ਬਲਬੀਰ ਸਿੰਘ ਰਾਜੇਵਾਲ ਨੂੰ ਕਿਉਂ ਲਗਦਾ ਹੈ ਕਿ ਪੰਜਾਬੀਆਂ ਦੀ ‘ਧੀਮੀ ਨਸਲਕੁਸ਼ੀ ਹੋ ਰਹੀ ਹੈ’

Friday, Jan 21, 2022 - 09:25 AM (IST)

ਬਲਬੀਰ ਸਿੰਘ ਰਾਜੇਵਾਲ ਨੂੰ ਕਿਉਂ ਲਗਦਾ ਹੈ ਕਿ ਪੰਜਾਬੀਆਂ ਦੀ ‘ਧੀਮੀ ਨਸਲਕੁਸ਼ੀ ਹੋ ਰਹੀ ਹੈ’
ਬਲਬੀਰ ਸਿੰਘ ਰਾਜੇਵਾਲ
BBC

''''ਪੋਲਿਟੀਕਲ ਪਾਰਟੀਆਂ ਨੇ ਇੰਨਾ ਭੱਠਾ ਬਿਠਾ ਦਿੱਤਾ ਹੈ ਕਿ ਜੇ ਨਾ ਸੰਭਲੇ ਤਾਂ ਦੋ ਸਾਲ ਬਾਅਦ ਪੰਜਾਬ ਨਹੀਂ ਰਹਿਣਾ। ਇੱਥੇ ਹਾਲਾਤ ਵਿਗੜ ਜਾਣਗੇ।''''

ਸੰਯੁਕਤ ਸਮਾਜ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਹ ਸ਼ਬਦ ਬੀਬੀਸੀ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਕਹੇ।

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਹਿਲਾਂ ਸਾਡਾ ਚੋਣਾਂ ਲੜਨ ਦਾ ਕੋਈ ਇਰਾਦਾ ਨਹੀਂ ਸੀ। ਸਗੋਂ ਇਹ ਤਾਂ ਲੋਕਾਂ ਦੀ ਇੱਛਾ ਸੀ ਅਤੇ ਲੋਕਾਂ ਦੇ ਦਬਾਅ ਤਹਿਤ ਇਹ ਫ਼ੈਸਲਾ ਲਿਆ ਹੈ।

ਉਨ੍ਹਾਂ ਨੇ ਕਿਹਾ, ''''ਪੰਜਾਬ ਦੇ ਸਿਰ ਸਾਢੇ ਤਿੰਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਜੋ ਨੌਜਵਾਨ ਕਦੇ ਕੰਪੀਟੀਸ਼ਨ ਲੜਿਆ ਕਰਦੇ ਸਨ, ਆਈਏਐਸ/ਪੀਸੀਐਸ ਬਣਦੇ ਸਨ ਉਹ ਹੁਣ ਆਈਲੈਟਸ ਕਰਕੇ ਬਾਹਰ ਜਾ ਰਹੇ ਹਨ।''''

''''ਨਾਲੇ 40-50 ਲੱਖ ਰੁਪਈਆ ਫ਼ੀਸਾਂ ਦਾ ਵੀ ਲੈ ਜਾਂਦੇ ਹਨ ਅਤੇ ਉਨ੍ਹਾਂ ਨੇ ਵਾਪਸ ਇੱਥੇ ਨਹੀਂ ਆਉਣਾ। ਇਹ ਇੱਕ ਤਰ੍ਹਾਂ ਨਾਲ ਸਾਡੀ ਨਸਲਕੁਸ਼ੀ ਹੈ।''''

''''ਉਹ ਉੱਥੇ ਹੀ ਰਹਿਣਗੇ। ਉਨ੍ਹਾਂ ਦੇ ਅਗਲੇ ਬੱਚੇ ਉੱਥੇ ਦੇ ਵਾਤਾਵਰਣ ਵਿੱਚ ਰਹਿਣਗੇ ਉੱਥੇ ਹੀ ਪੜ੍ਹਨਗੇ। ਤੀਸਰੀ ਪੀੜ੍ਹੀ ਜਾ ਕੇ ਬਿਲਕੁਲ ਹੀ ਪੰਜਾਬੀ ਨਹੀਂ ਰਹਿਣੀ।''''

ਇਹ ਵੀ ਪੜ੍ਹੋ:

ਰਾਜੇਵਾਲ ਮੁਤਾਬਕ ਪੰਜਾਬੀ ਨੌਜਵਾਨਾਂ ਦਾ ਦੂਜਾ ਹਿੱਸਾ ਉਹ ਹੈ ਜੋ, ''''ਆਈਲੈਟਸ ਨਹੀਂ ਕਰ ਸਕੇ। ਉਹ ਰੋਜ਼ ਇੱਥੇ ਰੁਜ਼ਗਾਰ ਕਰਕੇ ਪੁਲਿਸ ਕੋਲੋਂ ਡਾਂਗਾਂ ਖਾਂਦੇ ਹਨ।''''

''''ਜੇ ਉਹ ਫਰਸਟਰੇਟ ਹੋ ਗਏ ਤਾਂ ਉਨ੍ਹਾਂ ਵਿੱਚੋਂ ਬਹੁਤੇ ਨਸ਼ੇ ਦੇ ਆਦੀ ਹੋ ਕੇ ਮਰ ਜਾਣਗੇ। ਇੱਕ ਹਿੱਸਾ ਲੁੱਟਾਂ-ਖੋਹਾਂ ਵਿੱਚ ਪੈ ਜਾਏਗਾ।''''

ਰਾਜਵਾਲ ਨੇ ਚੇਤਵਾਨੀ ਵਾਲੇ ਸੁਰ ਵਿੱਚ ਕਿਹਾ,''''ਇੱਕ ਹਿੱਸਾ ਜਿਸ ਬਾਰੇ ਸਾਨੂੰ ਡਰ ਲਗਦਾ ਹੈ। ਉਹ ਇਹ ਕਿ ਜੇ ਕਿਤੇ ਜਿਸ ਤਰ੍ਹਾਂ ਦਾ ਵਤੀਰਾ ਰਵਾਇਤੀ ਸਿਆਸੀ ਪਾਰਟੀਆਂ ਦਾ ਹੈ ਉਹ ਕਿਤੇ ਦੋਬਾਰਾ ਹਥਿਆਰ ਨਾ ਚੁੱਕ ਲਏ, ਤਾਂ ਪੰਜਾਬ ਨਹੀਂ ਬਚਣਾ।''''

“ਸਿਆਸੀ ਭ੍ਰਿਸ਼ਟਾਚਾਰ ਇੰਨਾ ਹੈ ਕਿ ਰੇਤਾ-ਬਜਰੀ ਇੰਨਾ ਕੁਦਰਤ ਨੇ ਬਖ਼ਸ਼ਿਆ ਹੋਇਆ ਹੈ ਕਿ ਇਹ 25 ਕੁ ਹਜ਼ਾਰ ਕਰੋੜ ਦਾ ਕਾਰੋਬਾਰ ਹੈ ਤੇ ਸਾਨੂੰ ਖਜਾਨੇ ਵਿੱਚ ਸਿਰਫ਼ ਚਾਰ ਸੌ ਕਰੋੜ ਆਉਂਦਾ ਹੈ।”

“ਇਸੇ ਤਰ੍ਹਾਂ ਸ਼ਰਾਬ ਦਾ ਕਾਰੋਬਾਰ ਹੈ ਸਾਰਾ ਸਿਆਸੀ ਲੋਕਾਂ ਦੇ ਹੱਥ ਵਿੱਚ ਹੈ। ਸਾਡੇ ਕੋਲ 1700 ਕਰੋੜ ਆਉਂਦਾ ਹੈ ਤੇ ਕਾਰੋਬਾਰ 57 ਤੋਂ 60 ਹਜ਼ਾਰ ਕਰੋੜ ਦਾ ਹੈ।”

“ਇਸੇ ਤਰ੍ਹਾਂ ਟਰਾਂਸਪੋਰਟ ਦਾ ਕਾਰੋਬਾਰ ਹੈ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਇਸ ਸਿਆਸੀ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਰਹੀਆਂ ਹਨ।”

ਸੰਯੁਕਤ ਸਮਾਜ ਮੋਰਚੇ ਕੋਲ ਸਮੱਸਿਆਵਾਂ ਦੇ ਹੱਲ ਕੀ ਹੈ?

ਬਲਬੀਰ ਸਿੰਘ ਰਾਜੇਵਾਲ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ, ''''ਸਪਸ਼ਟ ਹੈ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਸਿਆਸੀ ਭ੍ਰਿਸ਼ਟਚਾਰ ਖ਼ਤਮ ਕਰਾਂਗੇ। ਇੱਕ ਲੱਖ ਕਰੋੜ ਰੁਪੀਆ ਇਹ ਬਚਾਵਾਂਗੇ ਜੋ ਵਿਕਾਸ ਉੱਪਰ ਖ਼ਰਚ ਹੋਵੇਗਾ।''''

''''ਜਿਸ ਤਰ੍ਹਾਂ ਦਾ ਪ੍ਰਸ਼ਾਸਕੀ ਭ੍ਰਿਸ਼ਟਾਚਾਰ ਹੈ। ਥਾਣੇ ਵਿਕਦੇ ਹਨ, ਤਹਿਸੀਲਾਂ ਵਿਕਦੀਆਂ ਹਨ, ਹਰ ਮਹਿਕਮੇ ਵਿੱਚ ਪੋਸਟਾਂ ਵਿਕਦੀਆਂ ਹਨ। ਇਹ ਕੰਮ ਬੰਦ ਕਰ ਦਿਆਂਗੇ।''''

''''ਉਸ ਬਚਤ ਨਾਲ ਅਸੀਂ ਨਵਾਂ ਪੰਜਾਬ ਸਿਰਜਾਂਗੇ।''''

ਬਲਬੀਰ ਸਿੰਘ ਰਾਜੇਵਾਲ
Getty Images

ਨਵਾਂ ਪੰਜਾਬ ਸਿਰਜੋਗੇ ਕਿਵੇਂ?

''''ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਨੇ ਅਕਾਲੀ ਦਲ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ। ਇਨ੍ਹਾਂ ਸਾਰੀਆਂ ਨੂੰ ਲੋਕਾਂ ਨੇ ਵਰਤ ਕੇ ਦੇਖ ਲਿਆ ਹੈ।''''

''''ਅਕਾਲੀ ਦਲ ਆਪਣੇ ਆਪ ਨੂੰ ਪੰਜਾਬ ਦੀ ਪਾਰਟੀ ਅਖਵਾਉਂਦੀ ਹੈ ਪਰ ਅਸਲ ਵਿੱਚ ਉਹ ਬਾਦਲ ਪਰਿਵਾਰ ਦੀ ਪਾਰਟੀ ਹੈ। ਪੰਜਾਬ ਦੀ ਪਾਰਟੀ ਨਹੀਂ।''''

''''ਕਾਂਗਰਸ ਪਾਰਟੀ ਨੇ ਪਿਛਲੀਆਂ ਚੋਣਾਂ ਵਿੱਚ ਲੋਕਾਂ ਨੂੰ ਬੜੇ ਲਾਰੇ ਲਾਏ। ਸਾਰਾ ਕਰਜ਼ਾ ਮਾਫ਼ ਕਰ ਦਿਆਂਗੇ। ਹੋਇਆ ਕੱਖ ਨਹੀਂ। 48 ਸੌ ਕਰੋੜ ਰੁਪਈਆ ਟੋਟਲ ਮਾਫ਼ ਕੀਤਾ ਹੈ। ਇਨਾਂ ਹੀ ਕਿਸਾਨਾਂ ਨੂੰ ਉਡੀਕਦਿਆਂ ਨੂੰ ਪੀਨਲ ਇੰਟਰਸਟ ਪੈ ਗਿਆ ਕਿਸਾਨਾਂ ਨੂੰ, ਕੋਈ ਫ਼ਾਇਦਾ ਨਹੀਂ ਹੋਇਆ।''''

“ਘਰ-ਘਰ ਨੌਕਰੀ ਦਾ ਕੀ ਹੋਇਆ? ਸਭ ਲੋਕਾਂ ਨੇ ਦੇਖ ਲਿਆ। ਇਹਆਮ ਆਦਮੀ ਪਾਰਟੀ ਵਾਲਿਆਂ ਨੂੰ ਚਾਰ ਐਮਪੀ ਜਿਤਾਏ ਸੀ, ਲੋਕਾਂ ਨੇ ਦੇਖ ਲਿਆ ਕੀ ਕਰਦੇ ਹਨ।''''

ਤੁਸੀਂ ਵੀ ਤਾਂ ਪਹਿਲਾਂ ਇਨ੍ਹਾਂ ਪਾਰਟੀਆਂ ਦੀ ਸਪੋਰਟ ਕਰਦੇ ਸੀ?

''''ਉਦੋਂ ਅਸੀਂ ਸਿਆਸਤ ਵਿੱਚ ਨਹੀਂ ਸੀ। ਸਾਡੇ ਕੋਲ ਕੋਈ ਆਪਸ਼ਨ ਨਹੀਂ ਸੀ। ਅਸੀਂ ਘੱਟ ਘਟੀਆ ਦੇਖ ਕੇ ਹਮਾਇਤ ਕਰ ਦਿੰਦੇ ਸੀ।''''

''''ਹੁਣ ਵੀ ਨੰਗੇ ਧੜ ਲੜ ਰਹੇ ਹਾਂ। ਤੁਸੀਂ ਦੇਖ ਰਹੇ ਹੋ ਲੋਕ ਪਾਣੀ ਵਾਂਗ ਪੈਸਾ ਵਹਾ ਰਹੇ ਨੇ। ਸਾਡੇ ਕੈਂਡੀਡੇਟ ਇੰਨਾ ਪੈਸਾ ਨਹੀਂ ਵੰਡ ਸਕਦੇ।''''

''''ਹਾਲਾਂਕਿ ਲੋਕਾਂ ਦੀ ਹਮਦਰਦੀ ਸਾਡੇ ਉਮੀਦਵਾਰਾਂ ਦੇ ਨਾਲ ਹੈ। ਲੋਕਾਂ ਨੇ ਸਭ ਨੂੰ ਦੇਖ ਲਿਆ ਹੈ।''''

''''ਜੇ ਸਾਨੂੰ ਇੱਕ ਵਾਰ ਮੌਕਾ ਦਿੱਤਾ ਨਾ ਲੋਕਾਂ ਨੇ, ਅਸੀਂ ਤਬਦੀਲੀ ਕਰ ਕੇ ਦਿਖਾਵਾਂਗੇ।''''

''''ਮੇਰੇ ਵਰਗੇ ਬੰਦੇ ਦਾ ਸਿਆਸਤ ਵਿੱਚ ਆਉਣ ਦਾ ਕੋਈ ਮੋਟਿਵ ਨਹੀਂ, ਇਸ ਉਮਰ ਵਿੱਚ ਲੋੜ ਵੀ ਨਹੀਂ। ਸਿਰਫ਼ ਇੱਕ ਧੁਨ ਲੈਕੇ ਆਏ ਹਾਂ ਕਿ ਪੰਜਾਬ ਬਚਾਉਣਾ ਹੈ।''''

ਬਲਬੀਰ ਸਿੰਘ ਰਾਜੇਵਾਲ
BBC

ਕਿਸਾਨੀ ਮੰਗਾਂ ਦੀ ਕੀ ਹੋਵੇਗਾ?

ਬਲਬੀਰ ਰਾਜੇਵਾਲ ਨੇ ਕਿਹਾ, “ਐੱਮਐੱਸਪੀ ਪੰਜਾਬ ਤੇ ਹਰਿਆਣਾ ਦਾ ਮੁੱਦਾ ਨਹੀਂ ਹੈ। ਬਾਕੀ ਦੇਸ਼ ਦਾ ਮੁੱਦਾ ਹੈ। ਅਸੀਂ ਉਨ੍ਹਾਂ ਲੋਕਾਂ ਦੀ ਹਮਾਇਤ ਲੈਣ ਲਈ ਐੱਮਐੱਸਪੀ ਦੀ ਗੱਲ ਕੀਤੀ।”

“ਜਿਸ ਤਰ੍ਹਾਂ ਦਾ ਸਰਕਾਰ ਦਾ ਗੱਲਬਾਤ ਦੌਰਾਨ ਰਵੱਈਆ ਰਿਹਾ ਹੈ। ਉਹ ਸਾਨੂੰ ਕਹਿੰਦੇ ਸਨ ਕਿ ਠੀਕ ਹੈ ਅਸੀਂ ਵੰਡ ਦਿੰਦੇ ਹਾਂ ਕਿ ਕਿਹੜੇ ਸੂਬੇ ਤੋਂ ਕਿੰਨੀ ਖ਼ਰੀਦ ਕਰਨੀ ਹੈ। ਇਹ ਪੰਜਾਬ ਤੇ ਹਰਿਆਣਾ ਦੇ ਪੱਖ ਵਿੱਚ ਨਹੀਂ ਸੀ।”

“ਇਸ ਲਈ ਅਸੀਂ ਕਿਹਾ ਕਿ ਠੀਕ ਹੈ ਪਰ ਉਸ ਹਾਲਤ ਵਿੱਚ ਤੁਸੀਂ ਜੋ ਵੀ ਕਿਤੋਂ ਖ਼ਰੀਦੋਗੇ ਉਹ ਪਿਛਲੇ ਤਿੰਨ ਸਾਲਾਂ ਦੌਰਾਨ ਜਿੰਨੀ ਵੱਧੋ-ਵੱਧ ਖ਼ਰੀਦ ਰਹੀ ਹੈ ਉਸ ਤੋਂ ਘੱਟ ਨਹੀਂ ਖ਼ਰੀਦੋਗੇ।”

“ਐੱਮਐੱਸਪੀ ਦਾ ਮੁੱਦਾ ਇੱਕ ਰਾਤ ਵਿੱਚ ਮੁੱਕਣ ਵਾਲਾ ਨਹੀਂ ਹੈ। ਘੱਟੋ-ਘੱਟ ਇੱਕ ਸਾਲ ਬਹਿਸ ਕਰਨੀ ਪਵੇਗੀ। ਸੀਏਸੀਪੀ ਦੀਆਂ ਟਰਮਜ਼ ਆਫ਼ ਰੈਫ਼ਰੈਂਸ ਕਿਸਾਨ ਵਿਰੋਧੀ ਹਨ।”

“ਇਸ ਤੋਂ ਅੱਗੇ ਖ਼ਰੀਦ ਕਿਵੇਂ ਹੋਏਗੀ। ਉਸ ਲਈ ਪੈਸਾ ਕਿੱਥੋਂ ਆਵੇਗਾ। ਬਰਾਮਦ-ਦਰਾਮਦ ਉੱਪਰ ਕਿਵੇਂ ਅਸਰ ਪਵੇਗਾ। ਬਹੁਤ ਸਾਰੀਆਂ ਗੱਲਾਂ ’ਤੇ ਬਹਿਸ ਤੋਂ ਬਾਅਦ ਹੀ ਕਿਸੇ ਨਤੀਜੇ ’ਤੇ ਪਹੁੰਚਿਆ ਜਾ ਸਕੇਗਾ।”

ਬਲਬੀਰ ਸਿੰਘ ਰਾਜੇਵਾਲ ਨੇ ਆਪਣੀ ਫੇਸਬੁੱਕ ’ਤੇ ਸ਼ਾਹ ਮੁਹੰਮਦ ਦੇ ਹਵਾਲੇ ਨਾਲ ਲਿਖਿਆ ਹੈ, ‘ਪੱਗਾਂ ਦਾੜੀਆਂ ਦੀ ਰੱਖੋ ਲਾਜ ਯਾਰੋ’। ਇਸ ਦੇ ਮਤਲਬ ਬਾਰੇ ਵੀ ਬਲਬੀਰ ਸਿੰਘ ਰਾਜੇਵਾਲ ਨੂੰ ਪੁੱਛਿਆ ਗਿਆ।

ਉਨ੍ਹਾਂ ਕਿਹਾ, “ਅਸੀਂ ਪੰਜਾਬੀ ਹਾਂ, ਇਸੇ ਅੰਦੋਲਨ ਵਿੱਚ ਪੱਕੇ ਰਹੇ ਤੇ ਅੰਦੋਲਨ ਜਿੱਤ ਲਿਆ। ਇਹ ਵੀ ਇੱਕ ਅੰਦੋਲਨ ਹੈ। ਉਸ ਲਈ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਤੁਹਾਨੂੰ ਬੜੇ ਲਾਰੇ ਦਿੱਤੇ ਜਾਣੇ ਹਨ।”

“ਇਹ ਉਹ ਲੋਕ ਹਨ ਜਿਹੜੇ ਜਿਨ੍ਹਾਂ ਨੇ ਜਿੱਤ ਪ੍ਰਪਤ ਕਰਕੇ ਕੁਝ ਦਿਖਾਇਆ ਹੈ। ਇਹ ਉਹ ਲੋਕ ਨੇ ਜਿਹੜੇ ਸਾਰੀ ਜ਼ਿੰਦਗੀ ਤੁਹਾਡੇ ਲਈ ਲੜਦੇ ਰਹੇ ਹਨ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:

https://www.youtube.com/watch?v=xWw19z7Edrs&t=1s

ਇਸ ਲਈ ਜੇ ਪੰਜਾਬ ਨੂੰ ਬਚਾਉਣਾ ਹੈ। ਪੰਜਾਬ ਦੀ ਇਜ਼ਤ ਨੂੰ ਬਚਾਉਣਾ ਹੈ। ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ ਤਾਂ ਆਓ ਮੈਦਾਨ ਵਿੱਚ ਨਿੱਤਰੋ।

ਰਵਾਇਤੀ ਪਾਰਟੀਆਂ ਸਾਡੇ ਖ਼ਿਲਾਫ਼ ਬੜੀਆਂ ਗੋਂਦਾਂ ਗੁੰਦ ਰਹੀਆਂ ਨੇ ਉਨ੍ਹਾਂ ਦਾ ਮੁਕਾਬਲਾ ਲੋਕਾਂ ਦੇ ਸਾਥ ਨਾਲ ਹੀ ਕੀਤਾ ਜਾ ਸਕਦਾ ਹੈ।''''

ਆਮ ਆਦਮੀ ਪਾਰਟੀ ਨਾਲ ਵਖਰੇਵਾਂ ਕਿਉਂ ਹੋ ਗਿਆ?

ਬਲਬੀਰ ਸਿੰਘ ਰਾਜੇਵਾਲ ਨੇ ਕਿਹਾ, ''''ਨੇੜੇ ਵਾਲੀ ਕੋਈ ਗੱਲ ਨਹੀਂ ਸੀ। ਅਸੀਂ ਅੰਦੋਲਨ ਚਲਾ ਰਹੇ ਸੀ। ਉਨ੍ਹਾਂ ਨੇ ਮੂੰਹੋਂ-ਮੂੰਹੀ ਗੱਲ ਫ਼ੈਲਾਅ ਦਿੱਤੀ, ਮੇਰਾ ਐਲਾਨ ਕਰ ਦਿੱਤਾ, ਸੀਐਮ ਚਿਹਰਾ- ਸੀਐਮ ਚਿਹਰਾ। ਮੇਰਾ ਉਨ੍ਹਾਂ ਨੂੰ ਕਹਿਣਾ ਸੀ ਕਿ ਮੈਂ ਤਾਂ ਇੱਕ ਵਾਰੀ ਵੀ ਨਹੀਂ ਕਿਹਾ ਕਿ ਮੈਂ ਸੀਐਮ ਚਿਹਰਾ ਹਾਂ। ਤੁਸੀਂ ਮੈਨੂੰ ਪੁੱਛਿਆ ਨਹੀਂ, ਤੁਸੀਂ ਮੈਨੂੰ ਕਿਉਂ ਬਦਨਾਮ ਕੀਤਾ।''''

''''ਦੂਜੀ ਗੱਲ। ਉਹ ਲਿਸਟਾਂ ਜਾਰੀ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ ਜੇ ਮੈਂ ਸੀਐਮ ਬਣਨਾ ਹੈ ਤਾਂ ਜਿਨ੍ਹਾਂ ਨਾਲ ਮੈਂ ਡੀਲ ਕਰਨਾ ਹੈ ਉਹ ਵਿਧਾਇਕ ਹਨ।''''

''''ਜੇ ਕਈ ਦਸ ਕਰੋੜ ਰੁਪਈਆ ਲਗਾ ਕੇ ਵਿਧਾਇਕ ਬਣੇਗਾ ਤਾਂ ਉਹ ਲਾਜ਼ਮੀ ਤੌਰ ’ਤੇ ਪੈਸੇ ਬਣਾਏਗਾ। ਮੇਰਾ ਤਾਂ ਉਹਦੇ ਨਾਲ ਝਗੜਾ ਹੋ ਜਾਵੇਗਾ, ਤੁਸੀਂ ਇਹ ਕਿਉਂ ਕਰਦੇ ਹੋ।''''

''''ਮੇਰੇ ਕਹਿਣ ਤੇ ਲਿਸਟਾਂ ਜਾਰੀ ਹੋਣੀਆਂ ਵੀ ਨਹੀਂ ਰੁਕੀਆਂ।''''

''''ਮੈਂ ਇਸ ਲਈ ਤਿਆਰ ਨਹੀਂ ਸੀ। ਮੇਰੀ ਕੋਈ ਸਟੇਟਮੈਂਟ ਦਿਖਾ ਦਿਓ ਜਿੱਥੇ ਮੈਂ ਕਿਹਾ ਹੋਵੇ ਕਿ ਮੈਂ ਸੀਐਮ ਬਣਨਾ ਚਾਹੁੰਦਾ ਹਾਂ।''''

ਬਲਬੀਰ ਸਿੰਘ ਰਾਜੇਵਾਲ
Getty Images

ਸਿੱਧੂ ਦੇ ਕਿਸਾਨਾਂ ਵਾਲੇ ਮਾਡਲ ਬਾਰੇ ਤੁਹਾਡੀ ਰਾਇ?

''''ਕੇਂਦਰ ਵਿੱਚ ਅੱਜ ਇਹ ਸਰਕਾਰ ਹੈ ਕੱਲ ਨੂੰ ਕੋਈ ਹੋਰ ਆ ਜਾਵੇਗੀ। ਉਹ ਵਿਸ਼ਵ ਬੈਂਕ ਦੇ ਦਬਾਅ ਥੱਲੇ ਆ ਜਾਣਗੀਆਂ।”

''''ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇੱਕ ਫੰਡ ਖੜ੍ਹਾ ਕਰਨਾ ਪਵੇਗਾ। ਉਸ ਦੇ ਬਿਨਾਂ ਗੁਜ਼ਾਰਾ ਨਹੀਂ ਹੈ। ਪੰਜਾਬ ਦੀ ਇਕਾਨਮੀ ਤਬਾਹ ਹੋ ਜਾਵੇਗੀ ਜਿਸ ਦਿਨ ਐੱਮਐੱਸਪੀ ਦੀ ਖ਼ਰੀਦ ਬੰਦ ਹੋ ਗਈ।

''''ਇਹ ਬਹੁਤ ਜ਼ਰੂਰੀ ਹੈ ਅਤੇ ਇਹ ਸੰਭਵ ਹੈ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੀ ਡਾਇਵਰਸੀਫਿਕੇਸ਼ਨ ਗੱਲਾਂ ਨਾਲ ਨਹੀਂ ਹੋਣੀ।''''

''''ਦਾਲਾਂ ਤੇ ਤੇਲ ਬੀਜ ਤੁਸੀਂ ਡੇਢ ਲੱਖ ਕਰੋੜ ਰੁਪਏ ਦੇ ਬਾਹਰੋਂ ਮੰਗਵਾਉਂਦੇ ਹੋ। ਮੂੰਗੀ ਦੀ ਐੱਮਐੱਸਪੀ 7200 ਰੁਪਈਆ ਹੈ। ਸਾਥੋਂ ਖ਼ਰੀਦ ਹੁੰਦੀ ਹੈ 3200 ਨੂੰ।''''

''''ਜੇ ਉਹ ਸਰਕਾਰ ਖ਼ਰੀਦਣ ਲੱਗ ਪਏ ਤਾਂ। ਅੱਠ ਕੁਇੰਟਲ ਜੇ ਝਾੜ ਨਿਕਲੇ ਤਾਂ ਕਿਸਾਨ ਨੂੰ 56000 ਹਜ਼ਾਰ ਦੀ ਆਮਦਨੀ ਹੋਵੇ। ਖਰਚਾ ਉਸ ਉੱਪਰ ਕੋਈ ਹੈ ਨਹੀਂ। ਉਲਟਾ ਨਾਈਟਰੋਜਨ ਜ਼ਮੀਨ ਵਿੱਚ ਛੱਡ ਕੇ ਜਾਵੇਗੀ। ਜ਼ਮੀਨ ਉਪਜਾਊ ਹੋਵੇਗੀ।''''

''''ਜੇ ਉਹ ਦਾਲ ਖ਼ਰੀਦ ਕਰਨ ਲੱਗ ਪੈਣ ਤਾਂ ਦੋ ਸਾਲ ਵਿੱਚ ਸਰਪਲੱਸ ਕਰਦਿਆਂਗੇ ਤੇ ਐਕਸਪੋਰਟ ਦੇ ਯੋਗ ਕਰ ਦਿਆਂਗੇ।''''

''''ਜਦੋਂ ਕਿਸਾਨ ਕਣਕ-ਝੋਨੇ ਤੋਂ ਹੋਣ ਵਾਲੀ ਆਪਣੀ ਆਮਦਨੀ ਦੇਖਦਾ ਹੈ ਤਾਂ ਉਸ ਨੂੰ ਕੁਝ ਨਹੀਂ ਬਚਦਾ ਤੇ ਉਹ ਨਹੀਂ ਕਰਦਾ।''''

ਫਿਰੋਜ਼ਪੁਰ ਵਿੱਚ ਜੋ ਹੋਇਆ ਉਸ ਬਾਰੇ ਕੀ ਕਹੋਗੇ?

''''ਮੇਰਾ ਨਿੱਜੀ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਆਉਣ ਦੇਣਾ ਚਾਹੀਦਾ ਸੀ। ਉਹ ਕੀ ਦੇ ਕੇ ਜਾਂਦੇ ਜਾਂ ਕੀ ਲੈ ਕੇ ਜਾਂਦੇ ਉਸ ਦੀ ਆਲੋਚਨਾ ਹੋਣੀ ਚਾਹੀਦੀ ਸੀ।''''

''''ਹਾਲਾਂਕਿ ਇਸ ਨੂੰ ਇੱਕ ਪਾਸੜ ਵੀ ਨਹੀਂ ਦੇਖਿਆ ਜਾਣਾ ਚਾਹੀਦਾ। ਪ੍ਰਧਾਨ ਮੰਤਰੀ ਦਾ ਵੀ ਦੋਸ਼ ਹੈ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ 150 ਕਿੱਲੋਮੀਟਰ ਸੜਕ ਰਾਹੀਂ ਕਿਉਂ ਆਏ ਜੀ?''''

''''ਨਵੀਂ ਤਕਨੀਕ ਵਾਲੇ ਚੌਪਰ ਤਿਆਰ ਸਨ। ਅੱਧੇ ਘੰਟੇ ਵਿੱਚ ਆ ਸਕਦੇ ਸਨ। ਉਹ ਦੋ ਘੰਟੇ ਸੜਕ ਉੱਪਰ ਕਿਉਂ ਤੁਰੇ-ਫ਼ਿਰਦੇ ਰਹੇ।''''

''''ਹੁਣ ਅੱਜ ਇਹ ਕਹਿਣਾ ਕਿ ਮੈਂ ਜਾਨ ਬਚਾਅ ਕੇ ਆ ਗਿਆ। ਜਾਨ ਕਿਸ ਤੋਂ ਬਚਾਅ ਕੇ ਆ ਗਿਆ। ਬੀਜੇਪੀ ਵਾਲੇ ਤਾਂ ਝੰਡੇ ਲੈਕੇ ਮੂਹਰੇ ਤੁਰੇ ਫ਼ਿਰਦੇ ਸਨ।''''

“ਐਵੇਂ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਖੇਡ ਸੀ। ਅਸਲੀਅਤ ਇਹ ਸੀ ਕਿ ਉੱਥੇ ਇਕੱਠ ਨਹੀਂ ਹੋਇਆ।”

''''ਉਨ੍ਹਾਂ ਨੂੰ ਸ਼ਾਇਦ ਲੱਗਿਆ ਹੋਵੇ ਕਿ ਜਦੋਂ ਤੱਕ ਸੜਕ ਰਾਹੀਂ ਮੈਂ ਦੋ ਘੰਟਿਆਂ ਵਿੱਚ ਜਾਵਾਂਗਾ ਤਾਂ ਸ਼ਾਇਦ ਇਕੱਠ ਹੋ ਜਾਵੇ ਪਰ ਇਕੱਠ ਫੇਰ ਵੀ ਨਹੀਂ ਹੋਇਆ। ਠੀਕਰਾ ਸਾਡੇ ਸਿਰ ਭੰਨ ਕੇ ਚਲੇ ਗਏ।

''''ਉਹ ਵੀ ਚੰਗਾ ਨਹੀਂ ਕੀਤਾ। ਪੰਜਾਬ ਸਰਹੱਦੀ ਸੂਬਾ ਹੈ। ਪੰਜਾਬੀ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਲੋਕ ਹਨ। ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀਆਂ ਸਾਡੀਆਂ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=YVelrhJrVcc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a0508780-10cc-48d6-9792-dd029d803b00'',''assetType'': ''STY'',''pageCounter'': ''punjabi.india.story.60066390.page'',''title'': ''ਬਲਬੀਰ ਸਿੰਘ ਰਾਜੇਵਾਲ ਨੂੰ ਕਿਉਂ ਲਗਦਾ ਹੈ ਕਿ ਪੰਜਾਬੀਆਂ ਦੀ ‘ਧੀਮੀ ਨਸਲਕੁਸ਼ੀ ਹੋ ਰਹੀ ਹੈ’'',''published'': ''2022-01-21T03:43:39Z'',''updated'': ''2022-01-21T03:43:39Z''});s_bbcws(''track'',''pageView'');

Related News