮਹਿਲ ਦੀ ਮੌਤ 17 ਜੂਨ, 1631 ਨੂੰ ਬੁਰਹਾਨਪੁਰ ਵਿੱਚ ਲਗਭਗ 30 ਘੰਟੇ ਤੱਕ ਚੱਲੇ ਲੇਬਰ ਪੇਨ ਤੋਂ ਬਾਅਦ ਆਪਣੇ 14ਵੇਂ ਬੱਚੇ ਨੂੰ ਜਨਮ ਦਿੰਦੇ ਹੋਏ ਜ਼ਿਆਦਾ ਖ਼ੂਨ ਵਹਿਣ ਕਾਰਨ ਹੋਈ। ਉਨ੍ਹਾਂ ਦੇ ਪਤੀ ਉਸ ਸਮੇਂ ਦੱਕਣ ''ਚ ਫੌਜੀ ਅਭਿਆਨ ਉੱਤੇ ਸਨ। ਉਨ੍ਹਾਂ ਦੀ ਲਾਸ਼ ਨੂੰ ਅਸਥਾਈ ਰੂਪ ''ਚ ਬੁਰਹਾਨਪੁਰ ਦੇ ਇੱਕ ਬਗ਼ੀਚੇ ਵਿੱਚ ਦਫ਼ਨਾਇਆ ਗਿਆ ਸੀ।

ਤਾਜਮਹਿਲ
Getty Images

ਮੁਮਤਾਜ਼ ਮਹਿਲ ਦੀ ਮੌਤ ਨਾਲ ਸ਼ਾਹਜਹਾਂ ਨੂੰ ਡੂੰਘਾ ਸਦਮਾ ਪਹੁੰਚਿਆ ਸੀ। ਵੇਨ ਬੇਗਲੀ ਦਾ ਕਹਿਣਾ ਹੈ ਕਿ ਜਦੋਂ ਸਦਮੇ ਤੋਂ ਬਾਅਦ ਸਮਰਾਟ ਸ਼ਹਿੰਸ਼ਾਹ ਬਾਹਰ ਆਏ ਤਾਂ ਉਨ੍ਹਾਂ ਦੇ ਵਾਲ ਚਿੱਟੇ ਹੋ ਗਏ ਸਨ, ਉਨ੍ਹਾਂ ਦੀ ਢੁਈ ਝੁਕੀ ਹੋਈ ਸੀ ਅਤੇ ਉਨ੍ਹਾਂ ਦਾ ਚਿਹਰਾ ਮੁਰਝਾਇਆ ਹੋਇਆ ਸੀ।

ਏਨੀ ਮੈਰੀ ਸ਼ਿਮਲ ਨੇ ''ਦਿ ਗ੍ਰੇਟ ਮੁਗ਼ਲ ਐਂਪਾਇਰ- ਹਿਸਟ੍ਰੀ, ਆਰਟ ਐਂਡ ਕਲਚਰ'' ਵਿੱਚ ਲਿਖਿਆ ਹੈ ਕਿ ਮੁਮਤਾਜ਼ ਮਹਿਲ ਦੀ ਸਭ ਤੋਂ ਵੱਡੀ ਬੇਟੀ ਜਹਾਂ ਆਰਾ ਬੇਗ਼ਮ ਨੇ ਹੌਲੀ-ਹੌਲੀ ਆਪਣੇ ਪਿਤਾ ਨੂੰ ਦੁੱਖ ਤੋਂ ਬਾਹਰ ਕੱਢਣਾ ਅਤੇ ਦਰਬਾਰ ਵਿੱਚ ਆਪਣੀ ਮਾਂ ਦੀ ਥਾਂ ਲੈ ਲਈ।

ਔਂਗਰਜ਼ੇਬ ਦੇ ਹੱਥਾਂ ਵਿੱਚ ਸਲਤਨਤ

ਦਸੰਬਰ 1631 ਵਿੱਚ ਉਨ੍ਹਾਂ ਦੀ ਲਾਸ਼ ਨੂੰ ਉਨ੍ਹਾਂ ਦੇ ਬੇਟੇ ਸ਼ਾਹ ਸ਼ੁਜਾ, ਮਲਿਕਾ ਦੀ ਦਾਸੀ, ਨਿੱਜੀ ਡਾਕਟਰ ਅਤੇ ਉਨ੍ਹਾਂ ਦੀਆਂ ਬੇਟੀਆਂ ਜਹਾਂ ਆਰਾ ਬੇਗ਼ਮ ਅਤੇ ਗੋਹਰ ਆਰਾ ਬੇਗ਼ਮ ਦੀ ਅਧਿਆਪਕਾ ਸਤੀ-ਉਨ-ਨਿਸਾ ਬੇਗ਼ਮ ਅਤੇ ਸਤਿਕਾਰਿਤ ਦਰਬਾਰੀ ਵਜ਼ੀਰ ਖ਼ਾਨ ਦੇ ਨਾਲ ਆਗਰਾ ਲਿਆਇਆ ਗਿਆ ਸੀ।

ਉੱਥੇ ਉਨ੍ਹਾਂ ਨੂੰ ਯਮੁਨਾ ਨਦੀ ਦੇ ਕੰਢੇ ਇੱਕ ਛੋਟੀ ਜਿਹੀ ਇਮਾਰਤ ਵਿੱਚ ਦਫ਼ਨਾਇਆ ਗਿਆ। ਜਨਵਰੀ 1632 ਵਿੱਚ ਕਬਰ ਦੀ ਥਾਂ ਉੱਤੇ ਤਾਜਮਹਿਲ ਦੀ ਉਸਾਰੀ ਸ਼ੁਰੂ ਹੋਈ।

ਇਹ ਇੱਕ ਅਜਿਹਾ ਕੰਮ ਸੀ ਜਿਸ ਨੂੰ ਪੂਰਾ ਕਰਨ ਵਿੱਚ 22 ਸਾਲ ਲੱਗਣੇ ਸੀ। ਅੰਗਰੇਜ਼ੀ ਕਵੀ ਸਰ ਏਡਵਿਨ ਅਰਨੋਲਡ ਨੇ ਇਸ ਬਾਰੇ ਕਿਹਾ ਹੈ ਕਿ ''ਇਹ ਵਾਸਤੂਕਲਾ ਦਾ ਇੱਕ ਟੁਕੜਾ ਨਹੀਂ ਹੈ, ਜਿਵੇਂ ਕਿ ਦੂਜੀਆਂ ਇਮਾਰਤਾਂ ਹਨ, ਸਗੋਂ ਇੱਕ ਸ਼ਹਿੰਸ਼ਾਹ ਦੇ ਪਿਆਰ ਦਾ ਮਾਣਮੱਤਾ ਅਹਿਸਾਸ ਹੈ ਜੋ ਜੀਵਤ ਪੱਥਰਾਂ ਵਿੱਚ ਉੱਭਰਦਾ ਹੈ।''

ਜਾਇਲਸ ਟਿਲਟਸਨ ਮੁਤਾਬਕ ਇਸ ਦੀ ਸੁੰਦਰਤਾ ਨੂੰ ਮੁਮਤਾਜ਼ ਮਹਿਲ ਦੀ ਸੁੰਦਰਤਾ ਦੇ ਰੂਪਕ ਦੇ ਤੌਰ ''ਤੇ ਵੀ ਲਿਆ ਜਾਂਦਾ ਹੈ ਅਤੇ ਇਸ ਸਬੰਧ ਕਾਰਨ ਬਹੁਤ ਸਾਰੇ ਲੋਕ ਤਾਜ ਮਹਿਲ ਨੂੰ ''ਇਸਤਰੀ ਜਾਂ ਫੇਮਿਨਿਨ'' ਕਹਿੰਦੇ ਹਨ।

ਸ਼ਾਹਜਹਾਂ ਤਾਜਮਹਿਲ ਵਿੱਚ ਮਸਰੂਫ਼ ਸਨ ਕਿ ਸਾਲ 1658 ਵਿੱਚ ਉਨ੍ਹਾਂ ਦੇ ਬੇਟੇ ਔਰੰਗਜ਼ੇਬ ਨੇ ਆਪਣੇ ਤਿੰਨ ਭਰਾਵਾਂ ਨੂੰ ਮਾਰ ਕੇ, ਸਲਤਨਤ ਦਾ ਸ਼ਾਸਨ ਉਨ੍ਹਾਂ ਤੋਂ ਖੋਹ ਲਿਆ ਅਤੇ ਸਾਲ 1666 ''ਚ ਉਨ੍ਹਾਂ ਦੀ ਮੌਤ ਤੱਕ ਆਗਰਾ ਦੇ ਕਿਲੇ ਵਿੱਚ ਕੈਦ ਰੱਖਿਆ।

ਸ਼ਾਹਜਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਕਿਸੇ ਨੂੰ ਮਿਲੇ ਬਿਨਾਂ ਮੁਸਮੱਨ ਬੁਰਜ ਨਾਲ ਤਾਜਮਹਿਲ ਨੂੰ ਦੇਖਦੇ ਹੋਏ ਲੰਘਾਇਆ।

ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਨੂੰ ਮੁਮਤਾਜ਼ ਮਹਿਲ ਦੇ ਕੋਲ ਦਫ਼ਨਾਇਆ ਗਿਆ।

ਬ੍ਰਿਟਿਸ਼ ਲੇਖਕ ਰੋਡਯਾਰਡ ਕਿਪਲਿੰਗ ਨੇ ਤਾਜ ਮਹਿਲ ਦੀ ਆਪਣੀ ਪਹਿਲੀ ਯਾਤਰਾ ਦਾ ਤਜਰਬਾ ਇਸ ਤਰ੍ਹਾਂ ਦੱਸਿਆ ਹੈ - ''ਤਾਜ ਨੇ ਸੈਂਕੜੇ ਨਵੇਂ ਰੂਪ ਧਾਰੇ, ਹਰ ਇੱਕ ਰੂਪ ਵਿਵਰਣ ਤੋਂ ਪਰੇ। ਇਹ ਆਈਵਰੀ ਗੇਟ ਸੀ ਜਿਸ ਰਾਹੀਂ ਸਾਰੇ ਚੰਗੇ ਸੁਪਨੇ ਆਉਂਦੇ ਹਨ।''

ਬੰਗਾਲ ਦੇ ਕਵੀ ਰਵੀਂਦਰ ਨਾਥ ਟੈਗੋਰ ਵੀ ਇਸੇ ਤਰ੍ਹਾਂ ਮੋਹਿਤ ਹੋਏ ਸਨ, ''ਸਿਰਫ਼ ਇਸ ਇੱਕ ਹੰਝੂ ਦੇ ਕਤਰੇ ਨੂੰ, ਇਸ ਤਾਜ ਮਹਿਲ ਨੂੰ, ਵਕਤ ਦੀ ਗੱਲ ਉੱਤੇ ਹਮੇਸ਼ਾ ਲਈ ਚਮਕਣ ਦਿਓ। ਇਹ ਸ਼ਾਹਜਹਾਂ ਦਾ ਆਪਣੀ ਮਹਿਬੂਬ ਮੁਮਤਾਜ਼ ਮਹਿਲੇ ਦੇ ਗ਼ਮ ਵਿੱਚ ਵਹਾਇਆ ਜਾਣ ਵਾਲਾ ਹੰਝੂ ਹੈ।''

ਇਹ ਵੀ ਪੜ੍ਹੋ:

https://www.youtube.com/watch?v=HIuBYASAVlY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f98cfe10-f4ee-4abc-95a6-08e6609f3bb9'',''assetType'': ''STY'',''pageCounter'': ''punjabi.india.story.61236064.page'',''title'': ''ਤਾਜ ਮਹਿਲ: ਸ਼ਾਹਜਹਾਂ ਅਤੇ ਮੁਮਤਾਜ਼ ਮਹਿਲ ਦਾ ਨਿਕਾਹ ਤੇ ਉਹ ਪੰਜ ਸਾਲ...'',''author'': ''ਵਕਾਰ ਮੁਸਤਫ਼ਾ'',''published'': ''2022-04-27T06:38:29Z'',''updated'': ''2022-04-27T06:38:29Z''});s_bbcws(''track'',''pageView'');

Related News