ਇਲੈਕਟ੍ਰਿਕ ਸਕੂਟਰਾਂ ਨੂੰ ਕਿਉਂ ਲੱਗ ਰਹੀ ਹੈ ਅੱਗ ਅਤੇ ਇਸ ਤੋਂ ਬਚਣ ਦੇ ਕੀ ਤਰੀਕੇ ਹਨ
Saturday, Apr 23, 2022 - 05:37 PM (IST)

ਦੇਸ਼ ਵਿੱਚ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਅਜਿਹੇ ਮਾਮਲਿਆਂ ਦੀ ਜਾਂਚ ਲਈ ਇੱਕ ਮਾਹਰ ਕਮੇਟੀ ਦੇ ਗਠਨ ਦੀ ਗੱਲ ਕਹੀ ਹੈ ਅਤੇ ਕਿਹਾ ਹੈ ਕਿ ਇਲੈਕਟ੍ਰਿਕ ਵਾਹਨਾਂ ਦੀ ਗੁਣਵੱਤਾ ਨੂੰ ਲੈ ਕੇ ਛੇਤੀ ਹੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।
ਗਡਕਰੀ ਨੇ ਸੋਸ਼ਲ ਮੀਡੀਆ ''ਤੇ ਇੱਕ ਤੋਂ ਬਾਅਦ ਇੱਕ ਟਵੀਟ ਕਰਦਿਆਂ ਕਿਹਾ, ''''ਲੰਘੇ ਦੋ ਮਹੀਨਿਆਂ ''ਚ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਮੰਦਭਾਗੀ ਗੱਲ ਹੈ ਕਿ ਇਨ੍ਹਾਂ ਹਾਦਸਿਆਂ ''ਚ ਕੁਝ ਲੋਕਾਂ ਦੀ ਜਾਨ ਗਈ ਹੈ ਅਤੇ ਕਈ ਜ਼ਖਮੀ ਹੋਏ ਹਨ। ਸਰਕਾਰ ਨੇ ਮਾਮਲਿਆਂ ਦੀ ਜਾਂਚ ਕਰਨ ਅਤੇ ਸੁਧਾਰ ਲਈ ਕਦਮ ਸੁਝਾਉਣ ਲਈ ਇੱਕ ਮਾਹਿਰ ਕਮੇਟੀ ਦਾ ਗਠਨ ਕੀਤਾ ਹੈ।''''
https://twitter.com/nitin_gadkari/status/1517120526472597504
ਉਨ੍ਹਾਂ ਲਿਖਿਆ, "ਰਿਪੋਰਟ ਮਿਲਣ ਤੋਂ ਬਾਅਦ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀਆਂ ਕੰਪਨੀਆਂ ਲਈ ਆਦੇਸ਼ ਜਾਰੀ ਕੀਤੇ ਜਾਣਗੇ। ਛੇਤੀ ਹੀ ਇਲੈਕਟ੍ਰਿਕ ਵਾਹਨਾਂ ਦੀ ਗੁਣਵੱਤਾ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ। ਜੇਕਰ ਕੋਈ ਕੰਪਨੀ ਨਿਯਮਾਂ ਦੀ ਉਲੰਘਣਾ ਕਰੇਗੀ ਤਾਂ ਉਸ ''ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ, ਨਾਲ ਹੀ ਉਸ ਨੂੰ ਖਰਾਬ ਸਕੂਟਰ ਵਾਪਸ ਮੰਗਵਾਉਣ ਲਈ ਕਿਹਾ ਜਾਵੇਗਾ।"
ਗਡਕਰੀ ਨੇ ਲਿਖਿਆ ਕਿ ਕੰਪਨੀਆਂ ਜਲਦੀ ਤੋਂ ਜਲਦੀ ਇਸ ਸਬੰਧੀ ਕਦਮ ਚੁੱਕਣ ਅਤੇ ਖਰਾਬ ਸਕੂਟਰਾਂ ਨੂੰ ਵਾਪਸ ਮੰਗਵਾਉਣਾ ਸ਼ੁਰੂ ਕਰਨ।
ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ''ਚ ਸਰਕਾਰਾਂ ਇਲੈਕਟ੍ਰਿਕ ਵਾਹਨਾਂ ਨੂੰ ਵਧਾਵਾ ਦੇ ਰਹੀਆਂ ਹਨ। ਭਾਰਤ ਦੇ ਕਈ ਸੂਬਿਆਂ ਦੀਆਂ ਸਰਕਾਰਾਂ ਇਸਦੇ ਲਈ ਸਬਸਿਡੀ ਵੀ ਦਿੰਦੀਆਂ ਹਨ ਪਰ ਇਸ ਨਾਲ ਜੁੜੇ ਹਾਦਸਿਆਂ ਕਾਰਨ ਹੁਣ ਇਸ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।
https://twitter.com/sumantbanerji/status/1516339968867659780
ਅੱਗ ਲੱਗਣ ਦੇ ਹਾਦਸੇ
ਇਸੇ ਹਫ਼ਤੇ ਹੈਦਰਾਬਾਦ ਦੇ ਨਿਜ਼ਾਮਾਬਾਦ ਵਿੱਚ ਘਰ ''ਚ ਚਾਰਜਿੰਗ ਦੌਰਾਨ ਇੱਕ ਬੈਟਰੀ ਸਕੂਟਰ ਵਿੱਚ ਧਮਾਕਾ ਹੋ ਗਿਆ ਤੇ ਇਸ ਹਾਦਸੇ ਵਿੱਚ ਇੱਕ 80 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਤੇ ਦੋ ਲੋਕ ਜ਼ਖ਼ਮੀ ਹੋ ਗਏ। ਉਨ੍ਹਾਂ ਦੇ ਪੁੱਤਰ ਪਿਛਲੇ ਸਾਲ ਤੋਂ ਪਾਵਰ ਯੂਜ਼ਿੰਗ ਰੀਨਿਊਏਬਲ ਐਨਰਜੀ (ਪਿਓਰ ਈਵੀ) ਕੰਪਨੀ ਦਾ ਇਲੈਕਟ੍ਰਿਕ ਸਕੂਟਰ ਵਰਤ ਰਹੇ ਹਨ ਅਤੇ ਉਨ੍ਹਾਂ ਨੇ ਇਸ ਹਾਦਸੇ ਲਈ ਬੈਟਰੀ ਦੀ "ਮਾੜੀ ਕੁਆਲਿਟੀ" ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਸ ਤੋਂ ਪਹਿਲਾਂ ਵਾਰੰਗਲ ਵਿੱਚ ਸੜਕ ਦੇ ਕਿਨਾਰੇ ਖੜ੍ਹੇ ਇਸੇ ਕੰਪਨੀ ਦੇ ਇੱਕ ਸਕੂਟਰ ਨੂੰ ਅੱਗ ਲੱਗ ਗਈ ਸੀ।
ਇਹ ਵੀ ਪੜ੍ਹੋ:
- ਇਸ ਮੁਲਕ ਵਾਂਗ ਦੁਨੀਆਂ ਭਰ ''ਚ ਬਿਨਾਂ ਡਰਾਈਵਰ ਵਾਲੀਆਂ ਕਾਰਾਂ ਸੜਕਾਂ ’ਤੇ ਆਉਣ ਦੀ ਉਮੀਦ ਕਦੋਂ ਤੱਕ
- ਪਹਿਲੇ ਸਵਦੇਸ਼ੀ ਏਅਰਕ੍ਰਾਫਟ ਦੀ ਕਾਰੋਬਾਰੀ ਉਡਾਣ ''ਤੇ ਮੋਦੀ ਸਰਕਾਰ ਦਾ ਦਾਅਵਾ ਕਿੰਨਾ ਸੱਚ - ਫੈਕਟ ਚੈੱਕ
- ਮੋਬਾਈਲ ਫ਼ੋਨ ਗੁੰਮ ਹੁੰਦੇ ਹੀ ਤੁਰੰਤ ਕਰੋ ਇਹ 5 ਕੰਮ
ਇਸ ਸਾਲ ਮਾਰਚ ਵਿੱਚ, ਇੱਕ ਹੋਰ ਹਾਦਸੇ ''ਚ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਓਲਾ ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗ ਗਈ ਸੀ। ਉਸੇ ਦਿਨ ਵੇਲੂਰ ਵਿੱਚ ਵੀ ਇੱਕ ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗੀ।
ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗਣ ਦੀ ਇੱਕ ਹੋਰ ਵੱਡੀ ਘਟਨਾ ਨਾਸਿਕ ''ਚ ਉਸ ਸਮੇਂ ਹੋਈ ਜਦੋਂ ਇੱਕ ਫੈਕਟਰੀ ''ਚੋਂ ਸਕੂਟਰਾਂ ਦੀ ਖੇਪ ਬਾਹਰ ਲਿਜਾਈ ਜਾ ਰਹੀ ਸੀ। ਇਸੇ ਸਾਲ ਅਪ੍ਰੈਲ ''ਚ ਜਤਿੰਦਰ ਈਵੀ ਕੰਪਨੀ ਦੇ ਗੇਟ ਸਾਹਮਣੇ ਈ-ਸਕੂਟਰਾਂ ਨੂੰ ਅੱਗ ਲੱਗ ਗਈ ਸੀ ਅਤੇ 20 ਸਕੂਟਰ ਸੜ ਕੇ ਸੁਆਹ ਹੋ ਗਏ ਸਨ।
ਅਪ੍ਰੈਲ ਵਿੱਚ ਹੀ ਤਾਮਿਲਨਾਡੂ ਦੇ ਓਕਿਨਾਵਾ ਵਿੱਚ ਇੱਕ ਦੁਕਾਨ ਵਿੱਚ ਅੱਗ ਲੱਗ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ, ਇਹ ਅੱਗ ਸਭ ਤੋਂ ਪਹਿਲਾਂ ਦੁਕਾਨ ਦੇ ਅੰਦਰ ਖੜ੍ਹੇ ਇੱਕ ਸਕੂਟਰ ਵਿੱਚ ਲੱਗੀ ਸੀ।
ਇਲੈਕਟ੍ਰਿਕ ਸਕੂਟਰਾਂ ਨਾਲ ਜੁੜੇ ਇਨ੍ਹਾਂ ਹਾਦਸਿਆਂ ਬਾਰੇ ਨਿਤਿਨ ਗਡਕਰੀ ਨੇ 31 ਮਾਰਚ ਨੂੰ ਲੋਕ ਸਭਾ ''ਚ ਕਿਹਾ ਸੀ ਕਿ ਹੋ ਸਕਦਾ ਹੈ ਕਿ ਇਹ ਹਾਦਸੇ ਜ਼ਿਆਦਾ ਗਰਮੀ ਕਾਰਨ ਹੋਏ ਹੋਣ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਸਬੰਧੀ ਮਾਹਿਰ ਕਮੇਟੀ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ।
ਗਡਕਰੀ ਦਾ ਕਹਿਣਾ ਸੀ ਕਿ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਅਜਿਹੀ ਹਰ ਘਟਨਾ ਦੇ ਕਾਰਨਾਂ ਨੂੰ ਜਾਣਨ ਲਈ ਫੋਰੈਂਸਿਕ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਇਸ ਪਿੱਛੇ ਤਕਨੀਕੀ ਕਾਰਨਾਂ ਦਾ ਪਤਾ ਲੱਗਣ ਤੋਂ ਬਾਅਦ ਸਰਕਾਰ ਇਸ ਦਿਸ਼ਾ ਵਿੱਚ ਲੋੜੀਂਦੇ ਕਦਮ ਚੁੱਕੇਗੀ।
ਇਲੈਕਟ੍ਰਿਕ ਸਕੂਟਰਾਂ ਵਿੱਚ ਵਰਤੀ ਜਾਂਦੀ ਤਕਨੀਕ
ਅੱਜ ਦੇ ਸਮੇਂ ਵਿੱਚ ਮੋਬਾਈਲ ਫੋਨਾਂ ਤੋਂ ਲੈ ਕੇ ਲੈਪਟਾਪ, ਇਲੈਕਟ੍ਰਿਕ ਕਾਰਾਂ ਅਤੇ ਇਲੈਕਟ੍ਰਿਕ ਸਕੂਟਰ, ਜ਼ਿਆਦਾਤਰ ਲਿਥੀਅਮ ਆਇਨ ਬੈਟਰੀਆਂ ''ਤੇ ਚੱਲਦੇ ਹਨ।
ਸਧਾਰਨ ਸ਼ਬਦਾਂ ਵਿੱਚ ਗੱਲ ਕਰੀਏ ਤਾਂ ਇੱਕ ਆਮ ਲਿਥੀਅਮ ਆਇਨ ਬੈਟਰੀ ''ਚ ਇੱਕ ਪਾਸੇ ਇੱਕ ਕੈਥੋਡ ਹੁੰਦਾ ਹੈ ਅਤੇ ਦੂਜੇ ਪਾਸੇ ਐਨੋਡ ਹੁੰਦਾ ਹੈ। ਇਨ੍ਹਾਂ ਦੇ ਵਿਚਕਾਰ ਇਲੈਕਟ੍ਰੋਲਾਈਟ ਨਾਂ ਦਾ ਇੱਕ ਰਸਾਇਣ (ਕੈਮੀਕਲ) ਹੁੰਦਾ ਹੈ।
ਬੈਟਰੀ ਨੂੰ ਚਾਰਜ ਕਰਦੇ ਸਮੇਂ, ਧਾਤੂ ਦੇ ਆਇਨ ਕੈਥੋਡ ਤੋਂ ਐਨੋਡ ਵੱਲ ਜਾਂਦੇ ਹਨ ਅਤੇ ਕਿਸੇ ਡਿਵਾਈਸ ਨਾਲ ਜੋੜਨ ਜਾਂ ਕਨੈਕਟ ਕਰਨ ''ਤੇ ਉਹ ਉਲਟ ਦਿਸ਼ਾ ਵਿੱਚ ਵਹਿੰਦੇ ਹਨ। ਇਸ ਪ੍ਰਕਿਰਿਆ ਵਿੱਚ ਉਹ ਫ੍ਰੀ ਆਇਨ ਬਣਾਉਂਦੇ ਹਨ ਜੋ ਜਾਂ ਤਾਂ ਕੈਥੋਡ ਵੱਲ ਜਾਂ ਐਨੋਡ ਵੱਲ ਜਮ੍ਹਾਂ ਹੁੰਦੇ ਹਨ।
ਸਕੂਟਰ ਵਿੱਚ ਵਰਤੀ ਜਾਣ ਵਾਲੀ ਬੈਟਰੀ ਅਸਲ ਵਿੱਚ ਇੱਕ ਬੈਟਰੀ ਨਹੀਂ ਹੁੰਦੀ ਸਗੋਂ ਸੈਂਕੜੇ ਬੈਟਰੀਆਂ ਦਾ ਇੱਕ ਸਮੂਹ ਹੁੰਦਾ ਹੈ, ਜਿਨ੍ਹਾਂ ਨੂੰ ਇਕੱਠਿਆਂ ਪੈਕ ਕੀਤਾ ਗਿਆ ਹੁੰਦਾ ਹੈ। ਇਸੇ ਲਈ ਇਨ੍ਹਾਂ ਨੂੰ ਬੈਟਰੀ ਨਹੀਂ ਸਗੋਂ ਬੈਟਰੀ ਪੈਕ ਕਿਹਾ ਜਾਂਦਾ ਹੈ।
ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ ਦੇ ਅਨੁਸਾਰ, ਇਸ ਕਿਸਮ ਦੇ ਬੈਟਰੀ ਪੈਕ ਵਿੱਚ ਇੱਕ ਬੈਟਰੀ ਮੈਨੇਜਮੈਂਟ ਸਿਸਟਮ ਲੱਗਿਆ ਹੁੰਦਾ ਹੈ ਜੋ ਬੈਟਰੀ ਪੈਕ ਵਿੱਚ ਮੌਜੂਦ ਸਾਰੀਆਂ ਲਿਥੀਅਮ-ਆਇਨ ਬੈਟਰੀਆਂ ਨਾਲ ਜੁੜਿਆ ਹੁੰਦਾ ਹੈ।
ਇਹ ਮੈਨੇਜਮੈਂਟ ਸਿਸਟਮ, ਬੈਟਰੀ ਪੈਕ ਦੀ ਵੋਲਟੇਜ ਨੂੰ ਮਾਪਦਾ ਹੈ ਅਤੇ ਦੇਖਦਾ ਹੈ ਕਿ ਇੱਕ ਸਮੇਂ ''ਚ ਬੈਟਰੀ ਪੈਕ ਵਿੱਚੋਂ ਕਿੰਨਾ ਚਾਰਜ ਨਿਕਲ ਰਿਹਾ ਹੈ। ਇਸ ਵਿੱਚ ਤਾਪਮਾਨ ਦਾ ਪਤਾ ਲਗਾਉਣ ਲਈ ਸੈਂਸਰ ਲੱਗੇ ਹੁੰਦੇ ਹਨ, ਜੋ ਲਗਾਤਾਰ ਬੈਟਰੀ ਦੇ ਤਾਪਮਾਨ ਨੂੰ ਮਾਪਦੇ ਹਨ। ਇਹ ਸਿਸਟਮ ਬੈਟਰੀ ਵਿੱਚ ਅੱਗ ਅਤੇ ਧਮਾਕੇ ਦੇ ਖਦਸ਼ੇ ਨੂੰ ਘਟਾਉਂਦਾ ਹੈ।
ਇਹ ਵੀ ਦੇਖੋ:
https://www.youtube.com/watch?v=xKwl-cmGZ_0
ਇਸ ਤੋਂ ਇਲਾਵਾ, ਬਜ਼ਾਰ ਵਿੱਚ ਲੀਡ ਐਸਿਡ ਬੈਟਰੀਆਂ ਵੀ ਇਸਤੇਮਾਲ ਹੁੰਦੀਆਂ ਹਨ, ਪਰ ਲਿਥੀਅਮ ਆਇਨ ਬੈਟਰੀਆਂ ਦੇ ਮੁਕਾਬਲੇ ਇਹ ਜ਼ਿਆਦਾ ਦੇਰ ਤੱਕ ਨਹੀਂ ਚੱਲਦੀਆਂ।
ਅੱਗ ਲੱਗਣ ਦਾ ਕਾਰਨ ਕੀ ਹੈ?
ਇਲੈਕਟ੍ਰਿਕ ਸਕੂਟਰਾਂ ''ਚ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਓਕਿਨਾਵਾ ਦੀ ਡੀਲਰਸ਼ਿਪ ''ਚ ਹੋਏ ਹਾਦਸੇ ਤੋਂ ਬਾਅਦ ਕੰਪਨੀ ਨੇ ਆਪਣੀ ਸ਼ੁਰੂਆਤੀ ਜਾਂਚ ''ਚ ਕਿਹਾ ਸੀ ਕਿ ਅੱਗ ਇਮਾਰਤ ''ਚ ਹੋਏ ਇੱਕ ਸ਼ਾਰਟ ਸਰਕਟ ਕਾਰਨ ਹੋਈ ਸੀ ਨਾ ਕਿ ਕਿਸੇ ਸਕੂਟਰ ਦੀ ਬੈਟਰੀ ਕਾਰਨ।
ਇਕਨਾਮਿਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਘਟਨਾ ਤੋਂ ਬਾਅਦ ਕੰਪਨੀ ਨੇ ਆਪਣੇ 3,215 ਪ੍ਰੇਜ਼ ਪ੍ਰੋ ਇਲੈਕਟ੍ਰਿਕ ਸਕੂਟਰ ਵਾਪਸ ਮੰਗਵਾ ਲਏ ਹਨ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੀ ਕਿਸੇ ਇਲੈਕਟ੍ਰਿਕ ਸਕੂਟਰ ਨਿਰਮਾਤਾ ਕੰਪਨੀ ਨੇ ਹਾਦਸੇ ਤੋਂ ਬਾਅਦ ਆਪਣੇ ਸਕੂਟਰ ਵਾਪਸ ਮੰਗਵਾਏ ਹਨ।
https://twitter.com/MORTHIndia/status/1515296162026192900
ਕੰਪਨੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਢਿੱਲੇ ਕੁਨੈਕਟਰਾਂ ਜਾਂ ਕਿਸੇ ਵੀ ਨੁਕਸਾਨ ਆਦਿ ਲਈ ਬੈਟਰੀ ਦੀ ਜਾਂਚ ਕੀਤੀ ਜਾਵੇਗੀ ਅਤੇ ਕੰਪਨੀ ਇਸ ਨੂੰ ਮੁਫਤ ਵਿੱਚ ਬਦਲੇਗੀ।
ਅਪ੍ਰੈਲ ਦੇ ਪਹਿਲੇ ਹਫਤੇ ''ਚ ਫਾਈਨੈਂਸ਼ੀਅਲ ਐਕਸਪ੍ਰੈਸ ਨੇ ਇੱਕ ਰਿਪੋਰਟ ''ਚ ਕਿਹਾ ਸੀ ਕਿ ਇਲੈਕਟ੍ਰਿਕ ਬੈਟਰੀ ਪੈਕ ''ਚ ਬੇਕਾਬੂ ਢੰਗ ਨਾਲ ਅੱਗ ਨੂੰ ''ਥਰਮਲ ਰਨਅਵੇ'' ਕਿਹਾ ਜਾਂਦਾ ਹੈ।
ਅਖ਼ਬਾਰ ਨੇ ਇੱਕ ਮਾਹਰ ਦੇ ਹਵਾਲੇ ਨਾਲ ਲਿਖਿਆ ਕਿ ਜਦੋਂ ਵੀ ਇੱਕ ਸੈੱਲ ਤੋਂ ਊਰਜਾ ਆਉਂਦੀ ਹੈ ਜਾਂ ਜਾਂਦੀ ਹੈ, ਤਾਂ ਉਸ ਪ੍ਰਕਿਰਿਆ ਵਿੱਚ ਗਰਮੀ ਪੈਦਾ ਹੁੰਦੀ ਹੈ। ਕਿਉਂਕਿ ਇੱਕ ਬੈਟਰੀ ਪੈਕ ਵਿੱਚ ਸੌ ਤੱਕ ਬੈਟਰੀਆਂ ਇਕੱਠੀਆਂ ਹੁੰਦੀਆਂ ਹਨ, ਇਸ ਲਈ ਪੈਦਾ ਹੋਈ ਗਰਮੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਇਸ ਨਾਲ ਥਰਮਲ ਰਨਅਵੇ ਦਾ ਖਤਰਾ ਬਣਿਆ ਰਹਿੰਦਾ ਹੈ। ਹਾਲਾਂਕਿ, ਮੈਨੂਫੈਕਚਰਿੰਗ ਗਲਤੀ ਕਾਰਨ ਵੀ ਥਰਮਲ ਰਨਅਵੇ ਦਾ ਖ਼ਤਰਾ ਹੋ ਸਕਦਾ ਹੈ।
ਇਸੇ ਤਰ੍ਹਾਂ, ਦਿ ਇੰਡੀਅਨ ਐਕਸਪ੍ਰੈੱਸ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਲਿਥੀਅਮ-ਆਇਨ ਬੈਟਰੀਆਂ ਘੱਟ ਤਾਪਮਾਨ ਵਿੱਚ ਬਿਹਤਰ ਕੰਮ ਕਰਦੀਆਂ ਹਨ, ਜਦਕਿ ਉੱਚ ਤਾਪਮਾਨ ਵਾਲੇ ਖੇਤਰ ਵਿੱਚ ਬੈਟਰੀ ਪੈਕ ਦਾ ਤਾਪਮਾਨ ਵਧ ਸਕਦਾ ਹੈ। ਇਹ ਵਧ ਕੇ 90 ਤੋਂ 100 ਡਿਗਰੀ ਤੱਕ ਜਾ ਸਕਦਾ ਹੈ ਅਤੇ ਇਸ ਨਾਲ ਅੱਗ ਲੱਗਣ ਦਾ ਖ਼ਤਰਾ ਹੋ ਸਕਦਾ ਹੈ।
ਸੀਐੱਨਬੀਸੀ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ, ਆਸਟ੍ਰੇਲੀਆ ਦੇ ਮੈਲਬਰਨ ਵਿੱਚ ਮੌਜੂਦ ਈਵੀ ਫਾਇਰਸੇਫ ਦੀ ਪ੍ਰੋਜੈਕਟ ਨਿਰਦੇਸ਼ਕ ਐਮਾ ਸੁਟਕਲਿਫ ਦਾ ਕਹਿਣਾ ਹੈ ਕਿ ਜੇਕਰ ਲਿਥੀਅਮ ਆਇਨ ਬੈਟਰੀ ਵਿੱਚ ਅੱਗ ਲੱਗ ਜਾਵੇ ਤਾਂ ਇਸ ''ਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਤੇਜ਼ੀ ਨਾਲ ਅਤੇ ਵਧੇਰੇ ਗਰਮੀ ਨਾਲ ਬਲ਼ਦੀ ਅੱਗ ਅਤੇ ਇਸ ਨੂੰ ਬੁਝਣ ਵਿੱਚ ਵਧੇਰੇ ਪਾਣੀ ਲੱਗਦਾ ਹੈ।
ਲਾਈਵ ਹਿੰਦੁਸਤਾਨ ਦੀ ਇੱਕ ਰਿਪੋਰਟ ਵਿੱਚ ਇੱਕ ਮਾਹਰ ਨੇ ਕਿਹਾ ਹੈ ਕਿ ਅਜਿਹੇ ਬੈਟਰੀ ਪੈਕ ਵਿੱਚ ਪਲਾਸਟਿਕ ਕੈਬਿਨੇਟ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਗਰਮੀ ਕਾਰਨ ਪਿਘਲਣ ਲੱਗਦੀ ਹੈ। ਅਜਿਹਾ ਹੋਣ ''ਤੇ ਇਸ ਵਿੱਚ ਲੱਗੇ ਸਰਕਟ ਪਿਘਲਣੇ ਸ਼ੁਰੂ ਹੋ ਜਾਂਦੇ ਹਨ ਅਤੇ ਅੱਗ ਲੱਗਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।
ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ - 10 ਗੱਲਾਂ
- ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਲਈ ਜਿਹੜੇ ਨਿਯਮ ਲਾਗੂ ਕੀਤੇ ਹਨ, ਉਨ੍ਹਾਂ ਅਨੁਸਾਰ ਇਸ ਪ੍ਰਕਾਰ ਦਾ ਕੋਈ ਸੌਕੇਟ ਆਊਟਲੈਟ ਜ਼ਮੀਨ ਤੋਂ ਘੱਟੋ-ਘੱਟ 800 ਮਿਲੀਮੀਟਰ ਉੱਚਾ ਹੋਣਾ ਚਾਹੀਦਾ ਹੈ।
- ਕਨੈਕਟਰ ਨੂੰ ਵਾਹਨ ਨਾਲ ਜੋੜਨ ਲਈ ਕਿਸੇ ਅਡਾਪਟਰ ਜਾਂ ਕੋਰਡ ਐਕਸਟੈਂਸ਼ਨ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।
- ਓਕਿਨਾਵਾ ਅਤੇ ਪਿਓਰ ਈਵੀ ਨੇ ਲਿਥੀਅਮ-ਆਇਨ ਬੈਟਰੀਆਂ ਬਾਰੇ ਜੋ ਸੁਰੱਖਿਆ ਨਿਯਮ ਦੱਸੇ ਹਨ, ਉਨ੍ਹਾਂ ਅਨੁਸਾਰ ਇਨ੍ਹਾਂ ਬੈਟਰੀਆਂ ਨੂੰ ਕਮਰੇ ਦੇ ਤਾਪਮਾਨ (ਰੂਮ ਟੈਮਪਰੇਚਰ) ''ਤੇ ਰੱਖਿਆ ਜਾਣਾ ਚਾਹੀਦਾ ਹੈ।
- ਸਕੂਟਰ ਦੀ ਵਰਤੋਂ ਤੋਂ ਬਾਅਦ, ਘੱਟੋ-ਘੱਟ 45 ਮਿੰਟਾਂ ਤੱਕ ਇਸ ਨੂੰ ਚਾਰਜ ਨਹੀਂ ਕਰਨਾ ਚਾਹੀਦਾ।
- ਜਿਸ ਥਾਂ ''ਤੇ ਬੈਟਰੀ ਚਾਰਜ ਕੀਤੀ ਜਾਵੇ, ਉਹ ਥਾਂ ਹਵਾਦਾਰ, ਸਾਫ਼ ਅਤੇ ਸੁੱਕੀ ਹੋਣੀ ਚਾਹੀਦੀ ਹੈ। ਇਹ ਥਾਂ ਅੱਗ ਜਾਂ ਗਰਮੀ ਦੇ ਸਰੋਤਾਂ ਤੋਂ ਘੱਟੋ-ਘੱਟ ਦੋ ਮੀਟਰ ਦੀ ਦੂਰੀ ''ਤੇ ਹੋਣੀ ਚਾਹੀਦੀ ਹੈ।
- ਬੈਟਰੀ ਨੂੰ ਧੁੱਪ ਵਿੱਚ ਚਾਰਜ ਨਾ ਕਰੋ। ਇਸ ਨੂੰ ਗਿੱਲੇ ਕੱਪੜੇ ਜਾਂ ਸਾਲਵੇਂਟ ਜਾਂ ਕਲੀਨਰ ਨਾਲ ਸਾਫ਼ ਨਾ ਕਰੋ।
- ਬੈਟਰੀ ਚਾਰਜ ਕਰਦੇ ਸਮੇਂ ਚਾਰਜਰ ਨੂੰ ਬੈਟਰੀ ਦੇ ਉੱਪਰ ਨਾ ਰੱਖੋ।
- ਸਕੂਟਰ ਧੋਣ ਵੇਲੇ ਇਹ ਯਕੀਨੀ ਬਣਾਓ ਕਿ ਇਸ ਵਿੱਚ ਬੈਟਰੀ ਨਾ ਹੋਵੇ। ਬੈਟਰੀ ਨੂੰ ਸਿਰਫ਼ ਉਦੋਂ ਹੀ ਲਗਾਓ ਜਦੋਂ ਉਸਦੀ ਥਾਂ ਪੂਰੀ ਤਰ੍ਹਾਂ ਸੁੱਕ ਜਾਵੇ।
- ਬੈਟਰੀ ਨੂੰ ਪੰਜ ਘੰਟੇ ਤੋਂ ਵੱਧ ਚਾਰਜ ਨਾ ਕਰੋ, ਮਤਲਬ ਬੈਟਰੀ ਨੂੰ ਰਾਤ ਭਰ ਜਾਂ ਦਿਨ ਭਰ ਚਾਰਜ ਕਰਨ ਲਈ ਨਾ ਛੱਡੋ।
- ਜੇਕਰ ਬੈਟਰੀ ਡਿਸਚਾਰਜ ਹੋ ਗਈ ਹੈ ਜਾਂ ਉਸਨੂੰ ਕੋਈ ਨੁਕਸਾਨ ਹੋਇਆ ਹੈ ਤਾਂ ਉਸਨੂੰ ਚਾਰਜ ਨਾ ਕਰੋ।
ਇਹ ਵੀ ਪੜ੍ਹੋ:
- 4 ਸਾਲ ਦੀ ਉਮਰ ’ਚ ਅਗਵਾ ਹੋਏ ਵਿਅਕਤੀ ਨੇ ਯਾਦਾਂ ਦੇ ਨਕਸ਼ੇ ਰਾਹੀਂ ਕਰੀਬ 30 ਸਾਲ ਬਾਅਦ ਮਾਂ ਨੂੰ ਲੱਭਿਆ
- ਮੱਧ ਕਾਲ ਵਿੱਚ ਲੋਕ ਰਾਤ ਦੀ ਨੀਂਦ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਸੀ, ਨੀਂਦ ਬਾਰੇ ਅਜਿਹੀਆਂ ਦਿਲਚਸਪ ਗੱਲਾਂ
- ਆਪਣੇ ਮ੍ਰਿਤਕ ਪੁੱਤਰ ਦੇ ਸ਼ੁਕਰਾਣੂ ਕਿਉਂ ਮੰਗ ਰਹੇ ਹਨ ਇਹ ਮਾਂ-ਬਾਪ
https://www.youtube.com/watch?v=HkpXq7_zNv4
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''79f4d513-bf0d-484c-a32c-770b5186fb29'',''assetType'': ''STY'',''pageCounter'': ''punjabi.india.story.61200113.page'',''title'': ''ਇਲੈਕਟ੍ਰਿਕ ਸਕੂਟਰਾਂ ਨੂੰ ਕਿਉਂ ਲੱਗ ਰਹੀ ਹੈ ਅੱਗ ਅਤੇ ਇਸ ਤੋਂ ਬਚਣ ਦੇ ਕੀ ਤਰੀਕੇ ਹਨ'',''published'': ''2022-04-23T12:00:50Z'',''updated'': ''2022-04-23T12:00:50Z''});s_bbcws(''track'',''pageView'');