ਮੋਦੀ ਦੇ ਮਾਫ਼ੀ ਮੰਗਣ ਨਾਲ ਕਿਸਾਨਾਂ ਨੂੰ ਫ਼ਸਲਾਂ ਦੀ ਕੀਮਤ ਨਹੀਂ ਮਿਲ ਜਾਵੇਗੀ - ਰਾਕੇਸ਼ ਟਿਕੈਤ
Tuesday, Nov 23, 2021 - 02:09 PM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖ਼ੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਸੋਮਵਾਰ ਨੂੰ ਲਖਨਊ ਵਿੱਚ ਕਿਸਾਨ ਮਹਾਪੰਚਾਇਤ ਕੀਤੀ।
ਪੀਐਮ ਮੋਦੀ ਦੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਮੋਰਚੇ ਦੀ ਇਹ ਪਹਿਲਾ ਜਨਤੱਕ ਇਕੱਠ ਸੀ, ਜਿਸ ਨੂੰ ਉੱਤਰ ਪ੍ਰਦੇਸ਼ ਦੀਆਂ ਅਗਾਮੀ ਚੋਣਾਂ ਦੇ ਮੱਦੇਨਜ਼ਰ ਇੱਕ ਸ਼ਕਤੀ ਪ੍ਰਦਰਸ਼ਨ ਦੇ ਤੌਰ ''ਤੇ ਦੇਖਿਆ ਜਾ ਰਿਹਾ ਹੈ।
ਮਹਾਪੰਚਾਇਤ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੀਤੀ ਅਤੇ ਮੰਚ ਤੋਂ ਭਾਸ਼ਣ ਦਿੰਦੇ ਹੋਏ ਕਿਹਾ, ''''ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਤਾਂ ਕੀਤਾ ਪਰ ਤੰਜ ਦੇ ਨਾਲ। ਗੱਲ ਤਾਂ ਠੀਕ ਕੀਤੀ ਕਿ ਵਾਪਸ ਲੈ ਰਿਹਾ ਹਾਂ ਪਰ ਇਸ ਤੋਂ ਬਾਅਦ ਵੀ ਕਿਸਾਨਾਂ ਨੂੰ ਵੰਡਣ ਦਾ ਕੰਮ ਕੀਤਾ।''''
''''ਕਿਹਾ ਕਿ ਅਸੀਂ ਕੁਝ ਲੋਕਾਂ ਨੂੰ ਸਮਝਾਉਣ ਵਿੱਚ ਨਾਕਾਮ ਰਹੇ, ਦੇਸ਼ ਤੋਂ ਮਾਫ਼ੀ ਮੰਗਦੇ ਹਾਂ। ਦੇਸ਼ ਦਾ ਪ੍ਰਧਾਨ ਮੰਤਰੀ ਨਾ ਦੇਸ਼ ਤੋਂ ਮਾਫ਼ੀ ਮੰਗੇ, ਨਾ ਹੀ ਮਾਫ਼ੀ ਮੰਗਣ ਨਾਲ ਇਨ੍ਹਾਂ ਕਿਸਾਨਾਂ ਨੂੰ ਫ਼ਸਲਾਂ ਦੇ ਰੇਟ ਮਿਲਣਗੇ।''''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਤੰਜ ਕੱਸਦੇ ਹੋਏ ਰਾਕੇਸ਼ ਟਿਕੈਤ ਨੇ ਉਨ੍ਹਾਂ ਦੀ ਨੀਅਤ ਉੱਤੇ ਸਵਾਲ ਕੀਤਾ ਅਤੇ ਕਿਹਾ ਕਿ, ''''ਸਾਡੇ ਮਸਲੇ ਬਹੁਤ ਹਨ, ਸਰਕਾਰ ਸਾਡੇ ਨਾਲ ਗੱਲਬਾਤ ਕਰੇ। ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਹੁਤ ਮਿੱਠੀ ਗੱਲ ਕੀਤੀ। ਸ਼ਹਿਦ ਤੋਂ ਵੀ ਮਿੱਠੀ ਆਵਾਜ਼ ਸੀ, ਸਾਨੂੰ ਖ਼ਤਰਾ ਲਗਦਾ ਹੈ।
''''ਕਮਜ਼ੋਰ ਨਹੀਂ, ਅਸੀਂ ਚਾਹੁੰਦੇ ਹਾਂ ਕਿ ਦੇਸ਼ ਦਾ ਪ੍ਰਧਾਨ ਮੰਤਰੀ ਮਜ਼ਬੂਤ ਰਹੇ ਪਰ ਸਾਡੇ ਮਸਲੇ ਵੀ ਠੀਕ ਕਰੇ। ਅਸੀਂ ਨਹੀਂ ਚਾਹੁੰਦੇ ਕਿ ਦੁਨੀਆਂ ਇਹ ਕਹੇ ਕਿ ਪ੍ਰਧਾਨ ਮੰਤਰੀ ਨੇ ਮਾਫ਼ੀ ਮੰਗੀ ਨਾ, ਤੁਸੀਂ ਸਖ਼ਤ ਹੋ ਕੇ ਗੱਲ ਕਰੋ ਪਰ ਸਾਡੇ ਮਸਲਿਆਂ ਦਾ ਹੱਲ ਕਰੋ, ਮਸਲਿਆਂ ਦਾ ਹੱਲ ਨਹੀਂ ਹੋਵੇਗਾ, ਤਾਂ ਅੰਦੋਲਨ ਤੁਹਾਡੇ ਖਿਲਾਫ਼ ਹੋਵੇਗਾ।''''
ਸੰਯੁਕਤ ਕਿਸਾਨ ਮੋਰਚਾ ਐੱਮਐੱਸਪੀ ਨੂੰ ਕਾਨੂੰਨੀ ਦਰਜ਼ਾ ਦੇਣ ਦੀ ਮੰਗ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਲਈ ਤਿਆਰ ਹੈ।
ਟਿਕੈਤ ਨੇ ਐਮਐਸਪੀ ਲਈ ਕਾਨੂੰਨ ਲਿਆਉਣ ਦੀ ਮੰਗ ਕਰਦੇ ਹੋਏ ਕਿਹਾ, ''''ਜਦੋਂ ਸੰਯੁਕਤ ਮੋਰਚੇ ਅਤੇ ਭਾਰਤ ਸਰਕਾਰ ਦੀ ਗੱਲਬਾਤ ਹੁੰਦੀ ਸੀ, ਉਸ ਸਮੇਂ ਮੋਰਚੇ ਵਿੱਚ ਤੈਅ ਹੋਇਆ ਸੀ ਕਿ ਜਦੋਂ ਕਾਨੂੰਨ ਵਾਪਸ ਹੋ ਜਾਣਗੇ, ਐਮਐਸਪੀ ਉੱਤੇ ਗਾਰੰਟੀ ਕਾਨੂੰਨ ਬਾਣ ਜਾਵੇਗਾ, ਇਹ ਧਰਨਾ ਖ਼ਤਮ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਇੱਕ ਕਮੇਟੀ ਬਣੇਗੀ ਜੋ ਹੋਰ ਮਸਲਿਆਂ ਉੱਤੇ ਗੱਲਬਾਤ ਕਰਦੀ ਰਹੇਗੀ।''''
ਇਹ ਵੀ ਪੜ੍ਹੋ:
- ਲਖੀਮਪੁਰ ਖੀਰੀ ਵਿਚ ਐੱਮਐੱਸਪੀ ਤੋਂ 500-600 ਰੁਪਏ ਘੱਟ ਰੇਟ ਖਰੀਦਿਆ ਜਾ ਰਿਹੈ ਝੋਨਾ
- ਕਿਸਾਨ ਅੰਦੋਲਨ : ਚੁੱਲ੍ਹੇ ਸੰਭਾਲਣ ਵਾਲੀਆਂ ਇਹ ਅਨਪੜ੍ਹ ਬੀਬੀਆਂ ਚੁੱਲ੍ਹੇ ਬਚਾਉਣ ਲਈ ਆਗੂ ਬਣ ਗਈਆਂ
- ਕਿਸਾਨ ਅੰਦੋਲਨ ਦਾ ਰੁਖ਼ ਤੈਅ ਕਰਨ ਵਾਲੀਆਂ 11 ਅਹਿਮ ਘਟਨਾਵਾਂ
ਉੱਤਰ ਪ੍ਰਦੇਸ਼ ਵਿੱਚ ਆਉਣ ਵਾਲੇ ਦਿਨਾਂ ''ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਰਾਕੇਸ਼ ਟਿਕੈਤ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਕਿਹਾ ਕਿ ਚੋਣ ਮੁੱਦਿਆਂ ਵਿੱਚ ਫ਼ਿਰਕੂਵਾਦ ਘੋਲਣ ਦੀ ਕੋਸ਼ਿਸ਼ ਹੋ ਸਕਦੀ ਹੈ।
ਉਨ੍ਹਾਂ ਕਿਹਾ, ''''ਤੁਹਾਨੂੰ ਉਲਝਾਉਣਗੇ ਹਿੰਦੂ-ਮੁਸਲਮਾਨ ਵਿੱਚ, ਸਿੱਖ-ਹਿੰਦੂ ''ਚ, ਤੁਹਾਨੂੰ ਉਲਝਾਉਣਗੇ ਅਤੇ ਓਨੀ ਦੇਰ ਇਹ ਦੇਸ਼ ਵੇਚਣ ਦਾ ਕੰਮ ਕਰਨਗੇ।''''
ਲਖੀਮਪੁਰ ਹਿੰਸਾ ''ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਵੀ ਪੰਚਾਇਤ ਪਹੁੰਚੇ
ਲਖੀਮਪੁਰ ਦੀ ਹਿੰਸਾ ਵਿੱਚ ਮਾਰੇ ਗਏ 19 ਸਾਲ ਦੇ ਕਿਸਾਨ ਗੁਰਵਿੰਦਰ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਵੀ ਕਿਸਾਨ ਮਹਾਪੰਚਾਇਤ ਨੂੰ ਆਪਣਾ ਸਮਰਥਨ ਦੇਣ ਲਈ ਪਹੁੰਚੇ। ਨਾਲ ਹੀ ਮਾਰੇ ਗਏ ਕਿਸਾਨ ਲਵਪ੍ਰੀਤ ਦੇ ਪਿਤਾ ਸਤਨਾਮ ਸਿੰਘ ਅਤੇ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਪਿਤਾ ਵੀ ਮੌਜੂਦ ਸਨ।
ਮਹਾਪੰਚਾਇਤ ਵਿੱਚ ਸਾਰੇ ਦਾ ਸਨਮਾਨ ਵੀ ਕੀਤਾ ਗਿਆ ਅਤੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਗੁਰਵਿੰਦਰ ਦੇ ਪਿਤਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਕਿਸਾਨ ਦੀ ਹੈਸੀਅਤ ਨਾਲ ਮਹਾਪੰਚਾਇਤ ਵਿੱਚ ਸ਼ਾਮਲ ਹੋਏ ਹਨ।
ਉਨ੍ਹਾਂ ਨੇ ਕਿਹਾ, ''''ਅਸੀਂ ਤਾਂ ਕਿਸਾਨ ਹਾਂ ਨਾ। ਕਿਸਾਨ ਮਹਾਪੰਚਾਇਤ ਜਿੱਥੇ ਹੋਵੇਗੀ ਅਸੀਂ ਉੱਥੇ ਜਾਵਾਂਗੇ। ਨਾ ਵੀ ਕੋਈ ਸੱਦੇ ਤਾਂ ਵੀ ਜਾਵਾਂਗੇ।''''
''''ਸੁਪਰੀਮ ਕੋਰਟ ਉੱਤੇ ਭਰੋਸਾ ਕਰਦੇ ਹਾਂ ਕਿ ਉਹ ਸਾਨੂੰ ਇਨਸਾਫ਼ ਦਵਾਏਗਾ। ਮੰਤਰੀ ਅਜੇ ਮਿਸ਼ਰਾ ਨੂੰ ਮੰਚ ਉੱਤੇ ਖੜ੍ਹਾ ਕਰਕੇ ਅਮਿਤ ਸ਼ਾਹ ਜੀ ਕਹਿੰਦੇ ਹਨ ਕਿ ਸਾਨੂੰ ਦੂਰ-ਦੂਰ ਤੱਕ ਬਾਹੁਬਲੀ ਨਜ਼ਰ ਨਹੀਂ ਆਉਂਦਾ। ਅਜੇ ਮਿਸ਼ਰਾ ਉਨ੍ਹਾਂ ਦੇ ਨਾਲ ਖੜ੍ਹੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦੇ, ਪਰ ਜਨਤਾ ਨੂੰ ਤਾਂ ਨਜ਼ਰ ਆਉਂਦੇ ਹਨ।''''
ਖ਼ੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਸੁਖਵਿੰਦਰ ਸਿੰਘ ਨੇ ਕਿਹਾ ਕਿ, ''''ਜਦੋਂ ਤੱਕ ਸਰਕਾਰ ਕੁਝ ਲਿਖਤੀ ਵਿੱਚ ਨਹੀਂ ਦਿੰਦੀ ਉਦੋਂ ਤੱਕ ਅਸੀਂ ਇਨ੍ਹਾਂ ਦੀ ਨੀਅਤ ਬਾਰੇ ਕੀ ਕਹਿ ਸਕਦੇ ਹਾਂ। ਇਹ ਲੋਕ ਤਾਂ ਆਪਣਾ ਮਨ ਬਦਲਦੇ ਰਹਿੰਦੇ ਹਨ।''''
ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਇਨਸਾਫ਼ ਦਵਾਉਣਾ ਵੀ ਮਹਾਪੰਚਾਇਤ ਦਾ ਇੱਕ ਵੱਡਾ ਮੁੱਦਾ ਸੀ।
ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਖਿਲਾਫ਼ ਕਾਰਵਾਈ ਦੀ ਮੰਗ ਕਰਦੇ ਹੋਏ ਰਾਕੇਸ਼ ਟਿਕੈਤ ਨੇ ਕਿਹਾ ਕਿ, ''''ਸੱਤ ਸਤੰਬਰ ਤੋਂ ਬਾਅਦ ਤਿੰਨ ਦਿਨ ਲਖੀਮਪੁਰ ਖੀਰੀ ਵਿੱਚ ਹਾਂ। ਪ੍ਰਸ਼ਾਸਨ ਦਾ ਵਿਰੋਧ ਨਹੀਂ ਕਰਨਾ, ਸਿਰਫ਼ ਪ੍ਰਸ਼ਾਸਨ ਨੂੰ ਕਹਿ ਦਿਓ ਕਿ ਮੰਤਰੀ ਅਜੇ ਮਿਸ਼ਰਾ ਟੇਨੀ ਜੇ ਗੰਨਾ ਮਿਲ ਦਾ ਉਦਘਾਟਨ ਕਰਨ ਆਵੇ ਤਾਂ ਗੰਨਾ ਡੀਐਮ ਦੇ ਦਫ਼ਤਰ ਵਿੱਚ ਲੈ ਕੇ ਜਾਵਾਂਗੇ। ਸੰਘਰਸ਼ ਹੋਣ ਦਿਓ, ਜੋ ਵੀ ਹੋਵੇਗਾ। ਉਨ੍ਹਾਂ ਨੂੰ ਹੀਰੋ ਬਣਾਉਣਾ ਚਾਹੁੰਦੇ ਹਨ ਹੁਣ।''''
ਹਾਲਾਂਕਿ ਅਜੇ ਤੱਕ ਅਜੇ ਮਿਸ਼ਰਾ ਟੇਨੀ ਦੇ ਲਖੀਮਪੁਰ ਖੀਰੀ ਵਿੱਚ ਅਜਿਹੇ ਕਿਸੇ ਗੰਨਾ ਮਿਲ ਦੇ ਉਦਘਾਟਨ ਦੀ ਜਾਣਕਾਰੀ ਨਹੀਂ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ ''ਤੇ ਇੰਝ ਲੈ ਕੇ ਆਓ:
https://www.youtube.com/watch?v=xWw19z7Edrs&t=1s
ਮਹਾਪੰਚਾਇਤ ਵਿੱਚ ਦੂਰ-ਦੁਰਾਡਿਓਂ ਆਏ ਕਿਸਾਨ
ਜਗਜੀਤ ਸਿੰਘ ਰਾਜਸਥਾਨ ਦੇ ਕੋਟਾ ਤੋਂ ਕਿਸਾਨ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਗ਼ਾਜ਼ੀਪੁਰ ਤੋਂ ਲਖਨਊ ਦੋ ਦਿਨ ਸਾਈਕਲ ਚਲਾ ਕੇ ਮਹਾਪੰਚਾਇਤ ਵਿੱਚ ਕਿਸਾਨ ਆਗੂਆਂ ਨੂੰ ਵਧਾਏ ਦੇਣ ਲਈ ਆਏ ਹਨ।
ਉਨ੍ਹਾਂ ਕਿਹਾ, ''''ਮੈਂ ਕਿਸਾਨ ਮੋਰਚੇ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜੁੜਿਆ ਹਾਂ। ਮੈਂ 20 ਤਾਰੀਕ ਨੂੰ ਤਿੰਨ ਵਜੇ ਲਖਨਊ ਲਈ ਚੱਲਿਆ ਸੀ ਅਤੇ ਸੋਮਵਾਰ ਦੁਪਹਿਰ ਨੂੰ ਲਖਨਊ ਪਹੁੰਚਿਆ। ਬਹੁਤ ਸੋਹਣੀ ਜਿੱਤ ਹੈ ਹੋਈ ਹੈ ਸਾਡੀ, ਥੋੜ੍ਹੀ ਰਹਿ ਗਈ ਹੈ ਜੋ ਐਮਐਸਪੀ ਉੱਤੇ ਗਾਰੰਟੀ ਹੈ।''''
ਲੁਧਿਆਣਾ ਤੋਂ ਆਏ ਕਿਸਾਨ ਕੁਲਵੀਰ ਸਿੰਘ ਨੇ ਕਿਹਾ, ''''ਮੈਂ ਪੂਰੇ ਭਾਰਤ ਵਿੱਚ ਕਿਸਾਨ ਅੰਦੋਲਨ ਲਈ ਪ੍ਰਚਾਰ ਕਰ ਰਿਹਾ ਹਾਂ। ਹੁਣ ਜੋ ਅਸੀਂ ਛੇ ਮੰਗਾਂ ਰੱਖੀਆਂ ਹਨ ਉਹ ਸਾਡੇ ਲਈ ਅਹਿਮ ਮੁੱਦੇ ਹਨ। ਵੈਸੇ ਸੱਚ ਇਹ ਹੈ ਕਿ ਉੱਤਰ ਪ੍ਰਦੇਸ਼ ਵਿੱਚ ਲਖੀਮਪੁਰ ਖੀਰੀ ਦੀ ਹਿੰਸਾ ਦੀ ਘਟਨਾ ਤੋਂ ਬਾਅਦ ਸਰਕਾਰ ਦਬਾਅ ਵਿੱਚ ਜ਼ਿਆਦਾ ਆਈ ਹੈ।''''
ਮਹਾਪੰਚਾਇਤ ਵਿੱਚ ਆਈ ਭੀੜ ਨੂੰ ਦੇਖਦਿਆਂ ਕੁਲਵੀਰ ਕਹਿੰਦੇ ਹਨ, ''''ਅੱਜ ਅਸੀਂ ਸ਼ਹਿਰ ਦੇ ਵਿਚਕਾਰ ਹਾਂ, ਜੋ ਕਿਸਾਨ ਹਨ ਉਹ ਪਿੰਡਾਂ ਤੋਂ ਆ ਰਹੇ ਹਨ। ਇੱਥੋਂ ਦੇ ਸਥਾਨਕ ਕਿਸਾਨ ਗਰੀਬ ਲੋਕ ਹਨ ਅਤੇ ਇੰਨੇ ਤਾਕਤਵਾਰ ਨਹੀਂ ਹਨ। ਪੰਜਾਬ ਦੇ ਕਿਸਾਨਾਂ ਦੇ ਮੁਕਾਬਲੇ ਉਨ੍ਹਾਂ ਕੋਲ ਸਾਧਨ ਘੱਟ ਹਨ। ਕਿਸਾਨ ਬੱਸਾਂ ਵਿੱਚ ਆਏ ਹਨ ਅਤੇ ਇਹ ਭੀੜ ਵੱਧਦੀ ਜਾਵੇਗੀ।''''
ਲਖਨਊ ਤੋਂ ਕਿਸਾਨ ਗੰਗਾ ਪ੍ਰਸਾਦ ਯਾਦਵ ਨੇ ਕਿਹਾ, ''''ਜੁਮਲਾ ਛੱਡਣ ਨਾਲ ਕੁਝ ਨਹੀਂ ਹੁੰਦਾ। ਇਨ੍ਹਾਂ ਨੇ ਸਿਰਫ਼ ਕਹਿ ਦਿੱਤਾ, ਸਰਕਾਰੀ ਆਦੇਸ਼ ਲਾਗੂ ਕਰਵਾਉਣ। ਮੇਰੀ 78 ਸਾਲ ਦੀ ਉਮਰ ਹੈ। ਅਸੀਂ ਮਹੇਂਦਰ ਸਿੰਘ ਟਿਕੈਤ ਦੇ ਸਮੇਂ ਤੋਂ 36 ਸਾਲ ਤੋਂ ਭਾਰਤੀ ਕਿਸਾਨ ਯੂਨੀਅਨ ਨਾਲ ਜੁੜੇ ਹਾਂ। ਲਖਨਊ ਵਿੱਚ ਥਾਂ-ਥਾਂ ''ਬੱਲੀਆਂ ਬੰਨ੍ਹ ਕੇ ਰਾਹ ਰੋਕਿਆ ਹੈ, ਨਹੀਂ ਤਾਂ ਇੱਥੇ ਹੋਰ ਵੀ ਜ਼ਿਆਦਾ ਕਿਸਾਨ ਪਹੁੰਚਦੇ।''''
ਗੰਗਾ ਪ੍ਰਸਾਦ ਦੇ ਪੁੱਤਰ ਦੇਵੇਂਦਰ ਯਾਦਵ ਆਪਣੇ ਪਿਤਾ ਨਾਲ ਮਹਾਪੰਚਾਇਤ ਵਿੱਚ ਆਏ ਹਨ ਅਤੇ ਕਹਿੰਦੇ ਹਨ, ''''ਦੇਸ਼ ਬਚਾਉਣ ਲਈ ਸਾਡਾ ਆਉਣਾ ਜ਼ਰੂਰੀ ਹੈ।''''
ਗੰਗਾ ਪ੍ਰਸਾਦ ਕਹਿੰਦੇ ਹਨ, ''''ਮੇਰੇ ਛੇ ਪੁੱਤਰ ਹਨ ਅਤੇ ਮੈਂ ਸਾਰਿਆਂ ਨੂੰ ਕਹਿ ਦਿੱਤਾ ਹੈ ਕਿ ਦੇਸ਼ ਬਚਾਉਣ ਲਈ ਸੰਘਰਸ਼ ਕਰਨ ''ਚ ਲੱਗ ਜਾਓ।''''
ਔਰਤਾਂ ਵਿੱਚ ਵੀ ਦਿਖਿਆ ਮਹਾਪੰਚਾਇਤ ਜਾ ਉਤਸਾਹ
ਲਖਨਊ ਤੋਂ 50 ਕਿਲੋਮੀਟਰ ਦੂਰੋਂ ਆਏ 45 ਸਾਲ ਦੀ ਗੁੱਡੀ ਰਾਵਤ 15 ਸਾਲ ਤੋਂ ਕਿਸਾਨ ਅੰਦੋਲਨਾਂ ਨਾਲ ਜੁੜੇ ਹਨ। ਉਨ੍ਹਾਂ ਨੇ ਸਿੰਘੂ ਬਾਰਡਰ ''ਤੇ ਤਿੰਨ ਮਹੀਨੇ ਧਰਨਾ ਵੀ ਦਿੱਤਾ।
ਕਾਨੂੰਨ ਵਾਪਸੀ ਤੋਂ ਬਾਅਦ ਕੀ ਅੰਦੋਲਨ ਠੰਡਾ ਹੋਵੇਗਾ, ਇਸ ਦੇ ਜਵਾਬ ਵਿੱਚ ਗੁੱਡੀ ਕਹਿੰਦੇ ਹਨ, ''''ਇਹ ਉਦੋਂ ਤੱਕ ਠੰਡਾ ਨਹੀਂ ਹੋਵੇਗਾ ਜਦੋਂ ਤੱਕ ਅਸੀਂ ਇਸ ਨੂੰ ਠੰਡਾ ਨਹੀਂ ਕਰਾਂਗੇ। ਪ੍ਰਧਾਨ ਮੰਤਰੀ ਤਾਂ ਕਹਿ ਰਹੇ ਹਨ ਕਿ ਇਹ ਲੋਕ ਘਰ ਭੱਜ ਜਾਣ। ਇਹ ਤਾਂ ਬਹੁਤ ਦਿਨਾਂ ਤੋਂ ਕਹਿ ਰਹੇ ਹਨ ਕਿ ਅਸੀਂ ਲੋਕ ਘਰਾਂ ਨੂੰ ਭੱਜ ਜਾਈਏ।''''
''''ਅਸੀਂ ਇੱਕ ਸਾਲ ਤੋਂ ਟਿਕੇ ਹਾਂ ਤਾਂ ਅਸੀਂ 2024 ਤੱਕ ਟਿਕੇ ਰਹਾਂਗੇ। ਜਦੋਂ ਤੱਕ ਸਾਰੇ ਕਾਨੂੰਨ ਵਾਪਸ ਨਹੀਂ ਹੁੰਦ, ਐਮਐਸਪੀ ਉੱਤੇ ਕਾਨੂੰਨ ਨਹੀਂ ਬਣਾਉਂਦੇ। ਜਦੋਂ ਤੱਕ 700 ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੰਦੇ, ਆਪਣੇ ਮੰਤਰੀ ਬਰਖ਼ਾਸਤ ਨਹੀਂ ਕਰਦੇ, ਆਪਣੀ ਪਾਰਟੀ ਤੋਂ ਨਹੀਂ ਕੱਢਦੇ, ਉਦੋਂ ਤੱਕ ਬਰਾਬਰ ਲੜਾਈ ਲੜਦੇ ਰਹਾਂਗੇ ਅਤੇ ਬਰਾਬਰ ਪੰਚਾਇਤਾਂ ਹੁੰਦੀਆਂ ਰਹਿਣਗੀਆਂ।''''
ਇਸ ਅੰਦੋਲਨ ਦੀ ਵਾਪਸੀ ਬਾਰੇ ਰਾਕੇਸ਼ ਟਿਕੈਤ ਨੇ ਵੀ ਮੰਚ ਤੋਂ ਕਿਹਾ ਕਿ, ''''ਸੰਘਰਸ਼ ਨੂੰ ਰੋਕਣ ਦਾ ਐਲਾਨ ਅਸੀਂ ਨਹੀਂ ਕੀਤਾ ਸਗੋਂ ਭਾਰਤ ਸਰਕਾਰ ਨੇ ਕੀਤਾ ਹੈ। ਅਸੀਂ ਉਹ ਪ੍ਰਪੋਜ਼ਲ ਵੀ ਠੁਕਰਾ ਦਿੱਤਾ ਹੈ, ਸਾਡੇ ਮਸਲੇ ਹਾਲੇ ਬਹੁਤ ਹਨ।''''
ਉਰਮਿਲਾ ਯਾਦਵ ਪ੍ਰਤਾਪਗੜ੍ਹ ਦੀ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਹਨ ਅਤੇ ਐਤਵਾਰ ਰਾਤ ਨੂੰ ਹੀ ਉਹ ਲਖਨਊ ਪਹੁੰਚ ਗਏ ਸਨ ਅਤੇ ਮਹਾਪੰਚਾਇਤ ਵਾਲੀ ਥਾਂ ਉੱਤੇ ਹੀ ਉਨ੍ਹਾਂ ਨੇ ਰਾਤ ਲੰਘਾਈ।
ਉਰਮਿਲਾ ਕਹਿੰਦੇ ਹਨ, ''''ਸਰਕਾਰ ਹੁਣ ਤੱਕ ਕਿੱਥੇ ਸੀ। ਜੇ ਉਨ੍ਹਾਂ ਨੇ ਇਹ ਖੇਤੀ ਕਾਨੂੰਨ ਵਾਪਸ ਹੀ ਲੈਣੇ ਸੀ ਤਾਂ ਲਾਗੂ ਹੀ ਕਿਉਂ ਕੀਤੇ ਸਨ। ਦੂਜੀ ਗੱਲ ਸਰਕਾਰ ਦੇਖ ਰਹੀ ਹੈ ਕਿ ਚੋਣਾਂ ਨੇੜੇ ਹਨ ਤਾਂ ਕਾਨੂੰਨ ਵਾਪਸ ਲੈਣ ਲੱਗੇ।''''
ਮਹਾਪੰਚਾਇਤ ਵਿੱਚ ਸੀਪੀਐਮ ਮਹਿਲਾ ਵਿੰਗ ਆਲ ਇੰਡੀਆ ਡੈਮੋਕ੍ਰੈਟਿਕ ਵੀਮੇਨ ਅਸੋਸੀਏਸ਼ਨ ਦੀਆਂ ਔਰਤਾਂ ਵੀ ਮੌਜੂਦ ਸਨ।
ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਖ਼ੂਬਸੂਰਤੀ ਇਹੀ ਹੈ ਇਸ ''ਚ ਕਿਸਾਨਾਂ ਦੇ ਹਿਤੈਸ਼ੀ ਕਿਸੇ ਵੀ ਝੰਡੇ ਜਾਂ ਬੈਨਰ ਦੇ ਲੋਕ ਸ਼ਾਮਲ ਹੋ ਸਕਦੇ ਹਨ।
ਭਾਜਪਾ ਦੀ ਕਿਸਾਨ ਮਹਾਪੰਚਾਇਤ ''ਤੇ ਰਾਇ
ਇਸ ਵੱਡੀ ਕਿਸਾਨ ਮਹਾਪੰਚਾਇਤ ਨੇ ਨਿਸ਼ਚਤ ਤੌਰ ''ਤੇ ਸੂਬੇ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਲਈ ਚੁਣੌਤੀਆਂ ਨੂੰ ਵਧਾਇਆ ਹੋਵੇਗਾ ਪਰ ਪਾਰਟੀ ਦੇ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਦਾਅਵਾ ਕੀਤਾ ਕਿ ਕਿਸਾਨ ਭਾਜਪਾ ਦੇ ਨਾਲ ਹਨ।
ਉਨ੍ਹਾਂ ਨੇ ਕਿਹਾ, ''''ਦੇਖੋ ਪ੍ਰਧਾਨ ਮੰਤਰੀ ਜੀ ਨੇ ਵੱਡਾ ਦਿਲ ਦਿਖਾਉਂਦੇ ਹੋਏ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਹੈ। ਕਿਹਾ ਹੈ ਕਿ ਉਹ ਕਿਸਾਨਾਂ ਨੂੰ ਕਿਸੇ ਵੀ ਤਰੀਕੇ ਦੁੱਖ ਨਹੀਂ ਪਹੁੰਚਣ ਦੇਣਗੇ, ਤਾਂ ਜੋ ਲੋਕ ਕਿਸਾਨਾਂ ਦੇ ਨਾਮ ਉੱਤੇ ਇਹ ਅੰਦੋਲਨ ਕਰ ਰਹੇ ਹਨ ਉਨ੍ਹਾਂ ਸਾਰਿਆਂ ਨੂੰ ਇਹ ਅੰਦੋਲਨ ਖ਼ਤਮ ਕਰ ਦੇਣਾ ਚਾਹੀਦਾ ਹੈ।''''
''''ਕੁਝ ਲੋਕ ਜਾਣ ਬੁੱਝ ਕੇ ਪੌਲਿਟਿਕਲੀ ਮੋਟੀਵੇਟੇਡ ਅੰਦੋਲਨ ਜਾਰੀ ਰੱਖਣਾ ਚਾਹੁੰਦੇ ਹਨ, ਅਜਿਹੇ ਲੋਕਾਂ ਨੂੰ ਜਨਤਾ ਖ਼ਾਰਿਜ ਕਰੇਗੀ, ਕਿਸਾਨ ਖ਼ਾਰਿਜ ਕਰਨਗੇ, ਕਿਉਂਕਿ ਉਹ ਉੱਤਰ ਪ੍ਰਦੇਸ਼ ਵਿੱਚ ਅਤੇ ਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਖੜ੍ਹੇ ਹਨ।''''
ਇਹ ਵੀ ਪੜ੍ਹੋ:
- ਕੋਰੋਨਾਵਾਇਰਸ ਦੇ ਕਾਲ ’ਚ ਕੀ ਤੁਹਾਨੂੰ ਨੀਂਦ ਘੱਟ ਆ ਰਹੀ ਹੈ, ਕੀ ਇਹ ਬਿਮਾਰੀ ਹੈ ਜਾਂ ਕੁਝ ਹੋਰ
- ਜਦੋਂ ਤੁਸੀਂ ਮਿੱਠਾ ਖਾਣਾ ਛੱਡ ਦਿੰਦੇ ਹੋ ਤਾਂ ਤੁਹਾਡੇ ਦਿਮਾਗ ''ਤੇ ਕੀ ਅਸਰ ਹੁੰਦਾ ਹੈ
- ਆਈਫ਼ੋਨ 13 ''ਚ ਕੀ ਹੈ ਖ਼ਾਸ ਤੇ ਭਾਰਤ ਵਿੱਚ ਕੀ ਹੋਵੇਗੀ ਕੀਮਤ
https://www.youtube.com/watch?v=4SMecoEFUGo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''363bd39e-e4eb-4d81-aa1b-499bcd9bd2af'',''assetType'': ''STY'',''pageCounter'': ''punjabi.india.story.59383796.page'',''title'': ''ਮੋਦੀ ਦੇ ਮਾਫ਼ੀ ਮੰਗਣ ਨਾਲ ਕਿਸਾਨਾਂ ਨੂੰ ਫ਼ਸਲਾਂ ਦੀ ਕੀਮਤ ਨਹੀਂ ਮਿਲ ਜਾਵੇਗੀ - ਰਾਕੇਸ਼ ਟਿਕੈਤ'',''author'': ''ਅਨੰਤ ਝਣਾਣੇ'',''published'': ''2021-11-23T08:31:04Z'',''updated'': ''2021-11-23T08:31:04Z''});s_bbcws(''track'',''pageView'');