ਡੇਂਗੂ: ਪੰਜਾਬ ਵਿੱਚ ਦਸ ਹਜ਼ਾਰ ਤੋਂ ਵੱਧ ਮਰੀਜ਼, ਸੂਬੇ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ

Friday, Oct 22, 2021 - 08:23 AM (IST)

ਡੇਂਗੂ: ਪੰਜਾਬ ਵਿੱਚ ਦਸ ਹਜ਼ਾਰ ਤੋਂ ਵੱਧ ਮਰੀਜ਼, ਸੂਬੇ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ

ਪੰਜਾਬ ਸਮੇਤ ਪੂਰੇ ਦੇਸ ਵਿੱਚ ਡੇਂਗੂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਵੀਰਵਾਰ ਨੂੰ ਉਪ ਮੁੱਖ ਮੰਤਰੀ ਅਤੇ ਸਿਹਤ ਅਤੇ ਪਰਿਵਾਰ ਮੰਤਰੀ ਓ ਪੀ ਸੋਨੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪੰਜਾਬ ਵਿੱਚ 10 ਹਜ਼ਾਰ ਤੋਂ ਵੱਧ ਡੇਂਗੂ ਦੇ ਮਰੀਜ਼ ਹਨ।

ਇਹ ਅੰਕੜੇ ਤੀਹ ਹਜ਼ਾਰ ਤੋਂ ਵੱਧ ਟੈਸਟ ਕਰਨ ਤੋਂ ਬਾਅਦ ਸਾਹਮਣੇ ਆਏ ਹਨ।

ਪੰਜਾਬ ਦੇ ਕਈ ਜ਼ਿਲ੍ਹੇ ਡੇਂਗੂ ਤੋਂ ਪ੍ਰਭਾਵਿਤ ਹਨ ਅਤੇ ਇਸ ਵੇਲੇ ਸਭ ਤੋਂ ਵੱਧ ਮਰੀਜ਼ ਮੁਹਾਲੀ ਵਿੱਚ ਹਨ ਜਿੱਥੇ ਉਪ ਮੁੱਖ ਮੰਤਰੀ ਮੁਤਾਬਕ 1750 ਦੇ ਕਰੀਬ ਮਰੀਜ਼ ਹਨ।

ਪੰਜਾਬ ਸਰਕਾਰ ਅਨੁਸਾਰ ਪੇਂਡੂ ਇਲਾਕਿਆਂ ਨਾਲੋਂ ਸ਼ਹਿਰੀ ਇਲਾਕਿਆਂ ਵਿੱਚ ਡੇਂਗੂ ਦੇ ਜ਼ਿਆਦਾ ਮਰੀਜ਼ ਪਾਏ ਗਏ ਹਨ।

ਕੀ ਹਨ ਪੰਜਾਬ ਦੇ ਹਾਲਾਤ

ਸਿਹਤ ਮੰਤਰੀ ਓ ਪੀ ਸੋਨੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਡੇਂਗੂ ਦੀ ਸਥਿਤੀ ਕਾਬੂ ਵਿੱਚ ਹੈ।

ਸਿਹਤ ਮੰਤਰੀ ਵੱਲੋਂ ਸੂਬੇ ਦੇ ਸਿਹਤ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ ਅਤੇ ਦੱਸਿਆ ਗਿਆ ਕਿ ਪੰਜਾਬ ਵਿੱਚ 12 ਲੱਖ ਤੋਂ ਵੱਧ ਘਰਾਂ ਦਾ ਮੁਆਇਨਾ ਕੀਤਾ ਗਿਆ ਅਤੇ 21 ਹਜ਼ਾਰ ਅਜਿਹੇ ਮਿਲੇ ਜਿਨ੍ਹਾਂ ਵਿੱਚ ਡੇਂਗੂ ਦਾ ਮੱਛਰ ਵੱਧ-ਫੁੱਲ ਰਿਹਾ ਸੀ।

ਇਹ ਵੀ ਪੜ੍ਹੋ:

ਅਜਿਹੇ ਘਰਾਂ ਵਿੱਚ ਡੇਂਗੂ ਦੇ ਮੱਛਰ ਨੂੰ ਰੋਕਣ ਲਈ ਸਰਕਾਰ ਵੱਲੋਂ ਦਵਾਈ ਦੇ ਛਿੜਕਾਅ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

ਓਪੀ ਸੋਨੀ ਮੁਤਾਬਕ ਪੰਜਾਬ ਸਰਕਾਰ ਵੱਲੋਂ ਡੇਂਗੂ ਦੇ ਟੈਸਟ ਲਈ ਪ੍ਰਾਈਵੇਟ ਹਸਪਤਾਲਾਂ ਲਈ 600 ਰੁਪਏ ਤੈਅ ਕੀਤੇ ਗਏ ਹਨ ਅਤੇ ਸਰਕਾਰੀ ਹਸਪਤਾਲਾਂ ਵਿੱਚ ਟੈਸਟ ਅਤੇ ਇਲਾਜ ਮੁਫ਼ਤ ਹੋਵੇਗਾ।

ਉਪ ਮੁੱਖ ਮੰਤਰੀ ਨੇ ਸਫ਼ਾਈ ਦੀ ਲੋੜ ਉੱਪਰ ਜ਼ੋਰ ਦਿੰਦੇ ਹੋਏ ਕਿਹਾ ਕਿ ਪਾਣੀ ਨੂੰ ਇਕੱਠਾ ਹੋਣ ਤੋਂ ਰੋਕਿਆ ਜਾਵੇ ਤਾਂ ਜੋ ਇਹ ਬਿਮਾਰੀ ਅੱਗੇ ਨਾ ਫੈਲੇ। ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਹੁਣ ਸੁੱਕਰਵਾਰ ਦੀ ਬਜਾਇ ਐਤਵਾਰ ਨੂੰ ਡਰਾਈ ਡੇ ਮਨਾਇਆ ਜਾਵੇ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਉਪ ਮੁੱਖ ਮੰਤਰੀ ਨੇ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਕਿ ''ਉਹ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਸਥਾਨਕ ਮੈਂਬਰਾਂ ਅਤੇ ਸਥਾਨਕ ਟੀਵੀ/ ਰੇਡੀਓ ਚੈਨਲਾਂ ਨੂੰ ਜਾਣਕਾਰੀ ਦੇਣ ਅਤੇ ਜਾਗਰੂਕਤਾ ਫੈਲਾਉਣ ਵਿੱਚ ਸ਼ਾਮਲ ਕਰਨ ਅਤੇ ਬ੍ਰੀਡਿੰਗ ਚੈਕਿੰਗ, ਛਿੜਕਾਅ ਅਤੇ ਫੌਗਿੰਗ, ਨਿਰੰਤਰ ਜਾਰੀ ਰੱਖਣ।

ਸਾਰੇ ਸਿਵਲ ਸਰਜਨਾਂ ਨੂੰ ਸਪੱਸ਼ਟ ਕੀਤਾ ਕਿ "ਕ੍ਰਾਈਸਿਸ ਮੈਨੇਜਮੈਂਟ ਮੋਡ ਵਿੱਚ ਸਰਗਰਮੀ ਨਾਲ ਕੰਮ ਕਰੋ ਨਹੀਂ ਤਾਂ ਤਬਾਦਲੇ ਲਈ ਤਿਆਰ ਰਹੋ।''

ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ ਬਠਿੰਡਾ ਵਿੱਚ ਡੇਂਗੂ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਸਰਕਾਰੀ ਅੰਕੜਿਆਂ ਮੁਤਾਬਕ ਬੁੱਧਵਾਰ ਸ਼ਾਮ ਤੱਕ ਜ਼ਿਲ੍ਹੇ ਵਿੱਚ 1541 ਡੇਂਗੂ ਦੇ ਮਰੀਜ਼ ਸਨ ਅਤੇ 615 ਲਾਰਵਾ ਵੀ ਮਿਲੇ ਹਨ।

ਚਾਰ ਦਿਨ ਪਹਿਲਾਂ ਮਰੀਜ਼ਾਂ ਦੀ ਗਿਣਤੀ 643 ਸੀ। ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।

ਸਿਵਲ ਸਰਜਨ ਡਾ ਤੇਜਵੰਤ ਸਿੰਘ ਢਿੱਲੋਂ ਨੇ ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ ਦੱਸਿਆ ਕਿ ਮਰੀਜ਼ਾਂ ਨੂੰ ਪਲੈਟਲੈਟਸ ਮੁਹੱਈਆ ਕਰਵਾਉਣ ਲਈ ਵਿਭਾਗ ਦੇ ਬਲੱਡ ਬੈਂਕ ਦੇ ਪੁਖਤਾ ਪ੍ਰਬੰਧ ਹਨ।

ਬਠਿੰਡਾ ਦੇ ਹੀ ਕਮਿਊਨਿਟੀ ਹੈਲਥ ਸੈਂਟਰ ਡਰੋਲੀ ਭਾਈ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰ ਲੋਕਾਂ ਨੂੰ ਜਾਗਰੂਕ ਕਰਨ ਲਈ ਜੁਟੇ ਹੋਏ ਹਨ।

ਕਿਵੇਂ ਫੈਲਦਾ ਹੈ ਡੇਂਗੂ

ਡੇਂਗੂ ਏਡੀਜ਼ ਅਜਿਪਟੀ ਨਾਂ ਦੇ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਚਿਕਨਗੁਨੀਆ ਅਤੇ ਜ਼ੀਕਾ ਵਰਗੇ ਵਾਇਰਸ ਵੀ ਫੈਲਾਉਂਦਾ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਦੁਨੀਆਂ ਦੇ ਲਗਭਗ 70 ਫ਼ੀਸਦ ਡੇਂਗੂ ਦੇ ਕੇਸ ਏਸ਼ੀਆ ਵਿੱਚ ਹੁੰਦੇ ਹਨ। ਜੇਕਰ ਇਸ ਮੱਛਰ ਵਿੱਚ ਵਾਇਰਸ ਨਹੀਂ ਹੈ ਤਾਂ ਉਸ ਦੇ ਕੱਟਣ ਨਾਲ ਡੇਂਗੂ ਨਹੀਂ ਫੈਲਦਾ।

ਜੇਕਰ ਇਹ ਮੱਛਰ ਕਿਸੇ ਅਜਿਹੇ ਵਿਅਕਤੀ ਨੂੰ ਕੱਟਦਾ ਹੈ ਜੋ ਡੇਂਗੂ ਤੋਂ ਪ੍ਰਭਾਵਿਤ ਹੈ ਤਾਂ ਮੱਛਰ ਦੇ ਅੰਦਰ ਡੇਂਗੂ ਦਾ ਵਾਇਰਸ ਰਹਿੰਦਾ ਹੈ ਅਤੇ ਉਸ ਤੋਂ ਬਾਅਦ ਅਗਲੇ ਸਿਹਤਮੰਦ ਵਿਅਕਤੀ ਨੂੰ ਕੱਟਣ ਤੋਂ ਬਾਅਦ ਉਸ ਨੂੰ ਡੇਂਗੂ ਦਾ ਖ਼ਤਰਾ ਪੈਦਾ ਹੋ ਸਕਦਾ ਹੈ।

ਕੀ ਹਨ ਡੇਂਗੂ ਦੇ ਲੱਛਣ

  • ਵਿਸ਼ਵ ਸਿਹਤ ਸੰਗਠਨ ਮੁਤਾਬਕ ਮੱਛਰ ਦੇ ਡੰਗ ਤੋਂ 4-10 ਦਿਨਾਂ ਬਾਅਦ ਤੇਜ਼ ਬੁਖਾਰ (40ਡਿਗਰੀ ਸੈਲਸੀਅਸ/104 ਡਿਗਰੀ ਫਾਰਨਹਾਈਟ) ਦੇ ਨਾਲ- ਨਾਲ ਸਿਰਦਰਦ, ਅੱਖਾਂ ਵਿੱਚ ਦਰਦ, ਜੋੜਾਂ ਵਿੱਚ ਦਰਦ, ਜ਼ੁਕਾਮ, ਉਲਟੀਆਂ ਵਰਗੇ ਲੱਛਣ ਪਾਏ ਜਾਂਦੇ ਹਨ।
  • ਜ਼ਿਆਦਾ ਗੰਭੀਰ ਹਾਲਾਤ ਵਿੱਚ ਪੇਟ ਦਰਦ, ਵਾਰ-ਵਾਰ ਉਲਟੀ ਆਉਣਾ, ਮਸੂੜਿਆਂ ਵਿੱਚ ਖੂਨ, ਥਕਾਵਟ, ਬੇਚੈਨੀ, ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ।
  • ਡੇਂਗੂ ਨੂੰ ''ਹੱਡੀ ਤੋੜ ਬੁਖਾਰ'' ਵੀ ਕਹਿੰਦੇ ਹਨ ਕਿਉਂਕਿ ਇਸ ਨਾਲ ਸਰੀਰ ਵਿੱਚ ਤੇਜ਼ ਦਰਦ ਹੁੰਦਾ ਹੈ।
  • ਕੋਵਿਡ ਵਾਂਗ ਕਈ ਵਾਰ ਡੇਂਗੂ ਵੀ ਬਿਨਾਂ ਲੱਛਣਾਂ ਤੋਂ ਹੋ ਸਕਦਾ ਹੈ ਜਿਸ ਵਿੱਚ ਮਰੀਜ਼ ਨੂੰ ਬੁਖ਼ਾਰ ਨਹੀਂ ਹੁੰਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

https://www.youtube.com/watch?v=xWw19z7Edrs

ਡੇਂਗੂ ਦਾ ਪਤਾ ਕਿਸ ਤਰ੍ਹਾਂ ਲਗਾਇਆ ਜਾਵੇ?

ਖ਼ੂਨ ਦੀ ਜਾਂਚ ਡੇਂਗੂ ਦਾ ਪਤਾ ਲਗਾਉਣ ਦਾ ਸਿਰਫ਼ ਇੱਕ ਹੀ ਤਰੀਕਾ ਹੈ।

ਸਿਰੁਲਾਜ਼ੀਕਲ ਜਾਂ ਵਾਇਰੋਲਾਜੀਕਲ ਤਰੀਕੇ ਦੇ ਨਾਲ ਮਾਹਿਰ ਖੂਨ ਦੀ ਜਾਂਚ ਕਰਕੇ ਡੇਂਗੂ ਦਾ ਪਤਾ ਕਰਦੇ ਹਨ। ਖ਼ੂਨ ਵਿੱਚ ਵਾਇਰਸ ਵੱਲੋਂ ਬਣਾਏ ਗਏ ਐੱਨਐੱਸਵਨ ਪ੍ਰੋਟੀਨ ਦੀ ਮੌਜੂਦਗੀ ਡੇਂਗੂ ਦੀ ਪੁਸ਼ਟੀ ਕਰਦੀ ਹੈ।

ਡੇਂਗੂ
Getty Images
ਡੇਂਗੂ ਨੂੰ ''ਹੱਡੀ ਤੋੜ ਬੁਖਾਰ'' ਵੀ ਕਹਿੰਦੇ ਹਨ ਕਿਉਂਕਿ ਇਸ ਨਾਲ ਸਰੀਰ ਵਿੱਚ ਤੇਜ਼ ਦਰਦ ਹੁੰਦਾ ਹੈ

ਵਾਇਰੋਲਾਜੀਕਲ ਤਰੀਕੇ ਨਾਲ ਇਸ ਟੈਸਟ ਦਾ ਨਤੀਜਾ ਵੀ ਕੁਝ ਹੀ ਘੰਟਿਆਂ ਵਿੱਚ ਆ ਜਾਂਦਾ ਹੈ। ਸਿਰੁਲਾਜੀਕਲ ਤਰੀਕੇ ਨਾਲ ਸਰੀਰ ਵਿੱਚ ਡੇਂਗੂ ਦੇ ਮੌਜੂਦਾ ਤੇ ਪੁਰਾਣੇ ਇਨਫੈਕਸ਼ਨ ਬਾਰੇ ਪਤਾ ਲਗਾਇਆ ਜਾ ਸਕਦਾ ਹੈ।

ਇਸ ਟੈਸਟ ਰਾਹੀਂ ਆਈਜੀਐੱਮ ਅਤੇ ਆਈਜੀਜੀ ਡੇਂਗੂ ਐਂਟੀਬਾਡੀ ਦਾ ਪਤਾ ਲੱਗਦਾ ਹੈ। ਆਈਜੀਐੱਮ ਤਾਜ਼ਾ ਇਨਫੈਕਸ਼ਨ ਬਾਰੇ ਦੱਸਦਾ ਹੈ ਜਦੋਂਕਿ ਆਈਜੀਜੀ ਪੁਰਾਣੇ ਇਨਫੈਕਸ਼ਨ ਬਾਰੇ।

ਡੇਂਗੂ ਦਾ ਇਲਾਜ

ਵਿਸ਼ਵ ਸਿਹਤ ਸੰਗਠਨ ਅਤੇ ਸੀਡੀਸੀ ਮੁਤਾਬਕ ਡੇਂਗੂ ਦੇ ਇਲਾਜ ਲਈ ਕੋਈ ਵਿਸ਼ੇਸ਼ ਦਵਾਈ ਨਹੀਂ ਹੈ।

ਡਾਕਟਰਾਂ ਵੱਲੋਂ ਬੁਖ਼ਾਰ ਘੱਟ ਕਰਨ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਮਰੀਜ਼ ਨੂੰ ਵੱਧ ਤੋਂ ਵੱਧ ਆਰਾਮ ਅਤੇ ਵੱਧ ਤੋਂ ਵੱਧ ਤਰਲ ਪਦਾਰਥ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਸਰੀਰ ਵਿੱਚ ਲੋੜੀਂਦੇ ਮਿਨਰਲਜ਼ ਦੀ ਕਮੀ ਨਾ ਹੋਵੇ।

ਡੇਂਗੂ ਦੀ ਸੂਰਤ ਵਿੱਚ ਮਾਹਿਰ ਡਾਕਟਰਾਂ ਦੀ ਹੀ ਸਲਾਹ ਲਈ ਜਾਵੇ ਅਤੇ ਆਪਣੇ ਆਪ ਕੋਈ ਦਵਾਈ ਜਾਂ ਇਲਾਜ ਕਰਨ ਤੋਂ ਬਚਿਆ ਜਾਵੇ।

• ਸਮੇਂ -ਸਮੇਂ ''ਤੇ ਮੱਛਰਾਂ ਤੋਂ ਬਚਾਅ ਲਈ ਫੌਗਿੰਗ ਅਤੇ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ।
Getty Images

ਬੁਖਾਰ ਉਤਰਨ ਤੋਂ ਅਗਲੇ ਇੱਕ-ਦੋ ਦਿਨ ਮਰੀਜ਼ ਲਈ ਅਹਿਮ ਹੁੰਦੇ ਹਨ। ਇਸ ਸਮੇਂ ਦੌਰਾਨ ਕਈ ਵਾਰ ਪਲਾਜ਼ਮਾ ਲੀਕ ਹੁੰਦਾ ਹੈ ਜਿਸ ਨਾਲ ਸਰੀਰ ਦੇ ਅਹਿਮ ਅੰਗਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਅਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ।

ਮਰੀਜ਼ ਨੂੰ ਪੌਸ਼ਟਿਕ ਭੋਜਨ ਅਤੇ ਵੱਧ ਤੋਂ ਵੱਧ ਤਰਲ ਪਦਾਰਥ ਦਿੱਤੇ ਜਾਣੇ ਜ਼ਰੂਰੀ ਹਨ ਤਾਂ ਜੋ ਬਿਮਾਰੀ ਤੋਂ ਛੇਤੀ ਉਭਰਿਆ ਜਾ ਸਕੇ।

ਡੇਂਗੂ ਤੋਂ ਬਚਾਅ ਅਤੇ ਰੋਕਥਾਮ

ਡੇਂਗੂ ਤੋਂ ਬਚਾਅ ਲਈ ਡੇਂਗੂ ਫੈਲਾਉਣ ਵਾਲੇ ਮੱਛਰ ਦੇ ਡੰਗ ਤੋਂ ਬਚਣਾ ਜ਼ਰੂਰੀ ਹੈ।

  • ਡੇਂਗੂ ਫੈਲਾਉਣ ਵਾਲਾ ਮੱਛਰ ਖੜ੍ਹੇ ਪਾਣੀ ''ਤੇ ਪੈਦਾ ਹੁੰਦਾ ਹੈ ਇਸ ਲਈ ਜ਼ਰੂਰੀ ਹੈ ਕਿ ਘਰਾਂ ਵਿੱਚ ਪਾਣੀ ਨੂੰ ਢੱਕ ਕੇ ਰੱਖਿਆ ਜਾਵੇ ਅਤੇ ਸਮੇਂ-ਸਮੇਂ ''ਤੇ ਕੂਲਰ ਗਮਲਿਆਂ ਆਦਿ ਵਿੱਚ ਪਾਣੀ ਨੂੰ ਬਦਲਿਆ ਜਾਵੇ ਤਾਂ ਜੋ ਮੱਛਰ ਨਾ ਪੈਦਾ ਹੋ ਸਕੇ।
  • ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਹਿਨੇ ਜਾਣ ਤਾਂ ਕਿ ਮੱਛਰ ਨਾ ਕੱਟ ਸਕੇ।
  • ਜਿਨ੍ਹਾਂ ਇਲਾਕਿਆਂ ਵਿੱਚ ਡੇਂਗੂ ਫੈਲਿਆ ਹੈ ਜੇਕਰ ਹੋ ਸਕੇ ਤਾਂ ਉੱਥੇ ਜਾਣ ਤੋਂ ਗੁਰੇਜ਼ ਕੀਤਾ ਜਾਵੇ।
  • ਸਮੇਂ -ਸਮੇਂ ''ਤੇ ਮੱਛਰਾਂ ਤੋਂ ਬਚਾਅ ਲਈ ਫੌਗਿੰਗ ਅਤੇ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ।
  • ਇਹ ਮੱਛਰ ਜ਼ਿਆਦਾਤਰ ਦਿਨ ਵਿੱਚ ਕੱਟਦਾ ਹੈ ਪਰ ਜੇਕਰ ਘਰ ਵਿੱਚ ਰੌਸ਼ਨੀ ਜ਼ਿਆਦਾ ਹੈ ਤਾਂ ਰਾਤ ਵੇਲੇ ਵੀ ਮੱਛਰ ਕੱਟ ਸਕਦਾ ਹੈ। ਇਸ ਲਈ ਬਚਾਅ ਲਈ ਪੂਰੇ ਕੱਪੜੇ ਅਤੇ ਕਰੀਮ ਜਾਂ ਸਪਰੇਅ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
  • ਡੇਂਗੂ ਦੇ ਮਰੀਜ਼ ਨੂੰ ਮੱਛਰਦਾਨੀ ਵਿੱਚ ਸੌਣਾ ਚਾਹੀਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਵੇਖੋ:

https://www.youtube.com/watch?v=PdOTtTRhGIU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0e4c1143-f6c3-4f78-9a0d-c7849b3d80e4'',''assetType'': ''STY'',''pageCounter'': ''punjabi.india.story.58999242.page'',''title'': ''ਡੇਂਗੂ: ਪੰਜਾਬ ਵਿੱਚ ਦਸ ਹਜ਼ਾਰ ਤੋਂ ਵੱਧ ਮਰੀਜ਼, ਸੂਬੇ ਵਿੱਚ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ'',''published'': ''2021-10-22T02:49:54Z'',''updated'': ''2021-10-22T02:49:54Z''});s_bbcws(''track'',''pageView'');

Related News