ਬਲਾਤਕਾਰ ਪੀੜਤਾ ਨੂੰ 26ਵੇਂ ਹਫ਼ਤੇ ਵਿੱਚ ਗਰਭਪਾਤ ਦੀ ਇਜਾਜ਼ਤ ਦੇਣਾ ਇੰਝ ਹੋ ਸਕਦਾ ਖ਼ਤਰਨਾਕ

Friday, Oct 22, 2021 - 12:53 PM (IST)

ਬਲਾਤਕਾਰ ਪੀੜਤਾ ਨੂੰ 26ਵੇਂ ਹਫ਼ਤੇ ਵਿੱਚ ਗਰਭਪਾਤ ਦੀ ਇਜਾਜ਼ਤ ਦੇਣਾ ਇੰਝ ਹੋ ਸਕਦਾ ਖ਼ਤਰਨਾਕ
ਸੰਕੇਤਕ ਤਸਵੀਰ
Getty Images
ਸੰਕੇਤਕ ਤਸਵੀਰ

ਤੇਲੰਗਾਨਾ ਹਾਈ ਕੋਰਟ ਨੇ ਇੱਕ ਬਲਾਤਕਾਰ ਪੀੜਿਤਾ ਦੀ ਪਟੀਸ਼ਨ ''ਤੇ ਸੁਣਵਾਈ ਕਰਦਿਆਂ ਕਿਹਾ ਹੈ ਕਿ ਇੱਕ ਭਰੂਣ ਦੀ ਜ਼ਿੰਦਗੀ ਮਾਂ ਦੀ ਜ਼ਿੰਦਗੀ ਤੋਂ ਵਧ ਕੇ ਨਹੀਂ ਹੋ ਸਕਦੀ।

ਦਰਅਸਲ ਇਹ ਮਾਮਲਾ ਇੱਕ 16 ਸਾਲਾ ਬਲਾਤਕਾਰ ਪੀੜਿਤਾ ਲੜਕੀ ਦਾ ਸੀ, ਜਿਸਨੇ ਅਦਾਲਤ ਤੋਂ ਗਰਭਪਾਤ ਦੀ ਇਜਾਜ਼ਤ ਮੰਗੀ ਸੀ।

ਇਹ ਲੜਕੀ 26 ਹਫਤਿਆਂ ਦੀ ਗਰਭਵਤੀ ਹੈ। ਲੜਕੀ ਵੱਲੋਂ, ਉਸਦੇ ਮਾਪਿਆਂ ਨੇ ਅਰਜ਼ੀ ਦੇ ਕੇ ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੇਂਸੀ ਐਕਟ 1971 (ਸੋਧ) ਦੇ ਤਹਿਤ ਗਰਭਪਾਤ ਦੀ ਇਜਾਜ਼ਤ ਮੰਗੀ ਸੀ।

ਇਹ ਵੀ ਪੜ੍ਹੋ:

ਅਦਾਲਤ ਨੇ ਕੀ ਕਿਹਾ?

ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਜਸਟਿਸ ਬੀ ਵਿਜੇਸੇਨ ਰੈੱਡੀ ਦਾ ਕਹਿਣਾ ਸੀ, "ਭਰੂਣ ਦੀ ਜ਼ਿੰਦਗੀ ਜਾਂ ਜਿਸ ਦਾ ਅਜੇ ਜਨਮ ਹੋਣਾ ਬਾਕੀ ਹੈ, ਉਸ ਨੂੰ ਯਾਚਿਕਾ ਦੇਣ ਵਾਲੇ ਦੇ ਜੀਵਨ ਤੋਂ ਉੱਪਰ ਰੱਖ ਕੇ ਨਹੀਂ ਵੇਖਿਆ ਜਾ ਸਕਦਾ।”

“ਇੱਜ਼ਤ, ਸਵੈ-ਮਾਣ ਅਤੇ ਸਿਹਤਮੰਦ ਜੀਵਨ (ਮਾਨਸਿਕ ਅਤੇ ਸਰੀਰਕ ਦੋਵੇਂ) ਵਰਗੇ ਪਹਿਲੂ ਸੰਵਿਧਾਨ ਦੇ ਅਨੁਛੇਦ 21 ਦੇ ਅਧੀਨ ਦਿੱਤੇ ਗਏ ਜੀਵਨ ਜਿਉਣ ਅਤੇ ਵਿਅਕਤੀਗਤ ਆਜ਼ਾਦੀ ਦੇ ਅਧਿਕਾਰ ਅਧੀਨ ਆਉਂਦੇ ਹਨ।”

“ਇਸੇ ਅਧਿਕਾਰ ਦੇ ਤਹਿਤ ਇੱਕ ਮਹਿਲਾ ਦਾ ਇਹ ਅਧਿਕਾਰ ਵੀ ਸ਼ਾਮਲ ਹੈ ਕਿ ਉਹ ਗਰਭਵਤੀ ਬਣੀ ਰਹੇ ਜਾਂ ਗਰਭਪਾਤ ਕਰਵਾ ਲਵੇ, ਖਾਸ ਕਰਕੇ ਉਸ ਮਾਮਲੇ ਵਿੱਚ ਜਦੋਂ ਉਹ ਬਲਾਤਕਾਰ ਜਾਂ ਜਿਨਸੀ ਸ਼ੋਸ਼ਣ ਦੇ ਕਾਰਨ ਗਰਭਵਤੀ ਹੋਈ ਹੋਵੇ, ਜਾਂ ਫਿਰ ਉਸ ਮਾਮਲੇ ਵਿੱਚ ਜਦੋਂ ਉਹ ਗਰਭਵਤੀ ਤਾਂ ਹੋ ਗਈ ਹੋਵੇ ਪਰ ਉਹ ਇਸਦੇ ਲਈ ਪੂਰੀ ਤਰ੍ਹਾਂ ਤਿਆਰ ਨਾ ਹੋਵੇ।”

“ਹਾਂ ਇਹ ਜ਼ਰੂਰ ਹੈ ਕਿ ਉਨ੍ਹਾਂ ਨੂੰ ਉਨ੍ਹਾਂ ਪਾਬੰਦੀਆਂ ਦੀ ਪਾਲਣਾ ਕਰਨੀ ਪਏਗੀ ਜੋ ਕਾਨੂੰਨ ਦੇ ਅਧੀਨ ਲਗਾਈਆਂ ਜਾ ਸਕਦੀਆਂ ਹਨ।"

ਮੈਡੀਕਲ ਬੋਰਡ ਨੇ ਕੀ ਕਿਹਾ?

ਇਸ ਮਾਮਲੇ ਵਿੱਚ, ਮੈਡੀਕਲ ਬੋਰਡ 26ਵੇਂ ਹਫ਼ਤੇ ਵਿੱਚ ਗਰਭਪਾਤ ਲਈ ਸਹਿਮਤੀ ਤਾਂ ਦੇ ਚੁੱਕਿਆ ਹੈ ਪਰ ਇਸ ਦੇ ਨਾਲ ਆਉਣ ਵਾਲੀਆਂ ਸਿਹਤ ਸਮੱਸਿਆਵਾਂ ਦਾ ਵੀ ਜ਼ਿਕਰ ਕਰਦਾ ਹੈ।

ਇਸ ਲੜਕੀ ਦੀ ਡਾਕਟਰੀ ਜਾਂਚ ਤੋਂ ਬਾਅਦ, ਮੈਡੀਕਲ ਬੋਰਡ ਦਾ ਮੰਨਣਾ ਸੀ ਕਿ ਇਹ 16 ਸਾਲਾ ਲੜਕੀ ਗਰਭਪਾਤ ਕਰਾਉਣ ਲਈ ਫਿਟ ਹੈ ਪਰ ਉਸ ਤੋਂ ਬਾਅਦ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਕਿ ਗਰਭਪਾਤ ਤੋਂ ਬਾਅਦ ਖੂਨ ਵਗਣਾ (ਬਲੀਡਿੰਗ) ਅਤੇ ਉਸ ਨੂੰ ਬਲੱਡ ਟ੍ਰਾਂਸਫਿਊਸ਼ਨ (ਖੂਨ ਦੀ ਕਮੀ ਕਾਰਨ, ਖੂਨ ਚੜ੍ਹਾਉਣਾ) ਦੀ ਲੋੜ ਵੀ ਪੈ ਸਕਦੀ ਹੈ।

ਸੰਕੇਤਕ ਤਸਵੀਰ
Getty Images

ਨਾਲ ਹੀ, ਬੋਰਡ ਦਾ ਕਹਿਣਾ ਹੈ ਕਿ ਇਸ ਪ੍ਰਕਿਰਿਆ ਦੇ ਕਾਰਨ ਲੜਕੀ ਦੇ ਸਰੀਰ ਵਿੱਚ ਪ੍ਰਤੀਕਰਮ (ਰਿਐਕਸ਼ਨ) ਜਾਂ ਪ੍ਰਭਾਵ, ਹੁਣੇ ਜਾਂ ਬਾਅਦ ਵਿੱਚ ਵੀ ਹੋ ਸਕਦਾ ਹੈ। ਨਾਲ ਹੀ, ਗਰਭਪਾਤ ਵਿੱਚ ਲੰਬਾ ਸਮਾਂ ਲੱਗੇਗਾ, ਜਿਸ ਨਾਲ ਸੈਪਸਿਸ ਹੋ ਸਕਦਾ ਹੈ ਅਤੇ ਸਰਜਰੀ ਜਾਂ ਆਪਰੇਸ਼ਨ ਦੁਆਰਾ ਵੀ ਡਿਲੀਵਰੀ ਕਰਵਾਉਣੀ ਪੈ ਸਕਦੀ ਹੈ।

ਸਰੀਰਕ ਅਤੇ ਮਾਨਸਿਕ ਪ੍ਰਭਾਵ

ਬਲਾਤਕਾਰ ਪੀੜਿਤਾ ਦੇ ਮਾਮਲੇ ਵਿੱਚ ਡਾਕਟਰ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਨ, ਪਰ ਇਹ ਵੀ ਮੰਨਦੇ ਹਨ ਕਿ 26ਵੇਂ ਹਫ਼ਤੇ ਵਿੱਚ ਗਰਭਪਾਤ ਕਰਵਾਉਣਾ ਨਾ ਸਿਰਫ ਇਸ ਲੜਕੀ ਦੀ ਸਰੀਰਕ ਬਲਕਿ ਮਾਨਸਿਕ ਸਥਿਤੀ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਅਤੇ ਇਸਦੇ ਦੂਰਗਾਮੀ ਪ੍ਰਭਾਵ ਹੋ ਸਕਦੇ ਹਨ।

ਦਿੱਲੀ ਦੇ ਮੈਕਸ ਹਸਪਤਾਲ ਦੇ ਮਹਿਲਾ ਰੋਗਾਂ ਦੇ ਮਾਹਰ ਹਿਮਾਂਗੀ ਨੇਗੀ, ਮੈਡੀਕਲ ਟਰਮੀਨੇਸ਼ਨ ਆਫ਼ ਪ੍ਰੈਗਨੇਂਸੀ (ਸੋਧ) ਬਿੱਲ 2020 ਬਾਰੇ ਗੱਲ ਕਰਦਿਆਂ ਕਹਿੰਦੇ ਹਨ ਕਿ ਇਸ ਵਿੱਚ ਗਰਭਪਾਤ ਦੀ ਮਿਆਦ ਵਿਸ਼ੇਸ਼ ਕਾਰਨਾਂ ਕਰਕੇ 20 ਹਫਤਿਆਂ ਤੋਂ 24 ਹਫਤਿਆਂ ਦੀ ਕੀਤੀ ਗਈ ਹੈ, ਜਿਸ ਵਿੱਚ ਇਹ ਤੇਲੰਗਾਨਾ ਬਲਾਤਕਾਰ ਕੇਸ ਵੀ ਸ਼ਾਮਿਲ ਹੋ ਜਾਂਦਾ ਹੈ।

ਪਰ ਡਾਕਟਰ ਮੰਨਦੇ ਹਨ ਕਿ ਇਸ 16 ਸਾਲਾ ਬਲਾਤਕਾਰ ਪੀੜਤਾ ਦੇ ਗਰਭਪਾਤ ਵਿੱਚ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਸੰਕੇਤਕ ਤਸਵੀਰ
Getty Images
ਸੰਕੇਤਕ ਤਸਵੀਰ

ਡਾਕਟਰ ਯਾਮਿਨੀ ਸਰਵਾਲ, ਦਿੱਲੀ ਦੇ ਵਰਧਮਾਨ ਮਹਾਵੀਰ ਮੈਡੀਕਲ ਕਾਲਜ ਅਤੇ ਸਫਦਰਜੰਗ ਹਸਪਤਾਲ ਵਿੱਚ ਗਾਇਨੀਕੋਲੋਜਿਸਟ (ਮਹਿਲਾ ਰੋਗ ਮਾਹਰ) ਅਤੇ ਪਰਿਵਾਰ ਨਿਯੋਜਨ ਦੇ ਪ੍ਰਮੁੱਖ ਹਨ। ਉਹ ਇਸ ਨੂੰ ਗਰਭਪਾਤ ਦੀ ਬਜਾਏ ਸਮੇਂ ਤੋਂ ਪਹਿਲਾਂ ਜਣੇਪੇ ਦਾ ਮਾਮਲਾ ਕਹਿੰਦੇ ਹਨ।

ਬੀਬੀਸੀ ਨਾਲ ਗੱਲਬਾਤ ਵਿੱਚ ਉਹ ਕਹਿੰਦੇ ਹਨ, "ਜੇ ਇਹ ਕੁਦਰਤੀ ਢੰਗ ਨਾਲ ਹੁੰਦਾ ਹੈ, ਤਾਂ ਇਸ ਵਿੱਚ ਕੋਈ ਖ਼ਤਰਾ ਨਹੀਂ ਹੋਵੇਗਾ। ਪਰ ਦਰਦ ਵਧਾਉਣ ਲਈ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੇ ਮਾੜੇ ਪ੍ਰਭਾਵ ਹੋ ਸਕਦੇ ਹਨ ਅਤੇ ਨਾਲ ਹੀ ਜੇ ਇਹ ਸੀ-ਸੈਕਸ਼ਨ ਜਾਂ ਆਪਰੇਸ਼ਨ ਨਾਲ ਹੁੰਦਾ ਹੈ ਤਾਂ ਜੋਖਮ ਵਧ ਵੀ ਸਕਦੇ ਹਨ।

ਇਹ ਵੀ ਪੜ੍ਹੋ:

ਇਨ੍ਹਾਂ ਦੀ ਗੱਲ ਨੂੰ ਹੀ ਹੋਰ ਅੱਗੇ ਵਧਾਉਂਦੇ ਹੋਏ, ਡਾ. ਹੇਮਾਂਗੀ ਨੇਗੀ ਬੀਬੀਸੀ ਨਾਲ ਗੱਲਬਾਤ ਵਿੱਚ ਕਹਿੰਦੇ ਹਨ, "ਇਸ ਨਾਬਾਲਗ ਲੜਕੀ ਦਾ ਮਿਨੀ ਲੇਬਰ ਹੋਵੇਗਾ, ਭਾਵ ਉਸ ਨੂੰ ਪੇਨ (ਦਰਦ) ਦਿੱਤਾ ਜਾਵੇਗਾ ਅਤੇ ਨੌਰਮਲ ਡਿਲੀਵਰੀ (ਸਾਧਾਰਣ ਜਣੇਪਾ) ਕਰਵਾਈ ਜਾਏਗੀ ਤੇ ਜੇ ਅਜਿਹਾ ਨਹੀਂ ਹੋ ਸਕਿਆ ਤਾਂ ਸੀ-ਸੈਕਸ਼ਨ ਕੀਤਾ ਜਾਵੇਗਾ ਕਿਉਂਕਿ ਭਰੂਣ ਛੇ ਮਹੀਨਿਆਂ ਦਾ ਹੈ।"

ਖੂਨ ਦੀ ਕਮੀ

ਮੈਡੀਕਲ ਬੋਰਡ ਨੇ ਵੀ ਇਸ ਮਾਮਲੇ ਵਿੱਚ ਕਿਹਾ ਹੈ ਕਿ ਇਸ ਲੜਕੀ ਨੂੰ ਟਰਮਿਨੇਸ਼ਨ ਦੇ ਦੌਰਾਨ ਅਤੇ ਬਾਅਦ ਵਿੱਚ ਸਿਹਤ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਜਿਸ ਵਿੱਚ ਖੂਨ ਦੀ ਕਮੀ, ਲਾਗ, ਯੂਟਰਸ ਰਪਚਰ ਦਾ ਖਤਰਾ ਵੀ ਹੋਵੇਗਾ।

ਮਹਿਲਾ ਰੋਗਾਂ ਦੇ ਮਾਹਰ ਸ਼ਾਲਿਨੀ ਅੱਗਰਵਾਲ ਦਾ ਕਹਿਣਾ ਹੈ ਕਿ ਕਾਨੂੰਨ ਦੇ ਅਨੁਸਾਰ 26ਵੇਂ ਹਫ਼ਤੇ ਵਿੱਚ ਗਰਭਪਾਤ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ, ਪਰ ਇੱਕ ਵਿਸ਼ੇਸ਼ ਮਾਮਲੇ ਵਿੱਚ ਅਦਾਲਤ ਨੇ ਇਜਾਜ਼ਤ ਦਿੱਤੀ ਹੈ, ਅਜਿਹੀ ਸਥਿਤੀ ਵਿੱਚ ਦੇਰੀ ਨਾਲ ਹੋਈ ਅਜਿਹੀ ਡਿਲੀਵਰੀ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਉਹ ਕਹਿੰਦੇ ਹਨ, "ਗਰਭਪਾਤ ਦੇ ਦੌਰਾਨ ਖੂਨ ਬਹੁਤ ਜ਼ਿਆਦਾ ਵਗ ਸਕਦਾ ਹੈ ਅਤੇ ਲੜਕੀ ਨੂੰ ਖੂਨ ਦੀ ਕਮੀ ਵੀ ਹੋ ਸਕਦੀ ਹੈ। ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਖੂਨ ਚੜ੍ਹਾਉਣਾ, ਇੱਕ ਖਾਸ ਤਰੀਕਾ ਹੁੰਦਾ ਹੈ।”

“ਉਂਝ, ਜਦ ਵੀ ਖੂਨ ਚੜ੍ਹਾਇਆ ਜਾਂਦਾ ਹੈ, ਤਾਂ ਪੂਰੀ ਜਾਂਚ ਵੀ ਕੀਤੀ ਜਾਂਦੀ ਹੈ, ਪਰ ਪ੍ਰਤੀਕ੍ਰਿਆ (ਰਿਐਕਸ਼ਨ) ਦਾ ਜੋਖਮ ਬਣਿਆ ਰਹਿੰਦਾ ਹੈ, ਸਰੀਰ ''ਤੇ ਪ੍ਰਭਾਵ ਪੈਂਦਾ ਹੈ ਤੇ ਅੱਗੇ ਜਾ ਕੇ ਗਰਭਧਾਰਨ ਵਿੱਚ ਵੀ ਸਮੱਸਿਆ ਹੋ ਸਕਦੀ ਹੈ।”

ਡਾਕਟਰ ਇਹ ਵੀ ਮੰਨਦੇ ਹਨ ਕਿ ਲੜਕੀ ਦੀ ਉਮਰ ਮਹਿਜ਼ 16 ਸਾਲ ਹੈ ਅਤੇ ਉਹ ਇੱਕ ਬੱਚੀ ਹੀ ਹੈ। ਨਾਲ ਹੀ ਉਸਦਾ ਸਰੀਰ ਵੀ ਨਾਰਮਲ ਜਾਂ ਸੀ-ਸੈਕਸ਼ਨ ਡਿਲੀਵਰੀ ਲਈ ਤਿਆਰ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਸਰੀਰਕ ਪ੍ਰਭਾਵ ਦੇ ਨਾਲ-ਨਾਲ ਜੋ ਮਨੋਵਿਗਿਆਨਕ ਪ੍ਰਭਾਵ ਹੋਵੇਗਾ ਉਹ ਵੀ ਬਹੁਤ ਜ਼ਿਆਦਾ ਹੋ ਸਕਦਾ ਹੈ।

ਡਾ. ਹੇਮਾਂਗੀ ਨੇਗੀ
BBC
ਡਾ. ਹੇਮਾਂਗੀ ਨੇਗੀ

ਡਾ. ਹੇਮਾਂਗੀ ਨੇਗੀ ਦਾ ਕਹਿਣਾ ਹੈ, “ਜੇ ਉਪਰੋਕਤ ਮਾਮਲੇ ਨਾ ਹੋਣ, ਪਰ ਇੱਕ ਮਹਿਲਾ ਦਾ ਬਲੱਡ ਪ੍ਰੈਸ਼ਰ (ਖੂਨ ਦਾ ਦੌਰਾ) ਵਧਣਾ ਸ਼ੁਰੂ ਹੋ ਜਾਵੇ ਅਤੇ ਇਸਦਾ ਪ੍ਰਭਾਵ ਗੁਰਦਿਆਂ ''ਤੇ ਪੈਣਾ ਸ਼ੁਰੂ ਹੋ ਜਾਵੇ, ਝਟਕੇ ਲੱਗਣੇ ਸ਼ੁਰੂ ਹੋ ਜਾਣ ਅਤੇ ਉਸ ਨਾਲ ਸਿਹਤ ''ਤੇ ਵਧੇਰੇ ਮਾੜਾ ਪ੍ਰਭਾਵ ਪੈ ਰਿਹਾ ਹੋਵੇ ਤਾਂ ਅਸੀਂ 20 ਹਫਤਿਆਂ ਬਾਅਦ ਵੀ ਗਰਭਪਾਤ ਦਾ ਫੈਸਲਾ ਲੈ ਲੈਂਦੇ ਹਾਂ।”

“ਜੇ ਇਹ ਅਜਿਹਾ ਮਾਮਲਾ ਹੈ ਜਿੱਥੇ ਕਿ ਗਰਭ-ਨਿਰੋਧਕ ਨੇ ਕੰਮ ਨਹੀਂ ਕੀਤਾ, ਤਾਂ ਅਜਿਹੇ ਮਾਮਲਿਆਂ ਵਿੱਚ 20 ਹਫਤਿਆਂ ਬਾਅਦ ਗਰਭਪਾਤ ਨਹੀਂ ਕੀਤਾ ਜਾਂਦਾ ਅਤੇ ਕਾਨੂੰਨ ਇਸਦੀ ਆਗਿਆ ਨਹੀਂ ਦਿੰਦਾ।”

ਨਾਲ ਹੀ ਉਹ ਕਹਿੰਦੇ ਹਨ ਕਿ ਕਈ ਵਾਰ ਜੋੜੇ ਬੱਚੇ ਦੀ ਲਿੰਗ ਨਿਰਧਾਰਨ ਜਾਂਚ ਕਰਵਾਉਣ ਤੋਂ ਬਾਅਦ ਗਰਭਪਾਤ ਕਰਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਕਾਨੂੰਨ ਵਿੱਚ ਇਹ ਸਪੱਸ਼ਟ ਤੌਰ ''ਤੇ ਲਿਖਿਆ ਹੋਇਆ ਹੈ ਕਿ ਕਿਹੜੇ-ਕਿਹੜੇ ਹਾਲਾਤਾਂ ਵਿੱਚ ਗਰਭਪਾਤ ਕਰਵਾਇਆ ਜਾ ਸਕਦਾ ਹੈ।

ਕਾਨੂੰਨ ਕੀ ਕਹਿੰਦਾ ਹੈ?

ਭਾਰਤ ਦੇ ਸਿਹਤ ਅਤੇ ਭਲਾਈ ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ ਮੈਡੀਕਲ ਟਰਮੀਨੇਸ਼ਨ ਆਫ ਪੈਗਨੇਂਸੀ (ਸੋਧ) ਬਿੱਲ 2020 ਨੂੰ ਰਾਜਸਭਾ ਵਿੱਚ 16 ਮਾਰਚ 2021 ਨੂੰ ਪਾਸ ਕੀਤਾ ਗਿਆ ਹੈ।

ਇਸ ਬਿੱਲ ਦੇ ਅਨੁਸਾਰ, ਗਰਭਪਾਤ ਦੀ ਮਿਆਦ 20 ਹਫਤਿਆਂ ਤੋਂ ਵਧਾ ਕੇ 24 ਹਫਤੇ ਕਰ ਦਿੱਤੀ ਗਈ ਹੈ।

ਇਸ ਬਿੱਲ ਵਿੱਚ ਕਿਹਾ ਗਿਆ ਹੈ ਕਿ ਇਹ ਮਿਆਦ ਵਿਸ਼ੇਸ਼ ਕਿਸਮ ਦੀਆਂ ਔਰਤਾਂ ਲਈ ਵਧਾਈ ਗਈ ਹੈ, ਜਿਨ੍ਹਾਂ ਨੂੰ ਐਮਟੀਪੀ ਨਿਯਮਾਂ ਵਿੱਚ ਸੋਧ ਦੁਆਰਾ ਪਰਿਭਾਸ਼ਤ ਕੀਤਾ ਜਾਵੇਗਾ ਅਤੇ ਇਨ੍ਹਾਂ ਵਿੱਚ ਬਲਾਤਕਾਰ ਪੀੜਤ, ਰਿਸ਼ਤੇਦਾਰਾਂ ਨਾਲ ਜਿਨਸੀ ਸੰਪਰਕ ਦੀ ਸ਼ਿਕਾਰ ਅਤੇ ਹੋਰ ਅਸੁਰੱਖਿਅਤ ਮਹਿਲਾਵਾਂ (ਅਪਾਹਜ ਮਹਿਲਾਵਾਂ, ਨਾਬਾਲਗ) ਵੀ ਸ਼ਾਮਲ ਹੋਣਗੀਆਂ।

ਇਸ ਤੋਂ ਪਹਿਲਾਂ, ਭਾਰਤ ਵਿੱਚ ਮੈਡੀਕਲ ਟਰਮੀਨੇਸ਼ਨ ਆਫ ਪੈਗਨੇਂਸੀ ਐਕਟ, 1971 ਸੀ, ਜਿਸ ਵਿੱਚ ਸੋਧਾਂ ਕੀਤੀਆਂ ਗਈਆਂ ਹਨ।

ਸੰਕੇਤਕ ਤਸਵੀਰ
Getty Images
ਸੰਕੇਤਕ ਤਸਵੀਰ

ਇਸ ਐਕਟ ਵਿੱਚ ਇਹ ਵਿਵਸਥਾ ਸੀ ਕਿ ਜੇ ਕਿਸੇ ਮਹਿਲਾ ਦਾ 12 ਹਫਤਿਆਂ ਦਾ ਗਰਭ ਹੈ, ਤਾਂ ਉਹ ਇੱਕ ਡਾਕਟਰ ਦੀ ਸਲਾਹ ''ਤੇ ਗਰਭਪਾਤ ਕਰਵਾ ਸਕਦੀ ਹੈ।

ਇਸ ਦੇ ਨਾਲ ਹੀ, 12 ਤੋਂ 20 ਹਫਤਿਆਂ ਵਿੱਚ ਦੋ ਡਾਕਟਰਾਂ ਦੀ ਸਲਾਹ ਲਾਜ਼ਮੀ ਸੀ ਅਤੇ 20 ਤੋਂ 24 ਹਫਤਿਆਂ ਵਿੱਚ ਮਹਿਲਾ ਨੂੰ ਗਰਭਪਾਤ ਦੀ ਆਗਿਆ ਨਹੀਂ ਸੀ।

ਪਰ ਇਸ ਸੋਧੇ ਹੋਏ ਬਿੱਲ ਵਿੱਚ 12 ਅਤੇ 12 ਤੋਂ 20 ਹਫਤਿਆਂ ਵਿੱਚ ਇੱਕ ਡਾਕਟਰ ਦੀ ਸਲਾਹ ਲੈਣਾ ਲਾਜ਼ਮੀ ਦੱਸਿਆ ਗਿਆ ਹੈ।

ਇਸ ਤੋਂ ਇਲਾਵਾ ਜੇਕਰ ਭਰੂਣ 20 ਤੋਂ 24 ਹਫਤਿਆਂ ਦਾ ਹੈ, ਤਾਂ ਇਸ ਵਿੱਚ ਕੁਝ ਸ਼੍ਰੇਣੀਆਂ ਦੀਆਂ ਮਹਿਲਾਵਾਂ ਨੂੰ ਦੋ ਡਾਕਟਰਾਂ ਤੋਂ ਸਲਾਹ ਲੈਣੀ ਪਏਗੀ ਅਤੇ ਜੇ ਭਰੂਣ 24 ਹਫਤਿਆਂ ਤੋਂ ਵੱਧ ਸਮੇਂ ਦਾ ਹੈ, ਤਾਂ ਡਾਕਟਰੀ ਸਲਾਹ ਤੋਂ ਬਾਅਦ ਹੀ ਆਗਿਆ ਦਿੱਤੀ ਜਾਏਗੀ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

https://www.youtube.com/watch?v=tLG2osiU0Mk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''581b78b9-9dd7-4651-8a6c-0a7dcff1d226'',''assetType'': ''STY'',''pageCounter'': ''punjabi.india.story.59002806.page'',''title'': ''ਬਲਾਤਕਾਰ ਪੀੜਤਾ ਨੂੰ 26ਵੇਂ ਹਫ਼ਤੇ ਵਿੱਚ ਗਰਭਪਾਤ ਦੀ ਇਜਾਜ਼ਤ ਦੇਣਾ ਇੰਝ ਹੋ ਸਕਦਾ ਖ਼ਤਰਨਾਕ'',''author'': '' ਸੁਸ਼ੀਲਾ ਸਿੰਘ '',''published'': ''2021-10-22T07:17:19Z'',''updated'': ''2021-10-22T07:17:19Z''});s_bbcws(''track'',''pageView'');

Related News