ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ: ਲਾਲ ਕਿਲੇ ਦੇ ਸਮਾਗਮ ਰਾਹੀ ਮੋਦੀ ਕੀ ਹਾਸਲ ਕਰਨਾ ਚਾਹੁੰਦੇ ਹਨ

Thursday, Apr 21, 2022 - 06:22 PM (IST)

ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ: ਲਾਲ ਕਿਲੇ ਦੇ ਸਮਾਗਮ ਰਾਹੀ ਮੋਦੀ ਕੀ ਹਾਸਲ ਕਰਨਾ ਚਾਹੁੰਦੇ ਹਨ

21 ਅਪ੍ਰੈਲ ਸ਼ਾਮੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਵਿਚ ਲਾਲ ਕਿਲੇ ਤੋਂ ਦੇਸ ਨੂੰ ਸੰਬੋਧਨ ਕਰਨਗੇ। ਆਮ ਤੌਰ ਉੱਤੇ ਪ੍ਰਧਾਨ ਮੰਤਰੀ 15 ਅਗਸਤ ਨੂੰ ਭਾਰਤ ਦੇ ਅਜਾਦੀ ਦਿਹਾੜੇ ਮੌਕੇ ਲਾਲ ਕਿਲੇ ''ਤੇ ਕੌਮੀ ਕੌਮੀ ਝੰਡਾ ਝੁਲਾਉਂਦੇ ਹਨ ਅਤੇ ਸੰਬੋਧਨ ਕਰਦੇ ਹਨ।

20-21 ਅਪ੍ਰੈਲ ਨੂੰ ਕੇਂਦਰ ਸਰਕਾਰ ਦਾ ਸੱਭਿਆਚਾਰਕ ਮੰਤਰਾਲਾ ਲਾਲ ਕਿਲੇ ਉੱਤੇ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 2 ਦਿਨਾਂ ਸਮਾਗਮ ਕਰਵਾ ਰਿਹਾ ਹੈ।

ਇਸ ਸਮਾਗਮ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਚੇਚੀ ਸ਼ਿਰਕਤ ਕਰ ਰਹੇ ਹਨ।

ਆਓ ਜਾਣਦੇ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਕੌਣ ਸਨ, ਉਨ੍ਹਾਂ ਦੀ ਸਮਾਜ ਨੂੰ ਕੀ ਦੇਣ ਸੀ ਅਤੇ ਕੇਂਦਰ ਦੇ ਲਾਲ ਕਿਲੇ ਉੱਤੇ ਇੰਨੇ ਵਿਸ਼ਾਲ ਸਮਾਗਮਾਂ ਦੇ ਕੀ ਅਰਥ ਹਨ।

https://twitter.com/MinOfCultureGoI/status/1516665429623668737?cxt=HHwWgoCs_YXLo4wqAAAA

ਗੁਰੂ ਤੇਗ ਬਹਾਦਰ ਕੌਣ ਸਨ

ਗੁਰੂ ਤੇਗ ਬਹਾਦਰ ਸਾਹਿਬ, ਸਿੱਖਾਂ ਦੇ ਨੌਂਵੇਂ ਗੁਰੂ ਹੋਏ ਹਨ। ਉਨ੍ਹਾਂ ਦਾ ਪਹਿਲਾ ਨਾਮ ਤਿਆਗ ਮਲ ਸੀ।

ਸਿੱਖ ਧਰਮ ਅਧਿਐਨ ਦੇ ਸਰੋਤਾਂ ਵਿਚ ਉਨ੍ਹਾਂ ਨੂੰ ''ਜਗਤ ਦੀ ਚਾਦਰ'' ਮੰਨਿਆ ਜਾਂਦਾ ਹੈ। ਭਾਰਤੀ ਪਰੰਪਰਾ ''ਚ ਉਨ੍ਹਾਂ ਦਾ ਸਤਿਕਾਰ ''ਹਿੰਦ ਦੀ ਚਾਦਰ'' ਵਜੋਂ ਯਾਦ ਕਰਕੇ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ:

ਸਿੱਖ ਇਤਿਹਾਸਕਾਰ ਪ੍ਰਿੰ. ਸਤਿਬੀਰ ਸਿੰਘ ਆਪਣੀ ਕਿਤਾਬ ''ਇਤਿ ਜਿਨ ਕਰੀ'' ਵਿੱਚ ਲਿਖਦੇ ਹਨ, ''ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਵੈਸਾਖ ਸਦੀ ਪੰਜਵੀਂ, ਸੰਮਤ 1678 ਵਿਚ ਹੋਇਆ ਸੀ।

ਆਧੁਨਿਕ ਗ੍ਰੋਗੇਰੀਅਨ ਕੈਲੰਡਰ ਮੁਤਾਬਕ ਇਹ ਦਿਨ ਸ਼ੁੱਕਰਵਾਰ ਸੀ ਅਤੇ ਪਹਿਲੀ ਅਪ੍ਰੈਲ 1621 ਈਸਵੀ । ਉਨ੍ਹਾਂ ਦੀ ਮਾਤਾ ਦਾ ਨਾਨਕੀ ਜੀ ਦੀ ਅਤੇ ਪਿਤਾ ਹਰਿਗੋਬਿੰਦ ਸਾਹਿਬ ਜੀ ਸੀ। ਉਨ੍ਹਾਂ ਦਾ ਜਨਮ ਅੰਮ੍ਰਿਤਸਰ, ਗੁਰੂ ਕੇ ਮਹਿਲ ਵਿਖੇ ਹੋਇਆ।''

ਗੁਰੂ ਹਰਿਗੋਬਿੰਦ ਸਾਹਿਬ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ। ਗੁਰੂ ਤੇਗ ਬਹਾਦਰ ਜੀ, ਗੁਰੂ ਹਰਿਗੋਬਿੰਦ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ।

ਗੁਰੂ ਤੇਗ ਬਹਾਦਰ ਜੀ ਨੇ ਮੁੱਢਲੀ ਅੱਖਰੀ ਵਿਦਿਆ ਭਾਈ ਗੁਰਦਾਸ ਜੀ ਕੋਲੋਂ ਹਾਸਲ ਕੀਤੀ ਅਤੇ ਸ਼ਸਤਰ ਵਿਦਿਆ ਦੀ ਸਿਖਲਾਈ ਭਾਈ ਜੇਠਾ ਜੀ ਕੋਲੋਂ ਹਾਸਲ ਕੀਤੀ ਸੀ।

https://twitter.com/MinOfCultureGoI/status/1516435665147219970?cxt=HHwWhMCqnf-Mu4sqAAAA

ਗੁਰੂ ਤੇਗ ਬਹਾਦਰ ਜੀ ਦਾ ਵਿਆਹ ਜਲੰਧਰ ਨੇੜਲੇ ਕਰਤਾਰਪੁਰ ਵਾਸੀ ਭਾਈ ਲਾਲ ਚੰਦ ਤੇ ਮਾਤਾ ਬਿਸ਼ਨ ਕੌਰ ਦੀ ਧੀ ਬੀਬੀ ਗੁਜਰੀ ਜੀ ਦੇ ਨਾਲ ਮਾਰਚ 1632 ਈਸਵੀ ਨੂੰ ਹੋਇਆ।

ਤਿਆਗ ਮੱਲ ਤੋਂ ਤੇਗ ਬਹਾਦਰ ਬਣੇ

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਦੋਂ ਮੁਗ਼ਲਾਂ ਦੇ ਨਾਲ ਕਰਤਾਰਪੁਰ ਦੀ ਜੰਗ ਪਿੱਛੋਂ ਜਦੋਂ ਕੀਰਤਪੁਰ ਵੱਲ ਚਾਲੇ ਪਾਏ ਤਾਂ ਫਗਵਾੜੇ ਕੋਲ ਪਲਾਹੀ ਪਿੰਡ ਵਿਚ ਸ਼ਾਹੀ ਫ਼ੌਜ ਦੀ ਇਕ ਟੁਕੜੀ ਨੇ ਅਚਾਨਕ ਹਮਲਾ ਕਰ ਦਿੱਤਾ।

ਇਸ ਜੰਗ ਵਿਚ ਮੁਗ਼ਲਾਂ ਨਾਲ ਲੜਾਈ ਵਿਚ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਤੇਗ (ਕਿਰਪਾਨ) ਦੇ ਜੌਹਰ ਦਿਖਾਉਣ ਤੋਂ ਬਾਅਦ ਉਨ੍ਹਾਂ ਦਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਪੈ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁਸਤਕ ''ਸਿੱਖ ਇਤਿਹਾਸ'' ਮੁਤਾਬਕ, ''''ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਦੇਹਾਂਤ ਹੋਣ ਤੋਂ ਬਾਅਦ ਚੇਤ ਸੰਮਤ 1722 (ਮਾਰਚ 1665 ਈਸਵੀ) ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਨੇੜੇ ਕਸਬਾ ਬਕਾਲਾ ਵਿਖੇ ਗੁਰਤਾਗੱਦੀ ''ਤੇ ਬਿਰਾਜਮਾਨ ਹੋ ਕੇ ਸਿੱਖਾਂ ਦੇ ਨੌਵੇਂ ਗੁਰੂ ਬਣੇ।''''

ਗੁਰੂ ਤੇਗ ਬਹਾਦਰ ਦੇ ਸਮਕਾਲੀ ਹਾਲਾਤ

ਕਿਤਾਬ ਸਿੱਖ ਇਤਿਹਾਸ ਮੁਤਾਬਕ ਗੁਰੂ ਤੇਗ ਬਹਾਦਰ ਜੀ ਦੇ ਸਮਕਾਲੀ ਮੁਗ਼ਲ ਬਾਦਸ਼ਾਹ ਆਲਮਗੀਰ ਔਰੰਗਜ਼ੇਬ ਸਨ।

ਆਮ ਲੋਕਾਂ ਵਿਚ ਔਰੰਗਜ਼ੇਬ ਦੀ ਦਿੱਖ ਹਿੰਦੂਆਂ ਨਾਲ ਨਫ਼ਰਤ ਕਰਨ ਵਾਲੇ ਧਾਰਮਿਕ ਆਵੇਗ ਨਾਲ ਭਰੇ ਇੱਕ ਕੱਟੜਪੰਥੀ ਬਾਦਸ਼ਾਹ ਵਾਲੀ ਸੀ। ਜਿਸ ਨੇ ਆਪਣੇ ਸਿਆਸੀ ਉਦੇਸ਼ਾਂ ਨੂੰ ਪੂਰਾ ਕਰਨ ਲ਼ਈ ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਤੱਕ ਨੂੰ ਵੀ ਨਹੀਂ ਬਖ਼ਸ਼ਿਆ।

''''ਔਰੰਗਜੇਬ ਦਾ ਮੈਨ ਐਂਡ ਦਾ ਮਿਥ'''' ਕਿਤਾਬ ਲਿਖਣ ਵਾਲੀ ਅਮਰੀਕ ਇਤਿਹਾਸਕਾਰ ਆਡਰੀ ਟ੍ਰਸਚਕੇ ਲਿਖਦੀ ਹੈ, ''''ਔਰੰਗਜੇਬ ਨੇ ਭਾਰਤ ਦੇ 15 ਕਰੋੜ ਲੋਕਾਂ ਉੱਤੇ ਕਰੀਬ 49 ਸਾਲ ਰਾਜ ਕੀਤਾ ਅਤੇ ਉਸਦੇ ਸਾਸ਼ਨ ਦੌਰਾਨ ਮੁਗਲ ਸਾਮਰਾਜ ਇੰਨਾ ਫੈਲਿਆ ਕਿ ਪਹਿਲੀ ਵਾਰ ਉਨ੍ਹਾਂ ਕਰੀਬ-ਕਰੀਬ ਸਾਪੇ ਉੱਪਮਹਾਂਦੀਪ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾ ਲਿਆ।''''

ਸਿੱਖ ਇਤਿਹਾਸ ਕਿਤਾਬ ਦਾ ਦਾਅਵਾ ਹੈ ਕਿ ਔਰੰਗਜੇਬ ਦੇ ਰਾਜ ਪਸਾਰੇ ਦੌਰਾਨ ਜ਼ਬਰੀ ਧਰਮ ਪਰਿਵਰਤਨ ਦੀ ਤੇਜ਼ ਮੁਹਿੰਮ ਚਲਾਈ ਗਈ।

''''ਧਰਮ ਪਰਿਵਰਤਨ ਤੋਂ ਦੁਖੀ ਹੋਏ ਕਸ਼ਮੀਰੀ ਪੰਡਤਾਂ ਦਾ ਇਕ ਵਫ਼ਦ ਕਸ਼ਮੀਰ ਦੇ ਮਟਨ ਨਿਵਾਸੀ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਪਹੁੰਚ ਗਿਆ।

ਪੰਡਿਤਾਂ ਨੇ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੀ ਹਕੂਮਤ ਵਲੋਂ ਜਬਰੀ ਧਰਮ ਤਬਦੀਲੀਆਂ ਬਾਰੇ ਆਪਣੀ ਦਾਸਤਾਨ ਸੁਣਾਈ, ਤਾਂ ਉਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਉੱਤਰ ਦਿੱਤਾ ਕਿ ਕਿਸੇ ਮਹਾਨ ਪੁਰਖ਼ ਦੇ ਬਲੀਦਾਨ ਨਾਲ ਹਕੂਮਤ ਦੇ ਅੱਤਿਆਚਾਰ ਰੁਕ ਜਾਣਗੇ।

...ਤਾਂ ਉਥੇ ਖੜ੍ਹੇ ਉਨ੍ਹਾਂ ਦੇ ਸਪੁੱਤਰ ਬਾਲਕ ਗੋਬਿੰਦ ਰਾਇ ਜੀ (ਜੋ ਗੁਰਗੱਦੀ ਮਿਲਣ ਤੋਂ ਬਾਅਦ ਖ਼ਾਲਸਾ ਪੰਥ ਸਜਾਉਣ ਉਪਰੰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣੇ) ਨੇ ਸਹਿਜ-ਸੁਭਾਅ ਹੀ ਆਪਣੇ ਗੁਰੂ ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਗੁਰੂ ਪਿਤਾ ਜੀ ਤੁਹਾਡੇ ਨਾਲੋਂ ਸਤਿ ਪੁਰਖ ਅਤੇ ਮਹਾਤਮਾ ਹੋਰ ਕੌਣ ਹੋ ਸਕਦਾ ਹੈ?

ਬਾਲ ਗੋਬਿੰਦ ਰਾਇ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦੇ ਧਰਮ ਦੀ ਰਖਵਾਲੀ ਲਈ ਭਰੋਸਾ ਦਿੱਤਾ।

ਇਤਿਹਾਸਕਾਰਾਂ ਮੁਤਾਬਕ, ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ, ਔਰੰਗਜ਼ੇਬ ਨੂੰ ਸੁਨੇਹਾ ਭੇਜ ਦਿਓ ਕਿ ਜੇਕਰ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਕਰ ਲੈਣਗੇ ਤਾਂ ਅਸੀਂ ਵੀ ਇਸਲਾਮ ਧਰਮ ਧਾਰਨ ਕਰ ਲਵਾਂਗੇ।

ਦਿੱਲੀ ਵੱਲ ਚਾਲੇ ਤੇ ਗ੍ਰਿਫ਼ਤਾਰੀ

ਸਿੱਖ ਇਤਿਹਾਸ ਮੁਤਾਬਕ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪੇ ਹੀ ਦਿੱਲੀ ਜਾਣ ਦੀ ਤਿਆਰੀ ਆਰੰਭ ਦਿੱਤੀ।

ਇਤਿਹਾਸਕਾਰ ਪ੍ਰਿੰ. ਸਤਿਬੀਰ ਸਿੰਘ ਅਨੁਸਾਰ, 11 ਜੁਲਾਈ 1675 ਨੂੰ ਆਪ ਜੀ ਪੰਜ ਸਿੱਖਾਂ ਸਮੇਤ ਦਿੱਲੀ ਵੱਲ ਚੱਲ ਪਏ।

ਇਤਿਹਾਸਕਾਰਾਂ ਮੁਤਾਬਕ ਰਸਤੇ ਵਿਚੋਂ ਹੀ ਔਰੰਗਜ਼ੇਬ ਦੇ ਹੁਕਮ ਅਨੁਸਾਰ ਮੁਗ਼ਲਾਂ ਵਲੋਂ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਕੁਝ ਸਿੱਖਾਂ ਨੂੰ ਕੈਦ ਕਰਕੇ ਦਿੱਲੀ ਲਿਆਂਦਾ ਗਿਆ।

ਉਦੋਂ ਔਰੰਗਜ਼ੇਬ ਹਿੰਦੁਸਤਾਨ ਦੇ ਸੂਬਾ ਸਰਹਿੰਦ ਵਲੋਂ ਪਠਾਣਾਂ ਦੀ ਬਗਾਵਤ ਰੋਕਣ ਦੇ ਸਿਲਸਿਲੇ ਵਿਚ ਕਾਹਲੀ-ਕਾਹਲੀ ਰਵਾਨਾ ਹੋ ਗਿਆ ਸੀ ਅਤੇ ਜਾਂਦੀ ਵਾਰੀ ਗੁਰੂ ਸਾਹਿਬ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ, ਆਪਣੇ ਤੋਂ ਬਾਅਦ ਉੱਚ ਅਹਿਲਕਾਰਾਂ ਨੂੰ ਸਮਝਾ ਗਿਆ ਸੀ।

ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਉਤੇ ਹਕੂਮਤੀ ਵਾਰ ਸ਼ੁਰੂ ਹੋਏ। ਹਕੂਮਤ ਨੇ ਪਹਿਲਾਂ ਤਾਂ ਜ਼ਬਾਨੀ ਡਰਾਵੇ ਅਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣਨਾ ਮੰਨ ਜਾਣ ਪਰ ਜਦੋਂ ਗੁਰੂ ਸਾਹਿਬ ਨਹੀਂ ਮੰਨੇ ਤਾਂ ਹਕੂਮਤੀ ਜ਼ੁਲਮ-ਜਬਰ ਆਰੰਭ ਕਰ ਦਿੱਤਾ।

''ਆਰੇ ਨਾਲ ਚਿਰਾਏ ਗਏ ਦੇਗਾਂ ਵਿਚ ਉਬਾਲੇ ਗਏ''

ਲਾਲ ਕਿਲੇ ਦੇ ਸਾਹਮਣੇ ਹੀ ਸੀਸ ਗੰਜ ਸਥਿਤ ਹੈ
Getty Images
ਲਾਲ ਕਿਲਾ

ਪਹਿਲਾਂ ਗੁਰੂ ਜੀ ਨਾਲ ਗ੍ਰਿਫ਼ਤਾਰ ਕੀਤੇ ਗਏ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਤਸੀਹੇ ਦਿੱਤੇ ਗਏ।

ਗੁਰੂ ਸਾਹਿਬ ਦੀਆਂ ਅੱਖਾਂ ਸਾਹਮਣੇ ਇਨ੍ਹਾਂ ਨੂੰ ਵੱਖ-ਵੱਖ ਭਿਆਨਕ ਤਰੀਕਿਆਂ ਨਾਲ ਕਤਲ ਕੀਤਾ ਗਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਦੋ-ਫਾੜ ਕਰ ਦਿੱਤਾ ਗਿਆ।

ਫਿਰ ਭਾਈ ਦਿਆਲਾ ਜੀ ਨੂੰ ਦੇਗ ਦੇ ਉਬਲਦੇ ਪਾਣੀ ਵਿਚ ਸੁਟ ਕੇ ਉਬਾਲ ਦਿੱਤਾ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿਚ ਲਪੇਟ ਕੇ ਅੱਗ ਲਗਾ ਕੇ ਜਿੰਦਾ ਸਾੜਿਆ।

ਗੁਰੂ ਤੇਗ ਬਹਾਦਰ - ਹਿੰਦ ਦੀ ਚਾਦਰ

ਆਖਰ ਵਿਚ ਦਿੱਲੀ ਦੇ ਚਾਂਦਨੀ ਚੌਂਕ ਵਿਚ ਲਾਲ ਕਿਲੇ ਦੇ ਸਾਹਮਣੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੀਸਗੰਜ ਹੈ, ਉੱਥੇ ਗੁਰੂ ਤੇਗ ਬਹਾਦਰ ਦਾ ਸੀਸ ਧੜ੍ਹ ਨਾਲੋਂ ਅਲੱਗ ਕਰ ਦਿੱਤਾ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੁਸਤਕ ''ਸਿੱਖ ਇਤਿਹਾਸ'' ਮੁਤਾਬਕ ਸ਼ਹੀਦ ਕਰਨ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਸਨ।

ਗੁਰਦੁਆਰਾ ਸੀਸ ਗੰਜ ਸਾਹਿਬ
Getty Images
ਕੇਜਰੀਵਾਲ ਸਰਕਾਰ ਨੇ ਗੁਰਦੁਆਰਾ ਸੀਸ ਗੰਜ ਦੇ ਦੁਆਲੇ ਦੇ ਇਲਾਕੇ ਨੂੰ ਵਿਰਾਸਤੀ ਰੂਪ ਦੇਣ ਦਾ ਯਤਨ ਕੀਤਾ

ਜਿਨ੍ਹਾਂ ਵਿਚੋਂ ਪਹਿਲੀ; ਕਲਮਾਂ ਪੜ੍ਹੋ ਤੇ ਮੁਸਲਮਾਨ ਬਣ ਜਾਵੋ, ਦੂਜੀ; ਕਰਾਮਾਤ ਵਿਖਾਓ ਅਤੇ ਤੀਜੀ ਸੀ; ਮੌਤ ਲਈ ਤਿਆਰ ਹੋ ਜਾਓ।

ਗੁਰੂ ਜੀ ਨੇ ਉੱਤਰ ਦਿੱਤਾ ਸੀ, ''''ਅਸੀਂ ਨਾ ਹੀ ਆਪਣਾ ਧਰਮ ਛੱਡਾਂਗੇ ਅਤੇ ਨਾ ਹੀ ਚਮਤਕਾਰ ਦਿਖਾਵਾਂਗੇ, ਆਪ ਨੇ ਜੋ ਕਰਨਾ ਹੈ ਕਰ ਲਓ ਅਸੀਂ ਤਿਆਰ ਹਾਂ।''''

ਇਤਿਹਾਸਕਾਰ ਪ੍ਰੋ. ਕਰਤਾਰ ਸਿੰਘ ਐਮ.ਏ. ਆਪਣੀ ਕਿਤਾਬ ਸਿੱਖ ਇਤਾਹਾਸ-ਭਾਗ ਪਹਿਲਾ ਵਿਚ ਲਿਖਦੇ ਹਨ, ''''ਸਮਾਣੇ ਦੇ ਸੱਯਦ ਜਲਾਲ ਦੀਨ ਜੱਲਾਦ ਨੇ ਤਲਵਾਰ ਮਾਰੀ, ਗੁਰੂ ਜੀ ਦਾ ਸੀਸ ਧੜ ਨਾਲੋਂ ਅੱਡ ਹੋ ਗਿਆ।

ਇਹ ਸਾਕਾ 11 ਨਵੰਬਰ 1675 ਈਸਵੀ ਨੂੰ ਵੀਰਵਾਰ ਦੇ ਦਿਨ ਹੋਇਆ।

ਲਾਲ ਕਿਲੇ ਉੱਤੇ ਸਮਾਗਮ ਬਾਰੇ ਪ੍ਰਤੀਕਰਮ

ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ, ਡਾਕਟਰ ਸੁਖਦਿਆਲ ਸਿੰਘ ਨੇ ਪੰਜਾਬ ਅਤੇ ਸਿੱਖ ਇਤਿਹਾਸ ਉੱਤੇ ਕਈ ਕਿਤਾਬਾਂ ਲਿਖਿਆ ਹਨ।

ਬੀਬੀਸੀ ਪੰਜਾਬੀ ਨਾਲ ਫ਼ੋਨ ਉੱਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਦਿਹਾੜੇ ਕੇਂਦਰ ਸਰਕਾਰ ਵਲੋਂ ਮਨਾਏ ਜਾਣੇ ਕੋਈ ਨਵੀਂ ਘਟਨਾ ਨਹੀਂ ਹੈ।

ਉਹ ਦੱਸਦੇ ਹਨ ਕਿ 1975 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਦਿੱਲੀ ਵਿਚ ਇੱਕ ਵਿਸ਼ਾਲ ਸਮਾਗਮ ਕਰਵਾਇਆ ਸੀ, ਜਿਸ ਵਿਚ ਤਤਕਾਲੀ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਕਰਤਾਰ ਸਿੰਘ ਵੀ ਸ਼ਾਮਲ ਹੋਏ ਸਨ।

ਡਾਕਟਰ ਸੁਖਦਿਆਲ ਕਹਿੰਦੇ ਹਨ ਕਿ ਜੇਕਰ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਗੁਰੂ ਸਾਹਿਬ ਦਾ 400 ਸਾਲਾ ਸਮਾਗਮ ਕਰਵਾ ਰਹੀ ਹੈ ਅਤੇ ਇਹ ਲਾਲ ਕਿਲੇ ਵਰਗੇ ਕੌਮੀ ਸਮਾਰਕ ਉੱਤੇ ਹੋ ਰਿਹਾ ਹੈ ਤਾਂ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ।

ਇਸ ਦਾ ਪੂਰੇ ਸਿੱਖ ਭਾਈਚਾਰੇ ਨੂੰ ਸਵਾਗਤ ਕਰਨਾ ਚਾਹੀਦਾ ਹੈ।

ਲਾਲ ਕਿਲਾ
Getty Images
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇ ਪ੍ਰਕਸ਼ ਦਿਵਸ ਦੇ ਮੌਕੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ

ਉਹ ਕਹਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਗੁਰੂ ਤੇਗ ਬਹਾਦਰ ਅਤੇ ਸਿੱਖ ਕੌਮ ਦੀਆਂ ਹੋਰ ਸ਼ਹਾਦਤਾਂ ਨੂੰ ਕੌਮਾਂਤਰੀ ਪੱਧਰ ਉੱਤੇ ਨਹੀਂ ਪ੍ਰਚਾਰ ਸਕੀ।

ਪ੍ਰਧਾਨ ਮੰਤਰੀ ਦੇ ਲਾਲ ਕਿਲੇ ਤੋਂ ਸੰਬੋਧਨ ਵਾਲੇ ਸਮਾਗਮ ਨਾਲ ਸਿੱਖ ਕੌਮ ਨੂੰ ਉਹ ਮਾਣ ਮਿਲੇਗਾ, ਜਿਸਦਾ ਸਿੱਖ ਭਾਈਚਾਰਾ ਹੱਕ ਰੱਖਦਾ ਹੈ।

ਯੂਐੱਨਆਈ ਤੋਂ ਸੇਵਾਮੁਕਤ ਹੋਏ ਅਤੇ 80ਵਿਆਂ ਦੇ ਦਹਾਕੇ ਦੇ ਹਾਲਾਤ ਉੱਤੇ ਕਿਤਾਬ ਲਿਖ ਚੁੱਕੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਇਸ ਮਸਲੇ ਉੱਤੇ ਥੋੜਾ ਵੱਖਰਾ ਵਿਚਾਰ ਰੱਖਦੇ ਹਨ।

ਜਸਪਾਲ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਕਿਹਾ, ''''ਕਾਂਗਰਸ ਵੀ ਪਹਿਲਾਂ ਅਜਿਹਾ ਕੁਝ ਕਰਦੀ ਰਹੀ ਹੈ। ਸ਼ੰਭੂ ਬਾਰਡਰ ਉੱਤੇ ਗੁਰੂ ਤੇਗ ਬਹਾਦਰ ਯਾਦਗਾਰੀ ਸਮਾਰਕ ਦੀ ਉਸਾਰੀ ਕਾਂਗਰਸ ਦੀ ਮਰਹੂਮ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਕਰਵਾਈ ਸੀ।''''

ਉਹ ਕਹਿੰਦੇ ਹਨ, ''''ਅਰਵਿੰਦ ਕੇਜਰੀਵਾਲ ਸਰਕਾਰ ਨੇ ਗੁਰੂ ਸੀਸਗੰਜ ਦੇ ਆਲੇ ਦੁਆਲੇ ਕੋਰੀਡੋਰ ਬਣਾ ਕੇ ਵਿਰਾਸਤੀ ਦਿੱਖ ਦੇਣ ਦੀ ਕੋਸ਼ਿਸ਼ ਕੀਤੀ ਹੈ।''''

''''ਭਾਰਤੀ ਜਨਤਾ ਪਾਰਟੀ ਦੀ ਸਿਆਸਤ ਸਿੱਖਾਂ ਨੂੰ ਬੁੱਕਲ ਵਿਚ ਲੈਣ ਅਤੇ ਮੁਸਲਮਾਨਾਂ ਨੂੰ ਕੁੱਟਣ ਵਾਲੀ ਹੈ।''''

ਉਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਖ਼ਤਮ ਕਰਵਾਉਣ ਲਈ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਚੁਣਿਆ, ਛੋਟੋ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਵੀਰ ਬਾਲ ਦਿਵਸ ਮਨਾਉਣ ਦਾ ਐਲਾਨ ਸਣੇ ਸਿੱਖਾਂ ਨੂੰ ਖੁਸ਼ ਕਰਨ ਲਈ ਕਈ ਕਦਮ ਚੁੱਕੇ ਹਨ।''''

ਜਸਪਾਲ ਸਿੱਧੂ ਕਹਿੰਦੇ ਹਨ ਕਿ ਅਸਲ ਵਿਚ ਭਾਰਤੀ ਜਨਤਾ ਪਾਰਟੀ ਸਿੱਖਾਂ ਨੂੰ ਖੁਸ਼ ਕਰਕੇ ਮੁਲਕ ਵਿਚ ਇਹ ਪ੍ਰਭਾਵ ਦੇਣਾ ਚਾਹੁੰਦੀ ਹੈ ਕਿ ਉਹ ਘੱਟ ਗਿਣਤੀ ਵਿਰੋਧੀ ਨਹੀਂ ਹੈ।

ਘੱਟ ਗਿਣਤੀ ਸਿੱਖ ਭਾਈਚਾਰ ਭਾਜਪਾ ਨਾਲ ਖੜ੍ਹਾ ਹੈ। ਜੇਕਰ ਮੁਲਕ ਵਿਚ ਕਿਸੇ ਘੱਟ ਗਿਣਤੀ ਫਿਰਕੇ ਖਿਲਾਫ਼ ਹਮਲਾਵਰ ਕਾਰਵਾਈਆਂ ਹੁੰਦੀਆਂ ਹਨ ਤਾਂ ਉਹ ਉਨ੍ਹਾਂ ਦੇ ਐਕਸ਼ਨਾਂ ਕਾਰਨ ਹੁੰਦਾ ਹੈ।

ਹਾਲਾਂਕਿ ਡਾਕਟਰ ਸੁਖਦਿਆਲ ਸਿੰਘ ਕਹਿੰਦੇ ਹਨ,''''ਹਰ ਕੋਈ ਸਿਆਸੀ ਆਗੂ ਸਿਆਸਤ ਕਰਦਾ ਹੈ। ਜੋ ਮੋਦੀ ਸਿਆਸਤ ਕਰ ਰਿਹਾ ਹੈ, ਤਾਂ ਉਸ ਨੂੰ ਸਿਆਸਤ ਕਰਨ ਤੋਂ ਕੌਣ ਰੋਕ ਸਕਦਾ ਹੈ। ਜੇਕਰ ਉਹ ਕੋਈ ਚੰਗਾ ਕੰਮ ਕਰਦਾ ਹੈ ਤਾਂ ਉਸ ਉੱਤੇ ਬੇਲੋੜੇ ਸਵਾਲ ਨਹੀਂ ਖੜੇ ਕੀਤੇ ਜਾਣੇ ਚਾਹੀਦੇ।''''

ਇਹ ਵੀ ਪੜ੍ਹੋ:

https://www.youtube.com/watch?v=7tAVcyIsQTs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0293a0a6-c578-4d29-a650-16b23059a1a2'',''assetType'': ''STY'',''pageCounter'': ''punjabi.international.story.61160950.page'',''title'': ''ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ: ਲਾਲ ਕਿਲੇ ਦੇ ਸਮਾਗਮ ਰਾਹੀ ਮੋਦੀ ਕੀ ਹਾਸਲ ਕਰਨਾ ਚਾਹੁੰਦੇ ਹਨ'',''author'': ''ਤਲਵਿੰਦਰ ਸਿੰਘ ਬੁੱਟਰ'',''published'': ''2022-04-21T12:43:39Z'',''updated'': ''2022-04-21T12:46:01Z''});s_bbcws(''track'',''pageView'');

Related News